ਕਾਲਾ ਸ਼ਾਹ ਕਾਲਾ: ਟਾਈਮ ਪਾਸ! ਕੇਵਲ ਟਾਈਮ ਪਾਸ!

ਇਕਬਾਲ ਸਿੰਘ ਚਾਨਾ
ਜੇ ਤੁਸੀਂ ਕੇਵਲ ਟਾਈਮ ਪਾਸ ਕਰਨ ਲਈ ਫਿਲਮ ਵੇਖਣ ਜਾਣੀ ਹੈ ਤਾਂ Ḕਕਾਲਾ ਸ਼ਾਹ ਕਾਲਾḔ ਵੇਖੀ ਜਾ ਸਕਦੀ ਹੈ। ਜੇ ਤੁਸੀਂ ਮੰਝੇ ਹੋਏ ਕਲਾਕਾਰਾਂ ਦੀ ਪਰਫਾਰਮੈਂਸ ਵੇਖਣੀ ਹੈ ਤਾਂ ਫਿਲਮ ਵੇਖਣ ਯੋਗ ਹੈ, ਪਰ ਜੇ ਤੁਸੀਂ ਵਧੀਆ ਸਕ੍ਰਿਪਟ ਅਤੇ ਕਿਸੇ ਮੈਸਿਜ ਦੀ ਉਮੀਦ ਲਾਈ ਬੈਠੇ ਹੋ ਤਾਂ…!

ਫਿਲਮ ਚਾਹੇ ਵਿਆਹ ਦੇ ਵਿਸ਼ੇ ‘ਤੇ ਬਣੀ ਹੈ ਪਰ ਇਸ ਦਾ ਕਾਨਸੈਪਟ ਹੁਣ ਤਕ ਆਈਆਂ ਕਈ ਬਕਵਾਸ ਜਿਹੀਆਂ Ḕਸ਼ਾਦੀ ਫਿਲਮਾਂḔ ਤੋਂ ਵੱਖਰਾ ਹੈ। ਇੱਕ ਕਾਲੇ ਵਿਅਕਤੀ ਦਾ ਵਿਆਹ ਨਾ ਹੋਣ ਦੇ ਦੁਖਾਂਤ ਨੂੰ ਕਾਮੇਡੀ ਦੇ ḔਚਟਕਾਰਿਆਂḔ ਵਿਚ ਮਿਲਾ ਕੇ ਇੱਕ ਮਨੋਰੰਜਨ ਭਰਪੂਰ ਫਿਲਮ ਬਣਾਉਣ ਦਾ ਯਤਨ ਕੀਤਾ ਗਿਆ ਹੈ। ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕਰ ਚੁਕਾ ਹਾਂ ਕਿ ਅੱਜ ਕੱਲ ਦੇ ਡਾਇਰੈਕਟਰ ਖੁਦ ਹੀ ਵੱਡੇ ਤੋਂ ਵੱਡਾ ਲੇਖਕ ਹੋਣ ਦਾ ਭਰਮ ਪਾਲੀ ਬੈਠੇ ਹਨ, Ḕਕਾਲਾ ਸ਼ਾਹ ਕਾਲਾḔ ਵੀ ਇਸੇ ਪੱਖੋਂ ਮਾਰ ਖਾ ਬੈਠੀ ਹੈ। ਲੇਖਕ-ਕਮ-ਨਿਰਦੇਸ਼ਕ ਅਮਰਜੀਤ ਸਿੰਘ Ḕਹਮ ਦਿਲ ਦੇ ਚੁਕੇ ਸਨਮḔ ਅਤੇ Ḕਦਿਲ ਵਾਲੇ ਦੁਲਹਨੀਆ ਲੇ ਜਾਏਂਗੇḔ ਜਿਹੀਆਂ ਬਲਾਕ-ਬਸਟਰ ਫਿਲਮਾਂ ਦੀ ਨਕਲ ਮਾਰਨ ਦੇ ਚੱਕਰ ਵਿਚ ਭਟਕ ਗਿਆ ਲਗਦਾ ਹੈ, ਤੇ ਇਸੇ ਕਾਰਨ ਜਿੱਥੇ ਫਿਲਮ ਦਾ ਪਹਿਲਾ ਅੱਧ ਬੜਾ ਕਮਾਲ ਦਾ ਹੈ, ਉਥੇ ਦੂਜਾ ਭਾਗ ਓਨਾ ਹੀ ਢਿੱਲ੍ਹਾ। ਕਲਾਈਮੈਕਸ ਤੋਂ ਅੱਧਾ ਘੰਟਾ ਪਹਿਲਾਂ ਫਿਲਮ ਬੋਰ ਕਰਨ ਲੱਗ ਜਾਂਦੀ ਹੈ।
ਇਕ ਕਾਲੇ ਰੰਗ ਦੇ ਵਿਅਕਤੀ ਲਵਲੀ ਅੰਦਰਲੇ ਗੁਣ ਅਤੇ ਮਿਹਨਤ ਵੇਖ ਕੇ ਉਸ ਨੂੰ ਛੱਡਣ ‘ਤੇ ਤੁਲੀ ਉਸ ਦੀ ਪਤਨੀ ਪੰਮੀ ਭਾਵੁਕ ਹੋ ਕੇ ਉਸ ਨਾਲ ਰਹਿਣ ਦਾ ਫੈਸਲਾ ਲੈ ਲੈਂਦੀ ਹੈ, ਪਰ ਇੱਥੇ ਲੇਖਕ ਮੁਖ ਪਾਤਰ ਲਵਲੀ ਨੂੰ ਸੁਭਾਵਕ ਮਿਹਨਤੀ ਵਿਖਾਉਣ ਦੀ ਥਾਂ ਇਹ ਵਿਖਾਉਂਦਾ ਹੈ ਕਿ ਉਹ ਇਹ ਸਭ ਕੁਝ ਆਪਣੀ ਪਤਨੀ ਨੂੰ ਪ੍ਰਭਾਵਿਤ ਕਰਨ ਲਈ ਜਾਣ ਬੁੱਝ ਕੇ ਕਰ ਰਿਹਾ ਹੈ। ਇਹੀ ਫਿਲਮ ਦਾ ਕਮਜ਼ੋਰ ਪੱਖ ਹੈ। ਡਾਇਰੈਕਟਰ ਇੱਕ ਅੱਧ ਚੰਗੇ ਫਿਲਮੀ ਲੇਖਕ ਨੂੰ ਨਾਲ ਜੋੜ ਲੈਂਦਾ ਤਾਂ ਚੰਗਾ ਹੁੰਦਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਿਨੂ ਢਿੱਲੋਂ ਇਕ ਵਧੀਆ ਐਕਟਰ ਹੈ। ਉਸ ਨੇ Ḕਕਾਲੇ ਸ਼ਾਹ ਲਵਲੀḔ ਉਰਫ ḔਨਾਗḔ ਦੇ ਕਿਰਦਾਰ ਨੂੰ ਬੜੀ ਮਿਹਨਤ ਨਾਲ ਸਫਲਤਾ ਪੂਰਵਕ ਨਿਭਾਇਆ ਹੈ। ਪਰ ਉਸ ਦਾ ਮੇਕ-ਅੱਪ ਬਹੁਤ ਘਟੀਆ ਹੈ। ਕੁਦਰਤੀ ਕਾਲਾ ਬਿਲਕੁਲ ਨਹੀਂ ਲੱਗਦਾ। ਕਈ ਥਾਂ ਇੰਜ ਲਗਦਾ ਜਿਵੇਂ ਚਿਹਰੇ ਉਤੇ ਲੁੱਕ ਮਲੀ ਹੋਈ ਹੋਵੇ। ਸਰਗੁਣ ਮਹਿਤਾ ਬਿਨਾ ਸ਼ੱਕ ਪੰਜਾਬੀ ਦੀ ਨੰਬਰ ਵੰਨ ਹੀਰੋਇਨ ਹੈ। ਇਸ ਫਿਲਮ ਵਿਚ ਵੀ ਐਕਟਿੰਗ ਉਸ ਨੇ ਕਮਾਲ ਦੀ ਕੀਤੀ ਹੈ। ਸਭ ਤੋਂ ਵੱਧ ਕਮਾਲ ਜਤਿੰਦਰ ਕੌਰ ਤੇ ਨਿਰਮਲ ਰਿਸ਼ੀ ਦਾ ਹੈ। ਕਾਫੀ ਚਿਰ ਤੋਂ ਆਮ ਰੁਟੀਨ ਦੇ ਕਿਰਦਾਰਾਂ ‘ਚ ਵੇਖੀ ਜਾ ਰਹੀ ਨਿਰਮਲ ਰਿਸ਼ੀ ਵਿਚੋਲਣ ਭੂਆ ਦੇ ਕਿਰਦਾਰ ਵਿਸ਼ ਖੂਬ ਜਚੀ ਹੈ।
ਪੰਮੀ ਦੀ ਦਾਦੀ ਦੇ ਰੋਲ ਵਿਚ ਜਤਿੰਦਰ ਕੌਰ ਨੇ ਇਕ ਵੱਡੀ ਕਲਾਕਾਰ ਹੋਣ ਦੀ ਝਲਕ ਇੱਕ ਵੇਰ ਫਿਰ ਵਿਖਾ ਦਿੱਤੀ। ਤਾਰੋ ਦੇ ਰੋਲ ਵਿਚ ਸ਼ਹਿਨਾਜ਼ ਗਿੱਲ, ਲਵਲੀ ਦੀ ਮਾਂ ਦੇ ਰੋਲ ਵਿਚ ਅਨੀਤਾ ਦੇਵਗਨ, ਬਾਪ ਦੇ ਰੋਲ ਵਿਚ ਗੁਰਮੀਤ ਸਾਜਨ ਅਤੇ ਪੰਮੀ ਦੇ ਬਾਪ ਦੇ ਰੋਲ ਵਿਚ ਬੀ. ਐਨ. ਸ਼ਰਮਾ ਆਪੋ ਆਪਣੇ ਕਿਰਦਾਰਾਂ ਵਿਚ ਸੁਭਾਵਕ ਹਨ। ਲਵਲੀ ਦੇ ਦੋਸਤਾਂ ਦੇ ਰੂਪ ਵਿਚ ਕਰਮਜੀਤ ਅਨਮੋਲ (ਹਰੀ) ਅਤੇ ਹਾਰਬੀ ਸੰਘਾ (ਜੀਤਾ ਨਾਈ) ਬੜੇ ਸਾਧਾਰਨ ਤੇ ਫਾਲਤੂ ਜਿਹੇ ਲਗਦੇ ਹਨ। ਇੰਜ ਲਗਦਾ ਹੈ ਜਿਵੇ ਬਿਨੂ ਢਿੱਲੋਂ ਨਾਲ ਦੋ ḔਫਿੱਲਰḔ ਤਾਸ਼ ਦੀਆਂ ਸਰਾਂ ਵਾਂਗ ਟੋਟਕੇ ਤੇ ਚੁਟਕਲੇ ਭੋਰਨ ਲਈ ਰੱਖੇ ਗਏ ਹਨ।
ਕਈ ਡਾਇਰੈਕਟਰਾਂ ਨਾਲ ਅਸਿਸਟੈਂਟੀ ਕਰ ਚੁਕੇ ਅਮਰਜੀਤ ਸਿੰਘ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫਿਲਮ ਹੈ। ਲੇਖਕ ਨੂੰ ਪਾਸੇ ਰੱਖ ਦੇਈਏ ਤਾਂ ਡਾਇਰੈਕਸ਼ਨ ਵਿਚ ਉਸ ਨੇ ਪਾਸ ਹੋਣ ਦੇ ਪੂਰੇ ਨੰਬਰ ਹਾਸਿਲ ਕੀਤੇ ਹਨ। ਰਵੀ ਕੁਮਾਰ ਸਨਾ ਦਾ ਕੈਮਰਾ ਵਰਕ ਸ਼ਲਾਘਾਯੋਗ ਹੈ। ਚਾਰ ਸੰਗੀਤਕਾਰਾਂ ਵੱਲੋਂ ਦਿੱਤਾ ਗਿਆ ਸੰਗੀਤ ਫਿਲਮ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਫੱਬਦਾ ਹੈ।