ਗੁਰਦੁਆਰਾ ਰਕਾਬ ਗੰਜ: ਅਕਾਲੀ ਲਹਿਰ ਦੀ ਪਹਿਲੀ ਸ਼ਾਨਦਾਰ ਜਿੱਤ

ਗਿਆਨੀ ਹੀਰਾ ਸਿੰਘ ਦਰਦ (30 ਸਤੰਬਰ 1889-22 ਜੂਨ 1965) ਪੰਜਾਬੀ ਦੇ ਉਘੇ ਲਿਖਾਰੀ ਅਤੇ ਪੱਤਰਕਾਰ ਸਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੋਢੀਆਂ ਵਿਚੋਂ ਸਨ ਅਤੇ ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਵਿਚ ਚੋਖਾ ਯੋਗਦਾਨ ਪਾਇਆ। ‘ਗੁਰਦੁਆਰਾ ਰਕਾਬ ਗੰਜ: ਅਕਾਲੀ ਲਹਿਰ ਦੀ ਪਹਿਲੀ ਸ਼ਾਨਦਾਰ ਜਿੱਤ’ ਲੇਖ ਵਿਚ ਉਨ੍ਹਾਂ ਅੰਗਰੇਜ਼ ਹਾਕਮਾਂ ਵੱਲੋਂ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੁਣ ਤੋਂ ਬਾਅਦ ਦੇ ਹਾਲਾਤ ਬਿਆਨ ਕੀਤੇ ਹਨ।

-ਸੰਪਾਦਕ

ਹੀਰਾ ਸਿੰਘ ਦਰਦ
1920 ਵਿਚ ‘ਅਕਾਲੀ’ ਅਖਬਾਰ ਜਾਰੀ ਹੋਣ ਮਗਰੋਂ ਗੁਰਦੁਆਰਾ ਰਕਾਬ ਗੰਜ ਦਾ ਸੁਆਲ ਲਹਿਰ ਦੇ ਅੰਦੋਲਨ ਦਾ ਧੁਰਾ ਬਣ ਗਿਆ ਸੀ। ਇਹ ਪ੍ਰਸ਼ਨ ਕਿਸ ਤਰ੍ਹਾਂ ਖੜ੍ਹਾ ਹੋਇਆ ਅਤੇ ਇਸ ਨੇ ਅਕਾਲੀ ਲਹਿਰ ਦੇ ਅੰਦੋਲਨ ਨੂੰ ਤੇਜ਼ ਕਰਨ ਵਿਚ ਕਿਤਨਾ ਸਟੀਮ ਭਰਿਆ? ਇਸ ਨੂੰ ਵਿਸਥਾਰ ਨਾਲ ਦੱਸਣ ਤੋਂ ਪਹਿਲਾਂ ਜ਼ਰੂਰੀ ਮਾਲੂਮ ਹੁੰਦਾ ਹੈ ਕਿ ਇਸ ਦੇ ਅਰੰਭਕ ਇਤਿਹਾਸ ਦੇ ਕੁਝ ਇਸ਼ਾਰੇ ਵੀ ਦੱਸ ਦਿੱਤੇ ਜਾਣ।
ਗੁਰਦੁਆਰਾ ਰਕਾਬ ਗੰਜ ਦੀ ਨੀਂਹ ਵਿਚ ਉਸ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਲਹੂ ਡੁਲ੍ਹਿਆ ਹੋਇਆ ਹੈ, ਜਿਨ੍ਹਾਂ ਨੇ ਭਾਰਤ ਦੀ ਦੁਖੀ ਜਨਤਾ ਨੂੰ ਬਚਾਉਣ ਲਈ, ਔਰੰਗਜ਼ੇਬੀ ਅਨਿਆਂ ਤੇ ਜ਼ੁਲਮ ਵਿਰੁਧ ਰੋਸ ਪ੍ਰਗਟ ਕਰਦਿਆਂ ਚਾਂਦਨੀ ਚੌਕ ਵਿਚ ਆਪਣਾ ਸੀਸ ਬਲੀਦਾਨ ਕੀਤਾ ਸੀ।
ਔਰੰਗਜ਼ੇਬ ਨੂੰ ਆਪਣੇ ਰਾਜਸੀ ਬਲ, ਫੌਜਾਂ ਤੇ ਸ਼ਹਿਨਸ਼ਾਹੀ ਉਤੇ ਬੜਾ ਮਾਣ ਸੀ। ਉਸ ਨੇ ਖਿਆਲ ਕੀਤਾ ਸੀ ਕਿ ਉਸ ਦੀ ਜ਼ੁਲਮੀ ਰਾਜਨੀਤੀ ਦਾ ਵਿਰੋਧ ਕਰਨ ਵਾਲੇ ਗੁਰੂ ਤੇਗ ਬਹਾਦਰ ਨੂੰ ਖੁੱਲ੍ਹੇ ਮੈਦਾਨ ਚਾਂਦਨੀ ਚੌਕ ਵਿਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਕਤਲ ਕਰਕੇ ਲੋਕਾਂ ਨੂੰ ਭੈਤੀਤ ਕਰ ਦਏਗਾ ਤੇ ਆਪਣੀ ਵਿਰੋਧਤਾ ਨੂੰ ਕੁਚਲ ਦਏਗਾ, ਪਰ ਉਹ ਬਹੁਤ ਭੁਲੇਖੇ ਵਿਚ ਸੀ। ਉਸ ਨੂੰ ਪਵਿਤਰ ਸ਼ਹੀਦੀ ਖੂਨ ਦੀ ਅਮਰ ਸ਼ਕਤੀ ਦਾ ਕੋਈ ਅਨੁਮਾਨ ਨਹੀਂ ਸੀ। ਉਸ ਦੇ ਫੌਜੀ ਪਹਿਰਿਆਂ ਦੀਆਂ ਲਿਸ਼ਕਦੀਆਂ ਤਲਵਾਰਾਂ ਤੇ ਬੀੜੀਆਂ ਹੋਈਆਂ ਬੰਦੂਕਾਂ ਵਿਚੋਂ ਹੀ ਸ਼ਹੀਦੀ ਖੂਨ ਦੇ ਪੈਦਾ ਕੀਤੇ ਜੋਧੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਤੇ ਧੜ ਸਤਿਕਾਰ ਨਾਲ ਸਸਕਾਰ ਕਰਨ ਵਾਸਤੇ ਉਠਾ ਕੇ ਲੈ ਗਏ। ਭਾਈ ਜੀਵਨ ਸਿੰਘ, ਰੰਗਰੇਟੇ ਗੁਰੂ ਕੇ ਬੇਟੇ ਨੇ ਗੁਰੂ ਜੀ ਦਾ ਸੀਸ ਕੀਰਤਪੁਰ ਵਿਚ ਗੁਰੂ ਗੋਬਿੰਦ ਸਿੰਘ ਪਾਸ ਜਾ ਪਹੁੰਚਾਇਆ ਅਤੇ ਪਿੰਡ ਰਕਾਬ ਗੰਜ ਦੇ ਰਹਿਣ ਵਾਲੇ ਇਕ ਗਰੀਬ ਸਿੱਖ ਲੱਖੀ ਵਣਜਾਰੇ ਨੇ ਪਹਿਰੇਦਾਰਾਂ ਦੇ ਅੱਖੀਂ ਘੱਟਾ ਪਾ ਕੇ ਗੁਰੂ ਸਾਹਿਬ ਦੀ ਲੋਥ ਉਠਾ ਲਿਆਂਦੀ ਸੀ ਤੇ ਆਪਣੇ ਮਕਾਨ ਨੂੰ ਅੱਗ ਲਾ ਦਿੱਤੀ ਸੀ, ਜਿਸ ਗੱਲ ਦਾ ਭੇਦ (ਭੇਤ) ਬਹੁਤ ਚਿਰ ਮਗਰੋਂ ਖੁਲ੍ਹਿਆ। ਇਹ ਦਲੇਰੀ ਤੇ ਅਦੁੱਤੀ ਕੁਰਬਾਨੀ ਸ਼ਹੀਦੀ ਲਹੂ ਦੀ ਹੀ ਬਰਕਤ ਸੀ।
1707 ਵਿਚ ਔਰੰਗਜ਼ੇਬ ਦੀ ਮੌਤ ਮਗਰੋਂ ਬਹਾਦਰ ਸ਼ਾਹ ਦੀ ਜਿੱਤ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਪਧਾਰੇ ਤਾਂ ਆਪਣੇ ਸ਼ਹੀਦ ਪਿਤਾ ਦਾ ਅੰਤਮ ਸਸਕਾਰ-ਅਸਥਾਨ ਪਿੰਡ ਰਕਾਬ ਗੰਜ ਵਿਚ ਲੱਭ ਕੇ ਮੰਜੀ ਸਾਹਿਬ ਬਣਵਾ ਦਿੱਤੀ।
ਮਗਰੋਂ ਫਰੁਖਸੀਅਰ ਵਰਗੇ ਅਤਿਆਚਾਰੀ ਪਾਤਸ਼ਾਹਾਂ ਦੇ ਵੇਲੇ ਜਦੋਂ ਸਿੱਖਾਂ ਦਾ ਖੁਰਾ ਖੋਜ ਮੁਕਾਉਣ ਦੀ ਮੁਹਿੰਮ ਚੱਲੀ ਤਾਂ ਇਸ ਸਥਾਨ ਉਤੇ ਵੀ ਮਸੀਤ ਬਣਾ ਦਿੱਤੀ ਗਈ।
ਸ਼ਾਹ ਆਲਮ ਸਾਨੀ ਦੇ ਸਮੇਂ ਇਕ ਵੇਰਾਂ ਸਿੱਖ ਮਿਸਲਾਂ ਨੇ ਆਪਣੀ ਚੜ੍ਹਦੀ ਕਲਾ ਸਮੇਂ ਦਿੱਲੀ ਨੂੰ ਜਾ ਘੇਰਿਆ। ਉਸ ਸਮੇਂ ਇਕ ਪਾਸੇ ਅੰਗਰੇਜ਼ ਤਾਕਤ ਪਕੜ ਰਹੇ ਸਨ, ਦੂਜੇ ਪਾਸੇ ਮਰਹੱਟੇ ਦਿੱਲੀ ਉਤੇ ਅੱਖ ਰੱਖਦੇ ਸਨ। ਸਾਰੀ ਰਾਜਨੀਤਕ ਅਵਸਥਾ ਨੂੰ ਸਾਹਮਣੇ ਰੱਖ ਕੇ ਸਿੱਖ ਸਰਦਾਰਾਂ ਨੇ ਪਾਤਸ਼ਾਹ ਨਾਲ ਇਸ ਗੱਲ ਉਤੇ ਸਮਝੌਤਾ ਕਰ ਲਿਆ ਕਿ ਦਿੱਲੀ ਵਿਚ ਸਿੱਖ ਇਤਿਹਾਸਕ ਗੁਰਦੁਆਰਿਆਂ ਨੂੰ ਲੱਭ ਕੇ ਉਥੇ ਇਮਾਰਤਾਂ ਬਣਾਉਣ ਦੀ ਖੁਲ੍ਹ ਦਿੱਤੀ ਜਾਵੇ। ਸਰਦਾਰ ਬਘੇਲ ਸਿੰਘ ਕਰੋੜੀ ਮਿਸਲ ਦੇ ਸਰਦਾਰ ਨੂੰ ਇਹ ਕੰਮ ਸਪੁਰਦ ਕੀਤਾ ਗਿਆ। ਉਸ ਨੇ ਗੁਰੂ ਤੇਗ ਬਹਾਦਰ ਦਾ ਸਸਕਾਰ-ਅਸਥਾਨ ਲੱਭ ਕੇ ਮਸੀਤ ਗਿਰਵਾ ਦਿੱਤੀ ਤੇ ਗੁਰਦੁਆਰਾ ਬਣਵਾ ਦਿੱਤਾ। ਗੁਰਦੁਆਰੇ ਦੇ ਉਦਾਲੇ ਇਕ ਉਚੀ ਕੰਧ ਉਸਾਰ ਦਿੱਤੀ। ਸ਼ਹੀਦ ਗੁਰੂ ਜੀ ਦੇ ਸਰੀਰ ਦੇ ਸਿਵੇ ਉਤੇ ਉਸਰਿਆ ਹੋਇਆ ਗੁਰਦੁਆਰਾ ਰਕਾਬ ਗੰਜ ਸਿੱਖ ਜਨਤਾ ਨੂੰ ਸਦਾ ਇਨਕਲਾਬੀ ਇਸ਼ਾਰੇ ਦੇਣ ਵਾਲਾ ਅਸਥਾਨ ਬਣ ਗਿਆ। ਅਜਿਹੇ ਅਸਥਾਨ ਤੋਂ ਹਾਕਮ ਜਮਾਤਾਂ ਸਦਾ ਡਰਦੀਆਂ ਰਹਿੰਦੀਆਂ ਹਨ, ਇਸ ਵਾਸਤੇ ਇਨ੍ਹਾਂ ਨੂੰ ਆਪਣੇ ਅਧੀਨ ਰੱਖਣ ਜਾਂ ਇਨ੍ਹਾਂ ਦੀ ਮਹਾਨਤਾ ਘਟਾਉਣ ਤੇ ਯਤਨ ਕਰਦੀਆਂ ਰਹਿੰਦੀਆਂ ਹਨ।
(2)
1911 ਵਿਚ ਬਰਤਾਨਵੀ ਹਕੂਮਤ ਨੇ ਫੈਸਲਾ ਕੀਤਾ ਕਿ ਹਿੰਦ ਦੀ ਰਾਜਧਾਨੀ ਕਲਕੱਤੇ ਦੀ ਥਾਂ ਦਿੱਲੀ ਵਿਚ ਬਣਾਈ ਜਾਵੇ। ਨਵੀਂ ਦਿੱਲੀ ਵਿਚ ਸੈਕੇਟਰੀਏਟ ਤੇ ਅਸੈਂਬਲੀ ਹਾਲ ਦੇ ਨਾਲ ਹੀ ਜਿਥੇ ਵਾਇਸਰਾਏ ਵਾਸਤੇ ਕੋਠੀ ਬਣਾਉਣ ਦੀ ਥਾਂ ਤਜਵੀਜ਼ ਕੀਤੀ ਗਈ, ਉਥੇ ਬਿਲਕੁਲ ਥੋੜ੍ਹੀ ਵਿੱਥ ਉਤੇ ਗੁਰਦੁਆਰਾ ਰਕਾਬ ਗੰਜ ਸੀ। ਇਹ ਗੱਲ ਹਕੂਮਤ ਨੂੰ ਬੜੀ ਚੁਭਦੀ ਸੀ।
ਸਰਕਾਰ ਨੇ ਦਿੱਲੀ ਦੇ ਠੇਕੇਦਾਰਾਂ ਤੇ ਮਹੰਤ ਨੂੰ ਕਿਹਾ ਕਿ ਦੇਖੋ ਸੁੰਦਰ ਸਰਕਾਰੀ ਇਮਾਰਤਾਂ ਦੇ ਕੋਲ ਇਹ ਪੁਰਾਣੇ ਨਮੂਨੇ ਦੀ ਕੰਧ ਬੜੀ ਕੋਝੀ ਲੱਗਦੀ ਹੈ। ਅਸੀਂ ਆਪਣੇ ਖਰਚ ਉਤੇ ਇਹ ਕੰਧ ਗਿਰਾ ਕੇ ਸੁੰਦਰ ਨੂਮਨੇ ਦੀ ਕੰਧ ਬਣਾ ਦਿਆਂਗੇ ਤੇ ਅੰਦਰ ਬਾਗ ਲਵਾ ਦਿਆਂਗੇ। ਉਹ ਰਾਜ਼ੀ ਹੋ ਗਏ। ਉਨ੍ਹਾਂ ਦੇ ਲਾਭ ਅੰਗਰੇਜ਼ੀ ਸਰਕਾਰ ਨਾਲ ਜੁੜੇ ਹੋਏ ਸਨ। 1912 ਵਿਚ ਸਰਕਾਰ ਨੇ ਲੈਂਡ ਐਕਵੀਜ਼ੇਸ਼ਨ ਐਕਟ (ਜਮੀਨਾਂ ਪ੍ਰਾਪਤ ਕਰਨ ਦੇ ਕਾਨੂੰਨ) ਅਨੁਸਾਰ ਗੁਰਦੁਆਰੇ ਦੇ ਮਹੰਤ ਪਾਸੋਂ ਬਾਹਰਲੀ ਕੰਧ ਤੇ ਗੁਰਦੁਆਰੇ ਵਿਚਕਾਰਲੀ ਵਿਹੜੇ ਦੀ ਸਾਰੀ ਜਮੀਨ ਪ੍ਰਾਪਤ ਕਰ ਲਈ। ਇਉਂ ਸਮਝੋ ਕਿ ਗੁਰਦੁਆਰੇ ਨੂੰ ਇਕ ਤਰ੍ਹਾਂ ਸਰਕਾਰੀ ਘੇਰੇ ਵਿਚ ਲੈ ਲਿਆ। 1913 ਦੇ ਅਰੰਭ ਵਿਚ ਸਰਕਾਰ ਨੇ ਆਪਣੇ ਨਕਸ਼ੇ ਮੁਤਾਬਕ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹੁਣੀ ਸ਼ੁਰੂ ਕਰ ਦਿੱਤੀ। ਇਹ ਖਬਰ ਅਖਬਾਰਾਂ ਵਿਚ ਛਪ ਗਈ। ਮਾਨੋ ਬਾਰੂਦ ਵਿਚ ਚੰਗਿਆੜੀ ਡਿੱਗ ਪਈ। ਸਿੱਖ ਜਨਤਾ ਦੇ ਦਿਲ ਵਿਚ ਇਕ ਤਾਂ ਅੰਗਰੇਜ਼ਾਂ ਵਿਰੁਧ ਸਿੱਖ ਰਾਜ ਖੋਹਣ ਦੀ ਪੁਰਾਣੀ ਦੱਬੀ ਹੋਈ ਅੱਗ ਸੀ, ਦੂਜੇ ਖਾਲਸਾ ਕਾਲਜ ਤੇ ਗੁਰਦੁਆਰਿਆਂ ਦੇ ਪ੍ਰਬੰਧ ਉਪਰ ਸਰਕਾਰੀ ਕਬਜ਼ੇ ਦੀ ਤਾਜ਼ੀ ਨਾਰਾਜ਼ਗੀ ਸੀ।
ਸਰਦਾਰ ਹਰਚੰਦ ਸਿੰਘ ਲਾਇਲਪੁਰੀ ਦਿੱਲੀ ਗਏ। ਢੱਠੀ ਹੋਈ ਕੰਧ ਅੱਖੀਂ ਵੇਖੀ। ਇਕ ਉਰਦੂ ਪੈਂਫਲਟ ਵਿਚ ਸਾਰਾ ਹਾਲ ਲਿਖਿਆ ਕਿ ਸਰਕਾਰ ਨੇ ਇਹ ਕੰਧ ਤੇ ਗੁਰਦੁਆਰੇ ਦੀ ਕੁਝ ਜਮੀਨ ਮਹੰਤ ਤੋਂ ਲੈ ਲਈ ਹੈ। ਗੁਰਦੁਆਰੇ ਦੀ ਢੱਠੀ ਕੰਧ ਦਾ ਤੇ ਸਰਕਾਰੀ ਤਜਵੀਜ਼ ਦਾ ਨਕਸ਼ਾ ਵੀ ਦਰਜ ਕੀਤਾ ਅਤੇ ਸਿੱਖਾਂ ਨੂੰ ਵੰਗਾਰ ਕੇ ਆਖਿਆ, “ਇਹ ਸਾਡੇ ਧਰਮ ਵਿਚ ਨਾਜਾਇਜ਼ ਸਰਕਾਰੀ ਦਖਲਅੰਦਾਜ਼ੀ ਹੈ। ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਹ ਸਿੱਖ ਪੰਥ ਦਾ ਆਪਣਾ ਹੱਕ ਹੈ ਕਿ ਉਹ ਗੁਰਦੁਆਰੇ ਦਾ ਨਵਾਂ ਨਕਸ਼ਾ ਬਣਾਵੇ, ਉਸ ਵਿਚ ਅਦਲਾ-ਬਦਲੀ ਕਰੇ। ਹਕੂਮਤ ਜਾਂ ਕਿਸੇ ਹੋਰ ਦਾ ਕੋਈ ਹੱਕ ਨਹੀਂ। ਜੇ ਹਕੂਮਤ ਅੱਜ ਸਿੱਖ ਪੰਥ ਦੀ ਰਾਇ ਤੋਂ ਬਿਨਾ ਇਕ ਇਤਿਹਾਸਕ ਗੁਰਦੁਆਰੇ ਦੀ ਕੰਧ ਢਾਹ ਸਕਦੀ ਹੈ, ਜਮੀਨ ਕਬਜ਼ੇ ਵਿਚ ਲੈ ਸਕਦੀ ਹੈ ਤਾਂ ਕੱਲ੍ਹ ਨੂੰ ਗੁਰਦੁਆਰਾ ਵੀ ਢਾਹ ਦੇਵੇਗੀ। ਸੁਆਲ ਸਹੇ ਦਾ ਨਹੀਂ, ਪਹੇ ਦਾ ਹੈ।” ਇਸ ਲਈ ਮੰਗ ਕੀਤੀ ਕਿ ਸਰਕਾਰ ਕੰਧ ਨਾ ਢਾਹੇ ਬਲਕਿ ਢਾਹੀ ਹੋਈ ਕੰਧ ਉਸੇ ਤਰ੍ਹਾਂ ਉਸਾਰ ਦੇਵੇ।
ਇਸ ਪੈਂਫਲਟ ਦੇ ਨਿਕਲਣ ਮਗਰੋਂ ਸਿੱਖ ਅਖਬਾਰਾਂ ਵਿਚ ਅੰਦੋਲਨ ਛਿੜ ਪਿਆ। ਸਿੱਖ ਜਨਤਾ ਨੇ ਮਹਿਸੂਸ ਕੀਤਾ ਕਿ ਦਰਬਾਰ ਸਾਹਿਬ ਤੇ ਕੁਝ ਹੋਰ ਗੁਰਦੁਆਰਿਆਂ ਵਾਂਗ ਇਸ ਸ਼ਹੀਦੀ ਅਸਥਾਨ ਉਤੇ ਵੀ ਸਰਕਾਰ ਆਪਣਾ ਅਧਿਕਾਰ ਜਮਾਣਾ ਚਾਹੁੰਦੀ ਹੈ। ਮਹੰਤ ਨੂੰ ਉਸ ਨੇ ਕਾਬੂ ਕਰ ਹੀ ਲਿਆ ਹੈ। ਸਿੱਖ ਜਨਤਾ ਨੇ ਅਖਬਾਰਾਂ ਵਿਚ ਜਲਸਿਆਂ ‘ਚ ਆਪਣਾ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ, ਉਨ੍ਹੀਂ ਦਿਨੀਂ ਮੈਂ ਰਾਵਲਪਿੰਡੀ ਸਾਂ।
ਮੈਨੂੰ ਯਾਦ ਹੈ, ਇਕ ਗੁਰਦੁਆਰੇ ਵਿਚ ਮੈਂ, ਮਾਸਟਰ ਹਰਨਾਮ ਸਿੰਘ ਐਮ. ਏ. (ਹੁਣ ਰਿਟਾਇਰਡ ਸਬ ਜੱਜ), ਸ਼ ਬੁੱਧ ਸਿੰਘ ਬਜਾਜ, ਸੁਰਗਵਾਸੀ ਭਾਈ ਜਗਤ ਸਿੰਘ ਪਰਦੇਸੀ ਤੇ ਸ਼ ਜਵੰਦ ਸਿੰਘ ਅਤੇ ਕੁਝ ਹੋਰ ਸੱਜਣ ਗੁਰਦੁਆਰਾ ਰਕਾਬ ਗੰਜ ਦੀ ਕੰਧ ਸਬੰਧੀ ਹਕੂਮਤ ਵਿਰੁਧ ਰੋਸ ਪ੍ਰਗਟ ਕਰਨ ਲਈ ਦੀਵਾਨ ਕਰਨ ਵਾਸਤੇ ਇਕੱਠੇ ਹੋਏ ਸਾਂ। ਇਕ ਸਥਾਨਕ ਸਰਕਾਰ ਭਗਤ ਸਿੱਖ ਸਰਦਾਰ ਬੜੇ ਗੁੱਸੇ ਵਿਚ ਭੱਜਾ ਭੱਜਾ ਆਇਆ ਤੇ ਰੌਲਾ ਪਾ ਦਿੱਤਾ ਕਿ ਅਜਿਹਾ ਜਲਸਾ ਕਰਨਾ ਸਰਕਾਰ ਵਿਰੁਧ ਬਗਾਵਤ ਹੈ! ਇਹ ਸਰਕਾਰ ਦੇ ਬਾਗੀਆਂ ਦਾ ਕੰਮ ਹੈ। ਸਿੱਖ ਸਰਕਾਰ ਦੇ ਵਫਾਦਾਰ ਹਨ। ਉਹ ਇਸ ਤਰ੍ਹਾਂ ਨਹੀਂ ਕਰਦੇ ਹੁੰਦੇ।
ਅਸਾਂ ਉਸ ਦੀ ਗੱਲ ਦੀ ਪ੍ਰਵਾਹ ਨਾ ਕੀਤੀ। ਦੀਵਾਨ ਜਾਰੀ ਰਖਿਆ, ਉਹ ਗੁਰਦੁਆਰੇ ਦੇ ਮਹੰਤ ਨੂੰ ਵਰਗਲਾਉਣ ਲਈ ਬਾਹਰ ਲੈ ਗਿਆ। ਉਸ ਨੂੰ ਆਖ ਕੇ ਡਰਾਇਆ ਕਿ ਇਹ ਸ਼ਰਾਰਤੀ ਲੋਕ ਸਰਕਾਰ ਵਿਰੁਧ ਕਾਰਵਾਈ ਕਰਦੇ ਹਨ, ਇਨ੍ਹਾਂ ਨੂੰ ਰੋਕ ਦਿਉ। ਇਥੋਂ ਉਠਾ ਦਿਉ।
ਅਸਾਂ ਮਹੰਤ ਦੇ ਆਉਣ ਤੋਂ ਪਹਿਲਾਂ ਤੁਰਤ ਸੰਖੇਪ ਜਿਹਾ ਦੀਵਾਨ ਕਰਕੇ ਸਰਕਾਰ ਵਿਰੁਧ ਰੋਸ ਦਾ ਮਤਾ ਪਾਸ ਕਰ ਲਿਆ ਅਤੇ ਅਖਬਾਰਾਂ ਤੇ ਸਰਕਾਰ ਨੂੰ ਭੇਜ ਦਿੱਤਾ।
ਗੁਰਦੁਆਰਾ ਰਕਾਬ ਗੰਜ ਦੀ ਕੰਧ ਦਾ ਇਹ ਸੁਆਲ ਸਿੱਖ ਜਨਤਾ ਅਤੇ ਸਰਕਾਰ ਤੇ ਸਰਕਾਰ ਭਗਤ ਸਿੱਖ ਆਗੂਆਂ ਵਿਚਾਲੇ ਵਿਰੋਧਤਾ ਦਾ ਸੁਆਲ ਬਣਦਾ ਗਿਆ। ਕਾਰਨ ਇਹ ਸੀ ਕਿ ਜਿਥੇ ਵੀ ਕੋਈ ਜਲਸਾ ਇਸ ਸਬੰਧੀ ਹੁੰਦਾ, ਉਥੇ ਹੀ ਚੀਫ ਖਾਲਸਾ ਦੀਵਾਨ ਦੇ ਆਗੂ ਤੇ ਹੋਰ ਸਰਕਾਰ ਪੱਖੀ ਲੋਕ ਵਿਰੋਧ ਕਰਦੇ। ਉਹ ਕਹਿੰਦੇ, ਇਸ ਤਰ੍ਹਾਂ ਅੰਦੋਲਨ ਕਰਕੇ ਸਰਕਾਰ ਨੂੰ ਨਾਰਾਜ਼ ਨਾ ਕਰੋ, ਅਸੀਂ ਮਿਲ ਕੇ ਗੱਲਬਾਤ ਨਾਲ ਕੋਈ ਸਮਝੌਤੇ ਦਾ ਰਾਹ ਕੱਢ ਲਵਾਂਗੇ, ਸਿੱਖ ਲੀਡਰਾਂ ਉਤੇ ਭਰੋਸਾ ਕਰੋ। ਪਰ ਆਮ ਸਿੱਖਾਂ ਵਿਚ ਵਿਰੋਧ ਤੇ ਅੰਦੋਲਨ ਦੀ ਅੱਗ ਤੇਜ਼ ਹੁੰਦੀ ਗਈ।
ਮਾਰਚ 1914 ਵਿਚ ਸਿੱਖ ਵਿਦਿਅਕ ਕਾਨਫਰੰਸ ਦਾ ਸਮਾਗਮ ਜਲੰਧਰ ਵਿਚ ਹੋਇਆ। ਇਨ੍ਹੀਂ ਦਿਨੀਂ ਸਿੱਖ ਵਿਦਿਅਕ ਕਾਨਫਰੰਸ ਦਾ ਸਮਾਗਮ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਸੀ। ਇਸ ਵਿਚ ਹਜ਼ਾਰਾਂ ਸਿੱਖ ਸ਼ਾਮਲ ਹੁੰਦੇ ਸਨ। ਧਾਰਮਕ ਸਮਾਗਮ ਦਾ ਪੰਡਾਲ ਕਾਨਫਰੰਸ ਤੋਂ ਵੱਖਰਾ ਬਣਾਇਆ ਜਾਂਦਾ ਸੀ ਪਰ ਕੋਈ ਰਾਜਸੀ ਜਲਸਾ ਕਾਨਫਰੰਸ ਦੇ ਨੇੜੇ-ਤੇੜੇ ਨਹੀਂ ਸੀ ਹੋ ਸਕਦਾ। ਰਾਜਸੀ ਜਲਸਾ ਤਾਂ ਕਿਤੇ ਰਿਹਾ, ਹਕੂਮਤ ਦੀ ਕਿਸੇ ਕਾਰਵਾਈ ਵਿਰੁਧ ਆਵਾਜ਼ ਉਠਾਉਣ ਦੀ ਵੀ ਆਗਿਆ ਨਹੀਂ ਸੀ ਹੁੰਦੀ। ਕਾਨਫਰੰਸ ਵਿਚ ਅੰਗਰੇਜ਼ੀ ਸਰਕਾਰ ਦਾ ਧੰਨਵਾਦ ਕਰਨਾ ਤੇ ਉਸ ਦੇ ਰਾਜ ਨੂੰ ਜੁਗੋ ਜੁਗ ਅਟਲ ਰੱਖਣ ਲਈ ਅਰਦਾਸ ਕਰਨੀ ਜ਼ਰੂਰੀ ਸਮਝੀ ਜਾਂਦੀ ਸੀ।
ਇਸ ਕਾਨਫਰੰਸ ਦੇ ਪੰਡਾਲ ਵਿਚ ਸ਼ ਹਰਚੰਦ ਸਿੰਘ ਨੇ ਖੜ੍ਹੇ ਹੋ ਕੇ ਬੜੇ ਜੋਸ਼ ਨਾਲ ਗੁਰਦੁਆਰਾ ਰਕਾਬ ਗੰਜ ਦਾ ਸੁਆਲ ਛੇੜਿਆ ਤੇ ਮਤਾ ਪੇਸ਼ ਕਰਨ ਦੀ ਆਗਿਆ ਮੰਗੀ। ਪ੍ਰਧਾਨ ਵਲੋਂ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਗਿਆ। ਸਰਦਾਰ ਜੀ ਨੇ ਫੇਰ ਕਿਹਾ ਕਿ ਇਹ ਜ਼ਰੂਰੀ ਪੰਥਕ ਸੁਆਲ ਹੈ, ਸਾਰੀ ਸਿੱਖ ਜਨਤਾ ਦੇ ਦਿਲ ਤੜਫ ਰਹੇ ਹਨ ਅਤੇ ਇਸ ਪੰਥਕ ਇਕੱਠ ਵਿਚ ਇਸ ਸੁਆਲ ਨੂੰ ਪੇਸ਼ ਕਰਕੇ ਇਸ ਬਾਰੇ ਪੰਥ ਦਾ ਫੈਸਲਾ ਲੈਣਾ ਚਾਹੀਦਾ ਹੈ। ਪਰ ਉਨ੍ਹਾਂ ਦੀ ਕਿਸੇ ਨਾ ਸੁਣੀ। ਜ਼ਬਰਦਸਤੀ ਬੋਲਣ ਤੋਂ ਰੋਕ ਕੇ ਬਿਠਾਉਣ ਦਾ ਜਤਨ ਕੀਤਾ ਗਿਆ। ਸ਼ ਹਰਚੰਦ ਸਿੰਘ ਇਕ ਦਲੇਰ ਨੌਜਵਾਨ ਸਿੱਖ ਸਰਦਾਰ ਸੀ। ਲਾਇਲਪੁਰ ਵਿਚ ਇਸ ਦੇ ਮੁਰੱਬੇ ਸਨ। 1920 ਹੱਕ ਬਾਰ ਦੇ ਅੰਦੋਲਨ ਦਾ ਇਸ ਉਪਰ ਅਸਰ ਸੀ। ਉਹ ਰੋਸ ਵਜੋਂ ਉਠ ਕੇ ਸਣੇ ਆਪਣੇ ਬਹੁਤ ਸਾਰੇ ਸਾਥੀਆਂ ਦੇ ਬਾਹਰ ਆ ਗਏ। ਉਨ੍ਹਾਂ ਨੇ ਬਾਹਰ ਆ ਕੇ ਕਿਸੇ ਹੋਰ ਜਗ੍ਹਾ ਖੁੱਲ੍ਹਾ ਸਮਾਗਮ ਲਾ ਦਿੱਤਾ, ਜਿਥੇ ਹਜ਼ਾਰਾਂ ਦਰਸ਼ਕ ਇਕੱਠੇ ਹੋ ਗਏ। ਜੋਸ਼ ਭਰੇ ਲੈਕਚਰਾਂ ਮਗਰੋਂ ਸਰਕਾਰ ਤੇ ਚੀਫ ਖਾਲਸਾ ਦੀਵਾਨ ਵਿਰੁਧ ਰੋਸ ਦੇ ਮਤੇ ਪਾਸ ਕਰਕੇ ਪੰਥਕ ਇਕੱਠ ਕਰਨ ਦੀ ਮੰਗ ਕੀਤੀ ਗਈ। ਇਸ ਤਰ੍ਹਾਂ ਇਸ ਸੁਆਲ ਉਤੇ ਸਿੱਖਾਂ ਵਿਚ ਮਤਭੇਦ ਵਧਦਾ ਗਿਆ, ਜਿਸ ਤੋਂ ਪ੍ਰਗਟ ਹੁੰਦਾ ਸੀ ਕਿ ਸਿੱਖ ਜਨਤਾ ਹੁਣ ਅੰਧਾ ਧੁੰਦ ਉਸ ਸਮੇਂ ਦੇ ‘ਕੁਦਰਤੀ ਆਗੂਆਂ’ ਮਗਰ ਨਹੀਂ ਲੱਗਣਾ ਚਾਹੁੰਦੀ। ਜਿਥੋਂ ਤਕ ਮੈਨੂੰ ਯਾਦ ਹੈ, ਸ਼ ਹਰਚੰਦ ਸਿੰਘ ਮੁੜ ਸਿੱਖ ਵਿਦਿਅਕ ਕਾਨਫਰੰਸ ਵਿਚ ਸ਼ਾਮਲ ਨਾ ਹੋਏ।
ਹਕੂਮਤ ਲਈ ਹੁਣ ਜ਼ਰੂਰੀ ਬਣ ਗਿਆ ਕਿ ਉਹ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਕੇ ਆਪਣੇ ਨਕਸ਼ੇ ਮੁਤਾਬਕ ਬਣਾਉਣ ਲਈ ਸਿੱਖ ਪ੍ਰਤੀਨਿਧਾਂ ਦੀ ਪ੍ਰਵਾਨਗੀ ਪ੍ਰਾਪਤ ਕਰੇ। ਉਸ ਨੇ ਚੀਫ ਖਾਲਸਾ ਦੀਵਾਨ ਨੂੰ ਲਿਖਿਆ। ਚੀਫ ਖਾਲਸਾ ਦੀਵਾਨ ਲਈ ਵੀ ਔਖਾ ਹੋ ਗਿਆ ਕਿ ਉਹ ਕੋਈ ਪ੍ਰਤੀਨਿਧ ਇਕੱਠ ਕਰਕੇ ਆਪ ਸਿੱਖਾਂ ਦੀ ਪ੍ਰਵਾਨਗੀ ਪ੍ਰਾਪਤ ਕੀਤੇ ਬਿਨਾ ਆਪਣੇ ਵਲੋਂ ਹੀ ਪ੍ਰਵਾਨਗੀ ਭੇਜ ਦੇਵੇ। ਸਿੱਖ ਜਨਤਾ ਦੀ ਆਵਾਜ਼ ਦਾ ਪ੍ਰਤੱਖ ਅਸਰ ਦਿਸ ਰਿਹਾ ਸੀ।
ਚੀਫ ਖਾਲਸਾ ਦੀਵਾਨ ਨੇ 3 ਮਈ 1914 ਨੂੰ ਟਾਊਨ ਹਾਲ ਅੰਮ੍ਰਿਤਸਰ ਵਿਚ ਇਕ ਪੰਥਕ ਇਕੱਠ ਬੁਲਾਉਣ ਦਾ ਐਲਾਨ ਕੀਤਾ। ਸਭਾਵਾਂ ਤੇ ਜਥਿਆਂ ਦੇ ਪ੍ਰਤੀਨਿਧ ਸੱਦੇ ਗਏ। ਸਿੱਖ ਸਕੂਲਾਂ ਤੇ ਆਸ਼ਰਮਾਂ ਦੇ ਪ੍ਰਬੰਧਕ ਬੁਲਾਏ ਗਏ। ਫੌਜੀ, ਗੁਰਦੁਆਰਿਆਂ ਦੇ ਗ੍ਰੰਥੀ ਤੇ ਬਹੁਤ ਸਾਰੇ ਹੋਰ ਪ੍ਰਤਿਸ਼ਟਤ ਸਰਦਾਰ ਵੀ ਬੁਲਾਏ ਗਏ। ਇਹ ਪੰਥ ਦੀ ਸਹੀ ਪ੍ਰਤੀਨਿਧਤਾ ਦਾ ਢੰਗ ਮਾਲੂਮ ਨਹੀਂ ਸੀ ਹੁੰਦਾ। ਬਹੁਤ ਸਾਰੇ ਆਦਮੀ ਮਨ ਮਰਜ਼ੀ ਨਾਲ ਵਿਅਕਤੀਗਤ ਹੀ ਬੁਲਾ ਲਏ ਗਏ ਸਨ, ਪਰ ਉਸ ਸਮੇਂ ਹੋਰ ਕੁਝ ਹੋ ਵੀ ਨਹੀਂ ਸੀ ਸਕਦਾ। 3 ਮਈ ਨੂੰ ਸਾਰਾ ਹਾਲ ਨੱਕੋ ਨੱਕ ਭਰ ਗਿਆ। ਬਾਹਰ ਵੀ ਭੀੜ ਭੜੱਕਾ ਲੱਗ ਗਿਆ। ਸਮਾਗਮ ਵਿਚ ਬੜੇ ਇਤਰਾਜ਼ ਹੋਣ ਲੱਗ ਪਏ ਕਿ ਅੰਦਰ ਬਹੁਤ ਸਾਰੇ ਨਾਜਾਇਜ਼ ਆਦਮੀ ਦਾਖਲ ਹੋ ਗਏ ਹਨ। ਚੀਫ ਖਾਲਸਾ ਦੀਵਾਨ ਨੇ ਇਕ ਸਮਝੌਤੂ ਤੇ ਨਰਮ ਜਿਹਾ ਮਤਾ ਪੇਸ਼ ਕੀਤਾ, ਜਿਸ ਵਿਚ ਨਕਸ਼ੇ ਮੁਤਾਬਕ ਵਾਧੇ ਘਾਟੇ ਨਾਲ ਕੰਧ ਬਣਾਉਣ ਦੀ ਮੰਗ ਕੀਤੀ, ਜਿਸ ਦੀ ਵਿਰੋਧਤਾ ਤੇ ਹਮਾਇਤ ਵੀ ਹੋਈ। ਰੌਲੇ ਰੱਪੇ ਵਿਚ ਸਮਾਗਮ ਖਤਮ ਹੋ ਗਿਆ। ਚੀਫ ਖਾਲਸਾ ਦੀਵਾਨ ਦੇ ਮੁਖੀਆਂ ਦਾ ਕਹਿਣਾ ਸੀ ਕਿ ਮਤਾ ਪਾਸ ਹੋ ਗਿਆ।
ਸ਼ ਹਰਚੰਦ ਸਿੰਘ ਦੇ ਧੜੇ ਦੇ ਪ੍ਰਤੀਨਿਧਾਂ ਦਾ ਕਹਿਣਾ ਸੀ ਕਿ ਮਤਾ ਪਾਸ ਨਹੀਂ ਹੋਇਆ। ਉਹ ਮੰਗ ਕਰਦੇ ਸਨ ਕਿ ਕੰਧ ਪਹਿਲੇ ਵਰਗੀ ਉਸਾਰ ਦਿੱਤੀ ਜਾਵੇ। ਝਗੜਾ ਖਤਮ ਨਾ ਹੋਇਆ। ਇਸ ਸਮਾਗਮ ਦੇ ਮਗਰੋਂ ਅਖਬਾਰਾਂ ਵਿਚ ਤੇ ਜਲਸਿਆਂ ਵਿਚ ਇਹ ਝਗੜਾ ਹੋਰ ਤੇਜ਼ ਹੋ ਗਿਆ। ਸ਼ ਹਰਚੰਦ ਸਿੰਘ ਨੇ ਆਪਣੇ ਹੱਕ ਵਿਚ ਪ੍ਰਚਾਰ ਲਈ ਉਰਦੂ ਵਿਚ ਹਫਤੇਵਾਰ ‘ਖਾਲਸਾ ਅਖਬਾਰ’ ਵੀ ਜਾਰੀ ਕਰ ਦਿੱਤਾ। ਮੈਨੂੰ ਯਾਦ ਹੈ, ਇਸ ਦੇ ਪਹਿਲੇ ਐਡੀਟਰ ਸ਼ ਲਾਲ ਸਿੰਘ ਕਮਲਾ ਅਕਾਲੀ ਬਣੇ। ਇਹ ਇਕ ਗਰਮ ਖਿਆਲੀਆ ਅਖਬਾਰ ਸਮਝਿਆ ਜਾਣ ਲੱਗਾ। ਇਸ ਸੁਆਲ ਨੇ ਆਮ ਸਿੱਖਾਂ ਵਿਚ ਹਕੂਮਤ ਤੇ ਚੀਫ ਖਾਲਸਾ ਦੀਵਾਨ ਵਿਰੁਧ ਬੜੀ ਨਾਰਾਜ਼ਗੀ ਵਧਾ ਦਿੱਤੀ ਪਰ ਸਰਕਾਰ ਨੇ ਚੀਫ ਖਾਲਸਾ ਦੀਵਾਨ ਵਾਲਾ ਨਰਮ ਤੇ ਸਮਝੌਤੂ ਮਤਾ ਵੀ ਪ੍ਰਵਾਨ ਨਾ ਕੀਤਾ।
ਕਈ ਥਾਂਈਂ ਬੜੇ ਜੋਸ਼ ਭਰੇ ਜਲਸੇ ਹੋਏ। 31 ਮਈ ਨੂੰ ਲਾਹੌਰ ਵਿਚ ਹੋਇਆ ਜਲਸਾ ਖਾਸ ਤੌਰ ‘ਤੇ ਬੜੀ ਮਹਾਨਤਾ ਰੱਖਦਾ ਹੈ। ਇਸ ਵਿਚ ਸੰਤ ਭਾਈ ਰਣਧੀਰ ਸਿੰਘ ਅਤੇ ਉਨ੍ਹਾਂ ਦਾ ਜਥਾ, ਨਾਮਧਾਰੀ ਆਗੂ ਮੰਗਲ ਸਿੰਘ, ਮਾਸਟਰ ਮੋਤਾ ਸਿੰਘ, ਸ਼ ਹਰਚੰਦ ਸਿੰਘ ਅਤੇ ਹੋਰ ਕਈ ਉਸ ਵੇਲੇ ਦੇ ਪ੍ਰਸਿਧ ਆਗੂ ਸ਼ਾਮਲ ਹੋਏ। ਮੈਂ ਕੁਝ ਹੋਰ ਸੱਜਣਾਂ ਨਾਲ ਉਚੇਚਾ ਰਾਵਲਪਿੰਡੀ ਤੋਂ ਇਸ ਜਲਸੇ ਵਿਚ ਸ਼ਾਮਲ ਹੋਣ ਲਈ ਗਿਆ। ਇਹ ਜਲਸਾ ਸ਼ਹਿਰ ਵਿਚ ਲੰਙੇ ਮੰਡੀ ਵਿਚ ਵਾਟਰ ਵਰਕਸ ਕੋਲ ਖਾਲੀ ਥਾਂ ਵਿਚ ਹੋਇਆ ਸੀ। ਇਸ ਮਗਰੋਂ ਪੱਟੀ, ਰੋਪੜ, ਗੋਜਰਾ ਆਦਿ ਕਈ ਥਾਂਈਂ ਸਰਕਾਰ ਤੇ ਚੀਫ ਖਾਲਸਾ ਦੀਵਾਨ ਦੇ ਰਵੱਈਏ ਵਿਰੁਧ ਬੜੇ ਜੋਸ਼ ਭਰੇ ਜਲਸੇ ਹੋਏ। ਇਸ ਤਰ੍ਹਾਂ ਥਾਂ-ਥਾਂ ਜਲਸਿਆਂ ਦੀ ਭਰਮਾਰ ਲੱਗ ਗਈ। ਇਹ ਅੰਦੋਲਨ 1907 ਦੇ ਅੰਦੋਲਨ ਨਾਲੋਂ ਵੀ ਤੇਜ਼ ਹੋ ਰਿਹਾ ਸੀ। ਪਰਦੇਸਾਂ ਵਲੋਂ ਵੀ ਰੋਸ ਦੇ ਮਤੇ ਤੇ ਤਾਰਾਂ ਆਉਣ ਲੱਗੀਆਂ। ਖਾਲਸਾ ਦੀਵਾਨ ਹਾਂਗ ਕਾਂਗ ਨੇ ਵਾਇਸਰਾਏ ਨੂੰ ਤਾਰ ਭੇਜੀ ਕਿ “ਸਰਕਾਰ ਗੁਰਦੁਆਰਾ ਰਕਾਬ ਗੰਜ ਦੀ ਕੰਧ ਤੁਰਤ ਉਸਾਰ ਦੇਵੇ, ਨਹੀਂ ਤਾਂ ਸਿੰਘ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਮਜਬੂਰ ਹੋਣਗੇ।”
ਇਹ ਵੇਖ ਕੇ ਸਰਕਾਰ ਘਬਰਾ ਉਠੀ। ਦੂਜੇ ਪਾਸੇ 4 ਅਗਸਤ 1914 ਨੂੰ ਪਹਿਲਾ ਸੰਸਾਰ ਯੁੱਧ ਅਰੰਭ ਹੋ ਗਿਆ। ਲਾਇਲਪੁਰ ਦੇ ਡੀ. ਸੀ. ਨੇ ਸ਼ ਹਰੰਚਦ ਸਿੰਘ ਨੂੰ ਬੁਲਾ ਕੇ ਆਖਿਆ, “ਹੁਣ ਜੰਗ ਸ਼ੁਰੂ ਹੋ ਗਿਆ ਹੈ, ਹਕੂਮਤ ਨੂੰ ਤੁਹਾਡੀ ਮਦਦ ਦੀ ਲੋੜ ਪੈ ਗਈ ਹੈ। ਤੁਸੀਂ ਰਕਾਬ ਗੰਜ ਦਾ ਅੰਦੋਲਨ ਹੁਣ ਬੰਦ ਕਰ ਦਿਉ, ਸਰਕਾਰ ਨੇ ਕੰਧ ਢਾਹੁਣੀ ਬੰਦ ਕਰ ਦਿੱਤੀ ਹੈ। ਇਸ ਨੂੰ ਮੁੜ ਕੇ ਕਿਵੇਂ ਚੜ੍ਹਾਉਣਾ ਹੈ? ਇਹ ਗੱਲ ਦਾ ਜੰਗ ਦੇ ਖਾਤਮੇ ਮਗਰੋਂ ਸਿੱਖ ਪ੍ਰਤੀਨਿਧਾਂ ਦੀ ਸਲਾਹ ਨਾਲ ਫੈਸਲਾ ਕਰ ਲਿਆ ਜਾਏਗਾ। ਸਿੱਖਾਂ ਦੀ ਪ੍ਰਵਾਨਗੀ ਬਿਨਾ ਸਰਕਾਰ ਕੁਝ ਨਹੀਂ ਕਰੇਗੀ।”
ਸ਼ ਹਰਚੰਦ ਸਿੰਘ ਮੰਨ ਗਏ। ਉਨ੍ਹਾਂ ਆਪਣੇ ਸਭ ਸਾਥੀਆਂ ਨੂੰ ਇਹ ਅੰਦੋਲਨ ਬੰਦ ਕਰ ਦੇਣ ਦੀ ਸਲਾਹ ਦਿੱਤੀ ਅਤੇ ਅੱਗੋਂ ਗੁਰਦੁਆਰਾ ਰਕਾਬ ਗੰਜ ਬਾਰੇ ਜਲਸਿਆਂ ਤੇ ਅਖਬਾਰਾਂ ਰਾਹੀਂ ਅੰਦੋਲਨ ਬੰਦ ਕਰ ਦਿੱਤਾ। ਆਮ ਸਿੱਖਾਂ ਦੀ ਇਸ ਗੱਲ ਨਾਲ ਤਸੱਲੀ ਤਾਂ ਨਾ ਹੋਈ ਪਰ ਅੰਦੋਲਨ ਹੁਣ ਬੰਦ ਗਿਆ ਸੀ।
(3)
ਹੁਣ ਜਦ ‘ਅਕਾਲੀ’ ਅਖਬਾਰ ਦੇ ਪਹਿਲੇ ਪਰਚੇ ਵਿਚ ਹੀ ਸਿੱਖਾਂ ਦੀਆਂ ਜ਼ਰੂਰੀ ਪੰਜ ਮੰਗਾਂ ਵਿਚੋਂ ਇਕ ਮੰਗ ਗੁਰਦੁਆਰਾ ਰਕਾਬ ਗੰਜ ਦੀ ਕੰਧ ਚੜ੍ਹਾਉਣ ਦੀ ਰੱਖੀ ਗਈ ਤਾਂ ਸਿੱਖ ਜਨਤਾ ਦੇ ਦਿਲਾਂ ਵਿਚ 1914 ਤੋਂ ਸਤ ਵਰ੍ਹੇ ਦੀ ਹਕੂਮਤ ਵਿਰੁਧ ਦੱਬੀ ਹੋਈ ਨਾਰਾਜ਼ਗੀ ਦੀ ਅੱਗ ਫਿਰ ਮਘ ਪਈ। ਬੁਨਿਆਦੀ ਪ੍ਰਸ਼ਨ ਇਹ ਸੀ ਕਿ ਇਤਿਹਾਸਕ ਗੁਰਦੁਆਰੇ ਤੇ ਇਸ ਦੀ ਜਮੀਨ ਉਤੇ ਹੱਕ ਕਿਸ ਦਾ ਹੈ? ਇਸ ਵਿਚ ਅਦਲਾ-ਬਦਲੀ ਕਰਨ ਤੇ ਪ੍ਰਬੰਧ ਕਰਨ ਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਦਾ ਕੀ ਹੱਕ ਹੈ ਕਿ ਗੁਰਦੁਆਰੇ ਦੀ ਕੰਧ ਤੇ ਜਮੀਨ ਉਤੇ ਕਬਜ਼ਾ ਕਰਕੇ ਇਸ ਵਿਚ ਮਨ ਮਰਜ਼ੀ ਦੀ ਤਬਦੀਲੀ ਕਰੇ? ਸਿੱਖ ਜਨਤਾ ਦੀ ਖਾਹਸ਼ ਸੀ ਕਿ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਕਿਸੇ ਪ੍ਰਤੀਨਿਧ ਜਥੇ ਦੇ ਹੱਥ ਵਿਚ ਹੋਣਾ ਚਾਹੀਦਾ ਹੈ ਤੇ ਉਸ ਗੁਰਦੁਆਰੇ ਦੀ ਸ਼ੋਭਾ ਵਧਾਉਣ ਦੇ ਆਸ਼ੇ ਨਾਲ ਇਸ ਵਿਚ ਕੋਈ ਅਦਲਾ-ਬਦਲੀ ਕਰਨੀ ਚਾਹੀਦੀ ਹੈ।
ਯੁੱਧ ਖਤਮ ਹੋਏ ਨੂੰ ਦੋ ਢਾਈ ਵਰ੍ਹੇ ਹੋ ਗਏ ਸਨ। ਸਰਕਾਰ ਨੇ 1914 ਵਿਚ ਕੀਤੇ ਇਕਰਾਰ ਮੂਜਬ ਅਜੇ ਕੰਧ ਨੂੰ ਮੁੜ ਉਸਾਰਨ ਦਾ ਸੁਆਲ ਨਹੀਂ ਸੀ ਛੇੜਿਆ।
ਸ਼ ਸਰਦੂਲ ਸਿੰਘ ਕਵੀਸ਼ਰ ਨੇ 1920 ਜੂਨ ਜਾਂ ਜੁਲਾਈ ਦੇ ਮਹੀਨੇ ਦੇ ‘ਅਕਾਲੀ’ ਦੇ ਕਿਸੇ ਪਰਚੇ ਵਿਚ ਇਕ ਚਿੱਠੀ ਛਪਵਾਈ, ਜਿਸ ਦਾ ਮਜ਼ਮੂਨ ਇਸ ਕਿਸਮ ਦਾ ਸੀ:
“ਅਗਸਤ 1914 ਵਿਚ ਜਰਮਨੀ ਨਾਲ ਯੁੱਧ ਸ਼ੁਰੂ ਹੋ ਜਾਣ ਕਰਕੇ ਅੰਗਰੇਜ਼ੀ ਸਰਕਾਰ ਨੇ ਇਹ ਇਕਰਾਰ ਕਰਕੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਸਬੰਧੀ ਅੰਦੋਲਨ ਮੁਲਤਵੀ ਕਰਵਾ ਦਿੱਤਾ ਸੀ ਕਿ ਹੁਣ ਸਾਡੇ ਸਿਰ ਉਤੇ ਬੜੀ ਮੁਸੀਬਤ ਆ ਪਈ ਹੈ, ਯੁੱਧ ਦੇ ਖਾਤਮੇ ਉਤੇ ਸਿੱਖ ਪ੍ਰਤੀਨਿਧਾਂ ਨਾਲ ਸਲਾਹ-ਮਸ਼ਵਰਾ ਕਰਕੇ ਕੰਧ ਚੜ੍ਹਾ ਦਿੱਤੀ ਜਾਏਗੀ ਪਰ ਸਰਕਾਰ ਨੇ ਇਹ ਇਕਰਾਰ ਪੂਰਾ ਨਾ ਕੀਤਾ। ਮੌਜੂਦਾ ਨੌਕਰਸ਼ਾਹੀ ਸਰਕਾਰ ਉਤੇ ਸਾਨੂੰ ਕੋਈ ਇਤਬਾਰ ਵੀ ਨਹੀਂ। ਇਹ ਆਪਣੇ ਕੀਤੇ ਕਈ ਇਕਰਾਰਾਂ ਤੋਂ ਫਿਰ ਜਾਂਦੀ ਹੈ। ਹੁਣ ਇਹ ਕਾਰਜ ਅਸਾਂ ਆਪ ਹੀ ਕਰਨਾ ਹੈ। ‘ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ॥’ ਲੋੜ ਪੈਣ ਉਤੇ ਸਾਨੂੰ ਸੀਸ ਭੇਟ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਵੀ ਹੋ ਸਕੇ, ਇਹ ਕਾਰਜ ਹੁਣ ਅਸਾਂ ਨੇ ਹੀ ਕੁਰਬਾਨੀਆਂ ਕਰਕੇ ਸਿਰੇ ਚੜ੍ਹਾਉਣਾ ਹੈ।
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿਤਰ ਗੁਰਦੁਆਰੇ ਦੀ ਸਰਕਾਰੀ ਜਬਰ ਨਾਲ ਢਾਹੀ ਗਈ ਕੰਧ ਨੂੰ ਮੁੜ ਚੜ੍ਹਾਉਣ ਲਈ ਸਾਨੂੰ ਸੀਸ ਭੇਟ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਕ ਸੌ ਅਜਿਹੇ ਸੂਰਬੀਰ ਸਿੱਖਾਂ ਦੀ ਲੋੜ ਹੈ, ਜੋ ਇਸ ਪਵਿਤਰ ਕੰਮ ਲਈ ਸੀਸ ਭੇਟ ਕਰਨ ਲਈ ਤਿਆਰ ਹੋਣ। ਜੋ ਸੱਜਣ ਇਸ ਕੰਮ ਵਿਚ ਹਿੱਸਾ ਲੈਣਾ ਚਾਹੁੰਦੇ ਹੋਣ, ਉਹ ਗੁਰੂ ਦੇ ਹਜ਼ੂਰ ਸੀਸ ਭੇਟ ਕਰਨ ਦਾ ਪ੍ਰਣ ਕਰਕੇ ਆਪੋ ਆਪਣੇ ਨਾਂ ਸਾਨੂੰ ਭੇਜ ਦੇਣ। 100 ਨਾਂ ਪੂਰੇ ਹੋਣ ‘ਤੇ ਮੀਟਿੰਗ ਕਰਕੇ ਸਰਕਾਰ ਨੂੰ ਨੋਟਿਸ ਦਿੱਤਾ ਜਾਏਗਾ ਕਿ ਇੰਨੇ ਦਿਨਾਂ ਦੇ ਅੰਦਰ ਪਹਿਲਾਂ ਦੀ ਤਰ੍ਹਾਂ ਕੰਧ ਚੜ੍ਹਾ ਦਿੱਤੀ ਜਾਵੇ, ਨਹੀਂ ਤਾਂ ਇਹ ਸ਼ਹੀਦੀ ਜਥਾ ਦਿੱਲੀ ਪਹੁੰਚ ਕੇ ਆਪ ਕੰਧ ਦੀ ਉਸਾਰੀ ਸ਼ੁਰੂ ਕਰ ਦਏਗਾ ਅਤੇ ਜੇ ਹਕੂਮਤ ਰੋਕੇਗੀ ਤਾਂ ਛਾਤੀਆਂ ਤਾਣ ਕੇ ਗੋਲੀਆਂ ਖਾਣ ਲਈ ਤਿਆਰ ਰਹੇਗਾ, ਪਰ ਪਿੱਛੇ ਨਹੀਂ ਮੁੜੇਗਾ।”
ਇਸ ਚਿੱਠੀ ਦੇ ਆਧਾਰ ਉਤੇ ‘ਅਕਾਲੀ’ ਪਰਚੇ ਵਿਚ ਲੇਖ ਅਤੇ ਕਵਿਤਾਵਾਂ ਛਪਣੀਆਂ ਸ਼ੁਰੂ ਹੋ ਗਈਆਂ। ਪਹਿਲੇ ਕਵੀਸ਼ਰ ਜੀ ਨੇ ਤੇ ਅਸਾਂ ‘ਅਕਾਲੀ’ ਦੇ ਸਟਾਫ ਵਾਲਿਆਂ ਨੇ ਨਾਂ ਲਿਖਾਏ, ਫਿਰ ਸਿੱਖ ਜਨਤਾ ਵਲੋਂ ਸ਼ਹੀਦੀ ਜਥੇ ਵਾਸਤੇ ਦਬਾ ਦਬ ਨਾਂ ਆਉਣੇ ਸ਼ੁਰੂ ਹੋ ਗਏ। ਕਈਆਂ ਨੇ ਆਪਣੇ ਲਹੂ ਨਾਲ ਸੀਸ ਭੇਟ ਕਰਨ ਲਈ ਚਿੱਠੀਆਂ ਭੇਜੀਆਂ। ਗੁਰਦੁਆਰਾ ਰਕਾਬ ਗੰਜ ਦੀ ਕੰਧ ਚੜ੍ਹਾਉਣ ਦਾ ਸੁਆਲ ਸਭ ਤੋਂ ਮੂਹਰੇ ਆ ਗਿਆ ਤੇ ਇਸ ਦੇ ਸਿਰੇ ਚੜ੍ਹਾਉਣ ਦਾ ਇਕ ਪ੍ਰੋਗਰਾਮ ਵੀ ਬਣਾ ਲਿਆ। ਮੇਰਾ ਖਿਆਲ ਹੈ ਕਿ ਮਹੀਨੇ ਦੇ ਅੰਦਰ ਅੰਦਰ ਇਕ ਸੌ ਦੀ ਥਾਂ ਇਕ ਹਜ਼ਾਰ ਤੋਂ ਉਪਰ ਨਾਂ ਆ ਗਏ। ਅਸਾਂ ਨੇ ਹੋਰ ਨਾਂ ਲਿਖਣੇ ਬੰਦ ਕਰ ਦਿੱਤੇ। ਕੁਰਬਾਨੀ ਲਈ ਇਹ ਠਾਠਾਂ ਮਾਰਦਾ ਜੋਸ਼ ਵੇਖ ਕੇ ਸਾਨੂੰ ਨਿਸ਼ਚਾ ਹੋ ਗਿਆ ਕਿ ਸਿੱਖ ਜਨਤਾ ਹੁਣ ਜਾਗ ਪਈ ਹੈ ਅਤੇ ਇਹ ਮੋਰਚਾ ਅਸੀਂ ਜ਼ਰੂਰ ਜਿੱਤ ਲਵਾਂਗੇ ਕਿਉਂਕਿ ਗੁਰਦੁਆਰੇ ਦੀ ਕੰਧ ਚੜ੍ਹਾਉਣ ਤੋਂ ਸਰਕਾਰ ਸਾਨੂੰ ਕਿਵੇਂ ਰੋਕ ਸਕੇਗੀ?
ਅਸਾਂ ਐਲਾਨ ਕੀਤਾ ਕਿ ਅਕਤੂਬਰ ਵਿਚ ਦੂਜੀ ਸਿੱਖ ਲੀਗ ਦੇ ਸਾਲਾਨਾ ਸਮਾਗਮ ਸਮੇਂ ਇਸ ਸ਼ਹੀਦੀ ਜਥੇ ਦੀ ਮੀਟਿੰਗ ਹੋਵੇਗੀ ਅਤੇ ਹਕੂਮਤ ਨੂੰ ਕੰਧ ਚੜ੍ਹਾਉਣ ਲਈ ਕੁਝ ਦਿਨਾਂ ਦਾ ਨੋਟਿਸ ਦਿੱਤਾ ਜਾਏਗਾ।
ਅਕਤੂਬਰ ਵਿਚ ਸਿੱਖ ਲੀਗ ਦਾ ਦੂਜਾ ਸਮਾਗਮ ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠਾਂ ਬੜੀ ਧੂਮਧਾਮ ਨਾਲ ਹੋਇਆ। ਹਕੂਮਤ ਤੇ ਹਕੂਮਤ ਪੱਖੀਆਂ ਵਲੋਂ ਹਰ ਤਰ੍ਹਾਂ ਨਾਲ ਵਿਰੋਧ ਦੇ ਬਾਵਜੂਦ ਬੜੀ ਭਾਰੀ ਬਹੁਸੰਮਤੀ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕੀਤਾ ਗਿਆ।
ਇਸ ਦੇ ਮਗਰੋਂ ਸ਼ਹੀਦੀ ਜਥੇ ਦੀ ਮੀਟਿੰਗ ਹੋਈ। ਠੀਕ ਯਾਦ ਨਹੀਂ ਪਰ ਸ਼ਾਇਦ 15 ਦਿਨਾਂ ਦਾ ਹਕੂਮਤ ਨੂੰ ਨੋਟਿਸ ਦੇ ਕੇ ਲਿਖਿਆ ਗਿਆ ਕਿ ਹੂ-ਬਹੂ ਪਹਿਲੇ ਵਰਗੀ ਹੀ ਕੰਧ ਚੜ੍ਹਾ ਦਿੱਤੀ ਜਾਵੇ, ਨਹੀਂ ਤਾਂ ਸ਼ਹੀਦੀ ਜਥਾ ਆਪ ਆ ਕੇ ਚੜ੍ਹਾ ਲਏਗਾ।
ਹਕੂਮਤ ਦੀਆਂ ਹੁਣ ਅੱਖਾਂ ਖੁਲ੍ਹੀਆਂ। ਸਿੱਖਾਂ ਦੀ ਵਫਦਾਰੀ ਦਾ ਯਕੀਨ ਦਿਵਾਉਣ ਵਾਲੇ ਖੁਸ਼ਾਮਦਾਂ ਦਾ ਪਾਜ ਉਘੜ ਆਇਆ। ਹਿੰਦ ਦੀ ਰਾਜਧਾਨੀ ਵਿਚ ਸੈਕੇਟਰੀਏਟ ਦੇ ਸਾਹਮਣੇ ਵਾਇਸਰਾਏ ਦੀ ਕੋਠੀ ਦੇ ਬਿਲਕੁਲ ਕੋਲ ਹੀ ਸ਼ਹੀਦੀ ਮੋਰਚੇ ਦਾ ਹਵਨਕੁੰਡ ਇਕ ਪ੍ਰਤੱਖ ਹਕੀਕਤ ਨਜ਼ਰ ਆਉਣ ਲੱਗ ਪਿਆ।
ਜੋ ਕੰਮ ਛੇ ਸਾਲ ਦੇ ਮਤਿਆਂ, ਤਾਰਾਂ, ਡੈਪੂਟੇਸ਼ਨਾਂ ਤੇ ਬੇਨਤੀਆਂ ਨਾਲ ਨਹੀਂ ਸੀ ਹੋਇਆ, ਉਹ ਕੰਮ ਸਿੱਖ ਜਨਤਾ ਦੀ ਜਥੇਬੰਦੀ ਤੇ ਕੁਰਬਾਨੀ ਦੇ ਉਛਾਲ ਨੇ ਦਿਨਾਂ ਵਿਚ ਕਰ ਵਿਖਾਇਆ। ਹਫਤੇ ਵਿਚ ਹੀ ਦਿੱਲੀ ਤੋਂ ਪਤਾ ਆ ਗਿਆ ਕਿ ਹਕੂਮਤ ਨੇ ਕੰਧ ਚੜ੍ਹਾ ਦਿੱਤੀ ਹੈ।
ਹੋ ਸਕਦਾ ਹੈ ਕਿ ਹਕੂਮਤ ਨੇ ਇਹ ਵੀ ਆਸ ਰੱਖੀ ਹੋਵੇਗੀ ਕਿ ਇਹ ਚਿਰ ਦੀ ਮੰਗ ਪੂਰੀ ਕਰਕੇ ਉਹ ਸਿੱਖਾਂ ਨੂੰ ਪ੍ਰਸੰਨ ਕਰ ਲਏਗੀ, ਪਰ ਸਿੱਖ ਜਨਤਾ ਨੇ ਇਸ ਨੂੰ ਆਪਣੀ ਪਹਿਲੀ ਜਿੱਤ ਸਮਝਿਆ, ਉਸ ਨੇ ਹਕੂਮਤ ਦਾ ਇਸ ਵਿਚ ਕੋਈ ਅਹਿਸਾਨ ਖਿਆਲ ਨਹੀਂ ਕੀਤਾ ਅਤੇ ਵੱਖ-ਵੱਖ ਇਲਾਕਿਆਂ ਵਿਚ ਅਕਾਲੀ ਜਥੇਬੰਦੀਆਂ ਵਧੇਰੇ ਜੋਸ਼ ਨਾਲ ਬਣਨੀਆਂ ਅਰੰਭ ਹੋ ਗਈਆਂ। ਗੁਰਦੁਆਰਾ ਸੁਧਾਰ ਵਿਚ ਜਿੱਤਾਂ ਪ੍ਰਾਪਤ ਕਰਨ ਤੇ ਹੋਰ ਮੰਗਾਂ ਪੂਰੀਆਂ ਕਰਾਉਣ ਲਈ ਸਿੱਖ ਜਨਤਾ ਦੇ ਹੌਸਲੇ ਦੂਣੇ ਹੋ ਗਏ। ਮੇਰਾ ਖਿਆਲ ਹੈ, ਗੁਰਦੁਆਰਾ ਰਕਾਬ ਗੰਜ ਇਹਦੀ ਪਹਿਲੀ ਜਿੱਤ ਅਕਾਲੀ ਲਹਿਰ ਦੀਆਂ ਹੋਰ ਜਿੱਤਾਂ ਦੀ ਪੇਸ਼ੀਨਗੋਈ ਸੀ। ਇਸ ਲਈ ਬਹੁਤ ਸਾਰੀ ਮਹਾਨਤਾ ਰੱਖਦੀ ਹੈ।
ਅਕਾਲੀ ਲਹਿਰ ਪਹਿਲੇ ਸੰਸਾਰ ਯੁੱਧ ਤੋਂ ਮਗਰੋਂ ਗੁਲਾਮ ਦੇਸ਼ ਵਿਚ ਸਾਮਰਾਜ ਵਿਰੁਧ ਉਠੇ ਕੌਮੀ ਆਜ਼ਾਦੀ ਦੇ ਉਭਾਰ ਦਾ ਇਕ ਅੰਗ ਸੀ। ਬਰਤਾਨਵੀ ਸਾਮਰਾਜੀ ਹੁਣ ਇਹ ਚਾਹੁੰਦੇ ਸਨ ਕਿ ਅਕਾਲੀ ਲਹਿਰ ਨੂੰ ਕੌਮੀ ਆਜ਼ਾਦੀ ਦੇ ਅੰਦੋਲਨ ਨਾਲੋਂ ਨਿਖੇੜ ਕੇ ਮਜਹਬੀ-ਸੁਧਾਰਕ ਤੇ ਫਿਰਕੂ ਚੈਨਲ ਵਿਚ ਪਾ ਦਿੱਤਾ ਜਾਵੇ। ਗੁਰਦੁਆਰਾ ਰਕਾਬ ਗੰਜ ਦੀ ਮੰਗ ਤੁਰਤ ਮੰਨ ਲੈਣ ਵਿਚ ਵੀ ਮੈਨੂੰ ਇਹੋ ਭੇਦ (ਭੇਤ) ਨਜ਼ਰ ਆਉਂਦਾ ਹੈ ਪਰ ਉਸ ਵੇਲੇ ਦੇ ਸਿੱਖ ਜਨਤਕ ਤੇ ਇਨਕਲਾਬੀ ਆਗੂਆਂ ਨੇ ਇਸ ਜਿੱਤ ਤੋਂ ਲਾਭ ਉਠਾ ਕੇ ਸਿੱਖ ਜਨਤਾ ਨੂੰ ਸਾਮਰਾਜ ਵਿਰੋਧੀ ਕੌਮੀ ਤੇ ਇਨਕਲਾਬੀ ਘੋਲ ਵਿਚ ਜੁਟਣ ਦੇ ਜਤਨ ਸ਼ੁਰੂ ਕਰ ਦਿੱਤੇ।