ਜੂਏਬਾਜ਼ਾਂ ਤੇ ਸਾਧਾਂ ਦਾ ਅੱਡਾ-ਅਖਾੜਾ

ਬਲਜੀਤ ਬਾਸੀ
ਕੁੰਭ ਮੇਲਿਆਂ ਵਿਚ ਸਾਧੂ-ਮੰਡਲੀਆਂ ਦੇ ਅਖਾੜਿਆਂ ਦਾ ਖੂਬ ਰੋਅਬ-ਦਾਬ ਹੁੰਦਾ ਹੈ। ਇਹ ਅਖਾੜੇ ਇਕ ਤਰ੍ਹਾਂ ਸਾਧੂ ਸੰਤਾਂ ਦੇ ਜਥੇ ਜਾਂ ਡੇਰੇ ਹੁੰਦੇ ਹਨ। ਇਕ ਮਾਨਤਾ ਅਨੁਸਾਰ ਛੇਵੀਂ ਸਦੀ ਦੌਰਾਨ ‘ਅਖੰਡ ਆਹਵਾਨ’ ਅਖਾੜਾ ਹੋਂਦ ਵਿਚ ਆਇਆ, ਜਦਕਿ ਇਤਿਹਾਸਕਾਰਾਂ ਅਨੁਸਾਰ ਅਖਾੜਿਆਂ ਦਾ ਵਿਆਪਕ ਪੱਧਰ ‘ਤੇ ਪ੍ਰਚਲਨ ਚੌਧਵੀਂ ਸਦੀ ਅਰਥਾਤ ਮੁਗਲ ਕਾਲ ਵਿਚ ਹੀ ਸ਼ੁਰੂ ਹੋਇਆ। ਇਨ੍ਹਾਂ ਵਿਚ ਸ਼ੈਵ ਮੱਤ, ਵੈਸ਼ਨਵ ਮੱਤ ਅਤੇ ਸਿੱਖਾਂ ਦੇ ਕੁਲ ਮਿਲਾ ਕੇ ਤੇਰਾਂ ਮਨਜ਼ੂਰਸ਼ੁਦਾ ਅਖਾੜੇ ਹਨ।

ਹੁਣ ਤਾਂ ਕਿੰਨਰਾਂ ਦਾ ਵੀ ਇਕ ਅਖਾੜਾ ਬਣ ਗਿਆ ਹੈ। ਕੁਝ ਮੱਤਾਂ ਅਨੁਸਾਰ ਇਹ ਅਖਾੜੇ ਮਧਯੁੱਗ ਵਿਚ ਇਸਲਾਮ ਦੀ ਹਨੇਰੀ ਰੋਕਣ ਲਈ ਹਿੰਦੂ ਧਰਮ ਵਿਚ ਜੁਝਾਰੂ ਬਿਰਤੀ ਪੈਦਾ ਕਰਨ ਹਿਤ ਸਥਾਪਤ ਕੀਤੇ ਗਏ ਸਨ। ਅਖਾੜਿਆਂ ਦੀ ਸ਼ੁਰੂਆਤ ਆਦਿ ਸ਼ੰਕਰਾਚਾਰੀਆ ਨੇ ਕੀਤੀ। ਇਨ੍ਹਾਂ ਵਿਚ ਸ਼ਾਸਤਰ ਤੇ ਸ਼ਸਤਰ ਵਿਦਿਆ ਦਿੱਤੀ ਜਾਣ ਲੱਗੀ।
ਹਾਕਮਾਂ ਅਤੇ ਜਨਤਾ ਦੇ ਦਾਨਾਂ ‘ਤੇ ਨਿਰਭਰ ਇਨ੍ਹਾਂ ਅਖਾੜਿਆਂ ਦੀ ਹਾਥੀਆਂ, ਘੋੜਿਆਂ ਤੇ ਹੋਰ ਸੰਸਾਰੀ ਸਾਧਨਾਂ ਨਾਲ ਬਣਦੀ ਸ਼ਾਨੋ-ਸ਼ੌਕਤ ਤੇ ਖਲੈਰੇ ਦੇਖਿਆਂ ਹੀ ਬਣਦੇ ਹਨ। ਇਨ੍ਹਾਂ ਦੇ ਅਧਿਕਾਰੀਆਂ ਨੂੰ ਮਹੰਤ ਕਿਹਾ ਜਾਂਦਾ ਹੈ। ਅੱਜ ਅਸੀਂ ਨਾਗਾ ਸਾਧੂਆਂ ਨੂੰ ਅਖਾੜਿਆਂ ਵਿਚ ਕੁਸ਼ਤੀ ਕਰਦੇ ਦੇਖ ਸਕਦੇ ਹਾਂ। ਸ਼ਾਹੀ ਇਸ਼ਨਾਨ ਸਮੇਂ ਡੁਬਕੀ ਲਾਉਣ ਦੀ ਵਾਰੀ ਅਤੇ ਹੋਰ ਕਾਰਨਾਂ ਕਰਕੇ ਇਨ੍ਹਾਂ ਅਖਾੜਿਆਂ ਦੇ ਆਪਸ ਵਿਚ ਵੀ ਕਾਫੀ ਹਿੰਸਕ ਟਕਰਾਓ ਹੁੰਦੇ ਰਹੇ ਹਨ। ਅੰਗਰੇਜ਼ੀ ਸਰਕਾਰ ਨੇ ਇਨ੍ਹਾਂ ਦੇ ਸ਼ਾਹੀ ਇਸ਼ਨਾਨ ਦੀ ਵਾਰੀ ਨਿਸ਼ਚਿਤ ਕਰ ਦਿੱਤੀ। ਆਪਣੀ ਵਾਰੀ ਸਿਰ ਇਸ਼ਨਾਨ ਕਰ ਲੈਣ ਪਿਛੋਂ ਹੀ ਆਮ ਲੋਕਾਂ ਨੂੰ ਪਾਪ ਧੋਣ ਦਾ ਮੌਕਾ ਮਿਲਦਾ ਹੈ।
ਸਿੱਖ ਅਖਾੜਿਆਂ ਬਾਰੇ ‘ਮਹਾਨ ਕੋਸ਼’ ਦਾ ਬਿਆਨ ਹੈ, “ਸੰਤਾਂ ਦੀ ਮੰਡਲੀ. ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਨਿਯਮਾਂ ਵਿਚ ਆਏ ਹੋਏ ਧਰਮ ਪ੍ਰਚਾਰਕ ਜਥੇ ḔਅਖਾੜਾḔ ਨਾਉਂ ਤੋਂ ਪ੍ਰਸਿੱਧ ਹਨ।” ਉਦਾਸੀਨ ਮੱਤ ਦੇ ਮਹਾਤਮਾ ਪ੍ਰੀਤਮ ਦਾਸ ਨੇ ਨਿਜ਼ਾਮ ਹੈਦਰਾਬਾਦ ਤੋਂ ਸੱਤ ਲੱਖ ਰੁਪਏ ਦੀ ਮਦਦ ਲੈ ਕੇ ਗੁਰਮਤਿ ਪ੍ਰਚਾਰ ਹਿਤ ਸੰਮਤ 1836 ਵਿਚ ਪ੍ਰਯਾਗ ਵਿਖੇ ਸੰਨਿਆਸੀ ਵੈਰਾਗੀਆਂ ਵਾਂਗ ਉਦਾਸੀ ਪੰਥ ਦਾ ਇਕ ਵੱਖਰਾ ਪੰਚਾਇਤੀ ਅਖਾੜਾ ਬਣਾਇਆ। ਮੱਤਭੇਦਾਂ ਕਾਰਨ 1896 ਵਿਚ ਇਸ ਤੋਂ ਟੁੱਟ ਕੇ ਇਕ ਹੋਰ ‘ਸ੍ਰੀ ਗੁਰੂ ਨਯਾ ਅਖਾੜਾ ਉਦਾਸੀਨ’ ਬਣਾਇਆ ਗਿਆ, ਜਿਸ ਨੂੰ ਆਮ ਭਾਸ਼ਾ ਵਿਚ ‘ਉਦਾਸੀਆਂ ਦਾ ਛੋਟਾ ਅਖਾੜਾ’ ਵੀ ਕਿਹਾ ਜਾਂਦਾ ਹੈ। ਉਦਾਸੀਆਂ ਦੇ ਅਖਾੜਿਆਂ ਦੀ ਰੀਸੇ ਨਿਰਮਲੇ ਸੰਤਾਂ ਨੇ ਪਟਿਆਲਾ, ਨਾਭਾ ਅਤੇ ਜੀਂਦ ਦੇ ਮਹਾਰਾਜਿਆਂ ਦੀ ਮਦਦ ਨਾਲ ਸੰਮਤ 1918 ਵਿਚ ਆਪਣਾ ਅਖਾੜਾ ਸਥਾਪਤ ਕੀਤਾ, ਜਿਸ ਦਾ ਨਾਂ ਧਰਮਧੁਜਾ ਹੈ। ਇਸ ਦੀ ਇੱਕ ਸ਼ਾਖਾ ਕੰਨਖਲ (ਹਰਿਦਵਾਰ) ਵਿਚ ਵੀ ਹੈ।
ਅਸੀਂ ਅਖਾੜਾ ਸ਼ਬਦ ਨੂੰ ਮੱਲਾਂ ਦੇ ਘੋਲ ਵਾਲੇ ਪਿੜ ਵਜੋਂ ਹੀ ਵਧੇਰੇ ਸਮਝਦੇ ਹਾਂ, ਪਰ ਇਸ ਸ਼ਬਦ ਵਿਚ ਇਕ ਤਰ੍ਹਾਂ ਅਜਿਹੇ ਖੇਤਰ ਦਾ ਭਾਵ ਨਿਹਿਤ ਹੋ ਗਿਆ, ਜਿੱਥੇ ਕੋਈ ਮੁਕਾਬਲੇਬਾਜ਼ੀ ਵਾਲੀ ਸਰਗਰਮੀ ਹੋਵੇ। ਇਹ ਕਿਸੇ ਰੰਗਸ਼ਾਲਾ ਜਾਂ ਮੰਡੂਏ ਲਈ ਵੀ ਵਰਤਿਆ ਜਾਣ ਲੱਗਾ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਵਰਤੋਂ ਪਰਮਾਤਮਾ ਵਲੋਂ ਰਚੇ ਸਮੁੱਚੇ ਪਰਪੰਚ ਲਈ ਕੀਤੀ ਗਈ, ਮਾਨੋ ਇਹ ਪਰਮਾਤਮਾ ਦੇ ਜਗਤ ਤਮਾਸ਼ੇ ਦਾ ਖੇਤਰ ਹੋਵੇ, “ਸਭ ਤੇਰਾ ਖੇਲ ਅਖਾੜਾ ਜੀਉ॥” (ਗੁਰੂ ਅਰਜਨ ਦੇਵ)। ਇਥੋਂ ਤੱਕ ਕਿ ਇਸ ਸੰਸਾਰ ਨੂੰ ਪਰਮਾਤਮਾ ਦੀ ਰਣਭੂਮੀ ਦੇ ਸੰਕੇਤਕ ਵਜੋਂ ਵੀ ਪੇਸ਼ ਕੀਤਾ ਗਿਆ, “ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੇ ਜੋਰਿ ਸਭ ਆਣਿ ਨਿਵਾਏ॥” (ਗੁਰੂ ਨਾਨਕ ਦੇਵ)। ਸੰਸਾਰੀ ਝਮੇਲੇ ਮਨੁੱਖ ਲਈ ਔਖੀ ਖੇਡ ਹੀ ਹਨ, “ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ॥” (ਗੁਰੂ ਅਰਜਨ ਦੇਵ)। ਬੁੱਲੇ ਸ਼ਾਹ ਨੇ ਅਖਾੜਾ ਸ਼ਬਦ ਨੂੰ ਜੋਗੀ ਦੇ ਕਥਨਾਂ ਲਈ ਵਰਤਿਆ ਹੈ, ਅਰਥਾਤ ਅਖਾੜੇ ਵਿਚ ਰਹਿੰਦਿਆਂ ਵਰਤੇ ਜਾਂਦੇ ਬੋਲ:
ਏਸ ਜੋਗੀ ਦੇ ਸੁਣੋ ਅਖਾੜੇ,
ਹਸਨ ਹੁਸੈਨ ਨਬੀ ਦੇ ਪਿਆਰੇ,
ਮਾਰਿਓ ਸੂ ਵਿਚ ਜੱਦਾਲ,
ਪਾਣੀ ਬਿਨ ਤਰਸਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ,
ਮੱਥੇ ਤਿਲਕ ਲਗਾ ਕੇ।

ਤਮਾਸ਼ਾ ਦੇ ਅਰਥਾਂ ਵਿਚ:
ਰਹੁ ਇਸ਼ਕਾ ਕੀ ਕਰੇਂ ਅਖਾੜੇ,
ਸ਼ਾਹ ਮਨਸੂਰ ਸੂਲੀ ‘ਤੇ ਚਾੜ੍ਹੇ,
ਆਣ ਬਣੀ ਜਦ ਨਾਲ ਅਸਾਡੇ,
ਬੁੱਲ੍ਹੇ ਮੂੰਹ ਤੋਂ ਲੋਈ ਲਾਹੀ।
ਵੇਖੋ ਨੀ ਕਰ ਗਿਆ ਮਾਹੀ।
ਲੈ ਦੇ ਕੇ ਦਿਲ ਹੋ ਗਿਆ ਰਾਹੀ।
ਸਾਧੂ ਜੋਗੀ ਅਖਾੜਿਆਂ ਵਿਚ ਧੂਣੀਆਂ ਵੀ ਮਚਾਉਂਦੇ ਹਨ। ਵਾਰਿਸ ਸ਼ਾਹ ਨੇ ਵੀ ਇਧਰ ਸੰਕੇਤ ਕੀਤਾ ਹੈ:
ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ,
ਰਾਜ਼ੀ ਹੋ ਅਬਲੀਸ ਭੀ ਨੱਚਦਾ ਏ।
ਤਿਵੇਂ ਸਹਿਤੀ ਦੇ ਜਿਉ ਵਿਚ ਖੁਸ਼ੀ ਹੋਈ,
ਜਿਉਂ ਰੰਨ ਦਾ ਛਲੜਾ ਕੱਚ ਦਾ ਏ।
ਜਾਹ ਬਖਸ਼ਿਆ ਸਭ ਗੁਨਾਹ ਤੇਰਾ,
ਤੈਨੂੰ ਇਸ਼ਕ ਕਦੀਮ ਥੋਂ ਸੱਚ ਦਾ ਏ।
ਵਾਰਸ ਸ਼ਾਹ ਚਲ ਯਾਰ ਮਨਾ ਆਈਏ,
ਏਥੇ ਨਵਾਂ ਅਖਾੜਾ ਮਚਦਾ ਏ।
ਇਸ ਸ਼ਬਦ ਦੀ ਵਿਉਤਪਤੀ ਕਈ ਤਰ੍ਹਾਂ ਕੀਤੀ ਜਾਂਦੀ ਹੈ। ਉਪਰ ਦੱਸਿਆ ਜਾ ਚੁਕਾ ਹੈ ਕਿ ਸਭ ਤੋਂ ਪਹਿਲਾਂ ਛੇਵੀਂ ਸਦੀ ਵਿਚ ‘ਅਖੰਡ ਆਹਵਾਨ ਅਖਾੜਾ’ ਹੋਂਦ ਵਿਚ ਆਇਆ। ਇਸ ਲਈ ਅਖਾੜਾ ਸ਼ਬਦ ਨੂੰ ‘ਅਖੰਡ’ ਸ਼ਬਦ ਦੇ ਵਿਕ੍ਰਿਤ ਰੂਪ ਵਜੋਂ ਵੀ ਸਮਝ ਲਿਆ ਗਿਆ। ਪਰ ਛੇਵੀਂ ਸਦੀ ਵਿਚ ਅਖਾੜਿਆਂ ਦੀ ਹੋਂਦ ਦੀ ਇਤਿਹਾਸਕਤਾ ਪ੍ਰਮਾਣਤ ਨਹੀਂ ਹੈ। ਇੱਕ ਹੋਰ ਮੱਤ ਅਨੁਸਾਰ ਇਹ ਅਲਖ ਸ਼ਬਦ ਤੋਂ ਬਣਿਆ। ਅਲਖ ਯੋਗੀਆਂ ਦਾ ਪਰਸਪਰ ਸ਼੍ਰਿਸ਼ਟਾਚਾਰ ਬੋਧਕ ਸ਼ਬਦ ਹੈ। ਇੱਕ ਹੋਰ ਮੱਤ ਅਖਾੜਾ ਨੂੰ ਅੱਖੜ ਤੋਂ ਬਣਿਆ ਦਸਦਾ ਹੈ, ਸ਼ਾਇਦ ਸਾਧੂਆਂ ਦੇ ਅਜਿਹੇ ਸੁਭਾਅ ਕਾਰਨ। ਇਸ ਨੂੰ ਆਸ਼ਰਮ ਤੋਂ ਵਿਗੜਿਆ ਵੀ ਦੱਸਿਆ ਗਿਆ ਹੈ। ਵਿਉਤਪਤੀ ਦੇ ਮਾਮਲੇ ਵਿਚ ਤੁੱਕੇਬਾਜ਼ੀ ਬਹੁਤ ਚਲਦੀ ਹੈ।
‘ਮਹਾਨ ਕੋਸ਼’ ਨੇ ਇਸ ਦਾ ਨਾਤਾ ‘ਅਕਸ਼ਾਰ’ ਸ਼ਬਦ ਨਾਲ ਜੋੜਿਆ ਹੈ। ਅਕਸ਼ਾਰ ਦਾ ਅਰਥ ਖਾਰਰਹਿਤ ਅਰਥਾਤ ਅਲੂਣਾ ਪਾਣੀ ਬਣਦਾ ਹੈ। ਪਾਣੀਆਂ ਨੂੰ ਖਾਰਰਹਿਤ ਪਾਣੀ ਸਮਝਦਿਆਂ ਅਜਿਹੀ ਵਿਉਤਪਤੀ ਕੀਤੀ ਗਈ ਹੈ। ‘ਮਹਾਨ ਕੋਸ਼’ ਨੇ ਇਸ ਦੀ ਕੋਈ ਵਿਆਖਿਆ ਨਹੀਂ ਕੀਤੀ। ਸ਼ਾਇਦ ਇਹ ਵਿਚਾਰ ਹੋਵੇ ਕਿ ਕੁੰਭ ਦੌਰਾਨ ਜਿਨ੍ਹਾਂ ਨਦੀਆਂ ਵਿਚ ਇਸ਼ਨਾਨ ਕੀਤਾ ਜਾਂਦਾ ਹੈ, ਉਹ ਲੂਣ-ਰਹਿਤ ਹੁੰਦੀਆਂ ਹਨ। ਧਿਆਨ ਦਿਉ, ਨਦੀਆਂ ਦੇ ਟਾਕਰੇ ‘ਤੇ ਸਮੁੰਦਰਾਂ ਦਾ ਪਾਣੀ ਖਾਰਾ ਹੁੰਦਾ ਹੈ। ਹਿੰਦੀ ਵਿਚ ਅਖਾੜਾ ਦਾ ਰੂਪ ਅਖਾਰ/ਅਖਾਰਾ ਵੀ ਹੈ। ਸ਼ਾਇਦ ਭਾਈ ਕਾਹਨ ਸਿੰਘ ਨੇ ਇਸੇ ਨੂੰ ਅਕਸ਼ਾਰ ਤੋਂ ਬਣਿਆ ਸ਼ਬਦ ਸਮਝ ਕੇ ਅਕਸ਼ਾਰ ਨੂੰ ਹੀ ਅਖਾੜਾ ਦਾ ਪਹਿਲਾ ਰੂਪ ਸਮਝ ਲਿਆ। ਇਹ ਖਿੱਚ ਕੇ ਕੀਤੀ ਗਈ ਵਿਉਤਪਤੀ ਹੈ।
ਬਹੁ-ਪ੍ਰਵਾਨਤ ਮੱਤ ਹੈ ਕਿ ਅਖਾੜਾ ਸ਼ਬਦ ਦਾ ਸਬੰਧ ਜੂਏ ਨਾਲ ਹੈ। ਪ੍ਰਾਚੀਨ ਸਮਿਆਂ ਵਿਚ ਸਰਕਾਰੀ ਤੌਰ ‘ਤੇ ਕਿਸੇ ਨਿਰਧਾਰਤ ਸਥਾਨ ‘ਤੇ ਚੌਸਰ/ਚੌਪੜ ਜਿਹੀ ਜੂਏ ਵਾਲੀ ਖੇਡ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਸ ਅੱਡੇ ਨੂੰ ‘ਅਕਸ਼ਵਾਟ’ ਕਿਹਾ ਜਾਂਦਾ ਸੀ। ਇਹ ਸ਼ਬਦ ਅਕਸ਼+ਵਾਟ ਤੋਂ ਬਣਿਆ ਹੈ। ਅਕਸ਼ ਸ਼ਬਦ ਦਾ ਅਰਥ ਚੌਸਰ/ਚੌਪੜ, ਇਸ ਖੇਡ ਦਾ ਪਾਸਾ ਹੈ। ਸੰਸਕ੍ਰਿਤ ਵਾਟ ਦਾ ਅਰਥ ਹੁੰਦਾ ਹੈ, ਘਿਰਿਆ ਸਥਾਨ। ਵਾਟ ਸ਼ਬਦ ḔਵਟḔ ਧਾਤੂ ਤੋਂ ਬਣਿਆ ਹੈ, ਜਿਸ ਵਿਚ ਗੋਲ ਗੋਲ ਘੁੰਮਣ, ਘੇਰਨ ਦੇ ਅਰਥ ਹਨ। ਵਾਟਿਕਾ ਸ਼ਬਦ ਇਸੇ ਤੋਂ ਬਣਿਆ। ਪੰਜਾਬੀ ਵਾੜੀ/ਬਾੜੀ ਅਤੇ ਬਾੜਾ ਸ਼ਬਦ ਵੀ ਇਸੇ ਤੋਂ ਬਣੇ ਹਨ। ਫੁਲਵਾੜੀ, ਫਗਵਾੜਾ ਸ਼ਬਦਾਂ ਵਿਚ ਇਹ ਪਿਛੇਤਰ ਵਜੋਂ ਆਇਆ ਹੈ। ḔਵਟḔ ਧਾਤੂ ਤੋਂ ਬਣੇ ਸ਼ਬਦਾਂ ਬਾਰੇ ਪਹਿਲਾਂ ਲਿਖਿਆ ਜਾ ਚੁਕਾ ਹੈ। ਇਸ ਦਾ ਇੱਕ ਰੂਪ ਬਾਗੜ ਹੈ। ਇਸ ਤਰ੍ਹਾਂ ਅਕਸ਼ਵਾਟ ਉਹ ਸਥਾਨ ਹੈ, ਜਿਥੇ ਪਾਸਿਆਂ ਦੀ ਖੇਡ ਖੇਡੀ ਜਾਏ। ਇਸ ਨੂੰ ਜੂਆਘਰ ਵੀ ਕਿਹਾ ਜਾ ਸਕਦਾ ਹੈ। ਇਸ ਸ਼ਬਦ ਦਾ ਵਿਕਾਸ ਇਸ ਤਰ੍ਹਾਂ ਉਲੀਕਿਆ ਜਾ ਸਕਦਾ ਹੈ, ਅਕਸ਼ਵਾਟ> ਅਖਾਟ> ਅਖਾਡਾ> ਅਖਾੜਾ। ਸਮਾਂ ਪਾ ਕੇ ਅਖਵਾਟ ਸ਼ਬਦ ਸਿਰਫ ਦਿਮਾਗੀ ਕਸਰਤ ਜਾਂ ਖੇਡ ਦੇ ਅੱਡੇ ਦੇ ਸੂਚਕ ਤੋਂ ਅੱਗੇ ਵਧ ਕੇ ਸਰੀਰਕ ਖੇਡਾਂ ਜਾਂ ਕਸਰਤਾਂ ਦੇ ਅੱਡੇ ਲਈ ਵੀ ਵਰਤਿਆ ਜਾਣ ਲੱਗਾ। ਖੇਲ/ਖੇਡ ਸ਼ਬਦ ਨੂੰ ਵੀ ਅਸੀਂ ਦਿਮਾਗੀ ਅਤੇ ਸਰੀਰਕ ਮੁਕਾਬਲੇ ਦੇ ਅਰਥਾਂ ਵਿਚ ਵਰਤਦੇ ਹਾਂ। ਪੰਜਾਬੀ ਵਿਚ ਇਸ ਲਈ ਪਿੜ ਸ਼ਬਦ ਹੈ। ਅਖਾੜਾ ਨਾਚ-ਗਾਣੇ ਲਈ ਬਣਾਈ ਥਾਂ ਵੀ ਹੈ। ਅੱਜ ਕਲ੍ਹ ਗਤਕੇ, ਹੋਰ ਸਰੀਰਕ ਕਸਰਤਾਂ ਅਤੇ ਨੱਚਣ, ਗਾਉਣ, ਵਜਾਉਣ ਦੇ ਅਖਾੜੇ ਲਗਦੇ ਹਨ। ਪੁਆਧੀ ਦਾ ਅਖਾੜਾ ਮਸ਼ਹੂਰ ਹੈ, ਜਿਸ ਵਿਚ ਹਰ ਸਾਲ ਰਾਤ ਦੇ ਸਮੇਂ ਗਾਇਕੀ ਦੇ ਮਜਮੇ ਲਗਦੇ ਹਨ। ਕਿਸੇ ਇਕ ਗਾਇਕ ਵਲੋਂ ਲਗਤਾਰ ਗਾਏ ਜਾਣ ਵਾਲੇ ਪ੍ਰੋਗਰਾਮ ਨੂੰ ਵੀ ਅਖਾੜਾ ਕਿਹਾ ਜਾਣ ਲੱਗਾ ਹੈ। ਗੱਲ ਕੀ ਕਿਸੇ ਪ੍ਰਕਾਰ ਦੇ ਮਜਮੇ ਲਈ ਅਖਾੜਾ ਸ਼ਬਦ ਪ੍ਰਚਲਿਤ ਹੋ ਰਿਹਾ ਹੈ। ਲੁਧਿਆਣੇ ਅਤੇ ਜਲੰਧਰ ਵਿਚ ਅਖਾੜਾ ਨਾਂ ਦੇ ਪਿੰਡ ਹਨ। ਸੰਭਵ ਹੈ ਇਹ ਪਿੰਡ ਉਥੇ ਵਸੇ ਹੋਣ ਜਿੱਥੇ ਕਿਸੇ ਵੇਲੇ ਅਖਾੜੇ ਲਗਦੇ ਸਨ।
ਅਕਸ਼ਵਾਟ (ਅਖਾੜਾ) ਸ਼ਬਦ ਵਿਚ ਆਏ ਅਕਸ਼ ਸ਼ਬਦ ਦੇ ਸੰਸਕ੍ਰਿਤ ਵਿਚ ਚਾਰ ਅਣਜੋੜ ਅਰਥ ਹਨ। ਇਸ ਦੇ ਦੋ ਅਰਥਾਂ ਦੀ ਵਿਆਖਿਆ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਦਾ ਪਹਿਲਾ ਅਰਥ ਤਾਂ ਚੌਸਰ/ਚੌਪਟ, ਪਾਸਾ ਹੈ ਜਿਸ ਤੋਂ ਅਸੀਂ ਜੂਏ ਦੀ ਇਹ ਖੇਡ ਖੇਡਣ ਵਾਲੀ ਥਾਂ ਲਈ ਇਹ ਸ਼ਬਦ ਬਣਿਆ ਦੱਸਿਆ ਹੈ। ਇਸ ਦੀ ਬਹੁ-ਪ੍ਰਵਾਨਤ ਵਿਆਖਿਆ ਇਹੋ ਹੈ। ਪਰ ਟਰਨਰ ਨੇ ਇਸ ਦੇ ਇੱਕ ਦੂਜੇ ਅਰਥ ਤੋਂ ਵੀ ਇਸ ਦੇ ਅਖਾੜਾ ਜਿਹੇ ਸ਼ਬਦ ਬਣਨ ਦੀ ਸੰਭਾਵਨਾ ਦਰਸਾਈ ਹੈ। ਇਸ ਦੇ ਦੂਜੇ ਅਰਥ (ਪਹੀਏ ਦਾ) ਧੁਰਾ, ਬੱਲੀ, ਲੱਠ; ਗੱਡੇ ਦਾ ਡੰਡਾ; ਤੱਕੜੀ ਦੀ ਡੰਡੀ ਆਦਿ ਹਨ। ਇਸ ਤਰ੍ਹਾਂ ਅਕਸ਼ਵਾਟ ਦਾ ਅਰਥ ਅਜਿਹੀ ਥਾਂ ਹੋ ਸਕਦੀ ਹੈ ਜਿਸ ਦੇ ਦੁਆਲੇ ਬੱਲੀਆਂ ਗੱਡ ਕੇ ਇਸ ਨੂੰ ਵਗਲਿਆ ਗਿਆ ਹੋਵੇ। ਬਾੜੀ ਬਣਾਉਣ ਲਈ ਅਸੀਂ ਪਹਿਲਾਂ ਵਗਲੇ ਹੋਏ ਥਾਂ ‘ਤੇ ਬੱਲੀਆਂ ਜਾਂ ਡੰਡੇ ਗੱਡਦੇ ਹਾਂ ਤੇ ਉਸ ਦੁਆਲੇ ਵਾੜ ਲਾਈ ਜਾਂਦੀ ਹੈ।
ਲਹਿੰਦੇ ਵਿਚ ਅਖਾੜਾ ਦਾ ਅਰਥ ਨੀਲ ਸੁਕਾਉਣ ਲਈ ਵਗਲੀ ਥਾਂ ਵੀ ਹੈ ਅਤੇ ਉਜਾੜ ਵਿਚ ਦੀ ਪਸੂਆਂ ਦਾ ਲਾਂਘਾ ਵੀ। ਦੂਜੇ ਅਰਥਾਂ ਵਾਲਾ ‘ਅਕਸ਼’ ਸ਼ਬਦ ਭਾਰੋਪੀ ਖਾਸੇ ਵਾਲਾ ਹੈ। ਇਸ ਦਾ ਕਲਪਿਆ ਗਿਆ ਭਾਰੋਪੀ ਮੂਲ ਹੈ, ਅਕਸ। ਇਸ ਵਿਚ ‘ਧੁਰਾ’ ਦਾ ਭਾਵ ਹੈ। ਧੁਰੇ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਐਕਸਲ (Aਣਲe) ਅਤੇ Aਣਸਿ ਇਸੇ ਨਾਲ ਜਾ ਜੁੜਦੇ ਹਨ। ਗਰੀਕ, ਲਾਤੀਨੀ ਅਤੇ ਜਰਮੈਨਿਕ ਭਾਸ਼ਾ ਪਰਿਵਾਰਾਂ ਵਿਚ ਵੀ ਇਸ ਮੂਲ ਤੋਂ ਉਪਜੇ ਕੁਝ ਸ਼ਬਦ ਮਿਲਦੇ ਹਨ।