ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਅਤੇ ਪੰਜਾਬੀ ਮੁਸਲਮਾਨ

ਸ਼ਾਹ ਮੁਹੰਮਦ ਦੇ ਬਹਾਨੇ ਪੰਜਾਬ ਦੀ ਪੀੜ ਨੂੰ ਸਮਝਦਿਆਂ-2
ਪੀ. ਕੇ. ਨਿਝਾਵਨ ਹੋਣ ਦੇ ਅਰਥ…
ਪੀ. ਕੇ. ਨਿਝਾਵਨ (1927-2006) ਪੱਛਮੀ ਪੰਜਾਬ ਵਿਚ ਐਮਨਾਬਾਦ ਵਿਚ ਜਨਮਿਆ ਸੁਹਿਰਦ ਪੰਜਾਬੀ ਵਿਦਵਾਨ ਹੈ। ਉਹ ਲੰਮਾ ਸਮਾਂ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਉਚ ਅਹੁਦਿਆਂ ‘ਤੇ ਰਿਹਾ ਅਤੇ ਫਿਰ ਬੰਬਈ ਵਿਚ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਦਾ ਐਸੋਸੀਏਟ ਸੰਪਾਦਕ ਵੀ ਬਣਿਆ। ਨਿਝਾਵਨ ਧਾਰਮਕ ਪਛਾਣਾਂ ਤੋਂ ਪਾਰ ਸਾਂਝੀ ਪੰਜਾਬੀਅਤ ਦਾ ਮੁੱਦਈ ਹੈ। ਜਦੋਂ ਪੰਜਾਬ ਵਿਚ ਧਾਰਮਕ ਪਛਾਣ ਦੇ ਆਧਾਰ ‘ਤੇ ਹਿੰਸਾ-ਪ੍ਰਤੀ-ਹਿੰਸਾ ਦਾ ਦੌਰ ਚੱਲਿਆ ਤਾਂ ਉਹ ਲੋਕਾਂ ਨੂੰ ਸਾਂਝੇ ਪੰਜਾਬ ਦੀ ਪੰਜਾਬੀਅਤ ਦੇ ਤਸੱਵੁਰ ਦਾ ਅਹਿਸਾਸ ਕਰਵਾਉਣ ਦੇ ਮਨਸ਼ੇ ਨਾਲ ਪੰਜਾਬ ਆ ਗਿਆ। ਉਸ ਨੇ ‘ਹਿੰਦੂਇਜ਼ਮ ਰੀਵਿਜਿਟਿਡ’ ਤੇ ‘ਸ੍ਰੀ ਗੋਬਿੰਦ ਗੀਤਾ’ ਵਰਗੀਆਂ ਇਤਿਹਾਸਕ ਤੌਰ ‘ਤੇ ਮੁੱਲਵਾਨ ਕਿਤਾਬਾਂ ਦੀ ਰਚਨਾ ਕੀਤੀ।

ਨਿਝਾਵਨ ਸ਼ਾਹ ਮੁਹੰਮਦ ਨੂੰ ਵੱਖ-ਵੱਖ ਧਰਮਾਂ ਦੇ ਪੰਜਾਬੀਆਂ ਦੀ ਸਾਂਝੀ ਪੰਜਾਬੀਅਤ ਦਾ ਪ੍ਰਤੀਕ ਮੰਨਦਾ ਹੈ। ਇਸ ਲਈ ਉਹ ‘ਦਿ ਫਰਸਟ ਪੰਜਾਬ ਵਾਰ-ਸ਼ਾਹ ਮੁਹੰਮਦ’ਜ਼ ਜੰਗਨਾਮਾ (2001)’ ਸਿਰਲੇਖ ਹੇਠ ਨਿਵੇਕਲੀ ਪੁਸਤਕ ਦੀ ਰਚਨਾ ਕਰਦਾ ਹੈ, ਜਿਸ ਵਿਚ ਜੰਗਨਾਮੇ ਦੀ ਗੁਰਮੁਖੀ ਅਤੇ ਸ਼ਾਹਮੁਖੀ ਟੈਕਸਟ ਦੇ ਨਾਲ ਇਸ ਦਾ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਵੀ ਕੀਤਾ ਗਿਆ। ਉਸ ਮੰਨਦਾ ਹੈ ਕਿ ਇਹ ਜੰਗਨਾਮਾ ਪੰਜਾਬੀ ਸਾਹਿਤ ਅਤੇ ਲੋਕ ਸਾਹਿਤ ਵਿਚ ਅਜਿਹੀ ਵਾਹਦ ਰਚਨਾ ਹੈ, ਜਿਸ ਵਿਚ ਪੰਜਾਬੀ ਇਕਜੁੱਟਤਾ ਅਤੇ ਸਾਂਝੀ ਪੰਜਾਬੀਅਤ ਭਰਵੇਂ ਰੂਪ ਵਿਚ ਪੇਸ਼ ਹੁੰਦੀ ਹੈ।
ਇਸ ਪੁਸਤਕ ਦੀ ਭੂਮਿਕਾ ਵਜੋਂ ਸ਼ਾਮਿਲ ਇਸ ਲੇਖ ਵਿਚ ਉਹ ਇਹ ਤਲਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪੰਜਾਬ ਵਿਚ ਫਿਰਕਾਪ੍ਰਸਤੀ ਇਸ ਰੂਪ ਵਿਚ ਕਿਵੇਂ ਅਤੇ ਕਿਉਂ ਪੈਦਾ ਹੋਈ? ਉਹ ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ’ ਵਾਲੇ ਪੰਜਾਬ ਦੀ ਸਾਂਝੀਵਾਲਤਾ ਵਾਲੀ ਜੀਵਨ ਰੌਂਅ ਦਾ, ਅੰਗਰੇਜ਼ੀ ਸ਼ਾਸਨ ਅਤੇ ਆਰੀਆ ਸਮਾਜ ਵਰਗੀਆਂ ਧਰਮ ਸੁਧਾਰ ਲਹਿਰਾਂ ਵਲੋਂ ਕੀਤੇ ਇਤਿਹਾਸਕ ਘਾਣ ਦੀ ਪਛਾਣ ਕਰਦਾ ਹੈ। ਇਸ ਲਈ ਉਹ ਅਲਹਿਦਗੀ ਪੈਦਾ ਕਰਨ ਵਾਲੀ ਆਰੀਆ ਸਮਾਜੀ ਵਿਆਖਿਆ ਦੀ ਥਾਂ ਹਿੰਦੂ ਧਰਮ ਦੀ ਬਹੁਲਤਾਵਾਦੀ ਸਨਾਤਨੀ ਵਿਆਖਿਆ ਕਰਦਾ ਹੋਇਆ ਪੰਜਾਬ ਵਿਚ ਹਿੰਦੂ-ਸਿੱਖਾਂ ਦੀਆਂ ਪੀਡੀਆਂ ਸਾਂਝਾਂ ਨੂੰ ਸਥਾਪਿਤ ਕਰਦਾ ਹੈ।
ਸਾਡੇ ਵੇਲਿਆਂ ਵਿਚ ਜਦੋਂ ਫਿਰਕਾਪ੍ਰਸਤ ਤਰਕ ਭਾਰੂ ਤੇ ਸਰਕਾਰੂ ਹੋਇਆ ਲੱਗਦਾ ਹੈ ਤਾਂ ਇਹ ਰਚਨਾ ਅੱਜ ਵੀ ਪ੍ਰਸੰਗਿਕ ਹੈ। ਅਸੀਂ ਇਸ ਲੇਖ ਦਾ ਅਨੁਵਾਦ ਇਸ ਆਸ ਨਾਲ ਛਾਪ ਰਹੇ ਹਾਂ ਕਿ ਬਹੁਪੱਖੀ ਸੰਕਟਾਂ ਵਿਚ ਗ੍ਰਸੇ ਪੰਜਾਬੀਆਂ ਲਈ ਸ਼ਾਹ ਮੁਹੰਮਦ ਦੀ ਸਾਂਝੀ ਪੰਜਾਬੀਅਤ, ਭਵਿਖ ਦੀ ਯੋਜਨਾਬੰਦੀ ਦਾ ਰਵਾਨਗੀ ਬਿੰਦੂ ਬਣ ਸਕਦੀ ਹੈ। ਇਸ ਅਹਿਮ ਲਿਖਤ ਦਾ ਅਨੁਵਾਦ ਰਵਿੰਦਰ ਸਿੰਘ ਘੁੰਮਣ ਨੇ ਕੀਤਾ ਹੈ। ਇਸ ਲਿਖਤ ਦੀ ਦੂਜੀ ਕਿਸ਼ਤ ਹਾਜ਼ਰ ਹੈ।

ਪੀ. ਕੇ. ਨਿਝਾਵਨ
ਤਰਜਮਾ: ਰਵਿੰਦਰ ਸਿੰਘ ਘੁੰਮਣ
ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ)
ਫੋਨ: +91-81461-56500

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(4)
ਆਓ ਜ਼ਰਾ ਵਿਚਾਰੀਏ ਕਿ ਕਿਥੇ ਸ਼ਾਹ ਮੁਹੰਮਦ ਬਿਲਕੁਲ ਨਿਵੇਕਲਾ ਹੈ। ਅਸੀਂ ਜਿਹੜੇ ਸਮੇਂ ਵਿਚ ਹਾਂ, ਇਥੇ ਕਥਿਤ ਵਿਗਿਆਨਕ ਧਰਮ ਨਿਰਪੱਖਵਾਦ ਦੀ ਮਾਨਸਿਕ ਗ੍ਰਿਫਤ ਵਿਚ ਹਾਂ ਅਤੇ ਇਸ ਸਥਿਤੀ ਵਿਚ ਅਸੀਂ ਉਸ ਨੂੰ ਮਸਾਂ ਹੀ ਸਮਝ ਸਕਦੇ ਹਾਂ। ਉਹ ਜਦੋਂ ਹਿੰਦੂ-ਮੁਸਲਿਮ ਇਕਮਿਕਤਾ ਦੀ ਗੱਲ ਕਰਦਾ ਹੈ ਤਾਂ ਇਹ ਕੋਈ ਅਜਿਹੀ ਚੀਜ਼ ਨਹੀਂ, ਜਿਸ ਨੂੰ ਹਾਸਿਲ ਕੀਤਾ ਜਾਣਾ ਹੈ ਸਗੋਂ ਇਹ ਤਾਂ ਜੀਵਨ ਦਾ ਮੌਜੂਦ ਨਿਰਵਿਵਾਦ ਤੱਥ ਹੈ, ਇਹ ਉਹ ਜੀਵਨ ਮੁੱਲ ਹੈ, ਜੋ ਹਰ ਪਾਸੇ ਮੌਜੂਦ ਹੈ। ਅਸਲ ਵਿਚ ਸ਼ਾਹ ਮੁਹੰਮਦ ਸੋਚਦਾ ਹੈ ਕਿ ਇਸ ਇਕਮਿਕਤਾ ਨਾਲ ਜੇ ਕੋਈ ਵੀ ਛੇੜ-ਛਾੜ ਕਰੇ ਤਾਂ ਇਹ ਜ਼ੁਲਮ ਹੈ। ਇਸ ਸਬੰਧ ਵਿਚ ਉਸ ਦੇ ਤੀਜੇ ਬੰਦ ਨੂੰ ਵਿਚਾਰਨਾ ਜ਼ਰੂਰੀ ਹੈ। ਇਸ ਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਉਸ ਨੇ ਇਹ ਸਾਰੀ ਕਥਾ ਕਿਉਂ ਸੁਣਾਈ ਹੈ। ਇਸ ਵਿਚਲੇ ਦੋ ਸੁਹਿਰਦ ਬੰਦਿਆਂ ਦੀ ਕਲਪਨਾ ਕਰੋ: ਇਕ ਹਿੰਦੂ ਹੈ ਅਤੇ ਦੂਜਾ ਮੁਸਲਮਾਨ ਜੋ ਪੁਛਦੇ ਹਨ ਕਿ ਪੰਜਾਬ ਵਿਚ ਕਿਵੇਂ ‘ਤੀਸਰੀ ਜ਼ਾਤ’ (ਉਸ ਲਈ ਹਿੰਦੂ-ਮੁਸਲਮਾਨ ਉਨ੍ਹਾਂ ਦੋ ਜ਼ਾਤਾਂ ਤੋਂ ਵੱਧ ਨਹੀਂ ਜੋ ਹਮੇਸ਼ਾਂ ਤੋਂ ਇਕੱਠੇ ਰਹਿ ਰਹੇ ਸਨ), ਭਾਵ ਫਿਰੰਗੀ, ਉਨ੍ਹਾਂ ਦੋਹਾਂ ਵਿਚਕਾਰ ਆ ਕੇ ਪੁਆੜੇ ਦੀ ਜੜ੍ਹ ਬਣੀ। ਹੁਣ ਇਹ ਨਾਟਕੀ ਵਿਅੰਗ ਹੈ ਕੀ? ਇਸ ਦਾ ਭਾਵ ਹੈ ਕਿ ਇਨ੍ਹਾਂ ਦੋਹਾਂ ਦੀ ਇਕਜੁੱਟਤਾ, ਹੁਣ ਬਹੁਤ ਜਲਦੀ ਜ਼ਾਲਿਮ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ, ਅਤੀਤ ਦੀ ਚੀਜ਼ ਬਣ ਜਾਵੇਗੀ। ਉਸ ਸਮੇਂ ਖਾਲਸਾ ਦਰਬਾਰ ਦੀ ਹਾਰ ਦੇ ਕੁਝ ਮਹੀਨਿਆਂ ਬਾਅਦ ਹੀ ਇਹ ਆਭਾਸ ਹੋਣ ਲੱਗਾ ਕਿ ਕੁਝ ਮਨਹੂਸ ਹੋਣ ਵਾਲਾ ਹੈ, ਜਿਸ ਦਾ ਭਾਵ ਸੀ ਕਿ ਇਸ ਤੋਂ ਬਾਅਦ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਹੱਸਦਿਆਂ ਰਹਿਣ ਨਹੀਂ ਦੇਣਾ। ਕਿਆ ਪੈਗੰਬਰੀ ਬੋਲ ਸਨ! ਭਵਿਖਵਾਣੀ ਕਰਦੇ ਬੋਲ ਇਸ ਤਰ੍ਹਾਂ ਹਨ:
ਇਕ ਰੋਜ਼ ਬਡਾਲੇ ਦੇ ਵਿਚ ਬੈਠੇ,
ਚਲੀ ਆਣ ਫਿਰੰਗੀ ਦੀ ਬਾਤ ਆਹੀ।
ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ,
ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਹੀ।
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਅਫਾਤ ਆਹੀ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,
ਕੋਈ ਨਹੀਂ ਸੀ ਤੀਸਰੀ ਜ਼ਾਤ ਆਹੀ।
ਕੀ ਇਹ ਆਫਤ ਕਿਤੋਂ ਬਾਹਰੋਂ ਆਈ ਹੈ? ਕੀ ਇਹ ਸਿਰਫ ਕਵੀ ਦਾ ਭਾਵੁਕ ਪ੍ਰਤੀਕਰਮ ਹੀ ਸੀ, ਭਾਵ ਸੰਵੇਦਨਸ਼ੀਲ ਮਨ ਜੋ ਆਪਣੇ ਸਮੇਂ ਦੇ ਯਥਾਰਥ ਨਾਲ ਇਕਸੁਰ ਹੈ, ਜਾਂ ਕੀ ਉਹ ਦੀਵਾਰ ‘ਤੇ ਲਿਖੀ ਭਵਿਖ ਦੀ ਇਬਾਰਤ ਪੜ੍ਹ ਰਿਹਾ ਸੀ? ਜਾਂ ਇਹ ਦੋਵੇਂ ਗੱਲਾਂ ਵੀ ਹੋ ਸਕਦੀਆਂ ਹਨ।
ਪਹਿਲੀ ਪੰਜਾਬ ਜੰਗ ਦੀਆਂ ਸਾਰੀਆਂ ਉਚਾਣਾਂ-ਨੀਵਾਣਾਂ ਘੋਖਦਿਆਂ ਉਹ ਲਗਭਗ ਟੁੱਟ ਜਾਂਦਾ ਹੈ, ਫਿਰ ਵੀ ਇਕ ਆਸ ਦੀ ਕਿਰਨ ਉਹ ਹਿੰਦੂ-ਮੁਸਲਿਮ ਦੀ ਇਲਾਹੀ ਏਕਤਾ ਵਿਚ ਦੇਖਦਾ ਹੈ। ਇਸ ਤਰ੍ਹਾਂ ਉਹ ਆਪਣੀ ਇਸ ਕਥਾ ਨੂੰ ਬੜੇ ਆਸਵੰਦ ਤਰੀਕੇ ਨਾਲ ਸਮਾਪਤ ਕਰਦਾ ਹੈ, ਉਹ ਬੰਦ 103 ਵਿਚ ਕਹਿੰਦਾ ਹੈ:
ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ।
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ।
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਨਾਲ ਮਹਾਸਤਾ ਈ।
ਸ਼ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰ ਦਾ ਪੁੱਤ ਗੁਮਾਸ਼ਤਾ ਈ।
ਹਿੰਦੂ ਮੁਸਲਮਾਨ ਦੀ ਇਹ ਏਕਤਾ ਉਸ ਦੀ ਸਾਰੀ ਕਥਾ ਦੀ ਕੇਂਦਰੀ ਧੁਨੀ ਹੈ; ਮੁਸਲਮਾਨ ਭਾਵੇਂ ਉਹ ਫੌਜੀ ਸਨ ਜਾਂ ਆਮ ਲੋਕ, ਉਨ੍ਹਾਂ ਦਾ ਵਿਹਾਰ ਮੋਟੇ ਤੌਰ ‘ਤੇ ਚੰਗਾ ਸੀ। ਇਕ ਵੀ ਅਜਿਹੀ ਸੋਅ ਨਹੀਂ ਮਿਲਦੀ ਕਿ ਮੁਸਲਮਾਨਾਂ ਨੂੰ ਲੱਗਿਆ ਹੋਵੇ ਕਿ ਫਿਰੰਗੀਆਂ ਨੇ ਉਨ੍ਹਾਂ ਨੂੰ ਸਿੱਖਾਂ ਦੇ ਸ਼ਾਸਨ ਤੋਂ ਮੁਕਤ ਕਰਵਾਇਆ ਹੈ, ਜਦੋਂ ਕਿ ਬਾਅਦ ਵਿਚ ਇਹ ਵੀ ਇਕ ਵਿਚਾਰ ਬਣਾ ਦਿੱਤਾ ਗਿਆ। ਆਓ, ਦੇਖੀਏ ਕਿ ਅੰਗਰੇਜ਼ਾਂ ਨੇ ਇਹ ਪੱਤਾ ਕਿਵੇਂ ਖੇਡਿਆ।
ਇਥੇ ਸਾਨੂੰ ਵਹਾਬੀ ਲਹਿਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਇਹ ਲਹਿਰ ਅੰਗਰੇਜ਼ਾਂ ਨੇ ਪੰਜਾਬੀ ਮੁਸਲਮਾਨਾਂ ਵਿਚ ਖਾਲਸਾ ਦਰਬਾਰ ਪ੍ਰਤੀ ਮੋਹ-ਭੰਗ ਪੈਦਾ ਕਰਨ ਲਈ ਚਲਾਈ। ਇਸ ਲਹਿਰ ਨੇ ਸਾਰੇ ਮੁਸਲਮਾਨਾਂ ਨੂੰ ਜਹਾਦ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਸਿੱਖ, ਪਠਾਣਾਂ ਨੂੰ ਦਬਾਅ ਨਾ ਲੈਣ। ਅੰਗਰੇਜ਼ਾਂ ਨੇ ਨਾ ਸਿਰਫ ਜ਼ਹਿਰ ਫੈਲਾਉਣ ਵਾਲੇ ਮੌਲਵੀਆਂ ਨੂੰ ਯੂ. ਪੀ. ਅਤੇ ਬਿਹਾਰ ਵਿਚ ਮੁਸਲਮਾਨਾਂ ਨੂੰ ਲਾਮਬੰਦ ਕਰਨ ਦੀ ਖੁੱਲ੍ਹ ਦਿੱਤੀ ਸਗੋਂ ਉਨ੍ਹਾਂ ਨੂੰ ਇਸ ਲਈ ਫੰਡ, ਅਸਲਾ ਅਤੇ ਵਾਲੰਟੀਅਰ ਵੀ ਮੁਹੱਈਆ ਕਰਵਾਏ। ਇਸ ਨੂੰ ਸਮਝਣ ਲਈ ਏਨਾ ਹੀ ਕਾਫੀ ਹੈ ਕਿ ਵਹਾਬੀਆਂ ਨੂੰ ਸਿੰਧ ਦੇ ਰਸਤਿਓਂ ਨਾਰਥ ਵੈਸਟ ਫਰੰਟੀਅਰ ਪੰਜਾਬ ਵਿਚ ਭੇਜਿਆ ਗਿਆ ਤਾਂ ਜੋ ਉਹ ਅੱਗੇ ਵਧਦੇ ਸਿੱਖਾਂ ਨੂੰ ਰੋਕ ਸਕਣ। ਉਹ ਬਹੁਤ ਸਾਰੇ ਪਠਾਣਾਂ ਨੂੰ ਉਕਸਾ ਕੇ ਜਹਾਦ ਵਿਚ ਸ਼ਾਮਿਲ ਕਰ ਸਕਦੇ ਸਨ। ਉਨ੍ਹਾਂ ਨੂੰ ਕਾਬੁਲ ਦੇ ਅਮੀਰ (ਮਨਸਬਦਾਰ) ਦੀ ਵੀ ਪੂਰੀ ਹਮਾਇਤ ਸੀ। ਇਹ ਸਾਰਾ ਕੁਝ ਅੰਗਰੇਜ਼ਾਂ ਦੀ ਹੱਲਾਸ਼ੇਰੀ ਅਤੇ ਮਦਦ ਤੋਂ ਬਿਨਾ ਸੰਭਵ ਨਹੀਂ ਸੀ। ਇਸੇ ਲਈ ਹੀ ਬਾਅਦ ਵਿਚ ਸਰ ਸੱਯਦ ਅਹਿਮਦ ਖਾਨ ਨੇ ਵਹਾਬੀਆਂ ਅਤੇ ਆਮ ਮੁਸਲਮਾਨਾਂ ਦੀ ਅੰਗਰੇਜ਼ਾਂ ਪ੍ਰਤੀ ਨਾਪਸੰਦਗੀ ਦੀ ਪੈਰਵੀ ਕੀਤੀ (ਸਈਅਦ ਅਹਿਮਦ ਬਰੇਲਵੀ 18ਵੀਂ ਸਦੀ ਵਿਚ ਚੱਲੀ ਵਹਾਬੀ ਲਹਿਰ ਦੇ ਮੋਢੀਆਂ ਵਿਚੋਂ ਸੀ। 1826 ਵਿਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਖਿਲਾਫ ਜਹਾਦ ਦਾ ਐਲਾਨ ਕੀਤਾ। ਉਸ ਨੇ ਭਾਰਤ ਦੇ ਮੁਸਲਿਮ ਖੇਤਰਾਂ ਤੋਂ ਧਨ ਅਤੇ ਮੁਜਾਹਿਦ ਇਕੱਠੇ ਕੀਤੇ ਅਤੇ ਪਿਸ਼ਾਵਰ ਵਿਚ ਆ ਕੇ ਇਥੋਂ ਦੇ ਪਖਤੂਨ ਮੁਸਲਮਾਨਾਂ ਨੂੰ ਜਹਾਦ ਲਈ ਲਾਮਬੰਦ ਕਰਨ ਦੇ ਜੀਅ ਤੋੜ ਯਤਨ ਕਰਦਾ ਰਿਹਾ ਪਰ ਉਸ ਦੇ ਫਿਰਕੂ ਪ੍ਰਚਾਰ ਨੂੰ ਮੁਸਲਿਮ ਬਹੁਗਿਣਤੀ ਵਾਲੇ ਪੰਜਾਬ ਨੇ ਕੋਈ ਹੁੰਗਾਰਾ ਨਾ ਦਿੱਤਾ। ਇਥੇ ਹੀ ਉਸ ਦੀ ਲਹਿਰ ਖਿੰਡ-ਪੁੰਡ ਗਈ ਤੇ 1831 ਵਿਚ ਬਾਲਾਕੋਟ ਵਿਚ ਇਕ ਲੜਾਈ ਵਿਚ ਸਿੱਖ ਫੌਜ ਹੱਥੋਂ ਉਹ ਮਾਰਿਆ ਗਿਆ। ਪੀ. ਕੇ. ਨਿਝਾਵਨ ਇਸ ਤੱਥ ਰਾਹੀਂ ਇਹ ਸਥਾਪਿਤ ਕਰਦਾ ਹੈ ਕਿ ਜਦੋਂ ਬਰੇਲਵੀ ਨੇ ਸਿੱਖਾਂ ਦੇ ਖਿਲਾਫ ਪੰਜਾਬ ‘ਚ ਆ ਕੇ ਮੁਸਲਮਾਨਾਂ ਨੂੰ ਜਹਾਦ ਲਈ ਪ੍ਰੇਰਿਆ ਤਾਂ ਉਸ ਦੇ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਪੰਜਾਬੀ ਮੁਸਲਮਾਨਾਂ ਨੇ ਉਹਦਾ ਸਾਥ ਨਹੀਂ ਦਿੱਤਾ। ਇਸ ਦਾ ਭਾਵ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਾਂਝੇ ਪੰਜਾਬ ਤੇ ਪੰਜਾਬੀਅਤ ਦਾ ਵਾਲਾ ਅਜਿਹਾ ਭਾਈਚਾਰਕ ਮਾਹੌਲ ਸੀ, ਜਿਸ ਨੂੰ ਬਰੇਲਵੀ ਦਾ ਫਿਰਕੂ ਪ੍ਰਚਾਰ ਭੰਗ ਨਾ ਕਰ ਸਕਿਆ)।
ਇਹ ਬੜੀ ਸ਼ਾਨਦਾਰ ਗੱਲ ਹੈ ਕਿ ਪੰਜਾਬ ਦੇ ਇਕ ਵੀ ਮੁਸਲਮਾਨ ਅਹੁਦੇਦਾਰ ਨੇ ਵਹਾਬੀਆਂ ਦਾ ਸਾਥ ਨਾ ਦਿੱਤਾ। ਇਹੀ ਨਹੀਂ, ਇਹ ਲਹਿਰ ਪੰਜਾਬ ਦੀ ਜੀਵਨ-ਜਾਚ ਵਿਚ ਕੋਈ ਗੜਬੜ ਨਾ ਪੈਦਾ ਕਰ ਸਕੀ। ਇਸ ਦਾ ਅਰਥ ਕੀ ਹੈ? ਇਸ ਦਾ ਸਿੱਧਾ ਅਰਥ ਹੈ ਕਿ ਮੁਸਲਮਾਨਾਂ ਨੇ ਮੋਟੇ ਤੌਰ ‘ਤੇ ਆਪਣੇ ਆਪ ਨੂੰ ਸਿੱਖ ਰਾਜ ਨਾਲ ਜੋੜ ਲਿਆ ਸੀ ਸਗੋਂ ਉਹ ਇਹ ਮਹਿਸੂਸ ਕਰਦੇ ਸਨ ਕਿ ਉਹ ਲਾਹੌਰ ਸਰਕਾਰ ਵਿਚ ਬਰਾਬਰ ਦੇ ਭਾਈਵਾਲ ਹਨ। ਕੀ ਇਹ ਤੱਥ ਉਸ ਨੀਚ ਪ੍ਰਚਾਰ ਨੂੰ ਰੱਦ ਨਹੀਂ ਕਰਦਾ, ਜਿਸ ਤਹਿਤ ਕਿਹਾ ਜਾਂਦਾ ਹੈ ਕਿ ਮੁਸਲਮਾਨ ਕਦੇ ਵੀ ਗੈਰ ਧਰਮ ਵਾਲੇ ਸ਼ਾਸਕਾਂ ਨੂੰ ਆਪਣੇ ਉਪਰ ਰਾਜ ਨਹੀਂ ਕਰਨ ਦਿੰਦੇ। ਇਹ ਤੱਥ ਉਸ ‘ਦੋ ਰਾਸ਼ਟਰ’ ਸਿਧਾਂਤ ਨੂੰ ਵੀ ਰੱਦ ਕਰਦਾ ਹੈ, ਜੋ ਮੰਨਦਾ ਹੈ ਕਿ ਮੁਸਲਮਾਨਾਂ ਨੂੰ ਵੱਖਰਾ ਰਾਜ ਚਾਹੀਦਾ ਹੈ। ਇਹ ਪਾਕਿਸਤਾਨ ਬਣਨ ਦੇ ਮੂਲ ਤਰਕ ਨੂੰ ਵੀ ਰੱਦ ਕਰਦਾ ਹੈ ਪਰ ਅਸੀਂ ਉਦੋਂ ਪੰਜ ਦਰਿਆਵਾਂ ਵਾਲੇ ਪੰਜਾਬ ਦੇ ਨਾਕਾਬਿਲ ਪੁੱਤਰ ਸਾਬਿਤ ਹੋਏ। ਸਿਰਫ ਦੋ ਗੱਲਾਂ ਨੇ ਮੁਸਲਮਾਨਾਂ ਨੂੰ ਇਸ ਸਾਂਝੀ ਪੰਜਾਬੀਅਤ ਦੇ ਅਨੁਸਾਰ ਸੋਚਣ ਲਈ ਪ੍ਰੇਰਿਆ ਹੋ ਸਕਦਾ ਹੈ; ਪਹਿਲੀ, ਉਹ ਆਪਣੇ ਨਵਾਬਾਂ ਤੇ ਜਗੀਰਦਾਰਾਂ ਉਤੇ ਨਿਰਭਰ ਕਰਦੇ ਸਨ, ਜੋ ਜਾਹਰਾ ਤੌਰ ‘ਤੇ ਉਨ੍ਹਾਂ ਦਾ ਸ਼ੋਸ਼ਣ ਹੀ ਕਰਦੇ ਸਨ; ਦੂਜਾ, ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦਾ ਰਾਜ ਪ੍ਰਬੰਧ ਉਨ੍ਹਾਂ ਨੂੰ ਦਿਤਾ, ਇਸ ਤਰ੍ਹਾਂ ਦੀ ਦਿਆਲਤਾ ਇਸ ਤੋਂ ਪਹਿਲਾਂ ਕਿਸੇ ਮੁਸਲਿਮ ਰਾਜੇ ਵੇਲੇ ਵੀ ਮੌਜੂਦ ਨਹੀਂ ਸੀ। ਸੰਭਵ ਹੈ, ਦੋਵੇਂ ਗੱਲਾਂ ਉਨ੍ਹਾਂ ਦੇ ਮਨ ਅੰਦਰ ਚੱਲ ਰਹੀਆਂ ਹੋਣਗੀਆਂ, ਫਿਰ ਵੀ ਇਹ ਪੂਰੀ ਵਿਆਖਿਆ ਨਹੀਂ ਹੋ ਸਕਦੀ। ਫਿਰ ਹੋਰ ਕੀ ਕਾਰਨ ਹੋ ਸਕਦਾ ਹੈ? ਇਸ ਦਾ ਤਰਕ ਸਿੱਖੀ ਦੀ ਉਤਪਤੀ ਅਤੇ ਵਿਕਾਸ ਵਿਚ ਨਿਹਿਤ ਹੈ। ਇੰਜ ਲੱਗਦਾ ਹੈ ਕਿ ਹੋਰ ਗੱਲਾਂ ਤੋਂ ਬਿਨਾ ਪੰਜਾਬੀ ਰਾਸ਼ਟਰਵਾਦ ਨੂੰ ਮੁੜ ਜੀਵਿਤ ਕਰਨ ਵਿਚ ਸਿੱਖੀ ਦਾ ਅਹਿਮ ਯੋਗਦਾਨ ਹੈ। ਸ਼ਾਇਦ ਪੰਜਾਬ ਦੀ ਬਹੁਗਿਣਤੀ ਮੁਸਲਮਾਨਾਂ ਨੇ ਆਪਣੇ ਆਪ ਨੂੰ ਉਸ ਆਮ ਲੋਕਾਈ ਵਿਚ ਦੇਖਿਆ ਹੋਵੇ ਜਿਸ ਦਾ ਉਧਾਰ ਸਿੱਖ ਗੁਰੂ ਕਰਦੇ ਹਨ।
ਇਹ ਧਾਰਨਾ ਮੇਰੀ ਨਹੀਂ ਹੈ, ਖੁਸ਼ਵੰਤ ਸਿੰਘ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ। ਉਹ ਇਹ ਗੱਲ ਆਖ ਸਕਦਾ ਸੀ, ਕਿਉਂਕਿ ਉਸ ਨੂੰ ਪੰਜਾਬ ਦੇ ਮੁਸਲਮਾਨਾਂ ਦੇ ਮਨ ਦਾ ਵਧੇਰੇ ਪਤਾ ਸੀ। ਵੰਡ ਤੋਂ ਪਹਿਲਾਂ ਲਾਹੌਰ ਦੇ ਮੁਸਲਮਾਨਾਂ ਨਾਲ ਉਸ ਵੱਲੋਂ ਕੀਤੀਆਂ ਵਾਰਤਾਵਾਂ ਵਿਚ ਉਨ੍ਹਾਂ ਕਿਹਾ ਕਿ ਜੋ ਮੁਸਲਮਾਨ ਚਾਹੁੰਦੇ ਸਨ, ਉਸ ਨੂੰ ਹੋਰ ਤਰ੍ਹਾਂ ਨਾਲ ਵੀ ਨਜਿੱਠਿਆ ਜਾ ਸਕਦਾ ਸੀ। ਹਿੰਦੂ ਆਪਣੇ ਆਪ ਨੂੰ ਰਾਸ਼ਟਰ ਵਜੋਂ ਜਥੇਬੰਦ ਕਰ ਰਹੇ ਸਨ ਅਤੇ ਸਿੱਖ ਅਕਾਲੀਆਂ ਦੀ ਅਗਵਾਈ ਵਿਚ ਲਗਭਗ ਉਨ੍ਹਾਂ ਹੀ ਲੀਹਾਂ ‘ਤੇ ਸਨ। ਇਸ ਸਾਰੀ ਕਵਾਇਦ ਦਾ ਉਦੇਸ਼ ਸੀ ਕਿ ਫਿਰਕੂ ਤਰਕ ਨਾਲ ਮੁਸਲਮਾਨਾਂ ਨੂੰ ਛੋਟੇ ਆਕਾਰ ਵਿਚ ਨਿਖੇੜ ਦਿੱਤਾ ਜਾਵੇ। ਇਸ ਨੇ ਲਾਜ਼ਮੀ ਤੌਰ ‘ਤੇ ਉਨ੍ਹਾਂ ਨੂੰ ਮੁਹੰਮਦ ਅਲੀ ਜਿਨਾਹ ਦੀਆਂ ਬਾਹਾਂ ਵਿਚ ਜਾਣ ਲਈ ਪ੍ਰੇਰਿਆ ਅਤੇ ਇਹ ਸਾਰਾ ਕੁਝ ਵਾਪਰਿਆ, ਕਿਉਂਕਿ ਅੰਗਰੇਜ਼ ਵੀ ਇਹੀ ਚਾਹੁੰਦੇ ਸਨ। ਨਹੀਂ ਤਾਂ ਸਰ ਸਿਕੰਦਰ ਹਯਾਤ ਖਾਨ ਵੀ ਹਿੰਦੂਆਂ ਦਾ ਕੋਈ ਘੱਟ ਰਖਵਾਲਾ ਨਹੀਂ ਸੀ। ਇਹ ਉਹੀ ਸੀ ਜਿਸ ਨੇ ਬਿਨਾ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਇਸ ਦਾ ਪੰਜਾਬ ਦੇ ਮੁਸਲਮਾਨਾਂ ‘ਤੇ ਕੀ ਅਸਰ ਪਵੇਗਾ, ਨਾ ਸਿਰਫ ਪੰਜਾਬ ਵਿਚ ਖਾਕਸਾਰ ਲਹਿਰ ‘ਤੇ ਪਾਬੰਦੀ ਲਾਈ ਸਗੋਂ ਉਨ੍ਹਾਂ ‘ਤੇ ਗੋਲੀਬਾਰੀ ਵੀ ਕਰਵਾਈ। ਉਸ ਨੇ ਪੁਲਿਸ ਦੇ ਭੱਟੀ ਦਰਵਾਜੇ ਰਾਹੀਂ ਲਾਹੌਰ ਦੀ ਮਸਜਿਦ ਵਿਚ ਦਾਖਿਲ ਹੋਣ ਦੀ ਕਾਰਵਾਈ ਦੀ ਵੀ ਹਮਾਇਤ ਕੀਤੀ, ਜਿਸ ਵਿਚ ਖਾਕਸਾਰ ਯੋਜਨਾਬੱਧ ਤਰੀਕੇ ਨਾਲ ਫਿਰਕੂ ਝਗੜਿਆਂ ਰਾਹੀਂ ਬਦਅਮਨੀ ਫੈਲਾ ਕੇ ਮਸਜਿਦ ਵਿਚ ਛੁਪ ਗਏ ਸਨ।
ਇਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਹਨ ਜਦੋਂ ਉਸ ਨੇ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾ ਇਕ ਸੱਚੇ ਪੰਜਾਬੀ ਵਾਂਗ ਕਾਰਵਾਈ ਕੀਤੀ। ਸਿਰਫ ਇਕ ਹੋਰ ਮਿਸਾਲ ਹੀ ਕਾਫੀ ਹੋਵੇਗੀ। ਦੂਜੇ ਵਿਸ਼ਵ ਜੰਗ ਦੇ ਪਿਛਲੇ ਸਾਲਾਂ ਦਾ ਸਮਾਂ ਸੀ, ਕੁਝ ਵਿਗੜੇ ਫੌਜੀਆਂ ਨੇ ਫਤਿਹ ਚੰਦ ਕਾਲਜ ਦੀ ਇਕ ਕੁੜੀ ਨੂੰ ਜ਼ਬਰਦਸਤੀ ਚੁੱਕ ਲਿਆ। ਇਹ ਫੌਜੀ ਉਸੇ ਸਮੇਂ ਹੀ ਯੂਨੀਵਰਸਿਟੀ ਮੈਦਾਨ ਵਿਚ ਹਾਕੀ ਖੇਡਦੇ ਹਿੰਦੂ-ਮੁਸਲਮਾਨ ਮੁੰਡਿਆਂ ਹੱਥੋਂ ਨਿਕਲਸਨ ਰੋਡ ‘ਤੇ ਮਾਰੇ ਗਏ। ਇਸ ਨਾਲ ਮਾਹੌਲ ਬਹੁਤ ਦਹਿਸ਼ਤ ਅਤੇ ਖੌਫਜ਼ਦਾ ਹੋ ਗਿਆ। ਕੋਈ ਨਹੀਂ ਸੀ ਜਾਣਦਾ ਕਿ ਫੌਜੀ ਅਫਸਰ ਇਸ ‘ਤੇ ਕੀ ਕਰ ਦੇਣਗੇ। ਭਾਰਤੀ ਸੁਰੱਖਿਆ ਕਾਨੂੰਨ ਵੀ ਅਜੇ ਤੱਕ ਲਾਗੂ ਸੀ ਪਰ ਸਿਕੰਦਰ ਖਾਨ ਇਸ ਮੌਕੇ ਸਾਬਤਕਦਮੀਂ ਖੜ੍ਹਿਆ ਅਤੇ ਉਸ ਨੇ ਮੁੰਡਿਆਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ। ਉਸ ਨੇ ਪੰਜਾਬ ਅਸੈਂਬਲੀ ਵਿਚ ਬਿਆਨ ਦਿੱਤਾ ਕਿ ਇਸ ਤਰ੍ਹਾਂ ਦੀ ਉਕਸਾਊ ਸਥਿਤੀ ਵਿਚ ਜੇ ਉਹ ਆਪ ਹੁੰਦਾ ਤਾਂ ਉਸ ਨੇ ਵੀ ਇਹੀ ਕਰਨਾ ਸੀ। ਮੇਰੇ ਕਹਿਣ ਦਾ ਭਾਵ ਹੈ ਕਿ ਉਹ ਪੰਜਾਬ ਦੇ ਆਮ ਹਿੰਦੂ ਦੇ ਉਲਟ ਬਿਲਕੁਲ ਵੀ ਨਹੀਂ ਸੀ। ਜੇ ਖਿਲਾਫ ਸੀ ਤਾਂ ਉਹ ਪੈਸਾ-ਪੂਜਕ ਹਿੰਦੂ ਵਪਾਰੀਆਂ ਦੇ ਸੀ, ਜੋ ਗਰੀਬ ਮੁਸਲਮਾਨਾਂ ਨੂੰ ਕਈ ਤਰੀਕਿਆਂ ਨਾਲ ਲੁੱਟਦੇ ਸਨ; ਪਰ ਅਫਸੋਸ! ਆਰੀਆ ਸਮਾਜੀ ਹਿੰਦੂ, ਜੋ ਉਸ ਵੇਲੇ ਦੇ ਮੀਡੀਆ ਤੇ ਪੰਜਾਬ ਕਾਂਗਰਸ ‘ਤੇ ਕਾਬਜ਼ ਸਨ, ਰਣਜੀਤ ਸਿੰਘ ਦੀ ਧਰਮ ਨਿਰਪੱਖਤਾ ਤੋਂ ਪਿਛੇ ਹਟ ਗਏ, ਅਕਾਲੀਆਂ ਦੀ ਮਦਦ ਨਾਲ ਨਾ ਸਿਰਫ ਯੂਨੀਅਨਿਸਟ ਪਾਰਟੀ ਨੂੰ ਅੱਧ ਵਿਚਾਲੇ ਛੱਡਿਆ ਸਗੋਂ ਪੂਰੇ ਦੇਸ਼, ਖਾਸ ਤੌਰ ‘ਤੇ ਪੰਜਾਬ ਨੂੰ ਬਰਬਾਦ ਕਰ ਦਿੱਤਾ।
ਫਿਰ ਵੀ ਸ਼ਾਹ ਮੁਹੰਮਦ ਦੀ ਹਿੰਦੂ-ਮੁਸਲਿਮ ਏਕਤਾ ਦੀ ਗੱਲ ਇਸ ਤੱਥ ਤੋਂ ਬਿਨਾ ਪੂਰੀ ਨਹੀਂ ਹੁੰਦੀ ਕਿ ਪੰਜਾਬੀ ਮੁਸਲਮਾਨ ਵੀ ਆਪਣੇ ‘ਕਾਨੂੰਨ-ਦਾਤਿਆਂ’ ਨੂੰ ਕਦੇ ਮਾਫ ਨਹੀਂ ਕਰ ਸਕੇ। ਇਸ ਤੋਂ ਉਲਟ ਸਿੱਖ ਮੁਸਲਮਾਨ ਸੰਤਾਂ ਅਤੇ ਫਕੀਰਾਂ ਨੂੰ ਅੰਤਾਂ ਦਾ ਸਤਿਕਾਰ ਦਿੰਦੇ ਰਹੇ ਹਨ। ਮਸਲਨ, ਸੂਫੀ ਸੰਤ ਮੀਆਂ ਮੀਰ ਦੇ ਹੱਥੋਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਇਲਾਵਾ ਉਹ ਵੀ ਮੁਸਲਮਾਨ ਹੀ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਮੁਗਲ ਫੌਜਾਂ ਕੋਲ ਗ੍ਰਿਫਤਾਰ ਹੋਣ ਤੋਂ ਬਚਾਇਆ।
ਸਿਰਫ ਇਹੀ ਨਹੀਂ, ਸਿੱਖਾਂ ਦਾ ਕਿਰਦਾਰ ਵਿਅਕਤੀਗਤ ਅਤੇ ਸਮੂਹਿਕ ਤੌਰ ‘ਤੇ ਉਚ ਪਾਏ ਦਾ ਰਿਹਾ ਹੈ। ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਸ਼ਹਾਦਤਾਂ ਦਾ ਅਸਰ ਲਾਜ਼ਮੀ ਤੌਰ ‘ਤੇ ਪੰਜਾਬੀ ਮੁਸਲਮਾਨਾਂ ਦੇ ਮਨ ‘ਤੇ ਪਿਆ ਹੋਵੇਗਾ। ਉਨ੍ਹਾਂ ਅੰਦਰ ਇਸ ਗੱਲ ਦਾ ਅਪਰਾਧ ਬੋਧ ਜ਼ਰੂਰ ਹੋਵੇਗਾ ਕਿ ਸਟੇਟ ਕਿਸੇ ‘ਤੇ ਸਿਰਫ ਇਸ ਲਈ ਮੁਕੱਦਮਾ ਚਲਾਉਂਦੀ ਹੈ ਕਿ ਉਹ ਉਸ ਤਰ੍ਹਾਂ ਨਾਲ ਪੂਜਾ-ਪਾਠ ਨਹੀਂ ਕਰਦਾ ਜਿਵੇਂ ਉਹ ਆਪ ਕਰਦੇ ਹਨ।
ਦੋ ਘੱਲੂਘਾਰਿਆਂ ਦੀ ਪੀੜ ਮੁਸਲਮਾਨਾਂ ਨੂੰ ਵੀ ਘੱਟ ਨਹੀਂ ਹੋਈ ਹੋਵੇਗੀ। ਇਸ ਤਰ੍ਹਾਂ ਹੀ ਅਹਿਮਦ ਸ਼ਾਹ ਦੁਰਾਨੀ ਵਲੋਂ ਦਰਬਾਰ ਸਾਹਿਬ ਦੇ ਪਵਿਤਰ ਸਰੋਵਰ ਦੀ ਕੀਤੀ ਬੇਅਦਬੀ ਵੀ ਸ਼ਾਮਿਲ ਸੀ। ਮੈਂ ਇਥੇ ਕਹਿਣਾ ਚਾਹੁੰਦਾ ਹਾਂ ਕਿ ਮੁਗਲ ਸ਼ਾਸਕਾਂ ਦੇ ਕਰੂਰ ਜ਼ੁਲਮ ਸਾਹਵੇਂ ਸਿੱਖਾਂ ਦੇ ਸਬਰ ਅਤੇ ਸਿਰੜ ਨਾਲ ਉਸ ਨੂੰ ਝੱਲਣ ਦੀ ਮਿਸਾਲ ਨੇ, ਸੰਵੇਦਨਸ਼ੀਲ ਪੰਜਾਬੀ ਮੁਸਲਮਾਨਾਂ ਨੂੰ ਲਾਜ਼ਮੀ ਹਿਲਾਇਆ ਤਾਂ ਹੋਵੇਗਾ ਹੀ। ਮਿਸਾਲ ਵਜੋਂ, ਜਿਵੇਂ ਜੱਲ੍ਹਿਆਂਵਾਲਾ ਬਾਗ ਦਾ ਖੂਨੀ ਸਾਕਾ ਬਰਤਾਨਵੀ ਸਾਮਰਾਜ ਦੇ ਤਾਬੂਤ ਵਿਚ ਆਖਰੀ ਕਿਲ ਸਾਬਿਤ ਹੋਇਆ, ਇਸੇ ਤਰ੍ਹਾਂ ਮਾਸੂਮ ਸਿੱਖਾਂ ਦੇ ਕਤਲੇਆਮ ‘ਤੇ ਵੀ ਇਥੋਂ ਦੇ ਮੁਸਲਮਾਨ ਇਹ ਚਾਹੁਣ ਲੱਗ ਪਏ ਹੋਣੇ ਨੇ ਕਿ ਇਹ ਜ਼ਾਲਿਮ ਸਰਕਾਰ ਹੁਣ ਖਤਮ ਹੋ ਜਾਵੇ ਅਤੇ ਹਾਲੇ ਤੱਕ ਸਿੱਖਾਂ ਨੇ ਮੁਸਲਮਾਨਾਂ ਨੂੰ ਧਾਰਮਕ ਪੱਖ ਤੋਂ ਆਹਤ ਨਹੀਂ ਕੀਤਾ।
ਬਾਬਾ ਬੰਦਾ ਬਹਾਦਰ ਨੇ ਸਰਹਿੰਦ ਨੂੰ ਢਹਿ-ਢੇਰੀ ਕਰ ਦਿੱਤਾ ਪਰ ਪੰਜਾਬੀ ਮੁਸਲਮਾਨਾਂ ਦੀ ਆਤਮਾ ਨੇ ਇਸ ਨੂੰ ਉਸ ਸ਼ਹਿਰ ਉਪਰ ਰੱਬ ਦਾ ਸਰਾਪ ਸਮਝ ਕੇ ਜਾਇਜ਼ ਠਹਿਰਾਇਆ ਹੋਣਾ ਹੈ, ਜਿਸ ਵਿਚ ਮਨੁੱਖਤਾ ਦਾ ਅਤਿ ਘਿਨਾਉਣਾ ਜ਼ੁਲਮ ਵਾਪਰਿਆ ਸੀ। ਆਖਰਕਾਰ ਪੰਜਾਬੀ ਮੁਸਲਮਾਨ ਵੀ ਜ਼ਮੀਰਾਂ ਵਾਲੇ ਸਨ। ਇਸ ਤੋਂ ਮੇਰਾ ਭਾਵ ਹੈ ਕਿ ਮੁਸਲਮਾਨਾਂ ਅੰਦਰ ਸਾਂਝੇ ਤੌਰ ‘ਤੇ ਇਸ ਪ੍ਰਤੀ ਜ਼ਰੂਰ ਅਪਰਾਧ ਬੋਧ ਆਇਆ ਹੋਵੇਗਾ। ਇਹੀ ਨਹੀਂ, ਉਨ੍ਹਾਂ ਵਿਚੋਂ ਕੁਝ ਇਹ ਵੀ ਚਾਹੁੰਦੇ ਹੋਣਗੇ ਕਿ ਸਿੱਖ ਹੀ ਅੰਤਿਮ ਵਿਜੇਤਾ ਹੋਣ। ਇਸੇ ਕਰਕੇ ਇਹ ਮੁਸਲਮਾਨ ਅਹੁਦੇਦਾਰ ਹੀ ਸਨ, ਜਿਨ੍ਹਾਂ ਨੇ ਆਪ ਲਾਹੌਰ ਦੀਆਂ ਚਾਬੀਆਂ ਰਣਜੀਤ ਸਿੰਘ ਨੂੰ ਸੌਪੀਆਂ ਸਨ। ਉਸ ਦੇ ਸ਼ਾਸਨ ਦੀ ਦਿਆਲਤਾ ਨੇ ਰਹਿੰਦੀ ਪ੍ਰਕ੍ਰਿਆ ਪੂਰੀ ਕਰ ਦਿੱਤੀ ਹੋਵੇਗੀ।
ਇਕ ਹੋਰ ਕਾਰਨ ਇਹ ਸੀ ਕਿ ਮੁਸਲਮਾਨ ਕਿਸਾਨੀ ਨੂੰ ਵੀ ਬੰਦਾ ਬਹਾਦਰ ਦੇ ਖੇਤੀ ਸੁਧਾਰਾਂ ਦਾ ਕੋਈ ਘੱਟ ਲਾਭ ਨਹੀਂ ਹੋਇਆ। ਅਸਲੀਅਤ ਵਿਚ ਉਸ ਨੇ ਸਭ ਤੋਂ ਪਹਿਲਾਂ ਜ਼ਮੀਨ ਹਲ ਵਾਹਕ ਨੂੰ ਦਿਵਾਈ। ਇਸ ਮੌਕੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਹ ਗੁਣਾਤਮਕ ਤੌਰ ‘ਤੇ ਵੱਖਰੇ ਸਮਾਜ ਲਈ ਖੜ੍ਹੇ ਸਨ, ਜਿਥੇ ਕਿਸੇ ‘ਤੇ ਵੀ ਧਰਮ ਦੇ ਆਧਾਰ ‘ਤੇ ਜ਼ੁਲਮ ਨਹੀਂ ਹੋਵੇਗਾ ਅਤੇ ਹਰ ਕਿਸੇ ਨੂੰ ਉਸ ਦੀ ਮਿਹਨਤ ਦਾ ਫਲ ਮਿਲੇਗਾ। ਇੰਜ ਲੱਗਦਾ ਹੈ ਕਿ ਇਸ ਇਨਕਲਾਬੀ ਤਬਦੀਲੀ ਨੇ ਪੰਜਾਬੀ ਸਮਾਜ ਨੂੰ ਝੰਜੋੜਿਆ ਅਤੇ ਇਨ੍ਹਾਂ ਨੂੰ ਪੰਜਾਬੀ ਵਿਸ਼ਵ ਦ੍ਰਿਸ਼ਟੀ ਨਾਲ ਜੋੜਿਆ, ਜਿਸ ਨੇ ਸਾਰੇ ਧਰਮਾਂ ਅਤੇ ਫਿਰਕਿਆਂ ਨੂੰ ਆਪਣੇ ਵਿਚ ਸਮੋ ਲਿਆ। ਇਸ ਤੱਥ ਤੋਂ ਕੋਈ ਇਨਕਾਰੀ ਨਹੀਂ ਕਿ ਸਿੱਖ ਧਰਮ, ਹਿੰਦੂ ਧਰਮ ਦੇ ਅਟੁੱਟ ਹਿੱਸੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਧਰਮ ਸੀ, ਭਾਵੇਂ ਬਹੁਤੇ ਮਾਮਲਿਆਂ ਵਿਚ ਸਿੱਖ ਪੁਜਾਰੀ ਜਾਂ ਗ੍ਰੰਥੀਆਂ ਦੀ ਕੋਈ ਸੁਣਵਾਈ ਨਹੀਂ ਸੀ। ਮਸਲਨ, ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਗਊ ਹੱਤਿਆ ‘ਤੇ ਰੋਕ ਲਾਈ ਪਰ ਕਿਸੇ ਵੀ ਤਰ੍ਹਾਂ ਨਾਲ ਮੁਸਲਮਾਨ ਬਾਸ਼ਿੰਦਿਆਂ ਨੇ ਇਸ ਨੂੰ ਮੁਸਲਮਾਨ-ਵਿਰੋਧੀ ਕਾਰਵਾਈ ਵਜੋਂ ਨਹੀਂ ਦੇਖਿਆ। ਇਥੋਂ ਤੱਕ ਕਿ ਕਾਬੁਲ ਦੇ ਮਨਸਬ ਨੇ ਰਣਜੀਤ ਸਿੰਘ ਨੂੰ ਦੱਸਿਆ ਕਿ ਉਸ ਨੇ ਵੀ ਅਫਗਾਨਿਸਤਾਨ ਵਿਚ ਗਊ ਹੱਤਿਆ ‘ਤੇ ਰੋਕ ਲਾ ਦਿੱਤੀ ਹੈ। ਸ਼ਾਇਦ ਜ਼ਿਆਦਾਤਰ ਮੁਸਲਮਾਨ ਗਊ ਹੱਤਿਆ ਨੂੰ ਆਪਣਾ ਬੁਨਿਆਦੀ ਧਾਰਮਕ ਅਧਿਕਾਰ ਨਹੀਂ ਸਮਝਦੇ ਸਨ, ਜਾਂ ਸ਼ਾਇਦ ਉਨ੍ਹਾਂ ਵਿਚੋਂ ਜ਼ਿਆਦਾਤਰ ਨਾਲ-ਨਾਲ ਰਹਿੰਦੇ ਹਿੰਦੂਆਂ ਪ੍ਰਤੀ ਸਤਿਕਾਰ ਅਤੇ ਉਨ੍ਹਾਂ ਦੇ ਧਾਰਮਕ ਭਾਵਾਂ ਪ੍ਰਤੀ ਸੰਵੇਦਨਸ਼ੀਲ ਹੁੰਦਿਆਂ ਹੀ ਗਊ ਨੂੰ ਸਨਮਾਨ ਦਿੰਦੇ ਹੋਣਗੇ।
ਸ਼ਾਹ ਮੁਹੰਮਦ ਦੁਆਰਾ ਬਿਆਨ ਕੀਤੀ ਹਿੰਦੂ-ਮੁਸਲਮਾਨ ਏਕਤਾ ਦਾ ਇਕ ਜਾਹਰਾ ਪੱਖ ਇਹ ਵੀ ਹੈ ਕਿ ਉਹ ਇਸ ਤੋਂ ਸੁਚੇਤ ਨਹੀਂ ਕਿ ਹਿੰਦੂ ਅਤੇ ਸਿੱਖ, ਦੋਵੇਂ ਅੱਡ-ਅੱਡ ਹਨ। ਇੰਜ ਲੱਗਦਾ ਹੈ ਕਿ ਸਿੱਖ ਸ਼ਾਸਨ ਦੇ ਅੰਤ ਤੱਕ, ਸਿੱਖ ਪਛਾਣ ਹਿੰਦੂ ਪਛਾਣ ਦਾ ਹੀ ਹਿੱਸਾ ਸਮਝੀ ਜਾਂਦੀ ਸੀ। ਸ਼ਾਇਦ ਉਦੋਂ ਤੱਕ ਉਹ ਰਾਜਨੀਤਕ, ਸਭਿਆਚਾਰਕ ਅਤੇ ਧਾਰਮਕ ਤੌਰ ‘ਤੇ ਇਕ ਹੀ ਸਨ। ਸ਼ਾਇਦ ਸਿੱਖਾਂ ਦੇ ਉਥਾਨ ਨੂੰ, ਅਸਲ ਵਿਚ ਹਿੰਦੂਵਾਦ ਦੇ ਪੁਨਰ-ਉਥਾਨ ਦੇ ਸੰਗਠਿਤ ਪੱਖ ਵਜੋਂ ਦੇਖਿਆ ਜਾ ਸਕਦਾ ਹੈ। ਇਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਪੰਜਾਬ ਦੀ ਆਬਾਦੀ ਦੀ ਸੰਪਰਦਾਇਕ ਬਣਤਰ ਵੱਲ ਧਿਆਨ ਦੇਣਾ ਲਾਹੇਵੰਦ ਹੋ ਸਕਦਾ ਹੈ।
ਨਾਰਥ ਵੈਸਟ ਫਰੰਟੀਅਰ ਆਫ ਪੰਜਾਬ, ਜੋ ਕਿਸੇ ਪੱਧਰ ‘ਤੇ ਵੱਡੇ ਅਫਗਾਨਿਸਤਾਨ ਦਾ ਹਿੱਸਾ ਵੀ ਮੰਨਿਆ ਜਾਂਦਾ ਸੀ, ਇਥੇ ਇਸਲਾਮ ਦੇ ਸਦੀਆਂ ਦੇ ਸ਼ਾਸਨ ਕਾਰਨ ਆਬਾਦੀ ਦਾ ਬਹੁਤ ਵੱਡਾ ਹਿੱਸਾ, ਸ਼ਾਇਦ ਨਮਕ ਖੇਤਰ ਦੇ ਹਿੰਦੂ ਸ਼ਾਹਿਰੀ ਖੁਖਰੈਨਾਂ ਨੂੰ ਛੱਡ ਕੇ ਜਿਹਲਮ ਤੱਕ ਦੇ ਲੋਕ ਇਸਲਾਮ ਵਿਚ ਚਲੇ ਗਏ; ਪਰ ਜਿਹਲਮ ਤੋਂ ਪਰ੍ਹਾਂ ਜਾਂ ਕਹੀਏ ਕਿ ਦਰਿਆ ਦੇ ਪੂਰਬ ਵਾਲੇ ਪਾਸੇ ਹਿੰਦੂਆਂ ਦੇ ਪ੍ਰਭਾਵ ਵਾਲੇ ਕਈ ਇਲਾਕੇ ਸਨ। ਉਂਜ ਰਚਨਾ ਦੁਆਬ, ਭਾਵ ਰਾਵੀ ਅਤੇ ਚਿਨਾਬ ਦਰਿਆਵਾਂ ਦੇ ਵਿਚਕਾਰ ਹਿੰਦੂ-ਸਿੱਖ ਆਬਾਦੀ ਘੱਟ ਨਹੀਂ ਆਖੀ ਜਾ ਸਕਦੀ ਸੀ ਅਤੇ ਰਾਵੀ ਤੋਂ ਅੱਗੇ ਹਿੰਦੂ ਅਤੇ ਸਿੱਖ ਵਧਣੇ ਸ਼ੁਰੂ ਹੋ ਜਾਂਦੇ ਸਨ। ਆਬਾਦੀ ਦੀ ਇਹ ਸੰਰਚਨਾ, ਦੇਸ਼ ਵੰਡ ਤੱਕ ਲਗਭਗ ਇਵੇਂ ਹੀ ਰਹੀ। ਜੇ ਬਰਤਾਨਵੀ ਸ਼ਾਸਨ ਦੇ ਮੁਕਾਬਲਤਨ ਸ਼ਾਂਤ ਸਮਿਆਂ ਵਿਚ ਹਿੰਦੂ ਅਤੇ ਸਿੱਖ ਵਪਾਰ-ਵਣਜ ਦੇ ਮਕਸਦ ਲਈ ਅੰਗਰੇਜ਼ਾਂ ਦੇ ਏਜੰਟ ਬਣਨ ਦੀ ਇਛਾ ਨਾਲ ਪੱਛਮੀ ਪੰਜਾਬ ਦੇ ਸ਼ਹਿਰਾਂ-ਕਸਬਿਆਂ ਵਿਚ ਜਾ ਕੇ ਰਹਿਣ ਲੱਗੇ ਤਾਂ ਇਸ ਦਾ ਉਦੇਸ਼ ਇਹੀ ਸੀ ਕਿ ਦੇਸ਼ ਨੂੰ ਵਪਾਰਕ ਲੁੱਟ ਲਈ ਖੋਲ੍ਹਿਆ ਜਾਵੇ।
ਇਸ ਵਿਚ ਇਕ ਅਹਿਮ ਤਬਦੀਲੀ ਲਾਜ਼ਮੀ ਤੌਰ ‘ਤੇ ਵਾਪਰੀ। ਉਹ ਇਹ ਕਿ ਪੰਜਾਬ ਦੇ ਮੁਸਲਮਾਨਾਂ ਨੇ ਆਪਣੇ ਆਪ ਨੂੰ ਵੱਖਰੀ ਕੌਮ ਵਜੋਂ ਤਾਂ ਨਹੀਂ, ਸਗੋਂ ਵੱਖਰੀ ਜ਼ਾਤ ਦੇ ਤੌਰ ‘ਤੇ ਦੇਖਣਾ ਸ਼ੁਰੂ ਕਰ ਦਿੱਤਾ ਸੀ। ਇਹ ਗੱਲ ਉਨ੍ਹਾਂ ਦੇ ਮਨਾਂ ਵਿਚ ਬਿਲਕੁਲ ਨਹੀਂ ਸੀ ਕਿ ਮੁਸਲਮਾਨ ਵੱਖਰਾ ਰਾਸ਼ਟਰ ਹਨ। ਇਹੀ ਉਹ ਪੁਜ਼ੀਸ਼ਨ ਹੈ, ਜੋ ਸ਼ਾਹ ਮੁਹੰਮਦ ਆਪਣੇ ਪ੍ਰਸਿਧ ਬੈਂਤ (ਜਿਸ ਦਾ ਪਿੱਛੇ ਜ਼ਿਕਰ ਕੀਤਾ ਗਿਆ ਹੈ) ਵਿਚ ਜਾਹਰ ਕਰਦਾ ਹੈ। ਸਮੇਂ ਦੇ ਉਸ ਬਿੰਦੂ ‘ਤੇ ਜ਼ਾਤ ਦਾ ਸੰਕਲਪ ਸ਼ਾਹ ਮੁਹੰਮਦ ਦੇ ਮਨ ਅੰਦਰ ਇਸ ਹੱਦ ਤੱਕ ਸਮਾਇਆ ਹੋਇਆ ਹੈ ਕਿ ਉਹ ਫਿਰੰਗੀਆਂ ਨੂੰ ਵੱਖਰੀ ਜ਼ਾਤ ਵਜੋਂ ਦੇਖਦਾ ਹੈ, ਜੋ ਹਿੰਦੂ-ਮੁਸਲਮਾਨ ਏਕਤਾ ਵਿਚ ਦਾਖਿਲ ਹੋ ਰਹੀ ਸੀ। ਇਸ ਦਾ ਮਤਲਬ ਕੀ ਹੈ?
ਜੇ ਮੈਂ ਆਪਣੇ ਬਚਪਨ, ਜੋ ਰਚਨਾ ਦੁਆਬ ਦੇ ਐਮਨਾਬਾਦ ਵਿਚ ਬੀਤਿਆ, ਦੇ ਨਿੱਜੀ ਤਜਰਬਿਆਂ ਵਿਚ ਜਾਵਾਂ ਤਾਂ ਮਿਸਾਲ ਦੇ ਸਕਦਾਂ। ਕੁਝ ਖਾਂਦੇ ਪੀਂਦੇ ਤਕੜੇ ਮੁਸਲਮਾਨ ਪਰਿਵਾਰਾਂ ਦੇ ਸਾਡੇ ਪਰਿਵਾਰਾਂ ਨਾਲ ਸਬੰਧ ਰਹੇ ਸਨ। ਉਹ ਵੱਖ-ਵੱਖ ਮੌਕਿਆਂ ‘ਤੇ ਸਾਡੇ ਘਰ ਕੱਚੀ ਰਸਦ ਭੇਜ ਦਿੰਦੇ ਸਨ, ਜਿਸ ਨੂੰ ਅਸੀਂ ਆਪਣੇ ਘਰ ਪਕਾ ਕੇ ਖਾ ਸਕੀਏ; ਇਹ ਗੱਲ ਉਨ੍ਹਾਂ ਨੂੰ ਤਸੱਲੀ ਦਿੰਦੀ ਸੀ ਕਿ ਅਸੀਂ ਇਸ ਤਰੀਕੇ ਨਾਲ ਉਨ੍ਹਾਂ ਦੇ ਵਿਆਹ ਜਾਂ ਮੁੰਡੇ ਦੇ ਜਨਮ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋ ਜਾਂਦੇ ਸਾਂ। ਇਸੇ ਤਰ੍ਹਾਂ ਇਕ ਪੀੜ੍ਹੀ ਪਹਿਲਾਂ ਦੀ ਘਟਨਾ ਵਿਚ ਸ਼ਹਿਰ ਦਾ ਜ਼ੈਲਦਾਰ, ਜੋ ਅਮੀਰ ਅਤੇ ਪਹੁੰਚ ਵਾਲਾ ਮੁਸਲਮਾਨ ਸੀ, ਉਦੋਂ ਕਲੀਨ ਤੋਂ ਪਰ੍ਹਾਂ ਹੋ ਗਿਆ, ਜਦੋਂ ਦੀਵਾਨ ਗੋਬਿੰਦ ਸਹਾਇ ਪਾਣੀ ਦਾ ਗਿਲਾਸ ਲੈਣ ਲਈ ਉਠਿਆ ਸੀ। ਮੇਰੇ ਪਿਤਾ ਭਾਵੇਂ ਕੋਈ ਬਹੁਤ ਵੱਡੇ ਆਦਮੀ ਨਹੀਂ ਸਨ, ਮੈਂ ਕਈ ਵਾਰ ਪੁਰਾਣੇ ਲਾਗੀਆਂ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਉਹ ਪਿਤਾ ਜੀ ਨਾਲ ਮੰਜੇ ‘ਤੇ ਇਸ ਲਈ ਬਰਾਬਰ ਨਹੀਂ ਬੈਠ ਸਕਦੇ, ਕਿਉਂਕਿ ਇਹ ਉਨ੍ਹਾਂ ਦਾ ਧਰਮ ਨਹੀਂ ਸੀ।
ਮੇਰੇ ਕਹਿਣ ਦਾ ਭਾਵ ਹੈ ਕਿ ਉਸ ਸਮੇਂ ਜ਼ਾਤ ਪ੍ਰਬੰਧ ਇਸ ਪੱਧਰ ਤੱਕ ਮਨਾਂ ਵਿਚ ਵੱਸਿਆ ਹੋਇਆ ਸੀ ਕਿ ਉਨ੍ਹਾਂ ਲਈ ਜ਼ਾਤ-ਧਰਮ ਗੀਤਾ ਦੇ ਸਵੈ-ਧਰਮ ਵਾਂਗ ਸੀ। ਅਸਲ ਵਿਚ ਜੋ ਲੋਕ ਕੁਝ ਸਮਾਂ ਪਹਿਲਾਂ ਹੀ ਮੁਸਲਮਾਨ ਬਣੇ ਸਨ (ਜੋ ਮੁਸਲਮਾਨ ਆਬਾਦੀ ਦਾ ਵੱਡਾ ਹਿੱਸਾ ਸਨ), ਉਹ ਤਾਂ ਅਜੇ ਹਿੰਦੂਆਂ ਵਿਚ ਵੱਖਰੀ ਜ਼ਾਤ ਤੋਂ ਬਿਨਾ ਹੋਰ ਕੋਈ ਬਹੁਤ ਅੱਡਰੇ ਨਹੀਂ ਸਨ ਸਮਝੇ ਜਾਂਦੇ, ਜੋ ਅਜੇ ਵੀ ਉਸ ਜ਼ਾਤ ਦੇ ਚਿੰਨ੍ਹ-ਪ੍ਰਬੰਧ ਨੂੰ ਬਰਕਰਾਰ ਰੱਖ ਰਹੇ ਸਨ, ਜਿਸ ਤੋਂ ਕਿਸੇ ਜ਼ਮਾਨੇ ਵਿਚ ਉਹ ਪਰਿਵਰਤਿਤ ਹੋ ਕੇ ਮੁਸਲਮਾਨ ਬਣੇ ਸਨ।
ਗੈਰ-ਹਿੰਦੂ ਲੋਕਾਂ ਵਿਚ ਅਜੇ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਸੀ ਕਿ ਸਿੱਖ ਧਰਮ ਹਿੰਦੂ ਧਰਮ ਦੀ ਹੀ ਸੰਪਰਦਾ ਸੀ ਜਾਂ ਸੁਧਰਿਆ ਰੂਪ ਸੀ ਜਾਂ ਇਕ ਅੱਡਰਾ ਧਰਮ ਸੀ। ਹਰ ਸੰਪਰਦਾਇਕ ਸਥਿਤੀ ਵਿਚ ਸਿੱਖਾਂ ਨੇ ਆਪਣੇ ਆਪ ਨੂੰ ਬਿਹਤਰ ਹਿੰਦੂਆਂ ਵਜੋਂ ਸਥਾਪਿਤ ਕੀਤਾ ਸੀ। ਮੇਰੇ ਬਚਪਨ ਤੱਕ ਵੀ ਇਹ ਗੱਲ ਏਨੀ ਸਹੀ ਲੱਗਦੀ ਸੀ ਕਿ ਸਾਡੀ ਮੋਨੇ ਸਿੱਖ ਪਰਿਵਾਰ ਵਜੋਂ, ਸਾਡੇ ਸਾਰੇ ਰਿਸ਼ਤੇਦਾਰਾਂ ਵਿਚ ਪ੍ਰਚਲਿਤ ਮਾਨਤਾ ਇਹ ਸੀ ਕਿ ਮੋਨੇ ਵੀ ਸਿੱਖ ਹਨ, ਸਹਿਜਧਾਰੀ ਸਿੱਖ। ਮੋਟੇ ਤੌਰ ‘ਤੇ ਇਹ ਮੰਨਿਆ ਜਾਂਦਾ ਸੀ ਕਿ ਸਿੱਖ ਅਤੇ ਮੋਨੇ, ਹਿੰਦੂ ਹੀ ਹਨ। ਸਾਡਾ ਆਮ ਵਿਸ਼ਵਾਸ ਇਹ ਸੀ ਕਿ ਹਰ ਸਹਿਜਧਾਰੀ ਪਰਿਵਾਰ ਨੂੰ ਆਪਣੇ ਪਹਿਲੇ ਪੁੱਤਰ ਨੂੰ ਧਰਮ ਦੇ ਰੱਖਿਅਕ ਵਜੋ ਅੰਮ੍ਰਿਤ ਛਕਾ ਕੇ ਖਾਲਸਾ ਬਣਾਉਣਾ ਚਾਹੀਦਾ ਹੈ। ਇਥੋਂ ਤੱਕ ਕਿ ਸੱਠਵਿਆਂ ਵਿਚ ਮੇਰਾ ਇਕ ਸਿੱਖ ਚਾਚਾ ਰਾਮੇਸ਼ਵਰਮ ਦੀ ਯਾਤਰਾ ਕਰਕੇ ਆਇਆ ਅਤੇ ਮੇਰੇ ਲਈ ਖਾਸ ਤੌਰ ‘ਤੇ ਪ੍ਰਸ਼ਾਦ ਲੈ ਕੇ ਆਇਆ। ਮੈਂ ਉਸ ਨੂੰ ਪੁਛਿਆ, ਕੀ ਉਹ ਅਜੇ ਵੀ ਇਸ ਵਿਚ ਵਿਸ਼ਵਾਸ ਕਰਦੇ ਹਨ? ਉਨ੍ਹਾਂ ਦਾ ਜਵਾਬ ਸੀ, ਜਵਾਨੀ ਵਿਚ ਉਸ ਨੇ ਬਾਕੀ ਸਾਰੇ ਧਾਮਾਂ ਦੀ ਯਾਤਰਾ ਕੀਤੀ ਸੀ, ਸਿਰਫ ਇਹੀ ਰਹਿੰਦਾ ਸੀ, ਇਸ ਲਈ ਉਸ ਨੇ ਸੋਚਿਆ ਮਰਨ ਤੋਂ ਪਹਿਲਾਂ ਇਹਨੂੰ ਵੀ ਪੂਰਾ ਕਰ ਲਵੇ। ਮੈਂ ਪੁਛਿਆ, ਵਡੇਰੀ ਉਮਰ ਵਿਚ ਕੀ ਇਹ ਜ਼ਰੂਰੀ ਸੀ? ਉਨ੍ਹਾਂ ਜਵਾਬ ਦਿੱਤਾ, ਉਸ ਨੇ ਇਹ ਯਾਤਰਾ ਇਸ ਕਰਕੇ ਕੀਤੀ ਹੈ ਕਿ ਇਸ ਨਾਲ ਉਸ ਦੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।
ਸ਼ਾਹ ਮੁਹੰਮਦ ਨੂੰ ਪੜ੍ਹਨ ਪਿਛੋਂ ਪਾਠਕ ਅੰਦਰ ਇਹ ਸਵਾਲ ਆਉਂਦਾ ਹੈ, ਕੀ ਉਸ ਵੇਲੇ ਕੋਈ ਸਿੱਖ ਨਹੀਂ ਸਨ, ਜਾਂ ਕੀ ਉਸ ਨੂੰ ਮੋਨੇ ਸਿੱਖਾਂ ਦੀ ਇਕਮਿਕਤਾ ਦਾ ਪਤਾ ਨਹੀਂ, ਜੋ ਪੰਜਾਬੀ ਸਮਾਜ ਦਾ ਵਿਸ਼ੇਸ਼ ਗੁਣ ਰਿਹਾ ਹੈ। ਨਹੀਂ ਇਹ ਇੰਜ ਨਹੀਂ ਹੈ। ਸ਼ਾਹ ਮੁਹੰਮਦ ਉਨ੍ਹਾਂ ਸਾਰਿਆਂ ਲਈ ਸਿੰਘ ਸ਼ਬਦ ਦੀ ਵਰਤੋਂ ਕਰਦਾ ਹੈ, ਜਿਨਾਂ ਨੇ ਸਿਰ ਦੇ ਵਾਲ ਰੱਖੇ ਹੋਏ ਹਨ। ਸਬੱਬ ਨਾਲ ਜੰਗਨਾਮੇ ਦੇ ਪ੍ਰਸੰਗ ਵਿਚ ਉਹ ਸਾਰੇ ਫੌਜੀ ਹਨ, ਜੋ ਧਰਮ ਦੀ ਲੜਾਈ ਲੜ ਰਹੇ ਹਨ। ਇਸ ਲਈ ਉਨ੍ਹਾਂ ਦੇ ਸਾਰੇ ਵੇਰਵੇ ਜੰਗ ਦੇ ਮੈਦਾਨ ਤੋਂ ਆਉਂਦੇ ਹਨ। ਅਸਲ ਵਿਚ ਸਾਰੇ ਜੰਗਨਾਮੇ ਦੇ 105 ਬੈਤਾਂ ਵਿਚ ਸਿਰਫ ਇਕ ਥਾਂ ‘ਤੇ ਸਿੱਖ ਸ਼ਬਦ ਦਾ ਜ਼ਿਕਰ ਆਉਂਦਾ ਹੈ ਅਤੇ ਉਹ ਵੀ ਬੜੇ ਵਿਕ੍ਰਿਤ ਰੂਪ ਵਿਚ। ਇਹ ਉਦੋਂ ਆਉਂਦਾ ਹੈ, ਜਦੋਂ ਲਾਰਡ ਹਾਰਡਿੰਗ ਫੜ੍ਹ ਮਾਰਦਾ ਹੈ ਕਿ ਆਪ ਜਾ ਕੇ ਸਿੱਖਾਂ ਨਾਲ ਲੜੇਗਾ ਅਤੇ ਤਿੰਨ ਘੰਟਿਆਂ ਵਿਚ ਲਾਹੌਰ ਜਿੱਤ ਲਵੇਗਾ। ਮੇਰੇ ਬਚਪਨ ਵਿਚ, ਖਾਸ ਤੌਰ ‘ਤੇ ਸਿੱਖਾਂ ਵਿਚ ਕੋਈ ਵੀ ਇਸ ਵਿਕ੍ਰਿਤਤਾ ‘ਤੇ ਨਾਰਾਜ਼ ਨਹੀਂ ਹੁੰਦਾ ਸੀ। ਇਕ ਤਰ੍ਹਾਂ ਨਾਲ ਇਹ ਸਿੱਖਾਂ ਦਾ ਹਾਸੇ ਵਾਲਾ ਸੁਭਾਅ ਹੀ ਸੀ। ਮੈਂ ਆਪਣੇ ਜੀਵਨ ਵਿਚ ਜਿੰਨੇ ਵੀ ਫਿਰਕੇ ਦੇ ਲੋਕਾਂ ਨੂੰ ਮਿਲਿਆ ਹਾਂ, ਸਿਰਫ ਸਿੱਖਾਂ ਵਿਚ ਹੀ ਇਹ ਵੱਖਰੀ ਸਮਰੱਥਾ ਹੈ ਕਿ ਉਹ ਆਪਣੇ ਆਪ ‘ਤੇ ਖੁੱਲ੍ਹ ਕੇ ਹੱਸ ਸਕਦੇ ਹਨ।
ਸ਼ਾਹ ਮੁਹੰਮਦ ਦੇ ਪ੍ਰਸੰਗ ਵਿਚ ਇਸ ਤੋਂ ਉਲਟ ਵੀ ਓਨਾ ਹੀ ਠੀਕ ਹੈ। ਮਸਲਨ, ਜੰਗਨਾਮੇ ਵਿਚ ਇਕ ਵੀ ਪੰਜਾਬੀ ਹਿੰਦੂ ਨਹੀਂ ਜਿਸ ਦਾ ਜ਼ਿਕਰ ਆਇਆ ਹੋਵੇ। ਇਥੋਂ ਤੱਕ ਕਿ ਇਸ ਵਿਚੋਂ ਕੋਈ ਵੀ ਇਹ ਅਨੁਮਾਨ ਨਹੀਂ ਲਾ ਸਕਦਾ ਕਿ ਖਾਲਸਾ ਦਰਬਾਰ ਦੇ ਪ੍ਰਬੰਧ ਵਿਚ ਹਿੰਦੂ ਜਾਂ ਮੋਨੇ ਦਾ ਸੰਕਲਪ ਕੋਈ ਮਹੱਤਵ ਨਹੀਂ ਸੀ ਰੱਖਦਾ; ਜਦੋਂ ਕਿ ਤੱਥ ਇਹ ਹੈ ਕਿ ਰਣਜੀਤ ਸਿੰਘ ਰਾਜ ਦੇ ਬਹੁਤੇ ਕੰਮ ਆਪਣੇ ਪ੍ਰਭਾਵ ਦੇ ਇਲਾਕੇ ਜਿਵੇਂ ਰਚਨਾ ਦੁਆਬ ਦੇ, ਹਿੰਦੂ ਅਹੁਦੇਦਾਰਾਂ ਦੀ ਮਦਦ ਨਾਲ ਕਰਦਾ ਸੀ। ਇਸ ਤਰ੍ਹਾਂ ਨਾਲ ਕੁੰਜਾਹ ਦੇ ਨਈਅਰਾਂ, ਅਕਾਲਗੜ੍ਹ ਦੇ ਚੋਪੜਿਆਂ, ਐਮਨਾਬਾਦ ਦੇ ਨੰਦਾਂ ਤੇ ਮਲਵਈਆਂ, ਘੜਤਾਲ ਦੇ ਪੁਰੀਆਂ, ਕੰਜਰੂਰ ਦੱਤਾਂ ਦੇ ਦੱਤ ਚੌਧਰੀਆਂ, ਹਾਫਿਜ਼ਾਬਾਦ ਦੇ ਕਪੂਰਾਂ ਤੇ ਚੋਪੜਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਰਾਜ ਦੇ ਬਹੁਤੇ ਅਧਿਕਾਰੀ ਇਨ੍ਹਾਂ ਪਰਿਵਾਰਾਂ ਵਿਚੋਂ ਹੀ ਆਉਂਦੇ ਸਨ।
ਜੰਗ ਦੇ ਮੈਦਾਨ ਵਿਚ ਜੇ ਕਿਸੇ ਹਿੰਦੂ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਪੰਜਾਬ ਦੇ ਪਹਾੜੀ ਰਾਜਾਂ ਦੇ ਰਾਜਪੂਤ ਹਨ, ਜੋ ਇਸ ਲੜਾਈ ਵਿਚ ਉਚ ਪਾਏ ਦੇ ਤਲਵਾਰਬਾਜ਼ਾਂ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਵਿਚ ਭਾਵੇਂ ਜੰਮੂ ਦਾ ਮਹਾਰਾਜਾ ਗੁਲਾਬ ਸਿੰਘ ਵਰਗਾ ਅਪਵਾਦ ਵੀ ਸੀ, ਜਿਸ ਨੂੰ ਸ਼ਾਹ ਮੁਹੰਮਦ ਨੀਚ ਕਿਸਮ ਦਾ ਸਵਾਰਥੀ ਕਹਿੰਦਾ ਹੈ। ਜਿਸ ਤਰ੍ਹਾਂ ਸ਼ਾਹ ਮੁਹੰਮਦ ਉਸ ਦਾ ਜ਼ਿਕਰ ਕਰਦਾ ਹੈ, ਉਸ ਤੋਂ ਲੱਗਦਾ ਹੈ ਕਿ ਉਹ ਆਪਣੇ ਅਹੁਦੇ ਨੂੰ ਪੱਕਾ ਕਰਨ ਲਈ ਖਾਲਸਾ ਦਰਬਾਰ ਨੂੰ ਢਾਹੁਣ ਵਿਚ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ। ਇਸ ਲਈ ਉਸ ਦਾ ਜ਼ਿਕਰ ਜੰਗਨਾਮੇ ਵਿਚ ਉਦੋਂ ਹੀ ਆਉਂਦਾ ਹੈ, ਜਦੋਂ ਅੰਗਰੇਜ਼ ਲਾਹੌਰ ਵਿਚ ਦਾਖਿਲ ਹੁੰਦੇ ਹਨ। ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਸਿੰਘਾਂ ਨੇ ਇਸ ਲਈ ਜੰਮੂ ਤੋਂ ਲਾਹੌਰ ਲਿਆਂਦਾ ਸੀ ਕਿ ਉਹ, ਰਾਣੀ ਜਿੰਦਾਂ ਦੇ ਕਹਿਣ ਅਨੁਸਾਰ, ਉਨ੍ਹਾਂ ਲਈ ਬਦਲੇ ਦੀ ਭਾਵਨਾ ਰੱਖਦਾ ਸੀ। ਇਉਂ ਲੱਗਦਾ ਹੈ ਕਿ ਉਹ ਆਪ ਵੀ ਰਾਣੀ ਤੋਂ ਡਰਿਆ ਹੋਇਆ ਸੀ, ਇਸ ਲਈ ਉਸ ਨੇ ਆਪਣੇ ਵੱਖਰੇ ਸਲਾਹਕਾਰ ਰੱਖੇ ਹੋਏ ਸਨ। ਨਹੀਂ ਤਾਂ ਜਿਸ ਤਰ੍ਹਾਂ ਦਾ ਦਰਜਾ ਡੋਗਰੇ ਖਾਲਸਾ ਦਰਬਾਰ ਵਿਚ ਰੱਖਦੇ ਸਨ, ਉਸ ਨੂੰ ਡੋਗਰਾ ਖਾਨਦਾਨ ਦਾ ਨਾਮ ਬਚਾਉਣ ਲਈ ਜੰਗ ਵਿਚ ਲੜ ਕੇ ਮਰ ਜਾਣਾ ਚਾਹੀਦਾ ਸੀ; ਪਰ ਜਦੋਂ ਸੰਕਟ ਆਇਆ, ਉਹ ਵਫਾਦਾਰ ਨਾ ਰਿਹਾ। ਜੇ ਉਦੋਂ ਇਕ ਵੀ ਤਾਕਤਵਰ ਆਗੂ ਹੁੰਦਾ ਤਾਂ ਇਸ ਲੜਾਈ ਦਾ ਅੰਤ ਕਿਸੇ ਹੋਰ ਤਰ੍ਹਾਂ ਹੋਣਾ ਸੀ। ਅਸਲ ਵਿਚ ਦੂਜੀ ਪੰਜਾਬ ਜੰਗ ਵਿਚ ਵੀ ਉਹ ਪੰਜਾਬ ਦੀ ਫੌਜ ਦੇ ਹੱਕ ਵਿਚ ਭੁਗਤ ਸਕਦਾ ਸੀ, ਪਰ ਅਫਸੋਸ! ਉਹ ਨਾ ਧਿਆਨ ਸਿੰਘ ਸੀ ਤੇ ਨਾ ਹੀਰਾ ਸਿੰਘ, ਜਿਵੇਂ ਆਮ ਸਿੱਖ ਮੰਨਦੇ ਹਨ ਕਿ ਉਹ ਅਜਿਹਾ ਗੱਦਾਰ ਸੀ, ਜਿਸ ਨੇ ਖਾਲਸੇ ਦੀ ਪਿੱਠ ‘ਚ ਛੁਰਾ ਮਾਰਿਆ, ਤੇ ਸ਼ਾਹ ਮੁਹੰਮਦ ਉਨ੍ਹਾਂ ਲੋਕਾਂ ਦੇ ਹੀ ਵਿਚਾਰ ਸਾਂਝੇ ਕਰ ਰਿਹਾ ਸੀ।
ਹੁਣ ਦੂਜੀ ਜ਼ਾਤ ਵੱਲ ਮੁੜਦੇ ਹਾਂ, ਭਾਵ ਪੰਜਾਬ ਦੇ ਮੁਸਲਮਾਨਾਂ ਵੱਲ। ਅਸੀਂ ਪਿਛੇ ਇਹ ਚਰਚਾ ਕਰ ਆਏ ਹਾਂ ਕਿ ਕਿਵੇਂ ਉਹ ਹਿੰਦੂ ਅਤੇ ਸਿੱਖਾਂ ਨਾਲ ਮਿਲ ਕੇ ਸਾਰੇ ਪੰਜਾਬੀਆਂ ਦਾ ਇਕ ਰਾਸ਼ਟਰ ਬਣਾਉਣ ਵਿਚ ਸ਼ਾਮਿਲ ਸਨ। ਉਦੋਂ ਤੱਕ ਭਾਰਤ ਵਿਚ ਨੇਸ਼ਨ-ਸਟੇਟ ਵਰਗਾ ਵਿਚਾਰ ਵੀ ਪੈਦਾ ਨਹੀਂ ਹੋਇਆ ਸੀ। ਉਨ੍ਹਾਂ ਦੀ ਤੱਤਕਾਲੀ ਜੰਗ ਵਿਚ ਕੀ ਭੂਮਿਕਾ ਸੀ? ਆਮ ਫਿਰਕੂ ਪ੍ਰਭਾਵ ਹੇਠ, ਮੁਸਲਮਾਨ ਖਾਲਸਾ ਦਰਬਾਰ ਨੂੰ ਛੱਡ ਕੇ ਵਧੇਰੇ ਫਾਇਦੇ ਲੈ ਸਕਦੇ ਸਨ ਪਰ ਅਜਿਹਾ ਅਸੀਂ ਵੰਡੇ ਹੋਏ ਭਾਰਤ ਦੇ ‘ਦੋ ਰਾਸ਼ਟਰ’ ਸਿਧਾਂਤ ਤੋਂ ਬਾਅਦ ਸੋਚ ਸਕਦੇ ਹਾਂ ਪਰ ਅਸਲ ਤੱਥ ਇਹ ਹੈ ਕਿ ਜਦੋਂ ਸਿੱਖ ਕਮਾਂਡਰਾਂ, ਖਾਸ ਤੌਰ ‘ਤੇ ਕਮਾਂਡਰ ਇਨ ਚੀਫ ਤੇਜ ਸਿੰਘ ਅਤੇ ਮਹਾਰਾਣੀ ਦਾ ਨਿੱਜੀ ਸਲਾਹਕਾਰ ਲਾਲ ਸਿੰਘ, ਦੋਹਾਂ ਨੇ ਆਪਣੀ ਜ਼ਮੀਰ ਅੰਗਰੇਜ਼ਾਂ ਨੂੰ ਵੇਚ ਦਿੱਤੀ ਸੀ, ਉਦੋਂ ਕਿਸੇ ਵੀ ਰੈਂਕ ਦਾ ਇਕ ਵੀ ਮੁਸਲਮਾਨ ਜੰਗ ਵਿਚੋਂ ਪਿਛੇ ਨਹੀਂ ਹਟਿਆ। ਤੇ ਤੁਹਾਨੂੰ ਯਾਦ ਹੈ, ਮੈਦਾਨ-ਏ-ਜੰਗ ਵਿਚ ਉਨ੍ਹਾਂ ਨੇ ਬਹੁਤ ਨਿਰਣਾਇਕ ਸਥਿਤੀ ਹਾਸਿਲ ਕੀਤੀ ਹੋਈ ਸੀ। ਲਗਭਗ ਸਾਰਾ ਤੋਪਖਾਨਾ ਉਨ੍ਹਾਂ ਦੇ ਅਧਿਕਾਰ ਹੇਠ ਸੀ। ਸ਼ਾਇਦ ਉਹ ਉਸ ਸਮੇਂ ਦੇ ਬਿਹਤਰੀਨ ਤੋਪਚੀ ਸਨ। ਇਸ ਤੋਂ ਬਿਨਾ ਉਹ ਏਨੇ ਭਰੋਸਯੋਗ ਸਨ ਕਿ ਜੰਗ ਦੇ ਸਮੇਂ, ਰਾਣੀ ਜਿੰਦਾਂ ਨੇ ਲਾਹੌਰ ਦੀ ਦੇਖ-ਰੇਖ, ਸਿਰਫ ਮੁਸਲਮਾਨਾਂ ਫੌਜ ਦੇ ਹੀ ਹਵਾਲੇ ਕੀਤੀ। ਕੀ ਕੋਈ ਸੋਚ ਸਕਦਾ ਹੈ ਕਿ ਅੱਜ ਅਜਿਹਾ ਕੁਝ ਹੋ ਸਕਦਾ ਹੈ? ਇਸ ਪ੍ਰਸੰਗ ਵਿਚ ਬੈਂਤ 60 ਦਾ ਹਵਾਲਾ ਦੇਣਾ ਵਾਜਬ ਰਹੇਗਾ:
ਮਜ਼ਹਰ ਅਲੀ ਤੇ ਮਾਖੇ ਖਾਂ ਕੂਚ ਕੀਤਾ,
ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਨਾਲ ਇਮਾਮ ਸ਼ਾਹ ਵਾਲੀਆਂ ਨੀ।
ਇਲਾਹੀ ਬਖਸ਼ ਪਟੋਲੀਏ ਮਾਂਜ ਕੇ ਜੀ,
ਧੂਪ ਦੇਇ ਕੇ ਤਖਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ ਐਸੀਆਂ ਸਿਕਲ ਹੋਈਆਂ,
ਬਿਜਲੀ ਵਾਂਗਰਾਂ ਦੇਣ ਦਿਖਾਲੀਆਂ ਨੀ।
ਲੱਗਦਾ ਹੈ, ਜਿਵੇਂ ਸ਼ਾਹ ਮੁਹੰਮਦ ਨੂੰ ਇਸ ਦੀ ਪੂਰੀ ਸਮਝ ਸੀ ਕਿ ਜੰਗਾਂ ਕਿਵੇਂ ਲੜੀਆਂ ਜਾਂਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਤੋਪਖਾਨੇ ਦੇ ਕਮਾਂਡਰ ਸੁਲਤਾਨ ਮਹਿਮੂਦ ਨਾਲ ਸਬੰਧਤ ਸੀ, ਜਿਸ ਦਾ ਉਹ ਉਪਰਲੇ ਬੈਂਤ ਵਿਚ ਜ਼ਿਕਰ ਕਰਦਾ ਹੈ। ਉਂਜ, ਇਸ ਵਿਚ ਕੋਈ ਦੋ ਰਾਇ ਨਹੀਂ ਕਿ ਉਹ ਸੁਚੇਤ ਜਾਣਕਾਰ ਬੰਦਾ ਸੀ, ਜੋ ਕੂਟਨੀਤਕ ਭਾਸ਼ਾ ਅਤੇ ਵਾਪਰ ਰਹੇ ਘਟਨਾਕ੍ਰਮ ਦੇ ਮਹੱਤਵ ਨੂੰ ਸਮਝਦਾ ਸੀ। ਸਭ ਤੋਂ ਜ਼ਰੂਰੀ, ਉਸ ਦੇ ਸੂਚਨਾ ਦੇ ਸਰੋਤ ਏਨੇ ਅਸਲੀ ਹਨ ਕਿ ਉਸ ਨੇ ਜੋ ਵੀ ਲਿਖਿਆ ਹੈ, ਉਹ ਪੂਰੀ ਤਰ੍ਹਾਂ ਪ੍ਰਮਾਣਿਕ ਹੈ।
(ਚਲਦਾ)