ਵਿਪਰਵਾਦ-ਪੁਜਾਰੀਵਾਦ

ਨੰਦ ਸਿੰਘ ਬਰਾੜ
ਫੋਨ: 916-501-3974
ਵਿਪਰ, ਹਿੰਦੂਆਂ ਦਾ ਧਾਰਮਕ, ਪਵਿੱਤਰ ਅਤੇ ਸਨਮਾਨਯੋਗ ਵਿਅਕਤੀ ਗਿਣਿਆ ਜਾਂਦਾ ਹੈ, ਕਿਉਂਕਿ ਉਹ ਆਪਣੇ ਹਿੰਦੂ ਅਨੁਆਈਆਂ ਨੂੰ ਮਹਾਂਪੁਰਖਾਂ ਦੀ ਸਿਖਿਆ ਅਨੁਸਾਰ ਧਰਮ ਦੇ ਰਸਤੇ ‘ਤੇ ਚਲਣ ਲਈ ਪ੍ਰੇਰਦਾ ਹੈ। ਉਹ ਸਾਫ ਸੁਥਰਾ ਅਤੇ ਪੂਰੀ ਤਰ੍ਹਾਂ ਧਾਰਮਕ ਪਹਿਰਾਵਾ ਧਾਰਨ ਕਰਦਾ ਹੈ, ਜੋ ਉਸ ਦਾ ਧਰਮ ਦੀ ਸੱਚੀ ਸੁੱਚੀ ਮੂਰਤ ਵਾਂਗ ਪ੍ਰਭਾਵ ਪੈਦਾ ਕਰਦਾ ਹੈ।

ਮੰਦਿਰਾਂ ਤੇ ਉਨ੍ਹਾਂ ਵਿਚ ਸਥਾਪਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸੇਵਾ ਸੰਭਾਲ ਅਤੇ ਮੰਦਿਰਾਂ ਵਿਚ ਪੂਜਾ ਅਰਚਨਾ ਸਿਰਫ ਉਹ ਹੀ ਕਰ ਸਕਦਾ ਹੈ। ਉਹ ਹੀ ਅਨੁਆਈਆਂ ਵਾਸਤੇ ਉਨ੍ਹਾਂ ਦੇ ਘਰਾਂ ਵਿਚ ਪੂਜਾ ਪਾਠ ਕਰਦਾ ਹੈ ਅਤੇ ਹੋਰ ਧਾਰਮਕ ਤੇ ਸਮਾਜਕ ਕੰਮ ਨੇਪਰੇ ਚਾੜ੍ਹਨ ਵਾਸਤੇ ਉਨ੍ਹਾਂ ਦੀ ਅਗਵਾਈ ਕਰਦਾ ਹੈ। ਇਹ ਸਾਰੇ ਫਰਜ਼ ਨਿਭਾਉਂਦਿਆਂ ਉਸ ਨੂੰ ਜੋ ਤਿਲ ਫੁਲ ਭੇਟਾ ਮਿਲਦੀ ਹੈ, ਉਸ ਨਾਲ ਉਹ ਆਪਣੇ ਪਰਿਵਾਰ ਦਾ ਪੂਰੇ ਸਬਰ ਸੰਤੋਖ ਨਾਲ ਗੁਜ਼ਾਰਾ ਕਰਦਾ ਹੈ। ਇਸ ਤਰ੍ਹਾਂ ਉਸ ਦਾ ਸਮੁੱਚਾ ਜੀਵਨ ਸਾਫ ਸੁਥਰਾ, ਸਾਦਾ ਅਤੇ ਪੂਰੀ ਤਰ੍ਹਾਂ ਸੱਚੇ ਸੁੱਚੇ ਧਾਰਮਕ ਵਿਅਕਤੀ ਵਾਲਾ ਹੁੰਦਾ ਹੈ।
ਇਹ ਠੀਕ ਹੈ ਕਿ ਵਿਪਰ ਇੱਕ ਬ੍ਰਾਹਮਣ ਹੀ ਹੋ ਸਕਦਾ ਹੈ, ਪਰ ਇਹ ਵੀ ਠੀਕ ਹੈ ਕਿ ਹਰ ਬ੍ਰਾਹਮਣ ਵਿਪਰ ਨਹੀਂ ਹੁੰਦਾ। ਇਹ ਸੱਚਾਈ ਆਪਾਂ ਸਿੱਖ ਧਰਮ ਦੀ ਅਜੋਕੀ ਸਥਿਤੀ ਤੋਂ ਸੌਖਿਆਂ ਹੀ ਸਮਝ ਸਕਦੇ ਹਾਂ। ਆਪਾਂ ਜਾਣਦੇ ਹਾਂ ਕਿ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਇਕ ਅੰਮ੍ਰਿਤਧਾਰੀ ਸਿੰਘ ਹੀ ਕਿਸੇ ਗੁਰਦੁਆਰੇ ਦਾ ਗ੍ਰੰਥੀ ਹੋ ਸਕਦਾ ਹੈ। ਭਾਵ ਗ੍ਰੰਥੀ ਇਕ ਅੰਮ੍ਰਿਤਧਾਰੀ ਸਿੰਘ ਹੁੰਦਾ ਹੈ, ਪਰ ਸਾਰੇ ਅੰਮ੍ਰਿਤਧਾਰੀ ਸਿੰਘ ਗ੍ਰੰਥੀ ਨਹੀਂ ਹੁੰਦੇ ਸਗੋਂ ਜ਼ਿੰਦਗੀ ਦੇ ਆਪੋ ਆਪਣੇ ਕਾਰਵਿਹਾਰ ਕਰਦੇ ਹਨ। ਉਸੇ ਤਰ੍ਹਾਂ ਵਿਪਰ ਤੋਂ ਬਿਨਾ ਬਾਕੀ ਬ੍ਰਾਹਮਣ ਵੀ ਆਪੋ ਆਪਣੇ ਕਾਰ ਵਿਹਾਰ ਕਰਦੇ ਹਨ। ਪੁਰਾਣੀ ਇਤਿਹਾਸਕ ਮਿਸਾਲ ਮਸ਼ਹੂਰ ਬ੍ਰਾਹਮਣ ਬੀਰਬਲ ਦੀ ਲੈ ਸਕਦੇ ਹਾਂ, ਜੋ ਵਿਪਰ ਨਾ ਹੋ ਕੇ ਇਕ ਰਾਜੇ ਦਾ ਮੰਤਰੀ ਸੀ। ਇਸੇ ਤਰ੍ਹਾਂ ਅੱਜ ਵੀ ਆਪਾਂ ਵੇਖਦੇ ਹਾਂ ਕਿ ਉਹ ਇਕ ਆਮ ਮਜਦੂਰ ਤੋਂ ਲੈ ਕੇ ਵੱਡੀਆਂ ਵੱਡੀਆਂ ਕੰਪਨੀਆਂ ਤੇ ਕਾਰਪੋਰੇਸ਼ਨਾਂ ਦੇ ਮਾਲਕ ਅਤੇ ਇਕ ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਹਨ। ਇਸ ਤਰ੍ਹਾਂ ਵਿਪਰ ਅਤੇ ਬ੍ਰਾਹਮਣ ਨੂੰ ਇਕ ਨਹੀਂ ਗਿਣਨਾ ਚਾਹੀਦਾ।
ਦੁਨੀਆਂ ‘ਤੇ ਜਿੰਨੇ ਵੀ ਧਰਮ ਹਨ, ਹਰ ਇਕ ਦਾ ਵਿਪਰ ਵਾਂਗ ਹੀ ਆਪੋ ਆਪਣਾ ਧਾਰਮਕ, ਪਵਿੱਤਰ ਅਤੇ ਸਨਮਾਨਯੋਗ ਵਿਅਕਤੀ ਹੁੰਦਾ ਹੈ, ਜੋ ਉਪਰ ਜ਼ਿਕਰ ਕੀਤੇ ਵਿਪਰ ਵਾਂਗ ਧਾਰਮਕ ਜਿੰਮੇਵਾਰੀਆਂ ਤੇ ਫਰਜ਼ ਨਿਭਾਉਂਦਾ ਹੈ। ਵੱਖ ਵੱਖ ਧਰਮਾਂ ਵਿਚ ਉਨ੍ਹਾਂ ਦਾ ਪਹਿਰਾਵਾ ਅਤੇ ਰਹਿਨ-ਸਹਿਨ ਵੱਖੋ ਵੱਖਰਾ ਹੁੰਦਾ ਹੈ ਅਤੇ ਨਾਂ ਵੀ ਭਾਵੇਂ ਵੱਖ ਵੱਖ ਹੁੰਦੇ ਹਨ, ਪਰ ਉਨ੍ਹਾਂ ਦੇ ਰੁਜ਼ਗਾਰ ਦਾ ਸੋਮਾ ਕਰੀਬ ਇਕੋ ਜਿਹਾ ਹੁੰਦਾ ਹੈ। ਉਹ ਸਾਰੇ ਹੀ ਆਪੋ ਆਪਣੇ ਅਨੁਆਈਆਂ ਵਲੋਂ ਕੀਤੀਆਂ ਤਿਲ ਫੁਲ ਭੇਟਾਵਾਂ ਨਾਲ ਜੀਵਨ ਦਾ ਨਿਰਬਾਹ ਕਰਦੇ ਹਨ।
ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਪੂਜਾ ਹੀ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਰੁਜ਼ਗਾਰ ਹੁੰਦਾ ਹੈ| ਇਸ ਵਾਸਤੇ ਇਸ ਲਿਖਤ ਵਿਚ ਸਭ ਨੂੰ ਇਕ ਸਾਂਝੇ ਨਾਂ ‘ਪੁਜਾਰੀ’ ਨਾਲ ਸੰਬੋਧਨ ਕਰ ਰਿਹਾ ਹਾਂ| ਹਰ ਧਰਮ ਦੇ ਪੁਜਾਰੀ ਦੀ ਉਸ ਦੇ ਧਾਰਮਕ ਪਹਿਰਾਵੇ ਤੋਂ ਸੌਖਿਆਂ ਹੀ ਪਛਾਣ ਹੋ ਜਾਂਦੀ ਹੈ ਅਤੇ ਇਸ ਪਹਿਰਾਵੇ ਕਰਕੇ ਸਮਾਜ ਵਿਚ ਹੁੰਦੀ ਉਸ ਦੀ ਇੱਜਤ ਦਾ ਅੰਦਾਜ਼ਾ ਆਪਾਂ ਇਸ ਗੱਲੋਂ ਲਾ ਸਕਦੇ ਹਾਂ ਕਿ ਹਰੇਕ ਪੁਜਾਰੀ ਦਾ ਆਦਰ ਸਤਿਕਾਰ ਸਿਰਫ ਉਸ ਦੇ ਧਰਮ ਵਾਲੇ ਹੀ ਨਹੀਂ ਕਰਦੇ ਸਗੋਂ ਬਾਕੀ ਦੂਜੇ ਧਰਮਾਂ ਵਾਲੇ ਵੀ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਪੁਜਾਰੀ, ਜਿਸ ਨੂੰ ਧਰਮ ਦਾ ਰਾਖਾ ਸਮਝਿਆ ਜਾਂਦਾ ਹੈ, ਨਾਲ ਜੁੜੀ ਵਿਪਰਵਾਦ ਜਾਂ ਪੁਜਾਰੀਵਾਦ ਦੀ ਧਾਰਨਾ ਧਰਮ ਵਿਰੋਧੀ ਗਿਣੀ ਜਾਂਦੀ ਹੈ। ਇਸੇ ਕਰਕੇ ਹਰ ਧਾਰਮਕ ਬੁਲਾਰਾ ਆਪਣੇ ਵਿਰੋਧੀਆਂ ਨੂੰ ਧਰਮ ਵਿਰੋਧੀ ਸਾਬਤ ਕਰਨ ਵਾਸਤੇ ਉਨ੍ਹਾਂ ਲਈ ਵਿਪਰਵਾਦੀ ਜਾਂ ਪੁਜਾਰੀਵਾਦੀ ਹੋਣ ਦਾ ਦੋਸ਼ ਲਾਉਂਦਾ ਹੈ। ਇਸ ਲਿਖਤ ਰਾਹੀਂ ਇਹ ਸਮਝਣ ਦਾ ਯਤਨ ਕੀਤਾ ਗਿਆ ਹੈ ਕਿ ਕਿਸੇ ਵੀ ਪੁਜਾਰੀ ਨਾਲ ਵਿਪਰਵਾਦ ਜਾਂ ਪੁਜਾਰੀਵਾਦ ਦੀ ਇਹ ਧਰਮ ਵਿਰੋਧੀ ਧਾਰਨਾ ਕਿਉਂ ਜੁੜ ਜਾਂਦੀ ਹੈ?
ਸੰਸਾਰ ਦੇ ਕਰੀਬ ਸਾਰੇ ਕਿੱਤੇ, ਸਿਰਫ ਕੁਝ ਇਕ ਨੂੰ ਛੱਡ ਕੇ, ਦਸਾਂ ਨਹੁੰਆਂ ਦੀ ਕਿਰਤ ਵਾਲੇ ਹੀ ਹੁੰਦੇ ਹਨ। ਉਕਤ ਪੁਜਾਰੀਵਾਦ ਵਾਲੀ ਧਾਰਨਾ ਨੂੰ ਸੌਖਿਆਂ ਸਮਝਣ ਲਈ ਅਸੀਂ ਕਿਸੇ ਇਕ ਦੁਨਿਆਵੀ ਕਿੱਤੇ ਦੀ ਮਿਸਾਲ ਲੈ ਸਕਦੇ ਹਾਂ| ਇਕ ਦੋਧੀ ਦਾ ਕੰਮ ਕਾਫੀ ਮਿਹਨਤ ਮੁਸ਼ੱਕਤ ਵਾਲਾ ਅਤੇ ਨੇਕ ਕਿੱਤਾ ਹੈ। ਉਹ ਪਿੰਡ ਦੇ ਘਰਾਂ ਤੋਂ ਦੁੱਧ ਇਕੱਠਾ ਕਰਕੇ ਨੇੜੇ ਦੇ ਸ਼ਹਿਰ ਜਾਂ ਕਸਬੇ ਵਿਚ ਲਿਜਾ ਕੇ ਵੰਡਦਾ ਹੈ। ਇਹ ਕਿੱਤਾ ਨੇਕ ਇਸ ਲਈ ਹੈ ਕਿ ਉਹ ਜਿਨ੍ਹਾਂ ਘਰਾਂ ਤੋਂ ਦੁੱਧ ਇਕੱਠਾ ਕਰਦਾ ਹੈ, ਉਨ੍ਹਾਂ ਦੇ ਰੁਜ਼ਗਾਰ ਦਾ ਸਬੱਬ ਬਣਦਾ ਹੈ ਅਤੇ ਸ਼ਹਿਰ ਵਾਲਿਆਂ ਲਈ, ਜੋ ਪਸੂ ਰੱਖਣ ਦੇ ਅਸਮਰੱਥ ਹੁੰਦੇ ਹਨ, 13ਵੇਂ ਰਤਨ ਦਾ ਪ੍ਰਬੰਧ ਕਰਕੇ ਪੁੰਨ ਦਾ ਕੰਮ ਕਰਦਾ ਹੈ। ਦੁੱਧ ਦੇ ਪਿੰਡ ਅਤੇ ਸ਼ਹਿਰ ਦੇ ਮੁੱਲ ਵਿਚ ਫਰਕ ਕਰਕੇ ਹੁੰਦਾ ਮੁਨਾਫਾ ਉਸ ਦੀ ਨੇਕ ਕਮਾਈ ਹੁੰਦੀ ਹੈ। ਹੋਰ ਮਿਹਨਤ ਕਰਕੇ ਭਾਵ ਵੱਧ ਦੁੱਧ ਇਕੱਠਾ ਕਰਕੇ ਅਤੇ ਵੰਡ ਕੇ ਵਧਾਈ ਕਮਾਈ ਵੀ ਉਸ ਦੀ ਦਸਾਂ ਨਹੁੰਆਂ ਦੀ ਕਮਾਈ ਹੀ ਰਹਿੰਦੀ ਹੈ, ਪਰ ਜੇ ਉਹ ਕੋਈ ਗਲਤ ਢੰਗ ਵਰਤ ਕੇ ਯਾਨਿ ਦੁੱਧ ਵਿਚ ਪਾਣੀ ਆਦਿ ਮਿਲਾ ਕੇ ਆਪਣੀ ਕਮਾਈ ਵਧਾਉਂਦਾ ਹੈ ਤਾਂ ਇਹ ਬੇਈਮਾਨੀ ਦੀ ਕਮਾਈ ਬਣ ਜਾਂਦੀ ਹੈ। ਜੇ ਉਹ ਇਥੇ ਵੀ ਨਹੀਂ ਰੁਕਦਾ ਅਤੇ ਆਪਣੀ ਕਮਾਈ ਨੂੰ ਬੇਹਿਸਾਬੀ ਵਧਾਉਣ ਵਾਸਤੇ ਰਸਾਇਣਕ ਪਦਾਰਥਾਂ ਦੀ ਵਰਤੋਂ ਨਾਲ ਬਨਾਉਟੀ ਦੁੱਧ ਬਣਾ ਕੇ ਵੇਚਦਾ ਹੈ, ਜੋ ਪੀਣ ਵਾਲਿਆਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ, ਤਾਂ ਇਹ ਘੋਰ ਪਾਪ ਦੀ ਕਮਾਈ ਬਣ ਜਾਂਦੀ ਹੈ। ਇਸ ਤਰ੍ਹਾਂ ਇਕ ਨੇਕ ਤੇ ਪੁੰਨ ਦਾ ਕੰਮ ਕਰਨ ਵਾਲਾ ਦੋਧੀ ਆਪਣੇ ਅੰਨ੍ਹੇ ਲਾਲਚ ਵੱਸ ਮਹਾਂ ਪਾਪੀ ਬਣ ਜਾਂਦਾ ਹੈ।
ਕੁਝ ਇਸੇ ਤਰ੍ਹਾਂ ਦਾ ਘਟਨਾਕ੍ਰਮ ਇਕ ਪੁਜਾਰੀ ਨਾਲ ਵੀ ਵਾਪਰ ਸਕਦਾ ਹੈ, ਜਿਸ ਤੋਂ ਉਹ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਕੇ ਆਪਣੇ ਆਪ ਨੂੰ ਬਚਾ ਕੇ ਪਾਕ ਪਵਿੱਤਰ ਰਹਿ ਸਕਦਾ ਹੈ। ਬਹੁਤੇ ਪੁਜਾਰੀ ਪਾਕ ਪਵਿੱਤਰ ਹੀ ਹੁੰਦੇ ਹਨ। ਉਹ ਆਪਣੀ ਸਬਰ ਸੰਤੋਖ ਵਾਲੀ ਧਾਰਮਕ ਜ਼ਿੰਦਗੀ ਜਿਉਣ ਦੇ ਨਾਲ ਨਾਲ ਲੋਕਾਂ ਨੂੰ ਕਰਾਮਾਤਾਂ, ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਦੇ ਜੰਜਾਲਾਂ ਵਿਚੋਂ ਕੱਢਣ ਵਾਸਤੇ ਮਹਾਂਪੁਰਖਾਂ ਦੀ ਸਿਖਿਆ ਦਾ ਪ੍ਰਚਾਰ ਕਰਦੇ ਹਨ ਤੇ ਸੱਚੇ ਸੁੱਚੇ ਧਰਮ ਦੇ ਰਾਹ ‘ਤੇ ਚੱਲ ਕੇ ਆਪਣਾ ਜੀਵਨ ਸੁਧਾਰਨ ਲਈ ਪ੍ਰੇਰਦੇ ਹਨ।
ਉਹ ਆਪਣੀਆਂ ਸਿਖਿਆਵਾਂ ਅਤੇ ਪ੍ਰਚਾਰ ਰਾਹੀਂ ਸਮੁੱਚੇ ਸਮਾਜ ਵਿਚ ਇਕਸੁਰਤਾ ਅਤੇ ਭਰਾਤਰੀ ਭਾਵ ਬਣਾਈ ਰੱਖਣ ਦਾ ਹਰ ਸੰਭਵ ਯਤਨ ਕਰਦੇ ਹਨ। ਅਜਿਹਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਲੂਆਂ ਤੋਂ ਜੋ ਤਿਲ ਫੁਲ ਭੇਟਾ ਮਿਲਦੀ ਹੈ, ਉਹ ਉਨ੍ਹਾਂ ਦੀ ਨੇਕ ਅਤੇ ਦਸਾਂ ਨਹੁੰਆਂ ਦੀ ਕਮਾਈ ਹੁੰਦੀ ਹੈ।
ਉਹ ਉਸੇ ਵਿਚ ਸੰਤਸ਼ਟ ਰਹਿੰਦੇ ਹਨ, ਪਰ ਕੁਝ ਇੱਕ ਪੁਜਾਰੀ ਐਨੇ ਵਿਚ ਸੰਤੁਸ਼ਟ ਨਹੀਂ ਰਹਿ ਸਕਦੇ। ਉਹ ਲੋਕਾਂ ਨੂੰ ਕਰਾਮਾਤਾਂ, ਅੰਧਵਿਸ਼ਵਾਸ ਅਤੇ ਕਰਮਕਾਂਡ ਦੇ ਜੰਜਾਲ ਵਿਚ ਫਸਾ ਕੇ ਆਪਣੀ ਕਮਾਈ ਵਧਾਉਣ ਦਾ ਜੁਗਾੜ ਬਣਾ ਲੈਂਦੇ ਹਨ, ਜੋ ਉਨ੍ਹਾਂ ਦੀ ਬੇਈਮਾਨੀ ਦੀ ਕਮਾਈ ਬਣ ਜਾਂਦੀ ਹੈ। ਇਹ ਹੀ ਪੁਜਾਰੀਵਾਦ ਦੀ ਧਾਰਨਾ ਵੱਲ ਵਧਣ ਵਾਲਾ ਪਹਿਲਾ ਕਦਮ ਹੈ। ਕੁਝ ਇੱਕ ਤਾਂ ਇਥੇ ਵੀ ਨਹੀਂ ਰੁਕਦੇ। ਉਹ ਆਪਣੀ ਕਮਾਈ ਦੇ ਨਾਲ ਨਾਲ ਆਪਣੀ ਤਾਕਤ ਵਧਾਉਣ ਵਾਸਤੇ ਮਨੁੱਖਤਾ ਵਿਚ ਵੰਡੀਆਂ ਪਾ ਕੇ ਇਕ ਦੂਜੇ ਦੇ ਵਿਰੋਧੀ ਅਤੇ ਦੁਸ਼ਮਣ ਧੜਿਆਂ ਵਿਚ ਲਾਮਬੰਦ ਕਰਨ ਦਾ ਪਾਪ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਇਹ ਵਿਪਰਵਾਦ ਜਾਂ ਪੁਜਾਰੀਵਾਦ ਦਾ ਇੱਕ ਤਰ੍ਹਾਂ ਨਾਲ ਸਿਖਰ ਹੋ ਨਿਬੜਦਾ ਹੈ। ਇਹ ਕੁਝ ਕਰਨ ਵਾਸਤੇ ਸਭ ਤੋਂ ਪਹਿਲਾਂ ਉਹ ਕਹਿਣਗੇ ਕਿ ਸਾਡਾ ਧਰਮ ਸਭ ਤੋਂ ਉਤਮ ਧਰਮ ਹੈ। ਇਹ ਗੱਲ ਹਰ ਧਰਮ ਦਾ ਇਸ ਕਿਸਮ ਦਾ ਪੁਜਾਰੀ ਕਰਦਾ ਹੈ।
ਪਹਿਲੀ ਨਜ਼ਰੇ ਦੇਖਿਆਂ ਭਾਵੇਂ ਇਹ ਗੱਲ ਮਾੜੀ ਨਹੀਂ ਲਗਦੀ, ਪਰ ਹਕੀਕਤ ਇਹ ਹੈ ਕਿ ਜੇ ਕੋਈ ਇੱਕ ਉਤਮ ਹੈ ਤਾਂ ਦੂਜੇ ਸਾਰੇ ਉਸ ਤੋਂ ਘਟੀਆ ਬਣ ਜਾਂਦੇ ਹਨ। ਇਸ ਦਾ ਅਗਲਾ ਅਸਰ ਇਹ ਹੁੰਦਾ ਹੈ ਕਿ ਇੱਕ ਧਰਮ ਨੂੰ ਮੰਨਣ ਵਾਲਾ ਮਨੁੱਖ ਆਪਣੇ ਆਪ ਨੂੰ ਉਤਮ ਅਤੇ ਦੂਜੇ ਧਰਮਾਂ ਨੂੰ ਮੰਨਣ ਵਾਲੇ ਮਨੁੱਖਾਂ ਨੂੰ ਘਟੀਆ ਸਮਝਣ ਲੱਗ ਪੈਂਦਾ ਹੈ। ਇਹ ਮਨੁੱਖਤਾ ਨੂੰ ਵਰਗਾਂ ਵਿਚ ਵੰਡਣ ਵਾਲਾ ਪਹਿਲਾ ਕਦਮ ਹੈ। ਅਗਲੇ ਕਦਮ ਵਿਚ ਇਹ ਪੁਜਾਰੀ ਆਪਣੇ ਆਪ ਨੂੰ ਧਰਮ ਦੇ ਰਾਖੇ ਦੱਸਣ ਲਈ ਕਹਿਣਗੇ ਕਿ ਦੂਜੇ ਧਰਮਾਂ ਵਾਲੇ ਸਾਡੇ ਧਰਮ ਵਿਚ ਦਖਲਅੰਦਾਜ਼ੀ ਕਰਕੇ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦੇ ਹਨ। ਇਸ ਕਰਕੇ ਉਨ੍ਹਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਅਜਿਹੇ ਪ੍ਰਚਾਰ ਨਾਲ ਇਸ ਕਿਸਮ ਦੇ ਪੁਜਾਰੀਆਂ ਦੀ ਤਾਂ ਭਾਵੇਂ ਭੱਲ ਬਣ ਜਾਵੇ ਪਰ ਧੜਿਆਂ ਵਿਚ ਵੰਡੇ ਲੋਕ ਜਿਥੇ ਪਹਿਲਾਂ ਦੂਸਰੇ ਧਰਮਾਂ ਦੇ ਮਨੁਖਾਂ ਨੂੰ ਆਪਣੇ ਤੋਂ ਘਟੀਆ ਸਮਝਦੇ ਸਨ, ਹੁਣ ਉਹ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਣ ਲਗ ਪੈਂਦੇ ਹਨ। ਇਹ ਦੁਸ਼ਮਣੀ ਦਾ ਅਹਿਸਾਸ ਹੀ ਅੰਤ ਨੂੰ ਭਰਾ ਮਾਰੂ ਜੰਗ ਦਾ ਕਾਰਨ ਬਣਦਾ ਹੈ।
ਇੱਥੇ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਵਿਪਰਵਾਦ ਜਾਂ ਪੁਜਾਰੀਵਾਦ ਧਰਮ ਵਿਰੋਧੀ ਤਾਂ ਹੈ ਹੀ, ਇਹ ਤਾਂ ਸਗੋਂ ਮਾਨਵਤਾ ਵਿਰੋਧੀ ਵੀ ਹੋ ਨਿੱਬੜਦਾ ਹੈ ਅਤੇ ਮਨੁੱਖਤਾ ਦੀ ਬਰਬਾਦੀ ਦਾ ਕਾਰਨ ਬਣਦਾ ਹੈ। ਇਸ ਲਈ ਸਾਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਸ ਤੋਂ ਬਚਣ ਵਾਸਤੇ ਅਸੀਂ ਆਪਣੀ ਸਧਾਰਨ ਬੁੱਧੀ ਅਤੇ ਤਾਰਕਿਕ ਵਿਚਾਰ ਨਾਲ ਸਹਿਜੇ ਹੀ ਸਮਝ ਸਕਦੇ ਹਾਂ ਕਿ ਕੀ ਸਾਹਮਣੇ ਵਾਲਾ ਵਿਅਕਤੀ ਸੱਚੇ ਸੁੱਚੇ ਪੁਜਾਰੀ ਵਾਲੇ ਫਰਜ਼ ਨਿਭਾ ਰਿਹਾ ਹੈ ਜਾਂ ਸਾਡੇ ਜਜ਼ਬਾਤ ਨੂੰ ਭੜਕਾ ਕੇ ਆਪਣੀ ਸਵਾਰਥ ਸਿਧੀ ਵਾਸਤੇ ਵਿਪਰਵਾਦੀ ਹੋਣ ਦਾ ਰੋਲ ਨਿਭਾ ਰਿਹਾ ਹੈ? ਇਸ ਤਰ੍ਹਾਂ ਅਸੀਂ ਆਪਣੀ ਸਧਾਰਨ ਬੁੱਧੀ ਵਰਤਦਿਆਂ ਐਵੇਂ ਕਿਸੇ ਦੇ ਮਗਰ ਲੱਗ ਕੇ ਸਮਾਜ ਅਤੇ ਮਨੁੱਖਤਾ ਦੇ ਉਜਾੜੇ ਦਾ ਕਾਰਨ ਬਣਨ ਤੋਂ ਬਚ ਸਕਦੇ ਹਾਂ ਅਤੇ ਨਾਲ ਦਿਆਂ ਨੂੰ ਵੀ ਬਚਾ ਸਕਦੇ ਹਾਂ।