ਚੋਣਾਂ ਅਤੇ ਭਾਜਪਾ ਦੇ ਪ੍ਰਚਾਰ ਵਾਲੀਆਂ ਫਿਲਮਾਂ

ਕੁਲਵਿੰਦਰ
2014 ਦੀਆਂ ਚੋਣਾਂ ਅਤੇ ਉਸ ਪਿਛੋਂ ਪਿਛਲੇ ਪੰਜ ਸਾਲਾਂ ਵਿਚ ਜਿਸ ਤਰ੍ਹਾਂ ਭਾਜਪਾ ਨੇ ਪ੍ਰਿੰਟ ਤੇ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਨੂੰ ਆਪਣੇ ਹਿੱਤਾਂ ਲਈ ਵਰਤਿਆ, ਉਹ ਆਪਣੀ ਮਿਸਾਲ ਆਪ ਹੈ। ਸਿਨੇਮਾ ਇਸ ਦਾ ਅਗਲਾ ਤਰਕਸ਼ੀਲ ਪੜਾਅ ਹੈ।

‘ਬਾਲੀਵੁੱਡ’ ਦਾ ਇਕ ਹਿੱਸਾ ਪਹਿਲਾਂ ਹੀ ਭਾਜਪਾ, ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਚਿਰਾਂ ਤੋਂ ਗਾ ਰਿਹਾ ਹੈ। 2019 ਦੀਆਂ ਚੋਣਾਂ ਦੀ ਆਮਦ ਮੌਕੇ ਇਕ ਪਿਛੋਂ ਇਕ ਅਜਿਹੀਆਂ ਫਿਲਮਾਂ ਆਈਆਂ ਹਨ, ਜਾਂ ਆਉਣ ਵਾਲੀਆਂ ਹਨ, ਜਿਨ੍ਹਾਂ ਦੇ ਵਿਸ਼ੇ ਸਿੱਧੇ ਜਾਂ ਅਸਿੱਧੇ ਭਾਜਪਾ ਦੀ ਸੱਤਾ ਬਰਕਰਾਰੀ ਵਿਚ ਮਦਦ ਕਰਦੇ ਹਨ। ਇਸ ਸਾਲ ਦੇ ਸ਼ੁਰੂ ਵਿਚ 11 ਜਨਵਰੀ ਨੂੰ ਇਕੋ ਦਿਨ ਰਿਲੀਜ਼ ਹੋਈਆਂ ਦੋ ਫਿਲਮਾਂ ਅਜਿਹੀਆਂ ਹੀ ਫਿਲਮਾਂ ਹਨ: ‘ਉਰੀ: ਦਿ ਸਰਜੀਕਲ ਸਟਰਾਈਕ’ ਅਤੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ।’ ਇਸ ਪਿਛੋਂ ਨਰਿੰਦਰ ਮੋਦੀ ਦੀ ਜੀਵਨੀ ‘ਤੇ ਆਧਾਰਤ ਫਿਲਮ ‘ਪੀ. ਐਮ. ਨਰਿੰਦਰ ਮੋਦੀ’ ਕਤਾਰ ਵਿਚ ਹੈ। ਇਨ੍ਹਾਂ ਫਿਲਮਾਂ ਨਾਲ ਹੀ ਭਾਜਪਾ ਦੀ ਛੋਟੀ ਭਾਈਵਾਲ ਪਾਰਟੀ ਸ਼ਿਵ ਸੈਨਾ ਨੇ ਵੀ ਆਪਣੇ ਆਗੂ ਬਾਲ ਠਾਕਰੇ ਦੇ ਜੀਵਨ ‘ਤੇ ‘ਠਾਕਰੇ’ ਨਾਂ ਦੀ ਫਿਲਮ ਬਣਾਈ ਹੈ। ਮਰਾਠੀ ਅਤੇ ਹਿੰਦੀ ਵਿਚ ਬਣੀ ਅਭੀਜੀਤ ਪਾਨਸੇ ਦੀ ਨਿਰਦੇਸ਼ਤ ਇਸ ਫਿਲਮ ਦੀ ਕਹਾਣੀ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਲਿਖੀ ਹੈ।
‘ਉਰੀ: ਦਿ ਸਰਜੀਕਲ ਸਟਰਾਈਕ’ ਫਿਲਮ ਦਾ ਨਿਰਦੇਸ਼ਨ ਅਦਿਤਿਆ ਧਰ ਨੇ ਕੀਤਾ ਹੈ। ਜਿਵੇਂ ਨਾਂ ਤੋਂ ਹੀ ਜਾਹਰ ਹੈ, ਇਹ ਫਿਲਮ 2016 ਦੀ ਉਰੀ ਦੀ ਅਖੌਤੀ ਸਰਜੀਕਲ ਸਟਰਾਈਕ ‘ਤੇ ਬਣੀ ਹੈ। ਸਰਜੀਕਲ ਸਟਰਾਈਕ ਨੂੰ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਪੂਰੀ ਤਰ੍ਹਾਂ ਆਪਣੀ ਸੂਰਬੀਰਤਾ ਬਣਾ ਕੇ ਪੇਸ਼ ਕਰਦਾ ਰਿਹਾ ਹੈ। ਇਸ ਦੇ ਉਲਟ ਵਿਰੋਧੀ ਇਸ ਐਕਸ਼ਨ ਦੀ ਸੱਚਾਈ ਬਾਰੇ ਹੀ ਸੁਆਲ ਉਠਾਉਂਦੇ ਰਹੇ ਹਨ। ‘ਖੂਨ ਕਾ ਬਦਲਾ ਖੂਨ’ ਅਤੇ ‘ਯਿਹ ਨਇਆ ਹਿੰਦੁਸਤਾਨ ਹੈ, ਯਿਹ ਘਰ ਮੇਂ ਘੁਸੇਗਾ ਭੀ ਔਰ ਮਾਰੇਗਾ ਭੀ’ ਜਿਹੇ ਸੰਵਾਦਾਂ ਨਾਲ ਲੈਸ ‘ਉਰੀ: ਦਿ ਸਰਜੀਕਲ ਸਟਰਾਈਕ’ ਅਖੌਤੀ ਦੇਸ਼ ਭਗਤੀ ਦੀ ਭਾਵਨਾ ਨੂੰ ਹੀ ਭੜਕਾ ਰਹੀ ਹੈ। ਇਸ ਤਰ੍ਹਾਂ ਦੀ ਦੇਸ਼ ਭਗਤੀ ਭਾਰਤੀ ਮੱਧਵਰਗ ਦੇ ਇਕ ਹਿਸੇ ਨੂੰ ਪ੍ਰਭਾਵਿਤ ਵੀ ਕਰਦੀ ਹੈ। ਇਸ ਤਰ੍ਹਾਂ ਇਹ ਫਿਲਮ ਭਾਜਪਾ ਦੇ ਅਖੌਤੀ ਦੇਸ਼ ਭਗਤੀ ਦੇ ਏਜੰਡੇ ਨੂੰ ਅੱਗੇ ਵਧਾ ਰਹੀ ਹੈ।
ਇਸੇ ਲੜੀ ਦੀ ਦੂਜੀ ਫਿਲਮ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਹੈ। ਇਸ ਫਿਲਮ ਦਾ ਨਿਰਦੇਸ਼ਨ ਵਿਜੇ ਰਤਨਾਕਰ ਗੁੱਟੇ ਨੇ ਕੀਤਾ ਹੈ। ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਡਾ. ਮਨਮੋਹਨ ਸਿੰਘ ਦੇ ਕਮਜ਼ੋਰ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਕਰਦੀ ਹੈ। ਫਿਲਮ ਵਿਚ ਡਾ. ਮਨਮੋਹਨ ਸਿੰਘ ਨੂੰ ਗਾਂਧੀ ਪਰਿਵਾਰ ਦੀ ਕਠਪੁਤਲੀ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਗਾਂਧੀ ਪਰਿਵਾਰ ਨਾਲ ਜੁੜੇ ਲੋਕਾਂ ਦੀ ਆਲੋਚਨਾ ਨੂੰ ਤਰਜੀਹ ਦਿਤੀ ਗਈ ਹੈ। ਫਿਲਮ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਅਨੁਸਾਰ ਦੇਸ਼ ਨੂੰ ਇਕ ਪਰਿਵਾਰ-ਭਾਵ ਗਾਂਧੀ ਪਰਿਵਾਰ ਵਲੋਂ ਹੀ ਚਲਾਇਆ ਜਾਂਦਾ ਰਿਹਾ ਹੈ। ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫਿਲਮ ਦਾ ਸੰਜੇ ਬਾਰੂ ਦੀ ਇਸੇ ਨਾਂ ਦੀ ਕਿਤਾਬ ‘ਤੇ ਆਧਾਰਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਉਂਜ, ਸੰਜੇ ਬਾਰੂ ਦਾ ਇਸ ਫਿਲਮ ਬਾਰੇ ਕਹਿਣਾ ਹੈ ਕਿ ਉਸ ਦੀ ਕਿਤਾਬ ਦੇ 70 ਫੀਸਦੀ ਹਿੱਸੇ ਵਿਚ ਡਾ. ਮਨਮੋਹਨ ਸਿੰਘ ਦੀ ਤਾਰੀਫ ਕੀਤੀ ਗਈ ਹੈ ਅਤੇ ਬਾਕੀ 30 ਫੀਸਦੀ ਹਿੱਸੇ ਵਿਚ ਉਸ ਦੀ ਆਲੋਚਨਾ ਸ਼ਾਮਲ ਹੈ; ਜਦਕਿ ਫਿਲਮ ਵਿਚ ਇਸ ਦੇ ਉਲਟ ਕੀਤਾ ਗਿਆ ਹੈ। ਇੰਜ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫਿਲਮ ਵਿਚ ਸਿਰਜਿਆ ਗਿਆ ਬਿਰਤਾਂਤ ਵੀ ਸੰਘ ਪਰਿਵਾਰ ਵਲੋਂ ਸਿਰਜੇ ਬਿਰਤਾਂਤ ਨਾਲ ਮੇਲ ਖਾਂਦਾ ਹੈ ਕਿ ਦੇਸ਼ ਨੂੰ ਸਿਰਫ ਇਕ ਪਰਿਵਾਰ ਵਲੋਂ ਹੀ ਚਲਾਇਆ ਜਾਂਦਾ ਰਿਹਾ ਹੈ। ਸੰਘੀ ਲਾਣੇ ਦੇ ਆਗੂਆਂ ਵਲੋਂ ਫਿਲਮ ਦੇ ਹੱਕ ਵਿਚ ਕੀਤਾ ਗਿਆ ਪ੍ਰਚਾਰ ਵੀ ਕਾਫੀ ਕੁਝ ਕਹਿ ਜਾਂਦਾ ਹੈ।
ਉਂਜ, ਸ਼ਾਇਦ ਇਸ ਲੜੀ ਦੀ ਸਭ ਤੋਂ ਅਹਿਮ ਜੀਵਨੀ ਮੂਲਕ ਫਿਲਮ ਹੈ, ‘ਪੀ. ਐਮ. ਨਰਿੰਦਰ ਮੋਦੀ।’ ਇਸ ਫਿਲਮ ਦਾ ਨਿਰਦੇਸ਼ਨ ਉਮੰਗ ਕੁਮਾਰ ਬੀ. ਕਰ ਰਿਹਾ ਹੈ। ਇਸ ਫਿਲਮ ਦਾ ਅਜੇ ਸਿਰਫ ਪੋਸਟਰ ਹੀ ਜਾਰੀ ਕੀਤਾ ਗਿਆ ਹੈ ਪਰ ਸੰਘ ਦਾ ਮੀਡੀਆ ਤੰਤਰ ਹੁਣੇ ਤੋਂ ਹੀ ਇਸ ਫਿਲਮ ਦੇ ਪ੍ਰਚਾਰ ਲਈ ਪੱਬਾਂ ਭਾਰ ਹੋਇਆ ਫਿਰਦਾ ਹੈ। ਇਥੋਂ ਤੱਕ ਕਿ ਮੁੰਬਈ ਵਿਚ ‘ਪੀ. ਐਮ. ਨਰਿੰਦਰ ਮੋਦੀ’ ਫਿਲਮ ਦੇ ਪੋਸਟਰ ਦੇ ਰਿਲੀਜ਼ ਸਮਾਗਮ ਮੌਕੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰਾ ਫੜਨਵੀਸ ਖੁਦ ਮੌਜੂਦ ਸਨ। ਵਿਵੇਕ ਓਬਰਾਏ ਦੀ ਇਹ ਫਿਲਮ 23 ਭਾਸ਼ਾਵਾਂ ‘ਚ ਬਣਨੀ ਹੈ। ‘ਪੀ. ਐਮ. ਨਰਿੰਦਰ ਮੋਦੀ’ ਫਿਲਮ ਨੂੰ ਜੰਗੀ ਪੱਧਰ ‘ਤੇ ਤਿਆਰ ਕਰਕੇ 2019 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ਼ ਕੀਤਾ ਜਾਵੇਗਾ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਭਾਜਪਾ ਨੇ ਸੈਂਸਰ ਬੋਰਡ ਨੂੰ ਆਪਣੇ ਸੌੜੇ ਹਿੱਤਾਂ ਲਈ ਵਰਤਿਆ ਹੈ। ਇਸ ਨੇ ਹਰ ਉਸ ਫਿਲਮ ਦੇ ਰਾਹ ਵਿਚ ਅੜਿੱਕੇ ਡਾਹੇ ਜਿਸ ਦੀ ਥੋੜ੍ਹੀ ਜਿਹੀ ਵੀ ਸੁਰ ਮੋਦੀ ਸਰਕਾਰ ਜਾਂ ਹਿੰਦੂਤਵ ਦੀ ਫਾਸ਼ੀਵਾਦੀ ਵਿਚਾਰਧਾਰਾ ਦੀ ਆਲੋਚਨਾ ਵਾਲੀ ਸੀ। ‘ਉਰੀ: ਦਿ ਸਰਜੀਕਲ ਸਟਰਾਈਕ’ ਤੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੋਵੇਂ ਫਿਲਮਾਂ ਨਾਜ਼ੁਕ ਵਿਸ਼ਿਆਂ ਨਾਲ ਸਬੰਧਤ ਹੋਣ ਦੇ ਬਾਵਜੂਦ ਸੈਂਸਰ ਬੋਰਡ ਵਲੋਂ ਇਨ੍ਹਾਂ ਫਿਲਮਾਂ ਨੂੰ ਛੇਤੀ-ਛੇਤੀ ਹੀ ਪਾਸ ਕੀਤਾ ਗਿਆ ਹੈ। ਇਹੀ ਨਹੀਂ, ਸੈਂਸਰ ਬੋਰਡ ਨੇ ਇਨ੍ਹਾਂ ਦੋਹਾਂ ਫਿਲਮਾਂ ਵਿਚਲੇ ਅਜਿਹੇ ਦ੍ਰਿਸ਼ਾਂ ਨੂੰ, ਜੋ ਭਾਜਪਾ ਦੇ ਹੱਕ ਵਿਚ ਜਾਂਦੇ ਹਨ, ਬਿਨਾ ਕਿਸੇ ਕੱਟ ਦੇ ਪਾਸ ਕੀਤਾ। ਇਸ ਦੇ ਉਲਟ ਮੋਦੀ, ਭਾਜਪਾ ਜਾਂ ਸੰਘ ਦੀ ਵਿਚਾਰਧਾਰਾ ‘ਤੇ ਸੁਆਲ ਉਠਾਉਂਦੀਆਂ ਫਿਲਮਾਂ ਉਤੇ ਬੇਸਿਰ-ਪੈਰ ਇਤਰਾਜ਼ ਲਾਏ ਗਏ। ਅਜਿਹੀ ਹੀ ਇਕ ਫਿਲਮ ‘ਸਮੀਰ’ ਹੈ। ‘ਸਮੀਰ’ ਸਤੰਬਰ 2017 ਵਿਚ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਕਈ ਕੱਟ ਲਾ ਕੇ ਪਾਸ ਕੀਤਾ ਸੀ। ‘ਸਮੀਰ’ ਫਿਲਮ ਦੇ ਨਿਰਦੇਸ਼ਕ ਡਿਕਸਨ ਨੇ ਇਸ ਬਾਰੇ ਸੈਂਸਰ ਬੋਰਡ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸੈਂਸਰ ਬੋਰਡ ਦੇ ਦੋਗਲੇਪਨ ‘ਤੇ ਸੁਆਲ ਉਠਾਇਆ ਹੈ।
ਇਨ੍ਹਾਂ ਭਾਜਪਾ ਸਮਰਥਕ ਫਿਲਮਾਂ ਦਾ ਚੋਣਾਂ ਮੌਕੇ ਆਉਣਾ ਭਾਜਪਾ ਦੀ ਸੱਤਾ ਨੂੰ ਕਾਇਮ ਰੱਖਣ ਦੀ ਬੇਕਰਾਰੀ ਨੂੰ ਸਾਬਤ ਕਰ ਰਿਹਾ ਹੈ। ਇਨ੍ਹਾਂ ਫਿਲਮਾਂ ਵਿਚ ਭਾਜਪਾ ਸਰਕਾਰ ਦੇ ਹੱਕ ਵਿਚ ਕੀਤੀ ਗਈ ਕਸੀਦਾਕਾਰੀ 2019 ਦੀਆਂ ਚੋਣਾਂ ਵਿਚ ਉਸ ਦੀ ਕਿੰਨੀ ਕੁ ਮਦਦ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਵਰਤਾਰਾ ਇਹ ਦਰਸਾ ਰਿਹਾ ਹੈ ਕਿ ਭਾਰਤੀ ਚੋਣ ਤਮਾਸ਼ਾ, ਪ੍ਰਚਾਰ ਦੇ ਨਵੇਂ ਪੜਾਅ ਵਿਚ ਦਾਖਲ ਹੋ ਚੁਕਾ ਹੈ।