ਸ਼ਾਹ ਮੁਹੰਮਦ ਅਤੇ ਪੰਜਾਬੀਅਤ ਦਾ ਪਰਚਮ

ਸ਼ਾਹ ਮੁਹੰਮਦ ਦੇ ਬਹਾਨੇ ਪੰਜਾਬ ਦੀ ਪੀੜ ਨੂੰ ਸਮਝਦਿਆਂ-3
ਪੀ.ਕੇ. ਨਿਝਾਵਨ ਹੋਣ ਦੇ ਅਰਥ…
ਪੀ. ਕੇ. ਨਿਝਾਵਨ (1927-2006) ਪੱਛਮੀ ਪੰਜਾਬ ਵਿਚ ਐਮਨਾਬਾਦ ਵਿਚ ਜਨਮਿਆ ਸੁਹਿਰਦ ਪੰਜਾਬੀ ਵਿਦਵਾਨ ਹੈ। ਉਹ ਲੰਮਾ ਸਮਾਂ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਉਚ ਅਹੁਦਿਆਂ ‘ਤੇ ਰਿਹਾ ਅਤੇ ਫਿਰ ਬੰਬਈ ਵਿਚ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਦਾ ਐਸੋਸੀਏਟ ਸੰਪਾਦਕ ਵੀ ਬਣਿਆ। ਨਿਝਾਵਨ ਧਾਰਮਕ ਪਛਾਣਾਂ ਤੋਂ ਪਾਰ ਸਾਂਝੀ ਪੰਜਾਬੀਅਤ ਦਾ ਮੁੱਦਈ ਹੈ। ਜਦੋਂ ਪੰਜਾਬ ਵਿਚ ਧਾਰਮਕ ਪਛਾਣ ਦੇ ਆਧਾਰ ‘ਤੇ ਹਿੰਸਾ-ਪ੍ਰਤੀ-ਹਿੰਸਾ ਦਾ ਦੌਰ ਚੱਲਿਆ ਤਾਂ ਉਹ ਲੋਕਾਂ ਨੂੰ ਸਾਂਝੇ ਪੰਜਾਬ ਦੀ ਪੰਜਾਬੀਅਤ ਦੇ ਤਸੱਵੁਰ ਦਾ ਅਹਿਸਾਸ ਕਰਵਾਉਣ ਦੇ ਮਨਸ਼ੇ ਨਾਲ ਪੰਜਾਬ ਆ ਗਿਆ। ਉਸ ਨੇ ‘ਹਿੰਦੂਇਜ਼ਮ ਰੀਵਿਜਿਟਿਡ’ ਤੇ ‘ਸ੍ਰੀ ਗੋਬਿੰਦ ਗੀਤਾ’ ਵਰਗੀਆਂ ਇਤਿਹਾਸਕ ਤੌਰ ‘ਤੇ ਮੁੱਲਵਾਨ ਕਿਤਾਬਾਂ ਦੀ ਰਚਨਾ ਕੀਤੀ।

ਨਿਝਾਵਨ ਸ਼ਾਹ ਮੁਹੰਮਦ ਨੂੰ ਵੱਖ-ਵੱਖ ਧਰਮਾਂ ਦੇ ਪੰਜਾਬੀਆਂ ਦੀ ਸਾਂਝੀ ਪੰਜਾਬੀਅਤ ਦਾ ਪ੍ਰਤੀਕ ਮੰਨਦਾ ਹੈ। ਇਸ ਲਈ ਉਹ ‘ਦਿ ਫਰਸਟ ਪੰਜਾਬ ਵਾਰ-ਸ਼ਾਹ ਮੁਹੰਮਦ’ਜ਼ ਜੰਗਨਾਮਾ (2001)’ ਸਿਰਲੇਖ ਹੇਠ ਨਿਵੇਕਲੀ ਪੁਸਤਕ ਦੀ ਰਚਨਾ ਕਰਦਾ ਹੈ, ਜਿਸ ਵਿਚ ਜੰਗਨਾਮੇ ਦੀ ਗੁਰਮੁਖੀ ਅਤੇ ਸ਼ਾਹਮੁਖੀ ਟੈਕਸਟ ਦੇ ਨਾਲ ਇਸ ਦਾ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਵੀ ਕੀਤਾ ਗਿਆ। ਉਸ ਮੰਨਦਾ ਹੈ ਕਿ ਇਹ ਜੰਗਨਾਮਾ ਪੰਜਾਬੀ ਸਾਹਿਤ ਅਤੇ ਲੋਕ ਸਾਹਿਤ ਵਿਚ ਅਜਿਹੀ ਵਾਹਦ ਰਚਨਾ ਹੈ, ਜਿਸ ਵਿਚ ਪੰਜਾਬੀ ਇਕਜੁੱਟਤਾ ਅਤੇ ਸਾਂਝੀ ਪੰਜਾਬੀਅਤ ਭਰਵੇਂ ਰੂਪ ਵਿਚ ਪੇਸ਼ ਹੁੰਦੀ ਹੈ।
ਇਸ ਪੁਸਤਕ ਦੀ ਭੂਮਿਕਾ ਵਜੋਂ ਸ਼ਾਮਿਲ ਇਸ ਲੇਖ ਵਿਚ ਉਹ ਇਹ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪੰਜਾਬ ਵਿਚ ਫਿਰਕਾਪ੍ਰਸਤੀ ਇਸ ਰੂਪ ਵਿਚ ਕਿਵੇਂ ਅਤੇ ਕਿਉਂ ਪੈਦਾ ਹੋਈ? ਉਹ ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ’ ਵਾਲੇ ਪੰਜਾਬ ਦੀ ਸਾਂਝੀਵਾਲਤਾ ਵਾਲੀ ਜੀਵਨ ਰੌਂਅ ਦਾ, ਅੰਗਰੇਜ਼ੀ ਸ਼ਾਸਨ ਅਤੇ ਆਰੀਆ ਸਮਾਜ ਵਰਗੀਆਂ ਧਰਮ ਸੁਧਾਰ ਲਹਿਰਾਂ ਵਲੋਂ ਕੀਤੇ ਇਤਿਹਾਸਕ ਘਾਣ ਦੀ ਪਛਾਣ ਕਰਦਾ ਹੈ। ਇਸ ਲਈ ਉਹ ਅਲਹਿਦਗੀ ਪੈਦਾ ਕਰਨ ਵਾਲੀ ਆਰੀਆ ਸਮਾਜੀ ਵਿਆਖਿਆ ਦੀ ਥਾਂ ਹਿੰਦੂ ਧਰਮ ਦੀ ਬਹੁਲਤਾਵਾਦੀ ਸਨਾਤਨੀ ਵਿਆਖਿਆ ਕਰਦਾ ਹੋਇਆ ਪੰਜਾਬ ਵਿਚ ਹਿੰਦੂ-ਸਿੱਖਾਂ ਦੀਆਂ ਪੀਡੀਆਂ ਸਾਂਝਾਂ ਨੂੰ ਸਥਾਪਿਤ ਕਰਦਾ ਹੈ।
ਸਾਡੇ ਵੇਲਿਆਂ ਵਿਚ ਜਦੋਂ ਫਿਰਕਾਪ੍ਰਸਤ ਤਰਕ ਭਾਰੂ ਤੇ ਸਰਕਾਰੂ ਹੋਇਆ ਲੱਗਦਾ ਹੈ ਤਾਂ ਇਹ ਰਚਨਾ ਅੱਜ ਵੀ ਪ੍ਰਸੰਗਿਕ ਹੈ। ਅਸੀਂ ਇਸ ਲੇਖ ਦਾ ਅਨੁਵਾਦ ਇਸ ਆਸ ਨਾਲ ਛਾਪ ਰਹੇ ਹਾਂ ਕਿ ਬਹੁਪੱਖੀ ਸੰਕਟਾਂ ਵਿਚ ਗ੍ਰਸੇ ਪੰਜਾਬੀਆਂ ਲਈ ਸ਼ਾਹ ਮੁਹੰਮਦ ਦੀ ਸਾਂਝੀ ਪੰਜਾਬੀਅਤ, ਭਵਿਖ ਦੀ ਯੋਜਨਾਬੰਦੀ ਦਾ ਰਵਾਨਗੀ ਬਿੰਦੂ ਬਣ ਸਕਦੀ ਹੈ। ਇਸ ਦਾ ਅਨੁਵਾਦ ਰਵਿੰਦਰ ਸਿੰਘ ਘੁੰਮਣ ਨੇ ਕੀਤਾ ਹੈ। ਇਸ ਲਿਖਤ ਦੀ ਤੀਜੀ ਤੇ ਆਖਰੀ ਕਿਸ਼ਤ ਹਾਜ਼ਰ ਹੈ।

ਪੀ.ਕੇ. ਨਿਝਾਵਨ
ਤਰਜਮਾ: ਰਵਿੰਦਰ ਸਿੰਘ ਘੁੰਮਣ
ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ)
ਫੋਨ: +91-81461-56500

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(5)
ਅਸੀਂ ਸ਼ਾਹ ਮੁਹੰਮਦ ਬਾਰੇ ਚਰਚਾ ਕਰਦਿਆਂ ਪੰਜਾਬੀ ਰਾਸ਼ਟਰਵਾਦ ਬਾਰੇ, ਇਸ ਵਿਚਲੇ ਵੱਖ-ਵੱਖ ਫਿਰਕਿਆਂ ਸਮੇਤ ਲੰਮਾ ਵਿਸ਼ਲੇਸ਼ਣ ਕੀਤਾ ਹੈ। ਮੇਰਾ ਵਿਚਾਰ ਹੈ ਕਿ ਅਸਲ ਵਿਚ ਇਹ ਜੰਗ ਹਿੰਦ ਜਾਂ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਵਾਲੇ ਭਾਰਤ ਨਾਲ ਸਿੱਖਾਂ ਦੀ ਨਹੀਂ ਸੀ, ਸਗੋਂ ਸਾਰੇ ਪੰਜਾਬ ਦੀ ਸੀ। ਇਸ ਕਥਾ ਦਾ ਸਿਰਲੇਖ ਹੀ ਇਹ ਸਪਸ਼ਟ ਕਰ ਦਿੰਦਾ ਹੈ ਕਿ ਇਹ ਜੰਗ ਦੋ ਖੁਦਮੁਖਤਾਰ ਦੇਸ਼ਾਂ ਦਰਮਿਆਨ ਸੀ-ਇਕ ਪਾਸੇ ਈਸਟ ਇੰਡੀਆ ਦੇ ਕਬਜ਼ੇ ਵਾਲਾ ਭਾਰਤ ਸੀ ਅਤੇ ਦੂਜੇ ਪਾਸੇ ਪੰਜਾਬ ਸੀ, ਜਿਸ ਨੂੰ ਖਾਲਸਾ ਦਰਬਾਰ ਚਿੰਨ੍ਹਤ ਕਰਦਾ ਸੀ। ਆਪਣੇ ਇਸ ਦਾਅਵੇ ਨੂੰ ਬਾਦਲੀਲ ਸਪਸ਼ਟ ਕਰਨ ਲਈ ਪੰਜਾਬੀ ਰਾਸ਼ਟਰਵਾਦ ਦੀਆਂ ਕੁਝ ਝਲਕਾਂ ਦਿਖਾਉਣੀਆਂ ਜ਼ਰੂਰੀ ਹਨ। ਮਸਲਨ ਬੰਦ 63 ਅਨੁਸਾਰ:
ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,
ਦਿੱਲੀ, ਆਗਰੇ, ਹਾਂਸੀ, ਹਿਸਾਰ ਮੀਆਂ।
ਬੀਕਾਨੇਰ, ਗੁਲਨੇਰ, ਭਟਨੇਰ, ਜੈਪੁਰ,
ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ।
ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ,
ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ।
ਸ਼ਾਹ ਮੁਹੰਮਦਾ ਕਿਸੇ ਨੇ ਅਟਕਣਾ ਨਈਂ,
ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ।

ਅਗਲੀ ਝਲਕ ਬੰਦ 72 ਵਿਚ ਇਸ ਤਰ੍ਹਾਂ ਹੈ:
ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,
ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ।
ਸਿੰਘਾਂ ਮਾਰ ਕੇ ਕਟਕ ਮੁਕਾਇ ਦਿੱਤੇ,
ਹਿੰਦੁਸਤਾਨੀ ਤੇ ਪੂਰਬੀ ਦੱਖਣੀ ਜੀ।
ਨੰਦਨ ਟਾਪੂਆਂ ਵਿਚ ਕੁਰਲਾਟ ਹੋਈ,
ਕੁਰਸੀ ਚਾਰ ਹਜ਼ਾਰ ਹੈ ਸੱਖਣੀ ਜੀ।
ਸ਼ਾਹ ਮੁਹੰਮਦਾ ਲਾਟ ਹੁਣ ਕਹਿਣ ਲੱਗਾ,
ਰੱਤ ਸਿੰਘ ਸਿਪਾਹੀ ਦੀ ਚੱਖਣੀ ਜੀ।

ਬੰਦ 88 ਇਸ ਦਾ ਪੱਖ ਸਪਸ਼ਟ ਕਰਦਾ ਹੈ:
ਪਿਛੋਂ ਬੈਠ ਸਰਦਾਰਾਂ ਗੁਰਮਤਾ ਕੀਤਾ,
ਕੋਈ ਅਕਲ ਦਾ ਕਰੋ ਇਲਾਜ ਯਾਰੋ।
ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ,
ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ।
ਮੁੱਠ ਮੀਟੀ ਸੀ ਏਸ ਪੰਜਾਬ ਦੀ ਜੀ,
ਇਨ੍ਹਾਂ ਖੋਲ੍ਹ ਦਿਤਾ ਅੱਜ ਪਾਜ ਯਾਰੋ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਏਥੇ,
ਕਦੇ ਰਾਜ ਨਾ ਹੋਇ ਮੁਥਾਜ ਯਾਰੋ।

ਪਰ ਬੰਦ 90 ਸਭ ਦਾ ਸਿਖਰ ਹੈ:
ਆਈਆਂ ਪੜਤਲਾਂ ਬੀੜ ਕੇ ਤੋਪਖਾਨੇ,
ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ,
ਹੱਲੇ ਤਿੰਨ ਫਿਰੰਗੀ ਦੇ ਮੋੜ ਸੁੱਟੇ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ,
ਮਾਰ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਙ ਨਿੰਬੂਆਂ ਲਹੂ ਨਿਚੋੜ ਸੁੱਟੇ।
ਸਾਰੇ ਜੰਗਨਾਮੇ ਵਿਚ ਪੰਜਾਬੀ ਰਾਸ਼ਟਰਵਾਦ ਇਸ ਦੀ ਮੂਲ ਸੁਰ ਵਾਂਗ ਸਮੋਇਆ ਹੋਇਆ ਹੈ। ਇਹ ਤੱਥ ਹੈ ਕਿ ਪੂਰੇ ਜੰਗਨਾਮੇ ਵਿਚ ਇਕ ਵੀ ਵੇਰਵਾ ਜਾਂ ਸੰਕੇਤ ਅਜਿਹਾ ਨਹੀਂ ਜਿਸ ਤੋਂ ਕੋਈ ਫਿਰਕੂ ਭਾਅ ਆਉਂਦੀ ਹੋਵੇ। ਪੰਜਾਬੀ ਪਾਠਕ ਨੂੰ ਇਹ ਗੱਲ ਲਾਜ਼ਮੀ ਪ੍ਰਭਾਵਿਤ ਕਰੇਗੀ ਕਿ ਅੱਜ ਦੇ ਪੰਜਾਬ ਨੇ ਇਥੋਂ ਤੱਕ ਕਿ ਮੇਰੀ ਪੀੜ੍ਹੀ ਨੇ ਵੀ ਇਹ ਸੰਪਰਦਾਇਕ ਪੰਜਾਬੀ ਏਕਤਾ ਅਨੁਭਵ ਨਹੀਂ ਕੀਤੀ। ਸਾਡੇ ਆਗੂਆਂ, ਸਾਡੇ ਸਿਖਿਆ ਪ੍ਰਬੰਧ, ਸਾਡੀਆਂ ਸੰਸਥਾਵਾਂ ਆਦਿ, ਪਿਛਲੇ 50 ਸਾਲਾਂ ਵਿਚ ਬੁਰੀ ਤਰ੍ਹਾਂ ਫਿਰਕੂ ਰੰਗ ਵਿਚ ਰੰਗੇ ਗਏ ਹਨ। ਅਸੀਂ ਸ਼ਾਇਦ ਇਸ ਵਿਚ ਡਿਗਣ ਲਈ ਵਧੇਰੇ ਹੀ ਕਾਹਲੇ ਸਾਂ ਅਤੇ ਦੁਖਾਂਤ ਇਹ ਹੈ ਕਿ ਅਸੀਂ ਇਹ ਮੰਨਣਾ ਸ਼ੁਰੂ ਕਰ ਦਿਤਾ ਹੈ ਕਿ ਇਹ ਸਾਰਾ ਕੁਝ ਇਤਿਹਾਸ ਦੀਆਂ ਘਟਨਾਵਾਂ ਦਾ ਸੁਭਾਵਿਕ ਨਤੀਜਾ ਹੈ ਅਤੇ ਇਹ ਇੰਜ ਹੀ ਹੋਣਾ ਸੀ।
ਅਸੀਂ ਹਿੰਦੂਆਂ ਨੇ ਹਮੇਸ਼ਾ ਇਹ ਸਮਝਿਆ ਹੈ ਕਿ ਮੁਸਲਿਮ ਨਜ਼ਰੀਆ ਹੀ ਸਾਰੀ ਸੰਪਰਦਾਇਕਤਾ ਦੀ ਜੜ੍ਹ ਹੈ, ਜਦੋਂ ਕਿ ਮੁਸਲਮਾਨ ਆਪਣੇ ਆਪ ਨੂੰ ਇਸ ਤਰ੍ਹਾਂ ਪੀੜਿਤ ਧਿਰ ਸਮਝਦੇ ਰਹੇ ਕਿ ਹਿੰਦੂ ਬਹੁਗਿਣਤੀ ਵਿਚ ਹੋਣ ਕਾਰਨ ਉਨ੍ਹਾਂ ਨੂੰ ਗੁਲਾਮ ਬਣਾਉਣ ‘ਤੇ ਤੁਲੇ ਹੋਏ ਹਨ। ਸ਼ਾਹ ਮੁਹੰਮਦ ਇਹ ਸੁਝਾਉਂਦਾ ਹੈ ਕਿ ਜਿਸ ਨੂੰ ਅਸੀਂ ਇਲਾਹੀ ਸੱਚ ਸਮਝਦੇ ਰਹੇ ਹਾਂ, ਅਸਲ ਵਿਚ ਉਹ ਸਿਰਫ ਨਜ਼ਰ ਦਾ ਭਰਮ ਸੀ, ਸਗੋਂ ਪਥ ਭ੍ਰਿਸ਼ਟਤਾ ਸੀ। ਵੈਸ਼ਨਵਵਾਦੀਆਂ ਅਤੇ ਸੂਫੀਆਂ ਨੇ ਆਪਣੇ ਸ਼ਰਧਾਲੂਆਂ ਦੇ ਇਕੱਠੇ ਹੋਣ ਲਈ ਖੇਤਰੀ ਆਧਾਰ ਮੁਹੱਈਆ ਕੀਤੇ ਹਨ। ਇਸ ਨੂੰ ਅੱਜ ਕਲ੍ਹ ਉਪ-ਰਾਸ਼ਟਰਵਾਦ ਕਿਹਾ ਜਾ ਰਿਹਾ ਹੈ, ਸ਼ਾਇਦ ਸਾਡੀ ਰਾਸ਼ਟਰੀ ਚੇਤਨਾ ਨੂੰ ਇਸ ਉਪ-ਰਾਸ਼ਟਰਵਾਦ ‘ਤੇ ਆਧਾਰਤ ਹੋਣਾ ਚਾਹੀਦਾ ਹੈ।
ਜੇ ਅਸੀਂ ਅਸਲੀ ਮੁੱਦੇ ਤੋਂ ਨਾ ਭਟਕੀਏ ਤਾਂ ਸਾਡੇ ਰਾਸ਼ਟਰੀ ਨਜ਼ਰੀਏ ਵਿਚ ਉਦੋਂ ਤਬਦੀਲੀ ਆਉਣੀ ਸ਼ੁਰੂ ਹੋਈ ਜਦੋਂ ਪੂਰੇ ਉਤਰੀ ਭਾਰਤ, ਖਾਸ ਕਰ ਹਿੰਦੀ ਇਲਾਕੇ ਵਿਚ ਧਾਰਮਕ ਵਿਵਾਦ ਦਾ ਦੌਰ ਸ਼ੁਰੂ ਹੋਇਆ। ਜਿਸ ਸਵਾਲ ‘ਤੇ ਕਸਬਾ-ਦਰ-ਕਸਬਾ ਬਹਿਸ ਹੋ ਰਹੀ ਸੀ, ਉਹ ਇਹ ਸੀ ਕਿ ਕਿਸ ਦਾ ਰੱਬ ਵਧੇਰੇ ਸੱਚਾ ਹੈ? ਪ੍ਰਭਾਵ ਸਰੂਪ ਇਹ ਕਿਹਾ ਜਾ ਰਿਹਾ ਸੀ ਕਿ ਦੂਜਾ ਰੱਬ ਨਾ ਹੀ ਸਿਰਫ ਸੱਚਾ ਨਹੀਂ ਹੈ ਸਗੋਂ ਝੂਠਾ ਹੈ। ਇਸ ਵਿਵਾਦ ਨੇ ਉਨ੍ਹਾਂ ਲੋਕਾਂ ਵਿਚ ਬਹੁਤ ਸਾਰੀ ਫਿਰਕੂ ਤਪਸ਼ ਪੈਦਾ ਕੀਤੀ ਜੋ ਸਦੀਆਂ ਤੋਂ ਇਕੱਠੇ ਰਹਿ ਰਹੇ ਸਨ। ਆਓ, ਕੁਝ ਪੰਨੇ ‘ਸਤਿਆਰਥ ਪ੍ਰਕਾਸ਼’ ਦੇ ਪਲਟਦੇ ਹਾਂ ਤਾਂ ਕਿ ਸਪਸ਼ਟ ਹੋਵੇ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਜਦੋਂ ਮੂਲਵਾਦੀ ਨਜ਼ਰੀਆ ਮੁੱਖ ਧਾਰਾ ਬਣ ਕੇ ਸਰਬਗ੍ਰਾਹੀ ਲੱਗਣ ਲੱਗਾ ਤਾਂ ਸਮਾਨਤਾਵਾਦੀ ਜਾਂ ਬਰਾਬਰੀ ਦੇ ਵਿਚਾਰ ਗਾਇਬ ਹੋਣ ਲੱਗੇ। ਇੰਜ ਲੱਗਦਾ ਹੈ ਕਿ ਵੇਲੇ ਦੀ ਸਰਕਾਰ ਵੀ ਇਸ ਨੂੰ ਹੱਲਾਸ਼ੇਰੀ ਦਿੰਦੀ ਰਹੀ, ਜਿਸ ਦਾ ਲੋਕਾਂ ਨੂੰ ਵੰਡਣ ਤੋਂ ਬਿਨਾ ਹੋਰ ਕੋਈ ਮਕਸਦ ਨਹੀਂ ਸੀ।
ਭਾਰਤ ਵਿਚ ਇਹ ਲੰਮੀ ਪਰੰਪਰਾ ਹੈ, ਜਿਸ ਵਿਚ ਕਿਸੇ ਦੇ ਸ਼ੰਕਿਆਂ ਦੀ ਨਵਿਰਤੀ ਕੀਤੀ ਜਾਂਦੀ ਹੈ ਅਤੇ ਉਹ ਸਵਾਲ ਖੜ੍ਹੇ ਕੀਤੇ ਜਾਂਦੇ ਹਨ, ਜੋ ਬਣੇ ਬਣਾਏ ਉਤਰਾਂ ਨੂੰ ਰੱਦ ਕਰਦੇ ਹੋਣ। ਆਖਰਕਾਰ ਇਹ ਬੰਦੇ ਦੀ ਆਤਮਕ ਤੜਪ ਹੈ, ਜਿਸ ਨੇ ਜੀਵਨ ਅਤੇ ਸਭਿਆਚਾਰ ਨੂੰ ਅਨੇਕਾਂ ਅਰਥ ਦਿਤੇ ਹਨ। ਸਾਡੇ ਕੋਲ ਸ਼ਾਸਤਰਾਰਥ ਦੀ ਆਪਣੀ ਪਰੰਪਰਾ ਰਹੀ ਹੈ। ਇਹ ਸਿਰਜਣਾਤਮਕ ਵਿਚਾਰ-ਚਰਚਾ ਹੁੰਦੀ ਸੀ ਤਾਂ ਜੋ ਕਿਸੇ ਸਹੀ ਨਤੀਜੇ ‘ਤੇ ਪਹੁੰਚਿਆ ਜਾ ਸਕੇ। ਇਸ ਵਿਚ ਲਾਜ਼ਮੀ ਸੀ ਕਿ ਚਰਚਾ ਨਿਸ਼ਚਿਤ ਮਾਪਦੰਡਾਂ ਦਰਮਿਆਨ ਹੀ ਰਹੇ। ਇਸੇ ਤਰੀਕੇ ਨਾਲ ਹੀ ਉਪਨਿਸ਼ਦਾਂ ਦੀ ਰਚਨਾ ਹੋਈ ਅਤੇ ਉਹ ਇਕੱਠੇ ਕੀਤੇ ਗਏ। ਸੁਕਰਾਤ ਨੇ ਵੀ ਸੱਚ ਦੀ ਭਾਲ ਲਈ ਇਹੀ ਵਿਧੀ ਵਰਤੀ ਸੀ ਅਤੇ ਆਪਣਾ ਸੰਦੇਸ਼ ਫੈਲਾਇਆ। ਕਈ ਵਾਰ ਉਹ ਆਪ ਸਵਾਲ ਖੜ੍ਹਾ ਕਰਦਾ ਅਤੇ ਲੋਕਾਂ ਨੂੰ ਆਪ ਹੀ ਉਸ ਦਾ ਜਵਾਬ ਦਿੰਦਾ ਪਰ ਹੁਣ ਵਿਚਾਰ-ਚਰਚਾ ਵਿਚ ਵੀ ਹੱਦ ਬੰਨੇ ਨਾ ਰਹੇ। ਬਹੁਤ ਪ੍ਰੌੜ ਦਲੀਲ ਵੀ ਅਕਸਰ ਦੁਰਵਿਹਾਰ ਅਤੇ ਨਿੰਦਿਆ ਹੇਠਾਂ ਦਬ ਗਈ। ਕੁਝ ਹਾਲਤਾਂ ਵਿਚ ਵਿਸ਼ਵਾਸ ਦੇ ਸਵਾਲ ਨੂੰ ਉਸ ਤਰੀਕੇ ਨਾਲ ਸਬੂਤਾਂ ਨਾਲ ਜਾਂ ਤਰਕਾਂ ਨਾਲ ਨਜਿਠਿਆ ਜਾ ਸਕਦਾ ਹੈ। ਮਿਸਾਲ ਵਜੋਂ ਹਿੰਦੂ ਧਰਮ ਦੀ ਸਨਾਤਨੀ ਸ਼ਾਖਾ ਦਾ ਵਿਸ਼ਵਾਸ ਸਦੀਆਂ ਪੁਰਾਣਾ ਹੈ। ਇਸ ਨੇ ਸਮਾਜ ਵਿਚ ਬਹੁਲਤਾਵਾਦ ਦਾ ਪ੍ਰਤੀਮਾਨ ਪ੍ਰਸਾਰਿਆ ਪਰ ਜਦੋਂ ਇਸ ਦੀ ਨਿੰਦਾ ਹੋਣ ਲੱਗੀ ਤਾਂ ਇਸ ਸਮਾਜਕ ਨੇਮ ਦੀ ਹਾਨੀ ਹੋਈ। ਇਸ ਤਰ੍ਹਾਂ ਚੀਜ਼ਾਂ ਨੂੰ ਨਿਰਾਦਰੀ ਅਤੇ ਨਿੰਦਿਆ ਦੇ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ।
ਮਸਲਨ, ਇਸ ਢੰਗ ਨਾਲ ਕ੍ਰਿਸ਼ਨ-ਗੋਪੀਆਂ ਦੀ ਕ੍ਰੀੜਾ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ। ਹਿੰਦੂ ਧਰਮ ਵਿਚ ਸਭ ਤੋਂ ਵੱਧ ਨਿੰਦਿਆ ਵੈਸ਼ਨਵਵਾਦ ਦੀ ਹੋਈ, ਜਿਸ ਨੂੰ ਅਸੰਜਮੀ ਤੇ ਆਪਹੁਦਰੀ ਕਿਸਮ ਦੀ ਪੂਜਾ ਕਿਹਾ ਗਿਆ। ਹਿੰਦੂਆਂ ਨੂੰ ਅਕਸਰ ਦੁਨੀਆਂ ਦੇ ਪਹਿਲੇ ਲਿੰਗ-ਪੂਜਕ ਕਿਹਾ ਜਾਂਦਾ ਹੈ। ਜਦੋਂ ਇਕ ਦੂਜੇ ਧਰਮ ਨਾਲ ਚਰਚਾ ਦੀ ਹਾਲਤ ਹੁੰਦੀ ਹੈ ਤਾਂ ਇਸ ਤੱਥ ‘ਤੇ ਸਿਰ ਪਾੜਨ ਤੱਕ ਦੀ ਨੌਬਤ ਆ ਜਾਂਦੀ ਹੈ। ਇਸ ਨਾਲ ਕੀ ਹਾਸਲ ਹੋਇਆ? ਇਸ ਨੇ ਉਹ ਬੁਨਿਆਦੀ ਏਕਤਾ ਅਤੇ ਆਤਮਕ ਅਨੁਭਵ ਦਾ ਸੰਯੋਜਨ ਭੰਗ ਕਰ ਦਿਤਾ, ਜੋ ਹਿੰਦੂਆਂ ਨੂੰ ਹੋਰ ਧਰਮਾਂ ਦੇ ਨੇਮਾਂ-ਪ੍ਰਤੀਮਾਨਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਸੀ। ਇਸ ਨੇ ਸਮਾਜ ਦੀ ਆਤਮਕ ਸਿਹਤ ਨੂੰ ਗਲੀਆਂ ਵਿਚ ਟੋਟੇ ਟੋਟੇ ਕਰ ਦਿਤਾ। ਇਹ ਅਤਿ ਘਿਨਾਉਣਾ ਕਾਰਾ ਸੀ। ਇਕ ਝਟਕੇ ਨਾਲ ਹੀ ਮਿੱਥਾਂ ਦੇ ਰੂਪ ਵਿਚ ਚੱਲਿਆ ਆਉਂਦਾ ਲੋਕ ਗਿਆਨ ਪ੍ਰਾਚੀਨ ਕਾਲੀਨ ਅਸਭਿਅਕ ਔਰਤ-ਮਰਦ ਦਾ ਪ੍ਰਗਟਾਵਾ ਬਣਾ ਦਿਤਾ ਗਿਆ।
‘ਨਵਾਂ’ ਇਕਹਿਰਾ ਵਿਚਾਰ ਇਹ ਸੀ ਕਿ ਹਿੰਦੂਆਂ ਦਾ ਕੋਈ ਇਤਿਹਾਸ ਨਹੀਂ ਹੈ ਅਤੇ ਭਾਰਤ ਦੇ ਅਤੀਤ ਵਿਚ ਕੁਝ ਵੀ ਮੁੱਲਵਾਨ ਨਹੀਂ ਹੈ। ਇਸ ਦੇ ਉਲਟ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਡਾ ਅਤੀਤ ਬਹੁਤ ਅਮੀਰ ਸੀ, ਫਿਰ ਵੀ ਜੇ ਅਸੀਂ ਸੰਕਟ ਦੇ ਸਮੇਂ ਵਿਚ ਡਿਗ ਪਏ ਸੀ ਤਾਂ ਇਸ ਦਾ ਕਾਰਨ ਸਾਡਾ ਵੰਡੇ ਹੋਣਾ ਅਤੇ ਆਪਣੇ ਆਪ ਨੂੰ ਬਚਾਉਣ ਤੋਂ ਅਸਮਰਥ ਹੋਣਾ ਸੀ। ਦੋਨੋਂ ਤਰ੍ਹਾਂ ਨਾਲ ਅਤੀਤ ਉਪਹਾਸ ਦੀ ਵਸਤ ਬਣ ਗਿਆ।
ਇਸ ਪੁਨਰ-ਸੁਰਜੀਤੀ ਲਹਿਰ ਨੇ ਮੁਸਲਮਾਨਾਂ ਉਤੇ ਵੀ ਘੱਟ ਅਸਰ ਨਹੀਂ ਪਾਇਆ। ਉਹ ਇਹ ਮਹਿਸੂਸ ਕਰਨ ਲੱਗ ਪਏ ਕਿ ਜੇ ਉਹ ਸੱਚੇ ਮੁਸਲਮਾਨ ਬਣੇ ਹੁੰਦੇ, ਤਾਂ ਖੁਦਾ ਨੇ ਉਨ੍ਹਾਂ ਨੂੰ ਇਹ ਸਜ਼ਾ ਨਹੀਂ ਸੀ ਦੇਣੀ, ਭਾਵ ਉਹ ਆਪਣੇ ਹੀ ਘਰ ਵਿਚ ਕਮੀਣ ਬਣ ਕੇ ਰਹਿ ਗਏ ਸਨ। ਸਿੱਖ ਸੁਧਾਰਵਾਦੀ ਲਹਿਰ ਨੇ ਵੀ ਇਸੇ ਤਰ੍ਹਾਂ ਦਾ ਤਰਕ ਤਿਆਰ ਕੀਤਾ। ਉਨ੍ਹਾਂ ਸੋਚਿਆ ਕਿ ਉਨ੍ਹਾਂ ਦੀ ਹਿੰਦੂ ਧਰਮ ਨਾਲ ਨੇੜਤਾ ਕਾਰਨ ਉਨ੍ਹਾਂ ਨੂੰ ਖਾਲਸੇ ਦੁਆਰਾ ਕੀਤੀਆਂ ਬਹਾਦਰੀਆਂ ਦਾ ਉਚਿਤ ਫਲ ਨਹੀਂ ਮਿਲਿਆ। ਸਾਰ-ਤੱਤ ਇਹ ਹੈ ਕਿ ਇਕ ਵਾਰ ਜਦੋਂ ਪੁਨਰ ਸੁਧਾਰਵਾਦੀ ਸੋਚ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਹਰ ਭਾਈਚਾਰਾ ਜਾਂ ਫਿਰਕਾ ਅੱਡੋ-ਅੱਡ ਪਾਸੇ ਵੱਲ ਖਿਚਿਆ ਜਾਣ ਲੱਗਦਾ ਹੈ। ਸਮੇਂ ਦੇ ਬੀਤਣ ਨਾਲ ਇਹੀ ਦਲੀਲ ਇਕ ਪੜਾਅ ਹੋਰ ਅੱਗੇ ਚਲੀ ਜਾਂਦੀ ਹੈ ਅਤੇ ਇਹੀ ਫਿਰਕਾ ਵੱਖਰੀ ਕੌਮ ਜਾਂ ਰਾਸ਼ਟਰ ਬਣ ਜਾਂਦਾ ਹੈ, ਜੋ ਕਿਸੇ ਵੀ ਛੋਟੀ ਜਿਹੀ ਉਕਸਾਹਟ ‘ਤੇ ਲੜਨ-ਮਰਨ ਲਈ ਤਿਆਰ ਹੋ ਜਾਂਦਾ ਹੈ।
ਇਹੀ ਕੁਝ ਮੈਂ ਤੀਹਵਿਆਂ ਵਿਚ ਲਾਹੌਰ ਵਿਚ ਦੇਖਿਆ। ਜਦੋਂ ਲੋਕਾਂ ਨੇ ਸਮਾਜਕ ਅਤੇ ਧਾਰਮਕ ਖੇਤਰ ਵਿਚ ਮਾਨਵੀ ਸਭਿਅਤਾ ਦੀਆਂ ਉਚ ਮਾਨਵੀ ਕੀਮਤਾਂ ਨੂੰ ਛੱਡਣਾ ਸ਼ੁਰੂ ਕਰ ਦਿਤਾ ਤਾਂ ਰੱਬ ਸ਼ੈਤਾਨ ਬਣ ਗਏ। ਮਸਲਨ, ਲਾਹੌਰ ਦੇ ਭੱਟੀ ਦਰਵਾਜੇ ਜਾਂ ਮੋਚੀ ਦਰਵਾਜੇ ਵਿਚੋਂ ਹਿੰਦੂ ਜਾਂ ਸਿੱਖ ਔਰਤਾਂ ਦਾ ਲੰਘਣਾ ਮੁਹਾਲ ਹੋ ਜਾਂਦਾ ਸੀ। ਇਸੇ ਤਰ੍ਹਾਂ ਹਿੰਦੂ ਮੁੰਡੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਸਨ ਕਿ ਸ਼ਾਹ ਆਲਮੀ ਦਰਵਾਜੇ ਅਤੇ ਮੱਛੀ ਹੱਟਾ ਵਿਚੋਂ ਲੰਘਦੀਆਂ ਮੁਸਲਮਾਨ ਔਰਤਾਂ ਤੋਂ ਉਹ ਬਦਲਾ ਲੈਣ।
ਮੈਂ ਹੱਡਬੀਤੀ ਸਾਂਝੀ ਕਰਦਾਂ। ਬਚਪਨ ਵਿਚ ਮੇਰੇ ਸਿਰ ‘ਤੇ ਬੋਦੀ ਸੀ, ਜਿਸ ਦਾ ਭਾਵ ਇਹ ਸੀ ਕਿ ਮੈਂ ਹਿੰਦੂ ਹਾਂ। ਇਸ ਤਰ੍ਹਾਂ ਹੀ ਮੇਰੇ ਭਰਾ ਦੀ ਵੀ ਬੋਦੀ ਸੀ। ਅਸੀਂ ਜਦੋਂ ਭੱਟੀ ਦਰਵਾਜੇ ਦੇ ਰਸਤਿਓਂ ਆਪਣੀ ਸੰਸਕ੍ਰਿਤ ਪਾਠਸ਼ਾਲਾ ਜਾਂਦੇ ਤਾਂ ਮੁਸਲਮਾਨ ਮੁੰਡੇ ਸਾਡੀਆਂ ਬੋਦੀਆਂ ਖਿਚ ਕੇ ਸਾਨੂੰ ਤੰਗ ਕਰਦੇ। ਸਾਨੂੰ ਪੜ੍ਹਾਇਆ ਗਿਆ ਸੀ ਕਿ ਅਸੀਂ ਆਪਣੀ ਜਾਨ ਦੇ ਕੇ ਵੀ ਇਸ ਦੀ ਰਾਖੀ ਕਰਨੀ ਹੈ ਪਰ ਕੀ ਅਸੀਂ ਰਾਖੀ ਕਰ ਸਕਦੇ ਸੀ? ਸਾਡੇ ਅਤੇ ਸ਼ਰਾਰਤੀ ਮੁਸਲਮਾਨ ਮੁੰਡਿਆਂ ਨਾਲ ਛੋਟੀ ਮੋਟੀ ਲੜਾਈ ਵਿਚ, ਵੱਡੇ ਮੁੰਡੇ ਵੀ ਸਾਡੇ ਵਿਰੁਧ ਉਨ੍ਹਾਂ ਨਾਲ ਰਲ ਜਾਂਦੇ, ਤੇ ਧਮਕਾਊ ਇਸ਼ਾਰੇ ਕਰਦੇ।
ਇਸ ਸਾਰੇ ਕੁਝ ਦਾ ਫਿਰ ਸਿੱਟਾ ਕੀ ਬਣਦਾ ਹੈ? ਸਿੱਟਾ ਇਹ ਹੈ ਕਿ ਅਸੀਂ ਸ਼ਾਹ ਮੁਹੰਮਦ ਦੇ ਪੰਜਾਬੀਆਂ ਵਜੋਂ ਨਿਕੰਮੇ ਤੇ ਨਾਕਾਬਿਲ ਸਾਬਿਤ ਹੋਏ ਹਾਂ। ਅਸੀਂ ਹੀ ਹਾਂ ਜਿਨ੍ਹਾਂ ਨੇ ਵੈਸ਼ਨਵਾਂ, ਸੂਫੀਆਂ, ਸਿੱਖ ਗੁਰੂਆਂ ਵਲੋਂ ਅਜਿਹੇ ਪੰਜਾਬੀ ਸਮਾਜ ਨੂੰ ਸਿਰਜਣ ਲਈ ਜਿਸ ਵਿਚ ਹਿੰਦੂ, ਮੁਸਲਮਾਨ, ਅਤੇ ਸਿੱਖ ਭਾਈਚਾਰਾ ਸਮੋਅ ਸਕਦਾ, ਨੂੰ ਬਣਾਉਣ ਲਈ ਕੀਤੇ ਗਏ, ਉਨ੍ਹਾਂ ਦੇ ਕੰਮਾਂ ਨੂੰ ਖੇਹ ਕੀਤਾ ਹੈ। ਭਾਵੇਂ ਸਾਡੇ ਸ਼ਹਿਰ ਵਿਚ ਨਹੀਂ ਪਰ ਸਾਡੀਆਂ ਚੋਟੀਆਂ (ਬੋਦੀਆਂ) ਉਸ ਗੱਲ ਲਈ ਸਤਿਕਾਰੀਆਂ ਜਾਂਦੀਆਂ ਸਨ, ਜੋ ਇਨ੍ਹਾਂ ਦਾ ਵੱਡਾ ਅਰਥ ਸੀ।
ਬਾਵਜੂਦ ਇਸ ਦੇ ਕਿ ਆਬਾਦੀ ਵਿਚ ਵੀ ਮੁਸਲਮਾਨਾਂ ਦੀ ਗਿਣਤੀ ਹਿੰਦੂ-ਸਿੱਖਾਂ ਦੇ ਮੁਕਾਬਲੇ 3:1 ਦੇ ਅਨੁਪਾਤ ਵਿਚ ਸੀ, ਕੋਈ ਸਾਨੂੰ ਛੇੜਦਾ ਜਾਂ ਤੰਗ ਨਹੀਂ ਸੀ ਕਰਦਾ। ਇਸੇ ਤਰ੍ਹਾਂ ਹਰ ਨੂੰਹ-ਧੀ ਭਾਵੇਂ ਉਹ ਕਿਸੇ ਹਿੰਦੂ ਦੀ ਹੋਵੇ ਜਾਂ ਮੁਸਲਮਾਨ ਦੀ, ਉਸ ਨੂੰ ਪਵਿਤਰ ਸਮਝਿਆ ਜਾਂਦਾ ਸੀ, ਕਿਉਂਕਿ ਪਿੰਡ ਜਾਂ ਸ਼ਹਿਰ ਦੀ ਨੂੰਹ-ਧੀ ਸਾਂਝੀ ਮੰਨੀ ਜਾਂਦੀ ਸੀ। ਦੂਜੇ ਸ਼ਬਦਾਂ ਵਿਚ, ਜਿੰਨੇ ਅਸੀਂ ਸਿਖਿਅਤ ਹੁੰਦੇ ਗਏ, ਓਨੇ ਹੀ ਅਸੀਂ ਉਜੱਡ ਹੁੰਦੇ ਗਏ! ਇਥੇ ਪੰਜਾਬ ਵਿਚ ਵਧੀ ਫਿਰਕਾਪ੍ਰਸਤੀ ਦੇ ਸਬੰਧ ਵਿਚ ਪਾਰਕਿਨਸਨ ਦਾ ਸਿਧਾਂਤ ਉਲਟਾ ਹੋ ਗਿਆ। ਹੋ ਸਕਦਾ ਹੈ, ਇੰਜ ਕਹਿਣਾ ਸਨਕ ਹੀ ਹੋਵੇ ਪਰ ਕੋਈ ਇਸ ਸਿੱਟੇ ਤੋਂ ਭੱਜ ਨਹੀਂ ਸਕਦਾ ਕਿ ਅਸੀਂ ਨਾ ਤਾਂ ਸਿਖਿਅਤ ਹੋ ਸਕੇ ਅਤੇ ਨਾ ਹੀ ਸਭਿਅਕ, ਜੇ ਹੋਏ ਹੁੰਦੇ ਤਾਂ ਨਾ ਤਾਂ ਪੰਜਾਬ ਵਿਚ ਫਿਰਕਾਪ੍ਰਸਤੀ ਦੀ ਮਾਰੂ ਫਸਲ ਹੁੰਦੀ ਅਤੇ ਨਾ ਹੀ ਦੇਸ਼ ਦੀ ਵੰਡ ਹੁੰਦੀ; ਸਗੋਂ ਅਸੀਂ ਉਸ ਤਰ੍ਹਾਂ ਦੇ ਪੰਜਾਬੀ ਬਣੇ ਰਹਿੰਦੇ, ਜਿਹੋ ਜਿਹੇ ਸਾਨੂੰ ਰਣਜੀਤ ਸਿੰਘ ਛੱਡ ਕੇ ਗਿਆ ਸੀ ਪਰ ਅਫਸੋਸ! ਆਧੁਨਿਕ ਸਿਖਿਆ ਨਾਲ ਸਭ ਕੁਝ ਬਦਲ ਗਿਆ। ਅੱਜ ਪੰਜਾਬ ਵਿਚ ਜਾਂ ਹਿੰਦੂ ਹਨ ਜਾਂ ਮੁਸਲਮਾਨ ਤੇ ਜਾਂ ਸਿੱਖ ਪਰ ਪੰਜਾਬੀ ਕੋਈ ਵੀ ਨਹੀਂ। ਸ਼ਾਇਦ ਅਸੀਂ ਆਧੁਨਿਕ ਸਿਖਿਆ ਰਾਹੀਂ ਸਿਖਿਆ ਘੱਟ ਹੈ ਅਤੇ ਭੁੱਲਿਆ ਵਧੇਰੇ ਹੈ। ਘੱਟੋ-ਘੱਟ ਅਸੀਂ ਸੱਚੇ ਅਰਥਾਂ ਵਿਚ ਸਭਿਅਕ ਹੋਣ ਦਾ ਸਦਾਚਾਰਕ ਗੁਣ ਭੁਲਾਇਆ ਹੈ, ਜਿਸ ਦਾ ਭਾਵ ਸੀ, ਸੰਵੇਦਨਸ਼ੀਲ ਅਤੇ ਸਹਿਣਸ਼ੀਲ ਮਨੁੱਖ ਬਣਨਾ ਜੋ ਭਾਈਚਾਰਕ ਏਕਤਾ ਅਤੇ ਇਕਮੁੱਠਤਾ ਵਰਗੀਆਂ ਉਚ ਪੰਜਾਬੀ ਭਾਵਨਾ ਨਾਲ ਜੁੜਿਆ ਹੋਵੇ।
(6)
ਸ਼ਾਹ ਮੁਹੰਮਦ ਵਲੋਂ ਵਰਤੀ ਗਈ ਬਿੰਬਾਵਲੀ ਬਾਰੇ ਗੱਲ ਕਰਨੀ ਵੀ ਇਥੇ ਲੋੜੀਂਦੀ ਹੈ। ਉਸ ਦੇ ਵਰਤੇ ਰੂਪਕ ਅਤੇ ਤਸ਼ਬੀਹਾਂ ਜੇ ਹਿੰਦੂ ਨਹੀਂ ਹਨ ਤਾਂ ਸਾਫ-ਸਾਫ ਰੂਪ ਵਿਚ ਭਾਰਤੀ ਹਨ। ਕਵੀਆਂ ਵਲੋਂ ਤਸ਼ਬੀਹਾਂ ਅਤੇ ਪ੍ਰਤੀਕਾਂ ਦੀ ਵਰਤੋਂ ਖਾਸ ਅਨੁਭਵਾਂ ਨੂੰ ਸੂਤਰਕ ਰੂਪ ਵਿਚ ਬਿਆਨ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਸਾਰੀ ਕਹਾਣੀ ਅਤੇ ਉਸ ਦੀਆਂ ਵਿਭਿੰਨ ਪਰਤਾਂ ਪਾਠਕ ਸਾਹਵੇਂ ਇਕ ਸ਼ਬਦ ਵਿਚ ਹੀ ਰੌਸ਼ਨ ਹੋ ਜਾਂਦੀਆਂ ਹਨ। ਇਨ੍ਹਾਂ ਬਿੰਬਾਂ, ਪ੍ਰਤੀਕਾਂ ਆਦਿ ਦਾ ਸ੍ਰੋਤ ਘੱਟ ਜਾਂ ਵੱਧ ਭਾਰਤੀ ਕਲਾਸਿਕ ਰਚਨਾਵਾਂ ਜਿਵੇਂ ਮਹਾਂਭਾਰਤ ਅਤੇ ਰਾਮਾਇਣ ਆਦਿ ਬਣਦੇ ਹਨ।
ਸ਼ਾਹ ਮੁਹੰਮਦ ਅਰਬ ਦੀ ਕੁਰੈਸ਼ੀ ਬਰਾਦਰੀ ਤੋਂ ਸੀ, ਜਿਸ ਨੂੰ ਉਚ ਕੁਲ ਸਮਝਿਆ ਜਾਂਦਾ ਹੈ। ਇਸ ਆਧਾਰ ‘ਤੇ ਇਹ ਸੰਭਵ ਸੀ ਕਿ ਉਹ ਆਪਣੇ ਬਿੰਬ ਫਾਰਸੀ ਅਤੇ ਅਰਬੀ ਕਲਾਸਿਕ ਰਚਨਾਵਾਂ ਵਿਚੋਂ ਲੈਂਦਾ ਪਰ ਸ਼ਾਹ ਮੁਹੰਮਦ ਇਸ ਤਰ੍ਹਾਂ ਨਹੀਂ ਕਰਦਾ। ਉਸ ਨੂੰ ਕੋਈ ਲੋੜ ਨਹੀਂ ਪੈਂਦੀ ਕਿ ਉਹ ਆਪਣੀ ਬੌਧਿਕਤਾ ਰਾਹੀਂ ਜਾਂ ਵਿਦੇਸ਼ੀ ਭਾਸ਼ਾਵਾਂ ਦੀ ਜਾਣਕਾਰੀ ਰਾਹੀਂ ਆਪਣੇ ਪਾਠਕ ਨੂੰ ਭੰਬਲਭੂਸੇ ਵਿਚ ਪਾਵੇ। ਉਹ ਲੋਕਾਂ ਦੇ ਮੁਹਾਵਰੇ ਵਿਚ ਇਸ ਤਰ੍ਹਾਂ ਗੱਲ ਕਰਦਾ ਹੈ ਕਿ ਉਸ ਦੀ ਭਾਸ਼ਾ ਵਿਚਲੇ ਨਵੇਂ ਸ਼ਬਦ ਵੀ ਸਪਸ਼ਟ ਸਮਝ ਆਉਂਦੇ ਹਨ। ਇਨ੍ਹਾਂ ਕੁਝ ਗੱਲਾਂ ਤੋਂ ਹੀ ਪਤਾ ਲੱਗਦਾ ਹੈ ਕਿ ਕਵੀ ਆਪਣੀ ਭਾਸ਼ਾ ਨਾਲ ਕਿੰਨੀ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਉਂਜ, ਇਹ ਕਲਪਨਾ ਕਰਨਾ ਵੀ ਮੁਸ਼ਕਿਲ ਲੱਗਦਾ ਹੈ ਕਿ ਕੋਈ ਭਾਰਤੀ ਮੁਸਲਮਾਨ ਭਾਰਤੀ ਗਿਆਨ ਦਾ ਏਨਾ ਜਾਣਕਾਰ ਹੈ ਕਿ ਉਸ ਦੇ ਬਿੰਬਾਂ, ਪ੍ਰਤੀਕਾਂ ਦੇ ਸਾਰੇ ਸ੍ਰੋਤ ਸਥਾਨਕ ਹਨ। ਉਂਜ ਭਾਵੇਂ ਸਥਾਨਕ ਮੁਹਾਵਰੇ ਦੇ ਹੱਕ ਵਿਚ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਹਨ, ਪਰ ਅੱਜ ਵੀ ਅਜਿਹਾ ਨਹੀਂ ਹੁੰਦਾ। ਤੇ ਜੋ ਵੀ ਕੋਈ ਇਹ ਕਮਾਲ ਕਰਦਾ ਹੈ ਤਾਂ ਇਸ ਲਈ ਸਖਤ ਮਿਹਨਤ ਲੱਗਦੀ ਹੈ। ਪ੍ਰਚਲਿਤ ਕੁਲੀਨ ਅਤੇ ਬੌਧਿਕ ਭਾਸ਼ਾ ਵਿਚ ਲਿਖਣ ਨਾਲੋਂ ਲੋਕਾਂ ਦੀ ਅਜਿਹੀ ਸੌਖੀ ਭਾਸ਼ਾ ਵਿਚ ਲਿਖਣਾ, ਜੋ ਆਮ ਤੌਰ ‘ਤੇ ਲਿਖਤ ਵਿਚ ਵਰਤੀ ਨਾ ਜਾਂਦੀ ਹੋਵੇ, ਬਹੁਤ ਕਠਿਨ ਹੁੰਦਾ ਹੈ। ਸ਼ਾਹ ਮੁਹੰਮਦ ਇਸ ਕਿਸਮ ਦੀ ਉਤਮ ਮਿਸਾਲ ਹੈ। ਮਸਲਨ, ਬਿਲਕੁਲ ਪਹਿਲੇ ਹੀ ਬੰਦ ਵਿਚ, ਉਹ ਚੌਦਾਂ ਤਬਕਾਂ (ਸੰਸਾਰ) ਦੀ ਗੱਲ ਕਰਦਾ ਹੈ। ਇਹ ਸ਼ੁਧ ਰੂਪ ਵਿਚ ਹਿੰਦੂ ਸੰਕਲਪ ਹੈ। ਮੁਸਲਮਾਨ ਬ੍ਰਹਿਮੰਡ ਨੂੰ ‘ਦੋ ਜਹਾਨਾਂ’ ਵਿਚ ਵੰਡਦੇ ਹਨ। ਅੱਗੇ ਨੌਵੇਂ ਬੰਦ ਵਿਚ ਉਸ ਲਈ ਮੌਤ ਦਾ ਦੇਵਤਾ ਧਰਮ ਰਾਜ ਹੈ, ਜੋ ਕਿਸੇ ਦੀ ਮੌਤ ਦੇ ਹੁਕਮਾਂ ਦੀ ਪਾਲਣਾ ਲਈ ਦੂਤ ਭੇਜਦਾ ਹੈ। ਇਸੇ ਤਰ੍ਹਾਂ ਉਹ ਸ਼ੇਰ ਸਿੰਘ ਦੇ ਪੁੱਤਰ ਪਰਤਾਪ ਸਿੰਘ ਦਾ ਚਿਤਰਨ ਕਰਦਾ ਹੈ, ਜੋ ਹਵਨ ਵਿਚ ਬੈਠਾ ਹੈ ਅਤੇ ਜ਼ਾਲਮ ਲਹਿਣਾ ਸਿੰਘ ਉਸ ਦਾ ਸਿਰ ਕਲਮ ਕਰ ਦਿੰਦਾ ਹੈ, ਪਰ ਲਹਿਣਾ ਸਿੰਘ ਆਪ ਇਸ ਗੱਲ ਤੋਂ ਬੇਖਬਰ ਹੈ ਕਿ ਉਹ ਆਪ ਵੀ ਇਕ ਦਿਨ ਦਾ ਹੀ ਪ੍ਰਾਹੁਣਾ ਹੈ। ਇਸੇ ਤਰ੍ਹਾਂ ਸੰਧਾਵਾਲੀਆ ਸਰਦਾਰ ਰਾਜਾ ਧਿਆਨ ਸਿੰਘ ਦੇ ਸੱਜਰੇ ਲਹੂ ਨਾਲ ਬਾਲ-ਰਾਜਕੁਮਾਰ ਦਲੀਪ ਸਿੰਘ ਦਾ ਰਾਜ ਤਿਲਕ ਕਰਦੇ ਹਨ ਅਤੇ ਫਿਰ ਉਸ ਦੀ ਪਰਿਕਰਮਾ ਕਰਦੇ ਹਨ। ਇਹ ਸਾਰੀਆਂ ਹਿੰਦੂ ਰਸਮਾਂ ਹਨ। ਇਸੇ ਤਰ੍ਹਾਂ 39ਵੇਂ ਬੰਦ ਵਿਚ ਉਹ ਜੈਮਲ ਅਤੇ ਫੱਤੇ ਦੇ ਸੋਹਲੇ ਗਾਉਂਦਾ ਹੈ, ਜਿਨ੍ਹਾਂ ਨੇ ਚਿਤੌੜ ਦੀ ਰੱਖਿਆ ਕਰਦਿਆਂ ਅਕਬਰ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਆਪਣੇ ਲਈ ਹਮੇਸ਼ਾ ਜਿਉਂਦੀ ਰਹਿਣ ਵਾਲੀ ਬਹਾਦਰੀ ਦੀ ਸ਼ਾਨਾਂਮੱਤੀ ਗਾਥਾ ਛੱਡ ਕੇ ਗਏ। ਉਹ ਸਰਦਾਰ ਲਹਿਣਾ ਸਿੰਘ ਮਜੀਠੀਏ ਦਾ ਬਿਆਨ ਕਰਦਾ ਹੈ, ਜੋ ਦਰਬਾਰ ਵਿਚ ਫੈਲੀ ਅਰਾਜਕਤਾ ਵਾਲੀਆਂ ਹਾਲਤਾਂ ਨੂੰ ਛੱਡ ਕੇ ਲੰਮੀ ਤੀਰਥ ਯਾਤਰਾ ਤੇ ਜਾ ਰਿਹਾ ਹੈ। ਇਥੇ ਉਸ ਵਲੋਂ ‘ਮੁਲਕ’ ਸ਼ਬਦ ਦੀ ਥਾਂ ‘ਦੇਸ’ ਸ਼ਬਦ ਦੀ ਵਰਤੋਂ ਉਸ ਦੀ ਸਥਾਨਕ ਮੁਹਾਵਰੇ ਨਾਲ ਨੇੜਤਾ ਨੂੰ ਜਾਹਰ ਕਰਦਾ ਹੈ, ਭਾਵੇਂ ‘ਮੁਲਕ’ ਸ਼ਬਦ ਵੀ ਇਸੇ ਤਰ੍ਹਾਂ ਦੇ ਪ੍ਰਭਾਵ ਨਾਲ ਵਰਤਿਆ ਜਾਂਦਾ ਹੈ।
ਸਿਰਫ ਇਹੀ ਨਹੀਂ, ਸ਼ਾਹ ਮੁਹੰਮਦ ਰਾਵਣ ਦੀ ਤਬਾਹੀ ਦੀ ਗੱਲ ਕਰਦਾ ਹੈ ਜਿਸ ਦੇ ਇਕ ਲੱਖ ਪੁੱਤਰ ਅਤੇ ਸਵਾ ਲੱਖ ਦੋਹਤੇ ਸਨ, ਜੋ ਸਿਰਫ ਇਸ ਕਾਰਨ ਮਾਰਿਆ ਜਾਂਦਾ ਹੈ ਕਿ ਉਸ ਦਾ ਆਪਣਾ ਅੰਦਰ ਦਾ ਬੰਦਾ ਉਸ ਦੀ ਪਿੱਠ ‘ਤੇ ਵਾਰ ਕਰਦਾ ਹੈ। ਇਸ ਤਰ੍ਹਾਂ 60ਵੇਂ ਬੰਦ ਵਿਚ, ਉਹ ਕਹਿੰਦਾ ਹੈ, “ਇਲਾਹੀ ਬਖਸ਼ ਨੇ ਆਪਣੀਆਂ ਤੋਪਾਂ ਮਾਂਜ ਕੇ ਬਾਹਰ ਰੱਖੀਆਂ ਅਤੇ ਉਨ੍ਹਾਂ ਨੂੰ ਧੂਫ ਦਿਤੀ।” ਕੀ ਕੋਈ ਹਿੰਦੂ ਤੋਪਚੀ ਕੁਝ ਹੋਰ ਕਰ ਸਕਦਾ ਸੀ। ਫੇਰ 76ਵੇਂ ਬੰਦ ਵਿਚ ਉਹ ਕਹਿੰਦਾ ਹੈ, “ਕੈਰੋਂ ਪਾਂਡਵਾਂ ਦੇ ਜੈਸੇ ਬਾਣ ਛੁੱਟੇ”, ਮੀਂਹ ਵਾਂਗ ਡਿਗਦੇ ਗੋਲਿਆਂ ਨੂੰ ਬਿਆਨ ਕਰਨ ਲਈ ਸ਼ਾਇਦ ਇਕ ਭਾਰਤੀ ਲਈ ਇਹ ਬਹੁਤ ਹੀ ਮਾਕੂਲ ਤਸ਼ਬੀਹ ਹੈ ਪਰ ਸਭ ਤੋਂ ਵੱਡਾ ਕਮਾਲ ਬੰਦ 102 ਵਿਚ ਹੁੰਦਾ ਹੈ, ਇਸ ਲਈ ਇਥੇ ਸਾਰਾ ਬੰਦ ਹੀ ਪੇਸ਼ ਕਰਨਾ ਠੀਕ ਰਹੇਗਾ:
ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,
ਲੰਕਾ ਵਿਚ ਤਾਂ ਰਾਵਣ ਕੁਹਾਇ ਦਿਤਾ।
ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ,
ਠਾਰਾਂ ਖੂਹਣੀਆਂ ਕਟਕ ਮੁਕਾਇ ਦਿਤਾ।
ਰਾਜੇ ਭੋਜ ਦੇ ਮੂੰਹ ਲਗਾਮ ਦਿਤੀ,
ਮਾਰ ਅੱਡੀਆਂ ਹੋਸ਼ ਭੁਲਾਇ ਦਿਤਾ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ,
ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ।
ਇਹ ਬਿਆਨ ਕਰਨ ਲਈ ਕਿ ਕਿਵੇਂ ਇਤਿਹਾਸ ਵਿਚ ਇਹ ਸਮਝਿਆ ਜਾਂਦਾ ਹੈ ਕਿ ਔਰਤਾਂ ਕਾਰਨ ਬੰਦਿਆਂ ਨੂੰ ਕਿੰਨੀਆਂ ਮੁਸੀਬਤਾਂ ਝੱਲਣੀਆਂ ਪਈਆਂ ਹਨ, ਇਹ ਸ਼ਾਇਦ ਸਭ ਤੋਂ ਵਧੀਆ ਢੰਗ ਹੈ। ਉਹ ਸਿਰਫ ਰਾਮ, ਕੌਰਵਾਂ ਅਤੇ ਪਾਂਡਵਾਂ ਦਾ ਹੀ ਜ਼ਿਕਰ ਨਹੀਂ ਕਰਦਾ ਸਗੋਂ ਰਾਜਾ ਭੋਜ ਦਾ ਵੀ ਕਰਦਾ ਹੈ, ਜਿਸ ਦੀ ਸਿਆਣਪ ਦਾ ਜ਼ਿਕਰ ਕਹਾਣੀਆਂ ਵਿਚ ਅਖਾਣਾਂ ਵਾਂਗ ਆਉਂਦਾ ਹੈ। ਬੇਸ਼ਕ ਸ਼ਾਹ ਮੁਹੰਮਦ ਦੋ ਵਾਰ ਅਲੀ ਅਕਬਰ ਦਾ ਵੀ ਜ਼ਿਕਰ ਕਰਦਾ ਹੈ। ਇਹ ਜ਼ਿਕਰ ਕਰਨ ਦੇ ਦੋ ਕਾਰਨ ਨਜ਼ਰ ਆਉਂਦੇ ਹਨ-ਪਹਿਲਾ, ਅਲੀ ਅਕਬਰ ਅਜਿਹੇ ਆਦਰਸ਼ ਪੁੱਤਰ ਵਜੋਂ ਉਭਰਦਾ ਹੈ ਜੋ ਆਪਣੇ ਗੱਦੀਓਂ ਲਾਹੇ ਪਿਤਾ ਨੂੰ ਦੁਬਾਰਾ ਤਖਤ ‘ਤੇ ਬਿਠਾਉਣ ਲਈ ਅਫਗਾਨਾਂ ਨੂੰ ਅੰਗਰੇਜ਼ਾਂ ਖਿਲਾਫ ਜੱਥੇਬੰਦ ਕਰਦਾ ਹੈ ਅਤੇ ਅੰਗਰੇਜ਼ਾਂ ਨੂੰ ਅਫਗਾਨਿਸਤਾਨ ਵਿਚੋਂ ਕੱਢ ਦਿੰਦਾ ਹੈ। ਦੂਜਾ, ਭਾਰਤ ਵਿਚ ਬਰਤਾਨਵੀ ਵਿਸਥਾਰ ਦੀ ਇਕ ਸਦੀ ਵਿਚ, ਉਹ ਇਕੋ-ਇਕ ਯੋਧਾ ਹੈ, ਜਿਸ ਨੇ ਆਪਣੇ ਹਥਿਆਰਾਂ ਨਾਲ, ਹੁਣ ਤੱਕ ਅਜਿਤ ਰਹੇ ਅੰਗਰੇਜ਼ਾਂ ਨੂੰ ਹਰਾਇਆ।
ਸ਼ਾਹ ਮੁਹੰਮਦ ਨੇਕ ਪੰਜਾਬੀ ਦੇ ਤੌਰ ‘ਤੇ ਅੰਗਰੇਜ਼ਾਂ ਨੂੰ ਨਫਰਤ ਕਰਦਾ ਹੈ, ਸ਼ਾਇਦ ਉਹ ਚਾਹੁੰਦਾ ਹੈ ਕਿ ਫਿਰੰਗੀਆਂ ਨੂੰ ਪੰਜਾਬ ਵਿਚੋਂ ਬਾਹਰ ਖਦੇੜ ਦਿਤਾ ਜਾਵੇ ਤਾਂ ਜੋ ਹਿੰਦੂ ਅਤੇ ਮੁਸਲਮਾਨ ਸ਼ਾਂਤੀ ਨਾਲ ਇਕੱਠੇ ਰਹਿ ਸਕਣ। ਇਸ ਲਈ ਅਲੀ ਅਕਬਰ ਉਸ ਲਈ ਮੁਸਲਮਾਨ ਯੋਧਾ ਹੋਣ ਕਾਰਨ ਮਹੱਤਵਪੂਰਨ ਨਹੀਂ ਸਗੋਂ, ਇਸ ਲਈ ਕਿ ਉਹ ਖਾਸ ਮੁੱਲਾਂ ਦਾ ਪ੍ਰਤੀਕ ਹੈ।
ਉਹ ਪੰਜਾਬੀ ਰੌਬਿਨਹੁੱਡ ਕਹੇ ਜਾਂਦੇ ਦੁੱਲਾ ਭੱਟੀ ਦਾ ਜ਼ਿਕਰ ਵੀ ਕਰਦਾ ਹੈ, ਜੋ ਇਕ ਕਾਮੀ ਮੁਸਲਮਾਨ ਗਵਰਨਰ ਤੋਂ ਇਕ ਬ੍ਰਾਹਮਣ ਲੜਕੀ ਦੀ ਪਤ ਦੀ ਰੱਖਿਆ ਕਰਦਾ ਹੈ। ਸ਼ਾਇਦ ਸ਼ਾਹ ਮੁਹੰਮਦ ਮਹਿਸੂਸ ਕਰਦਾ ਹੈ ਕਿ ਦੁੱਲਾ ਭੱਟੀ ਵਰਗੇ ਬੰਦੇ ਪੰਜਾਬ ਵਿਚ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਬਣਨੇ ਚਾਹੀਦੇ ਹਨ। ਦੁੱਲਾ ਭੱਟੀ ਪੰਜਾਬ ਦਾ ਸਭ ਤੋਂ ਵੱਧ ਜਾਣਿਆ-ਪਛਾਣਿਆ ਲੋਕ ਨਾਇਕ ਹੈ ਅਤੇ ਉਸ ਦੇ ਗੀਤ ਭਾਰਤ ਤੇ ਪਾਕਿਸਤਾਨ-ਦੋਹਾਂ ਵਿਚ ਗਾਏ ਜਾਂਦੇ ਹਨ। ਇਸ ਲਈ ਸ਼ਾਹ ਮੁਹੰਮਦ ਵਲੋਂ ਉਸ ਦਾ ਜ਼ਿਕਰ ਜਾਇਜ਼ ਹੈ। ਉਹ ਮੀਰ ਦਾਦ ਚੌਹਾਨ ਨੂੰ ਵੀ ਯਾਦ ਕਰਦਾ ਹੈ, ਜਿਸ ਦੀਆਂ ਪਤਨੀਆਂ ਨੇ ਰਾਜਪੂਤ ਪਰੰਪਰਾ ਅਨੁਸਾਰ ਆਪਣੇ ਆਪ ਨੂੰ ਸਤੀ ਕਰ ਲਿਆ। ਇਸ ਤਰ੍ਹਾਂ ਇਹ ਮਿਸਾਲ ਵੀ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਬਣਦੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ: ਕੀ ਅੱਜ ਇਕ ਪੰਜਾਬੀ ਮੁਸਲਮਾਨ ਲਈ ਇਹ ਸੰਭਵ ਹੈ ਕਿ ਉਹ ਭਾਰਤੀ ਜੀਵਨ ਦੇ ਸਾਰੇ ਬਿੰਬਾਂ-ਪ੍ਰਤੀਕਾਂ ਦਾ ਇੰਨਾ ਜਾਣਕਾਰ ਹੋਵੇ? ਇਸ ਦਾ ਜਵਾਬ ਹੋ ਸਕਦਾ ਹੈ, ਨਾਂਹ ਵਿਚ ਹੋਵੇ। ਕਿਉਂ? ਕਾਰਨ ਇਹ ਹੈ ਕਿ ਨਵਾਂ ਬਣਿਆ ਪਾਕਿਸਤਾਨ, ਜਿਸ ਵਿਚ ਮੁੱਖ ਤੌਰ ‘ਤੇ ਪੰਜਾਬੀ ਮੁਸਲਮਾਨ ਹੀ ਹਨ, ਉਹ ਹਿੰਦੂ ਨਫਰਤ ਉਤੇ ਉਸਰਿਆ ਹੈ, ਭਾਵੇਂ ਉਸ ਵਿਚਲੇ ਬਹੁਤੇ ਪੰਜਾਬੀ ਅੱਜ ਵੀ ਸਾਡੇ ਨਾਲੋਂ ਬਿਹਤਰ ਪੰਜਾਬੀ ਹਨ। ਜਦੋਂ ਤੱਕ ਪੰਜਾਬੀ ਭਾਸ਼ਾ ਦੋਵਾਂ ਪਾਸਿਆਂ ਦੇ ਪੰਜਾਬੀਆਂ ਵਿਚ ਜਿਉਂਦਾ ਪੁਲ ਹੈ, ਉਦੋਂ ਤੱਕ ਉਧਰਲੇ ਪੰਜਾਬੀਆਂ ਵਿਚ ਭਾਰਤੀ ਪੰਜਾਬੀਆਂ ਬਾਰੇ ਹੋਰ ਹੋਰ ਜਾਣਨ ਦੀ ਲਗਾਤਾਰ ਤੜਪ ਬਣੀ ਰਹੇਗੀ। ਜੇ ਇਹ ਤੜਪ ਸੱਚੀ ਅਤੇ ਖਰੀ ਹੈ, ਤਾਂ ਆਸ ਕੀਤੀ ਜਾ ਸਕਦੀ ਹੈ ਕਿ ਇਕ ਦਿਨ, ਉਹ ਪੰਜਾਬ ਪੈਦਾ ਹੋਵੇਗਾ, ਜਿਸ ਨੂੰ ਅਸੀਂ ਇਤਿਹਾਸਕ ਪੰਜਾਬ ਕਹਿ ਸਕਦੇ ਹਾਂ। ਸ਼ਾਹ ਮੁਹੰਮਦ ਉਸ ਮਹਾਨ ਸਭਿਅਕ ਵਿਰਾਸਤ ਦਾ ਪ੍ਰਤੀਕ ਬਣ ਸਕਦਾ ਹੈ, ਜਿਸ ਨੂੰ ਅਸੀਂ ਸਹੀ ਅਰਥਾਂ ਵਿਚ ਪੰਜਾਬੀ ਕਹਿ ਰਹੇ ਹਾਂ।
(7)
ਕੁਝ ਸ਼ਬਦ ਇਸ ਜੰਗਨਾਮੇ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਬਾਰੇ। ਕਾਰਨ ਬਹੁਤ ਸਪਸ਼ਟ ਹੈ। ਮੈਂ ਸਾਰੀ ਉਮਰ ਕਸਬੀ ਅਨੁਵਾਦਕ ਰਿਹਾ ਹਾਂ। ਜਦੋਂ ਮੈਂ 1995 ਵਿਚ ਇਹ ਰਚਨਾ ਪੜ੍ਹੀ ਤਾਂ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਪਿੱਛੇ ਭਾਵਨਾ ਇਹ ਸੀ ਕਿ ਅੰਗਰੇਜ਼ੀ ਜਾਣਨ ਵਾਲੇ ਬਹੁਤ ਸਾਰੇ ਪੰਜਾਬੀਆਂ ਤੱਕ ਉਨ੍ਹਾਂ ਦੀ ਆਪਣੀ ਵਿਰਾਸਤ ਦੀ ਇਹ ਅਨੂਠੀ ਰਚਨਾ ਜ਼ਰੂਰ ਪਹੁੰਚਣੀ ਚਾਹੀਦੀ ਹੈ। ਹੁਣ ਜਦੋਂ ਮੈਂ ਇਸ ਨੂੰ ਸੋਧਣ ਲਈ ਦੁਬਾਰਾ ਦੇਖਿਆ ਤਾਂ ਮੈਨੂੰ ਲੱਗਾ ਕਿ ਇਸ ਰਚਨਾ ਦਾ ਥੀਮ ਸਮਾਜਕ ਤੇ ਸਾਹਿਤਕ-ਦੋਵਾਂ ਪੱਖਾਂ ਤੋਂ ਬਹੁਤ ਅਹਿਮ ਹੈ। ਮੈਂ ਮਹਿਸੂਸ ਕੀਤਾ ਕਿ ਮੈਨੂੰ ਇਸ ਦਾ ਹਿੰਦੀ ਵਿਚ ਵੀ ਅਨੁਵਾਦ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕਾਵਿ ਰਚਨਾ ਰਾਸ਼ਟਰੀ ਏਕਤਾ ਬਾਰੇ ਸਭ ਤੋਂ ਉਤਮ ਹੈ। ਇਹ ਰਚਨਾ ਇਕ ਮੁਸਲਮਾਨ ਦੀ ਕਲਮ ਤੋਂ ਨਿਕਲੀ ਹੈ, ਜਿਸ ਨੂੰ ਅਜੇ ਤੱਕ ਕੋਈ ਹਿੰਦੂ ਪਾਰ ਨਹੀਂ ਕਰ ਸਕਿਆ।
ਪੰਜਾਬ ਦੇ ਪ੍ਰਸੰਗ ਵਿਚ ਇਸ ਦਾ ਦੋਹਰਾ ਮਹੱਤਵ ਹੈ, ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਹੀ ਮੇਰੀ ‘ਪਿਤਰ ਭੂਮੀ’ ‘ਦੋ ਰਾਸ਼ਟਰ’ ਸਿਧਾਂਤ ਦੇ ਨਾਂ ‘ਤੇ ਵੰਡੀ ਗਈ ਹੈ। ਇਹ ਅਜਿਹੀ ਸਾਹਿਤਕ ਰਚਨਾ ਹੈ, ਜੋ ਇਸ ਸਿਧਾਂਤ ਨੂੰ ਜ਼ੋਰਦਾਰ ਤਰੀਕੇ ਨਾਲ ਰੱਦ ਕਰਦੀ ਹੈ। ਸ਼ਾਹ ਮੁਹੰਮਦ ਨੂੰ ਪੜ੍ਹਨ ਪਿਛੋਂ ਇਹ ਸਾਫ ਹੋ ਜਾਂਦਾ ਹੈ ਕਿ ਪੰਜਾਬ ਵਿਚ ਫੈਲੀ ਫਿਰਕਾਪ੍ਰਸਤੀ, ਇਕ ਤੀਜੀ ਧਿਰ, ਭਾਵ ਅੰਗਰੇਜ਼ਾਂ ਦੀ ਕਰਤੂਤ ਸੀ। ਇਹ ਦ੍ਰਿਸ਼ਟੀ ਵੱਡੇ ਘੇਰੇ ਦੇ ਹਿੰਦੀ ਪਾਠਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਵੱਡੇ ਪੈਮਾਨੇ ‘ਤੇ ਹਿੰਦੂ ਇਹ ਸੋਚਦੇ ਹਨ ਕਿ ਮੁਸਲਿਮ ਜਾਂ ਸਿੱਖ ਹੀ ਫਿਰਕੂ ਸਨ। ਇਸ ਨਾਲ ਉਹ ਸਮਝ ਸਕਣਗੇ ਕਿ ਅਸਲ ਦੋਸ਼ੀ ਕੌਣ ਹੈ। ਉਨ੍ਹਾਂ ਦੀ ਫਿਰਕਾਪ੍ਰਸਤੀ ਹਿੰਦੂਆਂ ਦੀ ਆਪਣੇ ਆਪ ਬਾਰੇ ਸੋਚਣੀ ਅਤੇ ਕਰਨੀ ਦਾ ਹੀ ਪ੍ਰਤਿਕਰਮ ਸੀ। ਇਸ ਲਈ ਇਸ ਦਾ ਹਿੰਦੀ ਅਨੁਵਾਦ ਕੀਤਾ ਗਿਆ ਹੈ।
ਪਰ ਇਸ ਦਾ ਇਕ ਕਾਰਨ ਹੋਰ ਵੀ ਹੈ। ਲੰਮੇ ਸਮੇਂ ਤੋਂ ਮੇਰੀ ਇੱਛਾ ਸੀ ਕਿ ਜੇ ਮੌਕਾ ਮਿਲਿਆ ਤਾਂ ਮੈਂ ਵਾਰਿਸ ਸ਼ਾਹ ਦੀ ḔਹੀਰḔ ਦਾ ਅਨੁਵਾਦ ਕਰਾਂ। ਮੈਨੂੰ ਨਹੀਂ ਪਤਾ ਕਿ ਮੈਂ ਇਸ ਕਠਿਨ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਆਪਣੇ ਆਪ ਨੂੰ ਕਿਵੇਂ ਯੋਗ ਬਣਾ ਸਕਾਂਗਾ। ਇਸ ਲਈ ਇਹ ਅਨੁਵਾਦ ਇਕ ਤਰ੍ਹਾਂ ਨਾਲ ਸਿਖਾਂਦਰੂ ਕਾਰਜ ਹੈ। ਜੇ ਇਹ ਅਨੁਵਾਦ ਮੁਲਵਾਨ ਸਾਬਿਤ ਹੁੰਦਾ ਹੈ ਤਾਂ ਮੈਂ ਅਗਲਾ ਵੱਡਾ ਕੰਮ ਦੁੱਗਣੇ ਉਤਸ਼ਾਹ ਨਾਲ ਕਰ ਸਕਾਂਗਾ।
ਇਸ ਤੋਂ ਇਲਾਵਾ ਮੈਂ ਹਿੰਦੀ ਵਾਲੇ ਅਨੁਵਾਦ ਨੂੰ ਬੈਂਤ ਛੰਦ ਵਿਚ ਹੀ ਉਲਥਾਉਣ ਦਾ ਯਤਨ ਕੀਤਾ ਹੈ। ਇਸ ਦਾ ਮਕਸਦ ਇਹ ਹੈ ਕਿ ਗੈਰ-ਪੰਜਾਬੀ ਪਾਠਕ ਵੀ ਇਸ ਨੂੰ ਗੁਣਗੁਣਾ ਸਕਣ, ਜੋ ਵਾਰਿਸ ਸ਼ਾਹ ਦੀ ḔਹੀਰḔ ਵਾਂਗ ਹੀ ਰੂਹਾਨੀ ਹੈ। ਇਸ ਤੋਂ ਇਲਾਵਾ, ਅੱਜ ਦੀ ਫਿਰਕਾਪ੍ਰਸਤੀ ਨਾਲ ਲੜਨ ਲਈ ਇਹ ਸ਼ਾਹ ਮੁਹੰਮਦ ਦੀ ਆਤਮਾ ਨੂੰ ਪੁਨਰ ਜੀਵਿਤ ਕਰੇਗਾ। ਮੈਂ ਉਹ ਦਿਨ ਦੇਖਣਾ ਚਾਹੁੰਦਾ ਹਾਂ, ਜਦੋਂ ਹਿੰਦੂ, ਮੁਸਲਿਮ ਤੇ ਸਿੱਖ-ਭਾਵ ਸਾਰੇ ਪੰਜਾਬੀਆਂ ਨੂੰ ਆਪਣੀ ‘ਪਿਤਰ ਭੂਮੀ’ ਨੂੰ ਵੰਡਣ ਦੀ ਬੱਜਰ ਇਤਿਹਾਸਕ ਭੁੱਲ ਦਾ ਅਹਿਸਾਸ ਹੋਵੇਗਾ। ਇਕ ਦਿਨ ਇਸ ਭੁੱਲ ਦਾ ਅਹਿਸਾਸ ਤਾਂ ਹੋਣਾ ਤੈਅ ਹੈ ਪਰ ਕੀ ਮੈਂ ਇਸ ਅਹਿਸਾਸ ਨੂੰ ਅੱਧਾ ਸਕਿੰਟ ਵੀ ਪਹਿਲਾਂ ਲੈ ਆਉਣ ਵਿਚ ਕੋਈ ਸਾਧਨ ਬਣ ਸਕਦਾ ਹਾਂ?
(ਸਮਾਪਤ)