ਫ਼ਰੀਦਕੋਟ: ਪੰਜਾਬ ਦੇ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਸਮਰਥਕਾਂ ਵਿਚਾਲੇ ਜੈਤੋ ਦੇ ਰਾਮ ਲੀਲ੍ਹਾ ਗਰਾਊਂਡ ਵਿਚ ਖੂਨੀ ਝੜਪ ਹੋਈ ਜਿਸ ਵਿਚ ਦਸ ਵਿਅਕਤੀ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਕ ਹਮਲਾਵਰ ਚਮਕੌਰ ਸਿੰਘ ਨੇ ਐਮਰਜੈਂਸੀ ਵਿਭਾਗ ਵਿਚ ਦਾਖਲ ਰਣਜੀਤ ਸਿੰਘ ਤੇ ਗੁਰਬਖਸ਼ ਸਿੰਘ ‘ਤੇ ਪੁਲਿਸ ਦੀ ਹਾਜ਼ਰੀ ਵਿਚ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਰਣਜੀਤ ਸਿੰਘ ਵਾਸੀ ਸੇਵੇਵਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਪਹਿਲਾਂ ਹੀ ਜ਼ਖ਼ਮੀ ਗੁਰਬਖਸ਼ ਸਿੰਘ ਦੇ ਦੋ ਹੋਰ ਗੋਲੀਆਂ ਵੱਜੀਆਂ। ਇਹ ਗੋਲੀਆਂ ਲੱਗਣ ਤੋਂ ਬਾਅਦ ਗੁਰਬਖਸ਼ ਸਿੰਘ ਨੂੰ ਡੀæਐਮæਸੀæ ਲੁਧਿਆਣਾ ਰੈਫ਼ਰ ਕਰ ਦਿੱਤਾ।
ਮਰਨ ਵਾਲਾ ਰਣਜੀਤ ਸਿੰਘ ਬਰਾੜ ਧੜੇ ਨਾਲ ਸਬੰਧਤ ਸੀ। ਜ਼ਖ਼ਮੀਆਂ ਵਿਚ ਬਹੁਤੇ ਵਿਅਕਤੀ ਪਿੰਡ ਸੇਵੇਵਾਲਾ ਨਾਲ ਸਬੰਧਤ ਹਨ। ਕੁਝ ਦਿਨ ਪਹਿਲਾਂ ਹੀ ਸ਼ ਬਰਾੜ ਨੂੰ ਕੋਟਕਪੂਰਾ ਦੇ ਨਾਲ ਨਾਲ ਜੈਤੋ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਬਣਾਇਆ ਗਿਆ ਹੈ ਜਿਸ ਕਰ ਕੇ ਮਨਤਾਰ ਬਰਾੜ ਤੇ ਗੁਰਦੇਵ ਬਾਦਲ ਦੇ ਸਮਰਥਕਾਂ ਵਿਚਾਲੇ ਕਾਫੀ ਟਕਰਾਅ ਚੱਲ ਰਿਹਾ ਹੈ। ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਛਲੇ ਕੁਝ ਸਮੇਂ ਤੋਂ ਆਪਸੀ ਟਕਰਾਅ ਚਲ ਰਿਹਾ ਸੀ ਜਿਸ ਨੇ ਭਿਆਨਕ ਘਟਨਾ ਦਾ ਰੂਪ ਅਖ਼ਤਿਆਰ ਕਰ ਲਿਆ। ਹੈਰਾਨੀ ਦੀ ਗੱਲ ਹੈ ਕਿ ਘਟਨਾ ਸਮੇਂ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ, ਪਰ ਅਕਾਲੀ ਸਮਰਥਕਾਂ ਦੇ ਹੌਸਲੇ ਦੇਖ ਕੇ ਪੁਲਿਸ ਮੌਕੇ ਤੋਂ ਖਿਸਕ ਗਈ।
ਹਮਲਾਵਰਾਂ ਨੇ ਦਰਜਨਾਂ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਧਮਕੀ ਦਿੱਤੀ ਕਿ ਉਹ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਬਦਲਾ ਲੈਣਗੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪਿੰਡ ਔਲਖ ਦੇ ਸਰਪੰਚ ਸੁਖਮੰਦਰ ਸਿੰਘ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੁਖਮੰਦਰ ਸਿੰਘ ਵੀ ਗੁਰਦੇਵ ਸਿੰਘ ਬਾਦਲ ਦਾ ਕਰੀਬੀ ਸਾਥੀ ਸੀ। ਸੁਖਮੰਦਰ ਸਿੰਘ ਦੇ ਕਤਲ ਵਿਚ ਮਨਤਾਰ ਸਿੰਘ ਬਰਾੜ ਦੇ ਕਰੀਬੀ ਰਿਸ਼ਤੇਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ਵਿਚ ਇਹ ਦੂਜਾ ਕਤਲ ਹੈ ਜਿਸ ਵਿਚ ਦੋ ਅਕਾਲੀ ਧੜੇ ਸ਼ਾਮਲ ਹਨ।
Leave a Reply