ਆਲਮ ਲੁਹਾਰ ਦੀ ਗਾਇਕੀ ਦਾ ਆਲਮ

ਤਾਹਿਰ ਮਹਿਮੂਦ
ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਗਾਉਂਦੇ ਚੜ੍ਹਦੇ ਪੰਜਾਬ ‘ਚ ਨੇ, ਪਰ ਬਹੁਤੇ ਵਸਦੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ‘ਚ ਹਨ। ਆਲਮ ਲੁਹਾਰ, ਰੇਸ਼ਮਾ, ਨੂਰਜਹਾਂ, ਇਨਾਇਤ ਹੁਸੈਨ ਭੱਟੀ ਗਾਉਂਦੇ ਰਹੇ ਤਾਂ ਸਰਹੱਦਾਂ ‘ਤੇ ਲੱਗੀਆਂ ਕੰਡਿਆਲੀਆਂ ਤਾਰਾਂ ਤੋਂ ਲਹਿੰਦੇ ਵੱਲ ਹਨ, ਪਰ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਲਈ। ਇਹ ਮਹਾਨ ਗਾਇਕ ਭਲਾ ਓਪਰੇ ਕਿਵੇਂ ਹੋ ਸਕਦੇ ਹਨ? ਇਹ ਤਾਂ ਦਿਲਾਂ ਦੀਆਂ ਯਾਦਾਂ ‘ਚ ਵਸਦੇ ਹਨ ਤੇ ਯਾਦਾਂ ‘ਚ ਵਸਣ ਵਾਲੇ ਮਰ ਕੇ ਵੀ ਨਹੀਂ ਮਰਦੇ।

ਅਜਿਹੇ ਦਿਲ ਬਹਿਲਾਉਣ ਵਾਲੇ ਹਨ ਸਾਡੇ ਗਾਇਕ, ਜਿਨ੍ਹਾਂ ਦੀ ਸੰਸਾਰ ਭਰ ‘ਚ ਆਪਣੀ ਅਲੱਗ ਸ਼ਨਾਖਤ ਹੈ। ਪੰਜਾਬੀ ਗਾਇਕ ਆਲਮ ਲੁਹਾਰ ਜਿਹਾ ਵੀ ਹੋਰ ਕੋਈ ਨਾ। ਉਚੀ ਪਰ ਸੁਰੀਲੀ ਆਵਾਜ਼ ਨਾਲ ਚਿਮਟੇ ਦੀ ਤਾਲ। ਦਿਲਾਂ ‘ਚ ਆਪਣੀ ਗਾਇਕੀ ਨਾਲ ਜੋਸ਼ ਭਰ ਦੇਣ ਵਾਲੇ ਆਲਮ ਲੁਹਾਰ ਦੀ ਰੀਸ ਪੰਜਾਬ ਦਾ ਕੋਈ ਗਾਇਕ ਨਾ ਕਰ ਸਕਿਆ।
ਆਲਮ ਲੁਹਾਰ ਦਾ ਜਨਮ 1928 ‘ਚ ਜ਼ਿਲ੍ਹਾ ਗੁਜਰਾਤ ਦੀ ਤਹਿਸੀਲ ਖਾਰੀਆਂ ਦੇ ਪਿੰਡ ਅੱਚ ‘ਚ ਹੋਇਆ, ਕਸਬਾ ਲਾਲਾ ਮੂਸਾ ਦੇ ਲਾਗੇ ਹੈ। ਪੰਜਾਬੀ ਲੋਕ ਗਾਇਕੀ ਦੇ ਸਰਦਾਰ ਗਾਇਕ ਦੇ ਹੱਥ ‘ਚ ਚਿਮਟਾ, ਨਾਲ ਦੋ ਅਲਗੋਜ਼ਿਆਂ ਰਾਹੀਂ ਵੰਝਲੀ ਦੀ ਉਚੀ ਕੂਕ ਵਾਂਗੂ ਸੁਰਾਂ ਲਾਉਣ ਵਾਲਾ ਬੰਦਾ ਫਜ਼ਲ ਕਰੀਮ ਕਿਸਾਈ ਹੁੰਦਾ ਸੀ। ਆਲਮ ਲੁਹਾਰ ਨੇ ਨਵੇਂ ਅੰਦਾਜ਼ ਦੀ ਗਾਇਕੀ ਪੇਸ਼ ਕੀਤੀ, ਜਿਸ ਨੂੰ ਆਮ ਪੰਜਾਬੀ ਜ਼ਬਾਨ ‘ਚ ਵਾਰਾਂ ਕਿਹਾ ਜਾਂਦਾ ਹੈ। ਉਹ ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ‘ਚ ਲੱਗਦੇ ਮੇਲਿਆਂ ‘ਚ ਥੀਏਟਰ ਲਾ ਕੇ ਸੈਂਕੜੇ ਪੰਜਾਬੀਆਂ ਨੂੰ ਇਕੱਠਾ ਕਰਕੇ ਸਾਰੀ ਜ਼ਿੰਦਗੀ ਗਾਉਂਦਾ ਰਿਹਾ।
ਆਲਮ ਲੁਹਾਰ ਨੇ ਆਪਣੀ ਗਾਇਕੀ ਦਾ ਪਹਿਲਾ ਐਲਬਮ 13 ਸਾਲ ਦੀ ਉਮਰ ‘ਚ ਰਿਕਾਰਡ ਕਰਵਾਇਆ। ਮੀਆਂ ਮੁਹੰਮਦ ਬਖਸ਼ ਦੀ ਲਿਖੀ ਸੈਫੁਲ ਮਲੂਕ 1948 ‘ਚ ਗਾਈ। ਕਿੱਸਾ ਯੂਸਫ ਜੁਨੈਜ਼ 1961 ‘ਚ ਗਾਇਆ। ਬਹੁਤ ਮਕਬੂਲ ਹੋਇਆ ਗੀਤ ‘ਬੋਲ ਮਿੱਟੀ ਦਿਆ ਬਾਵਿਆ’ 1964 ਵਿਚ ਤੇ ਕਿੱਸਾ ਦੁੱਲਾ ਭੱਟੀ 1959 ‘ਚ ਗਾਇਆ। ਕਿੱਸਾ ਮਿਰਜ਼ਾ ਜੱਟ 1967 ‘ਚ, ਕਿੱਸਾ ਹੀਰ-ਰਾਂਝਾ 1969 ਤੇ ਕਿੱਸਾ ਸੱਸੀ-ਪੁਨੂੰ 1972 ‘ਚ ਗਾਇਆ। ਉਹਨੇ ਕਿੱਸਾ ਹਰਨੀ 1963, ਮਿਰਜ਼ਾ ਜੱਟ ਦੀ ਮਾਂ 1968, ਮਾਂ ਦਾ ਪਿਆਰ 1971 ਤੇ ਕਿੱਸਾ ਬਾਰਾਂ ਮਾਂਹ 1974 ‘ਚ ਗਾਇਆ। ਉਹਨੇ 1973 ਵਿਚ ‘ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ’ ਪੰਜਾਬੀਆਂ ਸਾਹਮਣੇ ਪੇਸ਼ ਕੀਤਾ।
ਆਲਮ ਲੁਹਾਰ ਨੂੰ 1960 ਤੋਂ ਲੈ ਕੇ 1970 ਤੱਕ ਦੱਖਣੀ ਏਸ਼ੀਆ ‘ਚ ਸਭ ਤੋਂ ਵੱਧ ਸੁਣਿਆ ਜਾਂਦਾ ਗਾਇਕ ਮੰਨਿਆ ਗਿਆ ਹੈ। ਇਸੇ ਹੀ ਸਮੇਂ ਦੌਰਾਨ ਆਲਮ ਲੁਹਾਰ ਕੈਨੇਡਾ, ਇੰਗਲੈਂਡ, ਅਮਰੀਕਾ, ਨਾਰਵੇ ਅਤੇ ਜਰਮਨੀ ਜਾ ਕੇ ਪੰਜਾਬੀਆਂ ਨੂੰ ਆਪਣੀ ਜੋਸ਼ੀਲੀ ਤੇ ਮਸਤ ਕਰ ਦੇਣ ਵਾਲੀ ਗਾਇਕੀ ਨਾਲ ਨਿਹਾਲ ਕਰਦਾ ਰਿਹਾ। ਪੰਜਾਬੀ ਜ਼ਬਾਨ ਦੇ ਇਸ ਗਾਇਕ ਨੂੰ ਸੁਣਨ ਦੇ ਸ਼ੌਕੀਨ ਪੰਜਾਬੀ ਸ਼ੇਰ-ਏ-ਪੰਜਾਬ ਤੇ ਹੀਰਾ ਦੇ ਨਾਂ ਨਾਲ ਵੀ ਯਾਦ ਕਰਦੇ ਹਨ। ਆਲਮ ਲੁਹਾਰ ਦੇ ਪਿੰਡ ਤੋਂ ਜੋ ਸੜਕ ਜੀ. ਟੀ. ਰੋਡ ਨੂੰ ਜਾਂਦੀ ਹੈ, ਉਸ ਦਾ ਨਾਂ ਵੀ ਆਲਮ ਲੁਹਾਰ ਰੋਡ ਰੱਖਿਆ ਗਿਆ ਹੈ। ਆਲਮ ਲੁਹਾਰ ਨੂੰ Ḕਜੁਗਨੀ ਦਾ ਸਰਦਾਰḔ ਵੀ ਕਿਹਾ ਜਾਂਦਾ ਹੈ।
ਆਲਮ ਲੁਹਾਰ ਗਰੀਬ ਲੁਹਾਰ ਪਰਿਵਾਰ ਤੋਂ ਸੀ। ਲੁਹਾਰਾਂ ਨੂੰ ਮੁਗਲ ਬਰਾਦਰੀ ਵੀ ਕਿਹਾ ਜਾਂਦਾ ਹੈ। ਆਲਮ ਲੁਹਾਰ ਦਾ ਜੱਦੀ ਪੇਸ਼ਾ ਗਾਇਕੀ ਨਹੀਂ ਸੀ। ਆਪਣੇ ਇਕ ਗਾਣੇ ‘ਚ ਵੀ ਆਲਮ ਲੁਹਾਰ ਨੇ ਕਿਹਾ ਹੈ,
ਛੱਡ ਲੁਹਾਰਾ ਗਾਉਣ ਦਾ ਖਹਿੜਾ
ਤੇ ਸਨ੍ਹੀ ਹਥੌੜਾ ਵਾਹੀਏ।
ਗਾਇਕੀ ਆਲਮ ਲੁਹਾਰ ਦਾ ਭਾਵੇਂ ਜੱਦੀ ਪੇਸ਼ਾ ਨਹੀਂ ਸੀ, ਪਰ ਇਸ ਮਹਾਨ ਹਸਤੀ ਨੂੰ ਨਿੱਕੇ ਹੁੰਦਿਆਂ ਤੋਂ ਹੀ ਗਾਉਣ ਦਾ ਸ਼ੌਕ ਸੀ। ਪਹਿਲਾਂ ਤਾਂ ਆਲਮ ਲੁਹਾਰ ਘਰ ‘ਚ ਹੀ ਗੁਣਗੁਣਾਉਂਦਾ ਰਹਿੰਦਾ। ਉਹ ਘਰੇ ਹੀ ਸਾਰਾ ਦਿਨ ਕਦੀ ਗੜਵੀ, ਕਦੀ ਪਰਾਤ ਤੇ ਕਦੀ ਘੜਾ ਵਜਾ ਕੇ ਖਾਸ ਰਿਦਮ ਤੇ ਲੈਅ ਨਾਲ ਗਾਉਂਦਾ। ਉਹਨੂੰ ਖਾਸ ਤਰਜ਼ (ਅੰਦਾਜ਼) ਦੀ ਗਾਇਕੀ ਨਾਲ ਬਹੁਤ ਮੁਹੱਬਤ ਸੀ। ਮੁੰਡਾ-ਖੁੰਡਾ ਆਲਮ ਲੁਹਾਰ ਆਪਣੇ ਹੀ ਪਰਿਵਾਰ ਸਾਹਮਣੇ ਗਾ ਕੇ ਆਪਣਾ ਸ਼ੌਕ, ਗਾਇਕੀ ਪੂਰਾ ਕਰ ਲਿਆ ਕਰਦਾ ਸੀ।
ਆਲਮ ਲੁਹਾਰ ਦੀ ਆਵਾਜ਼ ‘ਚ ਖਾਸ ਜਾਦੂ ਸੀ। ਉਸ ਨੇ ਗਾਉਣ ਲਈ ਬਿਲਕੁਲ ਵੱਖਰੀ ਤਰਜ਼ (ਸੁਰ) ਅਪਨਾਈ। ਉਹਨੇ ਆਪਣੀ ਗਾਇਕੀ ਦੇ ਇਸ ਨਿਵੇਕਲੇ ਅੰਦਾਜ਼ ਕਾਰਨ ਕੇਵਲ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆਂ ‘ਚ ਆਪਣੀ ਅਲੱਗ ਪਛਾਣ ਬਣਾਈ। ਉਹਦੀ ਉਚੀ ਆਵਾਜ਼ ‘ਚ ਅੱਗ ਲਾਉਣ ਵਾਲਾ ਤੇ ਪੰਜਾਬੀਆਂ ਦੇ ਮਨਾਂ ਨੂੰ ਭਰਪੂਰ ਜੋਸ਼ ਤੇ ਜਜ਼ਬਾਤ ਨਾਲ ਭੜਕਾਉਣ ਵਾਲਾ ਜਾਦੂ ਸੀ। ਅਜਿਹਾ ਜਾਦੂ, ਜੋ ਸਿਰ ਚੜ੍ਹ ਕੇ ਬੋਲਦਾ ਹੈ।
ਆਲਮ ਲੁਹਾਰ ਦੇ ਅੰਦਾਜ਼-ਏ-ਗਾਇਕੀ ਦੀ ਨਕਲ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਦਰਜਨਾਂ ਪੰਜਾਬੀ ਗਾਇਕਾਂ ਨੇ ਆਲਮ ਲੁਹਾਰ ਦੇ ਲਹਿਜ਼ਾ-ਏ-ਆਵਾਜ਼ ਤੇ ਉਚੀ ਸੁਰ ‘ਚ ਗਾਉਣ ਦਾ ਢੰਗ ਅਪਨਾਇਆ, ਪਰ ਕੁਦਰਤ ਜਿਸ ਬੰਦੇ ਨੂੰ ਜੋ ਵੀ ਸਰੀਰਕ ਸਿਫਤ ਭੇਟ ਕਰਦੀ ਹੈ, ਕੋਈ ਹੋਰ ਬੰਦਾ ਉਸ ਸਿਫਤ ਨੂੰ ਖੋਹਣਾ ਵੀ ਚਾਹੇ ਤਾਂ ਨਹੀਂ ਖੋਹ ਸਕਦਾ। ਅਸਲ ‘ਚ ਉਸ ਦੀ ਨਕਲ ਕਰਨ ਵਾਲਿਆਂ ‘ਚ ਫਰਕ ਸੋਨੇ ਤੇ ਪਿੱਤਲ ਵਰਗਾ ਹੀ ਹੁੰਦਾ ਹੈ। ਸੋ, ਆਲਮ ਲੁਹਾਰ ਦੀ ਗਾਇਕੀ ਦੀ ਨਕਲ ਕਰਨ ਵਾਲਿਆਂ ਨੂੰ ਸਫਲਤਾ ਨਾ ਮਿਲ ਸਕੀ। ਅਜਿਹੇ ਗਾਇਕ ਆਲਮ ਲੁਹਾਰ ਦਾ ਬਦਲ ਨਾ ਬਣ ਸਕੇ ਤੇ ਨਾ ਹੀ ਪੰਜਾਬੀ ਸਰੋਤਿਆਂ ਨੇ ਆਲਮ ਲੁਹਾਰ ਦੀ ਗੱਦੀ ‘ਤੇ ਬੈਠਣਾ ਤੇ ਨਕਲ ਕਰਨ ਵਾਲੇ ਗਾਇਕਾਂ ਨੂੰ ਕਬੂਲ ਕੀਤਾ।
ਆਲਮ ਲੁਹਾਰ ਜਦ ਮਿਰਜ਼ਾ-ਸਾਹਿਬਾਂ ਆਪਣੀ ਤਿੱਖੀ, ਉਚੀ ਤੇ ਸੁਰੀਲੀ ਆਵਾਜ਼ ‘ਚ ਗਾਉਂਦਾ ਸੀ ਤਾਂ ਪੰਜਾਬੀਆਂ ਦੇ ਮੁਖੜੇ ਲਾਲੋ-ਲਾਲ ਹੋ ਜਾਂਦੇ ਸਨ। ਉਹਨੂੰ ਸਭ ਤੋਂ ਵੱਧ ਸ਼ੁਹਰਤ ਮਿਰਜ਼ਾ-ਸਾਹਿਬਾਂ ਗਾਉਣ ‘ਤੇ ਹੀ ਮਿਲੀ, ਇਹ ਉਸ ਦੀ ਪਛਾਣ ਬਣ ਗਏ। ਜਦ ਆਲਮ ਲੁਹਾਰ ਮਿਰਜ਼ਾ-ਸਾਹਿਬਾਂ ਗਾਉਂਦਾ ਤਾਂ ਇੰਜ ਲਗਦਾ ਜਿਵੇਂ ਹਵਾਵਾਂ-ਫਿਜ਼ਾਵਾਂ ‘ਚ ਦਲੇਰੀ ਤੇ ਆਸ਼ਕੀ ਦਾ ਤੂਫਾਨ ਮਚ ਗਿਆ ਹੋਵੇ।
ਇਨਸਾਨੀ ਫਿਤਰਤ, ਮਕਰ-ਫਰੇਬ ਤੇ ਚਤੁਰਾਈ ਨੂੰ ਜਿਵੇਂ ਆਲਮ ਲੁਹਾਰ ਨੇ ਖੂਬਸੂਰਤੀ ਤੇ ਸੋਚਾਂ ਦੀ ਡੂੰਘਾਈ ਨਾਲ ਗਾਇਆ ਹੈ, ਉਹ ਹਰ ਪੰਜਾਬੀ ਲਈ ਹੈਰਾਨਕੁਨ ਤੇ ਰਿਸ਼ਤਿਆਂ ਦੇ ਰੰਗ ਦੇਖਣ ਤੇ ਮਹਿਸੂਸ ਕਰਨ ਦਾ ਸਭ ਤੋਂ ਕਮਾਲ ਦਾ ਅਨੋਖਾ ਅੰਦਾਜ਼ ਹੈ।
ਉਹਨੇ ਸਦਾ ਪੰਜਾਬੀ ਸੱਭਿਆਚਾਰ ਨੂੰ ਹੀ ਆਪਣੀ ਪਛਾਣ ਬਣਾਇਆ। ਗਲ ਕੱਢਿਆ ਹੋਇਆ ਰੰਗ-ਰੰਗੀਲਾ ਕੁੜਤਾ। ਲੱਕ ਸੋਹਣੇ ਤੇ ਗੂੜ੍ਹੇ ਰੰਗ ਵਾਲਾ ਲਾਚਾ (ਧੋਤੀ), ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਖੁੱਸਾ; ਲੰਮੀਆਂ ਜ਼ੁਲਫਾਂ, ਭਰਿਆ-ਭਰਿਆ ਸਰੀਰ, ਕੱਦ ਦਰਮਿਆਨਾ ਤੇ ਹੱਥ ਵਿਚ ਚਿਮਟਾ; ਗਾਉਂਦਿਆਂ ਜਦ ਇਕ ਖਾਸ ਅੰਦਾਜ਼ ਨਾਲ ਸਿਰ ਨੂੰ ਝਟਕਾ ਦਿੰਦਾ ਤਾਂ ਕੇਸ ਖਾਸ ਅੰਦਾਜ਼ ਨਾਲ ਹਵਾ ‘ਚ ਲਹਿਰਾ ਜਾਂਦੇ, ਜਿਵੇਂ ਕਬੂਤਰ ਦੇ ਪਰ ਫਿਜ਼ਾ ‘ਚ ਦਿਲ ਮੋਹ ਲੈਣ ਵਾਲੇ ਢੰਗ ਨਾਲ ਫੜਫੜਾਉਂਦੇ ਹਨ।
ਮਹਾਨ ਗਾਇਕ ਸੀ, ਆਲਮ ਲੁਹਾਰ। ਗਾਇਕੀ ‘ਚ ਉਸ ਦਾ ਸਾਥ ਫਜ਼ਲ ਕਰੀਮ ਕਿਸਾਈ ਅਲਗੋਜ਼ੇ ਵਾਲਾ ਦਿੰਦਾ ਸੀ। ਫਜ਼ਲ ਕਰੀਮ ਕਿਸਾਈ ਦੋ ਅਲਗੋਜ਼ੇ ਇਕੱਠੇ ਮੂੰਹ ‘ਚ ਲੈ ਕੇ ਵਜਾਉਂਦਾ ਸੀ। ਆਲਮ ਲੁਹਾਰ ਦੀ ਬੜ੍ਹਕਾਂ ਮਾਰਦੀ ਤੇ ਲਹਿਰਾਉਂਦੀ ਆਵਾਜ਼ ਅਤੇ ਫਜ਼ਲ ਕਰੀਮ ਕਿਸਾਈ ਦੇ ਅਲਗੋਜ਼ਿਆਂ ਦੀਆਂ ਮਦ ਭਰੀਆਂ ਕੂਕਾਂ ਮਾਰਦੀਆਂ ਆਵਾਜ਼ਾਂ, ਦਿਲ ‘ਚ ਇਸ਼ਕੀਆ ਜੋਸ਼ ਨੂੰ ਉਬਾਲੇ ਚਾੜ੍ਹ ਦਿੰਦੀਆਂ।
ਆਲਮ ਲੁਹਾਰ ਮਸ਼ਹੂਰ ਸੂਫੀ ਬਜੁਰਗ ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ‘ਤੇ ਸਲਾਮ ਕਰਨ ਰੇਲ ਗੱਡੀ ਰਾਹੀਂ ਸੂਬਾ ਸਿੰਧ ਦੇ ਸ਼ਹਿਰ ਹੈਦਰਾਬਾਦ ਜਾ ਰਿਹਾ ਸੀ। ਹੈਦਰਾਬਾਦ ਦੇ ਸਟੇਸ਼ਨ ‘ਤੇ ਉਤਰ ਕੇ ਆਲਮ ਲੁਹਾਰ ਤੇ ਉਸ ਦੇ ਚਾਰ ਸਾਥੀ ਵੈਗਨ ‘ਚ ਸਵਾਰ ਹੋ ਕੇ, ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ਵੱਲ ਰਾਹੇ ਪੈ ਗਏ। ਰਾਹ ‘ਚ 80-100 ਕਿਲੋਮੀਟਰ ਤੋਂ ਵੀ ਵੱਧ ਰਫਤਾਰ ‘ਤੇ ਦੌੜਦੀ ਵੈਗਨ ਬੱਸ ਨਾਲ ਟਕਰਾ ਗਈ। ਇਸ ਸੜਕ ਹਾਦਸੇ ਕਾਰਨ ਆਲਮ ਲੁਹਾਰ ਦੀ ਲੱਤ ਟੁੱਟ ਗਈ। ਹਸਪਤਾਲ ‘ਚ ਕਈ ਦਿਨ ਇਲਾਜ ਚਲਦਾ ਰਿਹਾ। ਇਲਾਜ ਪਿਛੋਂ ਪੰਜਾਬ ਪਰਤ ਕੇ ਉਹਨੇ ਗੀਤ ਲਿਖਿਆ ਤੇ ਆਪ ਹੀ ਗਾਇਆ। ਇਹ ਗੀਤ ਪੰਜਾਬੀਆਂ ਦੇ ਬਹੁਤ ਦਿਲ ਲੱਗਾ ਸੀ। ਗੀਤ ਦੇ ਬੋਲ ਸਨ:
ਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ
ਕਿਸੇ ਨੇ ਮੇਰੀ ਗੱਲ ਨਾ ਸੁਣੀ।
ਸੀਨੇ ਲਾ ਕੇ ਘੁੱਟ ਲਈਆਂ ਬਾਹਾਂ ਮੇਰੀਆਂ
ਆਲਮ ਦੇਖਿਆ ਤੇ ਲੋਕਾਂ ਅੱਖਾਂ ਫੇਰੀਆਂ।
ਟੁੱਟੀ ਲੱਤ ਨੂੰ ਦਿਖਾਇਆ ਕਈ ਵਾਰ ਮੈਂ,
ਕਿਸੇ ਨੇ ਮੇਰੀ ਗੱਲ ਨਾ ਸੁਣੀ।
ਆਲਮ ਲੁਹਾਰ ਦੇ 8 ਪੁੱਤਰ ਹਨ। ਇਨ੍ਹਾਂ ਵਿਚੋਂ ਸਭ ਤੋਂ ਛੋਟਾ ਪੁੱਤਰ ਆਰਫ ਲੁਹਾਰ ਪੰਜਾਬੀ ਗਾਇਕੀ ਦੇ ਮੈਦਾਨ ‘ਚ ਨਿੱਤਰ ਕੇ ਪੰਜਾਬੀਆਂ ਦੇ ਦਿਲਾਂ ‘ਚ ਵਸਦਾ ਹੈ। ਆਲਮ ਲੁਹਾਰ ਦੇ ਸੱਤ ਪੁੱਤਰ ਇੰਗਲੈਂਡ ਦੇ ਵਸਨੀਕ ਬਣ ਗਏ ਹਨ। ਕੇਵਲ ਆਰਫ ਲੁਹਾਰ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੀਆਂ ਕਹਾਣੀਆਂ ਗੀਤਾਂ ਦੇ ਰੂਪ ਵਿਚ ਗਾ ਕੇ ਪੰਜਾਬੀਆਂ ਨੂੰ ਪੰਜਾਬੀ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਿਹਾ ਹੈ।
ਜੁਗਨੀ ਆਲਮ ਲੁਹਾਰ ਦੀ ਖਾਸ ਪਛਾਣ ਬਣ ਗਈ ਸੀ। ਉਹਨੇ ਅਜਿਹੀ ਜੁਗਨੀ ਗਾਈ ਕਿ ਉਹ ਪੂਰੀ ਦੁਨੀਆਂ ‘ਚ ਪ੍ਰਸਿਧੀ ਦੇ ਅੱਧ-ਅਸਮਾਨ ਤੱਕ ਪਹੁੰਚ ਗਿਆ। ਜੁਗਨੀ ਤਾਂ ਕਈ ਗਾਇਕਾਂ ਨੇ ਗਾਈ, ਪਰ ਆਲਮ ਲੁਹਾਰ ਵਰਗੀ ਗੱਲ ਨਾ ਬਣੀ। ਆਲਮ ਲੁਹਾਰ ਤੇ ਜੁਗਨੀ ਦੋ ਹੋ ਕੇ ਵੀ ਇਕ ਹਨ। ਇਹ ਪਛਾਣ ਪੰਜਾਬੀਆਂ ਦੇ ਦਿਲਾਂ ਵਿਚੋਂ ਕਦੀ ਨਹੀਂ ਨਿਕਲੇਗੀ।
3 ਜੁਲਾਈ 1984 ਨੂੰ ਹੋਇਆ ਖਤਰਨਾਕ ਕਾਰ ਹਾਦਸਾ ਆਲਮ ਲੁਹਾਰ ਦੀ ਮੌਤ ਦਾ ਸਬਬ ਬਣ ਗਿਆ। ਉਸ ਨੇ ਆਪਣੇ ਪੁੱਤਰ ਆਰਿਫ ਲੁਹਾਰ ਨੂੰ ਫੋਨ ਕੀਤਾ, ਪੁੱਤਰ ਮੈਂ 12 ਵਜੇ ਦੁਪਹਿਰ ਤੱਕ ਘਰ ਪਹੁੰਚ ਜਾਵਾਂਗਾ। ਉਸ ਸਮੇਂ ਤੱਕ ਤੂੰ ਮੇਰੇ ਲਈ ਖਾਣਾ ਤਿਆਰ ਕਰਵਾ ਛੱਡੀਂ। ਆਪਾਂ ਰਲ-ਮਿਲ ਬਹਿ ਕੇ ਖਾਣਾ ਖਾਵਾਂਗੇ। ਉਨ੍ਹਾਂ ਦਿਨਾਂ ‘ਚ ਆਲਮ ਲੁਹਾਰ ਸਮਨਾਂਬਾਦ (ਲਾਹੌਰ) ਰਹਿੰਦਾ ਸੀ।
ਘਰ ਵਾਲਿਆਂ ਖਾਣਾ ਤਿਆਰ ਕਰਕੇ ਰੱਖ ਲਿਆ, ਪਰ ਆਲਮ ਲੁਹਾਰ ਨਾ ਆਇਆ। ਉਸ ਦੀ ਫੁੱਲਾਂ ਨਾਲ ਲੱਦੀ ਲਾਸ਼ ਘਰ ਪਹੁੰਚੀ। ਅਜਿਹੀ ਹੀ ਅਫਸੋਸਨਾਕ ਦੁਰਘਟਨਾ ਦੇ ਸਮੇਂ ਲਈ ਆਲਮ ਲੁਹਾਰ ਦੇ ਮੂੰਹੋਂ ਇਹ ਵਿਛੋੜੇ ਭਰਿਆ ਗੀਤ ਕੁਦਰਤ ਨੇ ਗਵਾਇਆ ਸੀ, ਗੀਤ ਦੇ ਸ਼ਿਅਰ ਦੇਖੋ:
ਦਿਲ ਵਾਲਾ ਦੁਖੜਾ ਨਈਂ
ਕਿਸੇ ਨੂੰ ਸੁਣਾਈਦਾ।
ਆਪਣੀਆਂ ਸੋਚਾਂ ਵਿਚ
ਆਪੇ ਡੁੱਬ ਜਾਈਦਾ।
ਆਪ ਵੀ ਨਾ ਆਇਓਂ
ਸਾਨੂੰ ਖਤ ਵੀ ਨਾ ਘੱਲਿਆ।
ਜ਼ਿੰਦਗੀ ਦਾ ਦੀਵਾ ਮੇਰਾ
ਇਵੇਂ ਬੁਝ ਚੱਲਿਆ।
ਹੋਰ ਕੀ ਮੈਂ ਆਖਾਂ,
ਤੈਨੂੰ ਇੰਜ ਨਈਂ ਸੀ ਚਾਹੀਦਾ।
ਸਾਰਾ ਪੰਜਾਬ ਆਲਮ ਲੁਹਾਰ ਦੇ ਅਚਾਨਕ ਵਿਛੋੜੇ ਦੇ ਦੁੱਖ ‘ਚ ਡੁੱਬ ਗਿਆ। ਪੰਜਾਬੀ ਗਾਇਕੀ ਦਾ ਚੰਨ ਚੌਦਵੀਂ ਰਾਤ ਨੂੰ ਹੀ ਡੁੱਬ ਕੇ ਦਿਲਾਂ ‘ਚ, ਦੁੱਖ ਤੇ ਜੁਦਾਈਆਂ ਦਾ ਹਨੇਰ ਪਾ ਗਿਆ। ਸਾਡੇ ਪੰਜਾਬ ਦੇ ਗਾਇਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜੋੜੀ ਰੱਖਣ ਲਈ ਕੜੀ ਦਾ ਕਿਰਦਾਰ ਨਿਭਾਉਂਦੇ ਆ ਰਹੇ ਹਨ ਤੇ ਨਿਭਾਉਂਦੇ ਰਹਿਣਗੇ। ਆਲਮ ਲੁਹਾਰ ਸਭ ਦਾ ਹੈ; ਜਿਵੇਂ ਚੜ੍ਹਦਾ ਤੇ ਲਹਿੰਦਾ ਪੰਜਾਬ ਦੋਹਾਂ ਪਾਸਿਆਂ ਦਾ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿਚੋਂ ਆਲਮ ਲੁਹਾਰ ਦੀ ਯਾਦ ਨੂੰ ਕਦੀ ਨਹੀਂ ਮਿਟਾਇਆ ਜਾ ਸਕਦਾ।