ਚੋਣ ਬਿਗਲ: ਦਾਅਵੇਦਾਰੀਆਂ ਨੇ ਸਿਆਸੀ ਧਿਰਾਂ ਦੀਆਂ ਮੁਸ਼ਕਿਲਾਂ ਵਧਾਈਆਂ

ਅੰਮ੍ਰਿਤਸਰ: ਆਗਾਮੀ ਲੋਕ ਸਭਾ ਚੋਣਾਂ ਦਾ ਭਾਵੇਂ ਰਸਮੀ ਐਲਾਨ ਨਹੀਂ ਹੋਇਆ ਹੈ, ਪਰ ਟਿਕਟਾਂ ਦੇ ਦਾਅਵੇਦਾਰ ਸਰਗਰਮ ਹੋ ਗਏ ਹਨ। ਅੰਮ੍ਰਿਤਸਰ ਸੰਸਦੀ ਹਲਕਾ ਹਮੇਸ਼ਾ ਹੀ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਅਹਿਮ ਰਿਹਾ ਹੈ। ਇਥੇ ਮੁੱਖ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ, ਖੱਬੀਆਂ ਧਿਰਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਬਣਾਏ ਜਾ ਰਹੇ ਮਹਾਂਗੱਠਜੋੜ ਕਰ ਕੇ ਚੋਣ ਮੁਕਾਬਲਾ ਬਹੁ ਕੋਣੀ ਹੋਵੇਗਾ। ਹੁਣ ਤਕ ਇਸ ਸੰਸਦੀ ਹਲਕੇ ਵਾਸਤੇ ਸਿਰਫ Ḕਆਪ’ ਵੱਲੋਂ ਹੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਂ ਦਾ ਐਲਾਨ ਉਮੀਦਵਾਰ ਵਜੋਂ ਕੀਤਾ ਗਿਆ ਹੈ।

ਸ੍ਰੀ ਧਾਲੀਵਾਲ ਇਸ ਵੇਲੇ Ḕਆਪ’ ਦੇ ਮਾਝਾ ਜ਼ੋਨ ਦੇ ਪ੍ਰਧਾਨ ਵੀ ਹਨ ਤੇ ਐਨ. ਆਰ. ਆਈ. ਹਨ, ਉਹ ਪਿੰਡ ਜਗਦੇਵ ਕਲਾਂ ਦੇ ਵਾਸੀ ਹਨ। ਹਾਕਮ ਧਿਰ ਕਾਂਗਰਸ ਵੱਲੋਂ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਕੋਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਨ੍ਹਾਂ ਵਿਚ ਦਰਜਨ ਭਰ ਉਮੀਦਵਾਰਾਂ ਵੱਲੋਂ ਆਪੋ-ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਇਨ੍ਹਾਂ ਵਿਚ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਕੌਂਸਲਰ ਵਿਕਾਸ ਸੋਨੀ (ਸਿੱਖਿਆ ਮੰਤਰੀ ਓਪੀ. ਸੋਨੀ ਦਾ ਭਤੀਜਾ), ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਰਾ ਸੁਰਜੀਤ ਸਿੰਘ ਕੋਹਲੀ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਜ਼ਿਲ੍ਹਾ ਦਿਹਾਤੀ ਕਮੇਟੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਨੌਜਵਾਨ ਆਗੂ ਦਿਲਰਾਜ ਸਿੰਘ ਸਰਕਾਰੀਆ ਤੇ ਕੰਵਰ ਪ੍ਰਤਾਪ ਸਿੰਘ ਤੋਂ ਇਲਾਵਾ ਬੀ ਐੱਸ ਰੰਧਾਵਾ, ਭੁਪੇਸ਼ ਸਰੀਨ, ਸੁਰਭੀ ਵਰਮਾ ਦੇ ਨਾਂ ਸ਼ਾਮਲ ਹਨ। ਕਾਂਗਰਸੀ ਸੂਤਰਾਂ ਮੁਤਾਬਿਕ ਇਹ ਚੋਣਾਂ ਵਾਸਤੇ ਇਨ੍ਹਾਂ ਇੱਛੁਕ ਉਮੀਦਵਾਰਾਂ ਵਿਚੋਂ ਸਭ ਤੋਂ ਵਧੇਰੇ ਸਮਰੱਥ ਉਮੀਦਵਾਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਹੀ ਹਨ, ਪਰ ਕੁਝ ਕਾਂਗਰਸੀ ਵਿਧਾਇਕ ਮੁੜ ਟਿਕਟ ਲਈ ਉਨ੍ਹਾਂ ਦਾ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦੇ ਨਾਂ ਤੋਂ ਬਾਅਦ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਮੇਅਰ ਕਰਮਜੀਤ ਸਿੰਘ ਰਿੰਟੂ, ਭਗਵੰਤ ਪਾਲ ਸਿੰਘ ਸੱਚਰ, ਨੌਜਵਾਨ ਆਗੂ ਵਿਕਾਸ ਸੋਨੀ ਤੇ ਦਿਲਰਾਜ ਸਿੰੰਘ ਸਰਕਾਰੀਆ ਦੇ ਨਾਂਵਾਂ ਦੀ ਚਰਚਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਕੀਤੀ ਮੀਟਿੰਗ ਵਿਚ ਕਾਂਗਰਸੀ ਆਗੂਆਂ ਵੱਲੋਂ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਲੜਾਉਣ ਦਾ ਸੁਝਾਅ ਵੀ ਦਿੱਤਾ ਗਿਆ ਸੀ।
ਅਕਾਲੀ-ਭਾਜਪਾ ਗੱਠਜੋੜ ਵੱਲੋਂ ਇਹ ਸੀਟ ਭਾਜਪਾ ਦੇ ਖਾਤੇ ਵਿਚ ਹੈ ਤੇ ਭਾਜਪਾ ਵੱਲੋਂ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਹੀ ਸਭ ਤੋਂ ਵੱਡੇ ਦਾਅਵੇਦਾਰ ਹਨ। ਉਨ੍ਹਾਂ ਪਿਛਲੀ 2017 ਉਪ ਚੋਣ ਵਿਚ ਹਿੱਸਾ ਲਿਆ ਸੀ ਤੇ 3 ਲੱਖ 8964 ਵੋਟਾਂ ਹਾਸਲ ਕੀਤੀਆਂ ਸਨ। ਉਹ ਇਸ ਵੇਲੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਚ ਆਨਰੇਰੀ ਸਕੱਤਰ ਵੀ ਹਨ ਤੇ ਹੋਰ ਵੀ ਕਈ ਸੰਸਥਾਵਾਂ ਤੇ ਜਥੇਬੰਦੀਆਂ ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਉਹ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਪੰਜਾਬ ਲਘੂ ਉਦਯੋਗ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇੱਥੋਂ ਭਾਜਪਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਨਾਂ ਦੀ ਚਰਚਾ ਸੀ, ਪਰ ਉਨ੍ਹਾਂ ਬੀਤੇ ਦਿਨ ਇੱਥੋਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਆਖਿਆ ਸੀ ਕਿ ਉਹ ਉਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਵੀ ਹਨ ਤੇ ਉਨ੍ਹਾਂ ਦਾ ਕਾਰਜਕਾਲ ਬਾਕੀ ਹੈ। ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਇੱਥੋਂ ਫਿਲਮ ਅਦਾਕਾਰ ਸੰਨੀ ਦਿਓਲ ਨੂੰ ਲਿਆਉਣ ਦੀ ਇੱਛੁਕ ਹੈ, ਪਰ ਉਨ੍ਹਾਂ ਵੱਲੋਂ ਹੁਣ ਤਕ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਹੈ। ਭਾਜਪਾ ਦੀ ਕੋਸ਼ਿਸ਼ ਹੈ ਕਿ ਇਸ ਹਲਕੇ ਵਾਸਤੇ ਕੋਈ ਸਿੱਖ ਉਮੀਦਵਾਰ ਹੀ ਮੈਦਾਨ Ḕਚ ਉਤਾਰਿਆ ਜਾਵੇ, ਕਿਉਂਕਿ ਇਹ ਹਲਕਾ ਲਗਭਗ 66 ਫੀਸਦੀ ਸਿੱਖ ਵੋਟਰਾਂ ਵਾਲਾ ਹੈ। ਉਂਜ ਵੀ ਜਦੋਂ-ਜਦੋਂ ਭਾਜਪਾ ਨੇ ਇਥੋਂ ਸਿੱਖ ਉਮੀਦਵਾਰ ਮੈਦਾਨ ‘ਚ ਉਤਾਰਿਆ ਹੈ, ਉਨ੍ਹਾਂ ਨੂੰ ਜਿੱਤ ਮਿਲੀ ਹੈ।
ਖੱਬੇ ਪੱਖੀ ਧਿਰਾਂ ਵਿਚ ਸ਼ਾਮਲ ਸੀ. ਪੀ. ਆਈ. ਇਥੋਂ ਚੋਣ ਲੜਦੀ ਰਹੀ ਹੈ, ਪਰ ਇਸ ਵਾਰ ਅਜੇ ਤੱਕ ਕਿਸੇ ਉਮੀਦਵਾਰ ਬਾਰੇ ਕੋਈ ਵਿਸ਼ੇਸ਼ ਚਰਚਾ ਨਹੀਂ ਹੋਈ ਹੈ। ਉਨ੍ਹਾਂ ਵੱਲੋਂ ਕਿਸੇ ਹਮਖਿਆਲੀ ਪਾਰਟੀ ਨਾਲ ਗੱਠਜੋੜ ਦੀ ਵੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਜਿਨ੍ਹਾਂ ਵੱਲੋਂ ਮਹਾਂਗੱਠਜੋੜ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਵੱਲੋਂ ਵੀ ਫਿਲਹਾਲ ਉਮੀਦਵਾਰ ਦੀ ਥਾਂ ਗੱਠਜੋੜ ਕਾਇਮ ਕਰਨ ਦੇ ਯਤਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਇਸ ਮਗਰੋਂ ਹੀ ਉਮੀਦਵਾਰ ਬਾਰੇ ਕੋਈ ਫ਼ੈਸਲਾ ਹੋਵੇਗਾ।
ਇਸ ਸੰਸਦੀ ਹਲਕੇ ਦੇ ਪਿਛੋਕੜ Ḕਤੇ ਝਾਤ ਮਾਰੀਏ ਤਾਂ ਹੁਣ ਤਕ ਇੱਥੋਂ ਵਧੇਰੇ ਕਾਂਗਰਸੀ ਉਮੀਦਵਾਰ ਹੀ ਚੋਣ ਜਿੱਤਦੇ ਰਹੇ ਹਨ। 1952, 57 ਤੇ 62 ਵਿਚ ਕਾਂਗਰਸ ਵੱਲੋਂ ਗੁਰਮੁਖ ਸਿੰਘ ਮੁਸਾਫਰ ਨੇ ਚੋਣ ਜਿੱਤੀ। 1967 ਵਿਚ ਭਾਰਤੀ ਜਨ ਸੰਘ ਵੱਲੋਂ ਯੱਗਿਆਦੱਤ ਸ਼ਰਮਾ ਜਿੱਤੇ ਸਨ। 1971 ਵਿਚ ਕਾਂਗਰਸ ਦੇ ਦੁਰਗਾਦਾਸ ਭਾਟੀਆ ਨੇ ਚੋਣ ਜਿੱਤੀ। ਉਨ੍ਹਾਂ ਦੀ ਮੌਤ ਮਗਰੋਂ 1972 ਵਿਚ ਉਪ ਚੋਣ ਉਨ੍ਹਾਂ ਦੇ ਭਰਾ ਰਘੂਨੰਦਨ ਲਾਲ ਭਾਟੀਆ ਨੇ ਕਾਂਗਰਸ ਉਮੀਦਵਾਰ ਵਜੋਂ ਜਿੱਤੀ। 1972, 77, 81 ਤੇ 1984 ਵਿਚ ਲਗਾਤਾਰ ਸ੍ਰੀ ਭਾਟੀਆ ਨੇ ਜਿੱਤ ਪ੍ਰਾਪਤ ਕੀਤੀ। 1989 ਵਿਚ ਆਜ਼ਾਦ ਉਮੀਦਵਾਰ ਵਜੋਂ ਕਿਰਪਾਲ ਸਿੰਘ ਚੋਣ ਜਿੱਤੇ ਸਨ। ਮੁੜ 1991 ਅਤੇ 1996 ਵਿਚ ਕਾਂਗਰਸ ਵੱਲੋਂ ਆਰ ਐੱਲ ਭਾਟੀਆ ਜੇਤੂ ਰਹੇ। 1998 ਵਿਚ ਭਾਜਪਾ ਵੱਲੋਂ ਦਯਾ ਸਿੰਘ ਸੋਢੀ ਨੇ ਚੋਣ ਜਿੱਤੀ ਤੇ ਉਨ੍ਹਾਂ ਦੀ ਮੌਤ ਮਗਰੋਂ ਹੋਈ ਉਪ ਚੋਣ ਵਿਚ ਮੁੜ ਕਾਂਗਰਸ ਵੱਲੋਂ ਆਰ ਐੱਲ ਭਾਟੀਆ ਚੋਣ ਜਿੱਤੇ। 2004, 07 ਤੇ 2009 ਵਿਚ ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਚੋਣ ਜਿੱਤੀ ਸੀ। 2004 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵੱਲੋਂ ਚੋਣ ਜਿੱਤੀ ਤੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੂੰ ਹਰਾਇਆ ਸੀ। ਮੁੜ 2017 ਵਿਚ ਹੋਈ ਉਪ ਚੋਣ ਵਿਚ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਨੇ ਚੋਣ ਜਿੱਤੀ ਸੀ।
ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੰਮ ਕਰਨ ਦਾ ਥੋੜਾ ਸਮਾਂ ਮਿਲਿਆ ਹੈ, ਪਰ ਇਸ ਸਮੇਂ ਦੌਰਾਨ ਉਨ੍ਹਾਂ ਆਪਣੇ ਅਖ਼ਤਿਆਰੀ ਫੰਡਾਂ Ḕਚੋਂ ਵਧੇਰੇ ਰਕਮ ਪਿੰਡਾਂ ਤੇ ਸ਼ਹਿਰਾਂ ਵਿਚ ਮੁਢਲੇ ਢਾਂਚੇ ਲਈ ਦਿੱਤੀ ਹੈ। ਦੂਜੇ ਪਾਸੇ, ਉਪ ਚੋਣ ਹਾਰੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਖਿਆ ਕਿ ਮੌਜੂਦਾ ਸੰਸਦ ਮੈਂਬਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਇੱਥੇ ਲਿਆਉਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ। ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਆਖਿਆ ਕਿ ਸਰਹੱਦੀ ਪੱਟੀ ਅੱਜ ਵੀ ਵਿਕਾਸ ਪੱਖੋਂ ਅਧੂਰੀ ਹੈ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ ਨੇ ਆਖਿਆ ਕਿ ਮੌਜੂਦਾ ਸੰਸਦ ਮੈਂਬਰ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਸਫਲ ਨਹੀਂ ਹੋ ਸਕੇ।
_____________________________
ਸੰਸਦੀ ਹਲਕਾ ਪਟਿਆਲਾ ਲਈ ਸਿਆਸੀ ਧਿਰਾਂ ਦਾ ਲੱਗਾ ਜ਼ੋਰ
ਪਟਿਆਲਾ: ਲੋਕ ਸਭਾ ਹਲਕਾ ਪਟਿਆਲਾ ਪੰਜਾਬ ਦਾ ਅਹਿਮ ਸੰਸਦੀ ਹਲਕਾ ਹੈ। ਇਸ ਹਲਕੇ ਵਿਚ ਬਹੁਤੀ ਵਾਰ ਕਾਂਗਰਸ ਨੇ ਜਿੱਤ ਦੇ ਝੰਡੇ ਗੱਡੇ ਹਨ ਤੇ ਅਕਾਲੀ ਦਲ ਦੂਜੇ ਨੰਬਰ Ḕਤੇ ਰਿਹਾ ਹੈ। ਉਂਜ, ਪਿਛਲੀ ਵਾਰ ਇੱਥੋਂ ḔਆਪḔ ਨੇ ਬਾਜ਼ੀ ਮਾਰ ਲਈ ਸੀ।
ਇਸ ਸੰਸਦੀ ਹਲਕੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇੱਥੋਂ ਚੋਣ ਜਿੱਤ ਕੇ ਪਹਿਲੀ ਵਾਰ ਸੰਸਦ ਵਿਚ ਗਏ ਸਨ ਤੇ ਪਟਿਆਲੇ ਵਿਚ ਮੁੱਖ ਮੰਤਰੀ ਦੀ ਰਿਹਾਇਸ਼ Ḕਨਿਊ ਮੋਤੀ ਮਹਿਲ’ ਵੀ ਪੈਂਦੀ ਹੈ। ਇਥੋਂ ਹੀ ਅਕਾਲੀ ਦਲ ਦੇ ਮਰਹੂਮ ਆਗੂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸੰਸਦ ਦੀਆਂ ਪੌੜੀਆਂ ਚੜ੍ਹੇ ਸਨ। ਪਟਿਆਲਾ ਰਿਆਸਤ ਦੇ ਆਖ਼ਰੀ ਸ਼ਾਸਕ ਮਹਾਰਾਜਾ ਯਾਦਵਿੰਦਰ ਸਿੰਘ ਦੇ ਤਿੰਨ ਪਰਿਵਾਰਕ ਜੀਅ, ਉਨ੍ਹਾਂ ਦੀ ਪਤਨੀ ਰਾਜ ਮਾਤਾ ਮਰਹੂਮ ਮਹਿੰਦਰ ਕੌਰ, ਪੁੱਤ ਅਮਰਿੰਦਰ ਸਿੰਘ ਤੇ ਨੂੰਹ ਪ੍ਰਨੀਤ ਕੌਰ ਵੱਖ ਵੱਖ ਸਮੇਂ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਪ੍ਰਨੀਤ ਕੌਰ ਤਾਂ ਇੱਥੋਂ ਤਿੰਨ ਵਾਰ ਸੰਸਦ ਮੈਂਬਰ ਰਹਿਣ ਮਗਰੋਂ ਐਤਕੀਂ ਮੁੜ ਆਪਣਾ ਜੱਦੀ ਪੁਸ਼ਤੀ ਪਿੜ ਮੱਲਣ ਲਈ ਕੋਸ਼ਿਸ਼ਾਂ Ḕਚ ਹਨ। ਉਂਜ, 2014 ਦੀ ਲੋਕ ਸਭਾ ਚੋਣ Ḕਚ ਭਾਵੇਂ ਉਹ Ḕਆਪ’ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ ਹਾਰ ਗਏ ਸਨ, ਪਰ ਚੋਣ ਦੰਗਲ ਵਿਚ ਕਿਸਮਤ ਅਜ਼ਮਾ ਰਹੇ 17 ਉਮੀਦਵਾਰਾਂ Ḕਚੋਂ ਉਹ ਦੂਜਾ ਨੰਬਰ ਲਿਜਾਣ ਵਿਚ ਸਫ਼ਲ ਰਹੇ ਸਨ। ਇਸ ਹਲਕੇ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਐਤਕੀਂ ਵੀ ਮੈਦਾਨ ਮੱਲਣ ਲਈ ਉਤਾਵਲੇ ਹਨ। ਉਹ Ḕਆਪ’ ਤੋਂ ਵੱਖ ਹੋ ਚੁੱਕੇ ਹਨ ਤੇ ਪੰਜਾਬ ਡੈਮੋਕਰੈਟਿਕ ਅਲਾਇੰਸ ਦੀ ਸਰਪ੍ਰਸਤੀ ਹੇਠ ਚੋਣ ਮੁਹਿੰਮ ਭਖਾ ਰਹੇ ਹਨ।