ਕੁਦਰਤ ਦੀ ਮਿਠਾਸ ਸ਼ਮਸ਼ਾਦ ਬੇਗਮ

ਮਨਦੀਪ ਸਿੰਘ ਸਿੱਧੂ
ਮੁਮਤਾਜ਼ ਗੁਲੂਕਾਰਾ ਸ਼ਮਸ਼ਾਦ ਬੇਗਮ ਦੀ ਆਵਾਜ਼ ਦੀਆਂ ਪਰਤਾਂ ਵਿਚ ਪੰਜਾਬ ਦੀ ਜ਼ਰਖੇਜ਼ ਮਿੱਟੀ ਦੀ ਮਹਿਕ, ਪੰਜਾਬੀ ਸੁਭਾਅ ਵਰਗੀ ਖਣਕ ਤੇ ਬਹਾਰਾਂ ਵਰਗੀ ਤਾਜ਼ਗੀ ਸੀ। ਉਹ ਸਿਰਫ ਰੇਡੀਓ ਗਾਇਕ ਹੀ ਨਹੀਂ ਸੀ, ਸਗੋਂ ਪੰਜਾਬੀ-ਹਿੰਦੀ ਫਿਲਮਾਂ ਦੀ ਆਲ੍ਹਾ ਦਰਜੇ ਦੀ ਗੁਲੂਕਾਰਾ ਸੀ।

ਸ਼ਮਸ਼ਾਦ ਬੇਗਮ ਦੀ ਪੈਦਾਇਸ਼ 14 ਅਪਰੈਲ 1919 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੀ ਲੌਹਾਰੀ ਮੰਡੀ ਦੀ ਖਾਨਦਾਨੀ ਹਵੇਲੀ ਵਿਚ ਵੱਸੇ ਪੰਜਾਬੀ ਮੁਸਲਿਮ ਮਾਨ ਜੱਟ ਪਰਿਵਾਰ ਵਿਚ ਹੋਈ। ਉਸ ਦੇ ਵਾਲਿਦ ਦਾ ਨਾਂ ਮੀਆਂ ਹੁਸੈਨ ਬਖਸ਼ ਮਾਨ ਅਤੇ ਵਾਲਿਦਾ ਦਾ ਨਾਂ ਗੁਲਾਮ ਫਾਤਿਮਾ ਸੀ। ਸ਼ਮਸ਼ਾਦ ਬੇਗਮ ਦੀ ਸਕੂਲੀ ਤਾਲੀਮ ਘੱਟ ਹੀ ਸੀ। ਉਹ ਸਿਰਫ 5 ਜਮਾਤਾਂ ਹੀ ਪੜ੍ਹੀ ਸੀ। ਉਹਨੇ ਆਪਣੇ ਵਾਲਦਾਇਨ ਦੇ ਮੁਖਾਲਿਫ ਹੋ ਕੇ ਆਪਣਾ ਵਿਆਹ ਹਿੰਦੂ ਪਰਿਵਾਰ ਦੇ ਬੈਰਿਸਟਰ ਗਣਪਤ ਲਾਲ ਬੱਟੋ ਨਾਲ 1934 ਵਿਚ ਕਰਵਾਇਆ, ਜੋ 1955 ਵਿਚ ਵਫਾਤ ਪਾ ਗਏ। ਫੋਟੋਗ੍ਰਾਫੀ ਦੇ ਸ਼ੌਕੀਨ ਬੱਟੋ ਫਿਲਮਾਂ ਦੀ ਸ਼ੂਟਿੰਗ ਦੇਖਣ ਜਾਂਦੇ ਸਨ, ਜਿਥੇ ਉਨ੍ਹਾਂ ਦੀ ਮੁਲਕਾਤ ਸ਼ਮਸ਼ਾਦ ਬੇਗਮ ਨਾਲ ਹੋਈ। ਸ਼ਮਸ਼ਾਦ ਬੇਗਮ ਸੰਗੀਤ ਦੀ ਦੁਨੀਆਂ ਵਿਚ ਵਾਲਿਦ ਦੀ ਇਸ ਸਖਤ ਹਦਾਇਤ ‘ਤੇ ਆਈ ਸੀ ਕਿ ਉਹ ਕਿਸੇ ਨੂੰ ਆਪਣੀ ਸ਼ਕਲ ਨਹੀਂ ਦਿਖਾਏਗੀ ਅਤੇ ਨਾ ਹੀ ਕੋਈ ਤਸਵੀਰ ਖਿਚਵਾਏਗੀ। ਲਿਹਾਜ਼ਾ ਸ਼ਮਸ਼ਾਦ ਦੀ ਪਹਿਲੀ ਤਸਵੀਰ 1970 ਵਿਚ ਖਿੱਚੀ ਗਈ, ਜਦੋਂ ਉਹ 51 ਸਾਲ ਦੀ ਹੋ ਚੁਕੀ ਸੀ। ਉਸ ਦੇ ਘਰ 15 ਜੂਨ 1936 ਨੂੰ ਧੀ ਊਸ਼ਾ ਨੇ ਜਨਮ ਲਿਆ। ਉਸ ਦਾ ਵਿਆਹ ਅਪਰੈਲ 1959 ਵਿਚ ਦਿੱਲੀ ਵਾਸੀ ਲੈਫਟੀਨੈਂਟ ਕਰਨਲ ਯੋਗਰਾਜ ਰੱਤੜਾ ਨਾਲ ਹੋਇਆ, ਜੋ ਪਿਛੋਂ ਮੁੰਬਈ ਜਾ ਵੱਸੇ। ਉਮਰ ਦੇ ਆਖਰੀ ਲਮਹੇ ਸ਼ਮਸ਼ਾਦ ਨੇ ਆਪਣੇ ਧੀ-ਜਵਾਈ ਦੇ ਘਰ ਹੀ ਬਿਤਾਏ ਸਨ।
16 ਦਸੰਬਰ 1937 ਨੂੰ ਪੇਸ਼ਾਵਰ ਰੇਡੀਓ ਸਟੇਸ਼ਨ ਤੋਂ ਸੰਗੀਤ ਸਫਰ ਦਾ ਆਗਾਜ਼ ਕਰਨ ਵਾਲੀ ਸ਼ਮਸ਼ਾਦ ਬੇਗਮ ਅਜ਼ੀਮ ਸੰਗੀਤਕਾਰ ਮਾਸਟਰ ਗੁਲਾਮ ਹੈਦਰ ਦੀ ਖੋਜ ਸੀ। ਉਸ ਨੇ ਬਾਕਾਇਦਗੀ ਨਾਲ ਕਿਧਰੋਂ ਗਾਉਣਾ ਨਹੀਂ ਸਿੱਖਿਆ। ਉਸ ਦਾ ਸੰਗੀਤਕ ਉਸਤਾਦ ਗ੍ਰਾਮੋਫੋਨ ਸੀ ਜਿਸ ਵਿਚੋਂ ਨਿਕਲਦੀ ਆਵਾਜ਼ ਤੋਂ ਹੈਰਤਜ਼ਦਾ ਸ਼ਮਸ਼ਾਦ ਨੇ ਗੁਣ-ਗੁਣਾਉਂਦਿਆਂ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਹ ਪਰਪੱਕ ਗੁਲੂਕਾਰਾ ਬਣ ਗਈ। 2 ਸਾਲ ਪਿਛੋਂ ਜਦੋਂ ਲਾਹੌਰ ਵਿਚ ਰੇਡੀਓ ਸਟੇਸ਼ਨ ਖੁੱਲ੍ਹਿਆ ਤਾਂ ਉਹ ਵਾਪਸ ਆ ਕੇ ਲਾਹੌਰ ਦੇ ਨਾਲ-ਨਾਲ ਦਿੱਲੀ ਅਤੇ ਲਖਨਊ ਦੇ ਰੇਡੀਓ ਸਟੇਸ਼ਨਾਂ ‘ਤੇ ਗਾਉਣ ਲੱਗ ਪਈ। ਮਾਸਟਰ ਗੁਲਾਮ ਹੈਦਰ ਉਸ ਵਕਤ ਜੀਨੋਫੋਨ ਕੰਪਨੀ, ਲਾਹੌਰ ਵਿਚ ਸਥਾਈ ਸੰਗੀਤਕਾਰ ਸਨ। ਉਨ੍ਹਾਂ ਸ਼ਮਸ਼ਾਦ ਤੋਂ ਗੈਰ-ਫਿਲਮੀ ਆਰਤੀ ਗਵਾਈ ਜਿਸ ਦੇ ਬੋਲ ਸਨ, ‘ਓਮ ਜਯ ਜਗਦੀਸ਼ ਹਰੇ।’ ਮਿਸ ਸ਼ਮਸ਼ਾਦ ਦੇ ਨਾਮ ਨਾਲ ਗਾਇਆ ਉਸ ਦਾ ਪਹਿਲਾ ਪੰਜਾਬੀ ਲੋਕ ਗੀਤ ‘ਜੋੜਾ ਲੈ ਪੱਖੀਆਂ ਦਾ ਓਏ, ਕਸਮ ਖੁਦਾ ਦੀ ਚੰਨਾ, ਮਾਹੀ ਚਾਨਣ ਅੱਖੀਆਂ ਦਾ ਓਏ’ ਸੀ। ਅੱਲ੍ਹੜ ਉਮਰੇ ਉਸ ਦਾ ਗਾਇਆ ਗੀਤ ਐਨਾ ਮਕਬੂਲ ਹੋਇਆ ਕਿ ਕੰਪਨੀ ਨੇ ਸਾਲ ਭਰ ਲਈ ਸ਼ਮਸ਼ਾਦ ਕੋਲੋਂ 100 ਤੋਂ ਵੱਧ ਨਗਮੇ ਗਵਾਏ, ਜਿਨ੍ਹਾਂ ਵਿਚ ਇਸਲਾਮੀ ਨਾਅਤ, ਗਜ਼ਲਾਂ, ਲੋਕ ਗੀਤ ਅਤੇ ਸ਼ਬਦ ਸ਼ਾਮਲ ਸਨ। ਮਾਸਟਰ ਗੁਲਾਮ ਹੈਦਰ ਦੇ ਸੰਗੀਤ ਨਾਲ ਸਜੇ ਇਨ੍ਹਾਂ ਗੀਤਾਂ ਵਿਚ ‘ਯੇਹ ਰਾਗ ਪਪੀਹਾ ਗਾਤਾ ਹੈ’, ‘ਕੂਕ ਪਪੀਹੇ ਕੂਕ’, ‘ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ’, ‘ਰਾਵੀ ਦਾ ਕੰਢਾ ਤੇ ਬਾਗਾਂ ਦੀਆਂ ਛਾਂਵਾਂ’, ‘ਏਸੇ ਡਰ ਦੀ ਮਾਰੀ ਅੜਿਆ ਮੈਂ ਨੀ ਅੱਖੀਆਂ ਲਾਂਦੀ ਸੀ’, ‘ਦੋ ਪੱਤਰ ਅਨਾਰਾਂ ਦੇ’ ਆਦਿ ਸ਼ਾਮਲ ਹਨ। ਇਹ ਉਹ ਦੌਰ ਸੀ ਜਦੋਂ ਰੇਡੀਓ ਸਟੇਸ਼ਨ ‘ਤੇ ਉਸ ਦੇ ਗਾਏ ਗੀਤਾਂ ਦੀ ਮੰਗ ਵਧ ਗਈ ਸੀ ਅਤੇ ਹੌਲੀ-ਹੌਲੀ ਉਸ ਦੀ ਆਵਾਜ਼ ਲਾਹੌਰ ਤੋਂ ਬਾਅਦ ਅੰਮ੍ਰਿਤਸਰ, ਝੰਗ, ਬਹਾਵਲਪੁਰ, ਮੁਲਤਾਨ, ਲਾਇਲਪੁਰ ਤੇ ਰਾਵਲਪਿੰਡੀ ਵਿਚ ਵੱਸਦੇ ਪੰਜਾਬੀ ਪਰਿਵਾਰਾਂ ਵਿਚ ਹਰਮਨਪਿਆਰੀ ਹੋ ਗਈ ਸੀ।
ਇੰਨੇ ਮਕਬੂਲ ਪੰਜਾਬੀ ਲੋਕ ਗੀਤ ਗਾਉਣ ਦੇ ਬਾਵਜੂਦ ਸ਼ਮਸ਼ਾਦ ਬੇਗਮ ਨੇ ਉਦੋਂ ਤਕ ਕਿਸੇ ਫਿਲਮ ਵਿਚ ਪਿਠਵਰਤੀ ਗਾਇਨ ਨਹੀਂ ਕੀਤਾ ਸੀ। ਇਨ੍ਹੀਂ ਦਿਨੀਂ ਲਾਹੌਰ ਦੇ ਮਸ਼ਹੂਰ ਫਿਲਮਸਾਜ਼ ਸੇਠ ਦਲਸੁਖ ਐਮ. ਪੰਚੋਲੀ ਦੀ ਫਿਲਮ ਕੰਪਨੀ ਨੂੰ ਨਵੀਂ ਅਤੇ ਸੁਰੀਲੀ ਆਵਾਜ਼ ਦੀ ਤਲਾਸ਼ ਸੀ। ਲਿਹਾਜ਼ਾ ਜੀਨੋਫੋਨ ਕੰਪਨੀ, ਜੋ ਪੰਚੋਲੀ ਆਰਟ ਬੈਨਰ ਦੀਆਂ ਬਣੀਆਂ ਫਿਲਮਾਂ ਦੇ ਰਿਕਾਰਡ ਜਾਰੀ ਕਰਦੀ ਸੀ, ਨੇ ਸ਼ਮਸ਼ਾਦ ਬੇਗਮ ਦੇ ਨਾਮ ਦੀ ਸਿਫਾਰਸ਼ ਪੰਚੋਲੀ ਸਾਹਿਬ ਨੂੰ ਕਰ ਦਿੱਤੀ। ਇਸ ਤਰ੍ਹਾਂ ਦਲਸੁਖ ਐਮ. ਪੰਚੋਲੀ ਰਾਹੀਂ ਸ਼ਮਸ਼ਾਦ ਬੇਗਮ ਨੂੰ ਪਹਿਲੀ ਪੰਜਾਬੀ ਫਿਲਮ ‘ਗੁਲ ਬਕਾਵਲੀ’ (1939) ਵਿਚ ਪਿਠਵਰਤੀ ਗਾਇਨ ਕਰਨ ਦਾ ਮੌਕਾ ਮਿਲਿਆ।
ਸਲੀਮ ਰਜ਼ਾ ਅਤੇ ਸੁਰੱਈਆ ਜ਼ਬੀਨ ਦੇ ਕਿਰਦਾਰ ਵਾਲੀ ਇਸ ਫਿਲਮ ਵਿਚ ਸ਼ਮਸ਼ਾਦ ਬੇਗਮ ਨੇ ਭਾਈ ਗੁਲਾਮ ਹੈਦਰ ‘ਅੰਮ੍ਰਿਤਸਰੀ’ ਦੀ ਸੰਗੀਕਾਰੀ ‘ਚ ਵਲੀ ਸਾਹਿਬ ਦੇ ਲਿਖੇ ਤਿੰਨ ਗੀਤ ਗਾਏ: ‘ਘੂਕ ਮੇਰੀ ਕਿਸਮਤ ਸੌਂ ਗਈ ਜਾਗੋ ਜ਼ਰੂਰ ਓਏ’, ‘ਮੈਂ ਤੇਰੀ ਤੂੰ ਮੇਰਾ ਸੁਣ ਵੇ ਚੰਨ ਵੇ’ ਅਤੇ ‘ਮਾਹੀਆ ਵੇ ਉਹ ਆਈਆਂ ਨੀ।’ ‘ਸੱਸੀ ਪੁੱਨੂੰ’ (1939) ‘ਚ ਮਾਸਟਰ ਧੁੰਮੀਖਾਨ ਰਾਮਪੁਰੀ ਦੇ ਸੰਗੀਤ ‘ਚ ਫੀਰੋਜ਼ਦੀਨ ਸ਼ਰਫ ਦੇ ਲਿਖੇ 4 ਗੀਤ ‘ਪੁਨੂੰ ਦੀਏ ਮੂਰਤੇ ਤੂੰ ਮੂੰਹੋਂ ਕਿਓਂ ਨੀ ਬੋਲਦੀ’, ‘ਚੁੰਨੀ ਰੰਗ ਦੇ ਲਲਾਰੀਆ ਮੇਰੀ’, ‘ਸੋਹਣੇ ਦੇਸ਼ਾਂ ‘ਚੋਂ ਦੇਸ਼ ਪੰਜਾਬ ਨੀ ਅੜੀਓ’ ਤੇ ਮੁਹੰਮਦ ਅਸਲਮ ਨਾਲ ਗਾਇਆ ਰੁਮਾਨੀ ਗੀਤ ‘ਹੋਵੇਂ ਤੂੰ ਚੰਨ ਅਸਮਾਨੀ ਚੰਦਾ ਮੈਂ ਹੋਵਾਂ ਤਾਰਾ’ ਸਨ। ‘ਸੋਹਣੀ-ਮਹੀਂਵਾਲ’ (1939) ਵਿਚ ਜੀ. ਏ. ਚਿਸ਼ਤੀ ਦੇ ਸੰਗੀਤ ਵਿਚ ਉਸਤਾਦ ਹਮਦਮ ਦਾ ਲਿਖਿਆ ‘ਛੱਬੀ ਦੀਆਂ ਚੁੰਨੀਆਂ ਮੈਂ ਮਲ-ਮਲ ਧੋਨੀ ਆਂ’ ਬੜਾ ਮਕਬੂਲ ਹੋਇਆ। ਇਸੇ ਬੈਨਰ ਦੀ ਹੀ ਫਿਲਮ ‘ਦੁੱਲਾ ਭੱਟੀ’ (1940) ‘ਚ ਪੰਡਿਤ ਗੋਬਿੰਦਰਾਮ ਦੇ ਸੰਗੀਤ ਵਿਚ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇਕ ਗੀਤ ‘ਦਾਰੋ ਨੀ ਮੇਰਾ ਘੜਾ ਚੁਕਾ ਦੇ ਮੈਂ ਨਈ’ ਗਾਇਆ।
‘ਮੇਰਾ ਪੰਜਾਬ’ (1940) ‘ਚ ਧੁੰਮੀਖਾਨ ਰਾਮਪੁਰੀ ਦੇ ਸੰਗੀਤ ਵਿਚ ਸ਼ਮਸ਼ਾਦ ਬੇਗਮ ਨੇ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਦੇ ਲਿਖੇ 2 ਗੀਤ ‘ਮਹਿੰਦੀਏ ਨੀ ਮਹਿੰਦੀਏ ਕੀ ਮਹਿੰਦੀ ਤੇਰੀ ਕਹਿੰਦੀ ਏ’, ‘ਪੀ ਲੇ ਪੀ ਲੇ ਸੋਹਣਿਆ ਵੇਲਾ ਹੈ ਇਹ ਪੀਣ ਦਾ’ ਵੀ ਪਸੰਦ ਕੀਤੇ ਗਏ। ‘ਯਮਲਾ ਜੱਟ’ (1940) ‘ਚ ਭਾਈ ਗੁਲਾਮ ਹੈਦਰ ਦੇ ਸੰਗੀਤ ‘ਚ ਵਲੀ ਸਾਹਿਬ ਦੇ ਲਿਖੇ 10 ਗੀਤਾਂ ‘ਚੋਂ 4 ਗੀਤ ਸ਼ਮਸ਼ਾਦ ਬੇਗਮ ਦੇ ਹਿੱਸੇ ਆਏ। ਇਨ੍ਹਾਂ ਵਿਚ ਹਨ ‘ਕਣਕਾਂ ਦੀਆਂ ਫਸਲਾਂ ਪੱਕੀਆਂ ਨੇ’ ਅਤੇ ਮਾਸਟਰ ਗੁਲਾਮ ਹੈਦਰ ਨਾਲ ‘ਸੁਪਨੇ ਵਿਚ ਸੁਪਨਾ ਤੱਕਿਆ’, ‘ਆ ਦੁੱਖੜੇ ਫੋਲ ਲਈਏ’ ਤੇ ‘ਆ ਆ ਸੱਜਣਾ ਦੋਵੇਂ ਰਲਕੇ ਚੱਲੀਏ ਪਰਲੇ ਪਾਰ’ ਵੀ ਬੇਹੱਦ ਮਕਬੂਲ ਹੋਏ।
ਦੇਸ਼ ਵੰਡ ਪਿਛੋਂ ਸ਼ਮਸ਼ਾਦ ਬੇਗਮ ਲਾਹੌਰ ਤੋਂ ਬੰਬਈ ਜ ਵੱਸੀ। ‘ਲੱਛੀ’ (1949) ਵਿਚ ਉਸ ਨੇ ਹੰਸਰਾਜ ਬਹਿਲ ਦੇ ਸੰਗੀਤ ਵਿਚ ਐਮ. ਆਰ. ਭਾਖੜੀ ਦਾ ਲਿਖਿਆ ਤੇ ਮਨੋਰਮਾ ‘ਤੇ ਫਿਲਮਾਏ ਗੀਤ ‘ਮੇਰੀ ਲੱਗਦੀ ਕਿਸੇ ਨੇ ਨਾ ਵੇਖੀ’ ਨਾਲ ਧੁੰਮਾਂ ਪਾ ਦਿੱਤੀਆਂ ਸਨ। ‘ਭਾਈਆ ਜੀ’ (1950) ‘ਚ ‘ਮੈਂ ਜੱਟੀ ਪੰਜਾਬ ਦੀ’, ‘ਸੂਹੇ ਵੇ ਚੀਰੇ ਵਾਲਿਆ’ ਵੀ ਕਾਫੀ ਹਿੱਟ ਹੋਏ। ਹੰਸਰਾਜ ਬਹਿਲ ਦੇ ਸੰਗੀਤ ਵਿਚ ਫਿਲਮ ‘ਛਈ’ (1950) ‘ਚ ‘ਆਜਾ ਦਿਲ ਨਾਲ ਦਿਲ ਨੂੰ ਮਿਲਾ ਲੈ’, ‘ਜਾ ਵੇ ਬੇਕਦਰਾ ਤੂੰ ਸਾਡੀ ਕਦਰ ਨਾ ਜਾਣੀ’ ਗਾਇਆ। ਅੱਲ੍ਹਾ ਰੱਖਾ ਕੁਰੈਸ਼ੀ ਦੇ ਸੰਗੀਤ ਵਿਚ ਫਿਲਮ ‘ਮਦਾਰੀ’ (1951) ਵਿਚ ‘ਉਹਦੇ ਨਾਲ ਹੋਣਗੀਆਂ ਗੱਲਾਂ ਅੱਜ ਗੂੜ੍ਹੀਆਂ’ ਅਤੇ ‘ਏਡਾ ਹੁਸਨ ‘ਤੇ ਗਰੂਰ ਨਹੀਂ ਚਾਹੀਦਾ’ ਗਾਏ। ਸਰਦੂਲ ਕਵਾਤੜਾ ਦੀ ਸੰਗੀਤ-ਨਿਰਦੇਸ਼ਿਤ ਫਿਲਮ ‘ਪੋਸਤੀ’ (1951) ‘ਚ ‘ਚੱਲੀ ਪਿਆਰ ਦੀ ਹਵਾ ਮਸਤਾਨੀ’ (ਆਸ਼ਾ ਭੌਸਲੇ ਨਾਲ), ‘ਚਿੱਟੇ-ਚਿੱਟੇ ਬੱਦਲਾਂ ਦੀ ਛਾਂ ਡੋਲਦੀ’, ‘ਗੋਰੀਏ ਗੰਨੇ ਦੀਏ ਪੋਰੀਏ ਨੀਂ’ ਗਾਏ। ਐਨ. ਦੱਤਾ ਦੀ ਫਿਲਮ ‘ਬਾਲੋ’ (1951) ਵਿਚ ‘ਸੋਹਣੇ ਫੁੱਲ ਪਿਆਰ ਦੇ’ ਗਾਏ। ਪੰਡਿਤ ਹਰਬੰਸ ਦੀ ਮੌਸੀਕੀ ਵਿਚ ਫਿਲਮ ‘ਵਸਾਖੀ’ (1951) ‘ਚ ‘ਲਿਸ਼ਕਾਰਾ’ ਅਤੇ ‘ਦੋ ਨੈਣਾਂ ਦੇ ਤੀਰ’ ਗਾਏ। ਹੰਸਰਾਜ ਬਹਿਲ ਦੇ ਸੰਗੀਤ ‘ਚ ਫਿਲਮ ‘ਜੁਗਨੀ’ (1953) ‘ਚ ‘ਅੱਗ ਪਿਆਰ ਦੀ’ ਤੇ ‘ਉਹ ਵੇਲਾ ਯਾਦ ਕਰ’ ਗਾਏ। ਸਰਦੂਲ ਕਵਾਤੜਾ ਦੇ ਸੰਗੀਤ ‘ਚ ਫਿਲਮ ‘ਕੌਡੇ ਸ਼ਾਹ’ (1953) ‘ਚ ‘ਛੱਡ ਦੇ ਤੂੰ ਮੇਰਾ ਦੁਪੱਟਾ’, ‘ਕੱਚੀ ਕਲੀ ਸੀ ਨਾਜ਼ੁਕ ਦਿਲ ਮੇਰਾ’, ‘ਤੁਣਕਾ ਮਾਰ ਦੇ ਤੁਣਕਾ’ ਗਾਏ। ਧਨੀ ਰਾਮ ਦੇ ਸੰਗੀਤ ‘ਚ ਫਿਲਮ ‘ਲਾਰਾ ਲੱਪਾ’ (1953) ਵਿਚ ‘ਮੈਂ ਤੇਰੀ ਹੋ ਗਈ’ ਅਤੇ ‘ਅੱਖੀਆਂ ਵਿਚ ਅੱਖੀਆਂ ਰਹਿਣ ਦੇ’ ਗਾਏ।
ਸ਼ਮਸ਼ਾਦ ਬੇਗਮ ਨੇ ਆਪਣਾ ਆਖਰੀ ਨਗਮਾ ਐਸ਼ ਮੋਹਿੰਦਰ ਦੇ ਸੰਗੀਤ ਵਿਚ ਫਿਲਮ ‘ਦਾਜ’ (1976) ਵਿਚ ਗਾਇਆ। ਇਸ ਭੰਗੜਾ ਗੀਤ ਦੇ ਬੋਲ ਹਨ ‘ਗੋਰਾ ਰੰਗ ਵੰਡਿਆ ਨਾ ਜਾਵੇ ਗੁੜ ਹੋਵੇ ਵੰਡਦੀ ਫਿਰਾਂ’ (ਮਹਿੰਦਰ ਕਪੂਰ ਨਾਲ)। ਉਸ ਨੇ 1939 ਤੋਂ 1976 ਤਕ ਬਣੀਆਂ ਕੁੱਲ 55 ਪੰਜਾਬੀ ਫਿਲਮਾਂ ‘ਚ ਕਰੀਬ 160 ਗੀਤ ਗਾਏ।
ਪੰਜਾਬੀ ਫਿਲਮਾਂ ਦਾ ਸੰਗੀਤ ਹਿੱਟ ਹੁੰਦਿਆਂ ਹੀ ਭਾਈ ਗੁਲਾਮ ਹੈਦਰ ਨੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦਾ ਇਸਤੇਮਾਲ ਉਰਦੂ/ਹਿੰਦੀ ਫਿਲਮਾਂ ਵਿਚ ਵੀ ਕੀਤਾ। ਹਿੰਦੀ ਫਿਲਮ ‘ਖਜ਼ਾਨਚੀ’ (1941) ਵਿਚ ਪਹਿਲੀ ਵਾਰ ਸ਼ਮਸ਼ਾਦ ਬੇਗਮ ਨੇ ਭਾਈ ਗੁਲਾਮ ਹੈਦਰ ਦੇ ਸੰਗੀਤ ‘ਚ ਵਲੀ ਸਾਹਿਬ ਦੇ ਲਿਖੇ 9 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ, ਪਰ ਫਿਲਮ ‘ਚ ਭਾਈ ਗੁਲਾਮ ਹੈਦਰ ਨਾਲ ਦੋਗਾਣਾ ਗੀਤ ‘ਸਾਵਣ ਕੇ ਨਜ਼ਾਰੇਂ ਹੈਂ ਹਾਹਾ ਹਾ’ ਨੇ ਪੂਰੇ ਹਿੰਦੋਸਤਾਨ ਵਿਚ ਗੂੰਜਾਂ ਪਾ ਛੱਡੀਆਂ ਸਨ। ਫਿਲਮ ‘ਖਾਨਦਾਨ’ (1942) ਵਿਚ ਭਾਈ ਗੁਲਾਮ ਹੈਦਰ ਦੇ ਸੰਗੀਤ ‘ਚ 3 ਗੀਤ ਗਾਏ। ‘ਸ਼ਿਆਮ ਦਿਲ ਲੈ ਕੇ ਰੂਠ ਗਏ’ (ਨਿਸ਼ਾਨੀ/1942), ‘ਦੁਨੀਆ ਮੇਂ ਗਰੀਬੋਂ ਕੋ ਆਰਾਮ ਨਹੀਂ ਮਿਲਤਾ’ (ਜ਼ਮੀਂਦਾਰ/1942), ‘ਝਲਕ ਦਿਖਾ ਕੇ ਛੁਪੀ ਚਾਂਦਨੀ’ (ਪੂੰਜੀ/1943) ‘ਨੈਨਾ ਭਰ ਆਏ ਨੀਰ’ (ਹਮਾਯੂੰ/1945), ‘ਆਜ ਮੌਸਮ ਹੈ ਰੰਗੀਨ’ (ਆਵਾਰਾ/1951), ‘ਸਈਆਂ ਦਿਲ ਮੇਂ ਆਨਾ ਰੇ’ (ਬਹਾਰ/1951) ਅਤੇ ‘ਮੁਹੱਬਤ ਚੂਮੇ ਜਿਨਕੇ ਹਾਥ’ (ਆਨ/1952) ਆਦਿ ਗਾਏ। ਸ਼ਮਸ਼ਾਦ ਬੇਗਮ ਦਾ ਆਖਰੀ ਹਿੱਟ ਗੀਤ ਫਿਲਮ ‘ਕਿਸਮਤ’ (1968) ਲਈ ਓ. ਪੀ. ਨਈਅਰ ਦੇ ਸੰਗੀਤ ‘ਚ ਆਸ਼ਾ ਭੋਸਲੇ ਨਾਲ ਗਾਇਆ ‘ਕਜਰਾ ਮੁਹੱਬਤ ਵਾਲਾ’ ਸੀ। ਰਤਨ ਪ੍ਰੋਡਕਸ਼ਨ, ਬੰਬਈ ਦੀ ਫਿਲਮ ‘ਬਾਂਕੇਲਾਲ’ (1972) ਸ਼ਮਸ਼ਾਦ ਬੇਗਮ ਦੇ ਗਾਇਨ ਸਫਰ ਦੀ ਆਖਰੀ ਫਿਲਮ ਸੀ। ਫਿਲਮ ‘ਚ ਉਸ ਨੇ ਪਰਦੇਸੀ ਦੇ ਸੰਗੀਤ ‘ਚ ਪੰਡਿਤ ਮਧੁਰ ਦਾ ਲਿਖਿਆ ਸਿਰਫ ਇਕ ਗੀਤ ‘ਹਮ ਕਿਸਸੇ ਕਹੇਂ ਕਯਾ ਸ਼ਿਕਵਾ ਕਰੇਂ’ (ਮਹਿੰਦਰ ਕਪੂਰ, ਆਸ਼ਾ ਭੋਸਲੇ) ਗਾਇਆ। ਉਸ ਨਾਲ ਇਹ ਪ੍ਰਿਥਵੀ ਰਾਜ ਕਪੂਰ ਦੀ ਵੀ ਆਖਰੀ ਫਿਲਮ ਸੀ।
ਸ਼ਮਸ਼ਾਦ ਬੇਗਮ ਨੇ ਪੰਜਾਬੀ, ਉਰਦੂ/ਹਿੰਦੀ, ਗੀਤਾਂ ਤੋਂ ਬਿਨਾ ਤਾਮਿਲ, ਭੋਜਪੁਰੀ, ਰਾਜਸਥਾਨੀ ਅਤੇ ਪਸ਼ਤੋ ਜ਼ੁਬਾਨ ਵਿਚ ਵੀ ਗੀਤ ਗਾਏ। ਆਪਣੀਆਂ ਹਮ-ਅਸਰ ਗੁਲੂਕਰਾਵਾਂ ਵਿਚੋਂ ਉਹ ਹੀ ਸਭ ਤੋਂ ਉੱਚੇ ਸੁਰ ‘ਚ ਗਾਉਣ ਵਾਲੀ ਗਾਇਕਾ ਸੀ। ਉਸ ਦੀ ਟੁਣਕਵੀਂ ਆਵਾਜ਼ ਦੀ ਵਿਸ਼ੇਸ਼ ਕਸ਼ਿਸ਼ ਸੀ। ਜਦੋਂ ਪਤਲੀਆਂ ਆਵਾਜ਼ਾਂ ਦਾ ਜ਼ਮਾਨਾ ਸ਼ੁਰੂ ਹੋਇਆ ਤਾਂ ਉਸ ਦਾ ਗਾਉਣਾ ਘੱਟ ਹੁੰਦਾ ਗਿਆ।
ਸਾਲ 2009 ਵਿਚ ਭਾਰਤ ਸਰਕਾਰ ਨੇ ਉਸ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਤ ਕੀਤਾ, ਜੋ 90 ਵਰ੍ਹਿਆਂ ਦੀ ਉਮਰ ਵਿਚ ਕਿਸੇ ਸੁਖਦ ਅਹਿਸਾਸ ਤੋਂ ਘੱਟ ਨਹੀਂ ਸੀ। 23 ਅਪਰੈਲ 2013 ਨੂੰ 94 ਵਰ੍ਹਿਆਂ ਦੀ ਉਮਰ ਵਿਚ ਉਸ ਦਾ ਦੇਹਾਂਤ ਹੋ ਗਿਆ।