ਹੰਗਾਮਿਆਂ ਭਰਿਆ ਰਿਹਾ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਬਜਟ ਸਮਾਗਮ ਭਾਰੀ ਹੰਗਾਮਿਆਂ ਭਰਿਆ ਰਿਹਾ। ਸਦਨ ਵੱਲੋਂ ਆਉਂਦੇ ਵਿੱਤੀ ਸਾਲ ਲਈ ਖਜਾਨਾ ਬਿੱਲ ਅਤੇ ਅਨੁਪੂਰਕ ਮੰਗਾਂ ਨੂੰ ਪ੍ਰਵਾਨਗੀ ਦੇਣ ਤੋਂ ਇਲਾਵਾ 5 ਬਿੱਲਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ, ਜਦੋਂਕਿ ਸਦਨ ਵਿਚ ਪਹਿਲੀ ਵਾਰ ਚਚੇਰੇ ਭਰਾਵਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਤਿੱਖੀ ਝੜਪ ਹੋਈ ਜਿਸ ਕਾਰਨ ਮਾਹੌਲ ਇੰਨਾ ਗਰਮਾ ਗਿਆ ਕਿ ਸਪੀਕਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ।

ਅਕਾਲੀ ਦਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ ਮੁੱਦੇ ‘ਤੇ ਸਦਨ ਤੋਂ ਵਾਕਆਊਟ ਕੀਤਾ ਗਿਆ, ਜਦੋਂਕਿ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਸਦਨ ਤੋਂ 3 ਵਾਰ ਵਾਕਆਊਟ ਕੀਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਉਂਦੇ ਵਿੱਤੀ ਸਾਲ ਲਈ ਪੇਸ਼ ਬਜਟ ਤਜਵੀਜ਼ਾਂ ‘ਤੇ ਹੋਈ ਸਦਨ ਵਿਚ 2 ਦਿਨਾ ਬਹਿਸ ਦਾ ਜਵਾਬ ਦਿੰਦਿਆਂ ਮਗਰਲੀ ਅਕਾਲੀ-ਭਾਜਪਾ ਸਰਕਾਰ ਉਤੇ ਰਾਜ ਨਾਲ ਵੱਡਾ ਧੱਕਾ ਕਰਨ ਅਤੇ ਧ੍ਰੋਹ ਕਮਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਇਹ ਸਰਕਾਰ ਪੰਜਾਬੀਆਂ ਦੇ ਚਿਹਰਿਆਂ ਤੋਂ ਖੁਸ਼ੀ ਹੀ ਲੈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਛੱਡਣ ਤੋਂ ਇਕ ਦਿਨ ਪਹਿਲਾਂ ਅਨਾਜ ਖਰੀਦ ਲਿਮਟ ਦੇ ਵਿਵਾਦਿਤ 31 ਹਜ਼ਾਰ ਕਰੋੜ ਰੁਪਏ ਨੂੰ ਕਾਹਲੀ ਵਿਚ ਬੈਂਕ ਲੋਨ ਵਿਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਪੰਜਾਬ ਦੇ ਖਜ਼ਾਨੇ ‘ਤੇ ਇਹ ਵਾਧੂ ਭਾਰ ਪੈਣ ਕਾਰਨ ਸੂਬੇ ਨੂੰ ਸਾਲਾਨਾ 2400 ਕਰੋੜ ਵਿਆਜ ਅਤੇ 800 ਕਰੋੜ ਮੂਲ ਦੇ ਰੂਪ ਵਿਚ ਅਦਾ ਕਰਨੇ ਪੈ ਰਹੇ ਹਨ।
ਉਨ੍ਹਾਂ ਸਦਨ ਵਿਚ ਰਾਜ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦਾ ਇਕ ਨੋਟ ਪੜ੍ਹਖਕੇ ਸੁਣਾਇਆ, ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਸਕੱਤਰੇਤ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਕੇਂਦਰ 6000 ਕਰੋੜ ਰੁਪਏ ਦੀ ਸੂਬੇ ਨੂੰ ਉੱਕਾ-ਪੁੱਕਾ ਰਾਹਤ ਦੇਣ ਲਈ ਮੰਨ ਗਿਆ ਹੈ, ਜਦੋਂਕਿ 13000 ਕਰੋੜ ਰੁਪਏ ਸੂਬੇ ਨੂੰ ਆਪਣੇ ਸਿਰ ਲੈਣੇ ਪੈਣਗੇ ਅਤੇ ਕੋਈ 12000 ਕਰੋੜ ਰੁਪਏ ਬੈਂਕਾਂ ਨੂੰ ਆਪਣੇ ਸਿਰ ਲੈਣ ਲਈ ਕਿਹਾ ਜਾ ਸਕਦਾ ਹੈ ਅਤੇ ਸੂਬੇ ਨੂੰ 13000 ਕਰੋੜ ਬਦਲੇ 7 ਪ੍ਰਤੀਸ਼ਤ ਵਿਆਜ ਵਾਲੇ ਲੰਬੇ ਸਮੇਂ ਦੇ ਬਾਂਡ ਜਾਰੀ ਕਰਨ ਦੀ ਇਜਾਜ਼ਤ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਮੁੱਦਾ ਸਾਨੂੰ ਦੁਬਾਰਾ ਕੇਂਦਰ ਕੋਲੋਂ ਹੱਲ ਕਰਵਾਉਣ ਲਈ ਚਾਰਾਜੋਈ ਕਰਨੀ ਪੈ ਰਹੀ ਹੈ ਪਰ ਮਗਰਲੀ ਸਰਕਾਰ ਨੇ ਸੱਤਾ ਛੱਡਣ ਤੋਂ ਇਕ ਦਿਨ ਪਹਿਲਾਂ ਅਜਿਹਾ ਕਿਉਂ ਕੀਤਾ ਇਹ ਸਭ ਦੀ ਸਮਝ ਤੋਂ ਬਾਹਰ ਹੈ। ਵਿੱਤ ਮੰਤਰੀ ਨੇ ਸਦਨ ਵਿਚ ਐਲਾਨ ਕੀਤਾ ਕਿ ਬਹਿਸ ਦੌਰਾਨ ਜੋ ਕੁਝ ਮੁੱਦੇ ਸਾਹਮਣੇ ਆਏ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਵਿਚਾਰਨ ਤੋਂ ਬਾਅਦ ਰਾਜਪੁਰਾ, ਗਿੱਦੜਬਾਹਾ ਅਤੇ ਸ਼ਾਹਕੋਟ ਵਿਖੇ 3 ਟਰਾਮਾ ਸੈਂਟਰ ਸਥਾਪਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ, ਜਦੋਂਕਿ ਨੰਗਲ ਦੇ ਸਰਕਾਰੀ ਹਸਪਤਾਲ ਦੇ ਨਵੀਨੀਕਰਨ ਲਈ 3 ਕਰੋੜ ਦੀ ਵਿਸ਼ੇਸ਼ ਗ੍ਰਾਂਟ, ਰਾਜਪੁਰਾ ਵਿਖੇ ਪਾਣੀ ਦੀ ਵਰਤੋਂ ਲਈ ਲਿਫਟ ਸਿੰਚਾਈ ਖਾਤਰ 8. 5 ਕਰੋੜ ਦੀ ਵਿਸ਼ੇਸ਼ ਗ੍ਰਾਂਟ, ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਾਏ ਅਨੁਸਾਰ ਕਪੂਰਥਲਾ ਡਵੀਜ਼ਨ ਵਿਚ ਛੱਪੜਾਂ ਨੂੰ ਸਾਫ ਕਰ ਕੇ ਉਨ੍ਹਾਂ ਦਾ ਪਾਣੀ ਸਿੰਚਾਈ ਲਈ ਵਰਤਣ ਦੇ ਤਜਰਬੇ ਲਈ 3 ਕਰੋੜ, ਨੱਥੂ ਚਹਿਲ ਵਿਖੇ ਗਰਿੱਡ ਦੀ ਸਥਾਪਤੀ ਲਈ 12. 5 ਕਰੋੜ, ਸੰਗਰੂਰ ਵਿਚ ਬਡਰੁੱਖਾਂ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਹੈ, ਵਿਖੇ ਉਨ੍ਹਾਂ ਦੀ ਯਾਦਗਾਰ ਕਾਇਮ ਕਰਨ ਦੀ ਉੱਠੀ ਮੰਗ ਨੂੰ ਮੁੱਖ ਰੱਖ ਕੇ ਇਕ ਕਰੋੜ ਦੀ ਗ੍ਰਾਂਟ, ਖੇਮਕਰਨ ਮਾਈਨਰ ਦੇ ਨਵੀਨੀਕਰਨ ਲਈ 8 ਕਰੋੜ ਦੀ ਵਿਸ਼ੇਸ਼ ਗਰਾਂਟ ਦਾ ਫੈਸਲਾ ਵੀ ਲਿਆ ਗਿਆ ਹੈ।
ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸੈਰ-ਸਪਾਟੇ ਲਈ ਰਾਜ ਦੇ ਬਜਟ ਵਿਚ 48 ਪ੍ਰਤੀਸ਼ਤ, ਖੇਡਾਂ ਦੇ ਬਜਟ ਵਿਚ ਵੀ 48 ਪ੍ਰਤੀਸ਼ਤ ਅਤੇ ਸਿੱਖਿਆ ਦੇ ਬਜਟ ਵਿਚ ਕੋਈ 10 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਅਤੇ ਭਾਜਪਾ ਵਲੋਂ 2017 ਵਿਚ ਸਰਕਾਰ ਛੱਡਣ ਮੌਕੇ 7791 ਕਰੋੜ ਦੇ ਬਿੱਲ ਖਜ਼ਾਨਿਆਂ ਵਿਚ ਬਿਨਾਂ ਅਦਾਇਗੀਆਂ ਦੇ ਛੱਡੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁੱਲ ਘਰੇਲੂ ਉਤਪਾਦ ਦੇ ਵਾਧੇ ਦੀ ਦਰ ਜੋ 2016-17 ਵਿਚ 5. 71 ਸੀ, 2017-18 ਵਿਚ 6. 27 ‘ਤੇ ਪੁੱਜ ਗਈ ਅਤੇ 2018-19 ਵਿਚ 5. 93 ਰਹਿਣ ਦੀ ਸੰਭਾਵਨਾ ਹੈ। ਸਾਡਾ ਵਿੱਤੀ ਘਾਟਾ 2. 65 ਪ੍ਰਤੀਸ਼ਤ ਹੈ, ਜੋ ਕਿ ਨਿਰਧਾਰਤ ਪੈਮਾਨਿਆਂ ਵਿਚ ਹੈ ਪਰ ਉਨ੍ਹਾਂ ਮੰਨਿਆ ਕਿ ਚਾਲੂ ਸਾਲ ਦੌਰਾਨ ਸਰਕਾਰ 3000 ਕਰੋੜ ਦੀ ਬਿਜਲੀ ਸਬਸਿਡੀ ਨਹੀਂ ਦੇ ਸਕੇਗੀ, ਜਿਸ ਨੂੰ ਅਗਲੇ ਸਾਲ ‘ਤੇ ਪਾਇਆ ਜਾ ਰਿਹਾ ਹੈ। ਕਰਜ਼ਾ ਲੈਣ ਦੀ ਪ੍ਰਤੀਸ਼ਤ, ਜੋ ਮਗਰਲੀ ਸਰਕਾਰ ਦੇ 10 ਸਾਲਾਂ ਦੌਰਾਨ 11 ਪ੍ਰਤੀਸ਼ਤ ਸੀ, ਹੁਣ ਘਟ ਕੇ 8 ਪ੍ਰਤੀਸ਼ਤ ‘ਤੇ ਆ ਗਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਾਡੀ ਸਰਕਾਰ ਵੱਲੋਂ ਸ਼ਰਾਬ ਦੇ ਵਪਾਰ ਵਿਚ ਏਕਾਧਿਕਾਰ ਨੂੰ ਖਤਮ ਕਰ ਕੇ 729 ਛੋਟੇ ਕਾਰੋਬਾਰੀਆਂ ਨੂੰ ਵਪਾਰ ਵਿਚ ਸ਼ਾਮਲ ਕੀਤਾ। ਸ਼ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜੇ ਅਕਾਲੀਆਂ ਨੇ ਉਨ੍ਹਾਂ ਦੇ ਦਾਅਵਿਆਂ ਅਨੁਸਾਰ ਸੂਬੇ ਦਾ ਵੱਡਾ ਵਿਕਾਸ ਕੀਤਾ ਸੀ, ਸੜਕਾਂ ਦੇ ਜਾਲ ਵਿਛਾਏ ਸਨ ਤਾਂ ਫਿਰ ਉਨ੍ਹਾਂ ਦੀ ਸਦਨ ਵਿਚ ਗਿਣਤੀ 60 ਤੋਂ 14 ‘ਤੇ ਕਿਉਂ ਆ ਗਈ ਅਤੇ ਉਨ੍ਹਾਂ ਨੂੰ ਮੁੱਖ ਵਿਰੋਧੀ ਧਿਰ ਬਣਨ ਦਾ ਵੀ ਲੋਕਾਂ ਵਲੋਂ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਕੇਵਲ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਗਿਆ, ਜਦੋਂਕਿ ਅਸੀਂ ਰਾਜ ਦੀ ਆਰਥਿਕਤਾ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨ ਤੋਂ ਇਲਾਵਾ ਰਾਜ ਨੂੰ ਨਸ਼ਾ ਮੁਕਤ ਕਰਨ ਵੱਲ ਅੱਗੇ ਵੱਧ ਰਹੇ ਹਾਂ।
______________________________
ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਸਣੇ 5 ਬਿੱਲ ਪਾਸ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਪੰਜ ਬਿੱਲ ਪਾਸ ਕਰ ਦਿੱਤੇ ਹਨ। ਇਨ੍ਹਾਂ ਬਿੱਲਾਂ ਵਿਚ ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਦੇਣ ਦਾ ਬਿੱਲ ਵੀ ਸ਼ਾਮਲ ਹੈ। ਸਰਕਾਰ ਵੱਲੋਂ ਜਾਨਵਰਾਂ ‘ਤੇ ਅਤਿਆਚਾਰ ਉਪਰ ਰੋਕ (ਸੋਧਨਾ ਬਿਲ) 2019 ਪੇਸ਼ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਬਿਲ ਲਿਆਂਦਾ ਗਿਆ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅਣਮਿਥੇ ਸਮੇਂ ਲਈ ਉਠਾ ਦਿੱਤਾ ਗਿਆ ਹੈ। ਪੰਜਾਬ ਦੇ ਵਿਧਾਇਕਾਂ ਨੂੰ ਜਨਵਰੀ ਮਹੀਨੇ ਅਸਾਸੇ ਐਲਾਨਣ ਸਬੰਧੀ ਕਾਨੂੰਨੀ ਤੌਰ ‘ਤੇ ਪਾਬੰਦ ਕਰਦਿਆਂ ਪੰਜਾਬ ਵਿਧਾਨ ਸਭਾ (ਮੈਂਬਰਾਂ ਦੀਆਂ ਤਨਖਾਹਾਂ ਤੇ ਭੱਤੇ) ਸੋਧਨਾ ਬਿਲ ਵੀ ਪਾਸ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿਚ ਉਸਾਰੀਆਂ ਨੂੰ ਨਿਯਮਿਤ ਕਰਨ ਲਈ ਅੰਮ੍ਰਿਤਸਰ ਵਾਲਡ ਸਿਟੀ (ਉਦਯੋਗ ਕਰਨ ਦੀ ਮਾਨਤਾ) ਸੋਧ ਬਿਲ 2019 ਵੀ ਪਾਸ ਕਰ ਦਿੱਤਾ ਗਿਆ।