‘ਸਾਡਾ ਹੱਕ’ ‘ਤੇ ਹਾਵੀ ਹੋਏ ਪੁਲਿਸ ਅਫਸਰ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਨੇ ਪੁਲਿਸ ਅਫਸਰਾਂ ਦੇ ਆਖੇ ਲੱਗ ਕੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬੀ ਫ਼ਿਲਮ ‘ਸਾਡਾ ਹੱਕ’ ‘ਤੇ ਪਾਬੰਦੀ ਲਾ ਦਿੱਤੀ ਜਿਸ ਨਾਲ ਸਿੱਖਾਂ ਵਿਚ ਵਿਆਪਕ ਰੋਸ ਫੈਲ ਗਿਆ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਫਸਰਾਂ ਦੀ ਜੁੰਡਲੀ ਸਣੇ ਖ਼ੁਦ ਇਹ ਫ਼ਿਲਮ ਦੇਖਣ ਤੋਂ ਬਾਅਦ ਪਾਬੰਦੀ ਲਾਉਣ ਦਾ ਫੈਸਲਾ ਲਿਆ। ਸਿੱਖਾਂ ਦੀ ਦੁਖੜਿਆਂ ਬਾਰੇ ਬਣੀ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਚੰਦ ਘੰਟੇ ਪਹਿਲਾਂ ਹੀ ਪੰਜਾਬ ਸਰਕਾਰ ਹਰਕਤ ਵਿਚ ਆਈ ਤੇ ਪੁਲਿਸ ਅਫਸਰ ਇਸ ਫਿਲਮ ਦਾ ਗਲਾ ਘੁੱਟਣ ਵਿਚ ਕਾਮਯਾਬ ਹੋ ਗਏ।
ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿਚ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਪੋਲ ਖੋਲ੍ਹੀ ਗਈ ਹੈ ਜਿਸ ਕਰਕੇ ਉਹ ਇਸ ਫਿਲਮ ਦਾ ਗਲਾ ਘੁੱਟਣ ਲਈ ਸਰਗਰਮ ਹੋ ਗਏ। ਫਿਲਮ ਵਿਚ ਮੁੱਖ ਤੌਰ ‘ਤੇ ਖਾੜਕੂਵਾਦ ਦੇ ਸਮੇਂ ਦੌਰਾਨ ਪੁਲੀਸ ਵਧੀਕੀਆਂ ਦਾ ਜ਼ਿਕਰ ਹੈ। ਪੁਲਿਸ ਤੇ ਸਿਵਲ ਅਧਿਕਾਰੀਆਂ ਵੱਲੋਂ ਫ਼ਿਲਮ ਦੇਖਣ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਮੀਡੀਆ ਕਰਮੀਆਂ ਨੂੰ ਫ਼ਿਲਮ ਦੇਖਣ ਨਹੀਂ ਦਿੱਤੀ ਗਈ। ਹੈਰਾਨੀ ਦੀ ਗੱਲ ਹੈ ਕਿ ਸੀਨੀਅਰ ਅਧਿਕਾਰੀਆਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਫ਼ਿਲਮ ਬਾਰੇ ਕੋਈ ਸ਼ਿਕਾਇਤ ਹੈ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਮੁੱਖ ਸਕੱਤਰ ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਫ਼ਿਲਮ ਬਾਰੇ ਫਿਲਹਾਲ ਕੋਈ ਵੀ ਟਿੱਪਣੀ ਨਹੀਂ ਕਰਨੀ।
ਫ਼ਿਲਮ ‘ਸਾਡਾ ਹੱਕ’ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਇਸ ਫਿਲਮ ਦੇ ਪ੍ਰਦਸ਼ਨ ਲਈ ਹੱਕ ਵਿਚ ਨਿੱਤਰ ਆਈ ਸੀ ਪਰ ਹੁਣ ਬਾਦਲਾਂ ਦੇ ਦਬਕੇ ਕਾਰਨ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਸੁਰ ਬਦਲ ਲਈ ਹੈ। ਸੈਂਸਰ ਬੋਰਡ ਵੱਲੋਂ ਅੜਿੱਕਾ ਡਾਹੇ ਜਾਣ ਮਗਰੋਂ ਫਿਲਮ ਨਿਰਮਾਤਾ ਦੇ ਲੰਬੇ ਸੰਘਰਸ਼ ਤੋਂ ਬਾਅਦ ਆਖਰ ‘ਸਾਡਾ ਹੱਕ’ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਲਈ ਹਰੀ ਝੰਡੀ ਮਿਲ ਗਈ ਸੀ ਪਰ ਇਸ ਫਿਲਮ ਦਾ ਟਰੇਲਰ ਜਿਵੇਂ ਹੀ ਟੈਲੀਵਿਜ਼ਨ ‘ਤੇ ਆਉਣਾ ਸ਼ੁਰੂ ਹੋਇਆ ਤੇ ਰਿਲੀਜ਼ ਦੀ ਤਾਰੀਖ਼ ਨਜ਼ਦੀਕ ਆ ਗਈ ਤਾਂ ਕਈ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿਚ ਤਾਂ ਫਿਲਮ ਦੇ ਵਿਰੋਧ ਨੂੰ ਸਰਕਾਰ ਨੇ ਸਰਸਰੀ ਹੀ ਲਿਆ ਪਰ ਇਸ ਦਾ ਲਾਹਾ ਲੈਂਦਿਆਂ ਅਫਸਰਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕੰਨ ਭਰ ਦਿੱਤੇ ਤੇ ਰਿਲੀਜ਼ ਤੋਂ ਇਕ ਦਿਨ ਪਹਿਲਾਂ ਸਰਕਾਰ ਜ਼ਿਆਦਾ ਹੀ ਗੰਭੀਰ ਹੋ ਗਈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਫਿਲਮ ਦੇ ਪ੍ਰਦਸ਼ਨ ਬਾਰੇ ਕੁਝ ਇਤਰਾਜ਼ਯੋਗ ਤੱਥ ਪੇਸ਼ ਕੀਤੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਸਕੱਤਰ ਤੇ ਹੋਰਾਂ ਅਧਿਕਾਰੀਆਂ ਨੂੰ ਫਿਲਮ ਦੇਖਣ ਦੀਆਂ ਹਦਾਇਤਾਂ ਦਿੱਤੀਆਂ।
_________________________________
ਨਿਰਦੇਸ਼ਕ ਕੁਲਜਿੰਦਰ ਸਿੱਧੂ ਪਾਬੰਦੀ ‘ਤੇ ਹੈਰਾਨ
ਚੰਡੀਗੜ੍ਹ: ਨਿਰਦੇਸ਼ਕ ਕੁਲਜਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਫ਼ਿਲਮ ‘ਤੇ ਲਾਈ ਪਾਬੰਦੀ ਵਾਪਸ ਲੈਣ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਡੀਐਸ ਬੈਂਸ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਜਦੋਂ ਇਸ ਫ਼ਿਲਮ ਨੂੰ ਮੁੰਬਈ ਸੈਂਸਰ ਬੋਰਡ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਤਾਂ ਪੰਜਾਬ ਸਰਕਾਰ ਵੱਲੋਂ ਇਸ ‘ਤੇ ਪਾਬੰਦੀ ਲਾਉਣਾ ਹੈਰਾਨੀਜਨਕ ਤੇ ਦੁਖਦਾਇਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਿੰਦੂ ਸੁਰੱਖਿਆ ਕਮੇਟੀ ਤੇ ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਪਹਿਲਾਂ ਹੀ ਫ਼ਿਲਮ ਦੇਖਣ ਤੋਂ ਬਾਅਦ ਇਸ ਨਾਲ ਸਹਿਮਤੀ ਪ੍ਰਗਟ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ, ਬਜ਼ੁਰਗ ਕਲਾਕਾਰਾਂ, ਸੀਨੀਅਰ ਪੱਤਰਕਾਰਾਂ ਤੇ ਹੋਰ ਸ਼ਖਸੀਅਤਾਂ ਦੀ ਸਲਾਹ ਨਾਲ ਫ਼ਿਲਮ ਰਿਲੀਜ਼ ਕਰ ਦੇਣੀ ਚਾਹੀਦੀ ਹੈ।
_______________________________
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਸੁਰ ਬਦਲੀ
ਆਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਆਪਣੀ ਸੁਰ ਬਦਲਦਿਆਂ ਕਿਹਾ ਕਿ ਸੈਂਸਰ ਬੋਰਡ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬੀ ਫ਼ਿਲਮ ‘ਸਾਡਾ ਹੱਕ’ ‘ਤੇ ਪੰਜਾਬ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਹਟਾਉਣ ਦਾ ਫ਼ੈਸਲਾ ਵੀ ਸਰਕਾਰ ਹੀ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਵਿਵਸਥਾ ਬਹਾਲ ਰਹੇ।
___________________________________
ਸੈਂਸਰ ਬੋਰਡ ਤੋਂ ਮਸਾਂ ਖਹਿੜਾ ਛੁਡਾਇਆ
ਚੰਡੀਗੜ੍ਹ: ਪੰਜਾਬੀ ਫਿਲਮ ‘ਸਾਡਾ ਹੱਕ’ ਪਹਿਲੇ ਦਿਨ ਹੀ ਵਿਵਾਦਾਂ ਵਿਚ ਘਿਰ ਗਈ ਸੀ। ਇਸ ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਨੇ ਜਦੋਂ ਪਿਛਲੇ ਵਰ੍ਹੇ 20 ਅਕਤੂਬਰ ਨੂੰ ਇਸ ਫਿਲਮ ਦੇ ਪ੍ਰਦਰਸ਼ਨ ਲਈ ਸੈਂਸਰ ਬੋਰਡ ਤੋਂ ਸਰਟੀਫਿਕੇਟ ਦੀ ਮੰਗ ਕੀਤੀ ਤਾਂ ਮਾਮਲਾ ਉਦੋਂ ਹੀ ਭਖ ਗਿਆ ਸੀ ਕਿਉਂਕਿ ਸੈਂਸਰ ਬੋਰਡ ਨੇ ਫਿਲਮ ‘ਤੇ ਰੋਕ ਲਾਉਣ ਦਾ ਫੈਸਲਾ ਸੁਣਾ ਦਿੱਤਾ ਸੀ। ਸ਼ ਸਿੱਧੂ ਨੇ 14 ਨਵੰਬਰ, 2012 ਨੂੰ ਸੈਂਸਰ ਬੋਰਡ ਦੀ ਰੀਵਿਊ ਕਮੇਟੀ ਅੱਗੇ ਅਪੀਲ ਪਾਈ ਸੀ। ਕਮੇਟੀ ਨੇ ਵੀ  ਫਿਲਮ ‘ਤੇ ਰੋਕ ਲਾਉਣ ਦੀ ਸਿਫ਼ਾਰਸ਼ ਕੀਤੀ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਇਸ ਫਿਲਮ ਵਿਚ ਪੁਲਿਸ ਤੇ ਉਸ ਸਮੇਂ ਦੀ ਸਰਕਾਰ ਦੀ ਗਲਤ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਫਿਲਮ ਵਿਚ ਦਿੱਤੇ ਧਾਰਮਿਕ ਨਾਅਰੇ ‘ਰਾਜ ਕਰੇਗਾ ਖਾਲਸਾ’ ‘ਤੇ ਵੀ ਇਤਰਾਜ਼ ਉਠਾਇਆ ਗਿਆ ਸੀ। ਇਸ ਫਿਲਮ ਦੇ ਨਿਰਮਾਤਾ ਨੇ ਸ਼੍ਰੋਮਣੀ ਕਮੇਟੀ ਦੀ ਸ਼ਰਨ ਲਈ। ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਇਕ ਸਕਰੀਨਿੰਗ ਕਮੇਟੀ ਬਣਾ ਕੇ ਫਿਲਮ ਦੀ ਸਮੀਖਿਆ ਕੀਤੀ ਗਈ। ਸ਼੍ਰੋਮਣੀ ਕਮੇਟੀ ਨੇ ਫਿਲਮ ਦੀ ਪ੍ਰਸ਼ੰਸਾ ਕੀਤੀ ਤੇ ਸੈਂਸਰ ਬੋਰਡ ਤੋਂ ਫਿਲਮ ‘ਤੇ ਲਾਈ ਰੋਕ ਹਟਾਉਣ ਦੀ ਮੰਗ ਕੀਤੀ। ਪਿਛਲੇ ਵਰ੍ਹੇ 20 ਦਸੰਬਰ ਨੂੰ ਇਹ ਮਾਮਲਾ ਸੈਂਸਰ ਬੋਰਡ ਦੀ ਸਿਖਰਲੀ ਸੰਸਥਾ ‘ਫਿਲਮ ਸਰਟੀਫਿਕੇਸ਼ਨ ਅਪੀਲੈਟ ਟ੍ਰਿਬਿਊਨਲ’ ਕੋਲ ਪੁੱਜਾ। ਟ੍ਰਿਬਿਊਨਲ ਦੇ ਚੇਅਰਮੈਨ ਲਲਿਤ ਭਾਸੀਨ ਤੇ ਇਸ ਦੇ ਮੈਂਬਰਾਂ ਨੇ ਇਸ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਸੀ।
____________________________________
ਅਕਾਲ ਤਖ਼ਤ ਦੇ ਜਥੇਦਾਰ ਤੋਂ ਦਖ਼ਲ ਮੰਗਿਆ
ਅੰਮ੍ਰਿਤਸਰ: ਪੰਜਾਬੀ ਫਿਲਮ ‘ਸਾਡਾ ਹੱਕ’ ਦੇ ਨਿਰਮਾਤਾ ਤੇ ਮੁੱਖ ਕਲਾਕਾਰ ਕੁਲਜਿੰਦਰ ਸਿੰਘ ਸਿੱਧੂ ਨੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਦਾਇਤ ਕਰਨ ਕਿ ਉਹ ਇਸ ਫਿਲਮ ‘ਤੇ ਰੋਕ ਖ਼ਤਮ ਕਰਨ। ਦੂਜੇ ਪਾਸੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰਨ ਮਗਰੋਂ ਅਗਲੀ ਕਾਰਵਾਈ ਲਈ ਕਹਿਣਗੇ। ਇਸ ਦੌਰਾਨ ਫਿਲਮ ਸਮਰਥਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋ ਕੇ ਅਰਦਾਸ ਵੀ ਕੀਤੀ ਹੈ। ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿੰਘ ਸਿੱਧੂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿਚ ਉਨ੍ਹਾਂ ਅਪੀਲ ਕੀਤੀ ਹੈ ਕਿ ਉਹ ਉਪ ਮੁੱਖ ਮੰਤਰੀ ਨੂੰ ਇਸ ਫਿਲਮ ‘ਤੇ ਲਾਈ ਰੋਕ ਖ਼ਤਮ ਕਰਨ ਦੀ ਸਿਫਾਰਸ਼ ਕਰਨ।
_______________________________
ਫ਼ਿਲਮ ‘ਤੇ ਪਾਬੰਦੀ ਦਰੁਸਤ: ਬਾਦਲ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫ਼ਿਲਮ ‘ਸਾਡਾ ਹੱਕ’ ‘ਤੇ ਪਾਬੰਦੀ ਲਾਏ ਜਾਣ ਨੂੰ ਦਰੁਸਤ ਕਰਾਰ ਦਿੰਦਿਆਂ ਇਸ ਗੱਲੋਂ ਇਨਕਾਰ ਕੀਤਾ ਕਿ ਇਹ ਫੈਸਲਾ ਪੰਜਾਬ ਸਰਕਾਰ ਨੇ ਆਰਐਸਐਸ ਜਾਂ ਭਾਜਪਾ ਦੇ ਦਬਾਅ ਹੇਠ ਲਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪਾਬੰਦੀ ਮਹਿਜ਼ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੱਦੇਨਜ਼ਰ ਲਾਈ ਹੈ। ਸ਼ ਬਾਦਲ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਫਿਲਮ ਪ੍ਰਤੀ ਨਾ ਹੀ ਕੋਈ ਪ੍ਰਚਾਰ ਜਾਂ ਸਹਿਯੋਗ ਕੀਤਾ ਹੈ ਤੇ ਨਾ ਹੀ ਉਨ੍ਹਾਂ ਖੁਦ ਇਹ ਵੇਖੀ ਹੈ। ਉਨ੍ਹਾਂ ਤਰਕ ਦਿੱਤਾ ਕਿ ਪੰਜਾਬ ਅੰਦਰ ਬੜੀ ਮੁਸ਼ਕਲ ਨਾਲ ਅਮਨ ਸ਼ਾਂਤੀ ਬਣੀ ਹੈ ਤੇ ਵਿਕਾਸ ਦੀ ਗੱਲ ਤੁਰੀ ਹੈ। ਫਿਲਮ ਤਹਿਤ ਅਜਿਹੀਆਂ ਭੜਕਾਊ ਗੱਲਾਂ ਨਾਲ ਰਾਜ ਦਾ ਅਮਨ ਮੁੜ ਖਤਰੇ ਵਿਚ ਪੈਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੱਕਾ ਇਰਾਦਾ ਹੈ ਕਿ ਜਿਥੇ ਵੀ ਅਮਨ ਤੇ ਕਾਨੂੰਨ ਨਾਲ ਖਿਲਵਾੜ ਪੈਦਾ ਕਰਨ ਦੀ ਨੀਯਤ ਸਾਹਮਣੇ ਆਵੇਗੀ, ਉਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।
__________________________
ਬਹੁਤੇ ਹਿੰਦੂ ਸੰਗਠਨਾਂ ਨੂੰ ਵੀ ਨਹੀਂ ਇਤਰਾਜ਼
ਅੰਮ੍ਰਿਤਸਰ: ਪੰਜਾਬੀ ਫਿਲਮ ‘ਸਾਡਾ ਹੱਕ’ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਸਬ ਕਮੇਟੀ ਨੇ ਸਮੀਖਿਆ ਦੌਰਾਨ ਇਸ ਦੇ ਦ੍ਰਿਸ਼ਾਂ ਬਾਰੇ ਕੋਈ ਇਤਰਾਜ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਨੇ ਨਾ ਸਿਰਫ ਇਸ ਫ਼ਿਲਮ ਨੂੰ ਹਰੀ ਝੰਡੀ ਦਿੱਤੀ ਸਗੋਂ ਇਸ ਸਬੰਧੀ ਅਪੀਲੈਟ ਟ੍ਰਿਬਿਊਨਲ ਨੂੰ ਵੀ ਸਿਫਾਰਸ਼ ਕੀਤੀ ਸੀ। ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਅਕਾਲੀ ਦਲ ਅੰਮ੍ਰਿਤਸਰ, ਸਿੱਖ ਕੌਂਸਲ ਪੰਜਾਬ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਨੂੰ ਸਰਾਹਿਆ ਗਿਆ ਹੈ। ਹਿੰਦੂ ਜਥੇਬੰਦੀਆਂ ਸ੍ਰੀ ਦੁਰਗਾ ਮਾਤਾ ਮੰਦਿਰ ਕਮੇਟੀ,  ਲੁਧਿਆਣਾ ਤੇ ਹਿੰਦੂ ਸੁਰੱਖਿਆ ਕਮੇਟੀ, ਲੁਧਿਆਣਾ ਤੇ ਸ਼ਿਵ ਸੈਨਾ ਦੇ ਇਕ ਧੜੇ ਨੇ ਵੀ ਇਸ ਫਿਲਮ ਨੂੰ ਦੇਖਣ ਬਾਅਦ ਮਾਨਤਾ ਦਿੱਤੀ ਹੈ। ਸ਼ਿਵ ਸੈਨਾ ਦੇ ਕੁਝ ਧੜੇ ਇਸ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਫਿਲਮ ਦੇ ਜਾਰੀ ਹੋਣ ‘ਤੇ ਇਸ ਦਾ ਵਿਰੋਧ ਕਰਨਗੇ। ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਿਵ ਸੈਨਾ ਕਾਰਕੁਨਾਂ ਨੇ ਫਿਲਮ ਦੌਰਾਨ ਵਿਘਨ ਪਾਉਣ ਦਾ ਯਤਨ ਕੀਤਾ ਤਾਂ ਉਹ ਉਨ੍ਹਾਂ ਨੂੰ ਕਰੜੇ ਹੱਥੀਂ ਲੈਣਗੇ।

Be the first to comment

Leave a Reply

Your email address will not be published.