ਖਿਆਲਾਂ ਦੀ ਦੁਨੀਆਂ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਖਿਆਲ ਹਵਾ ਦੇ ਬੁੱਲੇ ਵਾਂਗ ਆਉਂਦੇ ਹਨ ਤੇ ਇਵੇਂ ਹੀ ਜਾਂਦੇ ਹਨ। ਹਵਾ ਤੇਜ਼ ਤੇ ਹੌਲੀ ਵਗਣ ਵਾਂਗ ਇਹ ਵੀ ਮਨ ਦੇ ਅੰਦਰ ਹੁਲਾਰੇ ਖਾਂਦੇ ਰਹਿੰਦੇ ਹਨ। ਮਨ ਕਈ ਤਰ੍ਹਾਂ ਦੇ ਖਿਆਲ ਉਪਜਦਾ ਹੈ, ਤੇ ਇਹ ਹਟਦਾ ਹੀ ਨਹੀਂ। ਅੱਜ ਦੇ ਪਦਾਰਥਵਾਦੀ ਯੁੱਗ ‘ਚ ਪਿਆਰ ਖੰਭ ਲਾ ਕੇ ਉਡਦਾ ਜਾ ਰਿਹਾ। ਮਿੱਟੀ ‘ਚ ਦੱਬੀਆਂ ਧਾਤਾਂ, ਜੋ ਲੱਖਾਂ ਸਾਲਾਂ ਕੀ, ਧਰਤੀ ਦੀ ਪੈਦਾਇਸ਼ ਤੋਂ ਹੀ ਦੱਬੀਆਂ ਰਹੀਆਂ, ਅੱਜ ਬੰਦੇ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ, ਉਨ੍ਹਾਂ ਦਾ ਕੀ ਤੋਂ ਕੀ ਬਣਾ ਛੱਡਿਆ ਹੈ। ਬੰਦੇ ਦੇ ਬਣਾਏ ਪਦਾਰਥਾਂ ਨੇ ਬੰਦੇ ਨੂੰ ਇੰਨਾ ਰੁਝਾ ਦਿੱਤਾ ਹੈ ਕਿ ਬੰਦੇ ਦੇ ਖਿਆਲ ਵੀ ਪਦਾਰਥਾਂ ਦੁਆਲੇ ਹੀ ਘੁੰਮਣ ਲਾ ਦਿੱਤੇ ਹਨ।

ਧਰਤੀ ‘ਚੋਂ ਅਨੇਕਾਂ ਖਣਿਜ ਪਦਾਰਥ ਕੱਢ ਕੇ ਨਵੀਆਂ ਵਸਤਾਂ ਤਾਂ ਜਰੂਰ ਬਣਾ ਲਈਆਂ ਪਰ ਪਿਆਰ ਤੇ ਅਪਣੱਤ ਵਾਲਾ ਸੀਮਿੰਟ, ਜੋ ਸਾਡੇ ਰਿਸ਼ਤਿਆਂ ਨੂੰ ਜੋੜੀ ਰੱਖਦਾ ਸੀ, ਉਸ ‘ਤੇ ਪਦਾਰਥਾਂ ਦਾ ਜੈਕ ਹੈਮਰ ਚਲਾ ਕੇ ਉਸ ਨੂੰ ਟੁਕੜੇ ਟੁਕੜੇ ਕਰ ਦਿੱਤਾ ਹੈ। ਪਦਾਰਥਾਂ ਵਿਚ ਖੁੱਭਣ ਨਾਲ ਬੰਦਾ ਵੀ ਇਕ ਪਦਾਰਥੀ ਵਸਤੂ ਬਣ ਕੇ ਰਹਿ ਗਿਆ ਹੈ। ਸਾਡੇ ਖਿਆਲ ਉਲਟ ਦਿਸ਼ਾ ਵਲ ਚੱਲ ਕੇ ਦਿਸ਼ਾਹੀਣ ਹੋ ਗਏ ਲਗਦੇ ਹਨ। ਪਿਆਰ, ਅਪਣੱਤ ਦੇ ਖਿਆਲ ਘਟ ਗਏ ਤੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਦੌੜ ਵਧ ਗਈ ਹੈ, ਜੋ ਵੱਧਦੀ ਹੀ ਜਾ ਰਹੀ ਹੈ, ਜਿਸ ਦਾ ਕੋਈ ਅੰਤ ਨਹੀਂ ਦਿਸਦਾ। ਇਸ ‘ਚ ਖੁੱਭ ਕੇ ਅਸੀਂ ਆਪਣੇ ਆਪ ਨੂੰ ਵੀ ਖੋ ਲਿਆ ਹੈ।
ਪਦਾਰਥਾਂ ਦੇ ਢੇਰ ‘ਤੇ ਬੈਠ ਪੂਰਨ ਖੁਸ਼ੀ ਪ੍ਰਾਪਤ ਨਹੀਂ ਹੋਣੀ ਤੇ ਇਹ ਹੋ ਵੀ ਨਹੀਂ ਰਹੀ। ਜਦ ਖੁਸ਼ੀ ਨਹੀਂ ਪ੍ਰਾਪਤ ਹੋਣੀ ਤਾਂ ਮਨ ਅੰਦਰ ਬੇਚੈਨੀ ਦੀ ਕੁਰਬਲ ਕੁਰਬਲ ਵਧਣੀ ਹੈ; ਮਨ ਦਾ ਤਣਾਓ ਵਧਣਾ ਹੈ, ਜ਼ਿੰਦਗੀ ਅੱਗੇ ਹੀ ਤੇਜ਼ ਰਫਤਾਰ ਲੀਹ ‘ਤੇ ਹੈ, ਇਸ ਦੀ ਰਫਤਾਰ ਹੋਰ ਤੇਜ਼ ਹੋਣੀ ਹੈ; ਮਨ ‘ਚ ਕਿੜੱਤਣ ਹੋਣ ਲੱਗਣੀ ਹੈ, ਗੁੱਸਾ ਆਉਣਾ ਹੈ, ਖਿਝ ਦਾ ਬੋਲ ਬਾਲਾ ਹੋ ਜਾਣਾ ਹੈ ਤੇ ਤਣਾਓ ਵਧਣਾ ਹੈ।
ਪਦਾਰਥਵਾਦੀ ਯੁੱਗ ਦੀ ਕਾਢ ਨੇ ਨਵੀਂਆਂ ਤੋਂ ਨਵੀਂਆਂ ਦਵਾਈਆਂ ਕੱਢ ਮਾਰੀਆਂ, ਜਿਨ੍ਹਾਂ ਦਾ ਸਹਾਰਾ ਲੈ ਅਸਾਂ ਮੁੜ ਅਮੁੱਕ ਦੌੜ ‘ਚ ਸ਼ਾਮਲ ਹੋ ਜਾਣਾ ਹੈ। ਇਹ ਇੱਕ ਐਸਾ ਘਣਚੱਕਰ ਹੈ, ਜਿਸ ‘ਚੋਂ ਬੰਦਾ ਨਿਕਲ ਹੀ ਨਹੀਂ ਸਕਦਾ; ਦੇਖੋ ਫਿਰ ਬੰਦੇ ਦਾ ਕੀ ਬਣਦਾ ਹੈ? ਦਵਾਈਆਂ ਇੱਕ ਕਿਸਮ ਦਾ ਨਸ਼ਾ ਹੈ, ਇਸ ਨਸ਼ੇ ਦੇ ਸਹਾਰੇ ਅਸੀਂ ਦਿਨ ਕਟੀ ਕਰਨ ਲਗਦੇ ਹਾਂ; ਇਕ ਕਾਨੂੰਨੀ ਦਵਾਈਆਂ (ਮੈਡੀਸਨ) ਹਨ ਤੇ ਇਕ ਗੈਰ-ਕਾਨੂੰਨੀ (ਡਰੱਗਜ਼)। ਦੋਹਾਂ ਦੇ ਹੀ ਆਸਰੇ ਅਸੀਂ ਜ਼ਿੰਦਗੀ ਦੇ ਗੁਆਚੇ ਤੱਤ ਲੱਭਣ ਦਾ ਯਤਨ ਕਰਦੇ ਹਾਂ। ਜਿੰਨਾ ਇਨ੍ਹਾਂ ਦਾ ਆਸਰਾ ਲੈ ਯਤਨ ਤੇਜ ਕਰਦੇ ਹਾਂ, ਉਨਾਂ ਹੀ ਇਨ੍ਹਾਂ ‘ਚ ਹੋਰ ਖੁੱਭ ਜਾਂਦੇ ਹਾਂ। ਮਨ ਦੀ ਨਿਰਾਸ਼ਾ ਹੋਰ ਵਧਦੀ ਹੈ।
ਦਰਅਸਲ ਬੰਦੇ ਦੇ ਸੰਤੋਖ ਦਾ ਕੜ ਟੁੱਟ ਗਿਆ ਹੈ, ਜਦ ਸੰਤੋਖ ਹੀ ਨਾ ਹੋਵੇ ਤਾਂ ਮਨ ਸ਼ਾਂਤ ਕਿਥੋਂ? ਕੀ ਜ਼ਿੰਦਗੀ ‘ਚ ਖੁਸ਼ੀ ਪ੍ਰਾਪਤ ਕਰਨ ਲਈ ਸਭ ਤਰ੍ਹਾਂ ਦੀਆਂ ਈਜ਼ਾਦ ਕੀਤੀਆਂ ਚੀਜ਼ਾਂ ਦੀ ਲੋੜ ਹੈ? ਹਰਗਿਜ਼ ਨਹੀਂ। ਇਹ ਸਾਡੇ ਮਨ ਦੀ ਮ੍ਰਿਗ ਤ੍ਰਿਸ਼ਨਾ ਹੈ। ਜਿਵੇਂ ਕੜਕਦੀ ਗਰਮੀ ‘ਚ ਹੀਰਾ ਹਰਨ ਪਾਣੀ ਦਾ ਝਲਕਾਰਾ ਭਾਂਪਦਾ ਭਾਂਪਦਾ ਅੱਗੇ ਤੋਂ ਅੱਗੇ ਤੁਰਿਆ ਜਾਂਦਾ ਹੈ, ਪਰ ਜਿਉਂ ਜਿਉਂ ਹੋਰ ਅੱਗੇ ਤੁਰਦਾ ਹੈ, ਪਾਣੀ ਦਾ ਝਉਲਾ ਹੋਰ ਅੱਗੇ ਤੁਰੀ ਜਾਂਦਾ ਹੈ। ਆਖਰ ਉਹ ਭੁੱਖਾ ਤਿਹਾਇਆ ਪਾਣੀ ਦੀ ਭਾਲ ‘ਚ ਮ੍ਰਿਗ ਤ੍ਰਿਸ਼ਨਾ ਦਾ ਸ਼ਿਕਾਰ ਪ੍ਰਾਣ ਤਿਆਗ ਦਿੰਦਾ ਹੈ। ਇਹੀ ਹਾਲ ਬੰਦੇ ਦਾ ਹੈ। ਬੰਦਾ ਆਪਣੇ ਆਪ ਨੂੰ ਸਭ ਜਾਤਾਂ ਨਾਲੋਂ ਉੱਚ ਤੇ ਵਿਕਸਿਤ ਸਮਝਦਾ ਹੈ; ਇਹ ਇਸ ਦੀ ਭੁੱਲ ਹੈ।
ਬੱਚੇ ਨੂੰ ਇਕ ਖੇਡ ਦੇ ਦੇਈਏ, ਉਹ ਉਸ ਨਾਲ ਪਰਚਿਆ ਰਹੇਗਾ। ਦੋ ਦੇ ਦਿਓ, ਉਹ ਦੋ ਨਾਲ ਖੇਡੀ ਜਾਏਗਾ। ਫਿਰ ਉਸ ਨੂੰ ਦਸ ਦੇ ਦਿਓ, ਉਹ ਉਨ੍ਹਾਂ ਨਾਲ ਹੀ ਉਲਝਿਆ ਰਹੇਗਾ। ਦਸਾਂ ‘ਚ ਉਹ ਵੱਧ ਡੌਰ ਭੌਰ ਹੋਏਗਾ, ਉਸ ਨੂੰ ਸਮਝ ਨਹੀਂ ਪੈਣੀ ਕਿ ਕਿਹੜੀ ਖੇਡ ਨਾਲ ਖੇਡੇ ਤੇ ਕਿਹੜੀ ਛੱਡੇ; ਇਹੀ ਹਾਲ ਬੰਦੇ ਦਾ ਹੈ। ਬੰਦਾ ਵੀ ਜਿਉਂ ਜਿਉਂ ਵੱਧ ਮਨੋਰੰਜਨ ਦੀਆਂ ਜਾਂ ਰੋਜ਼ਾਨਾ ਵਰਤੋਂ ਦੀਆਂ ਵੱਧ ਵਸਤਾਂ ਇਕੱਤਰ ਕਰੇਗਾ ਤੇ ਇੰਜ ਵੱਧ ਅਸੰਤੁਸ਼ਟ ਹੁੰਦਾ ਜਾਏਗਾ। ਮਨ ਦਾ ਚੈਨ ਖੋ ਜਾਏਗਾ, ਬੇਚੈਨੀ ਦਾ ਸ਼ਿਕਾਰ ਹੋ ਉਲਝ ਜਾਏਗਾ। ਖੁਸ਼ੀ ਢੂੰਡੇਗਾ, ਮਨ ਪਰਚਾਉਣ ਦੇ ਸਾਧਨਾਂ ਮਗਰ ਪਏਗਾ; ਮਨ ਦੀ ਸਥਿਰਤਾ ਨਹੀਂ ਬਣੇਗੀ, ਕਿਉਂਕਿ ਮਨ ਨੂੰ ਫੈਸਲਾ ਕਰਨਾ ਹੀ ਔਖਾ ਹੋ ਜਾਣਾ ਹੈ ਕਿ ਇਨ੍ਹਾਂ ਬੇਅੰਤ ਪਦਾਰਥਵਾਦੀ ਚੀਜਾਂ ‘ਚੋਂ ਕਿਹੜੀ ਉਸ ਦੀ ਖੁਸ਼ੀ ਦਾ ਪਾਤਰ ਬਣਦੀ ਹੈ?
ਜੇ ਦੇਖੀਏ ਤਾਂ ਬੰਦੇ ਦੀ ਸਾਰੀ ਜ਼ਿੰਦਗੀ ਹੀ ਇਕ ਮ੍ਰਿਗ ਤ੍ਰਿਸ਼ਨਾ ਹੈ। ਤ੍ਰਿਸ਼ਨਾ ਦੀ ਪਿਆਸ ਹੀ ਉਸ ਨੂੰ ਕਬਰ ‘ਚ ਪਹੁੰਚਾ ਦਿੰਦੀ ਹੈ। ਸਾਰੀ ਉਮਰ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਲਈ ਹੀ ਨੱਠਿਆ ਭੱਜਿਆ ਫਿਰਦਾ ਰਹਿੰਦਾ ਹੈ। ਤ੍ਰਿਸ਼ਨਾ ਦਾ ਮਾਰਿਆ ਭਵੱਕੜ ਲੋ ਦੁਆਲੇ ਭਉਂਦਾ ਭਉਂਦਾ ਹੀ ਪ੍ਰਾਣ ਤਿਆਗ ਦਿੰਦਾ ਹੈ। ਬੰਦਾ ਵੀ ਦੁਨਿਆਵੀ ਪਦਾਰਥਾਂ ‘ਚੋਂ ਮੁਕਤੀ ਲੱਭਦਾ, ਲੋਅ ਲੱਭਦਾ, ਖੁਸ਼ੀ ਲੱਭਦਾ ਤੇ ਪਦਾਰਥਾਂ ਦੇ ਢੇਰ ‘ਚ ਗੁਆਚਾ ਆਪਾ ਗੁਆ ਲੈਂਦਾ ਹੈ।
ਜਿੰਨਾ ਆਲਾ-ਦੁਆਲਾ ਵੱਧ ਦੇਖਾਂਗੇ, ਉਨਾਂ ਹੀ ਮਨ ਵੱਧ ਭਟਕਣ ‘ਚ ਜਾਏਗਾ। ਭਟਕਣ ਮਨ ਨੂੰ ਉਪਰਾਮਤਾ ਦੇ ਮਾਰਗ ਪਾਏਗੀ। ਇਹ ਸਭ ਗੱਲਾਂ ਮਨ ਦੇ ਤਣਾਓ ਨੂੰ ਵਧਾਉਂਦੀਆਂ ਹਨ। ਤਣਾਓ ਦਾ ਰੋਗ ਦਿਸਦਾ ਨਹੀਂ ਤੇ ਇਸ ਦਾ ਪਤਾ ਵੀ ਨਹੀਂ ਲਗਦਾ ਕਿ ਸਾਨੂੰ ਤਣਾਓ ਹੈ, ਪਰ ਲਗਾਤਾਰ ਇਸ ਦਾ ਰਹਿਣਾ ਸਰੀਰ ‘ਤੇ ਮਾਰੂ ਪ੍ਰਭਾਵ ਪਾਉਂਦਾ ਹੈ। ਦਿਲ ਅਤੇ ਸਟਰੋਕ ਵਰਗੇ ਰੋਗਾਂ ਦੇ ਹੋਣ ਵਾਲੇ ਕਾਰਨਾਂ ‘ਚੋਂ ਇਹ ਪ੍ਰਮੁੱਖ ਹੈ। ਕਿਉਂਕਿ ਇਹ ਦਿਸਦਾ ਨਹੀਂ, ਇਸ ਕਰਕੇ ਪਤਾ ਹੀ ਨਹੀਂ ਲਗਦਾ ਕਿ ਇਸ ਦੇ ਅਸੀਂ ਸ਼ਿਕਾਰ ਹਾਂ। ਜਿਵੇਂ ਉਪਰ ਜ਼ਿਕਰ ਕਰ ਆਏ ਹਾਂ, ਅੱਜ ਦੇ ਜ਼ਮਾਨੇ ਦੀ ਤੇਜ਼ ਤਰਾਰ ਜ਼ਿੰਦਗੀ ‘ਚ ਕੋਈ ਵੀ ਤਣਾਓ ਤੋਂ ਬਚ ਨਹੀਂ ਸਕਿਆ। ਬਚਣਾ ਚਾਹਵੇ ਵੀ ਤਾਂ ਬਚ ਨਹੀਂ ਸਕਦਾ, ਕਿਉਂਕਿ ਅਸੀਂ ਆਲੇ-ਦੁਆਲੇ ਦੇ ਵਾਤਾਵਰਣ ਦਾ ਸ਼ਿਕਾਰ ਹਾਂ। ਨਵਾਂ ਸਮਾਨ ਜਿੰਨਾ ਬਣੀ ਜਾ ਰਿਹਾ, ਇਸ ਦੀ ਪਕੜ ਸਾਨੂੰ ਹੋਰ ਇਸ ਵਲ ਧੂਹੀ ਜਾ ਰਹੀ ਹੈ।
ਖਿਆਲਾਂ ਦੇ ਵਾਵਰੋਲੇ ਅਰੁੱਕ ਤੇ ਅਮੁੱਕ ਹਨ; ਪਤਾ ਨਹੀਂ ਪਲ ‘ਚ ਹੀ ਕਿੰਨੇ ਕੁ ਤੁਹਾਡੀਆਂ ਅੱਖਾਂ ਮੂਹਰੇ ਘੁੰਮ ਜਾਂਦੇ ਹਨ। ਚੌਵੀ ਘੰਟਿਆਂ ‘ਚ ਤਾਂ ਪਤਾ ਨਹੀਂ ਕਿੰਨੇ ਕੁ! ਕੀ ਉਹ ਖਿਆਲ ਬੰਦੇ ਦੀ ਸੀਮਤ ਜ਼ਿੰਦਗੀ ‘ਚ ਸਮਾਜ ਨੂੰ ਚੰਗਾ ਬਣਾਉਣ ਲਈ ਵੀ ਯੋਗਦਾਨ ਪਾਉਣ ਯੋਗ ਹੁੰਦੇ ਹਨ? ਇਹ ਬੜਾ ਗੰਭੀਰ ਸਵਾਲ ਹੈ। ਖਿਆਲ ਤਾਂ ਮਾੜਾ ਸੋਚਣ ਦਾ ਵੀ ਹੋ ਸਕਦਾ ਹੈ, ਚੰਗੇ ਭਲੇ ਵਸਦੇ ਰਸਦੇ ਲੋਕਾਂ ‘ਚ ਤਰਥੱਲ ਮਚਾਉਣ ਦਾ ਵੀ ਹੋ ਸਕਦਾ ਹੈ।
ਕਿਸੇ ਤਾਕਤਵਰ ਨੂੰ ਉਸਕਲ ਉਠਿਆ ਕਿ ਫਲਾਣੇ ਨੂੰ ਤੰਗ ਕਰਨਾ ਹੈ, ਤੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ; ਇਹ ਤਾਂ ਖਿਆਲ ਠੀਕ ਨਹੀਂ ਨਾ ਹੋਇਆ। ਤਾਕਤਵਰ ਤੇ ਵਿਕਸਿਤ ਮੁਲਕ ‘ਤੇ ਰਾਜ ਭਾਗ ਕਰਨ ਵਾਲਿਆਂ ਨੂੰ ਉਸਕਲ ਉਠਿਆ ਕਿ ਆਪਣੇ ਹਿਤਾਂ ਦੇ ਫੁਰਨਿਆਂ ਨੂੰ ਪੱਠੇ ਪਾਉਣ ਲਈ, ਘੱਟ ਤਾਕਤਵਰ ਦਾ ਕਿਵੇਂ ਸ਼ੋਸ਼ਣ ਕਰਨਾ ਹੈ ਤੇ ਆਪਣੀ ਮਨਸ਼ਾ ਦੀ ਕਿਵੇਂ ਪੂਰਤੀ ਕਰਨੀ ਹੈ? ਇਹ ਵੀ ਤਾਂ ਚੰਗਾ ਖਿਆਲ ਨਹੀਂ ਨਾ ਹੋਇਆ। ਇਹ ਤਾਂ ਧੱਕੇ ਨਾਲ ਉਜਾੜਾ ਪਾਉਣ ਦਾ ਸੋਚ ਲਿਆ। ਦੁਨੀਆਂ ਦੇ ਬਹੁਤੇ ਹਿੱਸਿਆਂ ‘ਚ ਅੱਜ ਕੱਲ ਇਨ੍ਹਾਂ ਖਿਆਲਾਂ ਦੇ ਅਧੀਨ ਹੀ ਖੌਰੂ ਪਿਆ ਹੋਇਆ ਹੈ ਅਤੇ ਹਜ਼ਾਰਾਂ-ਲੱਖਾਂ ਲੋਕ ਕਤਲ ਹੋ ਰਹੇ ਹਨ, ਸ਼ਰਨਾਰਥੀ ਬਣ ਤੇ ਉਜੜ ਰਹੇ ਹਨ।
ਆਹ ਵੀ ਤਾਂ ਖਿਆਲ ਹੀ ਹਨ, ਜੋ ਮੈਂ ਝਟਾ ਝੱਟ ਝਰੀਟੀ ਜਾ ਰਿਹਾਂ ਤੇ ਆਪਣੇ ਮਨ ਨੂੰ ਹੌਲਾ ਕਰ ਰਿਹਾਂ। ਅੱਜ ਦੇ ਟੈਕਨਾਲੋਜੀ ਯੁੱਗ ਵਿਚ ਘਰ ਦੇ ਕਿਸੇ ਵੀ ਖੂੰਜੇ ‘ਚ ਬੈਠੇ ਟਵਿੱਟਰ ਜਾਂ ਫੇਸਬੁੱਕ ‘ਤੇ ਜਿਹੜੀ ਵੀ ਮਰਜੀ ਸ਼ੁਰਲੀ ਛੱਡ ਦਿਓ, ਸਭ ਪ੍ਰਵਾਨ ਹੈ। ਮਿੰਟਾਂ-ਸਕਿੰਟਾਂ ‘ਚ ਹੀ ਖਿਆਲਾਂ ਦੇ ਭੇੜ ਸ਼ੁਰੂ ਹੋ ਕੇ ਖੌਰੂ ਪੈਣ ਲੱਗ ਜਾਊ। ਇਹ ਹੈ ਖਿਆਲਾਂ ਦੀ ਬਰਕਤ। ਇੱਕ ਖਿਆਲ ਹੈ, ਜੋ ਤੁਸੀਂ ਕਿਸੇ ਖਾਸ ਵਿਸ਼ੇ ਬਾਰੇ ਪ੍ਰਗਟ ਕਰਦੇ ਹੋ, ਕਿਸੇ ਨੂੰ ਚੰਗਾ ਲੱਗੂ ਤੇ ਕਿਸੇ ਨੂੰ ਨਹੀਂ ਵੀ। ਖਿਆਲ ਪ੍ਰਗਟ ਕਰਨ ਦੇ ਸਾਧਨ ਅੱਜ ਇੰਨੇ ਵਿਕਸਿਤ ਹੋ ਚੁਕੇ ਹਨ ਕਿ ਹਰ ਇੱਕ ਲਈ ਮਾਧਿਅਮ ਦੀ ਸੁਵਿਧਾ ਹੈ। ਹੁਣ ਤੁਸੀਂ ਆਪਣੇ ਮਨ ਵਿਚ ਆਇਆ ਖਿਆਲ ਸਕਿੰਟਾਂ ‘ਚ ਹੀ ਦੂਜਿਆਂ ਨਾਲ ਸਾਂਝਾ ਕਰਨ ਦੀ ਜੁਗਤ ਰੱਖਦੇ ਹੋ।
ਸਾਹ ਲੈਂਦਿਆਂ, ਨੱਕ ਜਾਂ ਮੂੰਹ ਰਾਹੀਂ, ਕਦੇ ਕਿਸੇ ਨੇ ਸਾਹ ਦੇ ਦਰਸ਼ਨ ਕੀਤੇ ਹਨ? ਹਾਂ, ਸਿਰਫ ਸਾਂ ਸਾਂ ਸੁਣੀ ਹੋਏਗੀ ਜਾਂ ਛਾਤੀ ਅਤੇ ਢਿੱਡ ਉਪਰ-ਥੱਲੇ ਫੈਲਦੇ ਤੇ ਸੁੰਗੜਦੇ ਜਰੂਰ ਦੇਖੇ ਹੋਣਗੇ। ਨਾ ਹੀ ਆਕਸੀਜਨ ਅੰਦਰ ਜਾਂਦੀ ਤੇ ਕਾਰਬਨ ਡਾਇਆਕਸਾਈਡ ਬਾਹਰ ਆਉਂਦੀ ਕਿਸੇ ਦੇਖੀ ਹੈ। ਖਿਆਲਾਂ ਦਾ ਵੀ ਇੰਜ ਹੀ ਹੈ। ਖਿਆਲਾਂ ਨੂੰ ਮਨ ਅੰਦਰ ਭੱਜਦੇ-ਦੌੜਦੇ ਤਾਂ ਜਰੂਰ ਅਨੁਭਵ ਕਰ ਲੈਂਦੇ ਹਾਂ ਪਰ ਉਨ੍ਹਾਂ ਨੂੰ ਦੇਖਿਆ ਤਾਂ ਨਹੀਂ। ਖਿਆਲ ਹੈਨ ਤਾਂ ਅਣਦਿੱਖ, ਪਰ ਸਾਡੀ ਜ਼ਿੰਦਗੀ ‘ਚ ਚੰਗਾ-ਮਾੜਾ ਤਰਥੱਲ ਮਚਾਉਣ ਲਈ ਬੜੇ ਕਾਰਗਰ ਹਨ। ਖਿਆਲ ਹੀ ਬੰਦੇ ਤੋਂ ਚੰਗਾ-ਮਾੜਾ ਕੰਮ ਕਰਵਾਉਂਦੇ ਹਨ। ਸਾਡੇ ਮਨ ‘ਤੇ ਨਿਰੰਤਰ ਭਾਰੂ ਰਹਿੰਦੇ ਹਨ।
ਖਿਆਲਾਂ ਕਰਕੇ ਹੀ ਦੁਨੀਆਂ ਦਾ ਵਿਕਾਸ ਤੇ ਪ੍ਰਗਤੀ ਹੋਈ ਹੈ। ਖਿਆਲ ਨਾ ਉਪਜਦੇ ਤਾਂ ਵਿਗਿਆਨੀਆਂ ਨੇ ਕਾਹਨੂੰ ਕਾਢਾਂ ਕੱਢਣੀਆਂ ਸਨ, ਹੁਣ ਬੰਦਾ ਜਿਸ ਪ੍ਰਗਤੀ ਦੇ ਤੀਰ ਦੀ ਨੋਕ ‘ਤੇ ਬੈਠਾ ਸ਼ੂਟਾਂ ਵੱਟਦਾ ਜਾ ਰਿਹਾ, ਇਹ ਸੰਭਵ ਨਹੀਂ ਸੀ ਹੋ ਸਕਣਾ। ਦੁਨੀਆਂ ‘ਚ ਅੱਜ ਸਿਆਸੀ, ਇਲਾਕਾਈ, ਆਰਥਕ ਤੇ ਅਤਿਵਾਦ ਦਾ ਜੋ ਭੜਥੂ ਪਿਆ ਹੋਇਆ, ਇਹ ਸਭ ਵੱਖੋ ਵੱਖਰੇ ਖਿਆਲਾਂ ਦੀ ਹੀ ਕਿਰਪਾ ਹੈ।
ਸੱਚ ਨੂੰ ਝੂਠ ਬਣਾਉਣ ਤੇ ਝੂਠ ਨੂੰ ਸੱਚ ਸਾਬਤ ਕਰਨ ਦੀਆਂ ਵਿਧੀਆਂ ਵੀ ਤਾਂ ਖਿਆਲਾਂ ਦੀ ਹੀ ਉਪਜ ਹਨ, ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਚਾਰ ਦੇ ਨਵੇਂ ਤੌਰ ਤਰੀਕੇ ਇਸ ‘ਚ ਬਹੁਤ ਸਹਾਈ ਹੁੰਦੇ ਹਨ। ਇਨ੍ਹਾਂ ਸਾਧਨਾਂ ਰਾਹੀਂ ਮਾੜੀ ਜਿਹੀ ਸ਼ੁਰਲੀ ਛੱਡ ਦਿਉ ਇੰਟਰਨੈਟ ‘ਤੇ, ਫਿਰ ਦੇਖੋ ਕਿਵੇਂ ਤੋਏ ਤੋਏ ਹੋਣ ਲੱਗਦੀ ਹੈ। ਇਹ ਚੁਸਤ ਤੇ ਸ਼ਰਾਰਤੀ ਦਿਮਾਗਾਂ ਦੀ ਕਾਢ ਦੇ ਖਿਆਲਾਂ ਕਰਕੇ ਹੀ ਵਾਪਰਦਾ ਹੈ। ਉਲਟ-ਪੁਲਟ ਖਿਆਲ ਲੋਕਾਂ ਨੂੰ ਆਹਰੇ ਲਾਈ ਰੱਖਦੇ ਹਨ, ਰੁਝੇਵੇਂ ‘ਚ ਰੱਖਦੇ ਹਨ, ਟਿਕ ਕੇ ਬਹਿਣ ਨਹੀਂ ਦਿੰਦੇ, ਬੰਦੇ ਨੂੰ ਭਜਾਈ ਹੀ ਫਿਰਦੇ ਹਨ; ਮਨ ‘ਚ ਬੇਚੈਨੀ ਵਧਾਉਂਦੇ ਹਨ, ਤਣਾਓ ‘ਚ ਵਾਧਾ ਕਰਦੇ ਹਨ-ਇਹ ਸਭ ਖਿਆਲ ਹੀ ਤਾਂ ਹਨ!