ਭਾਰਤੀ ਸਿਆਸੀ ਧਿਰਾਂ ਦਾ ਸੰਕਟ

ਕੇæਸੀæ ਸ਼ਰਮਾ
ਫੋਨ: 91-94647-40957
ਭਾਰਤ ਵਿਚ ਅਗਲੇ ਸਾਲ 2014 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਪਿੜ ਉਂਜ ਤਾਂ ਪਿਛਲੇ ਦੋ ਸਾਲਾਂ ਤੋਂ ਹੀ ਮਘ ਚੁੱਕਿਆ ਹੈ ਪਰ ਹੁਣ ਇਸ ਨੇ ਕੁਝ ਨਵੇਂ ਰੰਗ ਧਾਰ ਲਏ ਹਨ। ਭਾਜਪਾ ਦੀ ਅਗਵਾਈ ਵਾਲੇ ਐਨæਡੀæਏæ ਦੀਆਂ ਨਿਰਾਸ਼ਾਜਨਕ ਕਾਰਗੁਜ਼ਾਰੀਆਂ ਦਾ ਲਾਹਾ ਲੈਣ ਲਈ 2004 ਵਿਚ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਯੂæਪੀæਏæਹੋਂਦ ਵਿਚ ਆਇਆ ਸੀ। ਇਸ ਵਿਚ ਅੱਧੀ ਦਰਜਨ ਪ੍ਰਾਂਤਕ ਤੇ ਖੇਤਰੀ ਰਾਜਨੀਤਕ ਦਲਾਂ ਅਤੇ ਖੱਬੇ ਮੋਰਚੇ ਦੇ ਸਹਿਯੋਗ ਨਾਲ ਸਰਕਾਰ ਹੋਂਦ ਵਿਚ ਆਈ ਸੀ। ਇਸ ਤੋਂ ਪਹਿਲਾਂ ਵੀ ਭਾਜਪਾ ਦੀ ਅਗਵਾਈ ਵਾਲੀ ਐਨæਡੀæਏæ ਵੀ ਛੋਟੀਆਂ-ਵੱਡੀਆਂ ਪਾਰਟੀਆਂ ਦੇ ਗੱਠਜੋੜ ਨਾਲ 1998 ਤੋਂ ਕੇਂਦਰ ਵਿਚ ਸਰਕਾਰ ਚਲਾ ਚੁੱਕੀ ਸੀ। ਇਹ ਗੱਠਜੋੜ ਵੀ ਆਪਣੀਆਂ ਥੋੜ੍ਹਚਿਰੀ ਦੋ ਵਾਰੀਆਂ ਵਿਚਕਾਰ ਪੂੰਜੀਵਾਦੀ, ਸਮਰਾਜਵਾਦੀ ਜੀ-9 ਦੇ ਸੰਗਠਨ ਰਾਹੀਂ ਚਲਾਈਆਂ ਜਾ ਰਹੀਆਂ ਸੰਸਾਰੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਸਹਾਰੇ ਭਾਰਤੀ ਜੰਗਲ-ਰਾਜ ਵਿਚ ਨੀਲੇ-ਗਿੱਦੜ ਵਾਂਗ ਬਾਦਸ਼ਾਹ ਬਣਨ ਦਾ ਢੌਂਗ ਰਚਾ ਚੁੱਕਿਆ ਸੀ।
ਸੱਤਾ ਪ੍ਰਾਪਤੀ ਦੀ ਇਸ ਮੌਕੀਪ੍ਰਸਤ ਦੌੜ ਵਿਚ ਖੱਬੇ ਮੋਰਚੇ ਵਾਲੀਆਂ ਧਿਰਾਂ ਵੀ ਕਿਸੇ ਤੋਂ ਪਿੱਛੇ ਨਹੀਂ ਰਹੀਆਂ ਸਨ। ਇਹ ਵੀ ਇਨ੍ਹਾਂ ਚੋਣ ਮਹਾਂਕੁੰਭਾਂ ਵਿਚ ਧਰਮਨਿਰਪੱਖ ਅਤੇ ਪ੍ਰਗਤੀਸ਼ੀਲ ਲੋਕਤੰਤਰਿਕ ਮੋਰਚੇ ਦੇ ਸਹਾਰੇ ਸੱਤਾਧਾਰੀ ਪਾਰਟੀ ਬਣਨ ਦੇ ਸੁਨਹਿਰੇ ਸੁਪਨੇ ਲੈਂਦੀਆਂ ਰਹੀਆਂ ਹਨ। ਇਸੇ ਕਰ ਕੇ ਜਦੋਂ ਇਨ੍ਹਾਂ ਨੇ ਯੂæਪੀæਏ-1 ਦੀਆਂ ਨਵੀਆਂ ਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਤੋਂ ਰੋਕਣ ਵਿਚ ਬੇਵਸੀ ਦੇਖੀ ਤਾਂ ਇਨ੍ਹਾਂ ਨੂੰ ਵੀ ਮੂੰਹ ਦੀ ਖਾਣੀ ਪਈ ਸੀ। ਇਸ ਧਿਰ ਨੇ ਉਦੋਂ ਤੋਂ ਹੀ ਦੋਵਾਂ ਗੱਠਜੋੜਾਂ ਤੋਂ ਬਰਾਬਰ ਦੂਰੀ ਬਣਾਈ ਰੱਖਣ ਦੇ ਬਹਾਨੇ ਅਤੇ ਆਪਣਾ ਤੀਜਾ-ਬਦਲ ਉਸਾਰਨ ਲਈ ਸਮਾਜਵਾਦੀ ਪਾਰਟੀ, ਬਸਪਾ, ਤੈਲਗੂ ਦੇਸਮ ਪਾਰਟੀ (ਟੀæਡੀæਪੀæ) ਆਦਿ ਜਿਹੀਆਂ ਮੌਕਾਪ੍ਰਸਤ ਧਿਰਾਂ ਨੂੰ ਨਾਲ ਲੈ ਕੇ ਤੀਜਾ ਮੋਰਚਾ ਬਣਾਉਣ ਲਈ ਵੀ ਹੱਥ ਪੈਰ ਮਾਰਨੇ ਜਾਰੀ ਰੱਖੇ ਹੋਏ ਹਨ। ਇਸੇ ਕਾਰਨ 2009 ਦੇ ਲੋਕ ਸਭਾ ਚੋਣਾਂ ਦੇ ਮਹਾਂਕੁੰਭ ਸਮੇਂ ਇਹ ਧਿਰਾਂ ਆਪਣਾ ਪਿਛਲਾ ਬਣਿਆ-ਬਣਾਇਆ ਮਾਣ-ਸਨਮਾਨ ਵੀ ਗੁਆ ਬੈਠੀਆਂ ਸਨ। ਦੂਜੇ ਪਾਸੇ ਇਨ੍ਹਾਂ ਦੋਵੇਂ ਗੱਠਜੋੜਾਂ ਵਾਲੀਆਂ ਰਾਜਨੀਤਕ ਧਿਰਾਂ ਨਵ-ਬਸਤੀਵਾਦੀ-ਸਾਮਰਾਜਵਾਦੀ ਨੀਤੀਆਂ ਦੇ ਸਹਾਰੇ ਭ੍ਰਿਸ਼ਟਾਚਾਰ, ਚੋਰ-ਬਾਜ਼ਾਰੀ, ਅਰਾਜਕਤਾ, ਘੁਟਾਲਿਆਂ ਅਤੇ ਲੋਕ ਵਿਰੋਧੀ ਅਨੈਤਿਕ ਲੁੱਟ-ਖੋਹ ਦੀ ਧਾਂਦਲੀ ਮਚਾਈ ਫਿਰਦੀਆਂ ਹਨ। ਇਨ੍ਹਾਂ ਦੀ ਇਸ ਅਨੈਤਿਕ ਸਦਾਚਾਰ ਦੀ ਹਨੇਰੀ ਨੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਹੈ।
ਇਤਿਹਾਸ ਗਵਾਹ ਹੈ ਕਿ ਇਨ੍ਹਾਂ ਸੱਤਾਧਾਰੀ ਰਾਜਸੀ ਲੋਕਾਂ ਨੇ ਕੁਕਰਮਾਂ ਦੀ ਜਿਹੜੀ ਰਾਸਲੀਲ੍ਹਾ ਰਚਾਈ ਹੋਈ ਹੈ, ਉਸ ਵਿਚ ਇਹ ਸਾਰੇ ਇੱਕੋ ਜਿਹੇ ਗੁਨਾਹਗਾਰ ਹਨ। ਪੰਡਤ ਜਵਾਹਰ ਲਾਲ ਨਹਿਰੂ ਦੇ ਸ਼ਾਸਨ ਕਾਲ ਤੋਂ ਲੈ ਕੇ ਅੱਜ ਤਕ ਇਨ੍ਹਾਂ ਸਾਰੀਆਂ ਧਿਰਾਂ ਦੇ ਸਬੰਧਤ ਨੇਤਾਵਾਂ ਅਤੇ ਪ੍ਰਧਾਨ ਮੰਤਰੀਆਂ ਸਮੇਤ ਕਿਸੇ ਇੱਕ ਦਾ ਵੀ ਸ਼ਾਸਨ ਕਾਲ ਅਜਿਹਾ ਨਹੀਂ ਰਿਹਾ ਜਿਸ ਵਿਚ ਇੱਕ ਤੋਂ ਇੱਕ ਵੱਡਾ ਘੁਟਾਲਾ ਜਾਂ ਅਨੈਤਿਕ ਦੁਰਘਟਨਾ ਨਾ ਹੋਈ ਹੋਵੇ। ਦੂਜੇ ਬੰਨੇ ਇਨ੍ਹਾਂ ਸੱਤਾਧਾਰੀ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਦੀ ਅਗਵਾਈ ਵਿਚ ਭਾਰਤੀ ਜਨਤਾ ਦੁੱਖਾਂ ਦੇ ਭੰਵਰ ਵਿਚ ਫਸੀ ਹੋਈ ਬੇਵਸ ਅਤੇ ਲਾਚਾਰ ਦਿਖਾਈ ਦੇ ਰਹੀ ਹੈ। ਕਿਰਤੀ ਜਿਹੜੇ ਵਸੋਂ ਦਾ 80 ਫ਼ੀਸਦੀ ਹਨ, ਉਨ੍ਹਾਂ ਨੂੰ ਉਭਾਰਨ ਵਾਲੀਆਂ ਰਾਜਨੀਤਕ ਪਾਰਟੀਆਂ ਦੀਆਂ ਘਾਟਾਂ-ਕਮਜ਼ੋਰੀਆਂ ਕਾਰਨ ਉਹ ਇਸ ਨਾਲੋਂ ਵੱਧ ਕੁਝ ਹੋਰ ਕਰ ਵੀ ਨਹੀਂ ਸਕਦੇ। ਅੱਜ ਤਕ ਹਰ ਰੰਗ ਦੀ ਸੱਤਾਧਾਰੀ ਰਾਜਨੀਤਕ ਪਾਰਟੀਆਂ ਦੇ ਸ਼ਾਸਨ ਅਧੀਨ ਸਾਧਾਰਨ ਜਨਤਾ ਨੂੰ ਲੁੱਟਿਆ-ਕੁੱਟਿਆ ਅਤੇ ਲਤਾੜਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਖੌਤੀ ਸਮਾਜਵਾਦ, ਮਿਸ਼ਰਤ-ਅਰਥਚਾਰਾ, ਜੈ ਜਵਾਨ-ਜੈ ਕਿਸਾਨ, ਗ਼ਰੀਬੀ ਹਟਾਓ, ਸ਼ਾਈਨਿੰਗ ਇੰਡੀਆ ਅਤੇ ਅਜੋਕੇ ਵਿਕਾਸਵਾਦੀ ਨਾਅਰਿਆਂ ਨਾਲ ਉਨਤੀ ਦੇ ਸੁਪਨੇ ਦਿਖਾ ਕੇ ਵਾਰ-ਵਾਰ ਰਾਜਸੱਤਾ ਹਥਿਆਈ ਹੈ। ਇਸ ਦੇ ਬਦਲੇ ਇਨ੍ਹਾਂ ਨੇ ਆਪਣੇ ਘਰ ਤਾਂ ਕਾਲੇ ਧਨ, ਨਜਾਇਜ਼ ਜਾਇਦਾਦ ਅਤੇ ਚੌਧਰਵਾਦੀ ਰੁਤਬਿਆਂ ਨਾਲ ਭਰ ਲਏ ਹਨ, ਪਰ ਸਾਧਾਰਨ ਜਨਤਾ ਅਤੇ ਕਿਰਤੀਆਂ ਨੂੰ ਜ਼ਿੰਦਗੀ ਦੇ ਲੋੜੀਂਦੇ ਸਾਧਨਾਂ ਤੋਂ ਵੀ ਵਾਂਝਾ ਕਰ ਦਿੱਤਾ ਹੈ। ਇਨ੍ਹਾਂ ਮਹਾਂਪੁਰਸ਼ਾਂ ਦੇ ਸਮਾਜਕ, ਆਰਥਿਕ ਅਤੇ ਰਾਜਨੀਤਕ ਕੁਕਰਮਾਂ ਦੀ ਕੜੀ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ, ਸਗੋਂ ਇਨ੍ਹਾਂ ਦੇ ਸਹਾਰੇ ਇਨ੍ਹਾਂ ਲੋਕਾਂ ਨੇ ਖੁਦ ਦੀ ਖ਼ੁਸ਼ਹਾਲੀ, ਬਾਹੂਬਲ ਅਤੇ ਆਤਮ-ਸਨਮਾਨ ਦੇ ਭੰਡਾਰ ਵੀ ਹਥਿਆ ਲਏ ਹਨ।
ਦੂਜੇ ਪਾਸੇ ਸਾਧਾਰਨ ਜਨਤਾ ਲਈ ਸਿੱਖਿਆ, ਸਿਹਤ, ਖ਼ੁਰਾਕ, ਰਿਹਾਇਸ਼ ਅਤੇ ਆਵਾਜਾਈ ਜਿਹੇ ਲੋੜੀਂਦੇ ਸਾਧਨਾਂ ਦਾ ਨਿੱਜੀਕਰਨ ਹੋ ਜਾਣ ਕਾਰਨ ਉਨ੍ਹਾਂ ਦੀ ਪਹੁੰਚ ਤੋਂ ਬਹੁਤ ਦੂਰ ਜਾ ਚੁੱਕੇ ਹਨ। ਸਿੱਟੇ ਵਜੋਂ ਇਕ ਤਾਂ ਪੂੰਜੀਪਤੀਆਂ ਦਾ ਵਿਕਸਤ ਭਾਰਤ ਅਤੇ ਦੂਜਾ ਗ਼ਰੀਬਾਂ ਦਾ ਭਾਰਤ ਬਣ ਗਿਆ ਹੈ। ਇਹ ਤਾਕਤਾਂ ਆਪਣੀ ਰਾਜਨੀਤੀ ਅਤੇ ਆਰਥਿਕ ਨੀਤੀਆਂ ਨੂੰ ਲੋਕ ਹਿਤੈਸ਼ੀ ਬਣਾਉਣ ਦੀ ਥਾਂ ਚੋਣਾਂ ਵਿਚ ਜਿੱਤਾਂ ਪ੍ਰਾਪਤ ਕਰਨ ਲਈ ਇੱਕ-ਦੂਜੇ ਤੋਂ ਵਧ ਚੜ੍ਹ ਕੇ ਧੋਖਾਧੜੀ ਭਰਪੂਰ ਦਿਲਾਸਿਆਂ ਨਾਲ ਉਨ੍ਹਾਂ ਨੂੰ ਭਰਮਾਉਣ ‘ਤੇ ਲੱਗੇ ਰਹਿੰਦੇ ਹਨ। ਲੋਕਾਂ ਨੂੰ ਕੀ ਪਤਾ ਸੀ ਕਿ ਆਜ਼ਾਦੀ ਪ੍ਰਾਪਤੀ ਪਿੱਛੋਂ ਸਥਾਪਤ ਹੋਣ ਜਾ ਰਿਹਾ ਸਮਾਜਵਾਦੀ ਲੋਕਤੰਤਰ ਉਨ੍ਹਾਂ ਨਾਲ ਵੱਡਾ ਧ੍ਰੋਹ ਸਿੱਧ ਹੋਵੇਗਾ। ਉਦੋਂ ਉਹ ਸੋਚ ਵੀ ਨਹੀਂ ਸਕਦੇ ਸਨ ਕਿ ਨਹਿਰੂ, ਮਹਾਤਮਾ ਗਾਂਧੀ, ਅੰਬੇਡਕਰ, ਪਟੇਲ ਅਤੇ ਮੌਲਾਨਾ ਆਜ਼ਾਦ ਜਿਹੇ ਆਗੂਆਂ ਦੀ ਅਗਵਾਈ ਵਿਚ ਬਣਾਇਆ ਗਿਆ ਧਰਮ ਨਿਰਪੱਖ, ਸਮਾਜਵਾਦੀ ਲੋਕਤੰਤਰਿਕ ਸੰਵਿਧਾਨ ਰਾਹੀਂ ਸਥਾਪਤ ਲੋਕਤੰਤਰ ਵੀ ਭ੍ਰਿਸ਼ਟ, ਪੂੰਜੀਵਾਦੀ, ਲੋਕ ਵਿਰੋਧੀ ਅਤੇ ਨਵ-ਬਸਤੀਵਾਦੀ ਸ਼ਾਸਨ ਪ੍ਰਣਾਲੀ ਦਾ ਮੁਸਾਫ਼ਰ ਹੀ ਸਿੱਧ ਹੋਵੇਗਾ। ਇਸ ਦੇ ਉਲਟ ਸਾਡੇ ਨਾਲੋਂ ਦੋ ਸਾਲ ਪਿੱਛੋਂ ਆਜ਼ਾਦ ਹੋਣ ਵਾਲਾ ਸਾਡਾ ਗੁਆਂਢੀ ਚੀਨ ਵਿਕਾਸ ਦੀ ਸਿਖ਼ਰ ਛੂਹੀ ਬੈਠਾ ਹੈ।
ਆਜ਼ਾਦੀ ਪ੍ਰਾਪਤੀ ਮਗਰੋਂ ਸੱਤਾਧਾਰੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੇ ਭੇਤ ਉਧੇੜਨ ਦੀ ਥਾਂ ਸਮੇਂ-ਸਮੇਂ ਸੱਤਾ ਵਿਚ ਆਈਆਂ ਰੰਗ-ਬਰੰਗੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਆਪ ਵੀ ਉਸੇ ਕਿਸ਼ਤੀ ਦੀਆਂ ਸਵਾਰ ਹੋ ਕੇ ਉਭਰੀਆਂ ਹਨ। ਇਨ੍ਹਾਂ ਨੇ ਵੀ ਵਿਕਾਸ ਦਾ ਉਹੀ ਰਾਹ ਚੁਣਿਆ ਜਿਹੜਾ ਸੱਤਾਧਾਰੀ ਕਾਂਗਰਸ ਪਾਰਟੀ ਦੇ ਅੱਧਾ ਦਰਜਨ ਨਾਲੋਂ ਵੀ ਵੱਧ ਪ੍ਰਧਾਨ ਮੰਤਰੀਆਂ ਦੇ ਸ਼ਾਸਨ ਕਾਲ ਵਿਚ ਚੱਲਦਾ ਰਿਹਾ ਅਤੇ ਅੱਜ ਵੀ ਚੱਲ ਰਿਹਾ ਹੈ। ਇਨ੍ਹਾਂ ਸਾਰੀਆਂ ਧਿਰਾਂ ਨੇ ਪੂੰਜੀਵਾਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਪਰਦੇ ਹੇਠ ਕਿਰਤੀ ਵਰਗ ਵਿਰੋਧੀ ਅਤੇ ਸਿਧਾਂਤ ਰਹਿਤ ਰਾਹ ਹੀ ਅਪਣਾਇਆ ਹੋਇਆ ਹੈ। ਸਭ ਨਾਲੋਂ ਵੱਡਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਮਾਜਵਾਦੀ ਲੋਕਰਾਜ ਦੇ ਮੁੱਖ ਦਾਅਵੇਦਾਰ ਖੱਬੇ ਮੋਰਚੇ ਵਾਲੀਆਂ ਪਾਰਟੀਆਂ ਵੀ ਇਸ ਪਾਸੇ ਅੱਖਾਂ ਮੀਚੀ ਮੌਕਾਪ੍ਰਸਤ ਰਾਜਨੀਤੀ ਦੇ ਗੱਠਜੋੜਾਂ ਨਾਲ ਬੱਝੀਆਂ ਹੋਈਆਂ ਹਨ। ਪਰੋਲਤਾਰੀ ਦੀ ਥਾਂ ਛੋਟੀ ਪੂੰਜੀਵਾਦੀ ਸ਼੍ਰੇਣੀ ਪੈਟੀ-ਬੁਰੂਜੂਆ ਖਾਸੇ ਵਾਲਾ ਬਣ ਜਾਣ ਕਾਰਨ ਇਹ ਆਪਣਾ ਅਸਲੀ ਕੌਮੀ ਫ਼ਰਜ਼ ਭੁਲਾ ਬੈਠੀਆਂ ਹਨ। ਸਾਧਾਰਨ ਲੋਕ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ, ਨਸ਼ਾਖੋਰੀ, ਅਪਰਾਧੀਕਰਨ, ਸਮਾਜਕ ਅਸੁਰੱਖਿਆ, ਇਸਤਰੀ ਅਤੇ ਬਾਲ ਮਜ਼ਦੂਰੀ ਤੇ ਸ਼ੋਸ਼ਣ ਤੋਂ ਪੀੜਤ ਹਨ। ਇਨ੍ਹਾਂ ਦੀ ਰਾਖੀ ਦੀ ਦਾਅਵੇਦਾਰ ਖੱਬੀਆਂ ਧਿਰਾਂ ਅਤੇ ਪੂੰਜੀਵਾਦ-ਜਗੀਰੂ ਅਖੌਤੀ ਲੋਕਤੰਤਰਿਕ ਅਤੇ ਧਰਮ ਨਿਰਪੱਖ ਪਾਰਟੀਆਂ ਜਮਾਤੀ ਘੋਲਾਂ ਦੇ ਅਸਲ ਸਿਧਾਂਤਾਂ ਤੋਂ ਥਿੜਕੀਆਂ ਰਹਿਣ ਕਾਰਨ ਮੌਕਾਪ੍ਰਸਤ ਰਾਜਨੀਤੀ ਵਿਚ ਹੀ ਰੁਝੀਆਂ ਹੋਈਆਂ ਹਨ।
ਅੱਜਕੱਲ੍ਹ ਅਗਲੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਣ ਲੱਗਿਆ ਹੈ। ਸੱਤਾਧਾਰੀ ਕਾਂਗਰਸ ਦੀ ਅਗਵਾਈ ਵਾਲੇ ਯੂæਪੀæਏæ-2 ਦੇ ਪੁਰਾਣੇ ਸਹਿਯੋਗੀ ਤ੍ਰਿਣਮੂਲ ਕਾਂਗਰਸ, ਡੀæਐਮæਕੇæ, ਬਸਪਾ ਅਤੇ ਸਮਾਜਵਾਦੀ ਪਾਰਟੀ ਆਦਿ ਪਹਿਲਾਂ ਹੀ ਆਪੋ-ਆਪਣੇ ਗੁਪਤ ਸਿਆਸੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਗੱਠਜੋੜ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲਾ ਵਿਰੋਧੀ ਗੱਠਜੋੜ ਆਪਣੇ ਨਵੇਂ-ਪੁਰਾਣੇ ਸਹਿਯੋਗੀਆਂ ਦੀ ਭੀੜ ਇਕੱਠੀ ਕਰਨ ਵਿਚ ਜੁਟਿਆ ਹੋਇਆ ਹੈ। ਕਾਂਗਰਸ ਤਾਂ ਨਹਿਰੂ ਪਰਿਵਾਰ ਦੀ ਵਿਰਾਸਤ ਹੋਣ ਕਾਰਨ ਇਸ ਦੀ ਲੀਡਰਸ਼ਿਪ ਸੋਨੀਆ ਅਤੇ ਰਾਹੁਲ ਗਾਂਧੀ ਦੀ ਛਤਰ ਛਾਇਆ ਤੋਂ ਬਾਹਰ ਆਉਣ ਦਾ ਸੁਪਨਾ ਵੀ ਨਹੀਂ ਲੈ ਸਕਦੀ, ਦੂਜੇ ਪਾਸੇ ਭਾਜਪਾ ਵੀ ਇਨ੍ਹਾਂ ਚੋਣਾਂ ਵਿਚ ਅਗਲੇ ਪ੍ਰਧਾਨ ਮੰਤਰੀ ਨੂੰ ਲੈ ਕੇ ਅੰਦਰੂਨੀ ਸੰਕਟ ਵਿਚ ਫਸੀ ਹੋਈ ਹੈ। ਇੱਕ ਪਾਸੇ ਅਡਵਾਨੀ, ਮੋਦੀ, ਸੁਸ਼ਮਾ, ਗਡਕਰੀ, ਜੇਤਲੀ ਅਤੇ ਰਾਜਨਾਥ ਸਿੰਘ ਇਸ ਅਹੁਦੇ ਦੇ ਦਰਜਨਾਂ ਦਾਅਵੇਦਾਰ ਆਪਣੇ ਮੁੱਖ ਹਿੰਦੂਤਵਵਾਦੀ ਸੰਗਠਨਾਂ ਦੇ ਅਸ਼ੀਰਵਾਦ ਬਟੋਰਨ ਲਈ ਚੋਣ ਮਹਾਂਕੁੰਭ ਵਿਚ ਗੋਤੇ ਲਾ ਰਹੇ ਹਨ; ਦੂਜੇ ਪਾਸੇ ਇਨ੍ਹਾਂ ਵਿਚੋਂ ਗੁਜਰਾਤ ਦੇ ਨਵੇਂ ਚੜ੍ਹੇ ਸਵੇਰ ਦੇ ਤਾਰੇ ਵਾਂਗ ਮੋਦੀ ਨੇ ਤਾਂ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋਣ ਦਾ ਐਲਾਨ ਹੀ ਕਰ ਦਿੱਤਾ ਹੈ। ਗੁਜਰਾਤ ਵਿਚ ਲਾਗੂ ਕੀਤੀਆਂ ਨਵੀਆਂ ਵਿਕਾਸਵਾਦੀ ਨੀਤੀਆਂ ਰਾਹੀਂ ਪ੍ਰਾਪਤ ਕੀਤੀ ਚੌਥੀ ਵਾਰ ਮੁੱਖ ਮੰਤਰੀ ਦੀ ਗੱਦੀ ਤੋਂ ਟਪਲਾ ਖਾ ਕੇ ਉਸ ਨੇ ਭਾਜਪਾ ਦੇ ਬਾਕੀ ਸਾਰੇ ਆਗੂਆਂ ਦੇ ਸਿਤਾਰਿਆਂ ਦਾ ਟਿਮਟਿਮਾਣਾ ਵੀ ਲੋਪ ਕਰ ਰੱਖਿਆ ਹੈ। ਹੁਣ ਇਹ ਵੀ ਸਾਰੇ ਆਪਣੀ ਪੁਰਾਣੀ ਰਾਸ਼ਟਰਵਾਦੀ ਹਿੰਦੂਤਵਵਾਦੀ ਨੀਤੀਆਂ ਦੇ ਝੰਡੇ ਲਹਿਰਾਉਣ ਦੇ ਨਾਲ-ਨਾਲ ਮੋਦੀ ਦੇ ਗੁਜਰਾਤ ਪੈਟਰਨ ਦੇ ਵਿਕਾਸ ਦੇ ਸਹਾਰੇ ਅਗਲੀਆਂ ਚੋਣਾਂ ਦੇ ਦੰਗਲ ਦੀਆਂ ਤਿਆਰੀਆਂ ਵਿਚ ਰੁਝ ਚੁੱਕੇ ਹਨ। ਉਧਰ, ਆਮ ਲੋਕਾਂ ਨੂੰ ਇਸ ਕਿਸਮ ਦੇ ਪੂੰਜੀਵਾਦੀ ਪ੍ਰਸ਼ਾਸਨ ਦੀ ਮਾਰ ਤੋਂ ਬਚਾ ਸਕਣ ਵਾਲਾ ਖੱਬਾ-ਜਮਹੂਰੀ ਅਤੇ ਧਰਮ ਨਿਰਪੱਖ ਅਖਵਾਉਣ ਵਾਲਾ ਤੀਜਾ ਮੋਰਚਾ ਆਪਣਾ ਅਸਲ ਚਿਹਰਾ-ਮੋਹਰਾ ਬਣਾਉਣ ਵਿਚ ਅਜੇ ਤੱਕ ਸਫ਼ਲ ਨਹੀਂ ਹੋ ਸਕਿਆ। ਹਾਲ ਦੀ ਘੜੀ ਤਾਂ ਕਿਰਤੀ ਵਰਗ ਦੀ ਡੁੱਬਦੀ ਕਿਸ਼ਤੀ ਨੂੰ ਉਭਾਰਨ ਲਈ ਆਪਣੇ ਅਤੇ ਦੂਜੀਆਂ ਜਮਹੂਰੀ ਧਰਮ-ਨਿਰਪੱਖ ਭਾਈਵਾਲ ਪਾਰਟੀਆਂ ਦੀ ਸੱਚੀ ਏਕਤਾ ਉਸਾਰ ਕੇ ਜਮਾਤੀ ਸੰਘਰਸ਼ ਦੇ ਵਿਗਿਆਨਕ ਸਿਧਾਂਤਾਂ ਨੂੰ ਅਮਲ ਵਿਚ ਲਿਆਉਣਾ ਪਵੇਗਾ।

Be the first to comment

Leave a Reply

Your email address will not be published.