ਪੁਲਵਾਮਾ ਹਮਲਾ ਕਸ਼ਮੀਰੀ ਵਿਦਿਆਰਥੀਆਂ ‘ਤੇ ਦਹਿਸ਼ਤ ਬਣ ਕੇ ਵਰ੍ਹਿਆ

ਘਟਨਾਵਾਂ ਨੇ ਕਤਲੇਆਮ ਚੁਰਾਸੀ ਯਾਦ ਕਰਾਇਆ; ਪੰਜਾਬੀਆਂ ਨੇ ਵਿਦਿਆਰਥੀਆਂ ਲਈ ਆਪਣੇ ਦਰ ਖੋਲ੍ਹੇ
ਚੰਡੀਗੜ੍ਹ: ਜੰਮੂ ਕਸ਼ਮੀਰ ਵਿਚ ਸੀæਆਰæਪੀæਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਅਤੇ ਕੁਝ ਕੱਟੜ ਹਿੰਦੂ ਜਥੇਬੰਦੀਆਂ ਨੇ ਦੇਸ਼ ਭਗਤੀ ਦੇ ਨਾਮ ਉਤੇ ਜਿਸ ਤਰ੍ਹਾਂ ਦਾ ਹੌਲਾਪਣ ਦਿਖਾਇਆ, ਉਸ ਉਤੇ ਵੱਡੇ ਪੱਧਰ ਉਤੇ ਸਵਾਲ ਉਠ ਰਹੇ ਹਨ। ਹਮਲੇ ਤੋਂ ਬਾਅਦ ਇਕ ਖਤਰਨਾਕ ਰੁਝਾਨ ਤਹਿਤ ਵੱਖ-ਵੱਖ ਥਾਂਵਾਂ ‘ਤੇ ਕਸ਼ਮੀਰੀਆਂ, ਖਾਸ ਕਰਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਂਜ, ਇਸ ਮਸਲੇ ‘ਤੇ ਪੰਜਾਬੀ ਏਕਤਾ ਪਾਰਟੀ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵੱਖਰਾ ਪੈਂਤੜਾ ਮੱਲਣ ਕਾਰਨ ਹਿੰਦੂਵਾਦੀਆਂ ਜਥੇਬੰਦੀਆਂ ਅਤੇ ਕੁਝ ਅਕਾਲੀ ਆਗੂ ਇਨ੍ਹਾਂ ਦੀ ਨੁਕਤਾਚੀਨੀ ਕਰ ਰਹੇ ਹਨ।

ਦੇਹਰਾਦੂਨ ਅਤੇ ਹੋਰ ਸ਼ਹਿਰਾਂ ਵਿਚ ਹਿੰਦੂਵਾਦੀਆਂ ਦੀਆਂ ਸ਼ਿਸ਼ਕੇਰੀਆਂ ਹੋਈਆਂ ਭੀੜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ, ਵਿਦਿਆਰਥੀ ਸਹਿਮ ਤੇ ਡਰ ਦੇ ਮਾਹੌਲ ਕਾਰਨ ਆਪਣੇ ਕਮਰਿਆਂ ਵਿਚ ਡੱਕੇ ਰਹੇ। ਕੁਝ ਥਾਂਵਾਂ ‘ਤੇ ਜਥੇਬੰਦੀਆਂ ਨੇ ਮਕਾਨ ਮਾਲਕਾਂ ਨੂੰ ਇਹ ਧਮਕੀਆਂ ਦਿੱਤੀਆਂ ਕਿ ਉਹ ਕਿਰਾਏ ‘ਤੇ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਘਰਾਂ ਵਿਚੋਂ ਕੱਢ ਦੇਣ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕੁਝ ਮਕਾਨ ਮਾਲਕਾਂ ਨੇ ਖੁਦ ਹੀ ਕਸ਼ਮੀਰੀ ਕਿਰਾਏਦਾਰਾਂ ਨੂੰ ਘਰ ਛੱਡ ਦੇਣ ਲਈ ਕਹਿ ਦਿੱਤਾ। ਇਸ ਮੌਕੇ ਖੌਫ਼ਜ਼ਦਾ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਹੀ ਇਹ ਸੁਰੱਖਿਅਤ ਟਿਕਾਣਾ ਲੱਗਾ ਤੇ ਦੇਸ਼ ਭਰ ਵਿਚੋਂ ਵੱਡੀ ਗਿਣਤੀ ਵਿਦਿਆਰਥੀ ਮੋਹਾਲੀ ਤੇ ਨੇੜਲੇ ਸ਼ਹਿਰਾਂ ਵਿਚ ਇਕੱਠੇ ਹੋਏ। ਪੰਜਾਬੀ ਲੋਕਾਂ ਨੇ ਬਿਪਤਾ ਮਾਰੇ ਵਿਦਿਆਰਥੀਆਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਤੇ ਆਪਣੇ ਘਰਾਂ ਵਿਚ ਆਸਰਾ ਦਿੱਤਾ। ਵੱਡੀ ਗਿਣਤੀ ਵਿਦਿਆਰਥੀਆਂ ਨੇ ਗੁਰੂ ਘਰਾਂ ਵਿਚ ਸ਼ਰਨ ਲਈ ਹੈ। ਪੰਜਾਬ ਦੀਆਂ ਵੱਡੀ ਗਿਣਤੀ ਸਮਾਜ ਸੇਵੀ ਸੰਸਥਾਵਾਂ ਵੀ ਕਸ਼ਮੀਰੀਆਂ ਦੀ ਮਦਦ ਲਈ ਅੱਗੇ ਆਈਆਂ ਹਨ ਤੇ ਇਕ ਬੰਦੇ ਦੀ ਕਾਰਵਾਈ ਦੀ ਸਜ਼ਾ ਸਾਰੇ ਕਸ਼ਮੀਰੀਆਂ ਨੂੰ ਦੇਣ ਦੀ ਨਿੰਦਾ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ 1984 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨਾਲ ਵੀ ਇਹੀ ਕੁਝ ਹੋਇਆ ਸੀ। ਪੂਰੀ ਕੌਮ ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਲਈ ਦੋਸ਼ੀ ਠਹਿਰਾ ਕੇ ਪੂਰੇ ਦੇਸ਼ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਸ ਵਕਤ ਪੁਲਿਸ ਅਤੇ ਸਿਆਸੀ ਆਗੂ ਵੀ ਉਸ ਸਮੇਂ ਭੀੜ ਨੂੰ ਸ਼ਹਿ ਦਿੰਦੇ ਰਹੇ। ਇਸ ਵਾਰ ਵੀ ਹਾਲਾਤ ਜਿਆਦਾ ਵੱਖਰੇ ਨਹੀਂ ਹਨ ਪਰ ਪੰਜਾਬੀ ਲੋਕਾਂ ਦੀ ਦਰਿਆਦਿਲੀ ਕਾਰਨ ਬੇਕਸੂਰ ਕਸ਼ਮੀਰੀਆਂ ਦਾ ਬਚਾਅ ਹੋ ਗਿਆ। ਹੁਣ ਪੰਜਾਬ ਸਰਕਾਰ ਸ਼ਰਨ ਲਈ ਬੈਠੇ ਕਸ਼ਮੀਰੀਆਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਅੱਗੇ ਆਈ ਹੈ ਅਤੇ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੀæਆਰæਪੀæਐਫ਼ ਦੀਆਂ ਗੱਡੀਆਂ ‘ਤੇ ਹੋਏ ਆਤਮਘਾਤੀ ਹਮਲੇ ਵਿਚ ਚਾਲੀ ਤੋਂ ਜ਼ਿਆਦਾ ਜਵਾਨ ਮਾਰੇ ਗਏ ਸਨ ਅਤੇ ਹੋਰ ਬਹੁਤ ਸਾਰੇ ਜ਼ਖਮੀ ਹੋਏ ਹਨ। ਸੀæਆਰæਪੀæਐਫ਼ ਦੇ ਇਸ ਕਾਫਲੇ ਵਿਚ 2500 ਤੋਂ ਜ਼ਿਆਦਾ ਜਵਾਨ ਜੰਮੂ ਤੋਂ ਸ੍ਰੀਨਗਰ ਤੱਕ ਦਾ ਸਫਰ ਕਰ ਰਹੇ ਸਨ। ਸਕਾਰਪੀਓ ਵਾਹਨ ਚਲਾ ਰਹੇ ਆਤਮਘਾਤੀ ਹਮਲਾਵਰ ਜਿਸ ਨੇ ਗੱਡੀ ਵਿਚ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਸੀ, ਨੇ ਬੱਸ ਵਿਚ ਟੱਕਰ ਮਾਰੀ। ਜੈਸ਼-ਏ-ਮੁਹੰਮਦ ਨਾਂ ਦੀ ਅਤਿਵਾਦੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੌਜੂਦਾ ਕੇਂਦਰ ਸਰਕਾਰ ਭਾਵੇਂ ਇਹ ਦਾਅਵੇ ਕਰਦੀ ਰਹੀ ਹੈ ਕਿ ਉਹ ਅਤਿਵਾਦੀਆਂ ਵਿਰੁਧ ਲੜਾਈ ਵਿਚ ਕਾਮਯਾਬ ਹੋ ਰਹੀ ਹੈ ਅਤੇ ਪਾਕਿਸਤਾਨ ਅੰਦਰ ਜਾ ਕੇ ਕੀਤੀ ਸਰਜੀਕਲ ਸਟਰਾਈਕ ਨੇ ਪਾਕਿਸਤਾਨ ਤੇ ਅਤਿਵਾਦੀਆਂ ਨੂੰ ਚੰਗਾ ਸਬਕ ਸਿਖਾਇਆ ਹੈ ਪਰ ਪਿਛਲੇ ਵਰ੍ਹਿਆਂ ਵਿਚ ਅਤਿਵਾਦੀ ਹਿੰਸਾ ਹੀ ਨਹੀਂ ਵਧੀ ਸਗੋਂ ਜਦੋਂ ਵੀ ਸੁਰੱਖਿਆ ਦਲਾਂ ਤੇ ਅਤਿਵਾਦੀਆਂ ਵਿਚ ਮੁਕਾਬਲਾ ਹੁੰਦਾ ਹੈ, ਆਮ ਨਾਗਰਿਕ ਵੀ ਉਸ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹਨ। ਪਹਿਲਾਂ ਜ਼ਿਆਦਾ ਕਾਰਵਾਈਆਂ ਭਾੜੇ ‘ਤੇ ਲੜਨ ਵਾਲੇ ਗੈਰ-ਕਸ਼ਮੀਰੀ ਕਰਦੇ ਸਨ ਪਰ ਹੁਣ ਪੜ੍ਹੇ-ਲਿਖੇ ਕਸ਼ਮੀਰੀ ਨੌਜਵਾਨ ਵੀ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋ ਰਹੇ ਹਨ।
ਮਾਰਚ 2015 ਵਿਚ ਜੰਮੂ ਕਸ਼ਮੀਰ ਵਿਚ ਬੀæਜੇæਪੀæ ਤੇ ਪੀæਡੀæਪੀæ ਦੀ ਸਾਂਝੀ ਸਰਕਾਰ ਹੋਂਦ ਵਿਚ ਆਈ। ਇਹ ਗੱਠਜੋੜ ਭਾਵੇਂ ਅਨਜੋੜ ਤੇ ਬੇਢੱਬਾ ਸੀ, ਫਿਰ ਵੀ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਦਹਾਕਿਆਂ ਤੋਂ ਸੁਲਗ ਰਹੀ ਸਮੱਸਿਆ ਦਾ ਕੋਈ ਹੱਲ ਨਿਕਲ ਆਏਗਾ, ਪਰ ਹੋਇਆ ਇਸ ਦੇ ਉਲਟ। ਸਿੱਟੇ ਵਜੋਂ ਲੋਕਾਂ ਤੇ ਸੁਰੱਖਿਆ ਦਲਾਂ ਵਿਚ ਦੂਰੀਆਂ ਵਧੀਆਂ ਅਤੇ ਲਗਾਤਾਰ ਹੁੰਦੇ ਪਥਰਾਓ ਰੋਕਣ ਲਈ ਸੁਰੱਖਿਆ ਬਲਾਂ ਨੇ ਛਰ੍ਹਿਆਂ ਦੀ ਵਰਤੋਂ ਕੀਤੀ ਜਿਸ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਨਜ਼ਰ ਜਾਂਦੀ ਰਹੀ ਤੇ ਨਫਰਤ ਦੀ ਭਾਵਨਾ ਵਧਦੀ ਰਹੀ। ਇਸ ਵੇਲੇ ਕਸ਼ਮੀਰੀਆਂ ਅੰਦਰ ਬੇਗਾਨਗੀ ਦੀ ਭਾਵਨਾ ਹੱਦੋਂ ਵੱਧ ਹੈ।