ਪਰਵੇਜ਼ ਸੰਧੂ ਦਾ ਕਹਾਣੀ-ਸੰਗ੍ਰਿਹ ‘ਕੋਡ ਬਲੂ’ ਪੜ੍ਹਦਿਆਂ…

ਸੁਰਿੰਦਰ ਸੋਹਲ
ਪਰਵੇਜ਼ ਸੰਧੂ ਦਾ ਕਹਾਣੀ ਸੰਗ੍ਰਿਹ ‘ਕੋਡ ਬਲੂ’ ਪਰੰਪਰਾਵਾਦੀ ਦਿੱਖ ਵਾਲਾ ਨਹੀਂ ਹੈ। 116 ਸਫਿਆਂ ‘ਤੇ ਫੈਲੀਆਂ 12 ਕਹਾਣੀਆਂ ਦੀ ਇਸ ਕਿਤਾਬ ਦੀ ਲੰਬਾਈ-ਚੌੜਾਈ ਰਵਾਇਤੀ ਪੁਸਤਕਾਂ ਨਾਲੋਂ ਵੱਖਰੀ ਹੈ। ਇਸੇ ਕਰਕੇ ਇਹ ਪੋਥੀ ਵਾਂਗ ਖੁੱਲ੍ਹਦੀ ਹੈ। ਜਿਵੇਂ ਵੱਡੀ ਪੀੜ ਸਾਂਭਣ ਵਾਸਤੇ ਦਿਲ ਵੱਡਾ ਹੋਣਾ ਚਾਹੀਦਾ ਹੈ, ਇਵੇਂ ਈ ਪਾਤਰਾਂ ਦੀ ਪੀੜ ਸਾਂਭਣ ਲਈ ਸ਼ਾਇਦ ਪੁਸਤਕ ਦਾ ਆਕਾਰ ਵੀ ਪੋਥੀ ਵਾਂਗ ਵੱਡਾ ਰੱਖਿਆ ਗਿਆ ਹੈ। ਪਰ ਪਾਤਰਾਂ ਦੀ ਪੀੜ ਏਨੀ ਪ੍ਰਬਲ ਹੈ ਕਿ ਪੁਸਤਕ ਵਿਚੋਂ ਬਾਹਰ ਡੁੱਲ੍ਹ ਹੀ ਜਾਂਦੀ ਹੈ। ਕਹਾਣੀਆਂ ਪੜ੍ਹਦਿਆਂ ਦੁਸ਼ਿਅੰਤ ਕੁਮਾਰ ਦਾ ਸ਼ਿਅਰ ਮੇਰੇ ਅੰਗ-ਸੰਗ ਰਿਹਾ,

ਹੋ ਗਈ ਹੈ ਪੀਰ (ਪੀੜ) ਪਰਬਤ ਸੀ
ਪਿਘਲਨੀ ਚਾਹੀਏ।
ਇਸ ਹਿਮਾਲਾ ਸੇ ਕੋਈ
ਗੰਗਾ ਨਿਕਲਨੀ ਚਾਹੀਏ।
ਇਹੀ ਕਾਰਨ ਹੈ ਕਿ ਪਰਵੇਜ਼ ਦੇ ਸ਼ਬਦਾਂ ਵਿਚ ‘ਲਿਖਣਾ ਮੇਰੇ ਲਈ ਕੋਈ ਸ਼ੋਹਰਤ ਕਮਾਉਣਾ ਨਹੀਂ ਹੈ, ਲਿਖਣਾ ਮੇਰੇ ਲਈ ਥੈਰੇਪੀ ਹੈ।’
ਕਾਵਿ-ਮਈ ਸ਼ੈਲੀ, ਕਿਤੇ-ਕਿਤੇ ਚੇਤਨਾ-ਪ੍ਰਵਾਹ ਦੇ ਝਲਕਾਰੇ ਅਤੇ ‘ਮੈਜਿਕ ਰੀਅਲਿਜ਼ਮ’ ਦੇ ਤਲਿਸਮ ਨਾਲ ਲਬਰੇਜ਼ ਇਨ੍ਹਾਂ ਕਹਾਣੀਆਂ ਵਿਚ ਮਨੁੱਖੀ ਮਨ ਦੀਆਂ ਪਰਤਾਂ ਖੁਰਚ-ਖੁਰਚ ਪੇਸ਼ ਕੀਤੀਆਂ ਗਈਆਂ ਨੇ।
‘ਸ਼ੀਸ਼ਿਆਂ ਵਾਲਾ ਸੰਦੂਕ’ ਬਹੁਤ ਅਰਥ ਭਰਪੂਰ ਕਹਾਣੀ ਹੈ। ਔਰਤ ਦਾ ਰੰਡੇਪੇ ਵਰਗਾ ਸੁਹਾਗ ਜੀਵਨ, ਉਸ ਦੀ ਦ੍ਰਿੜਤਾ, ਸਿਆਣਪ ਅਤੇ ਔਰਤਪਨ ਦੇ ਸੁੱਚਮ ਨੂੰ ਮਜ਼ਬੂਤੀ ਨਾਲ ਸੰਭਾਲ ਕੇ ਰੱਖਣ ਦਾ ਸੁਚੱਜ ਮਾਰਮਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ‘ਸ਼ੀਸ਼ਿਆਂ ਵਾਲਾ ਸੰਦੂਕ’ ਜਾਦੂ ਦੀ ਪਟਾਰੀ ਵਰਗਾ ਭਰਪੂਰ ਖਜਾਨਾ ਹੈ। ਹਰ ਲੋੜਵੰਦ ਦੀ ਲੋੜ ਮੁਤਾਬਕ ਉਸ ਵਿਚ ਵਸਤ ਮੌਜੂਦ ਹੈ। ਸੰਦੂਕ ਨੂੰ ਲੱਗੇ ਸ਼ੀਸ਼ੇ ਤਾਰਿਆਂ ਵਾਂਗ ਲਿਸ਼ਕਦੇ ਹਨ। ਸੰਦੂਕ ਦਾ ਪੰਜਾਬੀ ਸਭਿਆਚਾਰ ਵਿਚ ਬੜਾ ਮਹੱਤਵ ਰਿਹਾ ਹੈ। ਲੋਕ ਗੀਤਾਂ ਵਿਚ ਸੰਦੂਕ ਦੀ ਵਰਤੋਂ ਨਿਰੇ ਸੰਦੂਕ ਵਜੋਂ ਹੀ ਨਹੀਂ, ਸਗੋਂ ਉਸ ਸ਼ਖਸੀਅਤ ਦੇ ਪ੍ਰਤੀਬਿੰਬ ਵਜੋਂ ਵੀ ਹੋਈ ਹੈ, ਜਿਸ ਲਈ ਸੰਦੂਕ ਬਣਾਇਆ ਗਿਆ ਸੀ। ਲੋਕ ਬੋਲੀ ਹੈ,
ਕਿਹੜੇ ਪਿੰਡ ਮੁਕਲਾਵੇ ਜਾਣਾ
ਨਿੰਮ ਦੇ ਸੰਦੂਕ ਵਾਲੀਏ।
ਨਿੰਮ ਦੀ ਲੱਕੜ ਨੂੰ ਘੁਣ ਨਹੀਂ ਲੱਗਦਾ। ਇਥੇ ਸੰਦੂਕ ਦਾ ਅਰਥ ਨਿਰਾ ਸੰਦੂਕ ਨਹੀਂ ਸਗੋਂ ਉਚੇ-ਸੁੱਚੇ ਚਰਿੱਤਰ ਦਾ ਪ੍ਰਤੀਕ ਹੈ। ਪਰਵੇਜ਼ ਦੀ ਕਹਾਣੀ ਵਿਚਲਾ ਸੰਦੂਕ ਵੀ ਅਸਲ ਵਿਚ ਲੱਕੜ ਦਾ ਬਣਿਆ ਹੋਇਆ ਸ਼ੀਸ਼ਿਆਂ ਜੜਿਆ, ਉਜਲੇ ਰੂਪ ਵਾਲਾ ਨਿਰਾ ਸੰਦੂਕ ਹੀ ਨਹੀਂ ਹੈ। ਉਹ ਬੇਬੇ ਬੰਤੋ ਦਾ ਹੀ ਪਰਛਾਵਾਂ ਹੈ। ਬੰਤੋ ਦਾ ਜੀਵਨ ਕੱਚ ਵਾਂਗ ਪਾਰਦਰਸ਼ੀ, ਸ਼ੀਸ਼ੇ ਵਾਂਗ ਉਜਲਾ, ਨਾਜ਼ੁਕ ਤੋਂ ਨਾਜ਼ੁਕ ਮੌਕਿਆਂ ਵਿਚ ਵੀ ਆਪਣੇ ਆਪ ਨੂੰ ਸੰਭਾਲ ਲੈਣ ਦੇ ਸਮਰੱਥ ਹੈ। ਸਭ ਤੋਂ ਵੱਡੀ ਗੱਲ ਕਿ ਇਹ ਸ਼ੀਸ਼ਾ ਵਿਸ਼ਵਾਸ ਦੇ ਅਰਥਾਂ ਨੂੰ ਬਹੁਤ ਗਹਿਰਾ ਕਰਦਾ ਹੈ।
ਔਲਾਦਹੀਣ ਬੇਬੇ ਬੰਤੋ ਦੇ ਜੇਠਾਂ ਦੇ ਬੱਚੇ ਅਤੇ ਪੋਤੇ ਉਸ ਦੇ ਆਪਣੇ ਬੱਚੇ ਤੇ ਪੋਤੇ ਹਨ। ਉਹ ਉਨ੍ਹਾਂ ਨੂੰ ਹੀ ਨਹੀਂ, ਹਰ ਕਿਸੇ ਨੂੰ ਘਰ ਦੇ ਜੀਅ ਵਾਂਗ ਮੋਹ ਕਰਦੀ ਹੈ। ਕਮਾਈ ਕਰਨ ਗਿਆ ਉਸ ਦਾ ਪਤੀ ਕਦੇ ਵਾਪਸ ਨਹੀਂ ਮੁੜਿਆ। ਉਹ ਇਸ ਦੁੱਖ ਨੂੰ ਸੰਦੂਕ ਅੰਦਰ ਪਏ ਖਜਾਨੇ ਵਾਂਗ ਅੰਦਰੇ ਅੰਦਰ ਸਾਂਭ ਲੈਂਦੀ ਹੈ, ਭਾਫ ਤੱਕ ਨਹੀਂ ਕੱਢਦੀ। ਕਿਸੇ ਨੂੰ ਨਹੀਂ ਪਤਾ ਕਿ ਸੰਦੂਕ ਵਿਚ ਪੈਸਾ-ਧੇਲਾ, ਸੋਨਾ-ਚਾਂਦੀ ਤਾਂ ਉਸ ਨੇ ਸਾਂਭ ਕੇ ਰੱਖੇ ਹੀ ਹੋਏ ਨੇ, ਨਾਲ ਹੀ ਆਪਣਾ ‘ਰੱਤੜਾ ਸਾਲੂ’ ਤੇ ਪਤੀ ਜੈਮਲ ਸਿਹੁੰ ਦੀ ‘ਗੁਲਾਬੀ ਪੱਗੜੀ’ ਵੀ ਸਾਂਭ ਕੇ ਰੱਖੀ ਹੋਈ ਹੈ।
ਬੇਬੇ ਬੰਤੋ ਮੌਤ ਦੀਆਂ ਘੜੀਆਂ ਗਿਣ ਰਹੀ ਹੈ। ਪਰਿਵਾਰ ਨੂੰ ਸੰਦੂਕ ਖੋਲ੍ਹਣ ਦੀ ਕਾਹਲੀ ਹੈ। ਉਸ ਦਾ ਪੋਤਰਾ (ਜੇਠ ਦਾ ਪੋਤਰਾ) ਸਰੂਪ ਸੰਦੂਕ ਖੋਲ੍ਹ ਲੈਂਦਾ ਹੈ, ਜਿਵੇਂ ਵਿਸ਼ਵਾਸ ਦਾ ਸ਼ੀਸ਼ਾ ਤਿੜਕ ਗਿਆ।
ਮੈਜਿਕ ਰੀਅਲਿਜ਼ਮ ਦੀ ਮਿਸਾਲ ਪੇਸ਼ ਕਰਦੀ ਕਹਾਣੀ ਬੜੇ ਡੂੰਘੇ ਅਰਥ ਪੇਸ਼ ਕਰਦੀ ਖਤਮ ਹੁੰਦੀ ਹੈ, “…ਤੇ ਕਈ ਲੋਕਾਂ ਦਾ ਤਾਂ ਇਹ ਵੀ ਮੰਨਣੈ ਕਿ ਬੇਬੇ ਦੇ ਪੋਤਰੇ ਸਰੂਪ ਨੂੰ ਬੰਤ ਕੁਰ ਦਾ ਭੂਤ ਵੀ ਦਿਸਦੈ…ਕਹਿੰਦੇ ਨੇ ਤਾਹੀਓਂ ਤਾਂ ਉਹ ਰਾਤ ਦੇ ਹਨੇਰੇ ‘ਚ ਸੰਦੂਕ ਦੇ ਸ਼ੀਸ਼ਿਆਂ ਨੂੰ ਸਾਫ ਕਰਦਾ ਬੇਬੇ ਨਾਲ ਗੱਲੀਂ ਪਿਆ ਭੁੱਬੀਂ ਰੋਂਦਾ ਅਕਸਰ ਲੋਕਾਂ ਨੇ ਸੁਣਿਆ ਹੈ…।” (ਪੰਨਾ 75)
‘ਸੌਂਕਣ’ ਕਹਾਣੀ ਮਾਂ ਦੇ ਉਸ ਬਿੰਬ ਨੂੰ ਤੋੜਦੀ ਹੈ, ਜੋ ਸਾਡੀ ਮਾਨਸਿਕਤਾ ਦਾ ਹਿੱਸਾ ਹੈ। ਕਾਦਰਯਾਰ ਦੀ ਦੋਸ਼ੀ ਲੂਣਾ ਸ਼ਿਵ ਕੁਮਾਰ ਦੀ ‘ਲੂਣਾ’ ਬਣ ਕੇ ਨਿਰਦੋਸ਼ ਸਾਬਿਤ ਹੋ ਜਾਂਦੀ ਹੈ। ‘ਸੌਂਕਣ’ ਇਸੇ ਲੜੀ ਦਾ ਅਗਲਾ ਵਿਸਤਾਰ ਹੈ, ਜੋ ਸਮਲਿੰਗਤਾ ਤੱਕ ਫੈਲ ਜਾਂਦਾ ਹੈ। ਇਸ ਵਿਚਲਾ ‘ਪੂਰਨ’ ਬੇਬਸੀ ਦਾ ਪਾਤਰ ਨਹੀਂ ਬਣਦਾ, ਆਪਣਾ ਰਾਹ ਆਪ ਚੁਣ ਕੇ ਆਪਣੇ ‘ਬੁਆਏ ਫਰੈਂਡ’ ਨਾਲ ਰਹਿਣ ਦਾ ਫੈਸਲਾ ਕਰ ਲੈਂਦਾ ਹੈ। ਉਸ ਦੇ ਚੁਣੇ ਇਸ ਰਾਹ ਵਿਚ ਉਸ ਦੀ ਪਤਨੀ ਜਿਵੇਂ ‘ਕੰਡਿਆਲੀ ਥੋਹਰ’ ਦੀ ਜੂਨ ਹੰਢਾਉਂਦੀ ਹੈ।
‘ਕਪਾਹ ਦੀਆਂ ਢੇਰੀਆਂ’ ਕਹਾਣੀ ਵਿਚ ਹੋ ਰਹੀ ਤਰੱਕੀ ਦੇ ਅਖੌਤੀ ਸੱਚ ਨੂੰ ਤਾਰ-ਤਾਰ ਕੀਤਾ ਗਿਆ ਹੈ। ਅਮੀਰ-ਗਰੀਬ ਵਿਚ ਦਿਨੋ-ਦਿਨ ਵਧ ਰਿਹਾ ਪਾੜਾ ਕਪਾਹ ਦੀਆਂ ਨਿੱਕੀਆਂ-ਵੱਡੀਆਂ ਢੇਰੀਆਂ ਦੇ ਪ੍ਰਤੀਕ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ।
‘ਬਲੀ’ ਕਹਾਣੀ ਦਿਲ-ਚੀਰਵੀਂ ਕਹਾਣੀ ਹੈ। ਕਬੀਲਿਆਂ ਵੇਲੇ ਤੋਂ ਪਸੂਆਂ ਤੇ ਮਨੁੱਖਾਂ ਦੀ ਬਲੀ ਦੇਣ ਦੀਆਂ ਸੂਹਾਂ ਸਾਹਿਤਕ ਕਿਰਤਾਂ ਰਾਹੀਂ ਮਿਲਦੀਆਂ ਰਹੀਆਂ ਹਨ। ਮਨੁੱਖੀ ਸਭਿਅਤਾ ਦੇ ਵਿਕਾਸ ਨਾਲ ਬਲੀ ਦੇਣ ਦੇ ਰਿਵਾਜ ਬਦਲਦੇ ਰਹੇ। ਜਹਾਜ ਤੋਰਨ ਤੋਂ ਪਹਿਲਾਂ ਮਾਸੂਮ, ਭੋਲੇ, ਸੱਚੇ ਮਾਨਸ ਦੀ ਬਲੀ ਦਿੱਤੀ ਜਾਂਦੀ ਸੀ ਕਿ ਜਹਾਜ ਸਹੀ-ਸਲਾਮਤ ਮੰਜ਼ਿਲ ‘ਤੇ ਪਹੁੰਚ ਜਾਵੇ। ਅੱਜ ਜਦੋਂ ਮਨੁੱਖੀ ਸਭਿਅਤਾ ਦਾ ਵਿਕਾਸ ਕਬੀਲਿਆਂ ਤੋਂ ਪੂੰਜੀਵਾਦ ਤੱਕ ਦਾ ਸਫਰ ਤੈਅ ਕਰ ਆਇਆ ਹੈ ਤਾਂ ‘ਬਲੀ’ ਦਾ ਅੰਦਾਜ਼ ਵੀ ਬਦਲ ਗਿਆ ਹੈ। ਆਪਣੇ ਕੁਨਬੇ ਦੀ ਸਲਾਮਤੀ ਵਾਸਤੇ ਬਲੀ ਦਿੱਤੀ ਜਾਣ ਲੱਗੀ ਹੈ। ਕਹਾਣੀ ਦਾ ਮਾਹੌਲ ਬੇਹੱਦ ਰਹੱਸਮਈ, ਜਾਦੂਈ, ਸੁਪਨਮਈ ਹੈ ਅਤੇ ਮਾਅਨੇਖੇਜ਼ ਹੈ। ਇਕ ਇਕ ਸ਼ਬਦ ਗਹਿਰੇ ਅਰਥ ਸਮੋਈ ਬੈਠਾ ਹੈ,
“ਉਹ ਸੁਪਨਾ ਸ਼ੁਰੂ ਹੀ ਉਸ ਕੋਠੜੀ ਤੋਂ ਹੁੰਦਾ ਹੈ ਜਿਵੇਂ… ਉਹ ਹੀ ਕੱਚਾ ਘਰ ਉਜੜਿਆ ਜਿਹਾ…ਤੇ ਮੇਰੇ ਸੋਚਦਿਆਂ ਸੋਚਦਿਆਂ ਜਿਵੇਂ ਸਾਡਾ ਘਰ ਹੀ ਨਹੀਂ, ਸਗੋਂ ਸਾਰਾ ਪਿੰਡ ਹੀ ਮੈਨੂੰ ਉਜੜਿਆ ਦਿੱਸਦਾ ਹੈ। ਸੁੱਕੀਆਂ ਫਸਲਾਂ, ਮਰੇ ਪਏ ਜੀਅ-ਜੰਤ, ਪਸੂ-ਪਰਿੰਦੇ; ਮਾਂਵਾਂ ਦੀਆਂ ਸੁੱਕੀਆਂ ਛਾਤੀਆਂ ਨੂੰ ਚਰੂੰਡਦੇ, ਰੋਂਦੇ ਵਿਲਕਦੇ ਨਿਆਣੇ; ਪਿੰਜਰ ਬਣੇ ਸਰੀਰਾਂ ਦੁਆਲੇ ਘੁੰਮ ਰਹੀਆਂ ਇੱਲ੍ਹਾਂ; ਦੁਹੱਥੜੇ ਮਾਰਦੀਆਂ ਰੋਂਦੀਆਂ-ਪਿੱਟਦੀਆਂ ਬੇਜੀ ਵਰਗੀਆਂ ਔਰਤਾਂ; ਬਲਦੇ ਸਿਵੇ…ਹਰ ਪਾਸੇ ਭੁੱਖ ਹੀ ਭੁੱਖ਼..।” (ਪੰਨਾ 52)
ਇਸ ਮਾਹੌਲ ‘ਚੋਂ ਨਿਕਲਣ ਲਈ ਕਿਸੇ ਨੂੰ ਤਾਂ ਬਲੀ ਦੇਣੀ ਹੀ ਪੈਣੀ ਸੀ ਜਾਂ ਹਾਲਾਤ ਨੇ ਕਿਸੇ ਦੀ ਬਲੀ ਤਾਂ ਲੈਣੀ ਹੀ ਸੀ।
ਜੇ ਕਿਸੇ ਕਹਾਣੀ ਵਿਚ ਭਾਵੁਕਤਾ, ਉਪ-ਭਾਵੁਕਤਾ ਪ੍ਰਗਟ ਹੁੰਦੀ ਹੈ ਤਾਂ ਅਗਲੀ ਕਹਾਣੀ ਯਥਾਰਥਮਈ ਚਿਤਰਣ ਨਾਲ ਸਾਰਾ ਕੁਝ ਸਾਵਾਂ ਕਰ ਦਿੰਦੀ ਹੈ।
‘ਟੁਕੜੇ’ ਕਹਾਣੀ ਉਸ ਔਰਤ ਦੀ ਮਾਨਸਿਕ ਹਲ-ਚਲ ਦਾ ਜ਼ੋਰਦਾਰ ਪ੍ਰਗਟਾਵਾ ਹੈ, ਜਿਸ ਨੇ ਆਪਣਾ ਬੱਚਾ ਤੇ ਪਤੀ ਛੱਡ ਦਿੱਤਾ ਹੈ। ਜਿਸ ਨਾਲ ਰਹਿ ਰਹੀ ਹੈ, ਉਸ ਨੇ ਆਪਣੀ ਪਤਨੀ ਤੇ ਬੱਚੇ ਛੱਡ ਦਿੱਤੇ ਨੇ। ਆਪਣੇ ਆਪ ਨੂੰ ‘ਅਸੁਰੱਖਿਅਤ’ ਮਹਿਸੂਸ ਕਰਦੀ ਪਾਰੇ ਵਾਂਗ ਡੋਲਦੀ ਮਾਨਸਿਕਤਾ ਨੂੰ ਠੁੰਮਣੇ ਦਿੰਦੀ ਕਹਾਣੀ ਦੀ ਨਾਇਕਾ ਦੇ ਨਾਲ ਨਾਲ ਪਾਠਕ ਦੀ ਮਾਨਸਿਕਤਾ ਵੀ ਡਾਵਾਂ-ਡੋਲ ਹੋਣ ਲੱਗਦੀ ਹੈ। ਇਹੀ ਇਸ ਕਹਾਣੀ ਦੀ ਸਫਲਤਾ ਹੈ।
‘ਸ਼ੂਗਰ ਮਾਅਮਾ’ ਕਹਾਣੀ ਆਦਰਸ਼ਵਾਦ ਦੀ ਸਿਖਰ ਹੋ ਨਿਬੜੀ ਹੈ। ਆਪਾ-ਧਾਪੀ ਦੇ ਇਸ ਮਾਹੌਲ ਵਿਚ, ਸਵਾਰਥ ਨਾਲ ਰੰਗੇ ਸਮਾਜ ਵਿਚ ਅਤੇ ਬਾਜ਼ਾਰ ਬਣ ਰਹੀਆਂ ਕਦਰਾਂ-ਕੀਮਤਾਂ ਵਿਚ ਐਨੀ ਫਿਸ਼ਰ ਵਰਗੇ ਪਾਤਰ ਲੱਭਣੇ ਦੁਰਲੱਭ ਨੇ। ਕਹਾਣੀ ਯੂਟੋਪੀਅਨ ਭੁਲੇਖਾ ਪਾਉਂਦੀ ਹੈ। ਸੰਭਾਵੀ ਯਥਾਰਥ ਦੇ ਨਜ਼ਰੀਏ ਤੋਂ ਦੇਖਿਆਂ ਇਹ ਕਹਾਣੀ ਚਿੱਕੜ ਵਿਚ ਖਿੜਦੇ ਕੰਵਲ ਵਰਗੇ ਕਿਰਦਾਰ ਦੀ ਖੂਬਸੂਰਤ ਪੇਸ਼ਕਾਰੀ ਹੈ। ਲੋਭ-ਲਾਲਚ, ਨਿੱਜੀ ਹਿੱਤਾਂ ਦੀ ਬਲਦੀ ਅਗਨੀ ਵਿਚ ਝੁਲਸ ਹੋ ਰਹੇ ਸਮਾਜ ਵਿਚ ਐਨੀ ਫਿਸ਼ਰ ਵਰਗਾ ‘ਕੋਈ ਹਰਿਆ ਬੂਟ’ ਧਰਵਾਸ ਦੀ ਸੁਆਂਤੀ ਬੂੰਦ ਕੇਰ ਜਾਂਦਾ ਹੈ।
‘ਕੋਡ ਬਲੂ’ ਇਸ ਸੰਗ੍ਰਿਹ ਦੀ ਮਾਰਮਿਕ ਕਹਾਣੀ ਹੈ। ਕਹਾਣੀਕਾਰਾ ਨੇ ਇਹ ਕਹਾਣੀ ਕਾਗਜ਼ਾਂ ‘ਤੇ ਨਹੀਂ ਲਿਖੀ, ਆਪਣੀ ਰੂਹ ‘ਤੇ ਲਿਖੀ ਹੈ। ਸਿਆਹੀ ਦੀ ਥਾਂ ਆਪਣੀ ਧੀ ਦਾ ਖੂਨ ਤੇ ਕਲਮ ਦੀ ਥਾਂ ਬਲਦੀ ਸਲਾਖ ਵਰਤੀ ਹੈ। ਨੀਲਾ ਰੰਗ, ਜ਼ਹਿਰ ਦਾ ਰੰਗ। ਧੀ ਦੀ ਪਸੰਦ ਨੀਲਾ ਰੰਗ। ਮੌਤ ਦਾ ਕੋਡ ਨੀਲਾ ਰੰਗ। ਨੀਲੇ ਅਸਮਾਨ ਵਿਚ ਤਾਰਾ ਬਣਦੀ ਧੀ। ਪਾਠਕ ਪੀੜ-ਪੀੜ ਹੋਇਆ ਨੀਲੇ ਰੰਗ ਨਾਲ ਇਕਮਿਕ ਹੋਇਆ ਮਹਿਸੂਸ ਕਰਦਾ ਹੈ। ਤਿਲ-ਤਿਲ ਮਰਦੀ ਧੀ ਸਵੀਨਾ ਦਾ ਦਰਦ ਕਹਾਣੀ ਦੇ ਹਰੇਕ ਸ਼ਬਦ ‘ਚੋਂ ਰਿਸਦਾ ਮਹਿਸੂਸ ਹੁੰਦਾ ਹੈ।
ਔਰਤ-ਮਰਦ ਦੇ ਰਿਸ਼ਤਿਆਂ ਨੂੰ ਪੇਸ਼ ਕਰਦੀਆਂ ਕੁਝ ਕਹਾਣੀਆਂ ਰੂੜ੍ਹੀਵਾਦੀ ਸੋਚ ਨੂੰ ਤਿਲਾਂਜਲੀ ਦਿੰਦੀਆਂ ਨੇ। ‘ਮਰਦ ਦੀ ਜੁੱਤੀ’ ਦੇ ਅਰਥ ਇਨ੍ਹਾਂ ਕਹਾਣੀਆਂ ਵਿਚ ਆਣ ਕੇ ਅਸਲੋਂ ਹੀ ਬਦਲ ਗਏ ਨੇ।
‘ਲੰਚ ਬਾਕਸ’ ਕਹਾਣੀ ਵਿਚਲੀ ਸੂਖਮਤਾ ‘ਫੂਕ ਮਾਰ ਕੇ’ ਰੂਹਾਂ ਦੇ ਰੋਗ ਨੂੰ ਦੂਰ ਕਰਨ ਦਾ ਝਲਕਾਰਾ ਪੇਸ਼ ਕਰਦੀ ਹੈ।
ਕਹਾਣੀਆਂ ਵਿਚ ਔਰਤ-ਮਰਦ ਦੇ ਰਿਸ਼ਤਿਆਂ ਦੀ ਪੇਸ਼ਕਾਰੀ ਵੇਲੇ ਤਵਾਜ਼ਨ ਬਰਕਰਾਰ ਰਹਿੰਦਾ ਹੈ। ਦੋਹਾਂ ਧਿਰਾਂ ਦੀਆਂ ਖੂਬੀਆਂ-ਕਮਜ਼ੋਰੀਆਂ, ਚਾਨਣਾ ਪੱਖ-ਹਨੇਰਾ ਪੱਖ ਪੇਸ਼ ਕਰਨ ਵੇਲੇ ਨਿਰਪੱਖਤਾ ਦਾ ਪੱਲਾ ਨਹੀਂ ਛੱਡਿਆ ਗਿਆ। ਇਸੇ ਕਰਕੇ ਇਨ੍ਹਾਂ ਕਹਾਣੀਆਂ ਵਿਚ ਜੀਵਨ ਦੀ ਹਰੇਕ ਅਸਫਲਤਾ ਦਾ ਭਾਂਡਾ ਨਿਰਾ ਮਰਦ ਸਿਰ ਨਹੀਂ ਭੰਨਿਆ ਗਿਆ, ਸਗੋਂ ਔਰਤ-ਮਰਦ ਦੇ ਸਰੋਕਾਰਾਂ ਨੂੰ ਨਵੇਂ ਪਰਿਪੇਖ ਵਿਚ ਉਘਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸੰਗ੍ਰਿਹ ਦੀਆਂ ਕਹਾਣੀਆਂ ਦਾ ਰੂਪਕ-ਪੱਖ ਬਹੁਤ ਦਿਲਚਸਪ ਹੈ। ਕੁਝ ਕਹਾਣੀਆਂ ਸ਼ਬਦ-ਚਿੱਤਰਾਂ ਦੇ ਸੁਭਾਅ ਵਾਲੀਆਂ ਹਨ। ਇਕ ਕਹਾਣੀ ਚਿੱਠੀ ਦੇ ਰੂਪ ਵਿਚ ਲਿਖੀ ਹੋਈ ਹੈ। ਚੇਤਨਾ-ਪ੍ਰਵਾਹ ਦੀ ਜੁਗਤ ਪ੍ਰਮੁੱਖ ਤੌਰ ‘ਤੇ ਨਹੀਂ ਵਰਤੀ ਗਈ, ਪਰ ਕਹਾਣੀਆਂ ਦਾ ਅਧਿਐਨ ਕਰਦਿਆਂ ਇਸ ਜੁਗਤ ਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ।
ਕਹਾਣੀਆਂ ਦੀ ਬੋਲੀ, ਸ਼ੈਲੀ, ਵਿਸ਼ਾ-ਚੋਣ ਤੇ ਵਿਸ਼ੇ ਦੇ ਨਿਭਾ ਲਈ ਵਰਤੀਆਂ ਜੁਗਤਾਂ ਸਦਕਾ ਪਰਵੇਜ਼ ਸੰਧੂ ਸਮਕਾਲੀ ਕਹਾਣੀਕਾਰਾਂ ਨਾਲੋਂ ਵੱਖਰੀ ਖੜ੍ਹੀ ਦਿਖਾਈ ਦਿੰਦੀ ਹੈ। ਉਹ ਭਵਿੱਖ ਵਿਚ ਇਸ ਤੋਂ ਵੀ ਭਰਵੀਂ ਪੁਲਾਂਘ ਪੁੱਟੇਗੀ, ਇਹ ਸੰਗ੍ਰਿਹ ਇਸ ਗੱਲ ਦੀ ਸ਼ਾਹਦੀ ਭਰਦਾ ਹੈ।