ਜਾਦੂਗਰੀ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਬਚਪਨ ਸਮੇਂ ਪਿੰਡ ‘ਚ ਕਦੇ ਕਦੇ ਜਾਦੂਗਰ ਆਉਂਦੇ ਹੁੰਦੇ ਸਨ। ਉਨ੍ਹਾਂ ਆਪਣਾ ਬੋਜਕਾ ਜਿਹਾ ਭੁੰਝੇ ਰੱਖ ਕੇ ਇੱਕ ਹੱਥ ਨਾਲ ਡੁਗਡੁਗੀ ਵਜਾਉਣੀ ਤੇ ਦੂਸਰੇ ਹੱਥ ਨਾਲ ਸਟੀਲ ਦੀ ਬਾਰੀਕ ਜਿਹੀ ਬੰਸਰੀ ਵਜਾਉਣੀ। ਵਿਚ ਵਿਚ ਇਸ ਤਰ੍ਹਾਂ ਤੇਜ਼ ਤੇਜ਼ ਡੁਰਰ ਡੁਰਰ ਕਰਨੀ ਕਿ ਕੰਨਾਂ ਵਿਚ ਉਸ ਦਾ ਕੋਈ ਜਾਦੂਈ ਅਸਰ ਘੁਲ ਜਾਣਾ।

ਉਸ ਨੇ ਇਸੇ ਤਰ੍ਹਾਂ ਕੁਝ ਚਿਰ ਚੰਗਾ ਰੰਗ ਬੰਨਣਾ। ਉਹੋ ਜਿਹੀ ਡੁਗਡੁਗੀ ਤੇ ਬੰਸਰੀ ਸਿਰਫ ਉਹੀ ਵਜਾਉਂਦੇ ਸਨ। ਫਿਰ ਆਸ ਪਾਸ ਭਰਵਾਂ ਇਕੱਠ ਦੇਖ ਕੇ ਉਨ੍ਹਾਂ ਨੇ ਆਪਣੇ ਬੋਜਕੇ ਕੋਲ ਪੈਰਾਂ ਭਾਰ ਬੈਠ ਜਾਣਾ ਤੇ ਲੱਤਾਂ ਦੁਆਲੇ ਚਾਦਰ ਲਪੇਟ ਲੈਣੀ।
ਬੋਜਕੇ ਵਿਚੋਂ ਲੀਰਾਂ ਦਾ ਸੱਪ ਜਿਹਾ ਕੱਢ ਕੇ ਸਾਹਮਣੇ ਸੁੱਟ ਦੇਣਾ ਤੇ ਉਸ ਦੇ ਬਾਬਤ ਬਿਲਕੁਲ ਨਾ ਸਮਝ ਆਉਣ ਵਾਲੀਆਂ ਕੁਝ ਬੇਸਿਰ-ਪੈਰ ਅਤੇ ਅਨੋਖੀਆਂ ਗੱਲਾਂ ਦੱਸਣੀਆਂ ਤੇ ਆਖਣਾ ਕਿ ਇਹ ਉਸ ਦੇ ਜਾਦੂ ਨਾਲ ਤੁਰ ਪਵੇਗਾ।
ਉਸ ਨੇ ਜਾਦੂ ਦੇ ਖੇਲ ਖੇਲਣੇ। ਉਹ ਖੇਲ ਸਿਰਫ ਉਸ ਦੇ ਹੱਥਾਂ ਦੀ ਫੁਰਤੀ ‘ਤੇ ਦਿਮਾਗ ਦੀ ਚੁਸਤੀ ਹੁੰਦੇ। ਖੇਲ ਨੂੰ ਅੰਜਾਮ ਦੇਣ ਲਈ ਅਤੇ ਆਪਣੇ ਤੋਂ ਲੋਕਾਂ ਦਾ ਧਿਆਨ ਪਰੇ ਹਟਾਉਣ ਲਈ ਉਹ ਲੀਰਾਂ ਦੇ ਉਸ ਸੱਪ ਜਿਹੇ ਬਾਬਤ ਗੱਲਾਂ ਕਰਨ ਲੱਗ ਪੈਂਦਾ। ਉਸ ਨੇ ਆਖਣਾ, ‘ਤੁਰ ਪਿਆ, ਤੁਰ ਪਿਆ, ਤੁਰ ਪਿਆ।Ḕ
ਦੇਖਣ ਵਾਲਿਆਂ ਨੇ ਇੱਕਦਮ ਉਸ ਪਾਸੇ ਦੇਖਣ ਲੱਗ ਪੈਣਾ ਤੇ ਉਸ ਨੇ ਝੱਟ ਪੱਟ ਆਪਣੀ ਚਾਦਰ ਵਿਚ ਫੁਰਤੀ ਨਾਲ ਉਹ ਕੰਮ ਕਰ ਲੈਣਾ, ਜਿਹੜਾ ਉਸ ਨੇ ਕਰਨਾ ਹੁੰਦਾ ਸੀ।
ਖੇਲ ਮੁੱਕ ਜਾਣਾ ਪਰ ਉਹ ਲੀਰਾਂ ਦਾ ਸੱਪ ਕਦੇ ਵੀ ਨਹੀਂ ਸੀ ਤੁਰਦਾ। ਸਾਡੇ ਮਨ ਦੀਆਂ ਮਨ ਵਿਚ ਰਹਿ ਜਾਣੀਆਂ ਤੇ ਕਦੀ ਕਦੀ ਜਾਦੂਗਰ ‘ਤੇ ਖਿਝ ਵੀ ਆਉਣੀ ਕਿ ਉਹ ਲੋਕਾਂ ਨੂੰ ਮੂਰਖ ਕਿਉਂ ਬਣਾਉਂਦਾ ਹੈ।
ਉਹ ਗਰੀਬ ਅਖੀਰ ‘ਚ ਪੱਲਾ ਝਾੜ ਕੇ ਸੱਚ ਬੋਲ ਦਿੰਦਾ ਕਿ ਜੇ ਉਹ ਸਭ ਚੀਜ਼ਾਂ ਜਾਦੂ ਨਾਲ ਬਣਾ ਸਕਦਾ ਹੁੰਦਾ ਤਾਂ ਉਹ ਇਹ ਪਟੌਟੇ ਕਿਉਂ ਕਰਦਾ; ਆਪਣੇ ਘਰੇ ਬੈਠਦਾ ਤੇ ਲੋੜ ਮੁਤਾਬਕ ਸਭ ਕੁਝ ਐਵੇਂ ਕੈਵੇਂ ਪੈਦਾ ਕਰਦਾ ਰਹਿੰਦਾ। ਉਹ ਦੱਸਦਾ ਕਿ ਇਹ ਸਭ ਉਸ ਦੇ ਹੱਥ ਦੀ ਸਫਾਈ ਹੈ।
ਉਹ ਦੱਸਦਾ ਕਿ ਉਹ ਇਹ ਸਾਰਾ ਕੁਝ ਆਪਣੇ ਪਾਪੀ ਪੇਟ ਲਈ ਕਰਦਾ ਹੈ। ਉਹ ਆਪਣੇ ਨਾਲ ਆਏ ਬੱਚੇ ਵੱਲ ਇਸ਼ਾਰਾ ਕਰਦਾ ਅਤੇ ਸਾਰੇ ਲੋਕ ਉਸ ਦੀ ਗਰੀਬੀ, ਸਾਦਗੀ, ਸੱਚਾਈ ਤੇ ਸਫਾਈ ਤੋਂ ਪ੍ਰਭਾਵਿਤ ਹੁੰਦੇ।
ਲੋਕ ਉਸ ਦੀ ਗੱਲ ‘ਤੇ ਯਕੀਨ ਕਰਦੇ ਤੇ ਉਸ ‘ਤੇ ਤਰਸ ਵੀ ਕਰਦੇ। ਹਰੇਕ ਜੀਅ ਉਸ ਨੂੰ ਕੁਝ ਨਾ ਕੁਝ ਦਿੰਦਾ। ਕੋਈ ਗੁੜ, ਕੋਈ ਦਾਣਾ ਫੱਕਾ ਪਾ ਦਿੰਦਾ ਤੇ ਕੋਈ ਪੰਜ ਪੈਸੇ, ਦਸ ਪੈਸੇ, ਚੁਆਨੀ, ਧੇਲੀ ਤੇ ਕੋਈ ਵਿਰਲਾ ਰੁਪਈਆ ਵੀ ਦੇ ਛੱਡਦਾ। ਕਦੇ ਕੋਈ ਉਸ ਨੂੰ ਰੋਟੀ ਵੀ ਖੁਆ ਦਿੰਦਾ।
ਉਹ ਆਪਣਾ ਬੋਜਕਾ ਸਾਂਭਦਾ ਤੇ ਅਗਲੇ ਪਿੰਡ ਤੁਰ ਜਾਂਦਾ। ਅਸੀਂ ਪਿੱਛੋਂ ਕਈ ਦਿਨ ਉਸ ਦੇ ਜਾਦੂ ਦੇ ਤਰਕ ਲੱਭਦੇ ਰਹਿੰਦੇ; ਇੱਕ ਦੂਜੇ ਨਾਲ ਖਹਿਬੜਦੇ ਤੇ ਖੁਦ ਨੂੰ ਵੱਧ ਚੁਸਤ ਦਰੁਸਤ ਸਮਝਦੇ ਤੇ ਦੂਸਰਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ।
ਹੁਣ ਉਹ ਜਾਦੂ ਦੇ ਖੇਲ ਕਿਤੇ ਨਹੀਂ ਹੁੰਦੇ। ਹੁੰਦੇ ਹਨ-ਪਿੰਡਾਂ, ਵੇਹੜਿਆਂ ਜਾਂ ਮਹੱਲਿਆਂ ਵਿਚ ਨਹੀਂ; ਹੁਣ ਉਹ ਰਾਜਧਾਨੀ ਦੇ ਰਾਜਸੀ ਗਲਿਆਰਿਆਂ ਵਿਚ ਹੁੰਦੇ ਹਨ ਤੇ ਸਾਡੇ ਰਾਜਸੀ ਲੋਕ ਜਾਨਲੇਵਾ ਜਾਦੂ ਦੇ ਅਜਿਹੇ ਖੇਲ ਖੇਲਦੇ ਹਨ, ਜਿਨ੍ਹਾਂ ਵਿਚ ਪਹਿਲਾਂ ਮਾਸੂਮ ਅਤੇ ਬੇਕਸੂਰ ਲੋਕਾਂ ਦੀ ਜਾਨ ਜਾਂਦੀ ਹੈ ਤੇ ਬਾਅਦ ਵਿਚ ਕਦੀ ਕਦੀ ਉਹ ਖੁਦ ਵੀ ਫਸ ਜਾਂਦੇ ਹਨ।
ਇਨ੍ਹਾਂ ਰਾਜਸੀ ਲੋਕਾਂ ਨੇ ਵੀ ਕੋਈ ਨਾ ਕੋਈ ਲੀਰਾਂ ਦਾ ਸੱਪ ਬਣਾਇਆ ਹੁੰਦਾ ਹੈ, ਜਿਸ ਨੂੰ ਉਹ ਆਪਣੇ ਚਾਹੁਣ ਵਾਲਿਆਂ ਦੇ ਸਾਹਮਣੇ ਸੁੱਟ ਰੱਖਦੇ ਹਨ ਤੇ ਆਪਣੇ ਬਿਆਨਾਂ ਦੀ ਡੁਗਡੁਗੀ ਵਜਾਉਂਦਿਆਂ ਉਨ੍ਹਾਂ ਨੂੰ ਲਗਾਤਾਰ ਮੂਰਖ ਬਣਾਉਂਦੇ ਰਹਿੰਦੇ ਹਨ। ਲੀਰਾਂ ਦੇ ਸੱਪ ਨੂੰ ‘ਤੁਰ ਪਿਆ, ਤੁਰ ਪਿਆḔ ਆਖ ਕੇ ਲੋਕਾਂ ਦਾ ਧਿਆਨ ਖੁਦ ਤੋਂ ਪਰੇ ਹਟਾ ਲੈਂਦੇ ਹਨ ਤੇ ਆਪਣੇ ਦੋਹਾਂ ਹੱਥਾਂ ਦੀ ਸਫਾਈ ਨਾਲ ਦੇਸ਼ ਦੀ ਸੰਪਤੀ ਅਤੇ ਧੰਨ ਦੌਲਤ ਹੜੱਪ ਜਾਂਦੇ ਹਨ ਤੇ ਆਪਣੇ ਖਤਰਨਾਕ ਗੁੱਝੇ ਮਨਸੂਬਿਆਂ ਨੂੰ ਅੰਜਾਮ ਦੇ ਲੈਂਦੇ ਹਨ।
ਛੋਟੇ ਹੁੰਦੇ ਅਕਸਰ ਸੁਣਦੇ ਸਾਂ ਕਿ ‘ਪੰਥḔ ਨੂੰ ਖਤਰਾ ਹੈ। ਬਾਅਦ ਵਿਚ ਪਤਾ ਲੱਗਾ ਕਿ ਪੰਥ ਨੂੰ ਕੋਈ ਖਤਰਾ ਨਹੀਂ ਹੈ, ਸਗੋਂ ਇਸ ਖਤਰੇ ਦੀ ਘੰਟੀ ਖੜਕਾ ਕੇ ਗੁਰੂ ਕੀਆਂ ਗੋਲਕਾਂ ਦੀ ਸਫਾਈ ਕਰਨੀ ਹੈ ਜਾਂ ਆਪਣੀ ਸਿਆਸੀ ਚੌਧਰ ਮਜ਼ਬੂਤ ਕਰਨੀ ਹੈ।
ਅਜੋਕਾ ਬੇਅਦਬੀ ਕਾਂਡ ਵੀ ਇਕ ਸਿਆਸੀ ਖੇਲ ਹੀ ਸੀ, ਜੋ ਕਿਸੇ ਅਨਾੜੀ ਦੇ ਕਾਲੇ ਜਾਦੂ ਦੀ ਤਰ੍ਹਾਂ ਹਾਲ ਦੀ ਘੜੀ ਪੁੱਠਾ ਪੈ ਗਿਆ ਲੱਗਦਾ ਹੈ। ਡੇਰੇਦਾਰ ਤੇ ਤਖਤਾਂ ਦੇ ਮਾਲਕ ਤਾਂ ਮਹਿਜ ਸ਼ਤਰੰਜ ਦੇ ਪਿਆਦੇ ਬਣੇ, ਜਿਨ੍ਹਾਂ ਦੀ ਬਲੀ ਦੇਣੀ ਸਾਡੇ ਸਿਆਸੀ ਖਿਲਾੜੀਆਂ ਜਾਂ ਘੁਲਾਟੀਆਂ ਲਈ ਮਾਮੂਲੀ ਗੱਲ ਹੈ।
ਕਿਤੇ ਸੁਣਨਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬੜਾ ਭਾਰੀ ਖਤਰਾ ਹੈ। ਬੜੀ ਦੇਰ ਬਾਅਦ ਪਤਾ ਲੱਗਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਕਿਸੇ ਭੜੂਏ ਨੂੰ ਕੋਈ ਫਿਕਰ ਨਹੀਂ ਹੈ, ਫਿਕਰ ਹੈ ਤਾਂ ਬਸ ਆਪਣੀ ਡਿਗਦੀ ਜਾਂ ਖੁਰਦੀ ਹੋਈ ਸਿਆਸੀ ਸਾਖ ਨੂੰ ਬੰਨਣ ਅਤੇ ਥੰਮਣ ਦਾ। ਜਾਂ ਸਿਉਂਕ ਦੀ ਤਰ੍ਹਾਂ ਲੁਕ ਛਿਪ ਕੇ ਦੇਸ਼ ਦੀ ਪੂੰਜੀ ਨੂੰ ਚਟਮ ਕਰ ਜਾਣ ਦਾ।
ਕਿਸੇ ਨੇ ਉਹ ਲੀਰਾਂ ਦਾ ਸੱਪ ਇੱਕ ਮੁਲਕ ਨੂੰ ਬਣਾਇਆ ਹੋਇਆ ਹੈ। ਕਿਸੇ ਤਰ੍ਹਾਂ ਦੀਆਂ ਵੀ ਚੋਣਾਂ ਹੋਣ, ਬਸ ਮੁਲਕੀ ਲੀਰਾਂ ਦਾ ਸੱਪ ‘ਤੁਰ ਪਿਆ, ਤੁਰ ਪਿਆḔ ਦੀ ਰਟ ਲਾ ਦਿੱਤੀ ਜਾਂਦੀ ਹੈ। ਲੋਕਾਂ ਦਾ ਧਿਆਨ ਉਧਰ ਖਿੱਚਿਆ ਜਾਂਦਾ ਹੈ ਤੇ ਸਿਆਸੀ ਚੌਧਰੀ ਅਜਗਰ ਵਾਂਗ ਆਪਣੇ ਬੜੇ ਬੜੇ ਸਿਆਸੀ ਸ਼ਿਕਾਰ ਸਾਬਤ ਸਬੂਤੇ ਨਿਗਲ ਜਾਂਦੇ ਹਨ।
ਬਹੁਤ ਸਾਰੇ ਮਾਸੂਮ, ਲਾਚਾਰ ਤੇ ਬੇਸਹਾਰਾ ਲੋਕਾਂ ਦੀ ਬਲੀ ਵੀ ਦੇ ਦਿੱਤੀ ਜਾਂਦੀ ਹੈ। ਲੋਕ ਆਪਣੀ ਨਾਸਮਝੀ ਤੇ ਅਨੋਭੜ ਭਾਵੁਕਤਾ ਦਾ ਪ੍ਰਗਟਾਵਾ ਕਰਦੇ ਕਰਦੇ ਹਰ ਵਾਰ ਲੁੱਟੇ ਪੁੱਟੇ ਜਾਂਦੇ ਹਨ। ਸਿਆਸੀ ਚਿੜੀਆਂ ਖੇਤਾਂ ਦੇ ਖੇਤ ਚੁਗ ਜਾਂਦੀਆਂ ਹਨ ਤੇ ਕਿਸੇ ਦੇ ਪੱਲੇ ਕੱਖ ਨਹੀਂ ਛੱਡਦੀਆਂ। ਲੋਕ ਦੇਖਦੇ ਰਹਿ ਜਾਂਦੇ ਹਨ।
ਸਾਡੇ ਦੇਸ਼ ਵਿਚ ਫਨ ਚੁੱਕੀ ਫਿਰਦਾ ਕੁਰੱਪਸ਼ਨ ਦਾ ਇੱਕ ਕੋਬਰਾ ਸੱਪ ਹੈ, ਜਿਸ ਵੱਲ ਕਿਸੇ ਦਾ ਧਿਆਨ ਨਹੀਂ ਹੈ। ਲੀਰਾਂ ਦੇ ਸੱਪ ਨੂੰ ਸਾਰੇ ਲੋਕ ਬੇਵਜ੍ਹਾ ਮਾਰਨਾ ਲੋਚਦੇ ਹਨ, ਪਰ ਕੁਰੱਪਸ਼ਨ ਦੇ ਜ਼ਹਿਰੀਲੇ ਕੋਬਰੇ ਨੂੰ ਸਾਰੇ ਲੋਕ ਕੀਲ ਕੇ ਆਪੋ ਆਪਣੀ ਪਟਾਰੀ ‘ਚ ਰੱਖ ਕੇ ਪਾਲਣਾ ਚਾਹੁੰਦੇ ਹਨ; ਕੋਈ ਇਸ ਨੂੰ ਮਾਰਨਾ ਨਹੀਂ ਚਾਹੁੰਦਾ। ਅਸੀਂ ਸਾਰੇ ਇਸ ਕੋਬਰੇ ਦੀ ਬਰਕਤ ਨਾਲ ਮਾਲਾ ਮਾਲ ਹੋਣਾ ਲੋਚਦੇ ਹਾਂ।
ਕੁਰੱਪਸ਼ਨ ਦੇ ਕੋਬਰੇ ਦੀ ਸ਼ਨਾਖਤ ਕਰਨੀ ਬੇਹੱਦ ਮੁਸ਼ਕਿਲ ਹੈ, ਕਿਉਂਕਿ ਇਹ ਸਾਡੇ ਸਾਹਮਣੇ ਧਾਰਮਕ ਕੁੰਜ ਪਾ ਕੇ ਪੇਸ਼ ਹੁੰਦਾ ਹੈ। ਜਿੰਨੀ ਮੋਟੀ ਧਾਰਮਕ ਕੁੰਜ, ਉਨੀ ਭਿਆਨਕ ਜ਼ਹਿਰ ਤੇ ਉਨੀ ਵੱਧ ਕੁਰੱਪਸ਼ਨ। ਕੁੰਜ, ਜ਼ਹਿਰ ਅਤੇ ਕੁਰੱਪਸ਼ਨ ਦੀ ਕੈਮਿਸਟਰੀ ਉਧੇੜਨੀ ਬੜੀ ਮੁਸ਼ਕਿਲ ਹੈ। ਜੇ ਕੋਈ ਮਾਂਦਰੀ ਇਸ ਕੈਮਿਸਟਰੀ ਦੀ ਪੋਲ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੁਰੱਪਸ਼ਨ ਦੇ ਕੋਬਰੇ ਉਸ ਦੇ ਖਿਲਾਫ ‘ਕੱਠੇ ਹੋ ਕੇ ਮੋਰਚਾ ਖੋਲ੍ਹ ਲੈਂਦੇ ਹਨ।
ਪਿੱਛੇ ਜਿਹੇ ਇਕ ਮੰਝੇ ਹੋਏ ਮਾਂਦਰੀ ਨੇ ਕੁਰੱਪਸ਼ਨ ਦੇ ਕੋਬਰੇ ਦੀ ਸ਼ਨਾਖਤ ਕਰ ਲਈ ਸੀ ਤੇ ਉਸ ਨੇ ਇਸ ਦੀ ਕੁੰਜ ਉਤਾਰਨ ਅਤੇ ਭ੍ਰਿਸ਼ਟ ਕੈਮਿਸਟਰੀ ਦੇ ਬਖੀਏ ਉਧੇੜਨ ਦੀ ਪੱਕੀ ਠਾਣ ਲਈ ਸੀ। ਇਸੇ ਲਈ ਸਾਰੇ ਕੋਬਰੇ, ਆਪੋ ਆਪਣੀ ਕੁੰਜ ਬਚਾਉਣ ਲਈ, ‘ਕੱਠੇ ਹੋ ਕੇ ਉਸ ਦੇ ਮਗਰ ਪੈ ਗਏ ਸਨ।
ਧਰਮ ਦੀ ਕੋਈ ਸਿਆਸਤ ਹੋ ਸਕਦੀ ਹੈ, ਪਰ ਸਿਆਸਤ ਦਾ ਕੋਈ ਧਰਮ ਨਹੀਂ ਹੈ; ਸ਼ਾਇਦ ਹੁੰਦਾ ਹੀ ਨਹੀਂ। ਅਸੀਂ ਖਾਹਮਖਾਹ ਅਤੇ ਸ਼ਾਇਦ ਇਸੇ ਲਈ ਲਗਾਤਾਰ ਜਾਣ ਬੁੱਝ ਕੇ ਅੰਨੇ ਅਤੇ ਮੂਰਖ ਬਣਦੇ ਆ ਰਹੇ ਹਾਂ।