ਫਿਲਮਾਂ ਦੇ ਅਣਗੌਲੇ ਪਾਤਰ

ਜਤਿੰਦਰ ਸਿੰਘ
ਜਦੋਂ ਪੰਜਾਬੀ ਸਮਾਜ ਦੇ ਅਣਹੋਏ ਪਾਤਰਾਂ ਬਾਰੇ ਚਰਚਾ ਚੱਲਦੀ ਹੈ ਤਾਂ ਪੰਜਾਬੀ ਮਾਨਸਿਕਤਾ ਗੁਰਦਿਆਲ ਸਿੰਘ ਦੇ ਨਾਵਲ ‘ਅਣਹੋਏ’ ਵਿਚਲੇ ਉਨ੍ਹਾਂ ਲੋਕਾਂ ਤਕ ਸੁੰਗੜ ਕੇ ਰਹਿ ਜਾਂਦੀ ਹੈ, ਜੋ ਸਾਨੂੰ ਸਮਾਜ ਵਿਚ ਨਿੱਤ ਤੁਰਦੇ ਫਿਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚ ਖਾਸ ਤੌਰ ‘ਤੇ ਦਲਿਤ ਤੇ ਘੱਟ ਗਿਣਤੀਆਂ ਦੇ ਲੋਕ ਹਨ। ਇਨ੍ਹਾਂ ਤੋਂ ਇਲਾਵਾ ਸਮਾਜ ਵਿਚ ਅਜਿਹੇ ਵਰਗ ਵੀ ਹਨ ਜੋ ਅਣਹੋਏ ਹੋਣ ਦੇ ਨਾਲ-ਨਾਲ ਅਣਗੌਲੇ ਵੀ ਹਨ। ਇਨ੍ਹਾਂ ਵਿਚ ਖਾਸ ਤੌਰ ‘ਤੇ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਉਤੇ ਬਣੀਆਂ ਇਸੇ ਨਾਂ ਦੀਆਂ ਦੋ ਫਿਲਮਾਂ ਹਨ, ਜਿਨ੍ਹਾਂ ਦਾ ਨਿਰਦੇਸ਼ਨ ਡਾ. ਸ਼ਕਤੀ ਪ੍ਰਭਾ ਤੇ ਕੇਤਨ ਮਹਿਤਾ ਨੇ ਕੀਤਾ ਅਤੇ ‘ਬੇਗਮਜਾਨ’ ਜਿਸ ਦੀ ਕਹਾਣੀ ਸੁਮੇਰ ਮਲਿਕ ਦੀ ਲਿਖੀ ਹੈ ਤੇ ਨਿਰਦੇਸ਼ਨ ਸਰੀਜੀਤ ਮੁਖਰਜੀ ਨੇ ਕੀਤਾ ਹੈ, ਸ਼ਾਮਲ ਹਨ। ਇਨ੍ਹਾਂ ਫਿਲਮਾਂ ਦੇ ਕਿਰਦਾਰਾਂ ਦੀ ਆਪਸੀ ਸਾਂਝ ਇਹ ਹੈ ਕਿ ਇਨ੍ਹਾਂ ਦੋਹਾਂ ਯਾਨਿ ਪਾਗਲਾਂ ਅਤੇ ਵੇਸਵਾਵਾਂ ਨੂੰ ਸਮਾਜ ਵਿਚ ਕਿਧਰੇ ਵੀ ਕੋਈ ਸਥਾਨ ਨਹੀਂ ਦਿਤਾ ਗਿਆ।

ਇਹ ਫਿਲਮਾਂ ਵੰਡ ਦੇ ਸੰਤਾਪ ਦੀ ਉਪਜ ਹਨ। ਜੇ ਪਹਿਲੀ ਕਿਰਤ ‘ਟੋਭਾ ਟੇਕ ਸਿੰਘ’ ਵੰਡ ਦੌਰਾਨ ਪਾਗਲਖਾਨੇ ਵਿਚਲੇ ਸੰਵਾਦ ਨੂੰ ਰੂਪਮਾਨ ਕਰਦੀ ਹੈ ਤਾਂ ਦੂਜੀ ਵੰਡ ਤੋਂ ਉਪਜੇ ਦੁੱਖਾਂ ਦਾ ਕਹਿਰ ਹੈ ਕਿ ਔਰਤਾਂ ਆਪਣਾ ਜਿਸਮ ਵੇਚ ਕੇ ਢਿੱਡ ਭਰਦੀਆਂ ਹਨ, ਉਨ੍ਹਾਂ ‘ਤੇ ਰੈਡਕਲਿਫ ਲਾਈਨ ਦਾ ਕਹਿਰ ਡਿਗਦਾ ਹੈ। ਇਸ ਤਰ੍ਹਾਂ ਦੇ ਕਈ ਘਰਾਂ ਨੂੰ ਉਜਾੜੇ ਦਾ ਖਮਿਆਜ਼ਾ ਭੁਗਤਣਾ ਪਿਆ। ਉਹ ਭਾਵੇਂ ਵੇਸਵਾਵਾਂ ਦੇ ਹੋਣ ਜਾਂ ਫਿਰ ਸਮਾਜਕ ਤਸਵੀਰ ਵਿਚ ਵਿਚਰਨ ਵਾਲੇ ਪਾਤਰ ਹੋਣ। ਮੰਟੋ ਨੇ ਬੜੀ ਸੂਖਮਤਾ ਨਾਲ ਜਾਦੂਈ ਤੇ ਮੂਰਖਪੁਣੇ ਸੰਕਲਪਾਂ ਰਾਹੀਂ ਸਮਕਾਲੀ ਸਮਾਜ ਨੂੰ ਮਾਨਸਿਕ ਤੌਰ ‘ਤੇ ਅਪੰਗ ਹੋਇਆ ਦਰਸਾਇਆ ਹੈ।
‘ਟੋਭਾ ਟੇਕ ਸਿੰਘ’ ਫਿਲਮ ਨੂੰ ਸਮਝਦਿਆਂ ਪੰਜਾਬੀ ਫਿਲਮ ‘ਚੌਥੀ ਕੂਟ’ ਵੱਲ ਵੀ ਸਬੱਬੀ ਧਿਆਨ ਚਲਾ ਜਾਂਦਾ ਹੈ। ਨਿਰਦੇਸ਼ਕ ਗੁਰਵਿੰਦਰ ਸਿੰਘ ਦੋ ਕਹਾਣੀਆਂ ਨੂੰ ਇਕ ਕੈਮਰੇ ਵਿਚ ਬੰਦ ਕਰਨ ਵਿਚ ਸਫਲ ਰਿਹਾ ਹੈ। ਜਿਵੇਂ ‘ਚੌਥੀ ਕੂਟ’ ਫਿਲਮ ਵਰਿਆਮ ਸੰਧੂ ਦੀ ਕਹਾਣੀ ‘ਚੌਥੀ ਕੂਟ’ ਅਤੇ ‘ਹੁਣ ਮੈਂ ਠੀਕ ਠਾਕ ਹਾਂ’ ਦਾ ਸੁਮੇਲ ਹੈ, ਉਸ ਤਰ੍ਹਾਂ ਦਾ ਹੀ ਉਪਰਾਲਾ ‘ਟੋਭਾ ਟੇਕ ਸਿੰਘ’ ਫਿਲਮ ਵਿਚ ‘ਟੋਭਾ ਟੇਕ ਸਿੰਘ’ ਅਤੇ ‘ਖੋਲ੍ਹ ਦੋ’ ਦਾ ਕੀਤਾ ਗਿਆ ਹੈ।
ਲੇਖਕ ਦੇ ਵਿਚਾਰਾਂ ਦਾ ਪ੍ਰਭਾਵ ਉਸ ਦੀਆਂ ਵੱਖ-ਵੱਖ ਕਿਰਤਾਂ ਵਿਚ ਦੇਖਿਆ ਜਾ ਸਕਦਾ ਹੈ। ਇਹ ਵੰਡ ਤੇ ਪਾਗਲਪੁਣੇ ਦਾ ਆਪਸੀ ਪੂਰਕ ਹਨ। ਇਸ ਨੂੰ ਵਧੇਰੇ ਸਮਝਣ ਲਈ ਸਵਰਾਜਬੀਰ ਦਾ ਨਾਟਕ ‘ਪੁਲ-ਸਿਰਾਤ’ ਹੈ। ਇਸ ਵਿਚ ਵੰਡ ਤੋਂ ਖਪੀ-ਤਪੀ ਮੁਸਲਿਮ ਔਰਤ ਪੂਰਬੀ ਪੰਜਾਬ ਦੇ ਮਰਦ ਦਾ ਸ਼ਿਕਾਰ ਹੁੰਦੀ ਹੈ। ਉਹ ਔਰਤ ਵੰਡ ਦੇ ਦੁੱਖ ਨੂੰ ਤਾਂ ਜ਼ਰ ਜਾਂਦੀ ਹੈ, ਪਰ ਉਸ ਪਿਛੋਂ ਪੰਜਾਬ ਦੇ ਕਾਲੇ ਦਿਨਾਂ ਦੀ ਮਾਰ ਕਰਕੇ ਪਾਗਲਪੁਣੇ ਦਾ ਸ਼ਿਕਾਰ ਹੋ ਜਾਂਦੀ ਹੈ। ਇਹ ਦੌਰ ਪੰਜਾਬੀਆਂ ਨੂੰ ਅਜੇ ਤਕ ਨਹੀਂ ਭੁੱਲਾ।
ਫਿਲਮ ‘ਬੇਗਮਜਾਨ’ ਵਿਚ ਜੋ ਔਰਤਾਂ ਵੇਸਵਾ ਦਾ ਧੰਦਾ ਕਰਦੀਆਂ ਹਨ, ਉਨ੍ਹਾਂ ਦਾ ਸਬੰਧ ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੇ ਇਲਾਕੇ ਨਾਲ ਹੈ। ਉਨ੍ਹਾਂ ਦੇ ਘਰ ਭਾਵ ਕੋਠੇ ਵਿਚੋਂ ਰੈਡਕਲਿਫ ਲਾਈਨ ਲੰਘਦੀ ਹੈ, ਜੋ ਉਨ੍ਹਾਂ ਲਈ ਸੰਕਟ ਖੜ੍ਹਾ ਕਰ ਦਿੰਦੀ ਹੈ। ਮਸਲਾ ਫਿਰ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਵਰਗਾ ਖੜ੍ਹਾ ਹੋ ਜਾਂਦਾ ਹੈ। ਸਰਕਾਰਾਂ ਸੋਚਦੀਆਂ ਹਨ ਕਿ ਪਾਗਲ ਮੁਸਲਿਮ ਪਾਕਿਸਤਾਨ ਅਤੇ ਪਾਗਲ ਹਿੰਦੂ-ਸਿੱਖ ਹਿੰਦੋਸਤਾਨ ਨੂੰ ਭੇਜੇ ਜਾਣ, ਪਰ ਇੱਥੇ ‘ਬੇਗਮਜਾਨ’ ਫਿਲਮ ਵਿਚ ਤਾਂ ਔਰਤਾਂ ਦੀ ਪਛਾਣ ਭਾਵੇਂ ਨਾਂਵਾਂ ਕਰਕੇ ਹੋ ਜਾਂਦੀ ਹੈ, ਪਰ ਉਨ੍ਹਾਂ ਦਾ ਧਰਮ ਹੁਣ ਹਿੰਦੂ, ਮੁਸਲਿਮ ਜਾਂ ਸਿੱਖ ਨਹੀਂ ਸੀ ਰਿਹਾ, ਸਗੋਂ ਉਹ ਧਰਮ ਬਣ ਗਿਆ ਸੀ, ਜੋ ਸਮਾਜ ਵੱਲੋਂ ਪ੍ਰਵਾਨਿਤ ਨਹੀਂ ਸੀ। ਦੋਹਾਂ ਦੇਸ਼ਾਂ ਵੱਲੋਂ ਉਨ੍ਹਾਂ ਨੂੰ ਸਵੀਕਾਰਨਾ ਮੁਸ਼ਕਿਲ ਹੀ ਨਹੀਂ, ਸਗੋਂ ਨਾ ਮੁਮਕਿਨ ਕਾਰਜ ਲੱਗਦਾ ਹੈ। ਉਹ ਔਰਤਾਂ ਵੀ ਕਿਸੇ ਦੇਸ਼ ਵੱਲ ਰੁਖ ਕਰਨਾ ਨਹੀਂ ਚਾਹੁੰਦੀਆਂ। ਇਸ ਤਰ੍ਹਾਂ ਦੀ ਸਥਿਤੀ ਪੰਜਾਬੀ ਦੇ ਦੋ ਇਕਾਂਗੀਆਂ ‘ਇਕ ਵਿਚਾਰੀ ਮਾਂ’ (ਹਰਸਰਨ ਸਿੰਘ) ਤੇ ‘ਚਿੜੀਆਂ’ (ਆਤਮਜੀਤ) ਵਰਗੀ ਉਜਾਗਰ ਤਾਂ ਹੁੰਦੀ ਹੈ, ਪਰ ਇਸ ਫਿਲਮ ਦੇ ਮਾਅਨੇ ਇਨ੍ਹਾਂ ਇਕਾਂਗੀਆਂ ਤੋਂ ਵੱਖਰੇ ਨਿਕਲਦੇ ਹਨ, ਜੋ ਔਰਤ ਹੋਣ ਦਾ ਹੀ ਸੰਤਾਪ ਹਨ। ਜ਼ਿਕਰਯੋਗ ਹੈ ਕਿ ਪਾਗਲ ਤੇ ਵੇਸਵਾਵਾਂ ਨੂੰ ਨਾਟਕ, ਇਕਾਂਗੀ, ਕਹਾਣੀ ਤੇ ਫਿਲਮਾਂ ਰਾਹੀਂ ਦੇਖਿਆ ਗਿਆ ਹੈ, ਪਰ ਉਸ ਸਮੇਂ ਹਿਜੜੇ/ਸਮਲਿੰਗੀਆਂ ਦਾ ਕੀ ਹਸ਼ਰ ਹੋਇਆ? ਇਹ ਤਾਂ ਆਪਣੇ ਆਪ ਵਿਚ ਇਕ ਸਵਾਲ ਹੈ?