ਬਾਬੇ ਵੀ ਹੁਣ ਗੋਲ ਮਸ਼ਕਰੀਆਂ ਨਹੀਂ ਕਰਦੇ ਨਾæææ

ਕਈਆਂ ਨੇ ਪ੍ਰੇਮ ਵਿਆਹ ਤਾਂ ਬੜੇ ਚਾਅ ਨਾਲ ਕਰਵਾਏ ਸਨ, ਪਰ ਬਾਪ ਬਣੇ ਤਾਂ ਧੀ ਨੂੰ ਮੂੰਹ ਭਰ ਕੇ ਇਹ ਨਹੀਂ ਕਹਿ ਸਕੇ ਕਿ ਪੁੱਤ ਅਜਿਹੇ ਕੰਮਾਂ ਦੇ ਨਤੀਜੇ ਬਹੁਤੇ ਚੰਗੇ ਨਹੀਂ ਨਿਕਲਦੇ ਹੁੰਦੇ; ਤੇ ਜਿਨ੍ਹਾਂ ਪ੍ਰੇਮੀ ਜੋੜਿਆਂ ਨੇ ਮਾਂ-ਬਾਪ ਬਣਨ ਤੋਂ ਪਹਿਲਾਂ ਹੀ ਅਦਾਲਤ ਦੇ ਦਰਵਾਜ਼ੇ ਨਾਲ ਮੱਥਾ ਭਨਾ ਲਿਆ, ਉਨ੍ਹਾਂ ਦੇ ਮਨ ਵਿਚ ਇਹ ਵਹਿਮ ਘਰ ਕਰ ਗਿਆ ਕਿ “ਲਵ ਮੈਰਿਜ’ ਦਹਿਸ਼ਤ ਦਾ ਆਂਗਣ ਨਹੀਂ, ਪਛਵਾੜ ਹੁੰਦੀ ਹੈ। ਇਨ੍ਹਾਂ ਨੇ ਦੁਬਾਰਾ ਉਦਾਸ ਹੋਣ ਨਾਲੋਂ ਪ੍ਰੇਮ ਪੱਤਰ ਪੜ੍ਹਨ ਦੀ ਥਾਂ ਪਾੜ ਹੀ ਸੁੱਟੇ। ਜਿਹੜੇ ਇਹ ਸੋਚ ਕੇ ਖਜੂਰ ‘ਤੇ ਚੜ੍ਹੇ ਸਨ ਕਿ ਉਹ ਅਸਮਾਨ ਨੂੰ ਹੱਥ ਲਾ ਆਉਣਗੇ, ਉਹ ਭਰਮ ਵਿਚ ਹੀ ਰਹਿ ਗਏ। ਜੇ ਇੱਦਾਂ ਹੋ ਸਕਦਾ ਹੁੰਦਾ ਤਾਂ ਆਸ਼ਕਾਂ ਦੇ ਆਸਮਾਨੋਂ ਤਾਰੇ ਤੋੜਨ ਦੀਆਂ ਘਟਨਾਵਾਂ ਭਾਵੇਂ ਸੱਚ ਨਹੀਂ ਹੋਈਆਂ, ਪਰ ਬਾਂਦਰਾਂ ਨੇ ਇਹ ਕੰਮ ਦਿਨ-ਰਾਤ ਵਿਚ ਕਈ ਕਈ ਵਾਰ ਕਰਿਆ ਕਰਨਾ ਸੀ। ਕਈ ਤਰਖਾਣਾਂ ਨੇ ਰੰਦਾ ਫੇਰਦਿਆਂ ਲੱਕੜ ਤਾਂ ਸਿੱਧੀ ਤੇ ਸਾਫ਼ ਕਰ ਲਈ, ਪਰ ਬਲੇਡ ਵਿੰਗਾ ਕਰ ਲਿਆ। ਦੁੱਖਾਂ ਦੇ ਸਤਾਏ ਕੁਝ ਲੋਕ ਸ਼ਮਸ਼ਾਨਘਾਟ ‘ਤੇ ਰੋਣ ਤਾਂ ਮੁਰਦਿਆਂ ਦੇ ਗਲ ਲੱਗ ਕੇ ਗਏ ਸਨ, ਪਰ ਜਦੋਂ ਚੁੱਪ ਨੇ ਹੁੰਗਾਰਾ ਨਾ ਭਰਿਆ, ਤਾਂ ਕਸਰਾਂ ਹੀ ਨਾਲ ਚੁੱਕ ਲਿਆਉਣ ਦੀ ਗ਼ਲਤੀ ਕਰ ਬੈਠੇ। ਮਾਂ ਤੇ ਧੀ ਦੇ ਪਰਦੇ ਦੀ ਕਹਾਵਤ ਜਦੋਂ ਦੀ ਖ਼ਤਮ ਕਰ ਕੇ ਧੀਆਂ ਉਹਲੇ ਰੱਖਣ ਲੱਗ ਪਈਆਂ ਤਾਂ ਮਾਂ ਉਤੇ ਵੀ ਪ੍ਰੇਮੀ ਰੱਖਣ ਦੇ ਉਲਾਂਭੇ ਦਾ ਤੀਰ ਆਰ-ਪਾਰ ਹੋ ਗਿਆ ਹੈ। ਲੀਡਰਾਂ ਨੇ ਬਹਿਸ ਦਾ ਸੁਆਦ ਲਿਆ ਹੈ ਪਰ ਸਿਆਣੇ ਵਕੀਲਾਂ ਦੀ ਬਹਿਸ ਨੇ ਕਈ ਜੱਜਾਂ ਨੂੰ ਗੁੰਝਲਦਾਰ ਮੁਕੱਦਮਿਆਂ ਦੇ ਫੈਸਲੇ ਸੁਣਾ ਉਨ੍ਹਾਂ ਨੂੰ “ਇਨਸਾਫ਼ ਦੀ ਤੱਕੜੀ” ਸਿੱਧੀ ਰੱਖਣ ਦਾ ਗੁਰ ਦਿੱਤਾ ਹੈ। ਉਂਜ, ਬਹਿਸ ਨੂੰ ਮੂਰਖਾਂ ਤੇ ਵਿਹਲੜਾਂ ਦੀ ਬਿਨਾਂ ਹਥਿਆਰਾਂ ਵਾਲੀ ਲੜਾਈ ਮੰਨਿਆ ਜਾਂਦਾ ਹੈ। ਜਦੋਂ ਦਾ ਘੁੰਡ ਚੁੱਕਿਆ ਗਿਆ ਹੈ, ਲੋਕ ਸਮਝ ਗਏ ਨੇ, ਲਿਪਸਟਿਕ ਤੇ ਬਿੰਦੀਆਂ ਚਿਹਰੇ ਦੇ ਕੰਮ ਆਉਂਦੀਆਂ ਨੇ, ਸ਼ਿੰਗਾਰ ਦੇ ਨਹੀਂ। ਐਨਕਾਂ ਨੂੰ ਨਿਗ੍ਹਾ ਲਈ ਹੀ ਵਰਤਣਾ ਚਾਹੀਦਾ ਹੈ; ਜਿਸ ਦਿਨ ਨਜ਼ਰ ਲਈ ਵਰਤੀਆਂ, ਅਕਲ ਨੂੰ ਸਿਖ਼ਰ ਦੁਪਹਿਰੇ ਡਾਕਾ ਪਵੇਗਾ। ਜਿਨ੍ਹਾਂ ਨੂੰ ਬਾਤ ਵਿਚ ਦਿਲਚਸਪੀ ਨਹੀਂ ਹੁੰਦੀ, ਉਹ ਬਾਤ ਮੁੱਕ ਜਾਣ ‘ਤੇ ਵੀ ਹੁੰਗਾਰਾ ਭਰੀ ਜਾਂਦੇ ਹਨ। ਮਰਦ, ਪਤੀ ਬਣਨ ਨਾਲੋਂ ਪਰਮੇਸ਼ਰ ਬਣਨ ਦੀ ਕਾਹਲ ਵਿਚ ਹੈ। ਇਸੇ ਲਈ ਪਤਨੀ ਸੋਚਦੀ ਐ-ਛੱਡੋ ਪਰੇ ਇਹਨੂੰ ਕੀ “ਜੀ” ਕਹਿਣਾ, ਪਰ ਇਨ੍ਹਾਂ ਗੱਲਾਂ ਦੀ ਆਓ ਭਗਤ ਜ਼ਰੂਰ ਕਰੀਏ।

ਐਸ਼ ਅਸ਼ੋਕ ਭੌਰਾ

“ਓ ਨੱਛਤਰਾ! ਸਾਲਿਆ ਮਸਾਂ ਈ ਸਕਾਈਲੈਬ ਵਾਂਗੂੰ ਡਿਗਿਐਂ। ਧੰਨੋ ਕਹੀ ਜਾਂਦੀ ਸੀ-ਅੱਜ ਆਉਣਾ, ਕੱਲ੍ਹ ਆਉਣਾ। ਉਹ ਵੀ ਦਿਹਾੜੀ ਵਿਚ ਦੋ-ਤਿੰਨ ਵਾਰ ਨਾਉਂਦੀ ਤਿਗੀ, ਜਿੱਦਾਂ ਕਿਤੇ ਧਰਮਿੰਦਰ ਨੇ ਆਉਣਾ ਹੁੰਦੈ?æææਚੱਲ ਸਾਲੇ ਦੀ ਕਿੱਦਾਂ ਬੰਦਿਆਂ ਵਿਚ ਆਸਣ ਲਈ ਬੈਠੀ ਐ।” ਜਾਗਰ ਨੇ ਪੱਗ ਦੇ ਲੜ ਨਾਲ ਗਰਮੀ ਪੂੰਝਦਿਆਂ ਕੁੱਤੀ ਵੀ ਦਬਕਾ’ਤੀ, ਤੇ ਨਾਲ ਲਾ’ਤਾ ਅਮਰੀਕਾ ਤੋਂ ਨਵੇਂ-ਨਵੇਂ ਆਏ ਨਛੱਤਰ ‘ਤੇ ਤਵਾ।
“ਸ਼ਰਮ ਤਾਂ ਨਹੀਂ ਆਉਂਦੀ ਹੋਣੀ। ਕਿਸੇ ਨੂੰ ਬਾਹਰੋਂ ਆਉਂਦੇ ਨੂੰ ‘ਜੀ ਆਇਆਂ’ ਤਾਂ ਕੀ ਕਹਿਣੈ, ਜੁੱਤੀ ਝਾੜ ਕੇ ਪਾਉਣ ਲੱਗ ਪਿਐ। ਲਿਆ ਖੁਆ ਜੇ ਮਾਸਾ ਕੁ ਹੈ ਤੇਰੇ ਕੋਲ।”
“ਦੁਰਫ਼ਿਟੇ ਮੂੰਹ ਤੇਰੇ, ਥਾਣਿਓਂ ਆ ਕੇ ਭੇਡ ਨ੍ਹੀਂ ਰਲਦੀ ਬਾਕੀਆਂ ਵਿਚ, ਤੇ ਤੂੰ ‘ਮਰੀਕਾ ਜਾ ਕੇ ਵੀ ਮਰਾਸੀਆਂ ਵਾਂਙੂੰ ਵਾਜਾ ਵੀ ਉਹੀ ਤੇ ਸਹੁਰੀ ਦਾ ਰਾਗ ਵੀ ਉਹੀ। ਤੇਰੀ ਗੱਲ ਤਾਂ ਉਹੀ ਹੋਈ ਕਿ ਕੁੱਤਾ ਖੀਰ ਖਾਂਦਾ-ਖਾਂਦਾ ਫ਼ਿਰ ਗੰਦ ਵਿਚ ਡਿੱਗ ਪਿਆ। ਸਾਡੇ ਲਈ ਤਾਂ ਤੈਨੂੰ ਬਾਹਰੋਂ ਲੈ ਕੇ ਆਉਣੀ ਚਾਹੀਦੀ ਤੀ, ਕਿਹੜੀ ਸਾਲੀ ਜੈਨੀ ਵਾਕਰ-ਵੂਕਰ ਆਂਹਦੇ ਆ ਤੇ ਤੂੰæææ।”
“ਜਾਗਰਾ ਜਿਹੜੀ ਨਾਗਣੀ ਡੰਗ ਮਾਰਦੀ ਐ ਕੰਜਰ ਦਿਆ, ਉਹ ਲਾਲ ਪਰੀ ਨੱਚ ਕੇ ਵੀ ਸੁਆਦ ਨ੍ਹੀਂ ਦਿੰਦੀ।”
“ਐਵੇ ਫ਼ਿਰ ਕੰਜਰ ਦਿਆ ਸਿਰ ‘ਤੇ ਚੁੱਕੀ ਫ਼ਿਰਦੈਂ ਅਮਰੀਕਾ-ਅਮਰੂਕਾ। ਮੁੰਡੇ ਨੇ ਜੇ ਚਾਰ ਦਿਨ ਸੱਦ ਲਿਆ ਤਾਂ ਧੋਤੀ ਲਾਹ ਕੇ ਪੈਂਟ ਪਾ ਲਈ। ਬੱਕਰੀ ਸ਼ੇਰ ਨਾਲ ਫੋਟੋ ਖਚਾ ਕੇ ਸਰਦਾਰਨੀ ਨਹੀਂ ਬਣ ਜਾਂਦੀ। ਲੈ ਆ ਗਿਆ ਮਾਹਟਰ ਕੁੰਦਨ ਲਾਲ ਇਹਨੂੰ ਪੁੱਛ ਲੈ।”
“ਮਾਹਟਰਾ, ਲੈ ਵੇਖ ਲੈ ਫੇਰ ਬਹਿ ਗਿਆ ਬੋਤਾ ਰੇਲ ‘ਤੇ। ਪਾ’ਤੀ ਉਹੀ ਸਵੈਟਰ ‘ਤੇ ਬੁਣਤੀ। ਚੁਣ ਲਏ ਫੇਰ ਪੇ-ਪੁੱਤ। ਭੋਰਾ ਸਾਡੀ ਵੇਟ ਈ ਕਰ ਲੈਂਦੇ।” ਬੋਹੜ ਥੱਲੇ ਭਰਦੀ ਸੱਥ ਵਿਚ ਨਛੱਤਰ ਨੇ ਹਾਲੇ ਸੁਆਲ ਈ ਕੀਤਾ ਸੀ ਮਾਹਟਰ ਨੂੰ, ਪਰ ਜਾਗਰ ਫ਼ੇਰ ਪੈ ਗਿਆ ਵਿਚਾਲਿਓਂ ਜਿਵੇਂ ਗਿੱਦੜ ਨੇ ਮੱਕੀ ਵਾਹਣ ਪਾ’ਤਾ ਹੁੰਦਾ।
“ਹੈਂ, ਕਿੱਦਾਂ ਫਿੱਟ ਗਿਆ ‘ਮਰੀਕਾ ਜਾ ਕੇ। ਗੱਲ ਈ ਨ੍ਹੀਂ ਭੁੰਜੇ ਪੈਣ ਦਿੰਦਾ। ਇਹਨੇ ਵਿਗੜੇ ਅਮਲੀ ਨੇ ਜਿੱਦਾਂ ਕਿਤੇ ਚੀਨ ਆਲੀ ਵੋਟ ਪਾਉਣੀ ਤਿਗੀ; ਪਈ ਉਹ ਨ੍ਹੀਂ ਪਈ ਤਾਂ ਮਹਾਰਾਜਾ ਹਾਰ ਗਿਐ।”
“ਚੱਲ ਨਛੱਤਰਾ, ਤੇਰਾ ਵੀ ਲੈਨੇ ਆਂ ਇਮਤਿਹਾਨ। ਤੂੰ ਉਥੋਂ ਹੁਣੇ ਆਇਆਂæææਚੱਲ ਆਏਂ ਦੱਸ, ਪਈ ‘ਮਰੀਕਾ ਦਾ ਰਾਸ਼ਟਰਪਤੀ ਕੌਣ ਐ ਹੁਣ?”
“ਮਾਹਟਰਾ ਵੇਖ ਲੈ, ਆਏਂ ਮੂੰਹ ਬਣਾਉਂਦਾ ਜਿੱਦਾਂ ਵੇਲ ਤੋਰੀ ਵਿਚਾਲਿਓਂ ਟੁੱਟੀ ਹੋਵੇ। ਬੂਥਾ ਈ ਜੇ ਕੌੜ ਗੰਦਲ ਵਰਗੈ ਤਾਂ ਸਵਾਲ ਈ ਚੱਜ ਦਾ ਕਰ ਲੈ। ਆਏਂ ਪੁੱਛਿਆ ਬਈ ਮੈਂ ਜਿੱਦਾਂ ਬੁੱਧੂ ਹੁੰਨੈ।æææਬੁਸ਼ ਐ ਹੁਣ, ਤੈਂ ਉਹਦੇ ਨਾਲ ਮਿਲਣੀ ਕਰਨੀ ਆਂ।”
ਮਾਹਟਰ ਨੇ ਤਾਂ ਮਾਰੀ ਹੱਸਦੇ ਥੁੱਕ ਦੀ ਪਿਚਕਾਰੀ ਤੇ ਭਰ’ਤਾ ਜਾਗਰ ਦਾ ਮੂੰਹ ਜਿਵੇਂ ਵਟਣਾ ਲੱਗਣਾ ਹੁੰਦੈ, ਪਰ ਮੂੰਹ ਸਾਫ਼ੇ ਨਾਲ ਪੂੰਝਦਿਆਂ ਜਾਗਰ ਨੇ ਬੜੀ ਹੈਰਾਨੀ ਨਾਲ ਮਾਹਟਰ ਵੱਲ ਵੇਖ ਕੇ ਕਿਹਾ, “ਭਲਾ ਨਾਲੇ ਆਂਹਦੇ ਤੀ ਹੁਣ ਓਬਾਮਾ ਆਂ? ਕਿਉਂ ਬਈ ਨਛੱਤਰਾ?”
“ਕੀ ਪਤਾ ਲਗਦੈ ਉਥੇ। ਨਾਲੇ ਤੈਨੂੰ ਕੀ ਦੱਸੀਏæææਸਹੁਰੀ ਦਾ ਅਮਰੀਕਾ ਕਿਤੇ ਛੋਟਾ। ਮੈਥੋਂ ਬਾਅਦ ਵਿਚ ਬਣਾ’ਤਾ ਹੋਣੈ।”
“ਲੈ ਸੁਣ ਲੈ ਮਾਹਟਰਾ ਜਿੱਦਾਂ ਗਧਾ ਅਦਾਲਤ ਵਿਚ ਲੱਗਣ ਨਾਲ ਜੱਜ ਬਣ ਜਾਂਦੈ, ਐਥੇ ਕੈਪਟਨ ਵੀ ਇਹਦੇ ਬਿਨਾਂ ਹਾਰ ਗਿਆ, ਉਥੇ ਓਬਾਮਾ ਵੀ ਇਹਤੋਂ ਬਾਅਦ ਜਿੱਤ ਗਿਆ। ਚਾਰ ਡਾਲਰਾਂ ਨੇ ਸਾਲੇ ਦੀ ਮੱਤ ਮਾਰ’ਤੀ, ਚੱਕੀਰਾਹੇ ਜਿਹੇ ਦੀ। ਲੱਕੜ ਬੱਗਾ ਜਿਹਾ ਆਏਂ ਗੱਲਾਂ ਕਰਦੈ, ਜਿੱਦਾਂ ਧਰਮ ਰਾਜ ਵੀ ਇਹਦਾ ਫੁੱਫੜ ਹੋਵੇ। ਭਲਾ ਹੁਣ ਡਾਲਰ ਦਾ ਕੀ ਭਾਅ ਚੱਲਦੈ?”
“ਪੰਜਾਹਾਂ ਤੋਂ ਉਪਰ ਈ ਹੋਣੈ।”
“ਤਾਂ ਹੀ ਚੱਬ-ਚੱਬ ਗੱਲਾਂ ਕਰਦਾਂ। ਕੋਈ ਨ੍ਹੀਂ ਚੜ੍ਹਾ ਲੈ ਚਾਰ ਦਿਨ ਨੱਕ। ਜੁਕਾਮ ਸਾਲੇ ਨੂੰ ਪਹਿਲਾਂ ਨਾਲੋਂ ਵੀ ਮਾੜਾ ਨਾ ਕੀਤਾ ਤਾਂ ਜਾਗਰ ਨਾ ਕਿਹੋ।”
“ਵੇਖ ਮਾਹਟਰਾ ਫੇਰ ਕਹਿਣਾ ਨਛੱਤਰ ਬੋਲਦੈ। ਤਾਲਿਬਾਨੀਆਂ ਤੋਂ ਵੀ ਉਪਰ ਦੀ ਹੋ ਕੇ ਖਹਿੰਦੈ ਅਮਰੀਕਾ ਨਾਲ। ਲੈ ਹੋਰ ਆ ਗਿਆ ਪਿੱਦੀ ਦਾ ਬੱਚਾ ਭਾਗ ਸਿੰਹੁ।”
“ਇਹ ਤਾਂ ਕੰਜਰ ਦਾ ਅੱਜ ਪੂਰਾ ਈ ਟੁੰਨ ਲੱਗਦੈ। ਅੱਧਾ ਤੋਲਾ ਖਾਧੀ ਹੋਉ।” ਜਾਗਰ ਨੇ ਸੂਈ ਜਿਵੇਂ ਚੁੱਕ ਕੇ ਰਿਕਾਰਡ ਦੇ ਦੂਜੇ ਪਾਸੇ ਰੱਖ ਲਈ ਹੋਵੇ।
“ਤਾਇਆ ਕੀ ਹਾਲ ਐ?”
“ਉਚੀ ਬੋਲ। ਹੈਨਾ ਹੌਲੀ ਸੁਣਦਾ ਮੈਨੂੰ।”
“ਸਿਹਤ ਠੀਕ ਐ?”
“ਫ਼ੁਲਬਹਿਰੀ ਨਿਕਲ ਆਈ ਐ ਮੇਰੇ ਕਿਤੇ? ਬੜਾ ਸੋਹਣਾ ਤੇਰੇ ਸਾਹਮਣੇ ਆਂ।”
“ਕੰਨ-ਕੁੰਨ ਸਾਫ਼ ਕਰਾ ਲਿਆ ਹੁਣ। ਸੁੱਖ ਨਾਲ ਭਤੀਜਾ ਅਫ਼ਸਰ ਲੱਗ ਗਿਐ।”
“ਕੰਨ ਮੇਰੇ ਐਂ, ਢਿੱਡ ਥੋਡਾ ਦੁਖਦੈ। ਸਵੇਰੇ ਬਾਹਰਲੇ ਦਰਵਾਜ਼ੇ ਮੂਹਰੇ ਬੈਠੇ ਦੇ ਰਤਨੀ ਕਪਾਲ ਵਿਚ ਮਾਰ’ਗੀ। ਹੁਣ ਜਾਗਰਾ ਤੈਂ ਕੰਨਾਂ ਦਾ ਰੌਲਾ ਪਾ ਲਿਐ।”
“ਉਹਨੇ ਤੇਰੇ ਕਾਹਤੋਂ ਮਾਰੀਆਂ ਵਿਗੜੀ ਤੀਵੀਂ ਨੇ?”
“ਊਂ ਮਾਰ ਕੇ ਮਰਨੈਂæææਆਹੀ ਗੱਲ ਕਰ’ਗੀ, ਪਈ ਪਹਿਲਾਂ ਭਾਗ ਸਿੰਹਾਂ ਕੰਨਾਂ ਦੀ ਮੈਲ ਕਢਾ। ਕੰਨਾਂ ਵਿਚ ਭਲਾ ਕਿਤੇ ਮੇਰੇ ਕਾਰਖ਼ਾਨੇ ਚਲਦੇ ਆ ਪਈ ਬੰਦ ਪਿਆ ਹੋਊ।”
“ਗੱਲ ਕੀ ਹੋਈ ਤੀ?”
“ਮੈਂ ਤਾਂ ਓਹ ਸਹਿਜ-ਸੁਭਾਅ ਪੁੱਛ ਬੈਠਾ, ਪਈ ਭਾਬੀ ਕੀ ਲੈ ਕੇ ਆਈ ਆਂ? ਪਤਾ ਨ੍ਹੀਂ ਉਹਨੇ ਕੀ ਕਿਹਾ! ਮੈਂ ਤਾਂ ਆਹ ਗੱਲ ਪੁੱਛ ਬੈਠਾ, ਪਈ ਦੋ ਸਿਆੜ ਜ਼ਮੀਨ ਦੇ ਤਿਗੇ, ਉਹ ਮੁਨਸ਼ੀ ਵੇਚ ਵੱਟ ਦੇ ਖ਼ਾ ਗਿਆ। ਤੈਂ ਇਹ ਸੜਾ-ਸਾਨ੍ਹ ਸਿਰ ਵਿਚ ਮਾਰਨੈ? ਲੈ ਬਈ ਪੈ ਗਈ ਬਰੂ ਖਾਧੀ ਮੱਝ ਵਾਂਗ ਚਾਰੇ ਖੁਰ ਚੁੱਕ ਕੇ।”
“ਕੀ ਆਂਹਦੀ?’
“ਕਿਤੇ ਇਕ? ਮੇਰਾ ਤਾਂ ਅਗਲਾ-ਪਿਛਲਾ ਉਹਨੇ ਇਕ ਕਰ’ਤਾ। ਆਂਹਦੀ ਜਿਹੜਾ ਤੇਰਾ ਪੇ ਮਰ ਗਿਆ ਭੁੱਕੀ ਪੀ ਪੀ ਕੇ, ਉਹ ਤੇਰੀ ਮਾਂ ਨੇ ਸਾਨ੍ਹ ਰੱਖਿਆ ਤੀ, ਜਾਂ ਜਿੱਦਣ ਉਹ ਮਰਿਆ, ਤੇਰੀ ਮਾਂ ਸਾਨ੍ਹ ਲੈ ਆਈ ਤੀ। ਬੁੱਢੇ ਵਾਰੇ ਸ਼ਰਮ ਨ੍ਹੀਂ ਆਉਂਦੀ ਤੀਵੀਂ-ਮਾਨੀ ਨੂੰ ਮਸ਼ਕੂਲੇ ਕਰਦੇ ਨੂੰ। ਮੈਂ ਕਹੀ ਜਾਨੀ ਆਂ ਲੰਬੜਾਂ ਦਿਓਂ ਸਾਗ ਲੈ ਕੇ ਆਈ ਆਂæææਟੁੱਟ ਪੈਣਾ ਸਾਨ੍ਹ ਦੱਸਦੈæææਸਾਨ੍ਹ ਤਾਂ ਉਨ੍ਹਾਂ ਨੇ ਪੱਠੇ ਢੋਣੇ ਨੂੰ ਰੱਖਿਐ। ਮੈਂ ਸਿਰ ‘ਚ ਮਾਰਨੈ। ਇਨ੍ਹਾਂ ਕੰਨਾਂ ਨੇ ਕੰਨ ਕਰਾ’ਤੇ ਉਦਣ।”
“ਭਾਗ ਸਿੰਹਾਂ, ਬੜਾ ਸੋਹਣਾ ਸੁਣਦਾ ਤੀ ਤੈਨੂੰ ਜਿੱਦਣ ਮੈਂ ਅਮਰੀਕਾ ਨੂੰ ਗਿਆ ਤੀ। ਬੋਲਾ ਕਿੱਦਾਂ ਹੋ ਗਿਆ ਫਿਰ?”
“ਹਾਅ ਹੁਣ ਦੱਸਣਾ ਤੀ ਤੂੰ ਮੈਨੂੰ, ਪਈ ਅਮਰੀਕਾ ਤੋਂ ਆਇਆ ਮੈਂ। ਜਾਗਰਾ ਤੈਂ ਦੱਸਿਆ ਨ੍ਹੀਂ  ਇਹਨੂੰ ਪਈ ਤੈਂ ਮਰਾਇਆ ਭਾਗ ਸਿੰਘ ਨੂੰ।”
“ਮੈਂ ਤੇਰੇ ਕੀ ਕੰਨਾਂ ‘ਚ ਪਾ’ਤਾ ਨੀਲਾ ਥੋਥਾ?”
“ਜਿਹੜੀ ਸਾਲੀ ਲਿੱਦ ਰਲੀ ਆਲੀ ਵੋਟਾਂ ‘ਚੋਂ ਬਚਦੀ ਦੇ ਗਿਆ ਤੀ ਤੂੰ, ਉਹ ਫੜਾ’ਤੀ ਮੇਰੀ ਪੁਲਿਸ ਨੂੰ ਹਰਾਮ ਦਿਆਂ ਨੇ।”
“ਉਹ ਕੌਣ ਆ?”
“ਸਾਲੇ ਨੰਦੋ ਦੇ ਵਿਗੜੇ ਟੌਟ। ਜਿੱਤਿਆ ਕੋਈ ਹੋਰ ਐ, ਢੋਲ ਦੇ ਪੁੜ ਇਹ ਪਾੜੀ ਜਾਂਦੇ ਆ। ਥਾਣੇ ਵਿਚ ਕੋਲ ਬਿਠਾ ਕੇ ਕੁਟਾਇਆ ਕੰਜਰ ਦਿਆਂ ਨੇ। ਸਾਲੀ ਭੁੱਕੀ ਹੁੰਦੀ ਤਾਂ ਵੀ ਤੀ, ਲਿੱਦ ਨੂੰ ਈ ਕੁੱਟ ਖਾ ਗਿਆ। ਉਹ ਮਾਰੀਆਂ ਚਪੇੜਾਂ ਕੱਬੇ ਥਾਣੇਦਾਰ ਨੇ, ਦਸ ਦਿਨ ਕੰਨ ਈ ਸੁੱਤੇ ਰਹੇ, ਮਗਰੋਂ ਸੁਣਨੋਂ ਹਟ ਗਿਆ।”
“ਕੇਸ ਤਾਂ ਨ੍ਹੀ ਪਾ’ਤਾ?”
“ਉਹਦਾ ਬਚਾ ਹੋ ਗਿਆ। ਭਤੀਜ ਜੂ ਲੱਗ ਗਿਆ ਤੀ ਅਫ਼ਸਰ।”
“ਅੱਛਾ, ਨੰਜੂ ਦਾ ਮੁੰਡਾ?”
“ਸਿੱਧੀ ਗੱਲ ਨ੍ਹੀਂ ਕਰਦਾ। ਜਦ ਵੀ ਕਰੂ ਚੁੱਭਵੀਂ ਕਰੂ। ਪਈ, ਹੋਰ ਮੇਰੇ ਪੰਜ ਸੱਤ ਭਰਾ ਐ। ਮੈਂ ਛੜਾ ਰਹਿ ਗਿਆ ਤੇ ਭਰਾ ਦੇ ਸਵਾ ਲੱਖ ਐ।”
ਜਾਗਰ ਨੇ ਸਮੇਂ ਦਾ ਰਾਗ ਬਦਲਦਿਆਂ ਪੁੱਛਿਆ, “ਭਲਾ ਭਾਗ ਸਿੰਹਾਂ, ਇਹ ਤੇਰਾ ਭਤੀਜਾ ਕਿੰਨੀਆਂ ਕੁ ਪੜ੍ਹਿਆ ਹੋਊ?”
“ਪੱਚੀ-ਛੱਬੀ ਤਾਂ ਹੋਊ।”
“ਏਨੀਆਂ ਤਾਂ ਜਮਾਤਾਂ ਈ ਨ੍ਹੀਂ ਹੁੰਦੀਆਂ।”
“ਤਸੀਲਦਾਰ ਲੱਗਾ ਰਿਹੈਂ ਤੂੰ। ਇਹ ਪਤਾ ਨ੍ਹੀਂ, ਪਈ ਬੇਰ ਦੀ ਪੂਛ ਕਿੱਧਰ ਨੂੰ ਹੁੰਦੀ ਐ! ਕਿੱਦਾਂ ਮੱਚਦੈ? ਸਾਡਾ ਮੁੰਡਾ ਨ੍ਹੀਂ ਝੱਲ ਹੋਇਆ ਜੇ ਏਨੀਆਂ ਪੜ੍ਹ ਗਿਐ। ਮੂਰਖ ਵੀ ਅੰਦਾਜ਼ਾ ਲਾ ਲਊ, ਪਈ ਜਿਹੜਾ ਬੰਦਾ ਪੱਚੀ-ਛੱਬੀ ਸਾਲ ਕਿਤਾਬਾਂ ਚੁੱਕੀ ਫਿਰਦਾ ਰਿਹਾ, ਉਹ ਏਨੀਆਂ ਕੁ ਤਾਂ ਪੜ੍ਹਿਆ ਹੋਊ।”
ਹਾਲੇ ਗੱਲ ਚਲਦੀ ਈ ਸੀ ਕਿ ਵਿਚੇ ਅਮਲੀ ਫਕੀਰੀਆ ਆ ਵੜਿਆ। ਭਾਗ ਸਿਹੁੰ ਦੀਆਂ ਗੱਲਾਂ ਸੁਣ ਕੇ ਦੱਸਣ ਲੱਗਾ, “ਜਾਗਰਾ, ਰੱਬ ਬੋਲਾ ਜਾਂ ਗੁੰਗਾ ਨਾ ਬਣਾਵੇ। ਕਈ ਵਾਰ ਬੰਦੇ ਨਾਲ ਕੁੱਪਤ ਵੀ ਹੁੰਦੀ ਐ ਤੇ ਕਈ ਵਾਰ ਮਖੌਲ ਵੀ ਉਡਦੈ।”
“ਲੈ ਤੂੰ ਵੀ ਚਲਾ ਲੈ ਫਕੀਰੀਆ ਜੇ ਕੋਈ ਅਰਜਨ ਦਾ ਬਚਿਆ ਬਾਣ ਚਲਦੈ।”
“ਜਾਗਰਾ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਐæææਡਮਾਕ ਲੜਾਈਂ ਜਰਾæææ।”
“ਡਮਾਕ ਤੇਰੇ ਸਿਰ ਵਿਚ ਕਿਤੇ ਦੋ ਆæææਤੂੰ ਗੱਲ ਕਰ। ਸਿਆਣਾ ਬਣਦਾ ਵੱਡਾ ਜਾਨੀ ਚੋਰ ਦਾ ਫੁੱਫੜ।”
“ਵੱਢਵੀਂ ਨ੍ਹੀਂ ਕਰਨੋਂ ਹਟਦਾæææਮਾੜੀ ਜਾਤ ਤੇ ਮਾੜੀ ਆਦਤ ਕਿਤੇ ਲੁਕਦੀਆਂ?”
“ਢਕਿਆ ਰਹਿ, ਲੰਡਨ ਆਲੀ ਦੀ ਕੁੱਲ ‘ਚੋਂ ਹੁੰਦਾ ਜਿੱਦਾਂ, ਉਚੀ ਬੋਲੀ ਭਾਗ ਸਿਹੁੰ ਵੀ ਸੁਣ ਲਊ।”
“ਲੈ ਬਈ ਜਾਗਰਾ, ਕੇਰਾਂ ਬਲਦੇਵ ਦੀ ਵਹੁਟੀ ਸ਼ਿੰਦੋ, ਭਜਨੇ ਦੀ ਸੀਬੋ ਤੇ ਠਾਕਰ ਦੀ ਕਾਂਤਾ ਪੱਠੇ ਲਈ ਆਉਣ। ਸਿਰਾਂ ‘ਤੇ ਪੰਡਾਂ, ਵਿਚਾਰੀ ਸ਼ਿੰਦੋ ਗੁੰਗੀ ਤੀ, ਊਂ ਸੁਣਦਾ ਬਥੇਰਾ ਤੀ। ਗਰਮੀਆਂ ਦੇ ਦਿਨ ਭਾਰੀਆਂ ਪੰਡਾਂ ਨੇ ਇਕ ਤਾਂ ਊਂ ਮੱਤ ਮਾਰੀ ਹੋਈ ਤੀ, ਉਪਰੋਂ ਸਾਹਮਣੇ ਦੇਖ ਕੇ ਸੀਬੋ ਕਹਿਣ ਲੱਗੀ, ਨੀ ਇਹ ਤਾਂ ਉਹ ਤੁਰਿਆ ਆਉਂਦੈ।”
“ਅੱਛਾ! ਫੇਰ?”
“ਦੱਸੂੰਗਾ ਈ, ਮੂੰਹ ਤਾਂ ਬੰਦ ਰੱਖ। ਸੀਬੋ ਚਾਰ ਜਮਾਤਾਂ ਪੜ੍ਹੀ ਹੋਈ ਸੀ। ਉਹ ਸ਼ਿੰਦੋ ਦੇ ਮਗਰੇ ਕਹਿਣ ਲੱਗੀ। ਨੀ ਜੇ ਉਹ ਹੁੰਦਾ ਤਾਂ ਇਹਦੇ ਨਾਲ ਉਹ ਨਾ ਹੁੰਦੇ, ਸ਼ਿੰਦੋ ਫੇਰ ਬੋਲ ਪਈ। ਸਾਹਮਣੇ ਕੋਈ ਬੰਦਾ ਤਾਂ ਦੀਹਦਾ ਨ੍ਹੀਂ, ਇਹ ਕਹਿੰਦੀਆਂ ਕੀਹਨੂੰ ਆ? ਉਹਨੇ ਸੁੱਟੀ ਪੰਡ ਪਰੇ, ਲਾਹ ਲੀਆਂ ਉਨ੍ਹਾਂ ਦੇ ਸਿਰੋਂ ਹੱਥਾਂ ਨਾਲ ਇਸ ਤਰ੍ਹਾਂ ਕਰਕੇ ਪੁੱਛੇ, ਪਹਿਲਾਂ ਗੱਲ ਦੱਸੋ ਕਿਹਦੀਆਂ ਕਰਦੀਆਂ। ਉਹ ਸੋਚੇ ਮੇਰੇ ਘਰ ਵਾਲਾ ਹੁਣੇ ਮਰਿਆ, ਇਹ ਮੈਨੂੰ ਕੁਝ ਲਾ ਕੇ ਕਹਿੰਦੀਆਂ ਨੇ। ਹੋ ਗਈਆਂ ਤਿੰਨੋ ਗੁੱਤੋ-ਗੁੱਤੀ, ਮਸਾਂ ਕਿਤੇ ਛੁਡਾਈਆਂ।”
“ਫਕੀਰੀਆ ਆਹ ਵੀ ਕੋਈ ਗੱਲ ਬਣੀ? ਮਾਜਰਾ ਕੀ ਸੀ? ਮਤਲਬ ਕੀ ਸੀ ਪਈ ਇਹ, ਉਹ ਲਗਦਾ, ਅਖੇ ਜੇ ਉਹ ਹੁੰਦਾ ਤਾਂ ਉਹ ਨਾ ਹੁੰਦੇ ਤੇ ਕਈਆਂ ਦੇ ਹੁੰਦੇ ਆ ਤੇ ਕਈਆਂ ਦੇ ਹੁੰਦੇ ਈ ਨ੍ਹੀਂ! ਸੀ ਤਾਂ ਮੂਹਰੇ ਬਲਦ ਤੁਰਿਆ ਆਉਂਦਾæææ।”
“ਫੇਰ, ਨਾਂ ਲੈਣ ‘ਚ ਢਿੱਡ ਦੁਖਦਾ ਸੀ?”
“ਸ਼ਿੰਦੋ ਦੇ ਘਰ ਵਾਲੇ ਨੂੰ ਬਲਦੇਵ ਘੱਟ ਆਹੰਦੇ, ਵਿੰਗਾ-ਟੇਢਾ ਜਿਹਾ ਕਰਕੇ ਬਲਦ ਅੱਲ ਸੀ। ਉਹਨੇ ਤਾਂ ਤਾਂ ਕਿਹਾ ਪਈ ਇਹ ਲੱਗਦਾ ਆ, ਉਹਦੇ ਸਿੰਗ ਹੈ ਨ੍ਹੀਂ ਸੀ, ਸੀਬੋ ਨੇ ਤਾਂ ਕਿਹਾ ਪਈ ਜੇ ਉਹ ਹੁੰਦਾ ਤਾਂ ਨਾਲ ਉਹ ਨਾ ਹੁੰਦੇ। ਸ਼ਿੰਦੋ ਨੇ ਫਿਰ ਕਿਹਾ, ਪਈ ਕਈਆਂ ਦੇ ਹੁੰਦੇ ਆ ਤੇ ਕਈਆਂ ਦੇ ਹੁੰਦੇ ਈ ਨ੍ਹੀਂ।”
ਤੇ ਢਾਣੀ ਸੁਣ ਕੇ ਖਰਬੂਜੇ ਵਾਗੂੰ ਖਿੜ ਤਾਂ ਪਈ ਪਰ ਨਾਲ ਈ ਫਕੀਰੀਆ ਕਹਿਣ ਲੱਗਾ, ਪਈ ਕੱਲ੍ਹ ਨੂੰ ਢਾਣੀ ‘ਚ ਨਾ ਆਇਓæææ।”
“ਕਿਉਂ? ਕੱਲ ਬੰਬ ਫਟਣ ਲੱਗੈ?” ਜਾਗਰ ਭੁੜਕਿਆ।
“ਗੱਲ ਤਾਂ ਸੁਣ ਲਿਆ ਕਰ, ਆਪਣੇ ਭਾਨੇ ਦਾ ਮੁੰਡਾ ਨੀ ਗੰਦ-ਮੰਦ ਜਿਹਾ ਗਾਉਂਦਾæææਜਿਹੜਾ ਢਾਈ ਫੁੱਟਾ ਜਿਹਾ।”
“ਫੇਰæææ?”
“ਉਹਦਾ ਪਿੱਟ ਸਿਆਪਾ ਕਰਨ ਆਉਣਾ ਕੱਲ ਨੂੰ ਬੀਬੀਆਂ ਨੇ।”
“ਉਹ ਤਾਂ ਬਈ ਬਹੁਤ ਲੁੱਚਪੁਣਾ ਖਿਲਾਰਦੈ। ਜਾਗਰ ਕੋਈ ਤੇਰੇ ਕੋਲ ਹੈ ਟੂਣਾ ਜੀਹਦੇ ਨਾਲ ਹਟ ਜੂ। ਬੀਬੀਆਂ ਤੋਂ ਕਿੱਥੇ ਕਾਬੂ ਆਉਣੈ ਇਹ ਵਿਗੜਿਆ ਲੰਗੂਰ।”
ਲੱਗ ਪਿਆ ਜਾਗਰ ਕਥਾ ਕਰਨ। ਆਂਹਦਾ ਕੋਈ ਵਿਗੜਿਆ ਰਾਜਾ ਕੰਜਰੀਆਂ ਨਚਾਉਣ ਦਾ ਸ਼ੌਕੀਨ ਹੋ ਗਿਆ। ਸ਼ਰਾਬ ਵੀ ਰੱਜ ਕੇ ਪੀਵੇ। ਕਿਤੇ ਮਰਾਸੀ ਦੀ ਕੁੜੀ ਦਾ ਆ ਗਿਆ ਵਿਆਹ। ਉਹਨੇ ਸੋਚਿਆ, ਆਹੀ ਵੇਲਾ ਐ ਰਾਜੇ ਦੇ ਘਰੋਂ ਕੁਝ ਮੰਗ ਕੇ ਲਿਆਉਨੇ ਆਂ। ਜਾ ਵੜਿਆ ਮਹਿਲੀਂ। ਖੜਕਾ ‘ਤਾ ਬੂਹਾ। ਬਿੰਦ ਕੁ ਪਹਿਲਾਂ ਰਾਜਾ ਰਾਣੀ ਨਾਲ ਲੜ ਕੇ ਘਰੋਂ ਨਿਕਲਿਆ ਸੀ। ਭਰੀ ਪੀਤੀ ਰਾਣੀ ਨੇ ਮਰਾਸੀ ਦੀ ਗੱਲ ਤਾਂ ਧਿਆਨ ਨਾਲ ਸੁਣੀ ਪਰ ਉਹਨੇ ਸੁਆਲ ਪਾ’ਤਾ, ਪਈ ਜੇ ਤੂੰ ਰਾਜੇ ਨੂੰ ਕੰਜਰੀਆਂ ਨਚਾਉਣ ਤੋਂ ਹਟਾ ਦਏਂ ਤਾਂ ਸ਼ਗਨ ਤਾਂ ਕੀ, ਤੇਰੀ ਧੀ ਦੇ ਵਿਆਹ ਦਾ ਸਾਰਾ ਖਰਚ ਮੈਂ ਕਰੂੰ। ਮਰਾਸੀ ਦੇ ਲੱਗ ਗਈ ਗੱਲ ਮਨ ਨੂੰ। ਕਹਿੰਦਾ ਰਾਣੀ ਵੇਖ ਲੈ, ਪੱਕੀ ਗੱਲ ਹੋ’ਗੀ। ਰਾਣੀ ਆਂਹਦੀ-ਹਾਂ।”
“ਗੱਲ ਬਣ ਗਈ ਫੇ’ ਫਕੀਰੀਆ?”
“ਚੁੱਪ ਤਾਂ ਕਰ। ਇਹ ਸਾਲਾ ਚੂਹਾ ਜਿਹਾ ਗਾਉਣ ਵਾਲਾ ਤਾਂ ਕਾਬੂ ਭਾਵੇਂ ਨਾ ਆਵੇ, ਪਰ ਮਰਾਸੀ ਦਾ ਇਧਰ ਵੇਖ ਕਮਾਲ। ਲੱਕੜ ਦੇ ਪਲੰਘ ਜੋੜ ਕੇ ਬਣਾਈ ਸਟੇਜ ‘ਤੇ ਨੱਚਦੀ ਕੰਜਰੀ ਨੂੰ ਰੋਕ ਸਰੂਰ ਵਿਚ ਮਸਤ ਰਾਜੇ ਨੂੰ ਮਰਾਸੀ ਪੁੱਛਣ ਲੱਗਾ,
ਸੁਣ ਓਏ ਰਾਜਾ ਸਿਕੰਦਰੀ
ਆਪ ਤੂੰ ਭੁੰਜੇ ਬੈਠਾ
ਤੇ ਪੰਲਘ ‘ਤੇ ਨੱਚੇ ਕੰਜਰੀ।
ਰਾਜੇ ਦੇ ਖੁੱਲ੍ਹੇ ਗਏ ਅਕਲ ਦੇ ਦੁਆਰ, ਪਈ ਗੱਲ ਤਾਂ ਮਰਾਸੀ ਦੀ ਠੀਕ ਐ। ਰੋਕ’ਤਾ ਠੁਮਕਾ।
ਮਰਾਸੀ ਫੇਰ ਬੋਲ ਪਿਆ,
ਬੱਲੇ ਉਹ ਰਾਜਾ ਸਿਕੰਦਰੀ
ਜੇ ਇਹਦੇ ਪੁੱਤ ਜੰਮਿਆ
ਤਾਂ ਢੋਲ ਵੱਜੂ
ਜੇ ਧੀ ਜੰਮੀ ਤਾਂ ਕੰਜਰੀ।
ਲਾਹ ਲਈ ਫੇਰ ਜੂੜੇ ਤੋਂ ਫੜ ਕੇ ਰਾਜੇ ਨੇ ਕੰਜਰੀ। ਖਲਾਰ’ਤੀ ਢੋਲਕੀ ਵਾਜਿਆਂ ਵਿਚ। ਜੋੜੇ ਦੋਵੇਂ ਹੱਥ, ਪਈ ਫੇਰ ਨਾ ਕਦੇ ਨੱਚੂੰ।”
“ਫਕੀਰੀਆ, ਮਰਾਸੀ ਦਾ ਵੀ ਹੋਇਆ ਕੁਝ?”
“ਖੋਲ੍ਹ’ਤੇ ਪਿਛਲੇ ਪਾਸਿਉਂ ਰਾਣੀ ਦੇ ਖਜ਼ਾਨੇ ਦੇ ਬੂਹੇ। ਮਰਾਸੀ ਦੀਆਂ ਤਿੰਨੇ ਧੀਆਂ ਵਿਆਹੁਣ ਜੋਗਾ ਹੋ ਗਿਆ ਜੁਗਾੜ।”
“ਹਾਅ ਛਲੇੜਾ ਜਿਹਾ ਹਟ ਜੂ ਕੱਲ੍ਹ ਨੂੰ?”
“ਜਾਗਰਾ, ਕੁਝ ਲੜਾਈਆਂ ਸੁਲ੍ਹਾ ਨਾਲ ਮੁੱਕਦੀਆਂ ਨੇ, ਤੇ ਕਈ ਜੁੱਤੀਆਂ ਨਾਲ।”
æææਤੇ ਸੱਥ ਸੁੰਨੀ ਹੋ ਗਈ।

Be the first to comment

Leave a Reply

Your email address will not be published.