ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ਉਤੇ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਦੀ ਹੱਤਿਆ ਮਾਮਲੇ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਕੈਪਟਨ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਆਪਣਾ ਗੁਨਾਹ ਛੁਪਾਉਣ ਲਈ ਆਪਣੇ ਹੀ ਵਾਹਨਾਂ ਉਤੇ ਆਪ ਗੋਲੀਆਂ ਚਲਾਈਆਂ।
ਇਸ ਤੋਂ ਇਲਾਵਾ ਸਿੱਟ ਨੇ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ ਮੂਹਰੇ ਭੇਤ ਖੋਲ੍ਹਿਆ ਕਿ ਸ਼ਾਂਤੀਪੂਰਵਕ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ‘ਤੇ ਬਿਨਾਂ ਭੜਕਾਹਟ ਦੇ ਗੋਲੀ ਚਲਾਉਣ ਦੀ ਘਟਨਾ ਨੂੰ ਛਿਪਾਉਣ ਲਈ ਮੁਲਜ਼ਮ ਪੁਲਿਸ ਅਧਿਕਾਰੀਆਂ ਦੇ ਇਸ਼ਾਰੇ ‘ਤੇ ਸੀæਸੀæਟੀæਵੀæ ਫੁਟੇਜ ਨੂੰ ਨੁਕਸਾਨ ਪਹੁੰਚਾਇਆ ਗਿਆ। ਕੋਟਕਪੂਰਾ ਦੇ ਮੁੱਖ ਚੌਕ ‘ਚ ਲੱਗੇ ਸੀæਸੀæਟੀæਵੀæ ਕੈਮਰਿਆਂ ‘ਚ 14 ਅਕਤੂਬਰ 2015 ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਕੈਦ ਹੋ ਗਈ ਸੀ।
ਸਿੱਟ ਨੇ ਅਦਾਲਤ ‘ਚ ਕੁਝ ਵੀਡੀਓ ਕਲਿੱਪਾਂ ਚਲਾਈਆਂ ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਜ਼ੁਲਮ ਢਾਹਿਆ। ਸਿੱਟ ਨੇ ਬਹਿਬਲ ਕਾਂਡ ਵਿਚ ਪੁਲਿਸ ਵੱਲੋਂ ਵਰਤੇ ਗਏ ਨਿੱਜੀ ਹਥਿਆਰ ਦੀ ਵੀ ਸ਼ਨਾਖਤ ਕਰ ਲਈ ਹੈ। ਪੁਲਿਸ ਨੇ ਸਿੱਖ ਸੰਗਤ ਉਪਰ ਗੋਲੀਆਂ ਚਲਾਉਣ ਤੋਂ ਬਾਅਦ ਸਵੈ-ਰੱਖਿਆ ਲਈ ਆਪਣੀਆਂ ਹੀ ਜਿਪਸੀਆਂ ਉਪਰ ਗੋਲੀਆਂ ਚਲਾ ਕੇ 200 ਅਣਪਛਾਤੇ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ ਪਰ ਹੁਣ ਜਾਂਚ ਦੌਰਾਨ ਸਪਸ਼ਟ ਹੋਇਆ ਹੈ ਕਿ ਪੁਲਿਸ ਦੀ ਜਿਪਸੀ ਉਪਰ ਜੋ ਗੋਲੀਆਂ ਵੱਜੀਆਂ ਸਨ, ਉਹ ਦੋਨਾਲੀ ਰਾਈਫਲ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਮਾਰੀਆਂ ਗਈਆਂ ਸਨ। ਹਰਿੰਦਰਾ ਨਗਰ ਫਰੀਦਕੋਟ ਦੇ ਵਸਨੀਕ ਇਕ ਨੌਜਵਾਨ ਐਡਵੋਕੇਟ ਨੂੰ ਜਾਂਚ ਟੀਮ ਨੇ ਪੁੱਛਗਿੱਛ ਲਈ ਕਪੂਰਥਲੇ ਬੁਲਾਇਆ ਸੀ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਵਕੀਲ ਨੇ ਹੀ ਐਸ਼ਪੀæ ਬਿਕਰਮ ਸਿੰਘ ਨੂੰ ਆਪਣੀ ਦੋਨਾਲੀ ਰਾਈਫਲ ਵਰਤਣ ਲਈ ਦਿੱਤੀ ਸੀ। ਜਿਸ ਵਕੀਲ ਦਾ ਹਥਿਆਰ ਬਹਿਬਲ ਕਾਂਡ ਵਿਚ ਵਰਤਿਆ ਗਿਆ ਹੈ, ਉਸ ਪਰਿਵਾਰ ਨਾਲ ਸੁਖਬੀਰ ਸਿੰਘ ਬਾਦਲ ਦੀ ਕਰੀਬੀ ਦੋਸਤੀ ਹੈ।
ਸਿੱਟ ਨੂੰ ਪਤਾ ਲੱਗਾ ਹੈ ਕਿ ਜਿਪਸੀ ‘ਤੇ ਗੋਲੀਆਂ ਇਕ ਵਕੀਲ ਦੀ ਰਿਹਾਇਸ਼ ‘ਤੇ ਮਾਰੀਆਂ ਗਈਆਂ ਸਨ ਅਤੇ ਐਸ਼ਪੀæ ਰੈਂਕ ਦੇ ਅਧਿਕਾਰੀ ਨੇ ਆਪਣੇ ਕਾਰ ਡੀਲਰ ਦੋਸਤ ਦੇ ਨਿੱਜੀ ਸੁਰੱਖਿਆ ਕਰਮੀ ਦੀ 12 ਬੋਰ ਦੀ ਬੰਦੂਕ ਨਾਲ 14 ਅਕਤੂਬਰ 2015 ‘ਚ ਇਹ ਗੋਲੀਆਂ ਦਾਗੀਆਂ ਸਨ। ਅਕਾਲੀ ਆਗੂਆਂ ਅਤੇ ਪੁਲਿਸ ਅਫਸਰਾਂ ਨਾਲ ਸਬੰਧਾਂ ਲਈ ਜਾਣਿਆ ਜਾਂਦਾ ਵਕੀਲ ਫਰੀਦਕੋਟ ‘ਚ ਪ੍ਰਾਈਵੇਟ ਵਿਦਿਅਕ ਅਦਾਰੇ ‘ਤੇ ਗੈਰਕਾਨੂੰਨੀ ਕਬਜ਼ੇ ਲਈ ਪਹਿਲਾਂ ਹੀ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਗ੍ਰਹਿ ਮਾਮਲਿਆਂ, ਨਿਆਂ ਅਤੇ ਜੇਲ੍ਹਾਂ ਬਾਰੇ ਤਤਕਾਲੀ ਵਿਸ਼ੇਸ਼ ਸਕੱਤਰ ਸੰਜੇ ਪੋਪਲੀ ਨੇ ਫਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਦੋਸ਼ਾਂ ਦੀ ਸਮਾਂਬੱਧ ਜਾਂਚ ਕਰਨ ਲਈ ਕਿਹਾ ਸੀ। ਇਸ ਸਬੰਧੀ ਸ਼ਿਕਾਇਤ ਕੈਲੀਫੋਰਨੀਆ ਆਧਾਰਿਤ ਡੈਂਟਿਸਟ ਡਾਕਟਰ ਅਮਰਜੀਤ ਸਿੰਘ ਮਰਵਾਹ (90) ਨੇ ਕੀਤੀ ਸੀ। ਸਿੱਟ ਵਲੋਂ ਜਿਪਸੀ ‘ਤੇ ਗੋਲੀਆਂ ਦੇ ਨਿਸ਼ਾਨਾਂ ਸਮੇਤ ਬਹਿਬਲ ਕਲਾਂ ਵਿਚ ਪ੍ਰਦਰਸ਼ਨਕਾਰੀਆਂ ‘ਤੇ ਵਰਤੇ ਗਏ ਨਿੱਜੀ ਅਤੇ ਗ਼ੈਰਕਾਨੂੰਨੀ ਹਥਿਆਰਾਂ ਦੀ ਵਰਤੋਂ ‘ਤੇ ਵੀ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।