ਗਦਰ ਲਹਿਰ ਦਾ ਧੁਰਾ ਜਵਾਲਾ ਸਿੰਘ ਠਠੀਆਂ

ਕਿਰਪਾਲ ਸਿੰਘ ਸੰਧੂ
ਫੋਨ: 559-259-4844
ਬਰਤਾਨਵੀ ਹਕੂਮਤ ਨੇ ਹਿੰਦੋਸਤਾਨ ਦੀ ਆਖਰੀ ਰਿਆਸਤ ਪੰਜਾਬ ‘ਤੇ 1849 ਵਿਚ ਕਬਜ਼ਾ ਕਰ ਲਿਆ। ਸੋਨੇ ਦੀ ਚਿੜੀ ਕਹਾਉਣ ਵਾਲੇ ਦੇਸ਼ ਦੀ ਪੈਦਾਵਾਰ, ਕੱਚੇ ਮਾਲ ਦੇ ਅਨਮੋਲ ਕੁਦਰਤੀ ਖਜਾਨਿਆਂ ਦੀ ਅੰਨ੍ਹੀ ਲੁੱਟਮਾਰ ਕੀਤੀ। ਇਸ ਪਿਛੋਂ ਦੇਸ਼ ਦੇ ਹਰ ਨੌਜਵਾਨ ਸਾਹਮਣੇ ਇਹ ਗੱਲ ਸੂਰਜ ਵਾਂਗ ਰੌਸ਼ਨ ਸੀ ਕਿ ਹਿੰਦੋਸਤਾਨ ਗੁਲਾਮੀ ਦੀ ਮਾਰ ਝੱਲ ਰਿਹਾ ਹੈ। ਭੁੱਖ ਦੀ ਸਤਾਈ ਨੌਜਵਾਨੀ, ਰੁਜ਼ਗਾਰ ਦੀ ਭਾਲ ਵਿਚ ਬਾਹਰਲੇ ਮੁਲਕਾਂ ਵਿਚ ਮਜ਼ਦੂਰੀ ਕਰਨ ਤੁਰ ਪਈ ਤਾਂ ਕਿ ਜਿਥੇ ਆਪ ਰੱਜ ਕੇ ਰੋਟੀ ਖਾ ਸਕਣ, ਉਥੇ ਪਿੱਛੇ ਪਰਿਵਾਰ ਦਾ ਗੁਜ਼ਾਰਾ ਵੀ ਚਲਦਾ ਰੱਖ ਸਕਣ।

ਇਸੇ ਮਜਬੂਰੀ ਕਾਰਨ ਹਿੰਦੋਸਤਾਨੀ, ਖਾਸ ਕਰ ਪੰਜਾਬੀ ਜਦੋਂ ਵੀ ਕੋਈ ਜੁਗਾੜ ਫਿੱਟ ਹੁੰਦਾ ਤਾਂ ਵਿਦੇਸ਼ਾਂ ਵਲ ਨਿਕਲਣ ਦਾ ਯਤਨ ਕਰਦਾ। 1905 ਵਿਚ ਰੁਜ਼ਗਾਰ ਦੀ ਭਾਲ ‘ਚ ਘਰੋਂ ਚਲਿਆ ਜਿਲਾ ਅੰਮ੍ਰਿਤਸਰ ਦਾ ਨੌਜਵਾਨ ਜਵਾਲਾ ਸਿੰਘ ਚੀਨ, ਪਨਾਮਾ, ਮੈਕਸੀਕੋ ਵਲ ਦੀ ਹੁੰਦਾ ਹੋਇਆ, 1908 ਵਿਚ ਅਮਰੀਕਾ ਦੀ ਗੋਲਡਨ ਸਟੇਟ ਵਜੋਂ ਜਾਣੀ ਜਾਂਦੀ ਕੈਲੀਫੋਰਨੀਆ ਵਿਚ ਅਪੜ ਗਿਆ। ਅਮਰੀਕਾ ਵਰਗੇ ਵਿਕਸਿਤ ਮੁਲਕ ਵਿਚ ਮਿਹਨਤ ਮਜ਼ਦੂਰੀ ਕਰਨ ਵਾਲੇ ਕਾਮਿਆਂ ਨੂੰ ਮਿਹਨਤ ਦਾ ਸਿਲਾ ਮਿਲਦਾ ਹੋਣ ਕਰਕੇ ਇਹ ਪੰਜਾਬੀਆਂ ਲਈ ਧਰਤੀ ‘ਤੇ ਸਵਰਗ ਦਾ ਨਮੂਨਾ ਸੀ। ਇਸੇ ਕਰਕੇ ਅਮਰੀਕਾ ਵਲ ਮਿਹਨਤੀ ਲੋਕ ਖਿੱਚੇ ਜਾ ਰਹੇ ਸਨ। ਅਮਰੀਕਾ ਦੀ ਇਹ ਮਿਕਨਾਤੀਸ਼ੀ ਖਿੱਚ ਅੱਜ ਵੀ ਜਾਰੀ ਹੈ।
ਜਿਲਾ ਅੰਮ੍ਰਿਤਸਰ ਵਿਚ ਬਿਆਸ ਨੇੜੇ ਪਿੰਡ ਠਠੀਆਂ ਦੇ ਸ਼ ਘਨਈਆ ਸਿੰਘ ਸੰਧੂ ਦੇ ਘਰ 1876 ਵਿਚ ਬਾਲਕ ਦਾ ਜਨਮ ਹੋਇਆ ਜਿਸ ਦਾ ਨਾਂ ਜਵਾਲਾ ਸਿੰਘ ਰਖਿਆ ਗਿਆ। ਕਿੱਤੇ ਵਜੋਂ ਇਹ ਪਰਿਵਾਰ ਜ਼ਿਮੀਦਾਰਾਂ ਦੇ ਘਰਾਂ ਵਿਚ ਪਾਣੀ ਭਰਨ ਦਾ ਕੰਮ ਕਰਦਾ ਸੀ। ਇਸੇ ਮਿਹਨਤ ਮਜ਼ਦੂਰੀ ਨਾਲ ਘਨਈਆ ਆਪਣੇ ਪਰਿਵਾਰ ਦਾ ਪੇਟ ਭਰਦਾ ਸੀ। ਜਵਾਲਾ ਸਿੰਘ ਦੇ ਦੋ ਵੱਡੇ ਭਰਾ-ਨਰੈਣ ਸਿੰਘ ਤੇ ਸਰੈਣ ਸਿੰਘ ਅਤੇ ਇਕ ਛੋਟੀ ਭੈਣ ਕਿੱਸੋ ਸੀ। ਬਚਪਨ ਵਿਚ ਹੀ ਜਵਾਲਾ ਸਿੰਘ ਜਿਥੇ ਜਿਸਮਾਨੀ ਤੌਰ ‘ਤੇ ਸਿਹਤਮੰਦ, ਅਣਖੀਲਾ ਤੇ ਦਲੇਰ ਸੀ, ਉਥੇ ਸਿਦਕੀ, ਸਿਰੜੀ ਤੇ ਹਾਣੀਆਂ ਨਾਲ ਹਮੇਸ਼ਾ ਪਿਆਰ ਬਣਾਈ ਰੱਖਣ ਦਾ ਸਦਾ ਚਾਹਵਾਨ ਰਹਿੰਦਾ ਸੀ। ਘਰ ਦੀ ਗਰੀਬੀ ਕਾਰਨ ਉਹ ਬਹੁਤਾ ਪੜ੍ਹ-ਲਿਖ ਨਾ ਸਕਿਆ।
ਜਵਾਲਾ ਸਿੰਘ ਜਦੋਂ ਹਿੰਦੋਸਤਾਨ ਤੋਂ ਬਾਹਰ ਨਿਕਲਿਆ ਤਾਂ ਆਜ਼ਾਦ ਦੇਸ਼ਾਂ ਦਾ ਅਸਰ ਹੋਣ ਲੱਗਾ। ਅਮਰੀਕਾ ਵਰਗੇ ਦੇਸ਼ ਦੇ ਮੁੰਡੇ ਕੁੜੀਆਂ ਵਲੋਂ ਖਾਧੀ ਚੰਗੀ, ਸਾਫ ਸੁਥਰੀ ਖੁਰਾਕ ਦੀ ਬਦੌਲਤ ਨੌਜਵਾਨੀ ਚਿਹਰਿਆਂ ‘ਤੇ ਟਪਕ ਰਹੇ ਨੂਰ ਨੂੰ ਜਦੋਂ ਦੇਖਿਆ ਤਾਂ ਆਪਣੇ ਮੁਲਕ ਦੀ ਜਵਾਨੀ ਦਾ ਮੁਕਾਬਲਾ ਆਪਣੇ ਮਨ ਅੰਦਰ ਕਰਨ ਲੱਗੇ, ਜਿਨ੍ਹਾਂ ਦੇ ਚਿਹਰਿਆਂ ਨੂੰ ਗਰੀਬੀ, ਜਹਾਲਤ, ਭੁੱਖਮਰੀ ਤੇ ਮਹਾਂਮਾਰੀ ਵਰਗੀਆਂ ਕਾਇਮੀ ਬਿਮਾਰੀਆਂ ਨੇ ਜਿਵੇਂ ਝੁਲਸ ਕੇ ਰੱਖ ਦਿੱਤਾ ਹੋਵੇ। ਜਦੋਂ ਸਾਰਾ ਸੀਨ ਜਵਾਲਾ ਸਿੰਘ ਦੀਆਂ ਅੱਖਾਂ ਸਾਹਮਣੇ ਘੁੰਮਣ ਲਗਦਾ ਤਾਂ ਉਸ ਨੂੰ ਜ਼ਿੰਦਗੀ ਵਿਚ ਅਨੋਖਾ ਜਿਹਾ ਅਹਿਸਾਸ ਹੋਣ ਲੱਗਦਾ, ਕਿਉਂ ਜੋ ਉਸ ਦੇ ਸੀਨੇ ਅੰਦਰ ਦੇਸ਼ ਪਿਆਰ ਦੇ ਨਾਲ-ਨਾਲ ਬੇਦਾਗ, ਨਰਮ ਦਿਲ ਸੀ ਅਤੇ ਉਸ ਦੇ ਦਿਮਾਗ ਉਪਰ ਬੜੀ ਤੇਜ਼ੀ ਨਾਲ ਆਜ਼ਾਦ ਦੇਸ਼ ਦਾ ਰੰਗ ਚੜ੍ਹਨ ਲੱਗਦਾ।
ਇਸ ਪੜਾਅ ਉਤੇ ਜਵਾਲਾ ਸਿੰਘ ਦਾ ਮੇਲ ਮਿਲਾਪ ਹਮਵਤਨੀ, ਹਮਖਿਆਲ, ਖੁਦਤਰਸ, ਈਸ਼ਵਰ ਭਗਤ ਸੰਤ ਵਿਸਾਖਾ ਸਿੰਘ (ਪਿੰਡ ਦਦੇਹਰ, ਜਿਲਾ ਅੰਮ੍ਰਿਤਸਰ) ਨਾਲ ਹੋਇਆ। ਇਹ ਸਾਥ ਆਖਰੀ ਉਮਰ ਤਕ ਰਿਹਾ। ਦੋਹਾਂ ਨੇ ਮਿਲ ਕੇ ਹੋਰਟਵਿੱਲ ਵਿਚ ਸਰਕਾਰ ਪਾਸੋਂ 500 ਏਕੜ ਜਮੀਨ ਲੀਜ਼ ‘ਤੇ ਲੈ ਕੇ ਖੇਤੀ ਅਰੰਭ ਦਿੱਤੀ ਜਿਸ ਵਿਚ ਜ਼ਿਆਦਾ ਕਾਸ਼ਤ ਆਲੂ ਦੀ ਕੀਤੀ ਜਾਂਦੀ। ਮੌਸਮ ਦਾ ਪੂਰਾ-ਪੂਰਾ ਸਾਥ ਹੋਣ ਕਰਕੇ ਆਲੂ ਦੀ ਭਰਪੂਰ ਫਸਲ ਹੋਈ ਅਤੇ ਹਜ਼ਾਰਾਂ ਡਾਲਰ ਜਮ੍ਹਾਂ ਹੋ ਗਏ। ਜਵਾਲਾ ਸਿੰਘ ਆਲੂਆਂ ਦੇ ਬਾਦਸ਼ਾਹ ਅਖਵਾਉਣ ਲੱਗੇ। ਇਕ ਦਿਨ ਕੰਮਕਾਰ ਤੋਂ ਵਿਹਲੇ ਹੋ ਕੇ ਆਰਾਮ ਕਰਨ ਲਈ ਇਕੱਲੇ ਬੈਠੇ ਸਨ ਤਾਂ ਸੰਤ ਵਿਸਾਖਾ ਸਿੰਘ ਦਿਲੀ ਪਿਆਰ ਤੇ ਸਤਿਕਾਰ ਨਾਲ ਬੋਲੇ- ਜਵਾਲਾ ਸਿੰਘ ਜੀ, ਸਾਡੇ ‘ਤੇ ਗੁਰੂ ਮਹਾਰਾਜ ਦੀ ਅਪਾਰ ਕ੍ਰਿਪਾ ਹੈ। ਜਾਪਦਾ ਹੈ ਕਿ ਇਸ ਸਾਲ ਵੀ ਆਲੂ ਦੀ ਫਸਲ ਵਧੀਆ ਹੋਵੇਗੀ। ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਸਾਨੂੰ ਜਿਥੇ ਪੰਜਾਬੀਆਂ ਦੀ ਵਸੋਂ ਬਹੁਤੀ ਹੋਵੇ, ਉਥੇ ਗੁਰਦੁਆਰਾ ਬਣਾਉਣਾ ਚਾਹੀਦਾ ਹੈ। ਨਿਸ਼ਾਨ ਸਾਹਿਬ ਲਹਿਰਾਇਆ ਜਾਵੇ, ਹਿੰਦੋਸਤਾਨ ਵਿਚੋਂ ਆਏ ਹਰ ਪ੍ਰਾਣੀ ਲਈ ਬਗੈਰ ਮਜ਼ਹਬ ਤੋਂ ਆਰਾਮ ਕਰਨ ਅਤੇ ਨਾਲ ਹੀ ਪ੍ਰਸ਼ਾਦਾ ਛਕਣ ਲਈ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਜਾਵੇ। ਜਵਾਲਾ ਸਿੰਘ ਕਹਿਣ ਲੱਗੇ, ਨੇਕੀ ਦੇ ਕੰਮ ਵਿਚ ਦੇਰੀ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਦਿਨਾਂ ਵਿਚ ਸਟਾਕਟਨ ਸ਼ਹਿਰ ਵਿਚ ਪੰਜਾਬੀ ਵਸੋਂ ਕਾਫੀ ਸੀ। ਉਨ੍ਹਾਂ ਸਟਾਕਟਨ ਵਿਚ ਜਮੀਨ ਦਾ ਇਕ ਟੁਕੜਾ ਦੇਖਿਆ, ਜਿਸ ਵਿਚ ਮਕਾਨ ਵੀ ਸੀ। ਇਹ ਜਮੀਨ ਨੌਂ ਹਜ਼ਾਰ ਡਾਲਰ ਵਿਚ ਖਰੀਦ ਕੇ ਗੁਰਦੁਆਰਾ ਬਣਵਾਇਆ ਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ। ਅਮਰੀਕਾ ਦੇ ਸਰਕਾਰੀ ਰਿਕਾਰਡ ਵਿਚ 27 ਮਈ 1912 ਨੂੰ ਇਸ ਦਾ ਇੰਦਰਾਜ਼ ਹੋਇਆ। ਇਸ ਗੁਰਦੁਆਰੇ ਨੂੰ ਅੱਜ ਵੀ ਗਦਰੀ ਬਾਬਿਆਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਸੰਗਤ ਵਲੋਂ ਹਰ ਸਾਲ ਵਧ-ਚੜ੍ਹ ਕੇ ਗੁਰਪੁਰਬ ਮਨਾਏ ਜਾਂਦੇ ਹਨ। ਪਰਦੇਸਾਂ ਵਿਚ ਆਏ ਹਰ ਪ੍ਰਾਣੀ ਲਈ ਜਿਥੇ ਇਹ ਆਸਰਾ ਘਰ ਹੈ, ਉਥੇ ਦਿਨ ਰਾਤ ਲੰਗਰ ਵੀ ਛਕਣ ਨੂੰ ਮਿਲਦਾ ਹੈ।
ਜਵਾਲਾ ਸਿੰਘ ਤੇ ਵਿਸਾਖਾ ਸਿੰਘ ਨੇ ਉਸੇ ਸਾਲ ਗੁਰਦੁਆਰੇ ਵਿਚ ਗੁਰਪੁਰਬ ਮਨਾਉਣ ਦਾ ਫੈਸਲਾ ਕੀਤਾ। ਦੂਰੋਂ ਨੇੜਿਉਂ ਸਾਰੇ ਹਿੰਦੋਸਤਾਨੀ, ਪੰਜਾਬੀ ਭਾਈਚਾਰੇ ਨੂੰ ਇਸ ਸ਼ੁਭ ਦਿਹਾੜੇ ‘ਤੇ ਸ਼ਮੂਲੀਅਤ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ। ਸੰਗਤਾਂ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ। ਭਾਈ ਸੰਤੋਖ ਸਿੰਘ, ਜੋ ਕਾਫੀ ਪੜ੍ਹੇ-ਲਿਖੇ ਸਨ ਤੇ ਨਾਲ ਦੀ ਸਟੇਟ ਵਿਚ ਕੰਮ ਕਰਦੇ ਸਨ, ਉਹ ਵੀ ਇਸ ਵਿਚ ਹਾਜ਼ਰ ਹੋਏ।
ਹਿੰਦੋਸਤਾਨੀਆਂ, ਪੰਜਾਬੀਆਂ ਨੂੰ ਗੁਲਾਮ ਦੇਸ਼ ਦੇ ਵਾਸੀ ਹੋਣ ਕਰਕੇ ਅਮਰੀਕਾ ਦੀਆਂ ਵੱਖ-ਵੱਖ ਰਿਆਸਤਾਂ ਵਿਚ ਕੰਮ ਕਰਦੇ ਕਾਮਿਆਂ ਨੂੰ ਜੋ ਸਾਂਝੀ ਚੀਜ਼ ਬੇਚੈਨ ਕਰ ਰਹੀ ਸੀ, ਉਹ ਸੀ, ਉਨ੍ਹਾਂ ਪ੍ਰਤੀ ਗੁਲਾਮਾਂ ਵਾਲਾ ਵਤੀਰਾ। ਗੁਰਪੁਰਬ ਵਾਲੇ ਦਿਨ ਸਾਰੀ ਸੰਗਤ ਵਿਚ ਇਹ ਗੁਲਾਮੀ ਵਾਲੀ ਗੱਲ ਭਾਰੂ ਰਹੀ। ਸੰਤ ਵਿਸਾਖਾ ਸਿੰਘ ਤੇ ਜਵਾਲਾ ਸਿੰਘ ਗੁਰਪੁਰਬ ਦੀ ਸਮਾਪਤੀ ਪਿਛੋਂ ਭਾਈ ਸੰਤੋਖ ਸਿੰਘ ਨੂੰ ਕਹਿਣ ਲੱਗੇ, ਤੁਸੀਂ ਇਥੇ ਰਹੋ। ਹੋਰਟਵਿਲ ਫਾਰਮ ਵਿਚ ਆਪਾਂ ਤਿੰਨੇ ਬਰਾਬਰ ਦੇ ਭਾਈਵਾਲ ਹੋਵਾਂਗੇ। ਭਾਈ ਸੰਤੋਖ ਸਿੰਘ ਮੰਨ ਗਏ। ਜਦੋਂ ਵੀ ਵਕਤ ਮਿਲਦਾ, ਇਹ ਤਿੰਨੇ ਇਕੱਠੇ ਬੈਠਦੇ ਤਾਂ ਹਿੰਦੋਸਤਾਨ ਦੀਆਂ ਗੱਲਾਂ ਕਰਦੇ। ਸ਼ੁਰੂ ਸ਼ੁਰੂ ਵਿਚ ਤਾਂ ਜਵਾਲਾ ਸਿੰਘ ਦੀਆਂ ਅੱਖਾਂ ਵਿਚ ਚਮਕ ਹੁੰਦੀ ਤੇ ਹੱਸ-ਹੱਸ ਗੱਲਾਂ ਕਰਦੇ ਪਰ ਜਦੋਂ ਗੱਲ ਤੁਰਦੀ-ਤੁਰਦੀ ਦੇਸ਼ ਦੀ ਗੁਲਾਮੀ ਤਕ ਅਪੜ ਜਾਂਦੀ ਤਾਂ ਜਵਾਲਾ ਸਿੰਘ ਦੀਆਂ ਅੱਖਾਂ ਵਿਚੋਂ ਅੱਥਰੂ ਆਪ ਮੁਹਾਰੇ ਨਿਕਲ ਤੁਰਦੇ। ਇਸ ਤਰ੍ਹਾਂ ਮਾਲੂਮ ਹੁੰਦਾ, ਜਿਵੇਂ ਗੁਲਾਮੀ ਦਾ ਦਰਦ ਅੱਖਾਂ ਵਿਚੋਂ ਵਗ ਰਿਹਾ ਹੋਵੇ।
ਇਕ ਦਿਨ ਤਿੰਨਾਂ ਨੇ ਸਲਾਹ ਕੀਤੀ ਕਿ ਆਪਣੇ ਖਰਚੇ ‘ਤੇ ਪੜ੍ਹਾਈ ਵਿਚੋਂ ਚੰਗੇ ਪਾੜ੍ਹੇ ਹਿੰਦੋਸਤਾਨ ਵਿਚੋਂ ਮੰਗਵਾਈਏ, ਵਿਦਿਆ ਪੂਰੀ ਕਰਨ ਪਿਛੋਂ ਉਹ ਦੇਸ਼ ਦੀ ਸੇਵਾ ਵਿਚ ਜੁੱਟ ਜਾਣਗੇ। ਚਾਰ ਪਾੜ੍ਹੇ ਨੌਜਵਾਨ ਮੰਗਵਾਏ ਗਏ। ਉਨ੍ਹਾਂ ਦੀ ਰਿਹਾਇਸ਼ਗਾਹ ਦਾ ਨਾਂ ਗੁਰੂ ਨਾਨਕ ਦੇਵ ਵਿਦਿਆਰਥੀ ਆਸ਼ਰਮ ਰੱਖਿਆ ਗਿਆ। ਵਿਦਿਆ ਪੂਰੀ ਕਰਨ ਪਿਛੋਂ ਉਹ ਵਿਦਿਆਰਥੀ ਆਪੋ-ਆਪਣੇ ਕੰਮਾਂ-ਕਾਰਾਂ ‘ਤੇ ਚਲੇ ਗਏ। ਜਵਾਲਾ ਸਿੰਘ ਦੀ ਮਨਸ਼ਾ ਪੂਰੀ ਨਾ ਹੋ ਸਕੀ। ਜਵਾਲਾ ਸਿੰਘ ਦੇ ਦਿਮਾਗ ਵਿਚ ਹਰ ਵਕਤ ਆਜ਼ਾਦੀ ਹਾਸਲ ਕਰਨ ਵਾਲਾ ਤੂਫਾਨ ਚੱਕਰ ਲਾਉਂਦਾ ਰਹਿੰਦਾ। ਭਾਈ ਸੰਤੋਖ ਸਿੰਘ ਬਾਰੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਪੰਜਾਬ ਵਿਚ ਚਲਾਈ ਕਿਰਤੀ ਲਹਿਰ ਦੇ ਉਹ ਬਾਨੀ ਸਨ।
ਆਜ਼ਾਦੀ ਹਾਸਲ ਕਰਨ ਲਈ ਗਦਰ ਪਾਰਟੀ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਇਸੇ ਸਬੰਧ ਵਿਚ ਲਾਲਾ ਹਰਦਿਆਲ ਇਕ ਦਿਨ ਹਿੰਦੋਸਤਾਨੀਆਂ ਦੇ ਭਰਵੇਂ ਇਕੱਠ ਵਿਚ ਵਿਦੇਸ਼ੀ ਅੰਗਰੇਜ਼ ਹਕੂਮਤ ਦੀ ਨੁਕਤਾਚੀਨੀ ਕਰਦੇ ਆਪਣੇ ਦੇਸ਼ਵਾਸੀਆਂ ਦੀ ਏਕਤਾ ‘ਤੇ ਜ਼ੋਰ ਦੇ ਰਹੇ ਸਨ। ਇਕ ਅਮਰੀਕਨ ਜੋੜਾ ਸੁਣਨ ਲੱਗ ਪਿਆ। ਜਦੋਂ ਲਾਲਾ ਹਰਦਿਆਲ ਬੋਲ ਕੇ ਹਟ ਗਏ ਤਾਂ ਅਮਰੀਕਨ ਜੋੜੇ ਨੇ ਸੁਆਲ ਕੀਤਾ ਕਿ ਹਿੰਦੋਸਤਾਨ ਦੀ ਆਬਾਦੀ ਕਿੰਨੀ ਹੈ? ਲਾਲਾ ਹਰਦਿਆਲ ਕਹਿਣ ਲੱਗੇ, ਕੋਈ 30 ਕਰੋੜ। ਅਮਰੀਕਨ ਔਰਤ ਬੋਲੀ, ਅੰਗਰੇਜ਼ ਹਿੰਦੋਸਤਾਨ ਵਿਚ ਕਿੰਨੇ ਹੋਣਗੇ? ਜਵਾਬ ਦਿਤਾ, ਮੈਡਮ, ਇਹੀ ਕੋਈ ਦੋ ਕਰੋੜ। ਮੈਡਮ ਕਹਿਣ ਲੱਗੀ, ਜੇ ਸਾਰੇ ਹਿੰਦੋਸਤਾਨੀ ਆਜ਼ਾਦੀ ਚਾਹੁੰਦੇ ਹੋਣ ਤਾਂ ਇਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਨਾ ਹੀ ਗੁਲਾਮ ਬਣਾ ਸਕਦਾ ਹੈ। ਇਸ ਤਰ੍ਹਾਂ ਦੀਆਂ ਨਿੱਤ ਦਿਨ ਹੋਣ ਵਾਲੀਆਂ ਗੱਲਾਂ ਤੇ ਹਾਲਤਾਂ ਨੇ ਹਿੰਦੋਸਤਾਨੀਆਂ, ਖਾਸ ਕਰ ਪੰਜਾਬੀਆਂ ਦੀ ਅਣਖ ਨੂੰ ਟੁੰਬਿਆ ਤੇ ਝੰਜੋੜਿਆ ਅਤੇ ਉਹ ਆਪਣੇ ਪਿਛੋਕੜ ਤੇ ਬਹਾਦਰੀ ਵਾਲੇ ਇਤਿਹਾਸ ਨੂੰ ਯਾਦ ਕਰਦੇ ਰਹਿੰਦੇ।
ਹੁਣ ਸਮਾਂ ਆ ਗਿਆ ਸੀ ਫੈਸਲਾ ਕਰਨ ਦਾ। ਜੇ ਚੁੱਪ-ਚਪੀਤੇ ਆਪਣੇ ਵਤਨ ਨੂੰ ਮੁੜਦੇ ਤਾਂ ਮਾਲੀ ਨੁਕਸਾਨ ਤੋਂ ਇਲਾਵਾ ਕੌਮ ਦੀ ਬੇਇੱਜਤੀ ਤੇ ਬੁਜ਼ਦਿਲੀ ਵਾਲਾ ਇਲਜ਼ਾਮ ਲਗਦਾ ਸੀ। ਪੰਜਾਬੀਆਂ ਲਈ ਇਹ ਵੀ ਨਾ ਸਹਾਰਨ ਯੋਗ ਸੀ। ਦੂਜਾ ਰਾਹ ਸੀ, ਆਜ਼ਾਦੀ ਹਾਸਲ ਕਰਨ ਲਈ ਜਥੇਬੰਦ ਹੋਣ ਤੇ ਆਜ਼ਾਦੀ ਦਾ ਘੋਲ ਲੜਨ ਦਾ। ਸੋ, ਇਨ੍ਹਾਂ ਦੀ ਜ਼ਮੀਰ ਨੇ ਫੈਸਲਾ ਕੀਤਾ ਕਿ ਬੁਜ਼ਦਿਲਾਂ ਵਾਂਗ ਮੈਦਾਨ ਵਿਚੋਂ ਭੱਜਣ ਦੀ ਥਾਂ ਇਥੇ ਰਹਿ ਕੇ ਮਰਦਾਂ ਵਾਂਗ ਹਿੰਦੋਸਤਾਨ ਦੀ ਆਜ਼ਾਦੀ ਹਾਸਲ ਕਰ ਲੈਣ ਤਕ ਜਦੋ-ਜਹਿਦ ਜਾਰੀ ਰੱਖੀ ਜਾਵੇ। ਇਸ ਕਾਰਜ ਲਈ ਤਨ, ਮਨ ਤੇ ਧਨ ਦੀ ਕੁਰਬਾਨੀ ਵੀ ਦੇਣੀ ਪਵੇ ਤਾਂ ਹੱਸਦੇ-ਹੱਸਦੇ ਦੇਈਏ।
ਹੋਰਟਵਿਲ ਫਾਰਮ ਵਿਚ ਜਵਾਲਾ ਸਿੰਘ, ਸੰਤ ਵਿਸਾਖਾ ਸਿੰਘ ਤੇ ਭਾਈ ਸੰਤੋਖ ਸਿੰਘ ਹਿੰਦੋਸਤਾਨ ਦੀ ਆਜ਼ਾਦੀ ਲਈ ਜਦੋਂ ਵੀ ਵਕਤ ਮਿਲਦਾ, ਇਕੱਠੇ ਬੈਠ ਕੇ ਵਿਚਾਰਾਂ ਕਰਦੇ। ਇਕ ਦਿਨ ਇਨ੍ਹਾਂ ਤਿੰਨਾਂ ਕੌਮਪ੍ਰਸਤਾਂ ਨੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਜ਼ਾਦੀ ਦੇ ਇਸ ਪਵਿਤਰ ਕਾਰਜ ਲਈ ਅਰਦਾਸ ਕੀਤੀ: ਅੱਜ ਤੋਂ ਸਾਡਾ ਤਨ, ਮਨ ਤੇ ਧਨ ਮੁਲਕ ਦਾ ਹੋ ਚੁਕਾ ਹੈ। ਉਸ ਦਿਨ ਤੋਂ ਇਹ ਤਿੰਨੇ ਤਿਆਗੀ ਦੇਸ਼ ਭਗਤ, ਦੇਸ਼ ਦੀ ਅਮਾਨਤ ਬਣ ਗਏ। ਇਉਂ ਮਾਲੂਮ ਹੋਣ ਲੱਗਾ ਜਿਵੇਂ ਆਲੂਆਂ ਦੇ ਖੇਤਾਂ ਵਿਚ ਆਜ਼ਾਦੀ ਦੇ ਬੀਜ ਪੁੰਗਰਨ ਲੱਗੇ ਹੋਣ। ਹੋਰਟਵਿਲ ਫਾਰਮ ਵਿਚ ਹੋਰ ਵੀ ਕੰਮ ਕਰਦੇ ਪੰਜਾਬੀ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੁੰਦੇ ਰਹੇ ਤੇ ਦਿਨ-ਬ-ਦਿਨ ਕਤਾਰ ਲੰਮੀ ਹੁੰਦੀ ਚਲੀ ਗਈ।
ਰਿਆਸਤ ਓਰੇਗਾਨ ਵਿਚ ਵੀ ਗੁਲਾਮੀ ਕਾਰਨ ਨਿਤ ਦਿਨ ਆਉਂਦੀਆਂ ਔਕੜਾਂ, ਮੁਸ਼ਕਿਲਾਂ ਨੂੰ ਦੇਖਦਿਆਂ ਕਾਂਸੀ ਰਾਮ, ਕੇਸਰ ਸਿੰਘ, ਸੋਹਨ ਸਿੰਘ, ਮਾਸਟਰ ਊਧਮ ਸਿੰਘ, ਹਰਨਾਮ ਸਿੰਘ ਤੇ ਕਈ ਹੋਰ ਸਾਥੀ ਹਰਕਤ ਵਿਚ ਆ ਚੁਕੇ ਸਨ। ਉਨ੍ਹਾਂ ਆਪਣੀ ਹਿੰਦੀ ਐਸੋਸੀਏਸ਼ਨਾਂ ਦੀ ਜਥੇਬੰਦੀ ਬਣਾ ਰੱਖੀ ਸੀ। ਹੁਣ ਹਾਲਾਤ ਬਣ ਚੁਕੇ ਸਨ, ਲੋੜ ਸੀ ਤਾਂ ਇਕ ਸਾਂਝੀ ਜਥੇਬੰਦੀ ਵਿਚ ਪਰੋਏ ਜਾਣ ਦੀ।
31 ਦਸੰਬਰ 1913 ਨੂੰ ਕ੍ਰਿਸਮਸ ਦੀਆਂ ਛੁੱਟੀਆਂ ਸਨ। ਜਵਾਲਾ ਸਿੰਘ ਦੇ ਉਦਮ ਸਦਕਾ ਸੈਕਰਾਮੈਂਟੋ ਵਿਚ ਇਤਿਹਾਸਕ ਕਾਨਫਰੰਸ ਰੱਖੀ ਗਈ, ਜੋ ਜਵਾਲਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਾਰਾ ਖਰਚਾ ਫੋਰਮ ਵਲੋਂ ਕੀਤਾ ਗਿਆ। ਹਿੰਦੋਸਤਾਨੀਆਂ, ਪੰਜਾਬੀਆਂ ਦੀ ਭਰਵੀਂ ਹਾਜ਼ਰੀ ਹੋਈ। ਪੰਡਾਲ ਵਿਚ ਲਾਲਾ ਹਰਦਿਆਲ, ਸੋਹਨ ਸਿੰਘ ਭਕਨਾ, ਪੰਡਿਤ ਕਾਂਸੀ ਰਾਮ, ਕੇਸਰ ਸਿੰਘ ਠਾਠਗੜ੍ਹ ਵਾਲੇ ਤੇ ਜਵਾਲਾ ਸਿੰਘ ਨੇ ਬਰਤਾਨੀਆ ਸਰਕਾਰ ਖਿਲਾਫ ਜੋਸ਼ੀਲੇ ਭਾਸ਼ਨ ਦਿਤੇ। ਇਸ ਕਾਨਫਰੰਸ ਦੇ ਅਖੀਰ ‘ਤੇ ਸਾਂਝੇ ਫੈਸਲੇ ਸਰਬਸੰਮਤੀ ਨਾਲ ਲਏ ਗਏ ਅਤੇ ਜਥੇਬੰਦੀ ਬਣਾਈ ਗਈ।
ਜਥੇਬੰਦੀ ਦੇ ਪ੍ਰਚਾਰ ਲਈ ਅਖਬਾਰ ਦਾ ਨਾਂ ‘ਗਦਰ’ ਰੱਖਿਆ ਗਿਆ। ਫੈਸਲਾ ਹੋਇਆ ਕਿ ਅਖਬਾਰ ਦੀ ਛਪਾਈ ਲਈ ਪ੍ਰੈਸ ਖਰੀਦੀ ਜਾਵੇ ਤੇ ਉਸ ਦਾ ਨਾਂ ਵੀ ਗਦਰ ਪ੍ਰੈਸ ਹੀ ਰੱਖਿਆ ਜਾਵੇ। ਸੈਨ ਫਰਾਂਸਿਸਕੋ ਕਿਉਂਕਿ ਵੱਡੀ ਸਮੁੰਦਰੀ ਬੰਦਰਗਾਹ ਹੈ, ਇਸ ਲਈ ਗਦਰ ਪਾਰਟੀ ਦਾ ਦਫਤਰ ਸੈਨ ਫਰਾਂਸਿਸਕੋ ਹੀ ਖੋਲ੍ਹਿਆ ਜਾਵੇ ਤੇ ਉਸ ਦਾ ਨਾਂ ਯੁਗਾਂਤਰ ਆਸ਼ਰਮ ਰੱਖਿਆ ਜਾਵੇ। ਇਸ ਮੌਕੇ ਜਿਨ੍ਹਾਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਉਹ ਸਨ-ਪ੍ਰਧਾਨ ਸੋਹਨ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ ਤੇ ਜਵਾਲਾ ਸਿੰਘ, ਜਨਰਲ ਸਕੱਤਰ ਲਾਲਾ ਹਰਦਿਆਲ, ਖਜਾਨਚੀ ਪੰਡਿਤ ਕਾਂਸੀ ਰਾਮ ਤੇ ਹਰਨਾਮ ਸਿੰਘ ਟੁੰਡੀਲਾਟ ਅਤੇ ਜਥੇਬੰਦਕ ਸਕੱਤਰ ਮੁਨਸ਼ੀ ਰਾਮ ਤੇ ਕਰੀਮ ਬਖਸ਼।
ਉਨ੍ਹੀਂ ਦਿਨੀਂ ਕੈਨੇਡਾ ਵਿਚ ਕੰਮ ਕਰਦੇ ਹਿੰਦੀਆਂ ਜਾਂ ਪੰਜਾਬੀਆਂ ‘ਤੇ ਗੁਲਾਮੀ ਵਾਲਾ ਟੀਕਾ ਲੱਗ ਰਿਹਾ ਸੀ ਅਤੇ ਪ੍ਰੇਸ਼ਾਨ ਕਰ ਰਿਹਾ ਸੀ। ਉਹ ਵੀ ਗੁਲਾਮੀ ਵਾਲੀ ਇਸ ਬਿਮਾਰੀ ਦਾ ਹੱਲ ਲੱਭ ਰਹੇ ਸਨ। ਗਦਰ ਪਾਰਟੀ ਵਜੂਦ ਵਿਚ ਆਉਂਦਿਆਂ ਹੀ ਉਹ ਵੀ ਇਸ ਵਿਚ ਸ਼ਾਮਲ ਹੁੰਦੇ ਚਲੇ ਗਏ। ਇਸ ਤਰ੍ਹਾਂ ਅਮਰੀਕਾ, ਕੈਨੇਡਾ, ਪਨਾਮਾ ਤੇ ਹੋਰ ਜਿਥੇ ਜਿਥੇ ਵੀ ਵਿਦੇਸ਼ਾਂ ਵਿਚ ਹਿੰਦੋਸਤਾਨੀ, ਪੰਜਾਬੀ ਕੰਮ ਕਰਦੇ ਸਨ, ਗਦਰ ਪਾਰਟੀ ਦੇ ਝੰਡੇ ਹੇਠ ਇਕੱਠੇ ਹੁੰਦੇ ਚਲੇ ਗਏ। ਗਦਰ ਪਾਰਟੀ ਦਾ ਉਦੇਸ਼ ਸੀ: ਆਜ਼ਾਦੀ ਤੇ ਬਰਾਬਰੀ।
ਉਨ੍ਹੀਂ ਦਿਨੀਂ ਕਾਮਾਗਾਟਾ ਮਾਰੂ ਜਹਾਜ ਕੈਨੇਡਾ ਸਰਕਾਰ ਵਲੋਂ ਲਾਈਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਕੈਨੇਡਾ ਦੀ ਵੈਨਕੂਵਰ ਬੰਦਰਗਾਹ ਦੇ ਪਾਣੀਆਂ ਵਿਚ ਜਾ ਲੱਗਾ। ਕੈਨੇਡਾ ਸਰਕਾਰ ਨੇ ਬਰਤਾਨੀਆ ਸਰਕਾਰ ਦੇ ਇਸ਼ਾਰੇ ‘ਤੇ ਜਹਾਜ ਨੂੰ ਬੰਦਰਗਾਹ ਦੇ ਸਾਹਿਲ ‘ਤੇ ਨਾ ਲੱਗਣ ਦਿੱਤਾ। ਇਸ ਨਾਲ ਕੈਨੇਡਾ ਵਾਸੀ ਪੰਜਾਬੀਆਂ ਦੇ ਦਿਲਾਂ ‘ਤੇ ਗਹਿਰੀ ਸੱਟ ਵੱਜੀ। ਬੜੀ ਜਦੋਜਹਿਦ ਪਿਛੋਂ ਆਖਰ 23 ਜੁਲਾਈ 1914 ਨੂੰ ਮੁਸਾਫਰਾਂ ਸਮੇਤ ਜਹਾਜ ਨੂੰ ਵਾਪਸ ਹਿੰਦੋਸਤਾਨ ਮੁੜਨਾ ਪਿਆ।
ਇਸੇ ਦੌਰਾਨ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਆਜ਼ਾਦੀ ਹਾਸਲ ਕਰਨ ਲਈ ‘ਗਦਰ’ ਅਖਬਾਰ ਦੇ ਪਹਿਲੇ ਸਫੇ ‘ਤੇ ਬਰਤਾਨੀਆ ਸਰਕਾਰ ਖਿਲਾਫ ਐਲਾਨ-ਏ-ਜੰਗ ਛਾਪ ਦਿੱਤਾ ਗਿਆ ਅਤੇ ਗਦਰ ਪਾਰਟੀ ਨੂੰ ਸਿਰ ਵੇਚਣ ਵਾਲੇ ਸਾਰੇ ਕਾਰਕੁਨਾਂ ਨੂੰ ਵਤਨ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ। ਸੈਨ ਫਰਾਂਸਿਸਕੋ ਤੋਂ ਚੱਲਣ ਵਾਲੇ ਕੋਰੀਆ ਨਾਮੀ ਜਹਾਜ ਵਿਚ 60 ਗਦਰੀ ਸਵਾਰ ਹੋ ਗਏ। ਇਨ੍ਹਾਂ ਵਿਚ ਆਪਣੀ ਬਾਦਸ਼ਾਹਤ ਨੂੰ ਆਜ਼ਾਦੀ ਤੋਂ ਕੁਰਬਾਨ ਕਰਨ ਵਾਲਾ ਜਵਾਲਾ ਸਿੰਘ ਵੀ ਸ਼ਾਮਿਲ ਸੀ।
ਸਮੁੰਦਰ ‘ਤੇ ਜਰਮਨੀ ਦੇ ਐਮਡਨ ਜੰਗੀ ਜਹਾਜ ਦਾ ਰਾਜ ਸੀ। ਉਹ ਕਈ ਜਹਾਜ ਸਮੁੰਦਰ ਵਿਚ ਡੋਬ ਚੁਕਾ ਸੀ। ਇਸ ਕਰਕੇ ਤੋਸਾ ਮਾਰੂ ਜਹਾਜ ਸਿੰਗਾਪੁਰ ਬੰਦਰਗਾਹ ‘ਤੇ ਰੁਕਿਆ ਰਿਹਾ। ਜਦੋਂ ਇਹ ਜਹਾਜ ਤੋਸਾ ਮਾਰੂ ਆਪਣੀ ਮੰਜ਼ਿਲ ਨੂੰ ਰਵਾਨਾ ਹੋਇਆ ਤਾਂ ਐਮਡਨ ਜਹਾਜ ਨੇ ਇਸ ਦਾ ਪਿੱਛਾ ਕੀਤਾ। ਗਦਰੀਆਂ ਨੇ ਬੜੀ ਦਲੇਰੀ ਤੇ ਹੌਸਲੇ ਦਾ ਸਬੂਤ ਦਿੰਦਿਆਂ ਜਹਾਜ ਦੀ ਉਪਰ ਵਾਲੀ ਮੰਜ਼ਿਲ ‘ਤੇ ਜਾ ਕੇ ਗਦਰ ਲਹਿਰ ਦਾ ਝੰਡਾ ਝੁਲਾ ਕੇ ਐਮਡਨ ਜਹਾਜ ਨੂੰ ਖਬਰਦਾਰ ਕੀਤਾ ਕਿ ਇਸ ਵਿਚ ਅਮਰੀਕਾ ਤੋਂ ਆਏ ਸਾਰੇ ਇਨਕਲਾਬੀ ਦੇਸ਼ ਭਗਤ ਹਨ। ਜਰਮਨੀ ਦੇ ਐਮਡਨ ਜਹਾਜ ਨੇ ਹਮਲਾ ਨਾ ਕੀਤਾ। ਜਦੋਂ ਇਹ ਜਹਾਜ ਪਿਲਾਂਗ ਪਹੁੰਚਾ ਤਾਂ ਐਮਡਨ ਉਥੇ ਬੰਦਰਗਾਹ ‘ਤੇ ਖੜ੍ਹੇ ਦੋ ਜਹਾਜ ਪਾਣੀ ਵਿਚ ਡੋਬ ਕੇ ਪਤਰਾ ਵਾਚ ਗਿਆ। ਹੁਣ ਤੋਸਾ ਮਾਰੂ ਜਹਾਜ ਆਪਣੀ ਆਖਰੀ ਮੰਜ਼ਿਲ ਵਲ ਵਧ ਰਿਹਾ ਸੀ।
ਇਸ ਤੋਂ ਪਹਿਲਾਂ ਕਲਕੱਤੇ ਦੀ ਬੰਦਰਗਾਹ ਬਜਬਜ ਘਾਟ ‘ਤੇ ਕਾਮਾਗਾਟਾ ਮਾਰੂ ਜਹਾਜ ਵਾਲਾ ਖੂਨੀ ਸਾਕਾ ਵਰਤ ਚੁਕਾ ਸੀ। ਸਰਕਾਰ ਪੂਰੀ ਤਰ੍ਹਾਂ ਚੌਕਸ ਸੀ। ਜਦੋਂ ਜਹਾਜ ਬੰਦਰਗਾਹ ‘ਤੇ ਲੱਗਾ ਤਾਂ ਇਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। 120 ਮੁਸਾਫਰ ਮਿੰਟਗੁਮਰੀ ਜੇਲ੍ਹ ਅਤੇ ਕੁਝ ਮੁਲਤਾਨ ਦੀ ਜੇਲ੍ਹ ਵਿਚ ਡੱਕ ਦਿੱਤੇ ਗਏ। ਜੋ ਮੁਸਾਫਰ ਬਾਕੀ ਸਨ, ਉਹ ਸਾਰੇ ਜੂਹਬੰਦ ਕਰ ਦਿੱਤੇ ਗਏ।
ਲਾਹੌਰ ਸਾਜ਼ਿਸ਼ ਕੇਸ ਦੇ ਨਾਂ ਹੇਠ 64 ਇਨਕਲਾਬੀ ਦੇਸ਼ ਭਗਤ ਗਦਰੀਆਂ ‘ਤੇ ਲਾਹੌਰ ਵਿਚ ਮੁਕੱਦਮਾ ਚਲਾਇਆ ਗਿਆ। ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਇਕ ਇਨਕਲਾਬੀ ਬਾਰੇ ਕਿਹਾ ਕਿ ਅੱਜ ਇਸ ਨੇ ਪਗੜੀ ਬਦਲੀ ਹੋਈ ਹੈ ਤਾਂ ਜਵਾਲਾ ਸਿੰਘ ਬੋਲੇ, ਪਗੜੀ ਹੀ ਬਦਲੀ ਹੈ, ਚਿਹਰਾ ਤਾਂ ਨਹੀਂ ਬਦਲਿਆ। ਇਸ ‘ਤੇ ਸਰਕਾਰੀ ਵਕੀਲ ਨੇ ਕਿਹਾ, ਤੂੰ ਚੁੱਪ ਕਰ ਓਏ। ਇਸ ‘ਤੇ ਜਵਾਲਾ ਸਿੰਘ ਨੇ ਸਰਕਾਰੀ ਵਕੀਲ ਨੂੰ ਕਿਹਾ, ਤੂੰ ਵੀ ਹੋਸ਼ ਨਾਲ ਗੱਲ ਕਰੀਂ। ਇਸ ਦੌਰਾਨ ਜੱਜ ਨੇ ਅਦਾਲਤ ਦੀ ਤੌਹੀਨ ਕਹਿ ਕੇ ਸਾਰਿਆਂ ਨੂੰ ਅਗਲੀ ਪੇਸ਼ੀ ਤਕ ਕੋਠੀਆਂ ਵਿਚ ਬੰਦ ਕਰਨ ਦੇ ਨਾਲ ਜਵਾਲਾ ਸਿੰਘ ਨੂੰ 132 ਬੈਂਤ ਮਾਰਨ ਦੀ ਸਜ਼ਾ ਸੁਣਾਈ। ਆਫਰੀਨ ਜਵਾਲਾ ਸਿੰਘ! ਉਸ ਨੇ ਮਾਰੀਆਂ ਬੈਂਤਾਂ ਦੀ ਗਿਣਤੀ ਖੁਦ ਕੀਤੀ।
1915 ਤੋਂ 1933 ਤਕ ਜਵਾਲਾ ਸਿੰਘ ਵੱਖ-ਵੱਖ ਜੇਲ੍ਹਾਂ ਵਿਚ ਰਹੇ। ਮੁਕੱਦਮੇ ਦਾ ਫੈਸਲਾ 13 ਸਤੰਬਰ 1915 ਨੂੰ ਸੁਣਾਇਆ ਗਿਆ। ਬਹੁਤਿਆਂ ਨੂੰ ਫਾਂਸੀ ਦੀ ਸਜ਼ਾ ਤੇ ਬਾਕੀਆਂ ਨੂੰ ਹੋਰ ਸਖਤ ਸਜ਼ਾਵਾਂ ਸੁਣਾਈਆਂ ਗਈਆਂ। ਇਸ ਫੈਸਲੇ ਖਿਲਾਫ ਮੁਲਕ ਵਿਚ ਹਾਹਾਕਾਰ ਮਚ ਗਈ। ਵਾਇਸਰਾਏ ਨੇ ਫੈਸਲਾ ਬਦਲ ਕੇ ਸੱਤ ਨੂੰ ਫਾਂਸੀ ਅਤੇ 24 ਨੂੰ ਉਮਰ ਕੈਦ ਤੇ ਬਾਕੀਆਂ ਨੂੰ 10 ਸਾਲ ਤੋਂ 2 ਸਾਲ ਤਕ ਦੀਆਂ ਸਜ਼ਾਵਾਂ ਸੁਣਾਈਆਂ। ਇਤਿਹਾਸ ਗਵਾਹ ਹੈ ਕਿ ਇਕ ਵਾਰ ਫਿਰ ਜਦੋਂ ਜਵਾਲਾ ਸਿੰਘ ਕੈਂਬਲਟੋਰ ਜੇਲ੍ਹ ਵਿਚ ਤਬਦੀਲ ਕੀਤੇ ਗਏ, ਉਥੇ ਵੀ ਸੁਪਰਡੈਂਟ ਨੇ 30 ਬੈਂਤਾਂ ਦੀ ਸਜ਼ਾ ਦਿੱਤੀ, ਜੋ ਜਵਾਲਾ ਸਿੰਘ ਨੇ ਪਹਿਲਾਂ ਵਾਂਗ ਖਿੜੇ ਮੱਥੇ ਸਹਾਰੀ। ਉਨ੍ਹਾਂ ਛੇ ਸਾਲ ਅੰਡੇਮਾਨ ਜੇਲ੍ਹ ਵਿਚ ਗੁਜ਼ਾਰੇ ਅਤੇ ਦੋ ਵਾਰ ਬੈਂਤਾਂ ਦੀ ਸਜ਼ਾ ਸਹਾਰੀ। ਡੰਡਾ ਬੇੜੀ ਤੇ ਕੋਡੀ ਤੋਂ ਇਲਾਵਾ ਉਹ ਲੋਹੇ ਦੇ ਪਿੰਜਰੇ ਵਿਚ ਵੀ ਰਹੇ ਪਰ ਸਰਕਾਰੀ ਦਬਾਅ ਅੱਗੇ ਸਿਰ ਝੁਕਾਉਣਾ ਉਨ੍ਹਾਂ ਦੀ ਆਦਤ ਦੇ ਉਲਟ ਸੀ।
ਸਜ਼ਾਵਾਂ ਪੂਰੀਆਂ ਹੋਣ ‘ਤੇ ਬਹੁਤੇ ਇਨਕਲਾਬੀ ਦੇਸ਼ ਭਗਤ ਗਦਰ 1933 ਵਿਚ ਰਿਹਾ ਹੋਏ। ਇਨ੍ਹਾਂ ਵਿਚ ਜਵਾਲਾ ਸਿੰਘ ਵੀ ਸਨ। ਇਹ ਇਨਕਲਾਬੀ ਗਦਰੀ ਦੇਸ਼ ਭਗਤ, ਮੱਸ ਫੁੱਟ ਗੱਭਰੂ ਜੇਲ੍ਹਾਂ ਵਿਚ ਗਏ ਸਨ ਅਤੇ ਸਫੈਦ ਵਾਲਾਂ ਨਾਲ ਬਾਬੇ ਬਣ ਕੇ ਜੇਲ੍ਹਾਂ ਤੋਂ ਬਾਹਰ ਆਏ। ਉਦੋਂ ਤਾਈਂ ਜਿਸਮਾਨੀ ਸਿਹਤ ਤਬਾਹ ਹੋ ਚੁਕੀ ਸੀ।
ਸੰਤ ਵਿਸਾਖਾ ਸਿੰਘ ਨੂੰ ਸਰਕਾਰ ਨੇ 1934 ਵਿਚ ਫਿਰ ਜੂਹ ਬੰਦ ਕਰ ਦਿੱਤਾ। ਉਨ੍ਹਾਂ ਦੀ ਜਗ੍ਹਾ 1934 ਵਿਚ ਜਵਾਲਾ ਸਿੰਘ ਨੂੰ ਪਰਿਵਾਰਕ ਸਹਾਇਕ ਕਮੇਟੀ ਦਾ ਐਕਟਿੰਗ ਪ੍ਰਧਾਨ ਬਣਾਇਆ ਗਿਆ। ਨੀਲੀਬਾਰ ਕਹੇ ਜਾਣ ਵਾਲੇ ਪਾਸੇ ਜਿਲਾ ਮਿੰਟਗੁਮਰੀ ਵਿਚ ਮੁਜਾਰਾ ਪਰਿਵਾਰ ਬੁਰੀ ਤਰ੍ਹਾਂ ਪਿਸ ਰਹੇ ਸਨ। ਉਨ੍ਹਾਂ ਦੀ ਮਦਦ ਲਈ ਜਵਾਲਾ ਸਿੰਘ ਨੀਲੀਬਾਰ ਚਲੇ ਗਏ। ਪਿੰਡ-ਪਿੰਡ ਘੁੰਮ ਕੇ 50 ਹਜ਼ਾਰ ਕੇ ਕਰੀਬ ਕਿਰਸਾਣੀ ਨਾਲ ਜੁੜੇ ਮੁਜਾਰਿਆਂ ਨੂੰ ਜਥੇਬੰਦ ਕੀਤਾ। ਉਸ ਨਾਲ ਮੁਜਾਰਾ ਲਹਿਰ ਨੂੰ ਬਹੁਤ ਕਾਮਯਾਬੀ ਮਿਲੀ।
ਬੰਗਾਲ ਵਿਚ ਕਮੀਲਾ ਦੇ ਸਥਾਨ ‘ਤੇ ਕਿਸਾਨਾਂ ਨੇ ਕਾਨਫਰੰਸ ਰੱਖੀ। ਉਸ ਵਿਚ ਹਿੱਸਾ ਲੈਣ ਲਈ 6 ਮਈ 1938 ਨੂੰ ਜਵਾਲਾ ਸਿੰਘ ਤਹਿਸੀਲ ਉਕਾੜਾ ਤੋਂ ਲਾਹੌਰ ਵੱਲ ਜਾਣ ਵਾਲੀ ਬੱਸ ਦੀ ਫਰੰਟ ਸੀਟ ‘ਤੇ ਬੈਠੇ ਸਫਰ ਕਰ ਰਹੇ ਸਨ ਕਿ ਅਚਾਨਕ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਾਰੀ ਉਮਰ ਇਨਕਲਾਬੀ ਜ਼ਿੰਦਗੀ ਗੁਜ਼ਾਰਨ ਵਾਲਾ ਹਸਪਤਾਲ ਵਿਚ ਆਖਰੀ ਵਕਤ ਤਕ ਜ਼ਖਮਾਂ ਦਾ ਮੁਕਾਬਲਾ ਕਰਦਾ ਆਖਰ ਇਹ ਗਦਰੀ ਸੂਰਮਾ ਜਵਾਲਾ ਸਿੰਘ ਠੱਠੀਆਂ 9 ਮਈ 1938 ਨੂੰ ਸਵੇਰੇ 72 ਸਾਲ ਦੀ ਉਮਰ ਭੋਗ ਕੇ ਹਸਪਤਾਲ ਵਿਚ ਹੀ ਹਿੰਦੋਸਤਾਨ ਵਾਸੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ।