ਬੇਅਦਬੀ ਕਾਂਡ: ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਤੋਂ ਪੁੱਛ-ਪੜਤਾਲ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਅਤੇ ਇਸ ਦੇ ਨਾਲ ਹੀ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਸਾਬਕਾ ਪੁਲਿਸ ਮੁਖੀ ਤੇ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਸੁਮੇਧ ਸਿੰਘ ਸੈਣੀ ਸਮੇਤ ਤਿੰਨ ਹੋਰਨਾਂ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ।

ਸੁਮੇਧ ਸਿੰਘ ਸੈਣੀ ਪੰਜਾਬ ਆਰਮਡ ਪੁਲਿਸ ਦੀ 82 ਵੀਂ ਬਟਾਲੀਅਨ ਦੇ ਚੰਡੀਗੜ੍ਹਖ਼ਸਥਿਤ ਦਫਤਰ ਵਿਚ ਸਿੱਟ ਦੇ ਮੂਹਰੇ ਪੇਸ਼ ਹੋਣ ਲਈ ਪਹੁੰਚੇ ਤੇ ਉਥੇ ਤਕਰੀਬਨ 2 ਘੰਟੇ ਦਾ ਸਮਾਂ ਬਿਤਾਇਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸਿੱਟ ਵੱਲੋਂ ਸੁਮੇਧ ਸਿੰਘ ਸੈਣੀ ਤੋਂ ਕੋਟਕਪੂਰਾ ਪੁਲਿਸ ਗੋਲੀ ਕਾਂਡ ਨਾਲ ਸਬੰਧਤ ਸਵਾਲ ਪੁੱਛੇ। ਇਸ ਸਾਬਕਾ ਪੁਲਿਸ ਅਧਿਕਾਰੀ ਤੋਂ ਕੁਝ ਅਜਿਹੇ ਸਵਾਲ ਵੀ ਪੁੱਛੇ ਗਏ ਜੋ ਕਿ ਸਾਬਕਾ ਐਸ਼ਐਸ਼ਪੀæ ਚਰਨਜੀਤ ਸ਼ਰਮਾ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਸਨ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸੁਮੇਧ ਸਿੰਘ ਸੈਣੀ ਨੇ ਪੁੱਛਗਿੱਛ ਦੌਰਾਨ ਭਾਵੇਂ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਪਰ ਸਾਬਕਾ ਪੁਲਿਸ ਮੁਖੀ ਤੋਂ ਕੀਤੀ ਤਫਤੀਸ਼ ਤੋਂ ਬਾਅਦ ਮਾਮਲਾ ਅੱਗੇ ਵਧਾਉਣ ‘ਚ ਕੋਈ ਤਕਨੀਕੀ ਅੜਿੱਕਾ ਨਹੀਂ ਆਵੇਗਾ।
ਪੰਜਾਬ ਸਰਕਾਰ ਵੱਲੋਂ ਗਠਿਤ ਸਿੱਟ ਵੱਲੋਂ ਭੇਜੇ ਸੰਮਨ ਤੋਂ ਬਾਅਦ ਸੁਮੇਧ ਸਿੰਘ ਸੈਣੀ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਮਿੱਥੇ ਸਮੇਂ ਮੁਤਾਬਕ ਹੀ ਪਹੁੰਚ ਗਏ ਸਨ। ਸੁਮੇਧ ਸਿੰਘ ਸੈਣੀ ਪਹਿਲੀ ਵਾਰੀ ਪੰਜਾਬ ਪੁਲੀਸ ਦੇ ਅਜਿਹੇ ਅਫਸਰਾਂ ਦੇ ਸਾਹਮਣੇ ਤਫ਼ਤੀਸ਼ ਲਈ ਪੇਸ਼ ਹੋਏ ਹਨ ਜਿਹੜੇ ਅਫਸਰ ਸੈਣੀ ਦੇ ਮਤਾਹਿਤ ਵਜੋਂ ਕੰਮ ਕਰ ਚੁੱਕੇ ਹਨ।