ਘਸਿਆ ਹੋਇਆ ਆਦਮੀ

ਬਲਜਿੰਦਰ ਨਸਰਾਲੀ ਦੀ ਕਹਾਣੀ ‘ਘਸਿਆ ਹੋਇਆ ਆਦਮੀ’ ਵਿਚ ਪੰਜਾਬ ਦਾ ਤਿੰਨ ਦਹਾਕੇ ਪਹਿਲਾਂ ਦਾ ਰੰਗ ਘੁਲਿਆ ਹੋਇਆ ਹੈ। ਇਹ ਉਹ ਵਕਤ ਸੀ, ਜਦੋਂ ਯੂ. ਪੀ.-ਬਿਹਾਰ ਤੋਂ ਪਰਵਾਸੀ ਕਾਮਿਆਂ ਦੀ ਆਮਦ ਅਜੇ ਸ਼ੁਰੂ ਹੀ ਹੋਈ ਸੀ। ਜੱਟਾਂ ਨੇ ਅਜੇ ਕੰਮ ਨਹੀਂ ਸੀ ਛੱਡਿਆ। ਬਿਮਾਰੀ ਦਾ ਝੰਬਿਆ ਕਹਾਣੀ ਦਾ ਮੁੱਖ ਪਾਤਰ ਆਪਣੀ ਮਿਟ ਰਹੀ ਹੋਂਦ ਨਾਲ ਦੋ-ਚਾਰ ਹੋ ਰਿਹਾ ਹੈ। ਪ੍ਰਸਿਧ ਰੰਗਕਰਮੀ ਸੈਮੂਅਲ ਜੌਹਨ ਨੇ ਇਸ ਕਹਾਣੀ ਨੂੰ ਆਧਾਰ ਬਣਾ ਕੇ ਤਿਆਰ ਕੀਤੇ ਨਾਟਕ ਦੀਆਂ ਸੈਂਕੜੇ ਪੇਸ਼ਕਾਰੀਆਂ ਦੇਸ਼-ਵਿਦੇਸ਼ ਵਿਚ ਕੀਤੀਆਂ ਹਨ।

-ਸੰਪਾਦਕ

ਬਲਜਿੰਦਰ ਨਸਰਾਲੀ

ਖੁੱਲ੍ਹੇ ਦਰਾਂ ‘ਚੋਂ ਕਦੇ-ਕਦੇ ਹਵਾ ਦਾ ਬੁੱਲ੍ਹਾ ਆਉਂਦਾ ਤੇ ਵਿਹੜੇ ਵਿਚ ਖੜ੍ਹੀ ਡੇਕ ਦੀਆਂ ਟਾਹਣੀਆਂ ਨੂੰ ਹਿਲਾ ਜਾਂਦਾ। ਨਾਲੇ ਹਰ ਵਾਰ ਇਕ ਦੋ ਅੱਧ-ਪੀਲੇ ਪੱਤੇ ਝੜ ਕੇ ਹੇਠਾਂ ਆ ਡਿੱਗਦੇ।
ਅੰਦਰੋਂ ਆਪਣੀ ਵਹੀ ਜਿਹੀ ਲਿਆ ਕੇ ਬੱਗਾ ਲੰਬੜਦਾਰ ਵਾਣ ਦੇ ਮੰਜੇ ‘ਤੇ ਬਹਿ ਗਿਆ। ਅਰਜਣ ਭੁੰਜੇ ਬੈਠਾ ਸੀ, ਉਸ ਨੇ ਗੋਡਿਆਂ ਦੁਆਲੇ ਹੱਥਾਂ ਦੀ ਕੰਘੀ ਪਾਈ ਹੋਈ ਸੀ। ਲੰਬੜਦਾਰ ਵਰਕੇ ਪਰਤਣ ਲੱਗਾ ਤੇ ਅਰਜਣ ਖਾਲੀ-ਖਾਲੀ ਨਜ਼ਰਾਂ ਨਾਲ ਆਲੇ-ਦੁਆਲੇ ਝਾਕ ਰਿਹਾ ਸੀ। ਇਕ ਸ਼ੈਅ ਤੋਂ ਦੂਜੀ ਸ਼ੈਅ ‘ਤੇ ਉਸ ਦੀਆਂ ਨਜ਼ਰਾਂ ਬੜੀ ਸੁਸਤੀ ਨਾਲ ਪਹੁੰਚਦੀਆਂ। ਖੁਰਲੀ ‘ਤੇ ਖੜ੍ਹੇ ਡੰਗਰ ਆਥਣ ਵਕਤ ਦੇ ਕੱਖਾਂ ਨੂੰ ਉਡੀਕਦੇ ਘਰ ਦੇ ਬੰਦਿਆਂ ਵੱਲ ਝਾਕਦੇ ਅੜਿੰਗ ਰਹੇ ਸਨ। ਲੰਬੜਦਾਰਨੀ ਤੇ ਉਸ ਦੀ ਵੱਡੀ ਨੂੰਹ ਕੱਤ ਰਹੀਆਂ ਸਨ। ਛੋਟੀ ਬਹੂ ਚਾਹ ਬਣਾ ਰਹੀ ਸੀ। ਧੂੰਆਂ ਹੌਲੀ-ਹੌਲੀ ਉਠਦਾ ਚਿਮਨੀ ਵਿਚ ਵੜ ਕੇ ਕੋਠੇ ਉਤੇ ਜਾ ਕੇ ਨਿਕਲਦਾ ਸੀ। ਲੰਬੜਦਾਰ ਨੇ ਲੱਤਾਂ ਨਿਸਾਲੀਆਂ ਤੇ ਸੂਤ ਹੋ ਕੇ ਬਹਿੰਦਾ ਬੋਲਿਆ, “ਅਰਜਣ ਸਿਆਂ! ਊਂ ਤਾਂ ਅਸੀਂ ਸੀਰੀ ਤੈਨੂੰ ਹੀ ਰੱਖਣਾ ਤੀ, ਪਰ ਤੂੰ ਖੁਦ ਸਮਝਦਾਰ ਏਂ, ਤੈਥੋਂ ਹੁਣ ਕੰਮ ਨੀ ਕਰ ਹੋਣਾ ਸਾਡੇ ਨਾ’, ਹੁਣ ਤੂੰ ਸਿਆਣਾ ਹੋ ਗਿਆਂ। ਆਪਣੀ ਖੇਤੀ ਤਾਂ ਤੈਨੂੰ ਪਤਾ, ਬਈ ਤਕੜੇ ਜਵਾਨ ਆਦਮੀ ਦੀ ਐ, ਛੇ-ਸੱਤ ਸਾਲ ਆਪਣੀ ਚੰਗੀ ਨਿਭਗੀ।” ਥੋੜ੍ਹਾ ਰੁਕ ਕੇ ਵਰਕੇ ‘ਤੇ ਝਾਕਦਾ ਲੰਬੜਦਾਰ ਫਿਰ ਬੋਲਿਆ, “ਤੂੰ ਏਕਣ ਕਰੀਂ, ਕਿਸੇ ਛੋਟੇ ਲਾਣੇ ਨਾਲ ਰਲ ਜੀਂ, ਕੀ ਕਹਿੰਦਾ?”
ਅਰਜਣ ਨੇ ਉਸ ਦੀ ਗੱਲ ਸੁਣੀ ਪਰ ਬੋਲਿਆ ਕੁਝ ਨਾ। ਲੰਬੜਦਾਰ ਵੀ ਜਵਾਬ ਉਡੀਕੇ ਬਿਨਾ ਵਰਕੇ ਪਰਤਣ ਲੱਗਾ, “ਲੈ ਫਿਰ ਹਿਸਾਬ ਸੁਣ ਲੈ ਆਪਦਾ…।”
ਅਰਜਣ ਨੇ ਸਿਰ ਚੁੱਕਿਆ ਤੇ ਸ਼ਾਂਤ ਨਜ਼ਰਾਂ ਨਾਲ ਲੰਬੜਦਾਰ ਵੱਲ ਝਾਕਣ ਲੱਗਾ। ਲੰਬੜਦਾਰ ਬੋਲਣ ਲੱਗਾ, “ਕੁਲ ਤੇਰਾ ਸੀਗਾ ਚਾਰ ਹਜ਼ਾਰ ਸਾਲ ਦਾ, ਸੌ ਦਾ ਤੂੰ ਦੁੱਧ ਲਿਆ ਤੀ ਸਿਆਲਾਂ ਵਿਚ ਖੋਆ ਕੱਢਣ ਲਈ, ਫੇਰ ਭਾਈ ਰੱਬ ਤੇਰਾ ਭਲਾ ਕਰੇ, ਦੋ ਸੌ ਤੂੰ ਜਰਗ ਵਾਲੇ ਸਾਂਢੂ ਦੀ ਕੁੜੀ ਦੇ ਵਿਆਹ ਵੇਲੇ ਲੈ ਗਿਆ ਤੀ। ਜਦੋਂ ਤੇਰੀ ਘਰਵਾਲੀ ਮਰੀ ਉਦੋਂ ਤੂੰ ਸੌ ਉਤੇ ਚਾਰ ਵੀਹਾਂ ਲੈ ਗਿਆ ਤੀ, ਫੇਰ ਪੰਜ ਸੌ ਪਿਛਲੇ ਮਹੀਨੇ ਤੇਰੀ ਬਿਮਾਰੀ ‘ਤੇ ਲੱਗ ਗਿਆ ਤੇ ਬਾਕੀ ਬਚਦੇ ਆਹ ਫੜ ਲੈ।”
ਅਰਜਣ ਨੇ ਹੱਥ ਵਧਾ ਕੇ ਪੈਸੇ ਫੜ ਲਏ। ਖੀਸੇ ‘ਚੋਂ ਮੋਮੀ ਕਾਗਜ਼ ਦਾ ਲਿਫਾਫਾ ਕੱਢਦਿਆਂ ਉਸ ਨੇ ਖਾਸਾ ਚਿਰ ਲਾ ਦਿੱਤਾ। ਉਹ ਕੁਝ ਸੋਚ ਰਿਹਾ ਸੀ ਤੇ ਲੰਬੜਦਾਰ ਉਸ ਵੱਲ ਝਾਕ ਰਿਹਾ ਸੀ।
“ਗਿਣ ਲੈ ਮਖਾਂ ਅਰਜਣ…।” ਲੰਬੜਦਾਰ ਨੇ ਕਿਹਾ।
“ਬਾਪੂ ਅਰਜਣ ਦੋ ਕਿੱਲੋ ਘਿਉ ਵੀ ਲੈ ਗਿਆ ਤੀ।” ਗੁਰਦੁਆਰੇ ਵਾਸਤੇ ਕਣਕ ਥੈਲੇ ਵਿਚ ਪਾ ਰਹੇ ਲੰਬੜਦਾਰ ਦੇ ਮੁੰਡੇ ਬੇਲੂ ਨੇ ਕਿਹਾ। ਅਰਜਣ ਨੇ ਹੱਥ ਵਿਚ ਫੜੇ ਪੈਸੇ ਲੰਬੜਦਾਰ ਵੱਲ ਵਧਾ ਦਿੱਤੇ ਪਰ ਲੰਬੜਦਾਰ ਨੇ ਮਨ੍ਹਾ ਕਰਦਿਆਂ ਕਿਹਾ, “ਕੋਈ ਗੱਲ ਨ੍ਹੀਂ, ਉਹਦੇ ਪੈਸੇ ਨ੍ਹੀਂ ਮੈਂ ਲੈਣੇ।”
“ਸਾਧ ਸੰਗਤ ਜੀ, ਅੱਜ ਗੁਰੂ ਅਰਜਣ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ।” ਗੁਰਦੁਆਰੇ ਵਾਲੇ ਸਪੀਕਰ ਤੇ ਅਨਾਊਂਸਮੈਂਟ ਹੋ ਰਹੀ ਸੀ।
ਅੱਜ ਸੱਤ ਸਾਲਾਂ ਬਾਅਦ ਉਹ ਇਸ ਘਰ ਵਿਚੋਂ ਜਾ ਰਿਹਾ ਸੀ ਪਰ ਸਭ ਚੀਜ਼ਾਂ ਬੇਹਰਕਤ ਪਈਆਂ ਸਨ। ਉਂਜ, ਡੇਕ ਦਾ ਸਿਰ ਹਿੱਲ ਰਿਹਾ ਸੀ। ਦੁਪਹਿਰ ਢਲ ਚੁਕੀ ਸੀ ਤੇ ਤੀਆ ਪਹਿਰ ਹੋਇਆ ਪਿਆ ਸੀ। ਹਵਾ ਵੀ ਓਕਣੋ ਖੁੱਲ੍ਹੇ ਦਰਾਂ ਵਿਚੋਂ ਅੰਦਰ ਆਉਂਦੀ ਪਈ ਸੀ ਤੇ ਸਾਹਮਣੇ ਮਕਾਨ ਦੀ ਕੰਧ ਨਾਲ ਟਕਰਾ ਕੇ ਉਤੇ ਚੜ੍ਹ ਜਾਂਦੀ। ਕੱਪ ਤੇ ਕੌਲੀ ਚੁੱਕ ਕੇ ਉਹ ਓਪਰੇ ਜਿਹੇ ਕਦਮ ਚੁੱਕਦਾ ਬਾਹਰ ਨੂੰ ਤੁਰ ਪਿਆ।
“ਵੇ ਅਰਜਣ। ਚੱਲਿਆ ਤੂੰ?” ਪਿੱਛੋਂ ਲੰਬੜਦਾਰਨੀ ਦੀ ਆਵਾਜ਼ ਆਈ ਤਾਂ ਅਰਜਣ ਨੇ ਰੁਕਦਿਆਂ ਪਿੱਛੇ ਝਾਕ ਕੇ ਕਿਹਾ, “ਹਾਂ ਜੀ।”
“ਮਿਲ ਜਿਆ ਕਰੀਂ, ਕਿਸੇ ਚੀਜ਼ ਦੀ ਲੋੜ ਹੁੰਦੀ ਐ, ਲੈ ਜਿਆ ਕਰੀਂ।” ਲੰਬੜਦਾਰਨੀ ਨੇ ਬੋਹੀਏ ‘ਚੋਂ ਪੂਣੀ ਚੁੱਕਦਿਆਂ ਕਿਹਾ।
“ਕੋਈ ਨੀ ਜੀ…।” ਕਹਿ ਕੇ ਅਰਜਣ ਤੁਰਨ ਲੱਗਾ।
“ਅਰਜਣ! ਚਲਿਆ ਵੀ…? ਚਾਹ ਬਣਦੀ ਐ, ਪੀ ਕੇ ਚਲੇ ਜਾਈਂ।” ਅੰਦਰ ਵਹੀ ਰੱਖ ਕੇ ਆਉਂਦਾ ਲੰਬੜਦਾਰ ਬੋਲਿਆ।
“ਬੱਸ ਲਾਣੇਦਾਰਾ।” ਮਸਾਂ ਹੀ ਕਿਹਾ ਉਸ ਨੇ। ਉਸ ਨੂੰ ਜਾਪਿਆ ਜਿਵੇਂ ਉਸ ਦੀ ਆਵਾਜ਼ ਬਹਿ ਗਈ ਹੋਵੇ। ਸੁੱਕੇ ਖੰਘੂਰੇ ਜਿਹੇ ਮਾਰਦਾ ਉਹ ਬਾਹਰ ਆ ਗਿਆ। ਫਿਰਨੀ-ਫਿਰਨੀ ਤੁਰਨ ਲੱਗਾ। ਦੂਰੋਂ ਦੇਖਿਆਂ ਉਹ ਮਾੜਚੂ ਜਿਹਾ ਬੰਦਾ ਦਿਸਦਾ। ਬਾਹਾਂ ਪਿੱਠ ਪਿੱਛੇ ਕਰਕੇ ਉਸ ਨੇ ਖੱਬੇ ਗੁੱਟ ਨੂੰ ਸੱਜੇ ਨਾਲ ਫੜਿਆ ਹੋਇਆ ਸੀ। ਕੱਪ ਤੇ ਕੌਲੀ ਉਸ ਦੇ ਹੱਥ ਵਿਚ ਫੜੇ ਹੋਏ ਸਨ। ਉਹ ਹੌਲੀ-ਹੌਲੀ ਤੁਰ ਰਿਹਾ ਸੀ। ਉਸ ਦਾ ਪ੍ਰਛਾਵਾਂ ਵੀ ਉਸ ਦੇ ਬਰਾਬਰ ਹੌਲੀ-ਹੌਲੀ ਚਲ ਰਿਹਾ ਸੀ।
ਉਸ ਦੇ ਚਿੱਤ ਵਿਚ ਰੋਸਾ ਸੀ। ਅਜਿਹਾ ਰੋਸਾ ਜਿਸ ਦੇ ਛੇਤੀ ਸ਼ਾਂਤ ਹੋਣ ਦੀ ਕੋਈ ਆਸ ਨਹੀਂ ਸੀ। ਇਸ ਰੋਸੇ ਕਾਰਨ ਹੀ ਉਸ ਦੇ ਚਿਹਰੇ ਉਤਲੇ ਅੰਗ ਕੱਸੇ ਪਏ ਸਨ। ਅੱਖਾਂ ਸੁੰਗੜੀਆਂ ਹੋਈਆਂ ਸਨ ਤੇ ਉਨ੍ਹਾਂ ਦੁਆਲੇ ਮਾਸ ਦੇ ਵਲ ਪਏ ਹੋਏ ਸਨ।
ਅਕਸਰ ਨੂੰ ਲੰਬੜਦਾਰ ਨਾਲ ਉਸ ਨੇ ਸੱਤ ਸਾਲ ਸੀਰ ਕਮਾਇਆ ਸੀ। ਸੱਤੇ ਸਾਲ ਕੰਮ ਪਿੱਛੇ ਕਦੇ ‘ਉਏ’ ਨਹੀਂ ਸੀ ਅਖਵਾਈ। ਕੰਮ ਕਰਨ ਨੂੰ ਤਾਂ ਉਹ ਪਹਿਲਾਂ ਹੀ ਪਿੰਡ ਵਿਚ ਮਸ਼ਹੂਰ ਸੀ ਪਰ ਚਾਰ ਕੁ ਮਹੀਨੇ ਪਹਿਲਾਂ ਉਸ ਦੀ ਘਰਵਾਲੀ ਬਚਨ ਕੁਰ ਮਰ ਗਈ ਸੀ। ਉਸ ਦੇ ਮਰਨ ਨਾਲ ਅਰਜਣ ਨੂੰ ਜਾਪਿਆ, ਜਿਵੇਂ ਉਸ ਦੇ ਅੰਦਰੋਂ ਕੁਝ ਟੁੱਟ ਗਿਆ ਹੋਵੇ। ਹਨੇਰੇ ਖੂੰਜਿਆਂ ਵਾਲਾ ਕੱਚਾ ਘਰ ਉਸ ਨੂੰ ਵੱਢ ਖਾਣ ਨੂੰ ਆਉਂਦਾ। ਜਿਉਂਦੇ ਜੀਅ ਬਚਨ ਕੁਰ ਦਾ ਰੱਬ ਵਰਗਾ ਆਸਰਾ ਸੀ। ਇਕ ਉਹੀ ਸੀ ਜਿਸ ਨਾਲ ਉਹ ਪਿੰਡ ਵਿਚ ਵਾਪਰਦੀ ਹਰ ਘਟਨਾ ਦੀ ਚੀਰ-ਫਾੜ ਬਿਨਾ ਕਿਸੇ ਡਰ ਤੋਂ ਕਰ ਸਕਦਾ ਸੀ। ਭਾਵੇਂ ਬਚਨ ਕੁਰ ਦੇ ਕੋਈ ਜੁਆਕ ਨਹੀਂ ਸੀ ਹੋ ਸਕਿਆ ਪਰ ਅਰਜਣ ਨੇ ਉਸ ਨੂੰ ਕਦੇ ਕੁਝ ਨਹੀਂ ਸੀ ਕਿਹਾ। ਬਚਨ ਕੁਰ ਦੇ ਹੁੰਦੇ ਘਰ ਦੀ ਹੋਂਦ ਸੀ। ਨਿੱਘ ਸੀ। ਘਰੇ ਆਉਣ ਦੀ ਕਾਹਲ ਸੀ। ਘਰ ਦੀ ਸਲਵਾੜ ਵਾਲੀ ਛੱਤ ‘ਚੋਂ ਮਿੱਟੀ ਕਿਰਦੀ ਰਹਿੰਦੀ। ਥੱਲੇ ਅਰਜਣ ਦਾ ਸਰੀਰ ਕਿਰਦਾ ਗਿਆ। ਦਿਨੇ ਦੇਹ ਤੋੜ ਕੇ ਕੰਮ ਕਰਨਾ, ਰਾਤੀਂ ਬਚਨ ਕੁਰ ਨੂੰ ਯਾਦ ਕਰ-ਕਰ ਝੂਰੀ ਜਾਣਾ। ਉਸ ਦਾ ਸਰੀਰ ਬਿਮਾਰ ਪੈ ਗਿਆ। ਦੋ ਮਹੀਨੇ ਉਹ ਬਿਮਾਰ ਪਿਆ ਰਿਹਾ। ਬਿਮਾਰੀ ਕਾਰਨ ਹੀ ਉਸ ਦੇ ਸਰੀਰ ‘ਤੇ ਪੈਂਦੀ ਫਿੱਕੀ-ਫਿੱਕੀ ਬੁਢਾਪੇ ਦੀ ਝਲਕ ਹੋਰ ਗੂੜ੍ਹੀ ਹੋ ਗਈ ਸੀ। ਪੂਰੇ ਦੋ ਮਹੀਨੇ ਬਾਅਦ ਉਹ ਕੰਮ ‘ਤੇ ਗਿਆ ਪਰ ਲੰਬੜਦਾਰ ਨੇ ਕੋਈ ਭੱਈਆ ਕੰਮ ‘ਤੇ ਰੱਖ ਲਿਆ ਸੀ। ਇਹ ਭੱਈਏ ਇਧਰੋਂ ਪੂਰਬ ਵਲੋਂ ਯੂ. ਪੀ., ਬਿਹਾਰ ਤੋਂ ਆਉਂਦੇ ਸਨ। ਕੁਝ ਸਾਲ ਪਹਿਲਾਂ ਹੀ ਪੰਜਾਬ ਦੇ ਪਿੰਡਾਂ ਵਿਚ ਆਉਣ ਲੱਗੇ ਸਨ। ਇਨ੍ਹਾਂ ਦੇ ਆਉਣ ਨਾਲ ਅਰਜਣ ਵਰਗੇ ਸੀਰੀਆਂ ਦੇ ਵਧਦੇ ਭਾਅ ਰੁਕ ਗਏ ਸਨ। ਫੇਰ ਵੀ ਅਰਜਣ ਪੰਦਰਾਂ-ਵੀਹ ਦਿਨ ਡੰਗਰ ਪੱਠੇ ਦਾ ਕੰਮ ਕਰਦਾ ਰਿਹਾ।
…ਤੇ ਅੱਜ ਲੰਬੜਦਾਰ ਨੇ ਉਸ ਦਾ ਹਿਸਾਬ ਕਰ ਦਿੱਤਾ ਸੀ।
ਫਿਰਨੀ ਉਤੇ ਜੱਟਾਂ ਦੇ ਘਰਾਂ ਦੀ ਲੰਬੀ ਪਾਲ ਸੀ। ਨੀਵੀਂ ਪਾਈ ਤੁਰੇ ਜਾਂਦੇ ਅਰਜਣ ਨੇ ਅੱਖਾਂ ਸੁਕੇੜ ਕੇ ਸਾਹਮਣੇ ਤਕਿਆ। ਧੁੱਪ ਅਜੇ ਵੀ ਪੂਰੇ ਜ਼ੋਰ ਨਾਲ ਕੰਧਾਂ ‘ਤੇ ਪੈ ਰਹੀ ਸੀ। ਅੰਦਰ ਵੜਦਾ-ਵੜਦਾ ਜੱਟਾਂ ਦਾ ਪਾਲੂ ਅਰਜਣ ਨੂੰ ਆਉਂਦਾ ਦੇਖ ਕੇ ਦਰਾਂ ਮੂਹਰੇ ਖੜ੍ਹ ਗਿਆ। ਪਾਲੂ ਨੇ ਇਕ ਦਿਨ ਅਰਜਣ ਨੂੰ ਰਲਣ ਬਾਰੇ ਪੁੱਛਿਆ ਸੀ ਪਰ ਜਿੰਨੇ ਪੈਸੇ ਅਰਜਣ ਨੇ ਮੰਗੇ ਸਨ, ਓਨੇ ਪਾਲੂ ਨੂੰ ਜ਼ਿਆਦਾ ਲੱਗੇ ਸਨ। ਜਦੋਂ ਅਰਜਣ ਉਸ ਦੇ ਲਵੇ ਪਹੁੰਚਿਆ ਤਾਂ ਕੌਲੇ ਨਾਲ ਢੋ ਲਾਈ ਖੜ੍ਹਾ ਕਹਿਣ ਲੱਗਾ, “ਕਿਉਂ ਬਈ ਅਰਜਣ! ਕੀਤੀ ਸਲਾਹ ਫਿਰ?”
ਸਾਰੇ ਵਿਹੜੇ ਵਿਚੋਂ ਕੁਲ ਪੰਜ-ਚਾਰ ਬੰਦੇ ਹੀ ਅਰਜਣ ਵਰਗੇ ਸੀਰੀ ਰਲਣ ਜੋਗੇ ਰਹਿ ਗਏ ਸਨ। ਨਹੀਂ ਤਾਂ ਕੁਝ ਸ਼ਹਿਰ ਦਿਹਾੜੀ ਜਾਣ ਲੱਗ ਪਏ ਸਨ, ਕੁਝ ਭੱਠੇ ‘ਤੇ ਜਾਂਦੇ ਸਨ ਤੇ ਕੁਝ ਨੂੰ ਉਨ੍ਹਾਂ ਦੇ ਮੁੰਡਿਆਂ ਨੇ ਨੌਕਰੀ ‘ਤੇ ਲੱਗ ਕੇ ਹਟਾ ਲਿਆ ਸੀ। ਸੀਰੀਆਂ ਦੀ ਜੱਟਾਂ ਨੂੰ ਤੰਗੀ ਤਾਂ ਬੜੀ ਸੀ ਪਰ ਦਿਹਾੜੀ ਜੋਤੇ ‘ਤੇ ਭੱਈਏ ਰੱਖ ਕੇ ਡੰਗ ਟਪਾਈ ਕਰੀ ਜਾਂਦੇ ਸਨ।
“ਸਲਾਹ ਆਪਾਂ ਕੀਹਦੇ ਨਾਲ ਕਰਨੀ ਐ ਸਰਦਾਰਾ, ਤੈਨੂੰ ਉਦਣ ਦੱਸਿਆ ਤਾਂ ਸੀਗਾ ਮੈਂ!”
ਤੁਰੇ ਜਾਂਦੇ ਅਰਜਣ ਨੇ ਪਾਲੂ ਵੱਲ ਝਾਕਦਿਆਂ ਪੈਰ ਮਲਦਿਆਂ ਕਿਹਾ। ਪਾਲੂ ਨੇ ਦੋ ਕਦਮ ਉਸ ਵੱਲ ਪੁੱਟੇ ਤੇ ਆਪਣੀ ਲੰਮੀ ਦਾਹੜੀ ‘ਤੇ ਹੱਥ ਫੇਰਦਾ ਆਪਣੀਆਂ ਨਿੱਕੀਆਂ ਅੱਖਾਂ ਨਾਲ ਅਰਜਣ ਵੱਲ ਝਾਕਦਾ ਕਹਿੰਦਾ, “ਅਰਜਣ ਪੈਸੇ ਤੈਂ ਜ਼ਿਆਦਾ ਮੰਗੇ ਨੇ, ਕਮਲਿਆ ਹੁਣ ਤੂੰ ਬੁੜ੍ਹਾ ਤਾਂ ਹੋਇਆ ਪਿਆਂ, ਹੁਣ ਤੂੰ ਡੰਗਰਾਂ ਨੂੰ ਹੀ ਸਾਂਭ ਸਕੇਂਗਾ।”
ਪਾਲੂ ਦੀ ਸਮਝੌਤੀ ਸੁਣ ਕੇ ਅਰਜਣ ਨੂੰ ਗੁੱਸਾ ਆਇਆ, ਉਸ ਨੂੰ ਖੜ੍ਹਨਾ ਔਖਾ ਹੋ ਗਿਆ ਤੇ ਉਹ ਚੁੱਪ ਵੱਟ ਕੇ ਤੁਰ ਪਿਆ।
“ਓਹ ਤੂੰ ਤੁਰ ਵੀ ਪਿਆ। ਅਰਜਣ ਗੱਲ ਤਾਂ ਸੁਣ, ਚੰਗਾ ਫੇਰ ਤੇਰੀ ਮਰਜ਼ੀ। ਸਾਲੇ ‘ਚ ਸੱਤਾਂ … ਜਿੰਨੀ ਆਕੜ ਆ।”
ਪਰ ਅਰਜਣ ਰੁਕਿਆ ਨਹੀਂ। ਭਾਵੇਂ ਪਾਲੂ ਦੀ ਕਹੀ ਪਿਛਲੀ ਗੱਲ ਉਸ ਨੂੰ ਸੁਣੀ ਨਹੀਂ ਸੀ, ਤਾਂ ਵੀ ਉਸ ਦੇ ਚਿਹਰੇ ‘ਤੇ ਅਕੇਵੇਂ ਅਤੇ ਦੁੱਖ ਦੇ ਪ੍ਰਛਾਵੇਂ ਗੂੜ੍ਹੇ ਹੋ ਗਏ। ਅੱਜ ਪਹਿਲਾਂ ਦਿਨ ਸੀ, ਜਦੋਂ ਉਸ ਨੂੰ ਆਪਣੇ ਬੁੱਢੇ ਹੋਣ ਦਾ ਅਹਿਸਾਸ ਏਨੀ ਤੀਖਣਤਾ ਨਾਲ ਹੋਇਆ ਸੀ ਤੇ ਇਸ ਅਹਿਸਾਸ ਨਾਲ ਹੀ ਉਹ ਆਪਣੇ ਜਵਾਨੀ ਦੇ ਦੌਰ ਨੂੰ ਚੇਤੇ ਕਰਨ ਲੱਗਾ।
ਜਵਾਨੀ ਵਾਰੇ ਉਹ ਕੰਮ ਦੀਆਂ ਧੂੜਾਂ ਪੁੱਟ ਦਿੰਦਾ ਸੀ। ਆਪਣਾ ਸਮਝ ਕੇ ਕੰਮ ਕਰਨਾ। ਜੱਟ ਨੂੰ ਅਰਜਣ ਹੁੰਦੇ ਕੋਈ ਚਿੰਤਾ ਨਾ ਰਹਿੰਦੀ। ਪਿੰਡ ਵਿਚ ਹੋਰ ਵੀ ਸੀਰੀ ਸਨ ਜਿਨ੍ਹਾਂ ਨੂੰ ਕਹਿ-ਕਹਿ ਕੇ ਕੰਮ ਕਰਵਾਉਣਾ ਪੈਂਦਾ ਸੀ ਪਰ ਅਰਜਣ ਸਗੋਂ ਆਪ ਦਿਹਾੜੀਦਾਰਾਂ ਨੂੰ ਪਿੱਛੇ ਲਾਈ ਫਿਰਦਾ ਸੀ। ਅੱਜ ਕੱਲ੍ਹ ਨਿਮਾਣੀ ਦੇ ਦਿਨਾਂ ਵਿਚ ਉਸ ਦੀ ਕਿੰਨੀ ਪੁੱਛ ਹੁੰਦੀ ਸੀ। ਹਰ ਲਾਣਾ ਉਸ ਨੂੰ ਪੈਸੇ ਵੱਧ ਦੇ ਕੇ ਪੱਟਣ ਦੀ ਕੋਸ਼ਿਸ਼ ਕਰਦਾ ਪਰ ਅਰਜਣ ਉਸ ਨਾਲ ਹੀ ਰਲਦਾ, ਜਿਹੜਾ ਸੀਰੀ ਨੂੰ ਘਰ ਨਾਲ ਦੀ ਰੋਟੀ ਦਿੰਦਾ ਸੀ। ਬਿਮਾਰ ਹੋਣ ਤੋਂ ਪਹਿਲਾਂ ਵੀ, ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਹੋਣ ਕਰਕੇ ਉਹ ਕੰਮ ਵਿਚ ਜੁਆਨਾਂ ਨੂੰ ਪਿੱਛੇ ਛੱਡ ਜਾਂਦਾ ਹੁੰਦਾ ਸੀ।
ਅਰਜਣ ਮੋੜ ਮੁੜ ਰਿਹਾ ਸੀ। ਸੂਰਜ ਉਸ ਦੀ ਪਿੱਠ ਪਿੱਛੇ ਸੀ ਜਿਸ ਕਾਰਨ ਉਸ ਦਾ ਪ੍ਰਛਾਵਾਂ ਉਸ ਦੇ ਅੱਗੇ-ਅੱਗੇ ਤੁਰਿਆ ਜਾ ਰਿਹਾ ਸੀ। ਹੁਣ ਉਹ ਕਾਫੀ ਲੰਮਾ ਸੀ। ਸਾਹਮਣਿਉਂ ਕੈਲਾ ਬਲਦਾਂ ਨੂੰ ਟਿੱਚ-ਟਿੱਚ ਕਰਦਾ ਰੇਹੜੀ ਲਈ ਆ ਰਿਹਾ ਸੀ।
“ਆ ਬਈ ਅਰਜਣ! ਸੁਣਿਆ ਲੰਬੜਦਾਰ ਨਾਲੋਂ ਤਾਂ ਤੂੰ ਹਟ ਗਿਆ, ਐਤਕੀਂ ਫਿਰ ਸਾਡੇ ਵੱਲ ਲਾ ਦੇ ਸਾਲ?” ਵਿੱਢ ਨਾਲ ਢੋ ਲਾਈ ਬੈਠਾ ਕੈਲਾ ਬਲਦ ਰੋਕਦਾ ਬੋਲਿਆ।
“ਮਰਜ਼ੀ ਐ ਤੇਰੀ ਬਾਈ, ਆਪਾਂ ਤਾਂ ਕੰਮੇ ਕਰਨਾ…।” ਕਹਿੰਦਾ ਅਰਜਣ ਰੁਕ ਗਿਆ ਤੇ ਕੈਲੇ ਨੇ ਸਿਰ ਘੁਮਾ ਕੇ ਰੇਹੜੀ ਦੇ ਪਿੱਛੇ ਤੁਰੇ ਆ ਰਹੇ ਆਪਣੇ ਬਾਪੂ ਤੋਂ ਪੁੱਛਿਆ।
“ਬਾਪੂ! ਮੈਖਿਆ ਆਪਾਂ ਅਰਜਣ ਨੂੰ ਰੱਖ ਲੀਏ ਐਤਕੀਂ?”
“ਉਏ ਤੂੰ ਕਮਲਾ ਹੋਇਆ ਪਿਆਂ, ਏਹਤੋਂ ਭਲਿਆ ਮਾਣਸਾ ਕਿਥੇ ਕੰਮ ਕਰ ਹੋਜੂ ਆਪਣਾ? ਚੱਲ ਤੋਰ…।”
ਭਾਰੀ ਦੇਹ ਵਾਲੇ ਕੈਲੇ ਦੇ ਬਾਪੂ ਨੇ ਖਾਲੀ ਹੋਈਆਂ ਪੱਲੀਆਂ ਦੀ ਪੰਡ ਰੇਹੜੀ ‘ਤੇ ਲਿਆ ਰੱਖੀ ਤੇ ਫਿਰ ਅੱਗੇ ਕਹਿੰਦਾ, “ਮੈਂ ਭੀਲੇ ਨਾਲ ਗੱਲ ਕਰ ਲਈ ਐ, ਉਹਨੇ ਆਪਦਾ ਮੁੰਡਾ ਐਤਕੀਂ ਪੜ੍ਹਨੋਂ ਹਟਾ ਲਿਆ, ਨਾਲੇ ਉਹਦੀ ਕੁੜੀ ਦੇ ਵਿਆਹ ਵੇਲੇ ਦੇ ਪੈਸੇ ਵੀ ਤਾਂ ਰਹਿੰਦੇ ਨੇ ਆਪਣੇ ਉਹਦੇ ਵੱਲ।”
ਕੈਲੇ ਦੇ ਬਾਪੂ ਨੇ ਸਿਰ ਤੋਂ ਪਰਨਾ ਲਾਹ ਕੇ ਤੂੜੀ ਅਤੇ ਗਰਦ ਝਾੜੀ ਤੇ ਫਿਰ ਅਰਜਣ ਵੱਲ ਦੇਖਦਿਆਂ ਕਹਿੰਦਾ, “ਅਰਜਣ! ਤੂੰ ਤਾਂ ਕੋਹੜੀਆ ਜਮਾਂ ਈ ਹਾਰ ਗਿਆ, ਬਿਮਾਰੀ ਵੀ ਸਹੁਰੀ ਬੰਦੇ ਨੂੰ ਸੁਕਾ ਦਿੰਦੀ ਐ।”
“ਚਲੋ ਉਹ ਜਾਣੇ, ਜਿਥੇ ਉਹ ਰੱਖੇ, ਉਥੇ ਹੀ ਰਹਿਣਾ ਪੈਂਦਾ।” ਕਹਿ ਕੇ ਅਰਜਣ ਤੁਰ ਪਿਆ। ਉਸ ਦਾ ਦਿਲ ਤੇਜ਼ ਤੇਜ਼ ਧੜਕ ਰਿਹਾ ਸੀ। ਚਿਤ ਨੂੰ ਡੋਬੇ ਜਿਹੇ ਪੈ ਰਹੇ ਸਨ। ਦਰਵਾਜੇ ਵਿਚ ਲੋਕ ਨਿਮਾਣੀ ਦਾ ਪਾਣੀ ਪਿਆ ਰਹੇ ਸਨ। ਇਕ ਜਣਾ ਵਿਹੜੇ ਦੇ ਤਿੰਨ ਚਾਰ ਜੁਆਕਾਂ ਨੂੰ ਘੇਰੀ ਖੜ੍ਹਾ ਘੂਰ ਰਿਹਾ ਸੀ। ਜੁਆਕ ਤੂੰਬੇ ਪਾਣੀ ਦੇ ਭਰ ਕੇ ਘਰ ਨੂੰ ਲਿਜਾ ਰਹੇ ਸਨ। ਘੂਰਨ ਵਾਲਾ ਕਹਿੰਦਾ ਸੀ ਕਿ ਉਰੇ ਪੀ ਲੈ ਜਿਹੜਾ ਪੀਣਾ, ਘਰ ਦਾ ਠੇਕਾ ਨਹੀਂ ਲਿਆ ਹੋਇਆ। ਅਰਜਣ ਚੌਂਕੜੀ ਉਤੇ ਬਰੋਟੇ ਦੀ ਛਾਂਵੇਂ ਬੈਠੇ ਬੰਦਿਆਂ ਕੋਲ ਜਾ ਖੜ੍ਹਿਆ। ਹਾੜ੍ਹੀ ਦੇ ਥਕਾਏ ਜੱਟ ਸੀਰੀ ਲਾਉਣ ਦੀ ਤਾਕ ਵਿਚ ਸਨ। ਅਰਜਣ ਨੇ ਇਕ ਪੈਰ ਚੌਂਤਰੇ ‘ਤੇ ਰੱਖ ਲਿਆ ਤੇ ਐਵੇਂ ਖੜ੍ਹ ਗਿਆ। ‘ਅੱਗ ਲੱਗੀ ਆਲਿਆ’ ਦਾ ਚਰਨਾਂ ਉਚੀ ਆਵਾਜ਼ ਵਿਚ ਕਹਿ ਰਿਹਾ ਸੀ, “ਉਏ ਕੋਈ ਘੱਟ ਵੀ ਕਹਿ ਦਿਆ ਕਰੋ, ਝਾੜ ਨਿਕਲਿਆ ਹੋਊ ਪੰਦਰਾਂ ਕੁਐਂਟਲ, ਦੱਸਣਗੇ ਵੀਹ। ਇਕ ਦੂਜੇ ਤੋਂ ਵਧ ਕੇ ਦੱਸਣਗੇ, ਬਈ ਕੋਈ ਨਾਮਣਾ ਖੱਟਣਾ ਵਧ ਦੱਸ ਕੇ? ਜੇ ਏਨਾ ਝਾੜ ਨਿਕਲੇ ਤਾਂ ਘਰਾਂ ਦੀ ਆਹ ਘੀਸੀ ਨਾ ਹੋਵੇ, ਜਦੋਂ ਤਕਾਵੀ ਆਲੇ ਔਂਦੇ ਨੇ, ਫੇਰ ਕੰਧਾਂ ਤੋਂ ਛਾਲਾਂ ਮਾਰ ਕੇ ਭੱਜ ਲੈਂਦੇ ਨੇ।”
ਚਰਨੇ ਦੀ ਗੱਲ ‘ਤੇ ਕਾਣੇ ਮੱਘਰ ਨੇ ਜਰਦਾ ਮਲਦਿਆਂ ਆਪਣੇ ਲੰਮੂ ਜਿਹੇ ਮੂੰਹ ਨੂੰ ਹੋਰ ਲੰਮਾ ਕਰਦਿਆਂ ਕਿਹਾ, “ਤਾਂ ਹੀ ਤਾਂ ਕਹਿੰਦੇ ਹੁੰਦੇ ਨੇ, ਅਖੇ ਧਨ ਪਚਾਵੇ ਬਾਣੀਆ, ਦੁੱਧ ਪਚਾਵੇ ਗੁਜਰੀ। ਬਾਣੀਏ ਨੂੰ ਪੁੱਛੋ ਤਾਂ ਕਹੂ ਬੱਸ ਜੀ, ਬਰੋਬਰ-ਸਰੋਬਰੇ ਐ ਕੰਮ, ਗੁਜਰੀ ਕਹੂ, ਕਾਹਦਾ ਸਿਰਦਾਰਾ, ਆਹ ਝੋਟੀ ਲੱਤ ਮਾਰਗੀ, ਅਹੁ ਤੂਗੀ, ਅਹੁ ਹਰੀ ਨ੍ਹੀਂ ਹੋਈ। ਜੱਟ ਨੂੰ ਪੁੱਛੋ ਤਾਂ ਕਹੂ, ਆਪਣੇ ਤਾਂ ਬਾਈ ਬੜਾ ਨਿਕਲਿਆ… ਤਾਂ ਹੀ ਕਹਿੰਦੇ ਹੁੰਦੇ ਨੇ ਜੱਟ ਕੌਮ ਨੂੰ ਕਦੇ ਅਕਲ ਨ੍ਹੀਂ ਆਉਣੀ।”
ਹੋਰ ਹੱਸ ਪਏ ਪਰ ਅਰਜਣ ਫਿੱਕਾ ਜਿਹਾ ਮੁਸਕਰਾਇਆ। ਉਸ ਦਾ ਮਨ ਉਨ੍ਹਾਂ ਦੀਆਂ ਬੁੜ੍ਹਕਵੀਆਂ ਗੱਲਾਂ ਵੱਲ ਨਾ ਲੱਗ ਸਕਿਆ। ਉਦਰੇਵੇਂ ਦੇ ਭਾਵ ਉਸ ਦੇ ਮਨ ‘ਤੇ ਭਾਰੂ ਹੋ ਗਏ। ਬੀੜੀਆਂ ਦਾ ਬੰਡਲ ਲੈਣ ਦੇ ਇਰਾਦੇ ਨਾਲ ਉਹ ਦਰਵਾਜੇ ਵੱਲ ਹੋ ਤੁਰਿਆ। ਦਰਵਾਜੇ ਤੋਂ ਦੋ ਬੀਹੀਆਂ ਸ਼ੁਰੂ ਹੁੰਦੀਆਂ ਸਨ। ਇਕ ਬੀਹੀ ਸਿੱਧੀ ਸੁਨਿਆਰਾਂ-ਛੀਂਬਿਆਂ ਦੇ ਘਰਾਂ ਵੱਲ ਜਾਂਦੀ ਸੀ ਤੇ ਦੂਸਰੀ ਤਿਰਛੀ-ਤਿਰਛੀ ਵਿਹੜੇ ਵਿਚ ਜਾ ਵੜਦੀ ਸੀ। ਅਰਜਣ ਛੀਂਬਿਆਂ ਦੀ ਹੱਟੀ ਵੱਲ ਸਿੱਧਾ ਲੰਘ ਗਿਆ।
ਬੰਡਲ ਲੈ ਕੇ ਜਦੋਂ ਉਹ ਮੁੜਿਆ ਆ ਰਿਹਾ ਸੀ ਤਾਂ ਉਸ ਨੂੰ ਸਰੀਰ ਥਕਿਆ-ਥਕਿਆ ਜਾਪ ਰਿਹਾ ਸੀ। ਉਪਰ ਉਠਦੇ ਤੇ ਅੱਗੇ ਵਧਦੇ ਖਲਪਾੜਾਂ ਵਰਗੇ ਖੁਰਦਰੇ ਪੈਰ ਬੜੇ ਓਪਰੇ ਜਾਪ ਰਹੇ ਸਨ। ਉਸ ਦਾ ਪ੍ਰਛਾਵਾਂ ਮਕਾਨਾਂ ਦੀ ਛਾਂ ਵਿਚ ਲੋਪ ਹੋ ਜਾਂਦਾ ਤੇ ਕਦੇ ਫਿਰ ਉਭਰ ਕੇ ਉਸ ਦੇ ਪਿੱਛੇ-ਪਿੱਛੇ ਹੋ ਤੁਰਦਾ। ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹ ਵਿਹੜੇ ਦੇ ਜੁਆਕਾਂ ਦੇ ਚੀਕ-ਚਿਹਾੜੇ ਵਿਚੀਂ ਲੰਘਦਾ, ਗਲੀਆਂ ਵਿਚ ਥਾਂ-ਥਾਂ ਰੁਕੇ ਪਾਣੀ ਤੋਂ ਪੈਰ ਬਚਾਉਂਦਾ ਆਪਣੇ ਘਰ ਦੇ ਦਰਾਂ ਮੂਹਰੇ ਅੱਪੜ ਗਿਆ। ਬਾਹਰਲੇ ਦਰ ਖੋਲ੍ਹ ਕੇ ਵਿਹੜੇ ਵਿਚ ਆ ਗਿਆ। ਗੁਆਂਢੀ ਕੀੜੂ ਦੀ ਮਾਂ ਹੌਲੀ-ਹੌਲੀ ਪੌੜੀ ਚੜ੍ਹ ਰਹੀ ਸੀ। ਵਿਹੜੇ ਵਿਚ ਖੜ੍ਹੇ ਅਰਜਣ ਨੇ ਉਸ ਨੂੰ ਦੇਖਿਆ ਤਾਂ ਉਸ ਦੇ ਖਿਆਲ ਪੱਚੀ ਵਰ੍ਹੇ ਪਿੱਛੇ ਚਲੇ ਗਏ। ਜਦੋਂ ਉਸ ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਜਦੋਂ ਬਚਨੀ ਵਿਆਹ ਦੇ ਲਾਲ ਸੂਟ ਵਿਚ ਗੁਲਾਬ ਦੇ ਫੁੱਲ ਵਰਗੀ ਲਗਦੀ ਹੁੰਦੀ ਸੀ। ਅਰਜਣ ਸਾਂਝੀ ਜੱਟ ਦੇ ਘਰੋਂ ਰੋਟੀ ਪਰਨੇ ਦੇ ਲੜ ਬੰਨ੍ਹ ਕੇ ਗਲਾਸ ਵਿਚ ਦਾਲ ਪਵਾ ਕੇ ਕਾਹਲੀ-ਕਾਹਲੀ ਘਰ ਨੂੰ ਤੁਰ ਆਉਂਦਾ ਹੁੰਦਾ ਸੀ। ਬਚਨੀ ਆਪਣੇ ਜੋਗੀਆਂ ਰੋਟੀਆਂ ਲਾਹ ਕੇ ਬੈਠੀ ਹੁੰਦੀ। ਵਿਹੜੇ ਵਿਚ ਮੰਜੇ ‘ਤੇ ਬਹਿ ਕੇ ਦੋਵੇਂ ਜਣੇ ਇਕ ਦੂਜੇ ਦੇ ਮੂੰਹ ਵਿਚ ਬੁਰਕੀਆਂ ਪਾਉਂਦੇ। ਕਦੇ-ਕਦੇ ਰਤਨੀ, ਕੀੜੂ ਦੀ ਮਾਂ ਉਨ੍ਹਾਂ ਨੂੰ ਚਾਹਮਲੇ ਦੇਖ ਕੇ ਪੌੜੀਆਂ ‘ਚ ਖੜ੍ਹ ਕੇ ਛੇੜਦੀ, “ਕਰਲੋ-ਕਰਲੋ ਚੌੜਾ ਨਿੱਤ-ਨਿੱਤ ਨ੍ਹੀਂ ਇਹ ਦਿਨ ਰਹਿਣੇ…।”
ਬੁਰਕੀ ਅਰਜਣ ਦੇ ਮੂੰਹ ਵਿਚ ਪਾਉਂਦੀ ਬਚਨੀ ਸ਼ਰਮਾ ਜਾਂਦੀ। ਘੁੱਟਵਾਂ ਜਿਹਾ ਮੁਸਕਰਾਉਂਦੀ ਉਹ ਨੀਵੀਂ ਪਾ ਲੈਂਦੀ ਤੇ ਅਰਜਣ ਬੁਰਕੀ ਸੰਘੋਂ ਪਾਰ ਲੰਘਾ ਕੇ ਆਖਦਾ, “ਕੇਰਾਂ ਤਾਂ ਭਾਬੀ ਇਹ ਦਿਨ ਸਭ ‘ਤੇ ਈ ਆਏ, ਸੋਡੇ ‘ਤੇ ਵੀ ਆਏ ਤੀ। ਜਦੋਂ ਤੇਰਾ ਵਿਆਹ ਹੋਇਆ ਤੀ ਨਾ, ਤੂੰ ਤੇ ਬੜਾ ਭਾਈ ਅੰਦਰ ਵੜੇ ਰਹਿੰਦੇ ਹੁੰਦੇ ਤੀ, ਬਾਹਰ ਜੱਟ ਟੋਲ੍ਹਦੇ ਫਿਰਦੇ ਹੁੰਦੇ ਤੀ!”
ਅਰਜਣ ਦੀ ਗੱਲ ਸੁਣ ਕੇ ਰਤਨੀ ਕੱਚੀ ਪੈ ਜਾਂਦੀ। ਫੇਰ ਵੀ ਹੱਸ ਕੇ ਆਖਦੀ, “ਐਸ਼ਾਂ ਕਰੋ, ਮੌਜਾਂ ਲੁੱਟੋ, ਅਸੀਂ ਤਾਂ ਭਾਈ ਹੁਣ ਬੁੜ੍ਹੇ ਹੋਗੇ।” ਆਪਣੇ ਪਤਲੇ ਕਾਲੇ ਮੂੰਹ ‘ਤੇ ਮੁਸਕਰਾਹਟ ਸਾਂਭਦੀ ਰਤਨੀ ਚੀਕਾਂ ਮਾਰ ਰਹੇ ਕੀੜੂ ਦੇ ਮੰਜੇ ‘ਤੇ ਜਾ ਪੈਂਦੀ।
ਉਸ ਨੇ ਅੰਦਰਲੇ ਤਖਤ ਖੋਲ੍ਹੇ। ਆਥਣ ਦੇ ਟੇਢੇ ਹੋਏ ਸੂਰਜ ਦੀਆਂ ਕਿਰਨਾਂ ਭੱਜ ਕੇ ਅੰਦਰ ਜਾ ਵੜੀਆਂ ਪਰ ਖੂੰਜਿਆਂ ਵਿਚ ਹਨੇਰਾ ਅਜੇ ਵੀ ਦੁਬਕਿਆ ਬੈਠਾ ਸੀ। ਅਰਜਣ ਨੇ ਕੱਪ ਤੇ ਕੌਲੀ ਨੂੰ ਫਿਕੀ ਨੁਹਾਰ ਵਾਲੇ ਪੀੜ੍ਹੇ ਵਿਚ ਰੱਖ ਦਿਤਾ ਤੇ ਆਪ ਮੰਜੇ ‘ਤੇ ਪਏ ਬਿਸਤਰੇ ਨੂੰ ਢੋ ਲਾ ਕੇ ਬਹਿ ਗਿਆ। ਲੰਮਾ ਸਾਹ ਭਰ ਕੇ ਛੱਡਿਆ। ਨੰਗੇ ਹੋਏ ਪੱਟਾਂ ਵੱਲ ਦੇਖਿਆ ਜਿਨ੍ਹਾਂ ‘ਤੇ ਜਰਗ ਦੇ ਮੇਲੇ ਤੋਂ ਪਵਾਈਆਂ ਮੋਰਨੀਆਂ ਸੁੰਗੜੀਆਂ ਪਈਆਂ ਸਨ ਤੇ ਉਨ੍ਹਾਂ ਦਾ ਰੰਗ ਵੀ ਸਰੀਰ ਦੇ ਕਾਲੇ ਪੈਂਦੇ ਜਾਂਦੇ ਰੰਗ ਵਿਚ ਮਿਲਦਾ ਜਾਂਦਾ ਸੀ।
ਫੇਰ ਉਸ ਦੀ ਨਿਗਾਹ ਸਾਹਮਣੇ ਕੰਸ ‘ਤੇ ਪਈ ਫੋਟੋ ‘ਤੇ ਚਲੀ ਗਈ। ਇਕ ਰੀਝ ਤੇ ਇਕ ਖਿੱਚ ਜਿਹੀ ਨਾਲ ਉਠ ਕੇ ਉਹ ਕੰਸ ਲਵੇ ਜਾ ਖੜ੍ਹਿਆ। ਚੇਤੇ ਆਇਆ, ਜਦੋਂ ਉਹ ਆਪਣੇ ਵਿਆਹ ਤੋਂ ਮਹੀਨੇ ਕੁ ਬਾਅਦ ਬਚਨੀ ਨੂੰ ਉਸ ਦੇ ਪੇਕੀਂ ਮਿਲਾ ਕੇ ਮੁੜਿਆ ਆ ਰਿਹਾ ਸੀ ਤਾਂ ਖੰਨੇ ਆ ਕੇ ਬਚਨੀ ਨੇ ਕਿਹਾ ਸੀ, “ਮੈਖਿਆ ਜੀ! ਆਪਾਂ ਇਕ ਮੂਰਤ ਲੁਹਾ ਲੀਏ?”
“ਹਾਂ ਲੁਹਾ ਲੈਨੇ ਆਂ, ਮੈਂ ਤਾਂ ਆਪ ਨੀ ਕਦੇ ਲੁਹਾਈ…।” ਅਰਜਣ ਨੇ ਕਿਹਾ ਸੀ ਤੇ ਫੇਰ ਉਨ੍ਹਾਂ ਇਹ ਫੋਟੋ ਲੁਹਾ ਲਈ ਸੀ। ਉਸ ਨੇ ਫੋਟੋ ਨੂੰ ਗਹੁ ਨਾਲ ਤੱਕਿਆ। ਮੱਧਮ ਪੈ ਗਈ ਫੋਟੋ ਵਿਚ ਸੰਗਦੀ ਜਿਹੀ ਬਚਨੀ ਉਸ ਦੇ ਇਕ ਪਾਸੇ ਖੜ੍ਹੀ ਸੀ ਤੇ ਉਹ ਆਪ ਸੋਫੀ ਵੱਟੀਂ ਸਾਹਮਣੇ ਝਾਕ ਰਿਹਾ ਸੀ। ਇਕ ਪਲ ਲਈ ਅਰਜਣ ਨੂੰ ਲੱਗਿਆ, ਜਿਵੇਂ ਇਹ ਫੋਟੋ ਕਿਸੇ ਹੋਰ ਦੀ ਹੋਵੇ। ਉਚਾ ਲੰਮਾ ਰਾਜ਼ੀ ਸਰੀਰ ਵਾਲਾ ਜਵਾਨ ਕੋਈ ਹੋਰ ਹੋਵੇ! ਤੇ ਹੁਣ ਤੱਕ ਦੀ ਜ਼ਿੰਦਗੀ ਜਿਹੜੀ ਉਸ ਨੇ ਜੀਵੀ ਸੀ, ਇਕ ਸੁਪਨਾ ਹੋਵੇ!
ਹਉਕਾ ਜਿਹਾ ਭਰ ਕੇ ਉਹ ਕੰਸ ਕੋਲੋਂ ਹਟ ਕੇ ਮੰਜੇ ‘ਤੇ ਆ ਪਿਆ। ਕੁਝ ਦੇਰ ਛੱਤ ਦੀਆਂ ਧੁਆਂਖੀਆਂ ਕੜੀਆਂ ਵੱਲ ਝਾਕੀ ਗਿਆ। ਢਕੇ ਹੋਏ ਮੋਘੇ ਵਿਚੋਂ ਮਾੜਾ-ਮਾੜਾ ਚਾਨਣ ਅੰਦਰ ਨੂੰ ਕਿਰ ਰਿਹਾ ਸੀ। ਇਕ ਚੁੱਪ ਉਸ ਦੇ ਅੰਦਰ ਪਸਰਦੀ ਗਈ। ਫੇਰ ਉਸ ਨੇ ਬੀੜੀ ਲਾ ਲਈ। ਧੂੰਏਂ ਦੇ ਬੱਦਲ ਉਘੜ-ਦੁੱਘੜੇ ਜਿਹੇ ਉਡਦੇ ਛੱਤ ਵੱਲ ਚੜ੍ਹੀ ਗਏ। ਉਹ ਘਰੋਂ ਬਾਹਰ ਆ ਕੇ ਸੜਕ ‘ਤੇ ਜਾ ਚੜ੍ਹਿਆ।
ਸਾਹਮਣਿਓਂ ਜੱਟਾਂ ਦੇ ਗਿੰਦਰ ਸਿਹੁੰ ਦੀ ਭੈਣ ਬੱਸ ਉਤਰ ਕੇ ਤੁਰੀ ਆਉਂਦੀ ਦਿਸੀ। ਉਸ ਦਾ ਦਿਲ ਤੇਜ਼ੀ ਨਾਲ ਧੜਕਿਆ। ਉਸ ਨੇ ਲੰਮਾ ਸਮਾਂ ਗਿੰਦਰ ਸਿਹੁੰ ਦੇ ਪਿਤਾ ਨਾਲ ਸੀਰਪੁਣਾ ਕੀਤਾ ਸੀ। ਜੋਗਿੰਦਰ ਕੁਝ ਉਸ ਦੀ ਹਾਨਣ ਸੀ। ਗਿੰਦਰ ਸਿਹੁੰ ਛੋਟਾ ਹੁੰਦਾ ਸੀ। ਸੋਹਣੀ ਸੁਨੱਖੀ ਜੋਗਿੰਦਰ ਅਰਜਣ ‘ਤੇ ਪੂਰੀ ਤਰ੍ਹਾਂ ਡੁੱਲ੍ਹਦੀ ਸੀ। ਡੁੱਲ੍ਹਿਆ ਅਰਜਣ ਵੀ ਸੀ ਪਰ ਉਹ ਜੋਗਿੰਦਰ ਦੇ ਪਿਉ ਦੀ ਸ਼ਰਮ ਮੰਨਦਾ ਸੀ। ਇਕ ਹੱਦ ਸੀ, ਜੋ ਨਾ ਅਰਜਣ ਨੇ ਆਪ ਪਾਰ ਕੀਤੀ ਤੇ ਨਾ ਜੋਗਿੰਦਰ ਨੂੰ ਕਰਨ ਦਿੱਤੀ। ਇਕ ਪਵਿਤਰ ਪਿਆਰ ਨੂੰ ਉਸ ਨੇ ਕਈ ਸਾਲ ਨਿਭਾਇਆ ਸੀ। ਜੋਗਿੰਦਰ ਦੇ ਵਿਆਹ ਤੋਂ ਪਹਿਲਾਂ ਉਹ ਰੋਂਦੇ-ਰੋਂਦੇ ਵਿਛੜੇ ਸਨ।
“ਵੇ ਤਕੜਾਂ ਅਰਜਣਾ?” ਨੇੜੇ ਆਈ ਜੋਗਿੰਦਰ ਕੁਰ ਨੇ ਸੋਚਾਂ ਵਿਚ ਪਏ ਅਰਜਣ ਨੂੰ ਪੁੱਛਿਆ।
“ਹਾਂ ਭਾਈ ਤਕੜਾਂ, ਤੂੰ ਸੁਣਾ ਤੇਰੇ ਪੁੱਤ ਪੋਤੇ ਰਾਜ਼ੀ ਨੇ?” ਉਸ ਤੋਂ ਬਹੁਤਾ ਬੋਲਿਆ ਨਾ ਗਿਆ। ਉਹ ਮੋਹ ਭਰੇ ਦਿਨ ਦੂਰ ਰਹਿ ਗਏ ਸਨ। ਉਨ੍ਹਾਂ ਦਿਨਾਂ ਦਾ ਆਚਾਰ ਪਾ ਕੇ ਨਹੀਂ ਰੱਖਿਆ ਜਾ ਸਕਦਾ ਸੀ।
ਸੂਰਜ ਅਜੇ ਡੁੱਬਿਆ ਨਹੀਂ ਸੀ। ਠੰਢੀਆਂ ਹੋ ਰਹੀਆਂ ਕਿਰਨਾਂ ਅਜੇ ਵੀ ਕੋਠਿਆਂ ਤੋਂ ਤਿਲ੍ਹਕ ਕੰਧਾਂ ‘ਤੇ ਪੈ ਰਹੀਆਂ ਸਨ। ਤੀਵੀਆਂ ਘਾਹ ਦੀਆਂ ਪੰਡਾਂ ਚੁੱਕੀ ਆ ਰਹੀਆਂ ਸਨ। ਉਹ ਵਿਹੜੇ ਵਾਲਿਆਂ ਦੀ ਸੱਥ ਕੋਲ ਜਾ ਕੇ ਖੜ੍ਹ ਗਿਆ। ਅੱਜ ਸੀਰੀਆਂ ਦੇ ਬਦਲਣ ਦਾ ਦਿਨ ਸੀ। ਕੌਣ ਕਿਸ ਨਾਲੋਂ ਹਟ ਗਿਆ ਸੀ ਜਾਂ ਹਟਾ ਦਿੱਤਾ ਗਿਆ ਸੀ, ਇਹੀ ਗੱਲਾਂ ਚੱਲ ਰਹੀਆਂ ਸਨ। ਭੱਈਆਂ ਦੀ ਵਧਦੀ ਜਾਂਦੀ ਮੰਗ ਬਾਰੇ ਵੀ ਗੱਲ ਹੋ ਰਹੀ ਸੀ।
“ਏਧਰ ਕਿਸੇ ਪਿੰਡ ਕਹਿੰਦੇ ਜੱਟ ਦੇ ਖੇਤਾਂ ਵਿਚ ਭੱਈਏ ਰਹਿੰਦੇ ਤੀ, ਕਹਿੰਦੇ ਜੱਟ ਦੇ ਇਕਲੌਤੇ ਜੁਆਕ ਨੂੰ ਰਿੰਨ੍ਹ ਕੇ ਖਾਗੇ, ਲੱਭਦਾ ਲਭਾਉਂਦਾ ਜੱਟ ਖੇਤਾਂ ਵੰਨੀਂ ਆ ਗਿਆ। ਕਹਿੰਦੇ, ਉਸ ਨੂੰ ਵੀ ਜੁਆਕ ਦਾ ਮੀਟ ਪਾ ਕੇ ਦੇ’ਤਾ। ਕਹਿੰਦੇ, ਉਨ੍ਹੇ ਉਂਗਲ ਵਿਚ ਪਾਈ ਮੁੰਦਰੀ ਤੋਂ ਪਛਾਣ ਲਿਆ। ਸਾਰੇ ਭਈਏ ਫੜੇ ਗਏ। ਆਪਣੇ ਬੰਦਿਆਂ ਦਾ ਕੋਈ ਮੁਕਾਬਲਾ?” ਗਾਦੂ ਕਹਿ ਰਿਹਾ ਸੀ।
ਤੁਰਦਾ-ਤੁਰਦਾ ਅਰਜਣ ਪਿੰਡੋਂ ਬਾਹਰ ਆ ਗਿਆ। ਅੱਡੇ ਵੱਲ ਜਾਂਦੀ ਸੜਕ ‘ਤੇ ਉਹ ਸੋਚਾਂ ਵਿਚ ਪਿਆ ਤੁਰਿਆ ਜਾਂਦਾ ਸੀ। ਫਿਰ ਬਿਨਾ ਕੁਝ ਸੋਚੇ ਹੀ ਸੜਕ ਤੋਂ ਸ਼ੁਰੂ ਹੁੰਦੇ ਕੱਚੇ ਰਸਤੇ ਮੁੜ ਗਿਆ। ਰਾਹ ਦੇ ਆਲੇ-ਦੁਆਲੇ ਝਾੜ ਕਸੁੱਸਰਾ ਖੜ੍ਹਾ ਸੀ। ਬੀਂਡੇ ਬੋਲ ਰਹੇ ਸਨ। ਦੂਰ ਪੱਛਮ ਵੱਲ ਸੂਰਜ ਛਿਪ ਰਿਹਾ ਸੀ। ਸਤੀ ਵਾਲੇ ਟੋਭੇ ‘ਤੇ ਜਾ ਕੇ ਉਹ ਅਚਾਨਕ ਰੁਕ ਗਿਆ। ਜਿਵੇਂ ਪਿੰਡੋਂ ਬਹੁਤ ਦੂਰ ਆ ਗਿਆ ਹੋਵੇ। ਟਿਕੇ ਹੋਏ ਪਾਣੀ ‘ਤੇ ਆਖਰੀ ਕਿਰਨਾਂ ਚਮਕ ਰਹੀਆਂ ਸਨ। ਕੰਢੇ ‘ਤੇ ਜਾ ਕੇ ਉਸ ਨੇ ਟੇਢਾ ਹੋ ਕੇ ਪਾਣੀ ਵਿਚ ਝਾਕਿਆ। ਉਸ ਦੀਆਂ ਅੱਖਾਂ ਵਿਚ ਡੁੱਬਦੇ ਸੂਰਜ ਦੀ ਲਾਲੀ ਸੀ। ਉਸ ਦਾ ਸਰੀਰ ਜਿਹੜਾ ਖੇਤਾਂ ਵਿਚ ਮੁਸ਼ੱਕਤ ਕਰਦਿਆਂ-ਕਰਦਿਆਂ ਘਸ ਚੁਕਾ ਸੀ, ਪਾਣੀ ਦੀਆਂ ਲਹਿਰਾਂ ਨਾਲ ਹੌਲੀ-ਹੌਲੀ ਕੰਬ ਰਿਹਾ ਸੀ।
… ਤੇ ਫਿਰ ਇਕਦਮ ਏਨੀਆਂ ਲਹਿਰਾਂ ਆਈਆਂ ਕਿ ਉਸ ਦਾ ਬਿੰਬ ਲਹਿਰਾਂ ਦੀ ਭੀੜ ਵਿਚ ਗੁਆਚ ਗਿਆ।