ਪੁਲਵਾਮਾ ਹਮਲਾ ਤੇ ਕਸ਼ਮੀਰੀ ਵਿਦਿਆਰਥੀਆਂ ਵਿਰੁਧ ਹਿੰਸਾ

-ਜਤਿੰਦਰ ਪਨੂੰ
ਇਹ ਗੱਲ ਵਾਰ-ਵਾਰ ਚੇਤੇ ਕਰਵਾਉਣ ਦੀ ਲੋੜ ਨਹੀਂ ਕਿ ਇਸ ਮਹੀਨੇ ਦੇ ਦੂਜੇ ਹਫਤੇ ਦੌਰਾਨ ਜੰਮੂ-ਕਸ਼ਮੀਰ ਦੇ ਪੁਲਵਾਮਾ ਨੇੜੇ ਪੈਰਾ ਮਿਲਟਰੀ ਫੋਰਸ ਦੇ ਕਾਫਲੇ ਉਤੇ ਹਮਲਾ ਹੋਇਆ ਤੇ ਉਸ ਵਿਚ ਬਹੁਤ ਸਾਰੇ ਜਵਾਨ ਮਾਰੇ ਜਾਣ ਨਾਲ ਸਾਰੇ ਦੇਸ਼ ਵਿਚ ਗੁੱਸਾ ਸੀ। ਹਮਲੇ ਦੇ ਪਿੱਛੇ ਕਿਨ੍ਹਾਂ ਦਾ ਹੱਥ ਸੀ, ਇਹ ਵੀ ਵਾਰ-ਵਾਰ ਦੱਸਣ ਦੀ ਲੋੜ ਨਹੀਂ। ਹਮਲੇ ਪਿਛੋਂ ਜੋ ਕੁਝ ਹੋਇਆ ਅਤੇ ਹਾਲੇ ਤੱਕ ਹੋਈ ਜਾਂਦਾ ਹੈ ਤੇ ਜਿਸ ਦਾ ਸੁਪਰੀਮ ਕੋਰਟ ਨੂੰ ਵੀ ਨੋਟਿਸ ਲੈਣ ਦੀ ਲੋੜ ਪੈ ਗਈ ਹੈ, ਵਕਤ ਉਸ ਵਰਤਾਰੇ ਦੀ ਗੰਭੀਰਤਾ ਨੂੰ ਸਮਝਣ ਦਾ ਹੈ।

ਹਿੰਸਾ ਜੰਮੂ-ਕਸ਼ਮੀਰ ਵਿਚ ਹੋਈ ਤੇ ਇਸ ਦਾ ਪ੍ਰਛਾਵਾਂ ਸਾਰੇ ਦੇਸ਼ ਦੇ ਮਾਹੌਲ ਉਤੇ ਪਿਆ ਹੈ। ਲੋਕਾਂ ਨੇ ਰੋਸ ਪ੍ਰਗਟਾਵੇ ਕੀਤੇ ਤਾਂ ਇਹ ਉਨ੍ਹਾਂ ਦਾ ਹੱਕ ਸੀ, ਪਰ ਪਿੱਛੋਂ ਕਸ਼ਮੀਰ ਦੇ ਲੋਕਾਂ ਅਤੇ ਖਾਸ ਕਰ ਕੇ ਵਿਦਿਆਰਥੀਆਂ ਵਿਰੁਧ ਜੋ ਹਿੰਸਕ ਲਹਿਰ ਚੱਲਣ ਲੱਗ ਪਈ, ਇਹ ਰੋਸ ਪ੍ਰਗਟਾਵਿਆਂ ਦਾ ਤਰੀਕਾ ਨਹੀਂ, ਉਸ ਜਨੂੰਨੀਅਤ ਦਾ ਪ੍ਰਗਟਾਵਾ ਹੈ, ਜੋ ਪਿਛਲੇ ਸਾਲਾਂ ਵਿਚ ਭਾਰੂ ਹੁੰਦੀ ਜਾ ਰਹੀ ਹੈ।
ਭਾਰਤ ਵਿਚ ਬਹੁਤ ਸਾਰੇ ਲੋਕ ਕਈ ਵਾਰ ਕਿਸੇ ਟਰੱਕ ਹਾਦਸੇ ਪਿੱਛੋਂ ਵੀ ਟਰੱਕ ਡਰਾਈਵਰ ਨੂੰ ‘ਫਾਹੇ ਲਾਓ’ ਦੇ ਨਾਅਰੇ ਲਾਉਂਦੇ ਅਸੀਂ ਸੁਣੇ ਹੋਏ ਹਨ। ਪੁਲਵਾਮਾ ਦੀ ਵਾਰਦਾਤ ਪਿਛੋਂ ਏਦਾਂ ਦੇ ਨਾਅਰੇ ਲੱਗੇ ਤਾਂ ਹੈਰਾਨੀ ਵਾਲੀ ਗੱਲ ਇਹ ਨਹੀਂ ਸੀ। ਹੈਰਾਨੀ ਤਾਂ ਉਦੋਂ ਹੋਈ, ਜਦੋਂ ਇਹੋ ਜਿਹੇ ਰੋਸ ਪ੍ਰਗਟਾਵੇ ਨੂੰ ਅਰੰਭ ਵਿਚ ਕਸ਼ਮੀਰੀ ਮੁਸਲਮਾਨਾਂ ਵਿਰੁਧ ਤੇ ਫਿਰ ਸਾਰੇ ਕਿਸਮ ਦੇ ਕਸ਼ਮੀਰੀ ਲੋਕਾਂ ਦੇ ਖਿਲਾਫ ਰੰਗ ਚੜ੍ਹਦਾ ਵੇਖਣਾ ਪਿਆ।
ਉਤਰਾਖੰਡ ਵਿਚ ਕਸ਼ਮੀਰੀ ਪਿਛੋਕੜ ਵਾਲੇ ਵਿਦਿਆਰਥੀਆਂ ਨੇ ਕੋਈ ਹਿੰਸਾ ਕੀਤੀ ਹੋਵੇ, ਇਸ ਦੀ ਕੋਈ ਖਬਰ ਨਹੀਂ, ਪਰ ਉਨ੍ਹਾਂ ਨਾਲ ਹੋਈ ਹਿੰਸਾ ਦੀ ਖਬਰ ਸਭ ਨੂੰ ਸੁਣਨੀ ਪਈ ਹੈ। ਉਹ ਬੱਚੇ ਉਥੋਂ ਭੱਜ ਕੇ ਪੰਜਾਬ ਵੱਲ ਆਏ ਤੇ ਮੋਹਾਲੀ ਦੇ ਇੱਕ ਗੁਰਦੁਆਰੇ ਵਿਚ ਪਨਾਹ ਲੈਣੀ ਪੈ ਗਈ। ਉਨ੍ਹਾਂ ਦਾ ਕਸੂਰ ਕੀ ਸੀ, ਇਹ ਦੱਸਣ ਵਾਲਾ ਕੋਈ ਨਹੀਂ ਮਿਲ ਸਕਿਆ। ਮਹਾਰਾਸ਼ਟਰ ਦੀ ਇੱਕ ਵੀਡੀਓ ਕਲਿਪ ਕੁਝ ਮੀਡੀਆ ਚੈਨਲਾਂ ਨੇ ਵਿਖਾਈ ਹੈ, ਜਿਸ ਵਿਚ ਤੁਰੇ ਜਾਂਦੇ ਇੱਕ ਨੌਜਵਾਨ ਨੂੰ ਪੁੱਛਿਆ ਕਿ ਉਹ ਕਿਸ ਇਲਾਕੇ ਦਾ ਹੈ ਤੇ ਜਦੋਂ ਉਸ ਨੇ ਕਸ਼ਮੀਰੀ ਹੋਣ ਬਾਰੇ ਦੱਸਿਆ ਤਾਂ ਉਸ ਨੂੰ ਕੁੱਟਣਾ ਸ਼ੁਰੂ ਹੋ ਜਾਂਦਾ ਹੈ। ਇਹ ਸਭ ਬੇਹੂਦਗੀ ਕੀਤੀ ਜਾ ਰਹੀ ਹੈ ਤੇ ਸਬੰਧਤ ਰਾਜਾਂ ਦੀਆਂ ਸਰਕਾਰਾਂ ਇਸ ਨੂੰ ਜਾਣ-ਬੁੱਝ ਕੇ ਅਣਗੌਲਿਆ ਕਰ ਰਹੀਆਂ ਹਨ।
ਅਸੀਂ ਇਹ ਗੱਲ ਰੱਦ ਨਹੀਂ ਕਰਦੇ ਕਿ ਕੁਝ ਕਸ਼ਮੀਰੀ ਨੌਜਵਾਨਾਂ ਨੇ ਵੀ ਕਿਸੇ-ਕਿਸੇ ਥਾਂ ਗਲਤੀ ਕੀਤੀ ਹੈ, ਪਰ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਨ੍ਹਾਂ ਦੇ ਮਨਾਂ ਵਿਚ ਇਸ ਨਾਲ ਆਈ ਕੌੜ ਵੀ ਕੁਝ ਕਰਵਾ ਸਕਦੀ ਹੈ। ਸਵਾਲ ਇਹ ਨਹੀਂ ਕਿ ਕਸ਼ਮੀਰੀ ਨੌਜਵਾਨਾਂ ਵਿਰੁਧ ਹਿੰਸਕ ਪ੍ਰਗਟਾਵੇ ਕੀਤੇ ਜਾ ਰਹੇ ਹਨ, ਸਗੋਂ ਇਹ ਹੈ ਕਿ ਭਾਰਤ ਵਿਚ ਏਦਾਂ ਦੇ ਪ੍ਰਗਟਾਵੇ ਹੋਣ ਦਾ ਇੱਕ ਆਮ ਰਿਵਾਜ ਜਿਹਾ ਕਿਉਂ ਬਣਦਾ ਜਾ ਰਿਹਾ ਹੈ ਤੇ ਸਰਕਾਰ ਰੋਕਦੀ ਕਿਉਂ ਨਹੀਂ?
ਇਸ ਵੇਲੇ ਕਸ਼ਮੀਰ ਦੇ ਵਿਦਿਆਰਥੀਆਂ ਵਿਰੁਧ ਹਿੰਸਾ ਨੂੰ ਪੁਲਵਾਮਾ ਦੀ ਵਾਰਦਾਤ ਨਾਲ ਜੋੜਿਆ ਗਿਆ ਹੈ, ਪਰ ਜਦੋਂ ਮਹਾਰਾਸ਼ਟਰ ਵਿਚ ਹਿੰਦੀ ਭਾਸ਼ੀ ਰਾਜਾਂ ਵਿਚੋਂ ਆਏ ਲੋਕਾਂ ਨੂੰ ਗਲੀਆਂ-ਬਾਜ਼ਾਰਾਂ ਵਿਚ ਘੇਰ ਕੇ ਕੁੱਟਿਆ ਤੇ ਆਪਣੇ ਘਰੀਂ ਮੁੜ ਜਾਣ ਲਈ ਕਿਹਾ ਗਿਆ ਸੀ, ਉਦੋਂ ਤਾਂ ਕੋਈ ਪੁਲਵਾਮਾ ਵਰਗੀ ਘਟਨਾ ਨਹੀਂ ਸੀ ਹੋਈ। ਕਰਨਾਟਕਾ ਦੇ ਲੋਕਾਂ ਨੇ ਇੱਕ ਵਾਰੀ ਭਾਰਤ ਦੇ ਉਤਰ-ਪੂਰਬੀ ਰਾਜਾਂ ਦੇ ਲੋਕਾਂ ਨੂੰ ਕੁੱਟਿਆ ਤਾਂ ਕਈ ਦਿਨ ਉਤਰ-ਪੂਰਬ ਜਾਂਦੀਆਂ ਗੱਡੀਆਂ ਵਿਚ ਸੀਟ ਮਿਲਣੀ ਮੁਸ਼ਕਿਲ ਹੋ ਗਈ ਸੀ। ਉਦੋਂ ਉਤਰ-ਪੂਰਬ ਵਿਚੋਂ ਕੋਈ ਪੁਲਵਾਮਾ ਵਰਗੀ ਵਾਰਦਾਤ ਹੋਣ ਦੀ ਖਬਰ ਨਹੀਂ ਸੀ ਆਈ। ਆਸਾਮ ਵਿਚ ਰੇਲਵੇ ਦਾ ਟੈਸਟ ਦੇਣ ਵਾਸਤੇ ਗਏ ਬਿਹਾਰ ਦੇ ਬੱਚਿਆਂ ਵਿਰੁਧ ਇੱਕ ਵਾਰੀ ਹਿੰਸਾ ਹੋਣ ਦੀ ਖਬਰ ਆਈ ਸੀ, ਬਿਹਾਰ ਵਿਚ ਕੋਈ ਪੁਲਵਾਮਾ ਵਾਲੀ ਵਾਰਦਾਤ ਨਹੀਂ ਸੀ ਹੋਈ।
ਦਿੱਲੀ ਵਿਚ ਇੱਕ ਵਾਰ ਉਤਰ-ਪੂਰਬੀ ਰਾਜ ਦਾ ਇੱਕ ਨੌਜਵਾਨ ਨੀਦੋ ਤਾਨੀਆ ਖਾਨ ਮਾਰਕੀਟ ਵਿਚ ਗਿਆ ਤਾਂ ਉਸ ਦੇ ਨੈਣ-ਨਕਸ਼ ਦਿੱਲੀ ਵਾਲਿਆਂ ਤੋਂ ਵੱਖਰੇ ਤੇ ਬੋਲਣ ਦਾ ਲਹਿਜਾ ਵੱਖਰਾ ਹੋਣ ਕਾਰਨ ਉਸ ਨੂੰ ਛੇੜਿਆ ਗਿਆ ਤੇ ਜਦੋਂ ਉਸ ਨੇ ਇਤਰਾਜ਼ ਕੀਤਾ ਤਾਂ ਕੁੱਟ-ਕੁੱਟ ਮਾਰ ਦਿੱਤਾ ਗਿਆ ਸੀ। ਉਸ ਦਾ ਬਾਪ ਆਪਣੇ ਰਾਜ ਦਾ ਵਿਧਾਇਕ ਵੀ ਸੀ ਤੇ ਚੀਫ ਪਾਰਲੀਮੈਂਟਰੀ ਸੈਕਟਰੀ ਵੀ। ਨੀਦੋ ਤਾਨੀਆ ਖੁਦ ਵੀ ਹਿੰਸਕ ਸੋਚਣੀ ਵਾਲਾ ਨਹੀਂ, ਪੜ੍ਹਾਈ ਵਿਚ ਰੁੱਝੇ ਰਹਿਣ ਵਾਲਾ ਮੁੰਡਾ ਸੀ। ਉਹ ਵੀ ਇਸ ਵਰਤਾਰੇ ਦਾ ਸ਼ਿਕਾਰ ਕਿਸੇ ਪੁਲਵਾਮਾ ਵਰਗੀ ਘਟਨਾ ਤੋਂ ਬਿਨਾ ਹੀ ਬਣ ਗਿਆ ਸੀ।
ਭਾਰਤ ਵਿਚ ਪਿਛਲੇ ਕੁਝ ਸਾਲਾਂ ਤੋਂ ਇੱਕ ਖਾਸ ਕਿਸਮ ਦੀ ਹਿੰਸਾ ਤੇ ਹਿੰਸਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਸ਼ਹਿ ਦੇਣ ਕਾਰਨ ਇਹੋ ਜਿਹਾ ਮਾਹੌਲ ਬਣਦਾ ਜਾਂਦਾ ਹੈ ਕਿ ਕਿਤੇ ਕੋਈ ਘਟਨਾ ਵਾਪਰ ਜਾਵੇ ਤਾਂ ਅਗਲੇ ਦਿਨ ਏਦਾਂ ਹਿੰਸਾ ਹੋਣ ਲੱਗ ਜਾਂਦੀ ਹੈ, ਜਿਵੇਂ ਇਸ ਲਈ ਕੁਝ ਸੰਗਠਨ ਘਾਤ ਲਾ ਕੇ ਤਿਆਰ ਹੀ ਬੈਠੇ ਹੋਣ। ਕੋਈ ਬੰਦਾ ਗਾਂ ਲੈ ਕੇ ਜਾਂਦਾ ਮਿਲਿਆ ਤਾਂ ਉਸ ਦੇ ਖਿਲਾਫ ਹਿੰਸਾ, ਕੋਈ ਦਲਿਤ ਪਰਿਵਾਰ ਦਾ ਮੁੰਡਾ ਵਿਆਹ ਵੇਲੇ ਘੋੜੀ ਉਤੇ ਬੈਠ ਗਿਆ ਤਾਂ ਹਿੰਸਾ, ਕੋਈ ਗਰੀਬ ਬੰਦਾ ਚੱਜ ਦੀ ਜੁੱਤੀ ਖਰੀਦ ਕੇ ਪਾ ਬੈਠਾ ਤਾਂ ਹਿੰਸਾ ਹੋ ਜਾਂਦੀ ਹੈ। ਇਹ ਸਭ ਸਹਿਜ ਸੁਭਾਅ ਨਹੀਂ ਹੋ ਰਿਹਾ। ਇਸ ਨੂੰ ਕੁਝ ਧਿਰਾਂ ਉਕਸਾ ਕੇ ਕਰਵਾ ਰਹੀਆਂ ਹਨ ਤੇ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੇ ਬਿਨਾ ਇਹ ਦੇਸ਼ ਸੁਖੀ ਨਹੀਂ ਹੋ ਸਕਦਾ।
ਜੋ ਧਿਰਾਂ ਉਕਸਾ ਰਹੀਆਂ ਹਨ, ਉਹ ਅਣਪਛਾਤੀਆਂ ਨਹੀਂ, ਸਗੋਂ ਇਸ ਦੇਸ਼ ਵਿਚ ਜ਼ਿੰਮੇਵਾਰ ਅਹੁਦਿਆਂ ਉਤੇ ਵੀ ਹੋ ਸਕਦੀਆਂ ਹਨ। ਪੁਲਵਾਮਾ ਦੀ ਘਟਨਾ ਮਗਰੋਂ ਇਸ ਦੀ ਇੱਕ ਝਲਕ ਮਿਲ ਗਈ ਹੈ। ਉਤਰ-ਪੂਰਬ ਦੇ ਰਾਜ ਮੇਘਾਲਿਆ ਦੇ ਗਵਰਨਰ ਤਥਾਗਤ ਰਾਏ ਨੇ ਇਹ ਬਿਆਨ ਦਾਗ ਦਿੱਤਾ ਹੈ ਕਿ ਪੁਲਵਾਮਾ ਵਰਗੇ ਕਾਂਡ ਰੋਕਣ ਲਈ ਸਾਰੇ ਕਸ਼ਮੀਰੀ ਲੋਕਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਉਸ ਨੇ ਸਗੋਂ ਸਭ ਕਿਸਮਾਂ ਦੇ ਕਸ਼ਮੀਰੀ ਸਾਮਾਨ ਦਾ ਬਾਈਕਾਟ ਕਰਨ ਦਾ ਸੱਦਾ ਵੀ ਦੇ ਦਿੱਤਾ ਹੈ।
ਤਥਾਗਤ ਰਾਏ ਕੋਈ ਤੇਤੀ ਸਾਲ ਪਹਿਲਾਂ ਆਰ. ਐਸ਼ ਐਸ਼ ਨਾਲ ਜੁੜਿਆ ਸੀ ਤੇ ਕੁਝ ਸਾਲ ਪੱਛਮੀ ਬੰਗਾਲ ਦੀ ਭਾਜਪਾ ਦਾ ਪ੍ਰਧਾਨ ਰਹਿਣ ਵੇਲੇ ਭਾਜਪਾ ਵੱਲੋਂ ਦੋ ਚੋਣਾਂ ਲੜਿਆ ਸੀ ਤੇ ਫਿਰ ਭਾਜਪਾ ਦੀ ਕੇਂਦਰ ਸਰਕਾਰ ਨੇ ਤ੍ਰਿਪੁਰਾ ਦੀ ਕਮਿਊਨਿਸਟ ਸਰਕਾਰ ਦੀਆਂ ਜੜ੍ਹਾਂ ਟੁੱਕਣ ਲਈ ਉਸ ਨੂੰ ਉਥੋਂ ਦਾ ਗਵਰਨਰ ਲਾ ਦਿੱਤਾ ਸੀ। ਉਹ ਆਪਰੇਸ਼ਨ ਸਿਰੇ ਚਾੜ੍ਹਨ ਪਿੱਛੋਂ ਤਥਾਗਤ ਨੂੰ ਮੇਘਾਲਿਆ ਦਾ ਗਵਰਨਰ ਲਾ ਦਿੱਤਾ ਗਿਆ। ਭਾਜਪਾ ਨਾਲ ਜੁੜੇ ਹੋਣ ਕਰ ਕੇ ਉਸ ਨੂੰ ਹਿੰਦੂਤਵ ਦਾ ਢੰਡੋਰਚੀ ਕਿਹਾ ਜਾ ਸਕਦਾ ਹੈ, ਪਰ ਜਦੋਂ ਉਹ ਸਾਰੇ ਕਸ਼ਮੀਰੀ ਲੋਕਾਂ ਦੇ ਬਾਈਕਾਟ ਲਈ ਸੱਦਾ ਦੇ ਰਿਹਾ ਹੈ ਤਾਂ ਉਹ ਜੰਮੂ-ਕਸ਼ਮੀਰ ਦੇ ਹਿੰਦੂਆਂ ਖਿਲਾਫ ਵੀ ਇਹ ਸੱਦਾ ਦੇ ਰਿਹਾ ਹੈ। ਉਹ ਇਹ ਕਹਿਣ ਤੱਕ ਵੀ ਚਲਾ ਗਿਆ ਕਿ ਕੁਝ ਸਾਲ ਅਮਰਨਾਥ ਦੀ ਯਾਤਰਾ ਰੋਕ ਲਈਏ ਤਾਂ ਉਥੋਂ ਦੀ ਆਰਥਕਤਾ ਖਤਮ ਕੀਤੀ ਜਾ ਸਕਦੀ ਹੈ ਤੇ ਏਦਾਂ ਦੀਆਂ ਹੋਰ ਕਈ ਗੱਲਾਂ ਵੀ ਉਹ ਕਹਿਣ ਤੋਂ ਨਹੀਂ ਝਿਜਕਿਆ। ਭਾਜਪਾ ਅਤੇ ਕੇਂਦਰ ਸਰਕਾਰ ਨੇ ਏਨਾ ਕੀਤਾ ਹੈ ਕਿ ਆਪਣੇ ਲਾਏ ਇਸ ਗਵਰਨਰ ਦੇ ਬਿਆਨਾਂ ਨੂੰ ਉਸ ਦੀ ਨਿੱਜੀ ਰਾਏ ਕਿਹਾ ਅਤੇ ਵਖਰੇਵਾਂ ਜਾਹਰ ਕਰ ਦਿੱਤਾ, ਪਰ ਇਸ ਦੇ ਨਾਲ ਜੋ ਬੇਇੱਜਤੀ ਜੰਮੂ-ਕਸ਼ਮੀਰ ਦੇ ਲੋਕਾਂ ਦੀ ਹੋ ਗਈ, ਉਸ ਬਾਰੇ ਚੁੱਪ ਵੱਟ ਲਈ ਹੈ।
ਸਮੱਸਿਆ ਦੀ ਜੜ੍ਹ ਵੀ ਇਹੋ ਹੈ। ਸਰਕਾਰ ਨਾਲ ਜੁੜੇ ਲੋਕ ਏਦਾਂ ਦੀਆਂ ਗੱਲਾਂ ਕਰਦੇ ਹਨ। ਮਸਲਾ ਵਿਗੜਦਾ ਜਾਪੇਗਾ ਤਾਂ ਪ੍ਰਧਾਨ ਮੰਤਰੀ ਮੋਦੀ ਕੁਝ ਪੋਲੇ ਜਿਹੇ ਸ਼ਬਦਾਂ ਵਿਚ ਇਸ ਦੀ ਨਿੰਦਾ ਕਰ ਕੇ ਜ਼ਿੰਮੇਵਾਰੀ ਭੁਗਤ ਗਈ ਸਮਝ ਲੈਣਗੇ। ਉਨ੍ਹਾਂ ਦੇ ਪੈਰੋਕਾਰ ਆਪਣੇ ਨੇਤਾ ਦੇ ਇਸ ਦੁੱਖ ਪ੍ਰਗਟਾਵੇ ਦੀ ਡੌਂਡੀ ਪਿੱਟਣਗੇ। ਜਿੰਨਾ ਨੁਕਸਾਨ ਇਸ ਦੇਸ਼ ਅਤੇ ਦੇਸ਼ ਦੀ ਏਕਤਾ-ਅਖੰਡਤਾ ਦੀ ਭਾਵਨਾ ਦਾ ਹੋ ਗਿਆ ਹੈ, ਉਹ ਸਭ ਅਣਗੌਲਿਆ ਕਰ ਦਿੱਤਾ ਜਾਵੇਗਾ। ਜੋ ਵਾਰਦਾਤ ਪੁਲਵਾਮਾ ਵਿਚ ਹੋਈ, ਉਸ ਬਾਰੇ ਦਹਿਸ਼ਤਗਰਦੀ ਨਾਲ ਨਜਿੱਠਣ ਦੇ ਢੰਗਾਂ ਨਾਲ ਨਜਿੱਠਿਆ ਜਾਂਦਾ ਰਹੇਗਾ ਤੇ ਇਹ ਕੰਮ ਸਰਕਾਰ ਅਤੇ ਫੌਜਾਂ ਦਾ ਹੈ, ਸੜਕਾਂ ਉਤੇ ਹੁੱਲੜਬਾਜ਼ੀ ਕਰਦੇ ਫੁਕਰਿਆਂ ਦਾ ਨਹੀਂ, ਪਰ ਜੋ ਚੁਆਤੀ ਇੱਕ ਰਾਜ ਦਾ ਗਵਰਨਰ ਆਪਣੇ ਸਿਰ ਵਿਚ ਵੜੀ ਹੋਈ ਇੱਕ ਖਾਸ ਸੋਚ ਦੇ ਕਾਰਨ ਲਾ ਰਿਹਾ ਹੈ, ਜੇ ਭਾਰਤ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਜਨੂੰਨੀਅਤ ਨੂੰ ਅਣਗੌਲਿਆ ਕੀਤਾ ਤਾਂ ਇਸ ਦੇਸ਼ ਲਈ ਉਹ ਵੀ ਘੱਟ ਘਾਤਕ ਸਾਬਤ ਨਹੀਂ ਹੋਣੀ।