ਗੁਰਚਰਨ ਸਿੰਘ ਸਹਿੰਸਰਾ ਦੇ ਵੇਖੇ-ਸੁਣੇ ਪਠਾਣ

ਗੁਲਜ਼ਾਰ ਸਿੰਘ ਸੰਧੂ
ਗੁਰਚਰਨ ਸਿੰਘ ਸਹਿੰਸਰਾ ਦੀ Ḕਡਿੱਠੇ ਸੁਣੇ ਪਠਾਣḔ (ਲੋਕ ਗੀਤ ਪ੍ਰਕਾਸ਼ਨ, ਪੰਨੇ 140, ਮੁੱਲ 195 ਰੁਪਏ) ਮੇਰੇ ਹੱਥ ਲੱਗੀ ਹੈ। ਮੈਂ ਸਹਿੰਸਰਾ ਜੀ ਨੂੰ ਪਹਿਲੀ ਤੇ ਆਖਰੀ ਵਾਰ ਦੇਸ਼ ਭਗਤ ਯਾਦਗਾਰ ਦੇ ਉਸ ਕਮਰੇ ਵਿਚ ਮਿਲਿਆ ਸਾਂ, ਜਦੋਂ ਉਹ ਆਪਣੇ ਵਰਗੇ ਸੁਤੰਤਰਤਾ ਸੰਗਰਾਮੀਆਂ ਦੇ ਆਲਮਾਂ ਦਾ ਇਤਿਹਾਸ ਕਲਮਬੰਦ ਕਰ ਰਹੇ ਸਨ। ਹਥਲੀ ਪੁਸਤਕ ਦਾ ਪਹਿਲਾ ਅਡੀਸ਼ਨ ਉਸ ਤੋਂ ਥੋੜ੍ਹਾ ਪਿੱਛੋਂ 1931 ਵਿਚ ਛਪਿਆ ਤੇ ਕਿਸੇ ਕਾਰਨ ਮੇਰੇ ਵੱਲ ਨਹੀਂ ਪਹੁੰਚਿਆ।

ਪਰ ਇਸ ਦਾ ਪਾਠ ਕਰਦਿਆਂ ਮੈਨੂੰ ਜਾਪਦਾ ਹੈ, ਜਿਵੇਂ ਕੱਲ ਦੀ ਗੱਲ ਹੋਵੇ ਤੇ ਮੈਂ ਲੇਖਕ ਦੇ ਸਨਮੁਖ ਬੈਠਾ ਸਾਰੇ ਬਿਰਤਾਂਤ ਸੁਣ ਰਿਹਾ ਹੋਵਾਂ।
ਪੁਸਤਕ ਵਿਚ ਦਰਜ ਕਿੱਸੇ-ਕਹਾਣੀਆਂ ਪਠਾਣੀ ਜੀਵਨ ਤੇ ਸੁਭਾਅ ਦੀ ਮੂੰਹ ਬੋਲਦੀ ਤਸਵੀਰ ਹਨ। ਸਾਹਕਈ ਦਾ ਖਾਨ ਮੀਰ ਆਲਮ ਖਾਂ ਆਪਣੀ ਉਮਰ ਦੇ ਚਾਲੀਵਿਆਂ ਵਿਚ ਜੁੱਸੇ, ਪਹਿਰ ਤੇ ਸੁਭਾਅ ਵਲੋਂ ਦਬਦਬੇ ਵਾਲਾ ਪਠਾਣ ਸੀ। ਇੱਕ ਨਾਜ਼ੁਕ ਇਕੱਠ ਸਮੇਂ ਉਸ ਦੇ ਪੇਟ ਦੀ ਹਵਾ ਨਿਕਲ ਗਈ, ਜਿਸ ਨਾਲ ਅਚਾਨਕ ਹੀ ਸਾਰਾ ਮਾਹੌਲ ਖਰਾਬ ਹੋ ਗਿਆ। ਜਿਵੇਂ ਪੇਟ ਦੀ ਹਵਾ ਨਿੱਕਾ ਬੰਬ ਹੋਵੇ। ਮੀਰ ਆਲਮ ਦੇ ਆਪਣੇ ਸੰਗੀ ਸਾਥੀ ਵੀ ਥੂ ਥੂ ਕਰਕੇ ਥੁੱਕਣ ਲੱਗ ਗਏ। ਮੀਰ ਆਲਮ ਚੁਪ ਚੁਪੀਤੇ ਇਕੱਠ ਵਿਚੋਂ ਤੁਰ ਗਿਆ। ਘਰ ਜਾ ਕੇ ਉਸ ਨੇ ਆਪਣੇ ਘਰ ਵਾਲਿਆਂ ਨਾਲ ਕੋਈ ਗੱਲ ਨਾ ਕੀਤੀ ਤੇ ਜਿਹੜੇ ਦਸਤੇ ਉਹਦੇ ਹੱਥ ਲੱਗੇ, ਲੈ ਕੇ ਤੇ ਮੂੰਹ ਸਿਰ ਲਪੇਟ ਕੇ ਦੂਰ ਦੇ ਸਫਰ ਲਈ ਤੁਰ ਪਿਆ। ਨਿੱਕੀ ਜਿਹੀ ਗੱਲ ਨਾਲ ਉਸ ਦੀ ਸਾਰੀ ਪਠਾਣੀ ਖੂਹ ਵਿਚ ਜਾ ਪਈ। ਨੇੜੇ ਦੇ ਰੇਲਵੇ ਸਟੇਸ਼ਨ ‘ਤੇ ਜਾ ਕੇ ਬੰਬੇ ਐਕਸਪ੍ਰੈਸ ਚੜ੍ਹ ਕੇ ਲਾਹੌਰ ਜਾ ਪਹੁੰਚਿਆ। ਉਹ ਸਾਹਕਈ ਖੇਤਰ ਵਿਚ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਸੀ ਰਿਹਾ।
ਲਾਹੌਰ ਜਾ ਕੇ ਉਸ ਨੇ ਕਿਸੇ ਤਾਂਗੇ ਵਾਲੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਸਹਿਜੇ ਸਹਿਜੇ ਖੁਦ ਤਾਂਗੇ ਵਾਲਾ ਹੀ ਨਹੀਂ ਬਣਿਆ, ਸਗੋਂ ਕਈ ਤਾਂਗਿਆਂ ਦਾ ਮਾਲਕ ਬਣ ਗਿਆ। ਦਸ ਬਾਰਾਂ ਸਾਲਾਂ ਵਿਚੋਂ ਜਦੋਂ ਉਹ ਤਾਂਗੇ ਵਾਲਿਆਂ ਦਾ ਲੀਡਰ ਬਣ ਗਿਆ ਤਾਂ ਉਸ ਨੂੰ ਆਪਣੇ ਪਿੱਛੇ ਦੀ ਯਾਦ ਸਤਾਉਣ ਲੱਗ ਪਈ। ਆਪੂੰ ਛੱਡਿਆ ਘਰ-ਘਾਟ ਦੇਖਣ ਨੂੰ ਦਿਲ ਕਰ ਆਇਆ। ਹੌਸਲਾ ਕਰਕੇ ਪੁੱਠੇ ਪੈਂਡੇ ਮਾਰਦਾ ਆਪਣੇ ਪਿੰਡ ਪਸ਼ਾਉਹ ਜਾ ਵੜਿਆ।
ḔḔਹੁਣ ਤਾਂ ਲੋਕਾਂ ਨੂੰ ਉਹ ਗੱਲ ਭੁੱਲ ਭੁੱਲਾ ਗਈ ਹੋਣੀ ਏ,ḔḔ ਉਸ ਨੂੰ ਵਿਸ਼ਵਾਸ ਸੀ। ਉਸ ਦਾ ਮੂਲ ਮਨੋਰਥ ਆਪਣੇ ਟੱਬਰ ਨੂੰ ਲਾਹੌਰ ਲਿਜਾ ਕੇ ਆਪਣਾ ਠਾਠ-ਬਾਠ ਵਿਖਾਉਣਾ ਸੀ। ਖਾਓ ਪੀਓ ਤੋਂ ਪਿਛੋਂ ਘਰ ਪਹੁੰਚਣ ਦੀ ਵਿਉਂਤ ਬਣਾ ਕੇ ਉਸ ਨੇ ਪਸ਼ਾਉਹ ਤੋਂ ਸ਼ਾਮ ਵਾਲੀ ਬੱਸ ਲਈ ਤੇ ਪਿੰਡ ਦੇ ਬਾਹਰ ਹੀ ਉਤਰ ਗਿਆ। ਪਿੰਡ ਪਹੁੰਚ ਕੇ ਆਪਣੀ ਗਲੀ ਦਾ ਮੋੜ ਮੁੜਿਆ ਤਾਂ ਗਲੀ ਦੇ ਪਹਿਲੇ ਘਰ ਵਾਲੀ ਸੁਆਣੀ ਆਪਣੀ ਧੀ ਨੂੰ ਝਿੜਕ ਰਹੀ ਸੀ, ḔḔਛੋਟੀਏ! ਤੂੰ ਤਾਂ ਮੀਰ ਆਲਮ ਦੇ ਪੱਦ ਮਾਰਨ ਤੋਂ ਪਹਿਲਾਂ ਦੀ ਜੰਮੀ ਹੋਈ ਏਂ, ਕੁਝ ਤਾਂ ਸ਼ਰਮ ਕਰ!ḔḔ
ਮੀਰ ਆਲਮ ਉਨ੍ਹੀਂ ਪੈਰੀਂ ਵਾਪਸ ਤੁਰ ਪਿਆ ਤੇ ਪੁੱਠੇ ਪੈਂਡੇ ਮਾਰਦਾ ਲਾਹੌਰ ਆ ਵੜਿਆ। ਉਹ ਨਹੀਂ ਸੀ ਜਾਣਦਾ ਕਿ ਉਸ ਦੇ ਪੇਟ ਦੀ ਹਵਾ ਨੇ ਉਸ ਦੇ ਸਾਰੇ ਟੱਬਰ ਨੂੰ ਬਦਨਾਮ ਕਰ ਛੱਡਿਆ ਸੀ ਤੇ ਉਸ ਪਰਿਵਾਰ ਦੇ ਸਾਰੇ ਜੀਆਂ ਦੀ ਅੱਲ ਪੱਦ ਮਾਰਨੇ ਪੈ ਚੁਕੀ ਸੀ। ਲੇਖਕ ਨੇ ਇਸ ਘਟਨਾ ਨੂੰ Ḕਅਮਿਟ ਖੁਨਾਮੀḔ ਕਿਹਾ ਹੈ।
ਪੁਸਤਕ ਵਿਚ ਪਠਾਣੀ ਸੁਭਾਅ ਨਾਲੋਂ ਪਠਾਣਾਂ ਦੀ ਸੂਰਮਗਤੀ ਤੇ ਬਦਲਾ ਲੈਣ ਦੀ ਰੁਚੀ ਦੱਸਣ ਵਾਲੀਆਂ ਕਹਾਣੀਆਂ ਬੜੀਆਂ ਦਿਲਚਸਪ ਹਨ। ਇੱਕ ਇੱਬਾਸ ਨਾਂ ਦੇ ਪਠਾਣ ਨੂੰ ਕਿਸੇ ਗੱਲੋਂ ਦਿਲਾਵਰ ਤੇ ਉਸ ਦੇ ਸਾਥੀ ਨੇ ਕਤਲ ਕਰ ਦਿੱਤਾ। ਕੁਝ ਆਪੂੰ ਸਹੇੜੀਆਂ ਮਜਬੂਰੀਆਂ ਕਾਰਨ ਇੱਬਾਸ ਦਾ ਬਾਪ ਨਾਦਰ ਖਾਂ ਆਪਣੇ ਪੁੱਤ ਦੇ ਕਾਤਲ ਨੂੰ ਪਾਰ ਨਾ ਬੁਲਾ ਸਕਿਆ। ਜਦੋਂ ਉਸ ਨੇ ਦਮ ਤੋੜਿਆ ਤਾਂ ਆਪਣੇ ਬਾਰਾਂ ਸਾਲ ਦੇ ਪੋਤਰੇ ਬਹਾਦਰ ਨੂੰ ਹਿੱਕ ਨਾਲ ਲਾ ਕੇ ਏਨਾ ਹੀ ਕਿਹਾ ਕਿ ਜੋ ਕੰਮ ਉਹ ਨਹੀਂ ਕਰ ਸਕਿਆ, ਪੋਤੇ ਨੂੰ ਕਰਨਾ ਪੈਣਾ ਹੈ। ਪੋਤਰੇ ਕੋਲੋਂ ਹੁੰਗਾਰਾ ਭਰੇ ਜਾਣ ‘ਤੇ ਹੀ ਉਸ ਨੇ ਪ੍ਰਾਣ ਤਿਆਗੇ। ਉਸ ਵੇਲੇ ਬਹਾਦਰ ਦੀ ਉਮਰ ਸਿਰਫ ਬਾਰਾਂ ਸਾਲ ਸੀ ਤੇ ਉਸ ਦੇ ਪਿਤਾ ਇੱਬਾਸ ਦੇ ਕਾਤਲ ਉਹ ਇਲਾਕਾ ਛੱਡ ਕੇ ਕਿਧਰੇ ਦੂਰ ਜਾ ਵੱਸੇ ਸਨ ਤਾਂਕਿ ਇੱਬਾਸ ਪਰਿਵਾਰ ਦੀ ਜੱਦ ਹੇਠ ਵੀ ਨਾ ਰਹਿਣ ਤੇ ਪੁਲਿਸ ਦੀ ਪਕੜ ਵਿਚ ਵੀ ਨਾ ਆਉਣ।
ਨਾਦਰ ਖਾਂ ਦੇ ਪ੍ਰਾਣ ਤਿਆਗਣ ਤੋਂ ਪਹਿਲਾਂ ਪੋਤਰੇ ਦੇ ਹੁੰਗਾਰੇ ਨੇ ਉਸ ਨੂੰ ਸੁਖ ਦੀ ਨੀਂਦੇ ਸੁਆ ਦਿੱਤਾ ਸੀ।
ਪੁਸਤਕ ਵਿਚ ਦਰਜ Ḕਜਦ ਲਾਲ ਪੱਗ ਰੁਲਦੀ ਵੇਖੀḔ ਵਾਲੀ ਘਟਨਾ ਦਾ ਲੇਖਕ ਚਸ਼ਮਦੀਦ ਗਵਾਹ ਹੈ। ਉਹ ਇੱਕ ਬਸ ਵਿਚ ਸਫਰ ਕਰ ਰਿਹਾ ਸੀ ਤਾਂ ਪੁਲਸੀਏ ਕਿਸੇ ਪਠਾਣ ਨੂੰ ਹਥਕੜੀ ਲਾ ਕੇ ਲਿਜਾ ਰਹੇ ਸਨ। ਅਗਲੇ ਅੱਡੇ ਉਤੇ ਬਸ ਰੁਕੀ ਤਾਂ ਪਿਛਲੀ ਖਿੜਕੀ ਰਾਹੀਂ ਦੋ ਪਠਾਣ ਹੋਰ ਚੜ੍ਹ ਗਏ, ਜਿਨ੍ਹਾਂ ਨੇ ਆਪਣੇ ਹਥਿਆਰ ਡੱਬ ਵਿਚ ਛੁਪਾ ਰੱਖੇ ਸਨ। ਬਸ ਪਹਾੜੀ ਰਸਤੇ ਛੇ-ਸੱਤ ਮੀਲ ਅੱਗੇ ਗਈ ਤਾਂ ਹਥਕੜੀ ਵਾਲੇ ਪਠਾਣ ਨੇ ਟੱਟੀ-ਪਿਸ਼ਾਬ ਦਾ ਬਹਾਨਾ ਕਰਕੇ ਬਸ ਰੁਕਵਾ ਲਈ ਤੇ ਦੋਵੇਂ ਸਿਪਾਹੀ ਉਸ ਨੂੰ ਲੈ ਕੇ ਅਗਲੀ ਖਿੜਕੀ ਰਾਹੀਂ ਦੋਸ਼ੀ ਸਮੇਤ ਥੱਲੇ ਉਤਰੇ ਤਾਂ ਪਿਛਲੀ ਖਿੜਕੀ ਵਾਲੇ ਪਠਾਣ ਵੀ ਉਤਰ ਗਏ। ਜਦੋਂ ਟੱਟੀ-ਪਿਸ਼ਾਬ ਦਾ ਬਹਾਨਾ ਕਰਨ ਵਾਲਾ ਪਠਾਣ ਜਮੀਨ ‘ਤੇ ਬੈਠਣ ਲੱਗਾ ਤਾਂ ਪਿਛਲੀ ਖਿੜਕੀ ਵਾਲੇ ਪਠਾਣਾਂ ਨੇ ਸਿਪਾਹੀਆਂ ਉਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇੱਕ ਸਿਪਾਹੀ ਤਾਂ ਉਥੇ ਹੀ ਢੇਰੀ ਹੋ ਗਿਆ ਤੇ ਦੂਜਾ ਪੇਟੀ ਸੁੱਟ ਕੇ ਬਸ ਦੇ ਥੱਲੇ ਜਾ ਵੜਿਆ। ਪਿਛਲੇ ਖਿੜਕੀ ਵਾਲੇ ਪਠਾਣ ਹਥਕੜੀ ਲੱਗੇ ਸਾਥੀ ਨੂੰ ਨਾਲ ਲੈ ਕੇ ਪੱਤਰਾ ਵਾਚ ਗਏ।
ਪੁਸਤਕ ਵਿਚ ਗੁਰਚਰਨ ਸਿੰਘ ਸਹਿੰਸਰਾ ਵਲੋਂ ਰੱਖੇ ਉਨ੍ਹਾਂ ਰੋਜ਼ਿਆਂ ਤੇ ਨਮਾਜ਼ਾਂ ਦਾ ਵੀ ਜ਼ਿਕਰ ਹੈ, ਜੋ ਲੇਖਕ ਨੂੰ ਮਜਬੂਰੀ ਵੱਸ ਪੁਗਾਉਣੇ ਪਏ। ਸਹਿੰਸਰਾ ਵਲੋਂ ਰੋਜ਼ਿਆਂ ਦਾ ਪਾਲਣ ਕਰਨ ਸਮੇਂ ਹੋਈਆਂ ਭੁੱਲਾਂ ਉਤੇ ਮਿੱਟੀ ਪਾਉਣ ਦੇ ਉਸ ਦੇ ਦੋਸਤ ਪਠਾਣ ਦਿਲਚਸਪ ਨੁਕਤੇ ਲੱਭ ਲੈਂਦੇ ਸਨ।
ਲੇਖਕ ਦੀ ਇਸ ਪੁਸਤਕ ਦੇ ਨਾਲ ਨਾਲ ਉਸ ਦਾ ਕਹਾਣੀ ਸੰਗ੍ਰਿਹ Ḕਉਹ ਵੀ ਦਿਨ ਸਨḔ ਮੁੜ ਮਾਰਕਿਟ ਵਿਚ ਆਇਆ ਹੈ, ਜਿਸ ਵਿਚ ਵਖਰੇ ਰੰਗ ਦੀਆਂ ਸੰਗਰਾਮੀ ਤੇ ਗੈਰ-ਸੰਗਰਾਮੀ ਗੱਲਾਂ ਹਨ। ਪੰਜਾਬੀ ਪਾਠਕਾਂ ਲਈ ਦੋਵੇਂ ਪੁਸਤਕਾਂ ਦਾ ਮੁੜ ਪ੍ਰਕਾਸ਼ਿਤ ਹੋਣਾ ਮਾਣ ਵਾਲੀ ਗੱਲ ਹੈ।
ਪੰਜਾਬ ਵਿਚ ਵਧ ਰਿਹਾ ਸਮੂਹਕ ਬਲਾਤਕਾਰ: ਪਿਛਲੇ ਦਿਨਾਂ ਵਿਚ ਪੜ੍ਹੇ-ਸੁਣੇ ਬਲਾਤਕਾਰਾਂ ਦੇ ਕਿੱਸੇ ਪੰਜਾਬੀ ਭਾਈਚਾਰੇ ਵਿਚ ਆਏ ਨਿਘਾਰ ਤੋਂ ਪਰਦਾ ਚੁਕਣ ਵਾਲੇ ਹਨ। ਕੱਲ ਤੱਕ ਸਾਡੇ ਪੰਜਾਬੀ ਆਪਣੀਆਂ ਤੇ ਪਰਾਈਆਂ ਨੂੰਹਾਂ-ਧੀਆਂ ਦੀ ਇੱਜਤ ਦੇ ਰਾਖੇ ਸਨ। 1947 ਵਿਚ ਮੇਰੇ ਜੱਦੀ ਪਿੰਡ ਦੇ ਵਸਨੀਕਾਂ ਨੇ ਇਕ ਮੁਸਲਮਾਨ ਭਰਾਈ ਦੀ ਨੂੰਹ ਅਤੇ ਧੀ ਦੀ ਇੱਜਤ ਲੁੱਟਣ ਵਾਲੇ ਤਿੰਨ ਸਿੱਖਾਂ ਦਾ ਕਤਲ ਕਰ ਦਿੱਤਾ ਸੀ। ਮੇਰੇ ਪਿੰਡ ਵਾਸੀਆਂ ਨੂੰ ਮਾਹਿਲਪੁਰ ਦੇ ਥਾਣੇ ਵਲੋਂ ਸ਼ਾਬਾਸ਼ ਮਿਲੀ ਸੀ। ਅਜੋਕੀ ਪੁਲਿਸ ਏਨੀ ਕਮਜ਼ੋਰ ਹੋ ਗਈ ਹੈ ਕਿ ਦਿਨ-ਦਿਹਾੜੇ ਕਾਰੇ ਕਰਨ ਵਾਲੇ ਬੇਸ਼ਰਮ ਨੂੰ ਫੜ ਕੇ ਲੋੜੀਂਦੇ ਗਵਾਹ ਨਹੀਂ ਲੱਭ ਸਕਦੀ। ਨਤੀਜੇ ਵਜੋਂ ਕਚਹਿਰੀ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਸੁਣਾ ਸਕਦੀ। ਸਮਾਂ ਆ ਗਿਆ ਹੈ ਕਿ ਸਮੁੱਚਾ ਪੰਜਾਬੀ ਭਾਈਚਾਰਾ ਅਮਨ ਕਾਨੂੰਨ ਦੇ ਰਾਖਿਆਂ ਦੀ ਪਿੱਠ ਪੂਰੇ ਤਾਂ ਕਿ ਇਨ੍ਹਾਂ ਘਿਨਾਉਣੇ ਕਾਰਿਆਂ ਨੂੰ ਨੱਥ ਪਵੇ ਤੇ ਪੰਜਾਬੀ ਮਾਣ ਮਰਿਆਦਾ ਬਹਾਲ ਹੋਵੇ।
ਅੰਤਿਕਾ: ਹਜ਼ਾਰਾ ਸਿੰਘ ਗੁਰਦਾਸਪੁਰੀ
ਓ ਠੇਕੇ ਵਾਲਿਓ, ਪੰਡਿਤ ਹੈ ਆਇਆ ਆਬਰੂ ਕਰਨੀ
ਬੜੇ ਚਿਰ ਬਾਅਦ ਬੰਦਾ ਬੰਦਿਆਂ ਵਿਚ ਬਹਿਣ ਲੱਗਾ ਹੈ।