ਸਿੱਖ ਭਾਈਚਾਰੇ ਵੱਲੋਂ ਕੀਤੀ ਮਦਦ ਬਦਲੇ ਕਸ਼ਮੀਰੀਆਂ ਨੇ ਵੀ ਖੋਲ੍ਹੇ ਦਿਲ

ਅੰਮ੍ਰਿਤਸਰ: ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਾਪਸੀ ਲਈ ਸਿੱਖ ਭਾਈਚਾਰੇ ਵੱਲੋਂ ਕੀਤੇ ਗਏ ਯਤਨਾਂ ਦੇ ਸਿੱਟੇ ਵਜੋਂ ਕਸ਼ਮੀਰੀਆਂ ਨੇ ਵੀ ਸਿੱਖਾਂ ਲਈ ਆਪਣੇ ਦਿਲ ਖੋਲ੍ਹ ਦਿੱਤੇ ਹਨ। ਕਸ਼ਮੀਰ ਘਾਟੀ ਵਿਚ ਵਸਦੇ ਕਸ਼ਮੀਰੀਆਂ ਨੇ ਸਿੱਖਾਂ ਨੂੰ ਵੱਖ ਵੱਖ ਸੇਵਾਵਾਂ ਦੀ ਮੁਫਤ ਪੇਸ਼ਕਸ਼ ਕੀਤੀ ਹੈ। ਅਤਿਵਾਦੀ ਹਮਲੇ ਤੋਂ ਬਾਅਦ ਦੇਸ਼ ਵਿਚ ਕਈ ਥਾਵਾਂ ‘ਤੇ ਕਸ਼ਮੀਰੀ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਡਰ ਭੈਅ ਵਾਲਾ ਮਾਹੌਲ ਬਣ ਗਿਆ ਸੀ।

ਕਈ ਥਾਵਾਂ ‘ਤੇ ਉਨ੍ਹਾਂ ਨਾਲ ਬਦਸਲੂਕੀ ਵੀ ਹੋਈ ਹੈ ਅਤੇ ਡਰਾਇਆ ਧਮਕਾਇਆ ਵੀ ਗਿਆ ਹੈ।
ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਇਨ੍ਹਾਂ ਬੇਦੋਸ਼ੇ ਕਸ਼ਮੀਰੀਆਂ ਦੇ ਬਚਾਅ ਲਈ ਅੱਗੇ ਆਏ ਸਨ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕੀਤਾ ਹੈ। ਕਈ ਥਾਵਾਂ ‘ਤੇ ਗੁਰਦੁਆਰਿਆਂ ਵਿਚ ਉਨ੍ਹਾਂ ਨੂੰ ਲੰਗਰ ਅਤੇ ਸੁਰੱਖਿਅਤ ਰਿਹਾਇਸ਼ ਵੀ ਮੁਹੱਈਆ ਕੀਤੀ ਗਈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਲਗਭਗ ਦੋ ਦਰਜਨ ਤੋਂ ਵੱਧ ਕਸ਼ਮੀਰੀਆਂ ਵੱਲੋਂ ਪੇਸ਼ ਕੀਤੀਆਂ ਸੇਵਾਵਾਂ ਦੀ ਪੇਸ਼ਕਸ਼ ਦੀ ਚਰਚਾ ਹੈ। ਇਨ੍ਹਾਂ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲਿਆਂ ਵਿਚ ਕਸ਼ਮੀਰ ਵਾਦੀ ਦੇ ਵਕੀਲ, ਡਾਕਟਰ, ਆਟੋ ਮੋਬਾਈਲ ਸੇਵਾਵਾਂ, ਹੋਟਲ ਸੇਵਾਵਾਂ ਵਾਲੇ ਸ਼ਾਮਲ ਹਨ।
ਇਸ ਸਬੰਧ ਵਿਚ ਅਨੰਤਨਾਗ ਵਿਖੇ ਆਰਪਥ ਕਲਾਸਿਸ ਨਾਂ ਹੇਠ ਕੋਚਿੰਗ ਕਲਾਸਾਂ ਚਲਾਉਂਦੇ ਪੀਰਜ਼ਾਦਾ ਹੁਸੈਨ ਨੇ ਆਖਿਆ ਕਿ ਉਨ੍ਹਾਂ ਆਪਣੇ ਕੋਚਿੰਗ ਕੇਂਦਰ ਵਿਚ 11ਵੀਂ ਤੇ 12ਵੀਂ ਦੇ ਸਿੱਖ ਵਿਦਿਆਰਥੀਆਂ ਨੂੰ ਨਾਨ-ਮੈਡੀਕਲ ਅਤੇ ਮੈਡੀਕਲ ਦੀ ਮੁਫਤ ਕੋਚਿੰਗ ਦੇਣ ਵਾਸਤੇ ਪੇਸ਼ਕਸ਼ ਕੀਤੀ ਹੈ। ਫਿਦਾ ਹੁਸੈਨ, ਜੋ ਕਿ ਪੇਪਰ ਮੈਸ਼ੇ ਨਾਲ ਕੰਧ ਨਕਾਸ਼ੀ ਦੀ ਕਲਾ ਦਾ ਮਾਹਿਰ ਹੈ, ਨੇ ਆਪਣੀਆਂ ਇਹ ਸੇਵਾਵਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਕੰਧ ਨਿਕਾਸੀ ਲਈ ਪੇਸ਼ ਕੀਤੀਆਂ ਹਨ। ਉਸ ਨੇ ਆਖਿਆ ਕਿ ਉਹ ਅਤੇ ਉਸ ਦੇ ਕੁਝ ਹੋਰ ਮਿੱਤਰ ਆਪਣੀਆਂ ਇਹ ਸੇਵਾਵਾਂ ਗੁਰੂ ਘਰ ਲਈ ਭੇਟ ਕਰਨਗੇ। ਬਾਰਾਮੂਲਾ ਦੇ ਵਕੀਲ ਹਿਲਾਲ ਅਹਿਮਦ ਡਾਰ ਨੇ ਆਖਿਆ ਕਿ ਅਪਰੈਲ ਮਹੀਨੇ ਤਕ ਕੋਈ ਵੀ ਸਿੱਖ ਜੇਕਰ ਆਪਣਾ ਕਾਨੂੰਨੀ ਕੇਸ ਉਨ੍ਹਾਂ ਕੋਲ ਆਵੇਗਾ ਤਾਂ ਉਹ ਬਿਨਾਂ ਕੋਈ ਕੇਸ ਲਏ, ਉਸ ਦਾ ਕੇਸ ਖਤਮ ਹੋਣ ਤਕ ਆਪਣੀਆਂ ਸੇਵਾਵਾਂ ਦੇਣਗੇ। ਇਸ ਸਬੰਧ ਵਿਚ ਕੋਈ ਫੀਸ ਨਹੀਂ ਵਸੂਲ ਕਰਨਗੇ।
ਸ੍ਰੀਨਗਰ ਵਿਖੇ ਅਲਜੀਜੀਆ ਹੋਟਲ ਦੇ ਮੁਸ਼ਤਾਕ ਆਯੂਬ ਨੇ ਆਖਿਆ ਕਿ ਜੇ ਕੋਈ ਸਿੱਖ ਭਰਾ ਸ੍ਰੀਨਗਰ ਆਉਂਦਾ ਹੈ ਅਤੇ ਉਸ ਦੇ ਹੋਟਲ ਵਿਚ ਠਹਿਰਣਾ ਚਾਹੁੰਦਾ ਹੈ ਤਾਂ ਉਹ ਮੁਫਤ ਰਿਹਾਇਸ਼ ਦਾ ਪ੍ਰਬੰਧ ਕਰਨਗੇ। ਕੁਪਵਾੜਾ ਵਿਖੇ ਸ਼ਾਹੀਨ ਮੈਡੀਕੇਡ ਦੇ ਬਸ਼ੀਰ ਅਹਿਮਦ ਨੇ ਆਖਿਆ ਕਿ ਇਕ ਸਾਲ ਵਾਸਤੇ ਸਿੱਖ ਭਾਈਚਾਰੇ ਦੇ ਲੋਕਾਂ ਕੋਲੋਂ ਡਾਕਟਰੀ ਸਲਾਹ ਵਾਸਤੇ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਕਸ਼ਮੀਰੀਆਂ ਵਲੋਂ ਕੀਤੀ ਗਈ ਇਸ ਪੇਸ਼ਕਸ਼ ਦੀ ਸ਼ਲਾਘਾ ਕਰਦਿਆਂ ਜੰਮੂ ਕਸ਼ਮੀਰ ਦੇ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਮੁਖੀ ਜਗਮੋਹਨ ਸਿੰਘ ਰੈਣਾ ਨੇ ਆਖਿਆ ਕਿ ਸਿੱਖਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਗਏ ਉਪਦੇਸ਼ ਤਹਿਤ ਮਨੁੱਖਤਾ ਦੀ ਸੇਵਾ ਵਜੋਂ ਹੀ ਕਸ਼ਮੀਰੀ ਵਿਦਿਆਰਥੀਆਂ ਤੇ ਹੋਰਨਾਂ ਦੀ ਸਹਾਇਤਾ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸਿੱਖ ਭਾਈਚਾਰੇ ਵਲੋਂ ਜਿਥੇ ਪੁਲਵਾਮਾ ਅਤਿਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਗਈ ਹੈ ਅਤੇ ਹਮਲੇ ਵਿਚ ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਉਥੇ ਅਜਿਹੀ ਘਟਨਾ ਦਾ ਸਖਤ ਜਵਾਬ ਦੇਣ ਦਾ ਵੀ ਸਮਰਥਨ ਕੀਤਾ ਹੈ। ਲੇਕਿਨ ਕਿਸੇ ਨਿਰਦੋਸ਼ ਜਾਂ ਬੇਦੋਸ਼ੇ ਖਿਲਾਫ ਹਿੰਸਕ ਕਾਰਵਾਈ ਜਾਇਜ਼ ਨਹੀਂ ਹੈ, ਇਸ ਨਾਲ ਕਸ਼ਮੀਰੀਆਂ ਵਿਚ ਬੇਗਾਨਗੀ ਦੀ ਭਾਵਨਾ ਵਧੇਗੀ।
______________________________
ਕਸ਼ਮੀਰੀ ਵਿਦਿਆਰਥੀਆਂ ਲਈ ਸਹਾਇਤਾ ਡੈਸਕ ਕਾਇਮ
ਚੰਡੀਗੜ੍ਹ: ਪੰਜਾਬ ਪੁਲਿਸ ਨੇ ਕਸ਼ਮੀਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤਾ ਹੈ। ਇਹ ਡੈਸਕ ਪੁਲਿਸ ਦੇ ਟੌਲ ਫਰੀ ਨੰਬਰ 181 ‘ਤੇ ਮੁਹੱਈਆ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਦਹਿਸ਼ਤੀ ਹਮਲਾ ਵਾਪਰਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਸੂਬੇ ਵਿਚ ਕਸ਼ਮੀਰੀਆਂ ਦੀ ਪੂਰੀ ਸੁਰੱਖਿਆ ਅਤੇ ਹਿਫਾਜ਼ਤ ਨੂੰ ਯਕੀਨੀ ਬਣਾਉਂਦਿਆਂ ਕਿਹਾ ਸੀ ਕਿ ਕਿਸੇ ਨੂੰ ਵੀ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਿਸ਼ੇਸ਼ ਡੈਸਕ ਦਾ ਉਦੇਸ਼ ਪੰਜਾਬ ਵਿਚ ਰਹਿ ਰਹੇ ਕਸ਼ਮੀਰੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣਾ ਹੈ।
______________________________
ਕਸ਼ਮੀਰੀਆਂ ‘ਤੇ ਹਮਲੇ ਰੋਕਣ ਦੇ ਨਿਰਦੇਸ਼
ਨਵੀਂ ਦਿੱਲੀ/ਸ੍ਰੀਨਗਰ: ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਕਸ਼ਮੀਰੀ ਲੋਕਾਂ, ਜਿਨ੍ਹਾਂ ਵਿਚ ਵਿਦਿਆਰਥੀ ਵੀ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਏ ਜਾਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਪੰਜਾਬ ਸਮੇਤ 11 ਰਾਜਾਂ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਸ਼ਮੀਰੀਆਂ ਨਾਲ ਹੁੰਦੀ ਵਧੀਕੀ ਨੂੰ ਰੋਕਣ ਲਈ ਫੌਰੀ ਕਾਰਵਾਈ ਕਰਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਮਹਿਬੂਬਾ ਮੁਫਤੀ ਤੇ ਉਮਰ ਅਬਦੁੱਲ੍ਹਾ ਨੇ ਸਿਖਰਲੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
______________________________
ਸਾਡੀ ਜੰਗ ਕਸ਼ਮੀਰੀਆਂ ਨਾਲ ਨਹੀਂ, ਅਤਿਵਾਦੀਆਂ ਖਿਲਾਫ: ਮੋਦੀ
ਟੌਂਕ (ਰਾਜਸਥਾਨ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ ਦੀ ਜੰਗ ਕਸ਼ਮੀਰੀਆਂ ਨਾਲ ਨਹੀਂ ਸਗੋਂ ਅਤਿਵਾਦੀਆਂ ਖਿਲਾਫ ਹੈ। ਉਨ੍ਹਾਂ ਅਹਿਦ ਲਿਆ ਕਿ ਪੁਲਵਾਮਾ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਇਸ ਦੀ ਕੀਮਤ ਅਦਾ ਕਰਨੀ ਪਏਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੌਜ, ਸਰਕਾਰ ਅਤੇ ਮਾਂ ਭਵਾਨੀ ਦੇ ਆਸ਼ੀਰਵਾਦ ‘ਤੇ ਭਰੋਸਾ ਰੱਖਣ। ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਵਰ੍ਹਦਿਆਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਉਹ ਆਪਣੇ ਸ਼ਬਦਾਂ ‘ਤੇ ਖਰਾ ਉਤਰੇ।