ਭਾਰਤੀ ਸਖਤੀ ਨੇ ਹਿੰਦ-ਪਾਕਿ ਵਿਚਾਲੇ ਵਪਾਰ ਨੂੰ ਲਾਈ ਬਰੇਕ

ਅਟਾਰੀ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਸਖਤੀ ਨੇ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਨਾਲ ਹੋਣ ਵਾਲੇ ਵਪਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਭਾਰਤ ਨੇ ਜਿਥੇ ਪਾਕਿਸਤਾਨ ਤੋਂ ਤਰਜੀਹੀ ਮੁਲਕ ਦਾ ਦਰਜ ਖੋਹ ਲਿਆ ਉਥੇ 200 ਫੀਸਦੀ ਕਸਟਮ ਡਿਊਟੀ ਲਾਉਣ ਕਾਰਨ ਬੰਦ ਕੀਤੇ ਕਾਰੋਬਾਰ ਦੇ ਬਦਲੇ ਭਾਰਤ ਤੋਂ ਜਾਣ ਵਾਲੀਆਂ 90 ਵਸਤਾਂ ‘ਤੇ ਰੋਕ ਲਾ ਦਿੱਤੀ ਹੈ। ਇਸ ਕਾਰਨ ਸੰਗਠਿਤ ਚੈੱਕ ਪੋਸਟ ਅਟਾਰੀ ਤੋਂ ਨਾ ਤਾਂ ਕੋਈ ਟਰੱਕ ਪਾਕਿਸਤਾਨ ਗਿਆ ਅਤੇ ਨਾ ਹੀ ਕੋਈ ਟਰੱਕ ਪਾਕਿਸਤਾਨ ਤੋਂ ਭਾਰਤ ਆਇਆ।

ਭਾਰਤੀ ਕਾਰੋਬਾਰੀਆਂ ਨੂੰ ਇਸ ਦਾ ਸਭ ਤੋਂ ਵੱਧ ਸੇਕ ਲੱਗਾ ਹੈ।
ਦੱਸ ਦਈਏ ਕਿ ਤਲਖ ਹਾਲਾਤ ਦੇ ਬਾਵਜੂਦ ਸਾਲ 2018 ਵਿਚ ਦੋਵਾਂ ਦੇਸ਼ਾਂ ਵਿਚਾਲੇ 140 ਅਰਬ ਰੁਪਏ ਦਾ ਵਪਾਰ ਹੋਇਆ ਸੀ। ਭਾਵੇਂ ਪਾਕਿਸਤਾਨ ਵੱਲੋਂ ਸਾਲ 2017-18 ਵਿਚ ਭਾਰਤ ਤੋਂ ਆਉਂਦੀਆਂ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ‘ਤੇ ਪਾਬੰਦੀ ਲਗਾਉਣ ਕਰ ਕੇ ਭਾਰਤ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਤਾਂ ਖਤਮ ਹੋ ਗਈ ਸੀ ਪਰ ਪਾਕਿਸਤਾਨ ਵੱਲੋਂ ਭਾਰਤ ਨੂੰ ਅਜਿਹੀਆਂ ਵਸਤਾਂ ਦੀ ਬਰਾਮਦ ਜਾਰੀ ਸੀ। ਸਾਲ 2017-18 ਵਿਚ ਪਾਕਿਸਤਾਨ ਵੱਲੋਂ ਵੱਖ-ਵੱਖ ਵਸਤਾਂ ਦੇ 45,000 ਦੇ ਕਰੀਬ ਟਰੱਕ ਭਾਰਤ ਭੇਜੇ ਗਏ ਸਨ, ਜਿਨ੍ਹਾਂ ਦੀ ਕੀਮਤ 34,000 ਕਰੋੜ ਤੋਂ ਵਧੇਰੇ ਸੀ। ਪਾਕਿਸਤਾਨ ਵੱਲੋਂ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ‘ਤੇ ਲਗਾਈ ਰੋਕ ਕਰਕੇ ਪਿਛਲੇ ਸਾਲ ਆਪਸੀ ਵਪਾਰ 140 ਅਰਬ ਰੁਪਏ ਦਾ ਹੀ ਰਹਿ ਗਿਆ ਸੀ। ਪਾਕਿਸਤਾਨ ਨੂੰ ਭਾਰਤ ਵੱਲੋਂ ਵਪਾਰ ਵਿਚ ਤਰਜੀਹੀ ਦੇਸ਼ ਦਾ ਦਰਜਾ ਦਿੱਤੇ ਜਾਣ ਕਾਰਨ ਉਥੋਂ ਸੀਮੈਂਟ, ਸੁੱਕੇ ਮੇਵੇ, ਜਿਪਸਮ, ਸ਼ੀਸ਼ਾ, ਚਮੜਾ, ਟਾਇਰ, ਪਿਆਜ਼ ਅਤੇ ਖਾਣਾਂ ਦਾ ਲੂਣ, ਸੋਢਾ, ਕੱਚਾ ਐਲੂਮੀਨੀਅਮ, ਉੱਨ ਤੇ ਅਨਾਰਦਾਣਾ ਆਦਿ ਚੀਜ਼ਾਂ ਭਾਰਤ ਭੇਜੀਆਂ ਜਾਂਦੀਆਂ ਹਨ, ਜਦੋਂ ਕਿ ਭਾਰਤ ਵੱਲੋਂ ਫਲ, ਸਬਜ਼ੀਆਂ, ਸੂਤੀ ਧਾਗਾ ਅਤੇ ਸੋਇਆਬੀਨ ਆਦਿ ਭੇਜੇ ਜਾਂਦੇ ਹਨ।
ਭਾਰਤ ਵੱਲੋਂ ਇਕਦਮ ਵਪਾਰ ਬੰਦ ਕਰ ਦੇਣ ਨਾਲ ਸੰਗਠਿਤ ਜਾਂਚ ਚੌਕੀ ਅਟਾਰੀ ‘ਤੇ ਪਾਕਿਸਤਾਨ ਵਲੋਂ ਆਉਣ ਵਾਲਾ ਸਾਰਾ ਮਾਲ ਇਕਦਮ ਰੁਕ ਗਿਆ, ਜਿਸ ਦਾ ਭਾਰਤ ਦੇ ਵਪਾਰੀਆਂ ਨੂੰ ਵੱਡਾ ਖਸਾਰਾ ਪੈਣ ਦਾ ਖਤਰਾ ਬਣ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ 15,000 ਕਰੋੜ ਤੋਂ ਵੀ ਵਧੇਰੇ ਦਾ ਆਪਸੀ ਵਪਾਰ ਹੁੰਦਾ ਰਿਹਾ ਹੈ, ਜਿਸ ਵਿਚੋਂ ਭਾਰਤ ਵਲੋਂ ਬਰਾਮਦ ਕੀਤਾ ਗਿਆ ਸਾਮਾਨ 12,000 ਕਰੋੜ ਤੋਂ ਵੀ ਵਧੇਰੇ ਸੀ ਅਤੇ ਪਾਕਿਸਤਾਨ ਦੇ ਸਾਮਾਨ ਦੀ ਕੀਮਤ 2500 ਕਰੋੜ ਦੇ ਕਰੀਬ ਸੀ। ਪਿਛਲੇ ਸਾਲ ਪਾਕਿਸਤਾਨ ਨੇ ਭਾਰਤ ਨੂੰ 163 ਕਰੋੜ ਰੁਪਏ ਦਾ ਸੀਮੈਂਟ ਵੇਚਿਆ ਸੀ ਪਰ ਦੂਜੇ ਪਾਸੇ ਹਾਲੇ ਵੀ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਜਾਰੀ ਹੈ।
___________________________
ਪਾਕਿਸਤਾਨ ‘ਚ ਟਮਾਟਰ ਹੋਏ 200 ਰੁਪਏ ਕਿੱਲੋ
ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਖਤਮ ਕਰਨ ਅਤੇ ਪਾਕਿ ਤੋਂ ਆਉਣ ਵਾਲੇ ਸਾਮਾਨ ‘ਤੇ ਕਸਟਮ ਡਿਊਟੀ 200 ਫੀਸਦੀ ਵਧਾਉਣ ਪਾਕਿਸਤਾਨ ‘ਚ ਟਮਾਟਰ ਦਾ ਭਾਅ ਵਧ ਕੇ 200 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। ਪਾਕਿਸਤਾਨ ‘ਚ ਸਭ ਤੋਂ ਵਧੇਰੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ‘ਚ ਟਮਾਟਰ ਪ੍ਰਮੁੱਖ ਹੈ ਅਤੇ ਇਕ ਅਨੁਮਾਨ ਅਨੁਸਾਰ ਪਾਕਿ ‘ਚ ਰੋਜ਼ਾਨਾ 2 ਹਜ਼ਾਰ ਟਨ ਟਮਾਟਰ ਦੀ ਖਪਤ ਹੁੰਦੀ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਨੂੰ ਦਿੱਤਾ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਖਤਮ ਕਰਨ ਅਤੇ ਪਾਕਿ ਤੋਂ ਆਉਣ ਵਾਲੇ ਸਾਮਾਨ ‘ਤੇ ਕਸਟਮ ਡਿਊਟੀ 200 ਫੀਸਦੀ ਵਧਾਉਣ ਕਾਰਨ ਪਾਕਿ ਨੂੰ ਮੌਜੂਦਾ ਸਮੇਂ ਟਮਾਟਰ ਅਫਗਾਨਿਸਤਾਨ ਤੋਂ ਮੰਗਵਾਉਣਾ ਪੈ ਰਿਹਾ ਹੈ।