ਮੋਦੀ ਦੀ ਸਿਆਸਤ ਨੇ ਕੀਤਾ ਗੁਜਰਾਤ ਦਾ ਸੱਤਿਆਨਾਸ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਜੋਟੀਦਾਰਾਂ ਨੇ ਗੁਜਰਾਤ ਨੂੰ ਹੁਣ ਤੱਕ ਵਿਕਾਸ ਮਾਡਲ ਵਜੋਂ ਪੇਸ਼ ਕੀਤਾ ਹੈ। ਗੁਜਰਾਤ ਬਾਰੇ ਝੂਠੇ-ਸੱਚੇ ਅਜਿਹੇ ਅੰਕੜੇ ਪੇਸ਼ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਦੇ ਆਧਾਰ ਉਤੇ ਦਾਅਵਾ ਕੀਤਾ ਗਿਆ ਹੈ ਕਿ ਸੂਬਾ ਕਿੰਨੀ ਤਰੱਕੀ ਕਰ ਰਿਹਾ ਹੈ ਪਰ ਉਘੇ ਲੇਖਕ ਰਾਮਚੰਦਰ ਗੁਹਾ ਨੇ ਆਪਣੇ ਇਸ ਲੇਖ ਵਿਚ ਗੁਜਰਾਤ ਦਾ ਜੋ ਖਾਕਾ ਦੱਸਿਆ ਹੈ, ਉਹ ਕੀਤੇ ਜਾ ਰਹੇ ਪ੍ਰਚਾਰ ਤੋਂ ਐਨ ਉਲਟ ਹੈ। ਸੂਬੇ ਵਿਚ ਅਸਹਿਮਤੀ ਦੀ ਆਵਾਜ਼ ਨੂੰ ਜਿਸ ਢੰਗ ਨਾਲ ਦਬਾਇਆ ਜਾ ਰਿਹਾ ਹੈ,

ਉਹ ਭਾਰਤੀ ਜਮਹੂਰੀਅਤ ਦੇ ਮੱਥੇ ਉਤੇ ਕਲੰਕ ਹੈ। ਸੰਘ ਬ੍ਰਿਗੇਡ ਨੇ ਭੈਅ ਵਾਲਾ ਅਜਿਹਾ ਮਾਹੌਲ ਪਿਛਲੇ ਪੰਜ ਸਾਲਾਂ ਤੋਂ ਸਮੁੱਚੇ ਮੁਲਕ ਵਿਚ ਬਣਾਇਆ ਹੋਇਆ ਹੈ। -ਸੰਪਾਦਕ

ਰਾਮਚੰਦਰ ਗੁਹਾ

ਇਸ ਹਫਤੇ ਗੁਜਰਾਤ ਵਿਧਾਨ ਸਭਾ ਦੇ ਵਿਧਾਇਕ ਜਿਗਨੇਸ਼ ਮੇਵਾਣੀ ਨੂੰ ਅਹਿਮਦਾਬਾਦ ਦੇ ਐਚ.ਕੇ. ਆਰਟਸ ਕਾਲਜ ਵਿਚ ਸਮਾਗਮ ‘ਚ ਤਕਰੀਰ ਦੇਣ ਤੋਂ ਰੋਕ ਦਿੱਤਾ ਗਿਆ। ਉਹ ਖੁਦ ਕਦੇ ਇਸੇ ਕਾਲਜ ਦਾ ਵਿਦਿਆਰਥੀ ਰਿਹਾ ਹੈ। ਉਸ ਨੂੰ ਕਾਲਜ ਪ੍ਰਿੰਸੀਪਲ ਨੇ ਸੱਦਿਆ ਸੀ ਜਿਸ ਨੂੰ ਟਰੱਸਟੀਆਂ ਨੇ ਸੱਦਾ ਰੱਦ ਕਰਨ ਲਈ ਮਜਬੂਰ ਕੀਤਾ, ਕਿਉਂਕਿ ਉਨ੍ਹਾਂ ਨੂੰ ਹਿੰਦੂਤਵ ਕੱਟੜਪੰਥੀਆਂ ਤੋਂ ਧਮਕੀਆਂ ਮਿਲ ਰਹੀਆਂ ਸਨ। ਰੋਸ ਵਿਚ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਮੈਂ ਉਨ੍ਹਾਂ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਆਪਣੇ ਟਵੀਟ ਵਿਚ ਲਿਖਿਆ: ‘ਉਹ ਗੁਜਰਾਤ ਦੀਆਂ ਬਿਹਤਰੀਨ ਰਵਾਇਤਾਂ ਦੇ ਨੁਮਾਇੰਦੇ ਹਨ। ਪਟੇਲ, ਗਾਂਧੀ ਅਤੇ ਹੰਸਾ ਮਹਿਤਾ ਨੂੰ ਉਨ੍ਹਾਂ ‘ਤੇ ਮਾਣ ਹੋਵੇਗਾ।’
ਸਰਦਾਰ ਪਟੇਲ ਅਤੇ ਮਹਾਤਮਾ ਗਾਂਧੀ ਨੂੰ ਸਭ ਜਾਣਦੇ ਹਨ। ਹਾਂ, ਹੰਸਾ ਮਹਿਤਾ ਨੂੰ ਗੁਜਰਾਤ ਵਿਚ ਵੀ ਬਹੁਤਿਆਂ ਨੇ ਭੁਲਾ ਦਿੱਤਾ ਹੈ ਜਿਸ ਬਾਰੇ ਇਥੇ ਦੱਸਣਾ ਜ਼ਰੂਰੀ ਹੈ। ਉਹ ਬਹੁਤ ਵੱਡੀ ਦੇਸ਼ਭਗਤ ਜੋੜੀ ਦਾ ਹਿੱਸਾ ਸੀ। ਉਸ ਦਾ ਪਤੀ ਡਾ. ਜੀਵਰਾਜ ਮਹਿਤਾ ਲੰਡਨ ਤੋਂ ਪੜ੍ਹਿਆ ਡਾਕਟਰ ਸੀ ਜੋ ਗਾਂਧੀ ਦੇ ਬਿਮਾਰ ਹੋਣ ‘ਤੇ ਅਕਸਰ ਉਨ੍ਹਾਂ ਦਾ ਇਲਾਜ ਕਰਦਾ ਅਤੇ ਆਜ਼ਾਦੀ ਸੰਘਰਸ਼ ਦੌਰਾਨ ਉਸ ਨੇ ਖੁਦ ਵੀ ਲੰਮਾ ਸਮਾਂ ਜੇਲ੍ਹ ਕੱਟੀ। ਇਸ ਦੌਰਾਨ ਹੰਸਾ ਆਲ ਇੰਡੀਆ ਵਿਮੈਨਜ਼ ਕਾਨਫਰੰਸ ਵਿਚ ਸਰਗਰਮ ਸੀ। ਇਹ ਜਥੇਬੰਦੀ ਸਮਾਜ ਤੇ ਸਿਆਸਤ ਵਿਚ ਲਿੰਗਕ ਬਰਾਬਰੀ ਲਈ ਕੰਮ ਕਰਦੀ ਸੀ। ਬਾਅਦ ਵਿਚ ਸੰਵਿਧਾਨ ਸਭਾ ਦੀਆਂ ਕੁਝ ਕੁ ਮਹਿਲਾ ਮੈਂਬਰਾਂ ਵਿਚ ਸ਼ੁਮਾਰ ਹੋਣ ਨਾਤੇ ਉਸ ਨੂੰ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਨੁਮਾਇੰਦਗੀ ਦੀ ਜ਼ਿੰਮੇਵਾਰੀ ਸੌਂਪੀ ਗਈ। ਉਥੇ ਉਸ ਨੇ ਸੱਚਮੁੱਚ ਆਲਮੀ ਅਹਿਮੀਅਤ ਵਾਲਾ ਯੋਗਦਾਨ ਦਿੱਤਾ। ਉਸ ਵਕਤ ਮਨੁੱਖੀ ਹੱਕਾਂ ਬਾਰੇ ਆਲਮੀ ਐਲਾਨਨਾਮੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਸੀ। ਉਸ ਦਾ ਖਰੜਾ ਪੜ੍ਹਦਿਆਂ ਹੰਸਾ ਨੇ ਇਹ ਵਾਕੰਸ਼ ਲਿਖਿਆ ਦੇਖਿਆ: ‘ਸਾਰੇ ਬੰਦੇ ਬਰਾਬਰ ਪੈਦਾ ਹੋਏ ਹਨ’ ਅਤੇ ਹੰਸਾ ਨੇ ਇਸ ਨੂੰ ਬਦਲ ਕੇ ‘ਸਾਰੇ ਇਨਸਾਨ ਬਰਾਬਰ ਪੈਦਾ ਹੋਏ ਹਨ’ ਕਰਾਉਣ ਵਿਚ ਸਫਲਤਾ ਹਾਸਲ ਕੀਤੀ।
ਸੰਵਿਧਾਨ ਸਭਾ ਨੇ 1949 ਵਿਚ ਆਪਣਾ ਕੰਮ ਪੂਰਾ ਕਰ ਲਿਆ ਤਾਂ ਹੰਸਾ ਆਪਣੇ ਜੱਦੀ ਸੂਬੇ ਗੁਜਰਾਤ ਪਰਤ ਕੇ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ, ਬੜੌਦਾ ਦੀ ਵਾਈਸ ਚਾਂਸਲਰ ਬਣ ਗਈ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਜਾਂ ਬਰਤਾਨੀਆ ਦੀ ਕੋਈ ਯੂਨੀਵਰਸਿਟੀ ਵੀ ਕਿਸੇ ਮਹਿਲਾ ਨੂੰ ਵਾਈਸ ਚਾਂਸਲਰ ਨਿਯੁਕਤ ਕਰਨ ਦਾ ਜੇਰਾ ਨਹੀਂ ਸੀ ਕਰ ਸਕਦੀ। ਉਸ ਵਕਤ ਮਹਾਤਮਾ ਗਾਂਧੀ ਦੀ ਮੌਤ ਨੂੰ ਮਹਿਜ਼ ਇਕ ਸਾਲ ਹੋਇਆ ਸੀ; ਅਤੇ ਇਸ ਦੇ ਬਾਵਜੂਦ ਉਨ੍ਹਾਂ ਦਾ ਪ੍ਰਭਾਵ ਤੇ ਪ੍ਰੇਰਨਾ ਗੁਜਰਾਤ ਵਿਚ ਕਾਇਮ ਸੀ। ਇਸ ਤੋਂ ਇਲਾਵਾ ਬੜੌਦਾ ਵਿਚ ਅਗਾਂਹਵਧੂ ਮਹਾਰਾਜੇ ਵੀ ਰਹੇ ਹਨ। ਇਸ ਕਸਬੇ ਅਤੇ ਇਸ ਸੂਬੇ ਵਿਚ ਅਜਿਹੀਆਂ ਅਗਾਂਹਵਧੂ ਲੀਹਾਂ ਸੰਭਵ ਸਨ ਜਿਨ੍ਹਾਂ ਦੀ ਭਾਰਤ (ਤੇ ਸੰਸਾਰ) ਦੇ ਹੋਰ ਹਿੱਸਿਆਂ ਵਿਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਹੰਸਾ ਮਹਿਤਾ ਦੀ ਅਗਵਾਈ ਹੇਠ ਐਮ.ਐਸ਼ ਯੂਨੀਵਰਸਿਟੀ ਨੇ ਵਿਗਿਆਨ ਤੇ ਹਿਊਮੈਨਿਟੀਜ਼ ਦੋਵਾਂ ਖੇਤਰਾਂ ਵਿਚ ਬੜਾ ਨਾਂ ਕਮਾਇਆ। ਜੇ 1950ਵਿਆਂ ਵਿਚ ਵੀ ਯੂਨੀਵਰਸਿਟੀਆਂ ਦੀ ਦਰਜਾਬੰਦੀ ਹੁੰਦੀ ਤਾਂ ਐਮ.ਐਸ਼ ਯੂਨੀਵਰਸਿਟੀ ਨੇ ਬੰਬਈ, ਕਲਕੱਤਾ ਤੇ ਮਦਰਾਸ ਦੀਆਂ ਕਿਤੇ ਪੁਰਾਣੀਆਂ ਯੂਨੀਵਰਸਿਟੀਆਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਸੀ ਹੋਣਾ। ਇਸ ਨਵੀਂ ਯੂਨੀਵਰਸਿਟੀ ਦੀ ਉਪ-ਕੁਲਪਤੀ ਅਤੇ ਉਸ ਦੇ ਸਿਧਾਂਤਾਂ ਸਦਕਾ ਇਸ ਦਾ ਘੇਰਾ ਭਾਰਤ ਭਰ ਵਿਚ ਫੈਲਿਆ ਸੀ। ਕੇਰਲਾ, ਬੰਗਾਲ ਅਤੇ ਹੋਰ ਦੂਰਾਡੇ ਸੂਬਿਆਂ ਤੱਕ ਦੇ ਅਧਿਆਪਕ ਉਥੇ ਪੜ੍ਹਾਉਣ ਆਏ ਅਤੇ ਇਹ ਲਲਿਤ ਕਲਾਵਾਂ ਦੀ ਫੈਕਲਟੀ ਪੱਖੋਂ ਮੁਲਕ ਦੀ ਮੋਹਰੀ ਯੂਨੀਵਰਸਿਟੀ ਬਣ ਗਈ। ਹੰਸਾ ਮਹਿਤਾ ਵਲੋਂ ਪ੍ਰੋਫੈਸਰ ਦੇ ਅਹੁਦਿਆਂ ਉਤੇ ਨਿਯੁਕਤ ਕੀਤੇ ਗਏ ਗ਼ੈਰ-ਗੁਜਰਾਤੀਆਂ ਵਿਚ ਚੋਟੀ ਦੇ ਸਮਾਜ ਸ਼ਾਸਤਰੀ ਐਮ.ਐਨ. ਸ੍ਰੀਨਿਵਾਸ ਜੋ ਮੈਸੂਰ ਦੇ ਜੱਦੀ ਬਾਸ਼ਿੰਦੇ ਸਨ ਅਤੇ ਤਾਮਿਲ ਜੋੜੀ ਸੀ.ਵੀ. ਰਾਮਾਕ੍ਰਿਸ਼ਨਨ ਤੇ ਉਨ੍ਹਾਂ ਦੀ ਪਤਨੀ ਰਾਜਲਕਸ਼ਮੀ ਵੀ ਸ਼ਾਮਲ ਸਨ। ਰਾਮਾਕ੍ਰਿਸ਼ਨਨ ਜੋੜੀ ਵਿਚੋਂ ਪਤੀ ਬਾਇਓਕੈਮਿਸਟ ਤੇ ਪਤਨੀ ਮਨੋਵਿਗਿਆਨੀ ਸੀ। ਉਨ੍ਹਾਂ ਦੇ ਦੋਵੇਂ ਬੱਚਿਆਂ ਨੇ ਆਪੋ-ਆਪਣੀ ਪਹਿਲੀ ਡਿਗਰੀ ਬੜੌਦਾ ਤੋਂ ਕੀਤੀ। ਧੀ ਲਲਿਤਾ ਹੁਣ ਕੈਂਬਰਿਜ ਵਿਚ ਪ੍ਰੋਫੈਸਰ ਹੈ ਜਦੋਂਕਿ ਪੁੱਤਰ ਵੈਂਕਟਰਾਮਨ (ਵੈਂਕੀ) ਨੇ ਨੋਬੇਲ ਪੁਰਸਕਾਰ ਜਿੱਤਿਆ।
ਇਸ ਦੌਰਾਨ ਹੰਸਾ ਮਹਿਤਾ ਦੇ ਬੜੌਦਾ ਵਿਚਲੇ ਕੰਮ ਤੋਂ ਅਹਿਮਦਾਬਾਦ ਵਿਚ ਵੀ ਪ੍ਰੇਰਨਾ ਲਈ ਜਾ ਰਹੀ ਸੀ ਜਿਥੇ ਸਾਰਾਭਾਈ ਪਰਿਵਾਰ ਵਰਗੇ ਸਮਾਜ ਸੇਵੀਆਂ ਨੇ ਸ਼ਾਨਦਾਰ ਅਕਾਦਮਿਕ ਅਦਾਰੇ ਕਾਇਮ ਕੀਤੇ ਜਿਨ੍ਹਾਂ ਵਿਚ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਫਿਜ਼ੀਕਲ ਰਿਸਰਚ ਲੈਬਾਰਟਰੀ ਸ਼ਾਮਲ ਸਨ। ਇਨ੍ਹਾਂ ਵਿਚ ਵੀ ਦੇਸ਼ ਭਰ ਦੇ ਅਧਿਆਪਕ ਪੜ੍ਹਾਉਂਦੇ ਤੇ ਦੇਸ਼ ਭਰ ਦੇ ਹੀ ਪਾੜ੍ਹੇ ਪੜ੍ਹਦੇ ਸਨ; ਥੋੜ੍ਹੇ ਵਿਦੇਸ਼ੀ ਵਿਦਿਆਰਥੀ ਵੀ ਆਉਂਦੇ ਸਨ।
ਜਦੋਂ ਮੈਂ ਚਾਲ਼ੀ ਵਰ੍ਹੇ ਪਹਿਲਾਂ, ਪਹਿਲੀ ਵਾਰ ਗੁਜਰਾਤ ਗਿਆ ਤਾਂ ਇਸ ਦੀ ਪਛਾਣ ਅਜਿਹੇ ਸੂਬੇ ਵਜੋਂ ਸੀ ਜਿਥੇ ਵਿਦਵਾਨਾਂ, ਵਿਗਿਆਨੀਆਂ, ਲੇਖਕਾਂ ਅਤੇ ਕਲਾਕਾਰਾਂ ਨੂੰ ਪੂਰਾ ਮਾਣ-ਸਤਿਕਾਰ (ਨਾਲ ਹੀ ਸਹਾਰਾ ਵੀ) ਮਿਲਦਾ ਸੀ। ਹੰਸਾ ਮਹਿਤਾ ਤੇ ਵਿਕਰਮ ਸਾਰਾਭਾਈ ਦੀ ਵਿਰਾਸਤ ਜ਼ਿੰਦਾ ਸੀ। ਐਮ.ਐਸ਼ ਯੂਨੀਵਰਸਿਟੀ ਦੇ ਅਧਿਆਪਕਾਂ ਜਾਂ ਐਨ.ਆਈ.ਡੀ. ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅੰਦਰਲੀ ਕਲਾਤਮਕ ਸ਼ਕਤੀ ਦੀਆਂ ਲਹਿਰਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਸੀ। ਇਨ੍ਹਾਂ ਅਦਾਰਿਆਂ ਦੀਆਂ ਗੁਜਰਾਤ ਵਿਚ ਡੂੰਘੀਆਂ ਜੜ੍ਹਾਂ ਸਨ, ਇਸ ਤੋਂ ਵੀ ਅਗਾਂਹ ਭਾਰਤ ਅਤੇ ਪੂਰੇ ਸੰਸਾਰ ਵਿਚ ਵੀ।
ਐਪਰ ਹਾਲੀਆ ਸਾਲਾਂ ਦੌਰਾਨ ਗੁਜਰਾਤ ਵਿਚ ਬੌਧਿਕ ਕਾਰਜ ਲਈ ਘਟ ਰਹੀ ਥਾਂ ਨੂੰ ਸਾਫ ਦੇਖਿਆ ਜਾ ਸਕਦਾ ਹੈ। ਸੂਬੇ ਦੇ ਕੁਲੀਨ ਵਰਗ ਦੀ ਧਾਰਨਾ ਇਹ ਹੈ ਕਿ ਆਜ਼ਾਦ-ਖਿਆਲ ਵਿਦਵਾਨ ਸਿਆਸਤ ਤੇ ਕਾਰੋਬਾਰ, ਜਾਂ ਖਾਸਕਰ ਸਿਆਸਤਦਾਨਾਂ ਤੇ ਕਾਰੋਬਾਰੀਆਂ ਲਈ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਲਗਾਤਾਰ ਹੋਏ ਵੱਖ ਵੱਖ ਫਿਰਕੂ ਤੇ ਜਾਤੀ ਦੰਗਿਆਂ ਨੇ ਸੂਬੇ ਦੇ ਵਸਨੀਕਾਂ ਵਿਚ ਭੈਅ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਜਿਹੜੀ ਉਥੋਂ ਦੀ ਅਸਲ ਸੋਚ ਨਾਲ ਮੇਲ ਨਹੀਂ ਖਾਂਦੀ। ਇਹ ਗੰਵਾਰਪਣ ਸੂਬੇ ਵਿਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਪੈਰ ਜਮਾਉਣ ਲੱਗਾ ਸੀ ਪਰ ਇਸ ਨੂੰ ਪੂਰਾ ਹੁਲਾਰਾ 13 ਸਾਲ ਉਨ੍ਹਾਂ ਦੇ ਮੁੱਖ ਮੰਤਰੀ ਹੋਣ ਦੌਰਾਨ ਮਿਲਿਆ।
ਕਿਸੇ ਵੇਲੇ ਗੁਜਰਾਤ ਅਜਿਹੇ ਆਲਮੀ ਪੱਧਰ ਦੇ ਵਿਦਵਾਨਾਂ ਦਾ ਘਰ ਸੀ ਜਿਹੜੇ ਮੂਲ ਰੂਪ ਵਿਚ ਬੰਗਾਲੀ ਜਾਂ ਤਾਮਿਲ ਸਨ; ਕੋਈ ਸਮਾਂ ਸੀ ਜਦੋਂ ਇਸ ਦੀਆਂ ਯੂਨੀਵਰਸਿਟੀਆਂ ਇੰਨੀਆਂ ਵਧੀਆ ਸਨ ਕਿ ਉਨ੍ਹਾਂ ਦੇ ਪੜ੍ਹੇ ਨੋਬੇਲ ਪੁਰਸਕਾਰ ਜੇਤੂ ਬਣੇ। ਕੀ ਉਹ ਦਿਨ ਪਰਤ ਸਕਦੇ ਹਨ? ਇਹ ਉਹ ਸਵਾਲ ਸੀ ਜੋ ਮੈਨੂੰ ਬੀਤੇ ਸਾਲ ਉਦੋਂ ਪੇਸ਼ ਆਇਆ ਜਦੋਂ ਗੁਜਰਾਤ ਦੀ ਇਕ ਨਵੀਂ ਪ੍ਰਾਈਵੇਟ ਯੂਨੀਵਰਸਿਟੀ ਵਿਚ ਮੈਨੂੰ ਪ੍ਰੋਫੈਸਰ ਵਜੋਂ ਕਾਰਜ ਕਰਨ ਦੀ ਪੇਸ਼ਕਸ਼ ਹੋਈ। ਮੈਂ ਪੇਸ਼ਕਸ਼ ਮਨਜ਼ੂਰ ਕਰ ਲਈ ਕਿਉਂਕਿ ਅਸੀਂ ਉਮੀਦ ‘ਤੇ ਜਿਉਂਦੇ ਹਾਂ ਪਰ ਵੱਡਾ ਇਹ ਕਾਰਨ ਸੀ ਕਿ ਮੈਂ ਸਭ ਤੋਂ ਪ੍ਰਸਿਧ ਆਧੁਨਿਕ ਗੁਜਰਾਤੀ (ਮਹਾਤਮਾ ਗਾਂਧੀ) ਦਾ ਜੀਵਨੀਕਾਰ ਹਾਂ ਅਤੇ ਮੈਂ ਮਹਾਤਮਾ ਗਾਂਧੀ ਦੇ ਸ਼ਹਿਰ ਵਿਚ ਗਾਂਧੀ ਵਿੰਟਰ ਸਕੂਲ ਨੂੰ ਸੇਧ ਦੇਣ ਦੇ ਵਿਚਾਰ ਵੱਲ ਖਿੱਚਿਆ ਗਿਆ।
ਇਸ ਸਭ ਦੌਰਾਨ ਮੈਂ ਇਹ ਨੌਕਰੀ ਨਾ ਕਰ ਸਕਿਆ, ਕਿਉਂਕਿ ਨਵੀਂ ਦਿੱਲੀ ਤੋਂ ਕੁਝ ਤਾਕਤਵਰ ਸਿਆਸਤਦਾਨਾਂ ਨੇ ਯੂਨੀਵਰਸਿਟੀ ਦੇ ਟਰੱਸਟੀਆਂ ਨੂੰ ਮੇਰੀ ਨਿਯੁਕਤੀ ਕਰਨ ਉਤੇ ਧਮਕਾਇਆ। ਇਹੀ ਨਹੀਂ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੀ ਅਹਿਮਦਾਬਾਦ ਇਕਾਈ ਦੇ ਗੁੰਡਿਆਂ ਨੇ ਯੂਨੀਵਰਸਿਟੀ ਦੇ ਟਰੱਸਟੀਆਂ ਨੂੰ ਧਮਕੀਆਂ ਤੱਕ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਗੁਜਰਾਤ ਵਿਚ ਰਹਿ ਜਾਂ ਪੜ੍ਹਾ ਤਾਂ ਨਹੀਂ ਸਕਿਆ ਪਰ ਤਾਂ ਵੀ ਮੈਂ ਸਮਝਦਾ ਸਾਂ ਕਿ ਮੈਂ ਕਦੇ ਕੋਈ ਭਾਸ਼ਨ ਆਦਿ ਦੇਣ ਜਾਂ ਆਪਣੇ ਦੋਸਤਾਂ ਤੇ ਕਰੀਬੀਆਂ ਨੂੰ ਮਿਲਣ ਲਈ ਗੁਜਰਾਤ ਜਾ ਸਕਦਾ ਹਾਂ। ਇਸ ਲਈ ਜਦੋਂ ਅਹਿਮਦਾਬਾਦ ਦੇ ਇਕ ਨਾਮੀ ਗਾਂਧੀਵਾਦੀ ਅਦਾਰੇ ਨੇ ਮੈਨੂੰ ਮਹਾਤਮਾ ਬਾਰੇ ਬੋਲਣ ਲਈ ਸੱਦਿਆ ਤਾਂ ਮੈਂ ਸੱਦਾ ਫੌਰੀ ਕਬੂਲ ਕਰ ਲਿਆ।
ਮੈਂ ਆਪਣੀ ਅਹਿਮਦਾਬਾਦ ਫੇਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸਾਂ। ਮੈਂ ਮਹਾਤਮਾ ਗਾਂਧੀ ਬਾਰੇ ਆਪਣੀ ਬਹੁਤੀ ਖੋਜ ਸਾਬਰਮਤੀ ਆਸ਼ਰਮ ਵਿਚ ਕੀਤੀ ਸੀ; ਉਂਜ ਵੀ ਮੇਰਾ ਇਸ ਸ਼ਹਿਰ ਨਾਲ ਗੂੜ੍ਹਾ ਜ਼ਾਤੀ ਰਿਸ਼ਤਾ ਹੈ। ਬੀਤੇ ਸਾਲ ਦੌਰਾਨ ਮੈਂ ਗਾਂਧੀ ਬਾਰੇ ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੌਰ, ਕੋਲਕਾਤਾ, ਚੇਨੱਈ, ਕੋਜ਼ੀਕੋਡ, ਬੋਸਟਨ, ਨਿਊ ਯਾਰਕ, ਲੰਡਨ ਅਤੇ ਹੋਰ ਅਨੇਕਾਂ ਥਾਵਾਂ ‘ਤੇ ਤਕਰੀਰਾਂ ਦਿੱਤੀਆਂ; ਤੇ ਹੁਣ ਮੈਨੂੰ ਆਖਰ ਉਸ ਸ਼ਹਿਰ ਵਿਚ ਮਹਾਤਮਾ ਬਾਰੇ ਬੋਲਣ ਦਾ ਮੌਕਾ ਮਿਲਣਾ ਸੀ ਜਿਸ ਨੂੰ ਉਨ੍ਹਾਂ ਨੇ ਆਪਣਾ ਬਣਾਇਆ ਸੀ।
ਅਹਿਮਦਾਬਾਦ ਵਾਲਾ ਸੈਮੀਨਾਰ ਐਤਵਾਰ, 3 ਮਾਰਚ 2019 ਨੂੰ ਹੋਣਾ ਸੀ। ਮੈਂ ‘ਮਹਾਤਮਾ ਗਾਂਧੀ ਇਕ ਸੰਚਾਰਕਰਤਾ ਵਜੋਂ’ ਵਿਸ਼ੇ ‘ਤੇ ਬੋਲਣਾ ਸੀ। ਇਸ ਦੌਰਾਨ ਸੋਮਵਾਰ, 11 ਫਰਵਰੀ ਨੂੰ ਸਵੇਰੇ ਮੈਨੂੰ ਪ੍ਰਬੰਧਕਾਂ ਦੀ ਈਮੇਲ ਮਿਲੀ ਜਿਸ ਵਿਚ ‘ਖਾਸ ਬੇਨਤੀ’ ਸੀ ਕਿ ਮੈਂ ਆਪਣੀ ਤਕਰੀਰ ਦੌਰਾਨ ‘ਕਿਰਪਾ ਕਰਕੇ ਮੌਜੂਦਾ ਕੇਂਦਰ ਸਰਕਾਰ ਖਿਲਾਫ ਟਿੱਪਣੀਆਂ ਤੋਂ ਪਰਹੇਜ਼ ਕਰਾਂ’। ਮੈਂ ਫੌਰੀ ਜਵਾਬੀ ਈਮੇਲ ਵਿਚ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ‘ਮੈਂ ਖੁਦ ਨੂੰ ਮਹਿਜ਼ ਮਹਾਤਮਾ ਗਾਂਧੀ, ਉਸ ਦੇ ਜੀਵਨ ਤੇ ਵਿਰਾਸਤ ਤੱਕ ਮਹਿਦੂਦ ਰੱਖਾਂਗਾ ਅਤੇ ਕਿਸੇ ਵੀ ਮੌਜੂਦਾ ਸਿਆਸਤਦਾਨ ਜਾਂ ਸਰਕਾਰ ਬਾਰੇ ਕੋਈ ਗੱਲ ਨਹੀਂ ਕਰਾਂਗਾ।’
ਇਸ ਤੋਂ ਬਾਅਦ ਮੈਨੂੰ ਬੁੱਧਵਾਰ 13 ਤਰੀਕ ਨੂੰ ਅਹਿਮਦਾਬਾਦ ਤੋਂ ਫੋਨ ਆ ਗਿਆ ਜਿਸ ਵਿਚ ਬੜੀ ਨਿਮਰਤਾ ਨਾਲ ‘ਮੌਜੂਦਾ ਮਾਹੌਲ’ ਦਾ ਹਵਾਲਾ ਦਿੰਦਿਆਂ ਆਖ ਦਿੱਤਾ ਗਿਆ ਕਿ ਸੈਮੀਨਾਰ ਨਹੀਂ ਹੋ ਸਕਦਾ। ਮੈਂ ਹੋਰ ਤਫਸੀਲ ਨਹੀਂ ਮੰਗੀ, ਕਿਉਂਕਿ ਮੈਂ ਪਹਿਲਾਂ ਹੀ ਬੁਰੀ ਤਰ੍ਹਾਂ ਘਿਰੇ ਹੋਏ ਆਪਣੇ ਮੇਜ਼ਬਾਨਾਂ ਨੂੰ ਹੋਰ ਸ਼ਰਮਿੰਦਾ ਨਹੀਂ ਸਾਂ ਕਰਨਾ ਚਾਹੁੰਦਾ ਪਰ ਜਾਪਦਾ ਸੀ ਕਿ ਮੇਰੀ ਤਕਰੀਰ ਦਾ ਰੱਦ ਹੋਣਾ ਇਸੇ ਹਫਤੇ ਐਚ.ਕੇ. ਆਰਟਸ ਕਾਲਜ ਵਿਚ ਵਾਪਰੇ ਘਟਨਾਕ੍ਰਮ ਦਾ ਸਿੱਟਾ ਸੀ।
ਜਿਗਨੇਸ਼ ਮੇਵਾਣੀ ਤੇ ਇਹ ਲੇਖਕ ਵੱਖੋ-ਵੱਖ ਉਮਰ, ਪੇਸ਼ੇ, ਸਮਾਜਿਕ ਪਿਛੋਕੜ ਤੇ ਵਿਚਾਰਧਾਰਾ ਵਾਲੇ ਹਨ। ਇਕੋ-ਇਕ ਸਾਂਝੀ ਗੱਲ ਇਹ ਸੀ ਕਿ ਅਸੀਂ ‘ਮੌਜੂਦਾ ਕੇਂਦਰੀ ਸਰਕਾਰ’ ਦੇ ਆਲੋਚਕ ਰਹੇ ਹਾਂ। ਇਹ ਵੀ ਗ਼ੌਰਤਲਬ ਹੈ ਕਿ ਮੇਵਾਣੀ ਨੇ ਆਪਣੇ ਪੁਰਾਣੇ ਕਾਲਜ ਵਿਚ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਤੇ ਵਿਰਾਸਤ ਬਾਰੇ ਬੋਲਣਾ ਸੀ ਅਤੇ ਮੈਂ ਅਹਿਮਦਾਬਾਦ ਵਿਚ ਮਹਾਤਮਾ ਗਾਂਧੀ ਜੀਵਨ ਤੇ ਵਿਰਾਸਤ ਬਾਰੇ ਚਰਚਾ ਕਰਨੀ ਸੀ। ਇਸ ਦੇ ਬਾਵਜੂਦ ਸਾਡੇ ਦੋਵਾਂ ਦੇ ਸੱਦੇ ਇਕੋ ਕਾਰਨ ‘ਤੇ ਰੱਦ ਕਰ ਦਿੱਤੇ ਗਏ। ਸੰਭਵ ਤੌਰ ‘ਤੇ ‘ਆਜ਼ਾਦ’ ਤੇ ‘ਖੁਦਮੁਖਤਾਰ’ ਮੰਨੇ ਜਾਂਦੇ ਗੁਜਰਾਤ ਦੇ ਅਦਾਰੇ ਇੰਨੇ ਡਰੇ ਹੋਏ ਹਨ ਕਿ ਉਹ ਅਜਿਹੇ ਭਾਰਤੀਆਂ ਨੂੰ ਸੱਦਣ ਦਾ ਜੇਰਾ ਨਹੀਂ ਕਰ ਸਕਦੇ ਜਿਨ੍ਹਾਂ ਕਦੇ ਵੀ ਪ੍ਰਧਾਨ ਮੰਤਰੀ ਬਾਰੇ ਕੋਈ ਆਲੋਚਨਾਤਮਕ ਗੱਲ ਆਖੀ ਹੋਵੇ।
ਇਹੋ ਕਾਰਨ ਹੈ ਕਿ ਮੈਂ ਸਹਿਜ-ਸੁਭਾਅ ਹੀ ਐਚ.ਕੇ. ਆਰਟਸ ਕਾਲਜ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਲਈ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਉਨ੍ਹਾਂ ਦੀ ਇਸ ਕਾਰਵਾਈ ਨੇ ਪੁਰਾਣੇ ਤੇ ਭਲੇ ਗੁਜਰਾਤ ਦੀ ਯਾਦ ਕਰਵਾ ਦਿੱਤੀ; ਪਟੇਲ, ਗਾਂਧੀ ਅਤੇ (ਖਾਸਕਰ) ਹੰਸਾ ਮਹਿਤਾ ਦੇ ਗੁਜਰਾਤ ਦੀ। ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਜਰਾਤ ਦਾ ਉਹ ਖੁੱਲ੍ਹਾਪਣ, ਜਿਹੜਾ ਕਦੇ ਇਸ ਦੀ ਪਛਾਣ ਸੀ, ਮੁੜ ਆਵੇਗਾ। ਤਾਨਾਸ਼ਾਹੀ ਬਿਰਤੀ ਵਾਲੇ ਲੋਕ ਤੇ ਸੋਚ ਬਹੁਤਾ ਚਿਰ ਨਹੀਂ ਟਿਕਦੇ ਜਦੋਂਕਿ ਆਜ਼ਾਦੀ ਦੀ ਮਨੁੱਖੀ ਖਾਹਿਸ਼ ਸਥਾਈ ਹੈ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੱਲੋਂ ‘ਚੌਧਰ’ ਤੋਂ ਪਹਿਲਾਂ ਦਾ ਵੀ ਇਕ ਗੁਜਰਾਤ ਸੀ; ਇਕ ਵਾਰ ਇਨ੍ਹਾਂ ਦੀ ਪਕੜ ਰਤਾ ਢਿੱਲੀ ਪੈ ਜਾਣ ‘ਤੇ ਅਜਿਹਾ ਆਜ਼ਾਦ ਗੁਜਰਾਤ ਮੁੜ ਉਭਰ ਆਵੇਗਾ। ਮੈਂ ਇਸ ਨੂੰ ਦੇਖਣ (ਅਤੇ ਇਥੇ ਭਾਸ਼ਨ ਦੇਣ) ਦਾ ਖਾਹਿਸ਼ਮੰਦ ਹਾਂ।