ਸਫਰ ਜਾਰੀ ਰਹੇ…

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮੁਸ਼ਕਿਲਾਂ ਦੀ ਗੱਲ ਕਰਦਿਆਂ ਨਸੀਹਤ ਕੀਤੀ ਸੀ, “ਮੁਸ਼ਕਿਲਾਂ ਤੋਂ ਮੁੱਖ ਨਾ ਮੋੜੋ। ਸਗੋਂ ਜ਼ਿੰਦਾਦਿਲੀ ਨਾਲ ਸਾਹਮਣਾ ਕਰੋ। ਇਸ ਦੇ ਨੈਣਾਂ ਵਿਚ ਝਾਕੋ ਅਤੇ ਕਾਮਯਾਬੀ ਦੇ ਮਾਰਗ ਦੀ ਲੋਚਾ ਬਣਾਓ। ਜ਼ਿੰਦਗੀ ਤੁਹਾਡੀ ਹਿੰਮਤ ਅਤੇ ਹੌਸਲੇ ਦਾ ਨਗਮਾ ਗੁਣਗਣਾਏਗੀ।” ਜ਼ਿੰਦਗੀ ਵਿਚ ਬੰਦੇ ਨੇ ਕਿਸੇ ਦਿਨ ਤਾਂ ਰਿਟਾਇਰ (ਸੇਵਾ ਮੁਕਤ) ਹੋਣਾ ਹੀ ਹੈ,

ਸਿਰਫ ਨੌਕਰੀ ਤੋਂ ਹੀ ਨਹੀਂ ਆਪਣੇ ਜੀਵਨ ਦੀਆਂ ਜਿੰਮੇਵਾਰੀਆਂ ਤੋਂ ਵੀ। ਕਈ ਲੋਕ ਸੇਵਾ ਮੁਕਤੀ ਤੋਂ ਬਾਅਦ ਢੇਰੀ ਢਾਹ ਬਹਿੰਦੇ ਹਨ ਕਿ ਹੁਣ ਕੀ ਕਰਾਂਗੇ? ਡਾ. ਭੰਡਾਲ ਇਸ ਲੇਖ ਵਿਚ ਕਹਿੰਦੇ ਹਨ ਕਿ ਸੇਵਾ ਮੁਕਤੀ ਪਿਛੋਂ ਜੇ ਧਿਆਨ ਦਈਏ ਤਾਂ ਬਹੁਤ ਕੁਝ ਹੈ, ਜੋ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ ਉਹ ਰੀਝਾਂ ਪੂਰੀ ਕਰਨਾ ਵੀ ਸ਼ਾਮਲ ਹੈ, ਜੋ ਪੂਰੀਆਂ ਨਹੀਂ ਸੀ ਕਰ ਸਕੇ। ਉਹ ਕਹਿੰਦੇ ਹਨ, ਉਨ੍ਹਾਂ ਲੋਕਾਂ ਨੂੰ ਗਲ ਨਾਲ ਲਾਓ, ਜੋ ਰੁੱਸ ਗਏ ਨੇ, ਨਿੱਕੀਆਂ-ਨਿੱਕੀਆਂ ਗਲਤਫਹਿਮੀਆਂ ਕਾਰਨ। ਉਨ੍ਹਾਂ ਸਬੰਧਾਂ ਨੂੰ ਮੁੜ ਤੋਂ ਪੁਨਰ-ਸੁਰਜੀਤ ਕਰੋ, ਜੋ ਤਿੜਕਣ ਦੀ ਰੁੱਤ ਹੰਢਾ ਰਹੇ ਨੇ ਅਤੇ ਲੰਮੇ ਸਮੇਂ ਤੋਂ ਸੋਚਾਂ ਨੂੰ ਬੇਦਾਵਾ ਦੇ ਚੁਕੇ ਨੇ। ਐਵੇਂ ਹੀ ਕੁਝ ਲੋਕ ਤਾਂ ਆਖਰੀ ਸਫਰ ‘ਤੇ ਤੁਰਨ ਤੋਂ ਪਹਿਲਾਂ ਹੀ ਮਰਸੀਆ ਬਣ ਜਾਂਦੇ। ਉਨ੍ਹਾਂ ਦਾ ਵਿਚਾਰ ਹੈ ਕਿ ਜੀਵਨ ਦੇ ਕਿਸੇ ਵੀ ਪੜਾਅ ‘ਤੇ ਨਵੇਂ ਸੁਪਨੇ ਲਏ ਜਾ ਸਕਦੇ ਨੇ। ਨਵੀਂਆਂ ਤਰਜ਼ੀਹਾਂ ਤੇ ਤਦਬੀਰਾਂ ਨੂੰ ਅਪਨਾਇਆ ਜਾ ਸਕਦਾ ਅਤੇ ਨਵੀਂਆਂ ਮੰਜ਼ਿਲਾਂ ਵੰਨੀਂ ਉਡਾਣ ਭਰੀ ਜਾ ਸਕਦੀ ਏ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸੇਵਾ-ਮੁਕਤੀ, ਜੀਵਨ ਦੇ ਇਕ ਪੜਾਅ ਦੀ ਸੰਪੂਰਨਤਾ ਅਤੇ ਅਗਲੇਰੇ ਪੜਾਅ ਦਾ ਅਰੰਭ।
ਸੇਵਾ-ਮੁਕਤੀ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਕੰਮਕਾਜੀ ਰੁਝੇਵਿਆਂ ਨੂੰ ਬਾਖੂਬੀ ਨਿਭਾ ਕੇ ਸੁਤੰਤਰ ਜੀਵਨ ਦੇ ਰਾਹੀਂ ਤੁਰਨਾ। ਜੀਵਨ ਦਾ ਵਧੇਰੇ ਹਿੱਸਾ ਮਾਂ-ਬਾਪ, ਪਤਨੀ-ਬੱਚਿਆਂ ਅਤੇ ਪੇਸ਼ੇ ਦੇ ਲੇਖੇ ਲਾਉਣ ਪਿਛੋਂ ਖੁਦ ਵੱਲ ਪਰਤਣਾ। ਮਨ ਦੀਆਂ ਰੀਝਾਂ, ਸੂਖਮ ਸੋਚਾਂ ਅਤੇ ਕਲਾਤਮਕ ਰੁਚੀਆਂ ਨੂੰ ਰੂਹ-ਪਰਵਾਜ਼ ਦੇਣੀ।
ਸੇਵਾ-ਮੁਕਤੀ ਬੇਲੋੜੇ ਮਾਨਸਿਕ ਦਬਾਅ, ਖਿਚੋਤਾਣ, ਭੱਜ-ਦੌੜ, ਭਟਕਣਾ ਅਤੇ ਪ੍ਰੇਸ਼ਾਨੀਆਂ ਤੋਂ ਪੂਰਨ ਰਾਹਤ। ਜਲਦੀ ਸੇਵਾ-ਮੁਕਤ ਹੋ ਕੇ ਨਿੱਜੀ ਸ਼ੌਕਾਂ ਨੂੰ ਪੂਰਾ ਕਰਨ ਵਾਲੇ ਅਤੇ ਮਨ ਦੀਆਂ ਮੁਹਾਰਾਂ ਰੂਹ ਹੱਥ ਫੜਾਉਣ ਵਾਲੇ ਹੀ ਲੰਮੀ ਉਮਰ ਦੇ ਰਾਜ਼ਦਾਨ।
ਦਰਅਸਲ ਸੇਵਾ-ਮੁਕਤ ਹੋਣਾ ਜੀਵਨ ਤੋਂ ਮੁਕਤ ਹੋਣਾ ਨਹੀਂ, ਸਗੋਂ ਜੀਵਨ ਨੂੰ ਨਵੀਂਆਂ ਰਾਹਾਂ ਤੇ ਬੁਲੰਦੀਆਂ ਵੰਨੀਂ ਤੋਰਨ ਦਾ ਨਾਮ। ਜੀਵਨ ਨੂੰ ਨਵੇਂ ਸਿਰੇ ਤੋਂ ਦੇਖਣ, ਸਮਝਣ ਅਤੇ ਸਿਰਜਣਾਤਮਕਤਾ ਵੰਨੀਂ ਤੋਰਨਾ।
ਸੇਵਾ-ਮੁਕਤ ਹੋ ਕੇ ਜੀਵਨ ਦੇ ਆਖਰੀ ਸਫਰ ਤੋਂ ਪਹਿਲਾਂ ਮਨ ਵਿਚ ਬਹੁਤ ਸਾਰੇ ਖਿਆਲ, ਸੁਪਨੇ ਅਤੇ ਸੂਖਮ ਸੋਚਾਂ ਮਨ-ਦਰ ‘ਤੇ ਦਸਤਕ ਦਿੰਦੀਆਂ, ਜਿਨ੍ਹਾਂ ਦੀ ਪੂਰਤੀ ਜੀਵਨ ਦੀਆਂ ਨਿੱਤਾਪ੍ਰਤੀ ਦੀਆਂ ਉਲਝਣਾਂ ਵਿਚ ਹੀ ਗੁਆਚ ਗਈ ਹੋਵੇ।
ਸੇਵਾ ਮੁਕਤੀ ਪਿਛੋਂ ਉਨ੍ਹਾਂ ਲੋਕਾਂ ਨੂੰ ਗਲ ਨਾਲ ਲਾਓ, ਜੋ ਰੁੱਸ ਗਏ ਨੇ, ਨਿੱਕੀਆਂ-ਨਿੱਕੀਆਂ ਗਲਤਫਹਿਮੀਆਂ ਕਾਰਨ। ਉਨ੍ਹਾਂ ਸਬੰਧਾਂ ਨੂੰ ਮੁੜ ਤੋਂ ਪੁਨਰ-ਸੁਰਜੀਤ ਕਰੋ, ਜੋ ਤਿੜਕਣ ਦੀ ਰੁੱਤ ਹੰਢਾ ਰਹੇ ਨੇ ਅਤੇ ਲੰਮੇ ਸਮੇਂ ਤੋਂ ਸੋਚਾਂ ਨੂੰ ਬੇਦਾਵਾ ਦੇ ਚੁਕੇ ਨੇ। ਰਿਸ਼ਤੇਦਾਰੀਆਂ ਵਿਚ ਭਰੀ ਕੁੜੱਤਣ ਵਿਚ ਮਿਠਾਸ ਘੋਲਣ ਦੀ ਕੋਸ਼ਿਸ਼ ਕਰੋ ਤਾਂ ਕਿ ਰਿਸ਼ਤਿਆਂ ਦੀ ਸੁਗੰਧ ਹਾਸਲ ਬਣ ਜਾਵੇ ਅਤੇ ਮੋਹਵੰਤੇ ਸਮਾਜ ਦਾ ਨਰੋਇਆ ਰੂਪ ਹੰਢਾਵੇ।
ਸੇਵਾ ਮੁਕਤ ਹੋ ਕੇ ਮਨ ਵਿਚ ਤਾਂ ਇਹ ਵੀ ਆਉਂਦਾ ਕਿ ਉਨ੍ਹਾਂ ਬਚਪਨੀ ਮਿੱਤਰਾਂ ਨੂੰ ਤਲਾਸ਼ਾਂ, ਜੋ ਦੁਨੀਆਂ ਦੀ ਭੀੜ ਵਿਚ ਗੁਆਚ ਗਏ ਨੇ। ਲੱਭ ਕੇ ਗਲ ਨਾਲ ਲਾਵਾਂ ਅਤੇ ਉਨ੍ਹਾਂ ਨੂੰ ਬਚਪਨੇ ਦੀਆਂ ਸ਼ਰਾਰਤਾਂ, ਖੇਡਾਂ, ਮਾਸੂਮੀਅਤ ਭਰੀਆਂ ਗੱਲਾਂ ਅਤੇ ਅਣਭੋਲ ਸ਼ਰਾਰਤਾਂ ਵਿਚੋਂ ਅਸੀਮ ਖੁਸ਼ੀਆਂ ਮਾਣਨ ਦੇ ਪਲਾਂ ਨੂੰ ਯਾਦ ਕਰਾਵਾਂ। ਭਾਵੇਂ ਇਹ ਖਿੱਦੋ-ਖੂੰਡੀ ਖੇਡਦਿਆਂ ਘੱਟੇ ‘ਚ ਲੱਥਪੱਥ ਹੋਣਾ ਹੋਵੇ, ਮੱਝਾਂ ਦੀਆਂ ਪੂਛਾਂ ਫੜ ਕੇ ਛੱਪੜ ਵਿਚ ਨਹਾਉਣਾ ਹੋਵੇ, ਫੱਟੀਆਂ ਸੁਕਾਉਂਦਿਆਂ ਫੱਟੀਆਂ ਨਾਲ ਕੀਤੀ ਲੜਾਈ ਹੋਵੇ, ਸਕੂਲੇ ਛੁੱਟੀ ਦੀ ਘੰਟੀ ਵਜਾਉਣਾ ਹੋਵੇ, ਮਾਸਟਰ ਦੀ ਕੁਰਸੀ ਨੂੰ ਚੁੱਕ ਕੇ ਬਾਹਰ ਲਿਜਾਣਾ ਹੋਵੇ, ਟੁੱਟੇ ਬਨੇਰੇ ‘ਤੇ ਬਹਿ ਕੇ ਬੇਹੀ ਰੋਟੀ ਵਿਚੋਂ ਅੰਮ੍ਰਿਤੀ ਸਵਾਦ ਚੱਖਣਾ ਹੋਵੇ, ਰਾਤ ਨੂੰ ਤਾਰਿਆਂ ਦੇ ਦੇਸ਼ ਜਾਣਾ ਹੋਵੇ, ਪੱਖੇ ਮੂਹਰੇ ਡਾਹੇ ਮੰਜੇ ‘ਤੇ ਪੈਣ ਦਾ ਚਾਅ ਹੋਵੇ, ਨਿਗੂਣੀ ਜਿੱਤ ਪੁਗਾਉਣ ਲਈ ਅੱਧਾ-ਅੱਧਾ ਦਿਨ ਰਿਹਾੜ ਕਰਨਾ ਹੋਵੇ, ਸੁਹਾਗੇ, ਖੂਹ ਦੀ ਗਾਟੀ ਜਾਂ ਖਰਾਸ ‘ਤੇ ਲਏ ਝੂਟਿਆਂ ਦੇ ਪਲ ਹੋਣ। ਫੱਟੀ ਪੋਚਣ ਤੋਂ ਲੈ ਕੇ ਡੁੱਬਕੇ ਚੋਰੀ ਕਰਨ ਵਰਗੀ ਬਚਪਨੀ ਸਮਿਆਂ ਦੀ ਇਬਾਰਤ ਨੂੰ ਮਿੱਟਣ ਤੋਂ ਬਚਾਉਣ ਲਈ ਅਜੇ ਇਹੀ ਤਾਂ ਮੌਕਾ ਏ।
ਚਿੱਤ ਵਿਚ ਤਾਂ ਆਉਂਦਾ ਕਿ ਸੇਵਾ-ਮੁਕਤ ਹੋ ਕੇ ਜੀਵਨ ਦੀ ਭੱਜ-ਦੌੜ ਦੌਰਾਨ ਮੋੜਾਂ ਤੇ ਰਾਹ ਵਿਚ ਟੱਕਰੇ ਉਨ੍ਹਾਂ ਲੋਕਾਂ ਨੂੰ ਯਾਦ ਕਰਾਵਾਂ ਕਿ ਉਨ੍ਹਾਂ ਦੀ ਨੇਕ ਸਲਾਹ ਨੇ ਮੇਰੀਆਂ ਤਰਜ਼ੀਹਾਂ ਅਤੇ ਤਕਦੀਰ ਨੂੰ ਕਿੰਨਾ ਬਦਲ ਦਿਤਾ ਸੀ? ਉਨ੍ਹਾਂ ਲੋਕਾਂ ਦੀ ਅਹਿਮੀਅਤ ਤੇ ਦੇਣ ਨੂੰ ਸਜ਼ਦਾ ਕਰਾਂ ਜਦ ਰੋਟੀ ਦੀ ਮੁਥਾਜੀ ‘ਚ ਰੁਜ਼ਗਾਰ ਭਾਲਦਿਆਂ, ਉਨ੍ਹਾਂ ਦੀ ਹੱਲਾਸ਼ੇਰੀ ਅਤੇ ਸਹਾਰੇ ਨੇ ਜੀਵਨ ਨੂੰ ਨਵੀਂ ਰੰਗਤ ਦਿੰਦਿਆਂ ਜਿਉਣ-ਜੋਗਾ ਬਣਾਇਆ ਸੀ। ਬੀਤੇ ਨਾਲ ਜੁੜਨ ਦੀ ਤਮੰਨਾ ਵਿਚੋਂ ਹੀ ਅਜਿਹੀਆਂ ਸੋਚਾਂ ਮਨ-ਜੂਹ ਵਿਚ ਤੈਰਦੀਆਂ। ਆਪਣੇ ਅਤੀਤ ਨੂੰ ਯਾਦ ਰੱਖਣਾ ਹੀ ਮਨੁੱਖੀ ਫਿਤਰਤ ਲਈ ਸਭ ਤੋਂ ਅਹਿਮ।
ਇਹ ਵੀ ਚਾਹੁੰਨਾਂ ਕਿ ਰਿਟਾਇਰ ਹੋ ਕੇ ਜਿਉਂਦੇ-ਜੀਅ ਅਫਰੀਕਾ/ਕਾਲੇ ਪਾਣੀਆਂ ਦੇ ਉਨ੍ਹਾਂ ਜੰਗਲਾਂ ਨੂੰ ਗਾਹਾਂ, ਜਿਸ ਦੇ ਮੂਲ ਨਿਵਾਸੀ ਦੁਨੀਆਂ ਦੀ ਤੇਜ ਰਫਤਾਰੀ ਤੋਂ ਨਿਰਲੇਪ, ਜ਼ਿੰਦਗੀ ਨੂੰ ਕੁਦਰਤ ਦੇ ਆਗੋਸ਼ ਵਿਚ, ਕੁਦਰਤ ਸੰਗ ਇਕਸੁਰਤਾ ਨਾਲ ਜਿਉਂਦੇ ਨੇ। ਉਨ੍ਹਾਂ ਲਈ ਕੁਦਰਤ ਦੀ ਅਵੱਗਿਆ, ਸਭ ਤੋਂ ਵੱਡੀ ਅਕ੍ਰਿਤਘਣਤਾ ਅਤੇ ਨਾ-ਮੁਆਫੀ ਯੋਗ ਗੁਨਾਹ। ਉਨ੍ਹਾਂ ਦੇ ਮਨਾਂ ਦੀ ਪਾਕੀਜ਼ਗੀ ਤੇ ਜੀਵਨੀ-ਸੁਰਤਾਲ ਅਜੋਕੇ ਮਨੁੱਖ ਵਿਚੋਂ ਕਿਉਂ ਮਨਫੀ ਹੋ ਗਈ? ਕਿਉਂ ਨਹੀਂ ਅਸੀਂ ਜੀਵਨ ਅਤੇ ਜੀਵਨ-ਦਾਨੀ ਵਿਚ ਸੰਤੁਲਨ ਰੱਖ ਕੇ ਜੀਵਨ ਨੂੰ ਜੀਵੰਤ ਬਣਾ ਸਕਦੇ?
ਕਦੇ ਕਦੇ ਉਡਾਰੂ ਮਨ ਐਂਟਾਰਟਿਕਾ ਵਿਚ ਕੁਦਰਤ ਦੀ ਰਹੱਸਮਈ ਚੁੱਪ ਅਤੇ ਆਲੇ-ਦੁਆਲੇ ਫੈਲੀ ਹੋਈ ਕੁਦਰਤੀ ਸੁੰਦਰਤਾ ਨੂੰ ਨਿਹਾਰਨਾ ਚਾਹੁੰਦਾ, ਜੋ ਮਨੁੱਖੀ ਵਸੋਂ ਤੋਂ ਨਿਰਲੇਪ, ਮਨੁੱਖੀ ਗਲਤੀਆਂ ਤੋਂ ਬਚੀ, ਨਿਰਛੱਲਤਾ ਦਾ ਮੁਜੱਸਮਾ ਏ। ਇਥੇ ਰਹਿੰਦੇ ਭੋਲੇ-ਭਾਲੇ ਜੀਵਾਂ ਨੂੰ ਮਨੁੱਖ ਦੀ ਮਾਰੂ-ਬਿਰਤੀ ਨਹੀਂ ਦਿਸਦੀ। ਉਹ ਮਨੁੱਖੀ ਚਾਲਾਂ ਵਿਚ ਫਸ ਕੇ ਆਪਣੀ ਜੀਵਨ-ਲੀਲਾ ਹੀ ਗਵਾ ਬਹਿੰਦੇ ਨੇ। ਉਤਰੀ ਧਰੁੱਵ ‘ਤੇ ਕੁਦਰਤ ਦੀ ਅੱਖ ਵਿਚ ਹੰਝੂ ਧਰਨ ਵਾਲਾ ਮਨੁੱਖ ਗਲੇਸ਼ੀਅਰਾਂ ਦੇ ਪਿਘਲਣ ਨੂੰ ਵੀ ਆਪਣੀ ਗਲਤੀ ਮੰਨਣ ਤੋਂ ਮੁਨਕਰ। ਇਸ ਮੁਨਕਰੀ ਨੇ ਉਤਰੀ ਧਰੁੱਵ ਨੂੰ ਸਦਾ ਲਈ ਅਲੋਪ ਕਰ ਦੇਣਾ।
ਸੋਚ ਉਡਾਣ ਤਾਂ ਉਸ ਪਿੰਡ ਦੀ ਜੂਹ ਵਿਚ ਫੇਰਾ ਪਾਉਣਾ ਚਾਹੁੰਦੀ, ਜਿਸ ਨੇ ਸੁਪਨੇ ਤੇ ਸੁਪਨਿਆਂ ਲਈ ਪਰ ਦਿਤੇ। ਉਨ੍ਹਾਂ ਖੇਤਾਂ, ਖਾਲਾਂ ਤੇ ਖਲਿਆਣਾਂ ਨੂੰ ਗਾਹਾਂ, ਜਿਨ੍ਹਾਂ ਨੇ ਮੈਨੂੰ ਜੀਵਨ ਵਿਚ ਮਿਨਹਤ-ਮੁਸ਼ੱਕਤ ਦੀ ਸੋਝੀ ਕਰਵਾਈ। ਖੇਤ ਵਿਚ ਛੰਨ ਪਾ ਕੇ ਬਿਰਖਾਂ ਅਤੇ ਪਰਿੰਦਿਆਂ ਦੀ ਸਾਂਝ ਵਿਚ ਮਾਣੇ ਉਹ ਪਲ ਹੁਣ ਵੀ ਚੇਤਿਆਂ ਨੂੰ ਸਕੂਨ ਬਖਸ਼ ਕੁਝ ਅਜਿਹਾ ਮਨ ਵਿਚ ਧਰ ਜਾਂਦੇ, ਜਿਨ੍ਹਾਂ ਦੀ ਅਸੀਮਤ ਖੁਸ਼ੀ ਮੈਨੂੰ ਖੇਤਾਂ ਵਿਚ ਤੁਰਨ ਜਿਹਾ ਵਿਸਮਾਦ ਪੈਦਾ ਕਰਦੀ। ਨੰਗੇ ਪੈਰੀਂ ਤ੍ਰੇਲ-ਭਿੱਜੀਆਂ ਵੱਟਾਂ ‘ਤੇ ਤੁਰਨਾ, ਵੱਟਾਂ ਨੂੰ ਜਾਣ-ਬੁੱਝ ਕੇ ਫੇਹਣਾ, ਆੜ ਵਿਚ ਗੰਢੇ ਦੀ ਭੂਕ ਨਾਲ ਪਾਣੀ ਪੀਣਾ ਅਤੇ ਖਰਬੂਜ਼ਿਆਂ ਤੇ ਹਦਵਾਣਿਆਂ ਨੂੰ ਖਾਂਦਿਆਂ, ਅੱਧਾ ਖਾਣਾ ਤੇ ਅੱਧਾ ਵਗਾਹ ਮਾਰਨ ਵਾਲੀ ਉਹ ਰੁੱਤ ਕਿਵੇਂ ਵਾਪਸ ਪਰਤੇਗੀ ਅਤੇ ਕਿਵੇਂ ਉਸ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਾਂਗਾ?
ਬਹੁਤ ਜੀਅ ਕਰਦਾ ਕਿ ਬਿਆਸ ਦਰਿਆ ਦੇ ਉਨ੍ਹਾਂ ਪਾਣੀਆਂ ਵਿਚ ਫਿਰ ਤੋਂ ਤਾਰੀਆਂ ਲਾਵਾਂ, ਜਿਸ ਵਿਚ ਮੱਝਾਂ ਦੀਆਂ ਪੂਛਾਂ ਫੜ ਕੇ ਨਹਾਉਣਾ, ਪਸੂਆਂ ਸੰਗ ਦਰਿਆ ਦੇ ਪਾਣੀ ਦੀਆਂ ਘੁੱਟਾਂ ਭਰਨੀਆਂ, ਚੁੱਭੀਆਂ ਲਾ ਕੇ ਇਕ ਦੂਜੇ ਨੂੰ ਲੱਭਣਾ ਅਤੇ ਛੂਹਣਾ। ਦਰਿਆ ਦੇ ਪਾਣੀ ਵਰਗੇ ਦੋਸਤ ਕਿਥੋਂ ਥਿਆਉਣ ਅਤੇ ਉਨ੍ਹਾਂ ਅਜ਼ੀਮ ਪਲਾਂ ਨੂੰ ਮੋੜ ਲਿਆਉਣ?
ਕਦੇ ਕਦੇ ਮਨ ‘ਚ ਆਉਂਦਾ ਕਿ ਘਰ ਦੇ ਵਿਹੜੇ ਵਿਚ ਫੁੱਲਾਂ ਦੀ ਖੇਤੀ ਕਰਾਂ। ਪੱਤੀਆਂ ਨੂੰ ਸਹਿਲਾਵਾਂ। ਤਿਤਲੀਆਂ ਫੜਾਂ, ਭੌਰਿਆਂ ਦੀ ਫੁੱਲਾਂ ਸੰਗ ਗੁਫਤਗੂ ਸੁਣਾਂ ਅਤੇ ਹੁੰਗਾਰਾ ਭਰਾਂ। ਕਿੰਨੀ ਡੂੰਘੀ ਤੇ ਭਾਵਪੂਰਤ ਹੁੰਦੀ ਸੀ ਉਹ ਗੁਫਤਗੂ, ਜੋ ਮਨੁੱਖੀ ਗੱਲਬਾਤ ਤੋਂ ਬਿਲਕੁਲ ਨਿਆਰੀ ਅਤੇ ਪਿਆਰੀ। ਫੁੱਲਾਂ ਸੰਗ ਫੁੱਲ ਬਣਨ ਦਾ ਅਲੋਕਾਰੀ ਅਨੰਦ। ਫੁੱਲਾਂ ਵਰਗਾ ਬਣਨ ਦੀ ਲੋਚਾ ਨੇ ਹੀ ਜੀਵਨ ਨੂੰ ਸੁਹਜ-ਭਾਵੀ ਬਣਾਇਆ। ਘਰ ਦੇ ਵਿਹੜੇ ਵਿਚ ਸਬਜ਼ੀਆਂ ਤੇ ਫਲਦਾਰ ਬੂਟੇ ਉਗਾਵਾਂ। ਬਾਜ਼ਾਰੂ ਸਬਜ਼ੀਆਂ ਤੇ ਫਲਾਂ ਨੇ ਸਿਰਫ ਬਿਮਾਰੀਆਂ ਹੀ ਦਿਤੀਆਂ ਨੇ। ਬੀਤੇ ਵਿਚ ਜਿਉਣ ਨੂੰ ਬਹੁਤ ਮਨ ਕਰਦਾ।
ਸੋਚਦਾਂ, ਜੀਵਨੀ ਖਲਜਗਣਾਂ ਤੋਂ ਵਿਹਲਾ ਹੋ ਕੇ ਮਨ ਵਿਚ ਸੁੱਤੀਆਂ ਉਹ ਕਲਾਵਾਂ ਜਗਾਵਾਂ, ਜਿਨ੍ਹਾਂ ਦੀ ਸੁੰਨਤਾ ਨੇ ਮੇਰੀ ਸੋਚ-ਜੂਹ ਨੂੰ ਤ੍ਰਿਸਕਾਰੀ ਰੱਖਿਆ। ਉਨ੍ਹਾਂ ਭਾਵਨਾਵਾਂ ਨੇ ਸਾਹ-ਹੀਣ ਹੋਣ ਨਾਲੋਂ ਸੂਲੀ ‘ਤੇ ਲਟਕਣ ਨੂੰ ਤਰਜ਼ੀਹ ਦਿਤੀ।
ਮਨ ਕਰਦਾ ਕਿ ਉਨ੍ਹਾਂ ਸੁਪਨਿਆਂ ਨੂੰ ਫਿਰ ਤੋਂ ਪਰਵਾਜ਼ ਦੇਵਾਂ, ਜਿਨ੍ਹਾਂ ਦੀ ਚੁੱਪ ਨੇ ਮੈਨੂੰ ਬੇਚੈਨ ਕਰ ਦਿਤਾ ਸੀ। ਹੁਣ ਉਹ ਅਧਮੋਏ ਜਿਹੇ ਫਿਰ ਤੋਂ ਆਪਣੀ ਹੋਂਦ ਨੂੰ ਵਿਸ਼ਾਲਣ ਲਈ ਅਹੁਲ ਰਹੇ ਨੇ।
ਮਨ ਵਿਚ ਖਿਆਲ ਆਉਂਦਾ ਕਿ ਉਨ੍ਹਾਂ ਥਾਂਵਾਂ ‘ਤੇ ਜਾਵਾਂ, ਜਿਨ੍ਹਾਂ ਦੀ ਖਿੱਚ ਨੇ ਬਚਪਨੇ ‘ਚ ਮੈਨੂੰ ਪ੍ਰੇਰਿਆ ਸੀ। ਉਨ੍ਹਾਂ ਨੂੰ ਨਿਹਾਰਾਂ ਅਤੇ ਸੁਲਘਦੇ ਤੇ ਸਿਸਕਦੇ ਇਤਿਹਾਸ ਨੂੰ ਪੜ੍ਹਾਂ। ਬਜੁਰਗਾਂ ਦੀਆਂ ਕੀਰਤੀਆਂ, ਕਰਨੀਆਂ ਨੂੰ ਸੋਚ ਵਿਚ ਧਰ ਕੁਝ ਅਜਿਹਾ ਕਰਾਂ ਕਿ ਆਉਣ ਵਾਲੀਆਂ ਨਸਲਾਂ ਖੁਦ ਨੂੰ ਜੀਵਨ-ਧਰਾਤਲ ਦੇ ਮੇਚ ਕਰ ਸਕਣ।
ਮਨ ਵਿਚ ਇਹ ਵੀ ਆਉਂਦਾ ਕਿ ਉਨ੍ਹਾਂ ਲੋਕਾਂ ਨਾਲ ਉਹ ਗੱਲਾਂ ਕਰਾਂ, ਜੋ ਮਨ ‘ਚ ਅਬੋਲ ਨੇ। ਆਖਰੀ ਸਾਹ ਲੈਣ ਵੇਲੇ ਮਨ ‘ਚ ਕੋਈ ਸ਼ਿਕਵਾ ਨਾ ਰਹੇ। ਨਾ ਹੀ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਕੋਈ ਹੇਰਵਾ ਰਹੇ ਕਿ ਸਾਥੀਆਂ ਨੇ ਦਿਲਲਗੀ ਨਹੀਂ ਕੀਤੀ, ਰੂਹ ਦੀਆਂ ਬਾਤਾਂ ਨਹੀਂ ਪਾਈਆਂ ਅਤੇ ਰੂਹ ਤੋਂ ਰੂਹ ਤੀਕ ਦੇ ਫਾਸਲੇ ਨੂੰ ਮਿਟਾਉਣ ਵਿਚ ਕੋਈ ਉਚੇਚ ਨਹੀਂ ਕੀਤਾ। ਉਹ ਸਾਥੀ ਮੇਰੇ ਤੁਰ ਜਾਣ ਪਿਛੋਂ ਮੇਰੀਆਂ ਗੱਲਾਂ ਯਾਦ ਕਰ ਸਕਣਗੇ ਅਤੇ ਉਨ੍ਹਾਂ ਨੂੰ ਆਪਣੀ ਯਾਰੀ ‘ਤੇ ਮਾਣ ਰਹੇਗਾ।
ਉਕਤ ਖਿਆਲ ਸੇਵਾ-ਮੁਕਤੀ ‘ਤੇ ਮਨ ਵਿਚ ਆਉਂਦੇ। ਮੈਂ ਜੀਵਨ ਦਾ ਬਾਕੀ ਹਿੱਸਾ ਖੁਦ ਲਈ ਜਿਉਣਾ ਚਾਹੁੰਦਾਂ। ਐਵੇਂ ਹੀ ਕੁਝ ਲੋਕ ਤਾਂ ਆਖਰੀ ਸਫਰ ‘ਤੇ ਤੁਰਨ ਤੋਂ ਪਹਿਲਾਂ ਹੀ ਮਰਸੀਆ ਬਣ ਜਾਂਦੇ। ਉਨ੍ਹਾਂ ਲਈ ਜਿਉਂਦੇ-ਜੀਅ ਮਰਨ ਨੂੰ ਹੀ ਜੀਅ ਕਰਦਾ।
ਜੀਵਨ ਜਿਉਣਾ ਹੋਵੇ ਤਾਂ ਉਨ੍ਹਾਂ ਲੋਕਾਂ ਵੰਨੀਂ ਦੇਖੋ, ਜੋ ਜੀਵਨ ਦੇ ਹਰ ਮੋੜ ਨੂੰ ਸੁਚਾਰੂ ਅਤੇ ਉਸਾਰੂ ਰੂਪ ਵਿਚ ਚਿਤਵਦਿਆਂ ਨਵੀਂਆਂ ਬੁਲੰਦੀਆਂ ‘ਤੇ ਪਹੁੰਚ ਸਮਾਜ ਲਈ ਰਸ਼ਕ ਬਣੇ। ਮੇਰੇ ਸ਼ਹਿਰ ਦਾ ਬਹੁਤ ਹੀ ਜ਼ਹੀਨ ਸਰਜਨ ਹੈ। 75 ਸਾਲ ਕੰਮ ਕਰਨ ਪਿਛੋਂ ਰਿਟਾਇਰ ਹੋ ਅੰਗਰੇਜ਼ੀ ਦੀਆਂ ਕਲਾਸਿਕ ਪੁਸਤਕਾਂ ਦਾ ਪੰਜਾਬੀ ਵਿਚ ਉਲਥਾ ਕਰ ਪੰਜਾਬੀਆਂ ਨੂੰ ਕਲਾਸਿਕ ਸਾਹਿਤ ਦੇ ਦਰਸ਼ਨ ਕਰਵਾ ਰਿਹਾ ਏ। ਉਸ ਨੇ ਆਪਣੀ ਸਵੈ-ਜੀਵਨੀ ਵੀ ਲਿਖੀ ਕਿ ਕਿਵੇਂ ਨਿੱਕੇ ਜਿਹੇ ਪਿੰਡ ਦਾ ਜੁਆਕ ਦੇਸ਼ ਦੇ ਬਟਵਾਰੇ ਦਾ ਦਰਦ ਹੰਢਾਉਂਦਾ, ਦੁਸ਼ਵਾਰੀਆਂ ਤੇ ਆਰਥਕ ਕਠਿਨਾਈਆਂ ਸਰ ਕਰਦਾ ਜੀਵਨ ਨੂੰ ਰੌਸ਼ਨ ਰਾਹਾਂ ਵੰਨੀਂ ਤੋਰਨ ਅਤੇ ਨਵੀਂਆਂ ਲੀਹਾਂ ਪਾਉਣ ਵਿਚ ਕਾਮਯਾਬ ਰਿਹਾ। ਉਸ ਦਾ ਹਰ ਸਾਹ ਹੀ ਨਵੀਂ ਕੀਰਤੀ ਨੂੰ ਕਿਆਸਦਾ। ਸਾਰਥਕ ਰੁਝੇਵੇਂ ਨੇ ਉਮਰ ਦੀ ਦਸਤਕ ਵੀ ਮੁਲਤਵੀ ਕਰ ਦਿਤੀ। ਹਰਫਾਂ ਵਿਚੋਂ ਮਨੁੱਖੀ ਭਾਵਨਾਵਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਹਰਫਾਂ ਵਿਚ ਉਲਥਾਉਣ ਵਾਲਾ, ਕਿਵੇਂ ਡਾਕਟਰੀ ਔਜ਼ਾਰਾਂ ਤੋਂ ਸ਼ਬਦ-ਸਾਧਨਾ ਵੱਲ ਤੁਰਿਆ, ਇਸੇ ਨੂੰ ਜੀਵਨ-ਰਾਜ਼ ਕਹਿੰਦੇ। ਇਸੇ ਵਿਚੋਂ ਹੀ ਅਸੀਂ ਸਿਹਤਮੰਦ ਜੀਵਨ-ਜਾਚ ਨੂੰ ਨਿਰਧਾਰਤ ਕਰਦੇ ਹਾਂ।
ਜੀਵਨ ਦਾ ਇਕ ਮਾਰਗ ਬੰਦ ਹੋਣ ਪਿਛੋਂ ਦੂਜਾ ਰਾਹ ਬਣਾਉਣਾ, ਉਸ ਜਾਣਕਾਰ ਡਾਕਟਰ ਤੋਂ ਸਿਖਿਆ ਜਾ ਸਕਦਾ, ਜੋ ਡਾਕਟਰੀ ਪੇਸ਼ੇ ਤੋਂ ਪੇਂਟਿੰਗ ਵੱਲ ਪਰਤਿਆ ਏ। ਹਾਲਾਤ ਦੀ ਮਜ਼ਬੂਰੀ ਵਿਚ ਪਂੇਟਿੰਗ ਵਿਚੋਂ ਸਕੂਨ ਅਤੇ ਸਹਿਜ ਦੀ ਗੁੜਤੀ ਪਾਉਣਾ, ਕਲਾਤਮਕ ਪ੍ਰੇਰਨਾ ਵੀ ਬਣੀ। ਦਰਅਸਲ ਕਲਾਕਾਰ ਉਸ ਦੇ ਅੰਦਰ ਜਿਉਂਦਾ ਸੀ, ਪਰ ਡਾਕਟਰੀ ਪੇਸ਼ੇ ਨੇ ਉਸ ਦੀ ਪੇਸ਼ ਨਾ ਜਾਣ ਦਿਤੀ। ਹੁਣ ਉਹ ਸੂਖਮ-ਕਲਾਵਾਂ ਨੂੰ ਖੁਦ ਜਿਉਂਦਾ, ਕਲਾ-ਕ੍ਰਿਤਾਂ ਨਾਲ ਗੱਲਾਂ ਕਰਦਾ, ਹੁੰਗਾਰਾ ਭਰਦਾ ਅਤੇ ਕੈਨਵਸ ‘ਤੇ ਮਾਰੀਆਂ ਲਕੀਰਾਂ ਨੂੰ ਬੋਲਣ ਲਾਉਂਦਾ। ਸੂਖਮ-ਭਾਵੀ ਅਤੇ ਰੂਹ-ਤ੍ਰਿਪਤੀ ਵਾਲੀਆਂ ਕਲਾਵਾਂ ਹੀ ਸਾਹਾਂ ਨੂੰ ਸੰਵੇਦਨਾ ਅਤੇ ਜੀਵਨੀ ਉਜਾੜ ‘ਚ ਬਹਾਰ ਦੇ ਸੰਧੂਰੀ ਰੰਗ ਦੀ ਰੰਗਰੇਜ਼ਤਾ ਬਣਦੀਆਂ।
ਮਨ ਕਰਦਾ ਕਿ ਜੀਵਨ ਸਾਥੀ ਨਾਲ ਕੋਸੇ ਕੋਸੇ ਪਲ ਫਿਰ ਬਿਤਾਵਾਂ ਅਤੇ ਨਿੱਕੇ-ਨਿੱਕੇ ਹੁੰਗਾਰਿਆਂ ਤੇ ਹਾਸਿਆਂ ਵਿਚੋਂ ਜੀਵਨ ਦੇ ਸੰਦਲੀਪਣ ਨੂੰ ਮਾਣਾਂ।
ਸੇਵਾ-ਮੁਕਤੀ ਦਰਅਸਲ ਜੀਵਨ ਦੇ ਇਕ ਪੜਾਅ ਦਾ ਦੂਜੇ ਵਿਚ ਤਬਦੀਲ ਹੋਣਾ ਹੈ। ਇਕ ਪੜਾਅ ‘ਚ ਤੁਸੀਂ ਕੰਮ ਕਰਨ ਲਈ ਜਿਉਂਦੇ ਹੋ, ਜਦ ਕਿ ਦੂਜੇ ਪੜਾਅ ‘ਚ ਤੁਸੀਂ ਜਿਉਣ ਲਈ ਕੰਮ ਕਰਦੇ ਹੋ। ਦੂਜਾ ਪੜਾਅ ਹੀ ਤਾਂ ਜਿੰ.ਦਗੀ ਦਾ ਸੁੰਦਰ ਸਰੂਪ, ਜੋ ਮਨੁੱਖ ਤੋਂ ਕੋਹਾਂ ਦੂਰ।
ਕੰਮ ਵਿਚ ਗਲਤਾਨ ਵਿਅਕਤੀ ਉਮਰ ਭਰ ਖੁਦ ਤੋਂ ਅਤੇ ਆਲੇ-ਦੁਆਲੇ ‘ਚ ਪਸਰੀ ਸੁੰਦਰਤਾ ਤੇ ਸੰਜੀਵਤਾ ਤੋਂ ਦੂਰ ਰਹਿੰਦਾ। ਸੇਵਾ-ਮੁਕਤੀ ਪਿਛੋਂ ਹੀ ਤੁਸੀਂ ਚੌਗਿਰਦੇ ਵਿਚੋਂ, ਘਰ ਦੀ ਹਰ ਨੁੱਕਰ, ਰਿਸ਼ਤੇ ਤੇ ਸਬੰਧ ਵਿਚੋਂ ਅਸੀਮ ਖੁਸ਼ੀਆਂ ਨਿਹਾਰਦੇ, ਇਨ੍ਹਾਂ ਨੂੰ ਵੱਖਰੇ ਅਤੇ ਵਿਕੋਲਿਤਰੇ ਦ੍ਰਿਸ਼.ਟੀਕੋਣ ਤੋਂ ਦੇਖਦੇ ਹੋ।
ਜੀਵਨ ਦੇ ਕਿਸੇ ਵੀ ਪੜਾਅ ‘ਤੇ ਨਵੇਂ ਸੁਪਨੇ ਲਏ ਜਾ ਸਕਦੇ ਨੇ। ਨਵੀਂਆਂ ਤਰਜ਼ੀਹਾਂ ਤੇ ਤਦਬੀਰਾਂ ਨੂੰ ਅਪਨਾਇਆ ਜਾ ਸਕਦਾ ਅਤੇ ਨਵੀਂਆਂ ਮੰਜ਼ਿਲਾਂ ਵੰਨੀਂ ਉਡਾਣ ਭਰੀ ਜਾ ਸਕਦੀ ਏ। ਇਹ ਉਡਾਣ ਮਾਇਕ ਲਾਭ ਲਈ ਨਾ ਵੀ ਹੋਵੇ ਪਰ ਅੰਤਰੀਵੀ ਸਕੂਨ ਦਾ ਸਭ ਤੋਂ ਵੱਡਾ ਹਾਸਲ। ਫਿਰ ਸਿਰਫ ਸੁਪਨੇ ਯਾਦ ਰਹਿੰਦੇ, ਉਮਰ ਤਾਂ ਯਾਦ ਹੀ ਨਹੀਂ ਰਹਿੰਦੀ।
ਸੇਵਾ-ਮੁਕਤ ਹੋਣ ਵੇਲੇ ਮੇਰੀ ਮਾਨਸਿਕ ਅਵਸਥਾ ਇਕ ਕਵਿਤਾ ਰਾਹੀਂ ਨਾਜ਼ਲ ਹੋਈ, ਜਿਸ ਨੇ ਜੀਵਨੀ ਤਰਕ-ਸੰਗਤਾ ਅਤੇ ਤਰੋ-ਤਾਜ਼ਗੀ ਨੂੰ ਜੀਵਨ-ਵਰਕਿਆਂ ਦੇ ਨਾਮ ਕੀਤਾ:
ਉਹ ਕਹਿੰਦੇ ਨੇ ਕਿ
ਮੈਂ ਰਿਟਾਇਰ ਹੋ ਰਿਹਾ ਹਾਂ
ਜਿੰ.ਦਗੀ ਦੀ ਦੌੜ ਤੋਂ ਅੱਕਿਆ
ਬੇਲੋੜਾ, ਨਿਕੰਮਾ ਅਤੇ ਵਾਧੂ
ਜੀਵਨ-ਪੈਂਡਿਆਂ ਦਾ ਥੱਕਿਆ ਰਾਹੀ
ਸੁਰਖ ਧੁੱਪਾਂ ਤੋਂ ਮੁਨਕਰ
ਢਲਦੀ ਸ਼ਾਮ।

ਉਹ ਸੋਚਦੇ ਨੇ ਕਿ
ਛੇਵੇਂ ਦਹਾਕੇ ‘ਚ ਪਹੁੰਚਦਿਆਂ
ਸੋਚਾਂ ‘ਚ ਸਥਲਤਾ
ਕਰਮ ‘ਚ ਹੀਣਤਾ
ਅਤੇ ਚਾਲ ਠਹਿਰ ਜਾਂਦੀ ਏ।

ਉਨ੍ਹਾਂ ਨੂੰ ਭਰਮ ਏ ਕਿ
ਉਮਰ ਨਾਲ
ਬਿਖੜੇ ਮਾਰਗੀਂ
ਥਿੱੜਕ ਜਾਂਦੇ ਨੇ ਸਾਹ
ਅਤੇ ਸੁਪਨਿਆਂ ਦੀ ਅੱਖ ‘ਚ
ਉਤਰ ਆਉਂਦੀ ਏ ਨਮੀ।

ਉਨ੍ਹਾਂ ਦੀ ਧਾਰਨਾ ਏ ਕਿ
ਮੋਟੀਆਂ ਐਨਕਾਂ
ਠਹਿਰੀ ਤੋਰੇ ਤੁਰਦਾ
ਅਤੇ ਲੰਗੜੇ ਸਾਹਾਂ ਵਾਲਾ ਸ਼ਖਸ
ਰਿਟਾਇਰ ਵਿਅਕਤੀ ਹੀ ਹੁੰਦਾ।

ਉਨ੍ਹਾਂ ਨੂੰ ਸ਼ਾਇਦ ਪਤਾ ਹੀ ਨਹੀਂ
ਕਿ ਅੱਜ ਕੱਲ
ਹਰ ਵਿਅਕਤੀ ਨੌਕਰੀ ਤੋਂ ਕੀ
ਜੀਵਨ ਤੋਂ ਹੀ ਉਪਰਾਮ ਹੋ
ਮਾਨਸਿਕ ਤੌਰ ‘ਤੇ ਸਮੇਂ ਤੋਂ ਬਹੁਤ ਪਹਿਲਾਂ
ਰਿਟਾਇਰ ਹੋ ਜਾਂਦਾ ਹੈ।

ਪਰ
ਮੈਂ ਰਿਟਾਇਰ ਨਹੀਂ ਹੋ ਰਿਹਾ
ਮੈਂ ਤਾਂ ਅਜੇ
ਸੁਪਨਿਆਂ ਦੇ ਨੈਣੀਂ ਝਾਕਣਾ ਏ
ਮਸਤਕ-ਚਿਰਾਗ ਜਗਾਉਣਾ ਏ
ਅੱਖਰ-ਜੋਤ ਦਾ ਚਾਨਣ ਵੰਡਣਾ ਏ
ਵਰਕਿਆਂ ‘ਤੇ ਹਰਫ-ਗਿਆਨ ਧਰਨਾ ਏ
‘ਵਾਵਾਂ ਨੂੰ ਗੰਢਾਂ ਦੇਣ ਵਾਲੀ
ਰਵਾਨਗੀ ਬਣਨਾ ਏ
ਅਤੇ ਨਰੋਏ ਦਿਸਹੱਦਿਆਂ ਦੀ
ਨਿਸ਼ਾਨਦੇਹੀ ਕਰਨੀ ਏ।

ਅਜੇ ਤਾਂ ਮੈਂ
ਅੰਬਰ ਦੀ ਜੂਹ ਨਾਪਣੀ ਏ
ਤਾਰਿਆਂ ਦੇ ਘਰੀਂ ਜਾਣਾ ਏ
ਕਿਰਨ-ਪਰਾਗਾ ਝੋਲੀ ਪਾਣਾ ਏ
ਅਤੇ ਚੰਦਰਮਾ ਗਲ ਨਾਲ ਲਾਣਾ ਏ।

ਹੁਣੇ ਹੀ ਤਾਂ
ਰੁਝੇਵਿਆਂ ਤੋਂ ਕੁਝ ਰਾਹਤ ਮਿਲੀ ਏ
ਜੀਅ ਕੇ ਦੇਖਣਾ ਏ
ਸੁਰਖਰੂ ਪਲ ਸਿਰਜਣੇ ਨੇ
ਤੇ ਵਕਤ ਨੂੰ ਆਪਣੇ ਨਾਮ ਕਰਨਾ ਏ।

ਭਲਾ!
ਤੁਰਨ ਦੀ ਤਮੰਨਾ ਵਾਲੇ
ਕਦ ਰਿਟਾਇਰ ਹੋਇਆ ਕਰਦੇ ਨੇ!
ਉਨ੍ਹਾਂ ਲਈ ਹਰ ਦਿਨ
ਨਵੀਂਆਂ ਚੁਣੌਤੀਆਂ, ਸੰਭਾਵਨਾਵਾਂ
ਤੇ ਪ੍ਰਾਪਤੀਆਂ ਦੀ ਦਸਤਕ ਹੁੰਦਾ ਏ
ਉਹ ਜੀਵਨ ਨੂੰ ਅਲਵਿਦਾ ਕਹਿੰਦਿਆਂ ਵੀ
ਜ਼ਿੰਦਗੀ ਦਾ ਆਖਰੀ ਸਫਾ
ਪੜ੍ਹਨ ‘ਚ ਮਸ਼ਰੂਫ ਹੁੰਦੇ ਨੇ।

ਮੈਂ ਰਿਟਾਇਰ ਨਹੀਂ ਹੋ ਰਿਹਾ
ਸਗੋਂ ਜ਼ਿੰਦਗੀ ਦੀ
ਨਵੀਂ ਪਾਰੀ ਖੇਡਣ ਦੀ ਤਿਆਰੀ ‘ਚ ਹਾਂ।
ਮੈਂ ਰਿਟਾਇਰ ਨਹੀਂ ਹੋ ਰਿਹਾ।
ਅਧੂਰੇ ਸੁਪਨਿਆਂ ਦੀ ਪੂਰਤੀ ਜੀਵਨ ਦੇ ਕਿਸੇ ਵੀ ਪੜਾਅ ਵਿਚ ਕੀਤੀ ਜਾ ਸਕਦੀ, ਬਸ਼ਰਤੇ ਮਨ ਵਿਚ ਕੁਝ ਅਜਿਹਾ ਕਰਨ ਦਾ ਖਿਆਲ ਹੋਵੇ, ਜੋ ਵਰਤਮਾਨ ਜੀਵਨ ਤੋਂ ਵੱਖਰਾ ਤੇ ਵਿਲੱਖਣ ਹੋਵੇ। ਇਸ ਵਿਲੱਖਣਤਾ ਵਿਚੋਂ ਹੀ ਵਿਰਲਿਆਂ ਨੂੰ ਵਲਗਣਾਂ ਤੋੜਨ ਅਤੇ ਕੁਝ ਨਵਾਂ ਸਿਰਜਣ ਦਾ ਸਬੱਬ ਮਿਲਦਾ।
ਤੁਸੀਂ ਅਜਿਹਾ ਸਬੱਬ ਜਰੂਰ ਬਣਨਾ।