ਚਮਤਕਾਰ

ਜੇ. ਬੀ. ਸਿੰਘ, ਕੈਂਟ, ਵਾਸ਼ਿੰਗਟਨ
ਫੋਨ: 253-508-9805
ਅਜੇ ਸਵੇਰ ਪੂਰੀ ਤਰ੍ਹਾਂ ਚੜ੍ਹੀ ਨਹੀਂ ਸੀ। ਮੈਂ ਅਜੇ ਸੁੱਤਾ ਹੀ ਸਾਂ ਕਿ ਘਰ ਦਾ ਦਰਵਾਜਾ ਖੜਕਿਆ। ਕਿਸੇ ਦੇ ਆਉਣ ਦੀ ਉਮੀਦ ਭੀ ਨਹੀਂ ਸੀ। ਖੈਰ! ਉਠ ਕੇ ਦਰਵਾਜਾ ਖੋਲ੍ਹਿਆ। ਇਕ ਦਮ ਕੋਈ ਤਿੰਨ ਕੈਮਰਿਆਂ ਦੀ ਫਲੈਸ਼ ਮੇਰੇ ਮੂੰਹ ‘ਤੇ ਪਈ। ਮੈਂ ਘਬਰਾਇਆ, ਪਰ ਇਕ ਕੈਮਰਾਮੈਨ ਨੇ ਹੌਸਲਾ ਦਿੱਤਾ, “ਘਬਰਾਓ ਨਾ, ਇਹ ਖੁਸ਼ੀ ਦੀ ਖਬਰ ਹੈ। ਤੁਹਾਡੀ ਦਸ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਅਸੀਂ ਪ੍ਰੈਸ ਰਿਪੋਰਟਰ ਤੁਹਾਡੀ ਇੰਟਰਵਿਊ ਲੈਣ ਆਏ ਹਾਂ।”

“ਮੈਨੂੰ ਤਾਂ ਯਾਦ ਵੀ ਨਹੀਂ, ਕਿਤੇ ਮੈਂ ਲਾਟਰੀ ਪਾਈ ਹੋਵੇ। ਤੁਹਾਨੂੰ ਭੁਲੇਖਾ ਲੱਗਾ ਹੈ।” ਮੈਂ ਕਿਹਾ ਤੇ ਦਰਵਾਜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ।
ਪਰ ਉਨ੍ਹਾਂ ਦਰਵਾਜਾ ਧੱਕਦਿਆਂ ਕਿਹਾ, “ਲਾਟਰੀ ਕੋਈ ਵੀ ਤੁਹਾਡੇ ਨਾਂ ‘ਤੇ ਪਾ ਸਕਦਾ ਹੈ। ਕਾਗਜਾਂ ਅਨੁਸਾਰ ਨਾਂ ਤੇ ਪਤਾ-ਸਭ ਤੁਹਾਡਾ ਹੀ ਹੈ।”
ਗੱਲ ਉਨ੍ਹਾਂ ਦੀ ਸੱਚੀ ਹੋ ਸਕਦੀ ਸੀ, ਕਿਉਂਕਿ ਮੇਰੀ ਮਾਂ ਨੂੰ ਮੇਰੇ ਨਾਂ ਦੀ ਲਾਟਰੀ ਪਾਉਣ ਦੀ ਆਦਤ ਸੀ। ਇਹ ਸੋਚ ਕੇ ਮੈਂ ਉਨ੍ਹਾਂ ਦੇ ਸਵਾਲਾਂ ਦੇ ਸੰਖੇਪ ਜਿਹੇ ਉਤਰ ਦੇ ਦਿੱਤੇ।
ਕੋਈ ਦੋ ਕੁ ਘੰਟਿਆਂ ਪਿਛੋਂ ਉਸ ਲਾਟਰੀ ਦੀ ਕੰਪਨੀ ਵਲੋਂ ਭੇਜੇ ਦੋ ਆਦਮੀ ਆਏ, ਤੇ ਇਹ ਖੁਸ਼ਖਬਰੀ ਸੁਣਾ ਕੇ ਕਹਿਣ ਲੱਗੇ ਕਿ ਐਤਵਾਰ ਨੂੰ ਮੇਰੇ ਲਈ ਇਕ ਖਾਸ ਫੰਕਸ਼ਨ ਰੱਖਿਆ ਗਿਆ ਹੈ। ਭਰੇ ਪੰਡਾਲ ਵਿਚ ਮੈਨੂੰ ਚੈਕ ਦਿੱਤਾ ਜਾਵੇਗਾ। ਉਹ ਲਿਖਤੀ ਰੂਪ ਵਿਚ ਸੱਦਾ ਪੱਤਰ ਭੀ ਦੇ ਗਏ।
ਉਸ ਦਿਨ, ਦਿੱਤੇ ਸਮੇਂ ਤੋਂ ਪਹਿਲੇ ਹੀ ਮੈਂ ਉਸ ਫੰਕਸ਼ਨ ‘ਤੇ ਪਹੁੰਚ ਗਿਆ।
ਕੁਝ ਨਾਚ ਗਾਣੇ ਦੇ ਪ੍ਰੋਗਰਾਮ ਪਿਛੋਂ ਮੈਨੂੰ ਸਟੇਜ ‘ਤੇ ਬੁਲਾਇਆ ਗਿਆ। ਸਟੇਜ ਸੈਕਟਰੀ ਨੇ ਪੰਡਾਲ ‘ਚ ਬੈਠੇ ਲੋਕਾਂ ਨਾਲ ਮੇਰੀ ਪਛਾਣ ਕਰਵਾਈ ਤੇ ਚੀਫ ਗੈਸਟ ਨੂੰ ਬੇਨਤੀ ਕੀਤੀ ਕਿ ਮੈਨੂੰ ਇਨਾਮ ਦਿੱਤਾ ਜਾਵੇ।
ਚੀਫ ਗੈਸਟ ਨੇ ਮੈਨੂੰ ਚੈਕ ਫੜਾਇਆ। ਪੰਡਾਲ ਤਾੜੀਆਂ ਨਾਲ ਗੂੰਜ ਉਠਿਆ। ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਜਿਉਂ ਹੀ ਮੈਂ ਸਟੇਜ ਤੋਂ ਉਤਰਨ ਲੱਗਾ, ਚੈਕ ਮੇਰੇ ਹੱਥੋਂ ਅਲੋਪ ਹੋ ਗਿਆ।
ਮੈਨੂੰ ਲੱਗਾ, ਮੇਰੇ ਨਾਲ ਕੋਈ ਮਜ਼ਾਕ ਹੋਇਆ ਹੈ, ਪਰ ਉਸੇ ਵਕਤ ਪੰਡਾਲ ਵਿਚੋਂ ਇਕ ਆਦਮੀ ਉਠਿਆ ਤੇ ਸਟੇਜ ਵਲ ਵਧਿਆ। ਉਸ ਨੇ ਉਹੀ ਚੈਕ ਸਟੇਜ ਸੈਕਟਰੀ ਨੂੰ ਦੇ ਦਿੱਤਾ।
“ਇਹ ਕੋਈ ਜਾਦੂਗਰ ਹੋਵੇਗਾ।” ਉਨ੍ਹਾਂ ਸੋਚਿਆ।
ਸਟੇਜ ਸੈਕਟਰੀ ਦੇ ਇਸ਼ਾਰੇ ‘ਤੇ ਮੈਂ ਵਾਪਸ ਸਟੇਜ ‘ਤੇ ਆਇਆ।
ਬੱਸ, ਫਿਰ ਇਕ ਖੇਡ ਸ਼ੁਰੂ ਹੋ ਗਈ। ਚੀਫ ਗੈਸਟ ਚੈਕ ਮੇਰੇ ਹੱਥ ‘ਤੇ ਰੱਖੇ, ਮੈਂ ਮੁੱਠੀ ਬੰਦ ਕਰਾਂ ਤੇ ਚੈਕ ਨਿਕਲੇ ਉਸ ਦੀ ਮੁੱਠੀ ‘ਚੋਂ।
“ਮੈ ਸਚਮੁੱਚ ਕੋਈ ਜਾਦੂਗਰ ਨਹੀਂ ਹਾਂ। ਮੈ ਤਾਂ ਖੁਦ ਹੈਰਾਨ ਹਾਂ ਕਿ ਇਹ ਕੀ ਹੋ ਰਿਹਾ ਹੈ?” ਉਹ ਆਦਮੀ ਕਸਮਾਂ ਖਾ ਖਾ ਆਖਦਾ ਰਿਹਾ।
ਅੰਤ ਮਹਿਮਾਨਾਂ ਨੇ ਫੈਸਲਾ ਕੀਤਾ ਕਿ ਇਹ ਚੈਕ ਉਸ ਦੇ ਕੋਲ ਹੀ ਰਹਿਣ ਦਿੱਤਾ ਜਾਵੇ।
ਮੈਂ ਉਦਾਸ ਚਿਹਰੇ ਨਾਲ ਘਰ ਪਰਤਣ ਲੱਗਾ, ਜਿਵੇਂ ਮੈਨੂੰ ਦਸ ਕਰੋੜ ਦਾ ਘਾਟਾ ਪੈ ਗਿਆ ਹੋਵੇ। ਮੇਰੇ ਪੈਰਾਂ ‘ਚੋਂ ਜਿਵੇਂ ਜਾਨ ਨਿਕਲ ਗਈ ਹੋਵੇ। ਇਉਂ ਲੱਗੇ, ਜਿਵੇਂ ਕਿਸੇ ਨੇ ਮਣ ਮਣ ਦੇ ਪੱਥਰ ਬੰਨ ਦਿੱਤੇ ਹੋਣ। ਹੌਲੀ ਹੌਲੀ ਆਪਣੇ ਆਪ ਨੂੰ ਘਸੀਟਦਾ, ਰਾਹ ਵਿਚ ਮੈਂ ਗੁਰਦੁਆਰੇ ਕੋਲੋਂ ਲੰਘਿਆ। ਥੱਕੇ ਟੁੱਟੇ ਪੈਰ ਮੈਨੂੰ ਗੁਰਦੁਆਰੇ ਅੰਦਰ ਲੈ ਗਏ। ਮੈਂ ਮੱਥਾ ਟੇਕ ਕੇ ਇਕ ਕੰਧ ਨਾਲ ਪਿੱਠ ਲਾ ਕੇ ਬੈਠ ਗਿਆ।
“ਇਹ ਕੀ ਭਾਣਾ ਵਰਤਿਆ ਮੇਰੇ ਨਾਲ!” ਮੈਂ ਸੋਚ ਰਿਹਾ ਸਾਂ। “ਕੀ ਲਾਟਰੀ ਦਾ ਇਨਾਮ ਇਕ ਡਰਾਮਾ ਸੀ? ਕੀ ਉਹ ਸਚਮੁੱਚ ਜਾਦੂਗਰ ਸੀ?” ਅਜਿਹੇ ਕਈ ਸਵਾਲ ਮੇਰੇ ਜ਼ਿਹਨ ‘ਚ ਉਠੇ।
ਅੱਥਰੂ ਮੇਰੀਆਂ ਅੱਖਾਂ ‘ਚੋਂ ਵਹਿ ਤੁਰੇ। ਆਪਣੇ ਆਪ ਨੂੰ ਧਰਵਾਸ ਦੇਣ ਲਈ ਮੈ ਆਖਿਆ, “ਮਨਾਂ! ਕੁਝ ਦਿਨ ਪਹਿਲਾਂ ਵੀ ਤੇਰੇ ਪਾਸ ਇਹ ਪੈਸੇ ਨਹੀਂ ਸਨ ਤੇ ਅੱਜ ਭੀ ਨਹੀਂ, ਫਿਰ ਅਫਸੋਸ ਕਾਹਦਾ?”
“ਪਰ ਕੁਦਰਤ ਨੇ ਮੇਰੇ ਨਾਲ ਇਹ ਮਜ਼ਾਕ ਕਿਉਂ ਕੀਤਾ?” ਇਸ ਸਵਾਲ ਦਾ ਜਵਾਬ ਮੇਰਾ ਮਨ ਅਜੇ ਵੀ ਢੂੰਡ ਰਿਹਾ ਸੀ। ਸੋਚ ਨੂੰ ਮੈਂ ਕਿਵੇਂ ਰੋਕਦਾ?
ਸੋਚ ਸੋਚ ਕੇ ਦਿਮਾਗ ਸੁੰਨ ਹੋ ਗਿਆ। ਕੋਈ ਜਵਾਬ ਨਹੀਂ ਸੁੱਝਿਆ। ਹਾਰ ਕੇ ਮੈਂ ਉਠਿਆ। ਅੱਗੇ ਮੈਂ ਸਤਿਗੁਰਾਂ ਪਾਸੋਂ ਹਮੇਸ਼ਾ ਮਾਇਆ ਮੰਗਦਾ ਸੀ, ਉਸ ਦਿਨ ਪਹਿਲੀ ਵਾਰ, ਮੈਂ ਮਾਇਆ ਨਹੀਂ, ਇਸ ਗੱਲ ਦਾ ਜਵਾਬ ਮੰਗਿਆ। ਅਰਦਾਸ ਕੀਤੀ। ਹੁਕਮਨਾਮਾ ਲਿਆ। ਹੁਕਮਨਾਮਾ ਸੀ, “ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ॥”
ਇਸ ਹੁਕਮਨਾਮੇ ਨੇ ਮੇਰੇ ਅੰਦਰ ਜਿਵੇਂ ਆਸ ਦੀ ਕੋਈ ਕਿਰਨ ਭਰ ਦਿੱਤੀ। ਆਪਣੀ ਆਦਤ ਅਨੁਸਾਰ ਮੈਂ ਇਸ ਹੁਕਮਨਾਮੇ ਨੂੰ ਵੱਟਸਐਪ ਤੇ ਫੈਸ ਬੁੱਕ ‘ਤੇ ਵੀ ਪਾ ਕੇ ਸਾਰੇ ਮਿੱਤਰਾਂ ਨੂੰ ਭੇਜ ਦਿੱਤਾ। ਅਗਲੇ ਪਲ ਹੀ ਸਭ ਨੇ ‘ਲਾਈਕ’ ਕਰ ਕੇ ਜਵਾਬ ਦੇ ਦਿੱਤਾ।
ਗੁਰਦੁਆਰੇ ਤੋਂ ਘਰ ਵਾਪਸ ਆਇਆ ਤਾਂ ਦਾਦਾ ਜੀ ਨੂੰ ਸਾਰੀ ਘਟਨਾ ਬਾਰੇ ਦੱਸਿਆ। ਯਕੀਨ ਤਾਂ ਉਨ੍ਹਾਂ ਨੂੰ ਭੀ ਨਾ ਹੋਇਆ। ਪਰ ਮੇਰਾ ਚਿਹਰਾ ਦੇਖ ਕੇ ਕੁਝ ਉਦਾਸ ਜਿਹੇ ਹੋ ਗਏ। ਉਨ੍ਹਾਂ ਦਾ ਦਿਲ ਰੱਖਣ ਲਈ ਮੈ ਕਿਹਾ, “ਹੁਕਮਨਾਮਾ ਤਾਂ ਬਹੁਤ ਚੰਗਾ ਸੀ। ਸ਼ਾਇਦ ਕੋਈ ਕਰਾਮਾਤ ਹੋ ਹੀ ਜਾਏ।”
ਦਾਦਾ ਜੀ ਆਮ ਕਰਕੇ ਕਹਿੰਦੇ ਹੁੰਦੇ ਸਨ ਕਿ ਸ਼ਬਦ ਤਾਂ ਸਾਰੇ ਹੀ ਚੰਗੇ ਹੁੰਦੇ ਹਨ ਪਰ ਉਸ ਦਿਨ ਉਨ੍ਹਾਂ ਬੜੀ ਉਤਸੁਕਤਾ ਨਾਲ ਪੁਛਿਆ, “ਭਲਾ ਕੀ ਹੁਕਮਨਾਮਾ ਸੀ?”
ਸ਼ਬਦ ਮੈਨੂੰ ਯਾਦ ਨਹੀਂ ਸੀ ਆ ਰਿਹਾ। “ਹੁਣੇ ਵੱਟਸਐਪ ਤੋਂ ਦੇਖ ਕੇ ਦਸਦਾਂ।” ਮੈਂ ਕਿਹਾ ਤੇ ਫੋਨ ‘ਤੇ ਵੇਖਿਆ।
“ਇਛਾ ਪੂਰਕੁ ਸਰਬ ਸੁਖ ਦਾਤਾ ਹਰਿ…॥”
ਉਨ੍ਹਾਂ ਲਈ ਸ਼ਬਦ ਦੀ ਪਹਿਲੀ ਤੁੱਕ ਦੱਸਣੀ ਹੀ ਕਾਫੀ ਹੁੰਦੀ ਸੀ। ਬਾਕੀ ਉਨ੍ਹਾਂ ਨੂੰ ਯਾਦ ਹੀ ਹੁੰਦਾ ਸੀ।
“ਪਰ ਇਹ ਹੁਕਮਨਾਮਾ ਵੱਟਸਐਪ ‘ਤੇ ਕਿਉਂ ਪਾਇਆ?” ਉਨ੍ਹਾਂ ਹੈਰਾਨ ਹੋ ਕੇ ਪੁੱਛਿਆ। ਮੇਰੇ ਕੋਲ ਕੋਈ ਢੁੱਕਵਾਂ ਜਵਾਬ ਨਹੀਂ ਸੀ। ਮੈਨੂੰ ਰੋਜ਼ ਦਰਬਾਰ ਸਾਹਿਬ ਦਾ ਹੁਕਮਨਾਮਾ ਲੋਕ ਭੇਜਦੇ ਸਨ ਤੇ ਮੈਂ ਅੱਗੇ ਆਪਣੇ ਦੋਸਤਾਂ ਨੂੰ ਭੇਜ ਦਿੰਦਾ ਸਾਂ। ਇਕ ਆਦਤ ਜਿਹੀ ਬਣ ਗਈ ਸੀ, ਕਈ ਵਾਰ ਬਿਨਾ ਪੜ੍ਹੇ ਹੀ ਫਾਰਵਰਡ ਕਰਨ ਦੀ।
ਮੈਨੂੰ ਚੁੱਪ ਦੇਖ ਕੇ ਦਾਦਾ ਜੀ ਸਮਝਾਉਣ ਲੱਗੇ, “ਭਲਿਆ ਲੋਕਾ, ਹੁਕਮਨਾਮੇ ਦਾ ਅਰਥ ਹੈ, ਗੁਰੂ ਜੀ ਦਾ ਹੁਕਮ, ਜੋ ਤੁਸਾਂ ਨੇ ਮੰਨਣਾ ਹੈ ਤੇ ਕਮਾਉਣਾ ਹੈ। ਗੁਰੂ ਜੀ ਦਾ ਹੁਕਮ ਹੈ, ‘ਸੋ ਐਸਾ ਹਰਿ ਧਿਆਈਐ’ ਇਹ ਹੁਕਮ ਤੁਹਾਡੇ ਲਈ ਹੈ। ਵੱਟਸਐਪ ਜਾਂ ਫੇਸਬੁੱਕ ਰਾਹੀਂ ਅੱਗੇ ਭੇਜਣ ਲਈ ਨਹੀਂ।…ਤੇ ਹੁਣ ਅਫਸੋਸ ਕਾਹਦਾ? ਤੁਸਾਂ ਹੁਕਮਨਾਮਾ ਅੱਗੇ ਤੋਰ ਦਿੱਤਾ। ਪਰਮਾਤਮਾ ਨੇ ਆਪਣੀ ਦਿੱਤੀ ਦਾਤ ਅੱਗੇ ਤੋਰ ਦਿੱਤੀ। ਦਾਤ ਤਾਂ ਉਸ ਨੂੰ ਹੀ ਮਿਲਣੀ ਹੈ, ਜਿਸ ਨੇ ਇਸ ਨੂੰ ਸਮਝ ਕੇ ਅਮਲ ਕਰਨਾ ਹੈ।”
ਦਾਦਾ ਜੀ ਦੀ ਗੱਲ ਸੁਣ ਕੇ ਮੈਨੂੰ ਝਟਕਾ ਜਿਹਾ ਲੱਗਾ ਤੇ ਉਭੜ ਵਾਹੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ-ਤਨ ਦੀਆਂ ਵੀ ਤੇ ਮਨ ਦੀਆਂ ਵੀ। ਮੈਨੂੰ ਲੱਗਾ, ਮੇਰਾ ਕੁਝ ਗਵਾਚਾ ਨਹੀਂ, ਬਲਕਿ ਉਸ ਤੋਂ ਵੀ ਵੱਡੀ ਦਾਤ ਮਿਲ ਗਈ ਹੈ। ਅਣਮੁੱਲੀ ਜਿਹੀ। ਹੁਕਮ ਨੂੰ ਹੁਕਮ ਸਮਝਣ ਦੀ।