ਮਰਣੁ ਮੁਣਸਾ ਸੂਰਿਆ ਹਕੁ ਹੈ…

ਡਾ. ਅਜੀਤ ਸਿੰਘ ਕੋਟਕਪੂਰਾ
ਫੋਨ: 585-305-0443
ਸਿਆਣਿਆਂ ਦਾ ਫੁਰਮਾਨ ਹੈ, ਜਿਉਣਾ ਝੂਠ ਤੇ ਮਰਨਾ ਸੱਚ| ਜੇ ਮੌਤ ਇੱਕ ਸੱਚਾਈ ਹੈ ਤਾਂ ਅਸੀਂ ਇੰਨਾ ਅਡੰਬਰ ਕਿਉਂ ਰਚਦੇ ਹਾਂ? ਕੀ ਅਸੀਂ ਇੱਕ ਕਫਨ ਲੈਣ ਲਈ ਇੰਨਾ ਲੰਬਾ ਪੈਂਡਾ ਤੈਅ ਕਰਦੇ ਹਾਂ? ਇਸ ਅਜੀਬ ਸੋਚ ਨੇ ਮੇਰੇ ‘ਤੇ ਅਸਰ ਕੀਤਾ ਹੈ ਤੇ ਸੱਚ ਲੱਭਣ ਦੇ ਯਤਨ ਵਿਚ ਮੈਂ ਜਿੰਨਾ ਅੱਗੇ ਵਧਦਾ ਹਾਂ, ਮਹਿਸੂਸ ਹੁੰਦਾ ਹੈ ਕਿ ਡੂੰਘੇ ਹਨੇਰੇ ਵਿਚ ਘਿਰਦਾ ਜਾ ਰਿਹਾ ਹਾਂ| ਦੁਨੀਆਂ ਦੇ ਵੱਖ ਵੱਖ ਧਰਮਾਂ ਦੀਆਂ ਕਿਤਾਬਾਂ ਦਾ ਅਧਿਐਨ ਕਰਨ ਦਾ ਯਤਨ ਕਰਦਾ ਹਾਂ, ਹਰ ਧਰਮ ਵੱਖਰੇ ਤੌਰ ‘ਤੇ ਸਮਝਾਉਣ ਦੇ ਯਤਨ ਕਰਦਾ ਹੈ|

ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ॥
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ॥੨॥
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥੩॥
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ॥
ਕੰਚਨ ਵੰਨੇ ਪਾਸੇ ਕਲਵਿਤ ਚੀਰਿਆ॥੪॥
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥
ਜਿਸੁ ਆਸਿਣ ਹਮ ਬੈਠੇ ਕੇਤੇ ਬੈਸਿ ਗਇਆ॥੫॥
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ॥
ਸੀਆਲੇ ਸੋਹੰਦੀਆਂ ਪਿਰ ਗਿਲ ਬਾਹੜੀਆਂ॥੬॥
ਚਲੇ ਚਲਣਹਾਰ ਵਿਚਾਰਾ ਲੇਇ ਮਨੋ॥
ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ॥੭॥
ਜਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥
ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ॥੮॥੨॥ (ਪੰਨਾ 488)
ਬਾਬਾ ਸ਼ੇਖ ਫਰੀਦ ਰਾਗ ਆਸਾ ਵਿਚ ਵਰਣਨ ਕਰਦੇ ਹਨ, ਜੇ ਅਸੀਂ ਜਾਣਦੇ ਹਾਂ ਕਿ ਅਖੀਰ ਮਰਨਾ ਹੈ ਤੇ ਫੇਰ ਵਾਪਸ ਵੀ ਨਹੀਂ ਆਉਣਾ, ਤਾਂ ਇਸ ਝੂਠੀ ਦੁਨੀਆਂ ਵਿਚ ਮਸਤ ਹੋ ਕੇ ਆਪਣਾ ਆਪ ਕਿਉਂ ਗਵਾ ਰਹੇ ਹਾਂ? ਸਦਾ ਸੱਚ ਦਾ ਪੱਲਾ ਫੜੀਏ ਤੇ ਆਪਣੇ ਗੁਰੂ ਦੇ ਦੱਸੇ ਰਾਹ ‘ਤੇ ਚੱਲੀਏ| ਜਵਾਨਾਂ ਦਾ ਤੁਰ ਜਾਣਾ ਦੇਖ ਕੇ ਕਮਜ਼ੋਰ ਔਰਤ ਦਾ ਮਨ ਵੀ ਹੌਸਲਾ ਕਰ ਲੈਂਦਾ ਹੈ| ਮਨ ਸਮਝਾਉਣ ਦਾ ਯਤਨ ਕੀਤਾ ਹੈ ਕਿ ਤੂੰ ਸੰਤ ਜਨਾਂ ਦੀ ਸੰਗਤ ਕਰ, ਜੋ ਸੋਨੇ ਵਾਲੇ ਪਾਸੇ ਅਰਥਾਤ ਮਾਇਆ ਵਿਚ ਉਲਝ ਜਾਂਦੇ ਹਨ, ਉਹ ਆਰੇ ਨਾਲ ਚੀਰੇ ਜਾਂਦੇ ਹਨ| ਇਸ ਸੰਸਾਰ ‘ਤੇ ਕੋਈ ਵੀ ਸਥਿਰ ਨਹੀਂ ਰਹਿ ਸਕਿਆ, ਜਿਸ ਥਾਂ ‘ਤੇ ਹੁਣ ਬੈਠੇ ਹਾਂ, ਕਿੰਨੇ ਹੀ ਬੈਠ ਕੇ ਜਾ ਚੁਕੇ ਹਨ| ਮਿਸਾਲ ਸਮੇਤ ਦਸਿਆ ਹੈ ਕਿ ਇਹ ਜੱਗ ਚੱਲਣਹਾਰ ਹੈ। ਜਮੀਨ-ਅਸਮਾਨ ਇਸ ਦੇ ਗਵਾਹ ਹਨ ਕਿ ਬੇਅੰਤ ਲੋਕ-ਛੋਟੇ ਤੇ ਵੱਡੇ ਇਸ ਦੁਨੀਆਂ ਤੋਂ ਜਾ ਚੁਕੇ ਹਨ, ਉਨ੍ਹਾਂ ਦੇ ਸਰੀਰ ਕਬਰਾਂ ਵਿਚ ਗਲ ਚੁਕੇ ਹਨ, ਅਤੇ ਕੀਤੇ ਕੰਮਾਂ ਦਾ ਲੇਖਾ ਤਾਂ ਦੇਣਾ ਹੀ ਪੈਂਦਾ ਹੈ|
ਇਤਿਹਾਸ ਅਨੁਸਾਰ ਜਦ ਬਾਬਾ ਬੁੱਢਾ ਜੀ ਬਾਰਾਂ ਸਾਲ ਦੇ ਹੋਏ ਤਾਂ ਗੁਰੂ ਨਾਨਕ ਦੇਵ ਫਿਰਦੇ ਹੋਏ ਰਾਮਦਾਸ ਕੋਲ ਆ ਰੁਕੇ| ਇਨ੍ਹਾਂ ਨੇ ਬਾਬੇ ਨਾਨਕ ਦੇ ਦਰਸ਼ਨ ਕੀਤੇ ਅਤੇ ਇਨ੍ਹਾਂ ਨੂੰ ਗੁਰੂ ਜੀ ਬੜੇ ਪਿਆਰੇ ਲੱਗੇ ਤੇ ਮਨ ਵਿਚ ਗੁਰੂ ਜੀ ਦੀ ਸੇਵਾ ਕਰਨ ਦਾ ਚਾਅ ਪੈਦਾ ਹੋਇਆ| ਉਹ ਉਨ੍ਹਾਂ ਲਈ ਦੁੱਧ ਅਤੇ ਮੱਖਣ ਦੇ ਪੈੜੇ ਲੈ ਕੇ ਹਾਜਰ ਹੋਏ|
ਗੁਰੂ ਜੀ ਨੇ ਪੁੱਛਿਆ, “ਕਾਕਾ ਤੇਰਾ ਨਾਂ ਕੀ ਹੈ ਅਤੇ ਕੰਮ ਕੀ ਕਰਦਾ ਹੈਂ?
“ਸੱਚੇ ਪਾਤਸ਼ਾਹ! ਮਾਪਿਆਂ ਨੇ ਮੇਰਾ ਨਾਂ ਬੂੜਾ ਰਖਿਆ ਹੈ, ਤੇ ਮੈਂ ਮੱਝੀਆਂ ਦਾ ਵਾਗੀ ਹਾਂ|”
“ਤੂੰ ਸਾਡੇ ਪਾਸ ਕੀ ਇੱਛਾ ਧਾਰ ਕੇ ਆਇਆ ਹੈਂ, ਕੀ ਚਾਹੁੰਦਾ ਹੈਂ?”
“ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁੱਖ ਤੋਂ ਬਚਾਓ| ਇਸ ਚੁਰਾਸੀ ਦੇ ਗੇੜ ‘ਚੋਂ ਕੱਢ ਕੇ ਮੁਕਤੀ ਪ੍ਰਦਾਨ ਕਰੋ|”
ਗੁਰੂ ਜੀ ਕਹਿਣ ਲੱਗੇ, ਤੇਰੀ ਖੇਡਣ ਦੀ ਉਮਰ ਹੈ, ਤੈਨੂੰ ਮੌਤ ਅਤੇ ਮੁਕਤੀ ਦੇ ਖਿਆਲਾਂ ਦਾ ਧਿਆਨ ਵੱਡੇ ਹੋ ਕੇ ਕਰਨ ਦੀ ਲੋੜ ਹੈ, ਤਾਂ ਬੂੜੇ ਨੇ ਆਖਿਆ, ਹੋ ਸਕਦਾ ਹੈ ਮੈਂ ਵੱਡਾ ਨਾ ਹੋਵਾਂ ਅਤੇ ਮੌਤ ਪਹਿਲਾਂ ਹੀ ਘੇਰ ਲਵੇ|
ਗੁਰੂ ਜੀ ਦੇ ਪੁੱਛਣ ‘ਤੇ ਕਿ ਇਹ ਵਿਚਾਰ ਤੇਰੇ ਮਨ ਵਿਚ ਕਿਵੇਂ ਆਇਆ? ਬੂੜੇ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਝ ਪਠਾਣ ਸਾਡੇ ਪਿੰਡ ਵਿਚੋਂ ਲੰਘਦੇ ਬਦੋ ਬਦੀ ਸਾਡੀਆਂ ਕੱਚੀਆਂ, ਪੱਕੀਆਂ ਅਤੇ ਅੱਧ ਪੱਕੀਆਂ ਫਸਲਾਂ ਵੱਢ ਕੇ ਲੈ ਗਏ| ਇਸੇ ਤਰ੍ਹਾਂ ਮੌਤ ਵੀ ਜਦੋਂ ਮਰਜੀ ਬੱਚੇ, ਗੱਭਰੂ ਅਤੇ ਬੁੜ੍ਹੇ ਨੂੰ ਆ ਕੇ ਨੱਪ ਲਵੇਗੀ| ਮੈਨੂੰ ਮੌਤ ਤੋਂ ਡਰ ਲਗਦਾ ਹੈ ਤੇ ਮੇਰਾ ਇਹ ਡਰ ਦੂਰ ਕਰ ਦਿਓ, ਸੱਚੇ ਪਾਤਸ਼ਾਹ ਜੀ|
ਗੁਰੂ ਜੀ ਨੇ ਹੱਸ ਕੇ ਕਿਹਾ, “ਰੱਬ ਮੌਤ ਤੋਂ ਕੀਤੇ ਵੱਡਾ ਤੇ ਬਲਵਾਨ ਹੈ, ਜੇ ਤੂੰ ਰੱਬ ਦਾ ਹੋ ਜਾਵੇਂ ਤਾਂ ਮੌਤ ਤੈਨੂੰ ਡਰਾ ਨਹੀਂ ਸਕੇਗੀ ਅਤੇ ਉਹ ਤੇਰੇ ਤੋਂ ਡਰਨ ਲੱਗੇਗੀ। ਤੂੰ ਜਨਮ-ਮਰਨ ਦੇ ਗੇੜ ਤੋਂ ਮੁਕਤ ਹੋ ਜਾਵੇਂਗਾ| ਰੱਬ ਦਾ ਨਾਂ ਲਿਆ ਕਰ, ਉਸ ਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ, ਪ੍ਰੇਮ ਨਾਲ ਸੇਵਾ ਕਰਿਆ ਕਰ, ਤੇਰੇ ਸਭ ਦੁਖ ਦੂਰ ਹੋ ਜਾਣਗੇ|”
ਇਹ ਸੱਚ ਹੈ ਕਿ ਜਦੋਂ ਵੀ ਕੋਈ ਜੀਵ-ਜੰਤੂ, ਮਨੁੱਖ ਪੈਦਾ ਹੁੰਦਾ ਹੈ, ਮੌਤ ਰਾਣੀ ਬਣ ਉਸ ਦੇ ਮੋਢਿਆਂ ‘ਤੇ ਸਵਾਰ ਹੋ ਕੇ ਨਾਲ ਨਾਲ ਚਲਦੀ ਹੈ ਅਤੇ ਜਦੋਂ ਮਨ ਕਰਦਾ ਹੈ, ਉਸ ਨੂੰ ਦਬੋਚ ਲੈਂਦੀ ਹੈ| ਸਟੋਰਾਂ ‘ਤੇ ਵਸਤਾਂ ਵੇਚਣ ਲਈ ਪ੍ਰਬੰਧ ਕਰਤਾ ਨੇ ਫਿਫੋ (ਾਂਰਿਸਟ ਨਿ ਾਂਰਿਸਟ ੁਟ ੋਰ ਾਂਾਂੌ), ਲਿਫੋ (.ਅਸਟ ਨਿ ਾਂਰਿਸਟ ੁਟ ੋਰ .ਾਂੌ) ਅਤੇ ਹਿਫੋ (੍ਹਗਿਹeਸਟ ਨਿ ਾਂਰਿਸਟ ੁਟ ੋਰ ੍ਹਾਂੌ) ਨਿਯਮ ਬਣਾਏ ਹਨ, ਪਰ ਮੌਤ ਇਨ੍ਹਾਂ ਵਿਚੋਂ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਕਰਦੀ ਤੇ ਜਦੋਂ ਮਰਜ਼ੀ ਬਿਨਾ ਉਮਰ ਦਾ ਹਿਸਾਬ ਕੀਤੇ ਪਹਿਲਾਂ ਜਾਂ ਪਿਛੋਂ ਆਇਆਂ ਨੂੰ, ਅਕਲਵੰਦ ਜਾਂ ਅਕਲਬੰਦ ਨੂੰ ਇਸ ਹੱਸਦੀ ਵੱਸਦੀ ਦੁਨੀਆਂ ਤੋਂ ਚਲੇ ਜਾਣ ਦਾ ਹੁਕਮ ਸੁਣਾ ਦਿੰਦੀ ਹੈ| ਸੂਰਜ ਚੜ੍ਹਦਾ ਹੈ, ਦਿਨ ਹੁੰਦਾ ਹੈ ਅਤੇ ਫਿਰ ਰਾਤ ਆ ਜਾਂਦੀ ਹੈ ਤਾਂ ਸੂਰਜ ਚਲਾ ਜਾਂਦਾ ਹੈ ਤੇ ਚੰਦ੍ਰਮਾ ਦਿਸਦਾ ਹੈ| ਧਰਤੀ ਦੀ ਧੀਮੀ ਚਾਲ ਸਦਕਾ ਦਿਨ-ਰਾਤ ਅਨੁਸਾਰ ਸਮਾਂ ਅੱਗੇ ਵਧਦਾ ਹੈ| ਪੌਦੇ ਉਗਦੇ ਹਨ, ਫੁੱਲ ਤੇ ਫਲ ਲਗਦੇ ਹਨ| ਫੁੱਲ ਦਾ ਸਮਾਂ ਖਤਮ ਹੋ ਜਾਣ ‘ਤੇ ਫੁੱਲ ਝੜ ਜਾਂਦੇ ਹਨ ਅਤੇ ਕੁਝ ਫੁੱਲ ਤੋਂ ਫਲ ਤਿਆਰ ਹੋ ਜਾਂਦੇ ਹਨ| ਫਲ ਪੱਕਦਾ ਹੈ ਤੇ ਪੱਕਣ ਪਿਛੋਂ ਧਰਤੀ ‘ਤੇ ਡਿਗ ਪੈਂਦਾ ਹੈ| ਮਨੁੱਖ, ਪਸੂ ਜਾਂ ਪੰਛੀ ਇਸ ਨੂੰ ਖਾ ਲੈਂਦੇ ਹਨ ਅਤੇ ਉਸ ਦੇ ਅੰਦਰਲਾ ਬੀਜ ਫਿਰ ਧਰਤੀ ਤਕ ਪੁਜ ਜਾਂਦਾ ਹੈ। ਉਸ ਬੀਜ ਤੋਂ ਨਵਾਂ ਪੌਦਾ ਬਣ ਜਾਂਦਾ ਹੈ ਤੇ ਇਹ ਕ੍ਰਿਆ ਦੁਹਰਾਈ ਜਾਂਦੀ ਹੈ|
ਇਸੇ ਤਰ੍ਹਾਂ ਮਨੁੱਖ ਜਨਮ ਲੈਂਦਾ ਹੈ, ਵੱਡਾ ਹੁੰਦਾ ਹੈ, ਦੁਨਿਆਵੀ ਕੰਮ ਕਰਦਾ ਹੈ, ਜੀਵਨ ਸੌਖਾ ਕਰਨ ਲਈ ਹਰ ਹੀਲਾ ਵਰਤਦਾ ਹੈ, ਤੇ ਅੰਤ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ| ਇਹੋ ਜੀਵਨ ਦਾ ਅਟੱਲ ਸੱਚ ਹੈ ਕਿ ਕੁਦਰਤ ਦੀ ਹਰ ਸਿਰਜਣਾ ਦਾ ਅੰਤ ਹੋਣਾ ਹੈ ਅਤੇ ਇਸ ਨੂੰ ਟਾਲਣਾ ਵੀ ਸੰਭਵ ਨਹੀਂ ਹੈ, ਜਿਸ ਨੂੰ ਸਮੇਂ ਸਮੇਂ ਦੇ ਵਿਚਾਰਵਾਨਾਂ ਨੇ ਵੱਖ ਵੱਖ ਸ਼ਬਦਾਂ ਰਾਹੀਂ ਵਰਣਨ ਕੀਤਾ ਹੈ| ਫਿਲਮ ‘ਮੁਕੱਦਰ ਕਾ ਸਿਕੰਦਰ’ ਦਾ ਗੀਤ ਹੈ,
ਜਿੰ.ਦਗੀ ਤੋ ਬੇਵਫਾ ਹੈ ਏਕ ਦਿਨ ਠੁਕਰਾਏਗੀ
ਮੌਤ ਮਹਿਬੂਬਾ ਅਪਨੇ ਸਾਥ ਲੇ ਕਰ ਜਾਏਗੀ।
ਮੌਤ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਇਸ ਦਾ ਡਰ ਸਾਨੂੰ ਭੈ ਭੀਤ ਕਰਦਾ ਰਹੇਗਾ, ਜਦੋਂ ਤਕ ਇਸ ਰਹੱਸ ਤੋਂ ਪਰਦਾ ਨਹੀਂ ਉਠਾਇਆ ਜਾਂਦਾ| ਕੁਝ ਲੋਕ ਮੌਤ ਤੋਂ ਨਹੀਂ ਡਰਦੇ ਸਗੋਂ ਮੌਤ ਦੇ ਢੰਗ ਤਰੀਕੇ ਤੋਂ ਡਰਦੇ ਹਨ| ਕਈਆਂ ਨੂੰ ਮੌਤ ਦੀ ਉਡੀਕ ਕਰਨੀ ਪੈਂਦੀ ਹੈ, ਗੀਤਾ ਪਾਠ ਕਰਨ ਪਿਛੋਂ ਵੀ ਮੌਤ ਡਰਾ ਰਹੀ ਹੁੰਦੀ ਹੈ ਤਾਂ ਪ੍ਰੇਸ਼ਾਨੀ ਵਧਦੀ ਹੈ| ਜੇ ਮੌਤ ਦਾ ਡਰ ਨਾ ਹੁੰਦਾ ਤਾਂ ਧਰਮ ਦਾ ਫੈਲਾਓ ਇੰਨਾ ਨਹੀਂ ਸੀ ਹੋਣਾ, ਜੋਤਿਸ਼ ਦੀਆਂ ਕਿਤਾਬਾਂ ਦੀ ਪੁਛ-ਪ੍ਰਤੀਤ ਨਹੀਂ ਸੀ ਹੋਣੀ| ਜਵਾਨ ਉਮਰੇ ਮੌਤ ਦਾ ਘੇਰਾ ਵੱਧ ਦੁਖਦਾਈ ਹੁੰਦਾ ਹੈ, ਕਿਉਂ ਜੋ ਸਾਡੀਆਂ ਆਸਾਂ ਨੂੰ ਫਲ ਲੱਗਣ ਪਿਛੋਂ ਜੋ ਫਾਇਦਾ ਹੋਣਾ ਹੁੰਦਾ ਹੈ, ਉਸ ਫਸਲ ਨੂੰ ਰੱਬ ਗੜੇ ਪਾ ਕੇ ਪੂਰੀ ਤਰ੍ਹਾਂ ਵਿਗਾੜ ਦਿੰਦਾ ਹੈ ਅਤੇ ਜ਼ਿੰਦਗੀ ਦੀ ਗੱਡੀ ਹਾਦਸੇ ਕਾਰਨ ਚਲਣ ਤੋਂ ਅਸਮਰਥ ਹੋ ਜਾਂਦੀ ਹੈ| ਜੇ ਮੌਤ ਦੇ ਜਮਾਂ ਨੇ ਸਾਡੇ ਦਰ ‘ਤੇ ਪੁਜਣਾ ਹੀ ਹੈ ਤਾਂ ਫਿਰ ਅਸੀਂ ਇਸ ਨਾਲ ਲੁਕਣ ਮੀਚੀ ਨਾ ਖੇਡੀਏ ਤੇ ਨਾ ਹੀ ਕਮਜ਼ੋਰ ਦਿਲ ਲੋਕਾਂ ਵਾਂਗ ਬੈਠ ਕੇ ਉਡੀਕ ਕਰੀ ਜਾਈਏ| ਮੁਕਾਬਲਾ ਕਰਦਿਆਂ ਬਹਾਦਰਾਂ ਵਿਚ ਦਰਜ ਹੋਈਏ ਅਤੇ ਹੱਕ ਸੱਚ ਦੀ ਲੜਾਈ ਲੜ ਕੇ ਪਰਮਾਤਮਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ| ਅਜਿਹੀ ਮੌਤ ਸਬੰਧੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ,
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ॥
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ॥
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ॥
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ॥
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ॥੨॥ (ਪੰਨਾ 579)
ਅਰਥਾਤ ਹੇ ਲੋਕੋ! ਮੌਤ ਨੂੰ ਮਾੜਾ ਨਾ ਆਖੋ, ਮੌਤ ਚੰਗੀ ਹੈ, ਪਰ ਤਾਂ ਹੀ, ਜੇ ਕੋਈ ਉਸ ਤਰੀਕੇ ਨਾਲ ਜੀਅ ਕੇ ਮਰਨਾ ਜਾਣਦਾ ਹੋਵੇ। ਉਹ ਤਰੀਕਾ ਹੈ, ਆਪਣੇ ਸਰਬ-ਸ਼ਕਤੀਮਾਨ ਮਾਲਕ ਨੂੰ ਸਿਮਰੋ, ਤਾਂ ਕਿ ਜੀਵਨ ਸਫਰ ਵਿਚ ਰਸਤਾ ਸਿਮਰਣ ਦੀ ਸ਼ਕਤੀ ਸਦਕਾ ਸੌਖਾ ਹੋ ਜਾਏ। ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜਤ ਮਿਲੇਗੀ, ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ। ਇਸ ਲਈ ਹੇ ਲੋਕੋ! ਮੌਤ ਨੂੰ ਮਾੜਾ ਨਾ ਆਖੋ, ਪਰ ਇਸ ਗੱਲ ਨੂੰ ਉਹੀ ਸਮਝਦਾ ਹੈ, ਜੋ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ,
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥
ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ॥
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ॥
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ॥
ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥੩॥ (ਪੰਨ 579)
ਜੋ ਮਨੁੱਖ ਜਿਉਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਕੇ ਮਰਦੇ ਹਨ, ਉਹ ਸੂਰਮੇ ਹਨ, ਉਨ੍ਹਾਂ ਦਾ ਮਰਨਾ ਲੋਕ-ਪਰਲੋਕ ਵਿਚ ਸਲਾਹਿਆ ਜਾਂਦਾ ਹੈ। ਉਹ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਉਂਦੇ ਹਨ, ਪਰਲੋਕ ਵਿਚ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਬੰਦੇ ਪਰਮਾਤਮਾ ਨੂੰ ਹਰ ਥਾਂ ਵਿਆਪਕ ਜਾਣ ਕੇ ਸਿਮਰਦੇ ਹਨ, ਉਸ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ, ਜਿਸ ਦਾ ਸਿਮਰਨ ਕੀਤਿਆਂ ਹਰ ਤਰ੍ਹਾਂ ਦਾ ਡਰ ਦੂਰ ਹੋ ਜਾਂਦਾ ਹੈ। ਹੇ ਭਾਈ! ਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ।
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ॥
ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ॥
ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ॥
ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ॥
ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ॥
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ॥੪॥੨॥ (ਪੰਨਾ 580)
ਹੇ ਨਾਨਕ! ਇਹ ਜਗਤ ਇਕ ਖੇਡ ਹੈ। ਖੇਡ ਬਣਦੀ ਤੇ ਢਹਿੰਦੀ ਹੀ ਰਹਿੰਦੀ ਹੈ। ਕਿਸੇ ਦੇ ਮਰਨ ‘ਤੇ ਰੋਣਾ ਵਿਅਰਥ ਹੈ। ਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ। ਜਿਸ ਨੇ ਜਗਤ ਰਚਿਆ ਹੈ, ਉਹੀ ਇਸ ਦੀਆਂ ਲੋੜਾਂ ਵੀ ਜਾਣਦਾ ਹੈ। ਪ੍ਰਭੂ ਆਪ ਸਭ ਦੇ ਕੀਤੇ ਕਰਮ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਜਾਣਦਾ ਹੈ, ਆਪਣੇ ਹੁਕਮ ਨੂੰ ਪਛਾਣਦਾ ਹੈ ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ।
ਸਿੱਖ ਧਰਮ ਅੰਦਰ ਸ਼ਹੀਦ ਦੇ ਅਰਥ ਗਵਾਹੀ ਦੇ ਤੌਰ ‘ਤੇ ਪਰਵਾਨ ਕੀਤੇ ਗਏ ਹਨ ਅਤੇ ਸ਼ਹਾਦਤ ਨੂੰ ਸਿੱਖੀ ਦਾ ਪਹਿਲਾ ਗੁਣ ਮੰਨਿਆ ਗਿਆ ਹੈ| ਸ਼ਹੀਦੀ ਦਾ ਰਾਹ ਲੈਣਾ ਤਲਵਾਰ ਦੀ ਧਾਰ ‘ਤੇ ਚੱਲਣ ਜਿਹਾ ਹੈ| ਜੇ ਸਿੱਖ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਸਿੱਖ ਆਪਣੇ ਧਰਮ ਲਈ ਹੀ ਸ਼ਹਾਦਤ ਨਹੀਂ ਦਿੰਦਾ, ਉਹ ਅਸੂਲਾਂ ਅਤੇ ਆਦਰਸ਼ਾਂ ਦੀ ਰਾਖੀ ਲਈ ਕਿਸੇ ਹੋਰ ਧਰਮ ਦੀ ਰਾਖੀ ਖਾਤਰ ਸ਼ਹੀਦ ਹੋਣ ਲਈ ਵੀ ਤਤਪਰ ਰਹਿੰਦਾ ਹੈ ਅਤੇ ਮੌਤ ਤੇ ਜ਼ਿੰਦਗੀ ਨੂੰ ਇਕੋ ਜਿਹਾ ਹੀ ਮਹਿਸੂਸ ਕਰਦਾ ਹੈ| ਸਿੱਖ ਦੀ ਸ਼ਹਾਦਤ ਨਾ ਤਾਂ ਸਵੈ ਲਈ ਹੁੰਦੀ ਹੈ, ਨਾ ਕੇਵਲ ਆਪਣੀ ਕੌਮ ਦੇ ਸਨਮਾਨ ਲਈ, ਸਗੋਂ ਉਹ ਤਾਂ ਸਾਰੀ ਮਨੁੱਖਤਾ ਲਈ ਅਤੇ ਹਰ ਕਿਸਮ ਦੀ ਬੇਇਨਸਾਫੀ ਵਿਰੁਧ ਜੂਝ ਮਰਨ ਨੂੰ ਗੁਰੂ ਦਾ ਹੁਕਮ ਮੰਨ ਕੇ ਸਵੀਕਾਰ ਕਰਦਾ ਹੈ|
ਸਿੱਖ ਧਰਮ ਅਨੁਸਾਰ ਸ਼ਹੀਦ ਮੌਤ ਦੇ ਡਰ ਤੋਂ ਮੁਕਤ ਹੁੰਦੇ ਹਨ ਅਤੇ ਪਰਮਾਤਮਾ ਨਾਲ ਇੱਕ ਸੁਰ ਹੋਏ ਹੁੰਦੇ ਹਨ| ਸੱਚ ਅਤੇ ਮਨੁੱਖਤਾ ਦੇ ਭਲੇ ਲਈ ਜੂਝ ਮਰਨ ਦਾ ਸਿਧਾਂਤ ਪਹਿਲੀ ਪਾਤਸ਼ਾਹੀ ਵਲੋਂ ਸਿਖਾਇਆ ਸੱਚ ਹੈ| ਇਹ ਸੱਚ ਕੇਵਲ ਸਿਧਾਂਤਾਂ ਤਕ ਹੀ ਸੀਮਤ ਨਹੀਂ, ਇਸ ਦਾ ਵਿਹਾਰਕ ਰੂਪ ਵੀ ਦਿਖਾਇਆ ਗਿਆ ਹੈ| ਸਿੱਖ ਧਰਮ ਵਿਚ ਸ਼ਹਾਦਤਾਂ ਦੀ ਲੜੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ ਅਤੇ ਦੂਜੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਨੌਵੇਂ ਗੁਰੂ ਤੇਗ ਬਹਾਦਰ ਜੀ ਸਨ, ਜੋ ਸਿੱਖੀ ਸਿਧਾਂਤਾਂ ਖਾਤਰ ਆਪਾ ਕੁਰਬਾਨ ਕਰ ਗਏ| ਇਹ ਸ਼ਹਾਦਤਾਂ ਕਿਸੇ ਮਨੁੱਖ ਜਾਂ ਧਰਮ ਦੇ ਵਿਰੁਧ ਨਹੀਂ, ਸਗੋਂ ਜ਼ੁਲਮ ਦੇ ਵਿਰੁਧ ਸਨ| ਸ਼ਹੀਦੀ ਦਾ ਮਹਾਨ ਸਿਧਾਂਤ ਹੌਲੀ ਹੌਲੀ ਜਨ ਸਾਧਾਰਨ ਦੀ ਚੇਤਨਾ ਵਿਚ ਸ਼ਾਮਿਲ ਹੋਣ ਲੱਗਾ ਅਤੇ ਆਮ ਲੋਕ ਜ਼ੁਲਮ ਨੂੰ ਭਾਣਾ ਮੰਨ ਲੈਣ ਤੋਂ ਇਨਕਾਰ ਕਰਨ ਲੱਗੇ| ਸਿੱਖ ਕੇਵਲ ਧਾਰਮਕ ਆਜ਼ਾਦੀ ਖਾਤਰ ਹੀ ਨਹੀਂ ਸਗੋਂ ਹੋਰ ਤਰ੍ਹਾਂ ਦੇ ਜੁਲਮਾਂ, ਆਰਥਕ ਅਤੇ ਸਮਾਜਕ ਕਿਸਮ ਦੀਆਂ ਵਧੀਕੀਆਂ ਸਹਿਣ ਤੋਂ ਵੀ ਇਨਕਾਰੀ ਹੋ ਗਏ|
ਸਿੱਖੀ ਸੋਚ ਦੇ ਧਾਰਨੀ ਇਹ ਯਕੀਨ ਰੱਖਦੇ ਹਨ ਕਿ ਸ਼ਹੀਦ ਹੋਣ ਲਈ ਯੋਗ ਹੋਣਾ ਵੀ ਜਰੂਰੀ ਹੈ| ਮੌਤ ਅਤੇ ਜ਼ਿੰਦਗੀ ਦੇ ਅਰਥਾਂ ਵਿਚ ਫਰਕ ਨਾ ਸਮਝਣ ਵਾਲੇ ਹੀ ਸਿੱਖ ਧਰਮ ਵਿਚ ਸ਼ਹੀਦ ਸਮਝੇ ਜਾਂਦੇ ਹਨ| ਸਿੱਖ ਧਰਮ ਅੰਦਰ ਸ਼ਹਾਦਤ ਦੇ ਕੇ ਹੋਰ ਲੋਕਾਂ ਲਈ ਆਦਰਸ਼ ਬਣ ਜਾਣਾ ਅਤੇ ਸਮਾਜ ਵਿਚ ਖੁਸ਼ੀਆਂ ਤੇ ਖੇੜੇ ਪ੍ਰਦਾਨ ਕਰਨਾ ਪ੍ਰਵਾਨ ਹੈ| ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅਨੁਸਾਰ ਉਹ ਮੌਤ ਮਹਾਨ ਹੈ, ਜੋ ਆਜ਼ਾਦੀ ਦੀ ਲੜਾਈ ਲੜਦਿਆਂ ਅਤੇ ਸਿਰ ਉਚਾ ਰੱਖਦਿਆਂ ਆ ਜਾਵੇ| ਉਨ੍ਹਾਂ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਲਿਖਿਆ ਹੈ,
ਸਵੈਯਾ॥
ਹੇ ਰਵਿ ਹੇ ਸਸਿ ਹੇ ਕਰੁਨਾਨਿਧ ਮੇਰੀ ਅਬੈ ਬਿਨਤੀ ਸੁਨਿ ਲੀਜੈ॥
ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ॥
ਸ਼ੱਤ੍ਰਨ ਸਿਉ ਅਤਿ ਹੀ ਰਨ ਭੀਤਰ ਜੂਝ ਮਰੋ ਕਹਿ ਸਾਚ ਪਤੀਜੈ॥
ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ॥
ਇਸ ਲਈ ਲੋੜ ਹੈ-ਜਜ਼ਬੇ ਦੀ, ਹਿੰਮਤ ਦੀ, ਠੋਸ ਤੇ ਨੇਕ ਸਿਧਾਂਤ ਦੀ; ਉਸ ਸਿਧਾਂਤ ‘ਤੇ ਸੁਹਿਰਦ ਯਤਨਾਂ ਦੀ ਅਤੇ ਉਦੇਸ਼ ਦੀ ਪ੍ਰਾਪਤੀ ਲਈ ਕੀਤੇ ਅਮਲ ਦੀ ਇਕਸੁਰਤਾ ਦੀ| ਜਦੋਂ ਮਨੁੱਖ ਸੁਹਿਰਦ ਯਤਨ ਕਰਦਾ ਹੈ ਤਾਂ ਜਿੱਤ ਕਦਮ ਚੁੰਮਣ ਲਈ ਤਿਆਰ ਹੋ ਜਾਂਦੀ ਹੈ| ਜੇ ਰਸਤਾ ਠੀਕ ਚੁਣਿਆ ਜਾਵੇ ਤੇ ਨਿਸ਼ਾਨਾ ਸੇਧਿਆ ਵੀ ਦਰੁਸਤ ਹੋਵੇ ਤਾਂ ਪਰਮਾਤਮਾ ਵੀ ਹੱਕ ਵਿਚ ਇਕ ਧਿਰ ਬਣ ਜਾਂਦਾ ਹੈ ਅਤੇ ਜੇ ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤਾਂ ਉਸ ਨੂੰ ਕੋਈ ਹਰਾ ਨਹੀਂ ਸਕਦਾ| ਹਰ ਨਾਨਕ ਨਾਮ ਲੇਵਾ ਦਾ ਫਰਜ਼ ਬਣਦਾ ਹੈ ਕਿ ਉਹ ਜੋਰ ਜਬਰ ਦੇ ਖਿਲਾਫ ਆਵਾਜ਼ ਬੁਲੰਦ ਕਰੇ ਤੇ ਹਰ ਸਮੇਂ ਨਾ-ਇਨਸਾਫੀ ਦਾ ਮੁਕਾਬਲਾ ਕਰਨ ਲਈ ਤਿਆਰ ਰਹੇ|