ਪਹਿਲੀ ਰੋਟੀ

ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਵਸਦੇ ਨੌਜਵਾਨ ਲਿਖਾਰੀ ਅਲੀ ਉਸਮਾਨ ਬਾਜਵਾ ਦੀ ਕਹਾਣੀ ‘ਪਹਿਲੀ ਰੋਟੀ’ ਔਰਤ ਮਨ ਦੇ ਉਡਾਣ ਦੀ ਕਹਾਣੀ ਹੈ। ਕੁਤਰੇ ਖੰਭਾਂ ਨਾਲ ਭਰੀ ਜਾ ਰਹੀ ਇਸ ਉਡਾਣ ਦੀ ਗੱਲ ਕਰਦਿਆਂ ਉਸ ਨੇ ਸਮਾਜ ਦੇ ਖੋਖਲੇਪਣ ਨੂੰ ਰੱਜ ਕੇ ਦਬੱਲਿਆ ਹੈ ਅਤੇ ਇਸ ਦੇ ਦੋਗਲੇਪਣ ‘ਤੇ ਖੂਬ ਚੋਟ ਲਾਈ ਹੈ।

-ਸੰਪਾਦਕ

ਅਲੀ ਉਸਮਾਨ ਬਾਜਵਾ
ਫੋਨ: +92-33480-05812

“ਅੰਮਾ ਪਹਿਲੀ ਰੋਟੀ ਮੇਰੀ।” ਉਹਨੇ ਤਰਲਾ ਜਿਹਾ ਕਰਦਿਆਂ ਚੰਗੇਰ ਵੱਲ ਹੱਥ ਵਧਾ ਦਿੱਤਾ।
“ਨੀ ਨਾ ਰਹਿਣੀਏਂ ਹਟ ਪਿਛਾਂਹ।” ਮਾਂ ਨੇ ਤੱਤਾ ਚਿਮਟਾ ਪੁੱਠੇ ਹੱਥੀਂ ਮਾਰ ਦਿੱਤਾ ਤੇ ਉਹ ‘ਸੀ’ ਕਰ ਕੇ ਰਹਿ ਗਈ। ਸੱਜੇ ਹੱਥ ਨੂੰ ਖੱਬੇ ਹੱਥ ‘ਚ ਫੜੀ ਉਹ ਮਾਂ ਵੱਲ ਬਿਟ-ਬਿਟ ਤੱਕੀ ਜਾਂਦੀ ਸੀ।
“ਕੀ ਘੂਰੀਆਂ ਵੱਟਨੀ ਏਂ ਪਈ, ਅੱਖਾਂ ਨੀਵੀਆਂ ਰੱਖ, ਦਮ ਪੀ ਛੱਡੂੰਗੀ…ਨਾ ਹਯਾ ਨਾ ਸ਼ਰਮ।” ਮਾਂ ਨੇ ਫੂਕਣੀ ਪਾਥੀ ‘ਤੇ ਮਾਰ ਕੇ ਦੋ ਟੋਟੇ ਕੀਤੀ ਤੇ ਇਕ ਟੋਟਾ ਚਿਮਟੇ ਨਾਲ ਚੱਕ ਕੇ ਚੁੱਲ੍ਹੇ ‘ਚ ਰੱਖਿਆ। ਮਾਂ ਦੀ ਹਯਾਤੀ ਫੂਕਣੀ ਵਰਗੀ ਸੀ। ਸਾਰੇ ਟੱਬਰ ਦੇ ਢਿੱਡ ਦੀ ਅੱਗ ਬੁਝਾਵਣ ਲਈ ਰੋਜ਼ ਅੱਗ ਬਾਲਦੀ, ਤੇ ਇਨ੍ਹਾਂ ਫੂਕਾਂ ਵਿਚ ਈ ਉਸ ਜਿੰਦੜੀ ਫੂਕ ਦਿੱਤੀ ਸੀ, ਫੂਕਣੀ ਵਰਗੀ ਅੰਦਰੋਂ ਖਾਲੀ। ਜੀਹਦਾ ਕੰਮ ਸਿਰਫ ਅੱਗ ਬਾਲਣਾ ਸੀ ਪਰ ਇਹ ਫੂਕਣੀ ਬਲਦੀ ਅੱਗ ਨੂੰ ਫੂਕਾਂ ਮਾਰ-ਮਾਰ ਕੇ ਵੀ ਨਾ ਬੁਝਾ ਸਕਦੀ ਸੀ। ਕਾਲਾ ਧੂੰਆਂ ਮਾਂ ਦੀਆਂ ਅੱਖਾਂ ਵਿਚ ਹਮੇਸ਼ ਲਈ ਵਸ ਗਿਆ ਸੀ। ਉਹ ਦੁਪੱਟੇ ਨਾਲ ਵਾਰ-ਵਾਰ ਵਗਦਾ ਪਾਣੀ ਪੂੰਝਦੀ ਤੇ ਰੋਟੀਆਂ ਛੰਡੀ ਜਾਂਦੀ। ਕਦੀ ਰੋਟੀ ਬਹੁਤੀ ਫੁੱਲ ਕੇ ਢੋਲ ਬਣ ਜਾਂਦੀ ਤਾਂ ਮਾਂ ਹੱਸਦੀ ਤੇ ਆਖਦੀ, “ਇੰਜ ਦੀ ਰੋਟੀ ਕੋਈ ਪਕਾ ਸਕਦਾ ਏ?”
ਕੰਮਾਂ ਵਿਚ ਇੰਜ ਦੇ ਹਾਸੇ ਹੱਸਦਿਆਂ ਉਹਦੇ ਗੋਡੇ ਜੁੜਨ ਲੱਗ ਪਏ ਸਨ। ਜੋੜਾਂ ਦੀ ਪੀੜ ਤੇ ਵੰਨ-ਸੁਵੰਨੀਆਂ ਬਿਮਾਰੀਆਂ।
“ਤੈਨੂੰ ਕਈ ਵਾਰੀ ਆਖਾਂ ਕਿ ਪਹਿਲੀ ਰੋਟੀ ਵੀਰ ਈ ਏ। ਉਹਨੇ ਪੜ੍ਹਨ ਜਾਣਾ ਏ, ਦੇਰ ਹੋਂਦੀ ਸੂ ਪਈ।” ਮਾਂ ਨੇ ਜਦ ਵੇਖਿਆ ਕਿ ਧੀ ਟਲਦੀ ਨਹੀਂ ਪਈ ਤੇ ਇਕ ਟੁੱਕ ਹੋ ਕੇ ਬੈਠ ਰਹੀ ਏ ਤੇ ਪਹਿਲੀ ਰੋਟੀ ਦਾ ਫੈਸਲਾ ਹਰ ਵਾਰ ਦੀ ਤਰ੍ਹਾਂ ਸੁਣਾਇਆ।
“ਮੈਂ ਵੀ ਸਕੂਲੇ ਜਾਵਣਾ ਏ…ਵੀਰ ਤੇ ਕਾਲਜ ਜਾਂਦਾ ਏ। ਮੈਥੋਂ ਬਾਅਦ ਉਹਦਾ ਕਾਲਜ ਲਗਦਾ ਏ। ਨਾਲੇ ਹਲੇ ਤੇ ਉਹ ਉਠਿਆ ਏ, ਤਿਆਰ ਹੋਏਗਾ ਤੇ ਖਾਏਗਾ ਨਾ ਰੋਟੀ!” ਉਹਨੇ ਨਾਸਾਂ ਫੁਲਾਂਦਿਆਂ ਮਾਂ ਨੂੰ ਸੁਣਾਣੀਆਂ ਸ਼ੁਰੂ ਕਰ ਦਿੱਤੀਆਂ।
ਮਾਂ ਨੇ ਕੰਡਿਆਂ ਵਾਲੀਆਂ ਟੀਂਗਰਾਂ ਹੱਥ ਨਾਲ ਭੰਨ-ਭੰਨ ਕੇ ਚੁਲ੍ਹੇ ਵਿਚ ਡਾਹੁਣੀਆਂ ਸ਼ੁਰੂ ਕਰ ਦਿੱਤੀਆਂ। ਧੀ ਉਠੀ ਤੇ ਬੂਟ ਜੁਰਾਬਾਂ ਪਾਵਣ ਲੱਗੀ।
“ਨੀ ਹੱਡ ਹਰਾਮੇ ਇੱਧਰ ਆ, ਖਾਹ ਮਰ ਲੈ ਰੋਟੀ। ਭੁੱਖੀ ਨਾ ਜਾਈਂ, ਚੀਰ ਛੱਡੂੰਗੀ।”
ਪਰ ਉਹ ਬੂਥਾ ਸੁਜਾਈ ਬੂਟ ਪਾਂਦੀ ਰਹੀ। ਬਸਤਾ ਚੁੱਕਿਆ ਤੇ ਬੂਹੇ ਵੱਲ ਟੁਰ ਪਈ।
ਮਾਂ ਉਠ ਕੇ ਭੱਜੀ, “ਨੀ ਖਲੋ ਜਾ। ਨੀ ਕਿਥੋਂ ਹੋ ਪਈ ਏਂ ਮੇਰੇ ਘਰ, ਖਰਚਾ ਤੇ ਲੈ ਜਾਹ।”
ਮਾਂ ਮੁੱਠ ਵਿਚ ਨੋਟ ਘੁੱਟ ਕੇ ਬੂਹੇ ਵਿਚੋਂ ਬਾਹਰ ਟਾਹਰਾਂ ਮਾਰਦੀ ਰਹਿ ਗਈ ਪਰ ਉਹ ਗਲੀ ਵਿਚ ਨੱਸ ਗਈ। ਮਾਂ ਬੁਲ੍ਹ ਚਿੱਥ ਕੇ ਰਹਿ ਗਈ। ਘਰੋਂ ਨਿਕਲ ਕੇ ਚਾਚੇ ਲੰਙੇ ਦੀ ਦੁਕਾਨ ਕੋਲੋਂ ਲੰਘਦਿਆਂ ਹਮੇਸ਼ਾ ਉਹਨੂੰ ਸੌੜ ਪੈਂਦੀ। ਉਹਨੇ ਚੁੰਨੀ ਸਿੱਧੀ ਕੀਤੀ ਤੇ ਕਾਹਲੀ-ਕਾਹਲੀ ਪੈਰ ਪੁੱਟਣ ਲੱਗੀ। ਚਾਚੇ ਲੰਙੇ ਦੇ ਕੰਨਾਂ ਲਾਗੇ ਵਾਲ ਚਿੱਟੇ ਹੋ ਗਏ ਸਨ ਤੇ ਉਹਦੀ ਇਕ ਸੁੱਤੀ ਲੱਤ ਤਹਿਮਤ ਵਿਚੋਂ ਲਮਕਦੀ ਰਹਿੰਦੀ। ਚਾਲ੍ਹੀਆਂ ਵਰ੍ਹਿਆਂ ਪਿਛੋਂ ਵੀ ਛੜਾ ਈ ਸੀ। ਚਾਚੇ ਲੰਙੇ ਘੁੱਟ ਕੇ ਉਹਦੇ ਵੱਲ ਤੱਕਿਆ ਤੇ ਉਹ ਹੋਰ ਤੇਜ਼ ਹੋ ਗਈ।
ਵੱਡੀ ਸੜਕ ਕੋਲ ਅੱਪੜ ਕੇ ਰਿਕਸ਼ਾ ਉਡੀਕਣ ਲੱਗੀ। ਸਕੂਲ ਜਾਣ ਵਾਲੇ ਮੁੰਡੇ ਉਹਦੇ ਕੋਲੋਂ ਲੰਘਦੇ, ਫਿਲਮੀ ਗਾਣੇ ਉਚੀ-ਉਚੀ ਗਾਂਦੇ ਤੇ ਇਕ-ਦੂਜੇ ਦੇ ਹੱਥਾਂ ‘ਤੇ ਹੱਥ ਮਾਰਦੇ। ਉਹ ਧਰਤੀ ਵੱਲ ਵੇਖੀ ਜਾਂਦੀ। ਉਹਦਾ ਦਿਲ ਕਰਦਾ ਕਿ ਕੋਈ ਉਹਲਾ ਬਣ ਜਾਵੇ ਤੇ ਉਹ ਉਹਦੇ ਵਿਚ ਲੁਕ ਜਾਵੇ, ਜਾਂ ਇਨ੍ਹਾਂ ਸਾਰਿਆਂ ਨੂੰ ਵਾਰੋ-ਵਾਰ ਫੜ ਕੇ ਕੁਟਾਪਾ ਚਾੜ੍ਹੇ ਪਰ ਇਹ ਰੋਜ਼-ਦਿਹਾੜੇ ਦਾ ਕੰਮ ਸੀ। ਰਿਕਸ਼ੇ ਵਾਲੇ ਨੇ ਲਾਗੇ ਆ ਕੇ ਬਰੇਕ ਮਾਰੀ ਤੇ ਉਹ ਆਪਣੀਆਂ ਹਾਣਨਾਂ ਨਾਲ ਆ ਬੈਠੀ। ਰਿਕਸ਼ੇ ਵਾਲਾ ਕਾਲਾ ਤੇ ਸੁੱਕਾ ਜਿਹਾ ਮੁੰਡਾ ਸੀ ਪਰ ਖੌਰੇ ਉਹਨੂੰ ਕੋਈ ਭੁਲੇਖਾ ਸੀ, ਧੁੰਨੀ ਤਕ ਖਿੱਚ ਕੇ ਜੀਨ ਦੀ ਪੈਂਟ ਬੰਨ੍ਹਦਾ, ਅੱਧੀਆਂ ਬਾਹਵਾਂ ਵਾਲੀ ਬੂਸ਼ਰਟ ਪਾਂਦਾ ਤੇ ਬਾਹਵਾਂ ਨੂੰ ਹੋਰ ਟੰਗ ਲੈਂਦਾ, ਜੀਹਦੇ ਨਾਲ ਉਹਦੀਆਂ ਸਾਰੀਆਂ ਸੁੱਕੀਆਂ ਬਾਹਵਾਂ ਦਿਸਣ ਲੱਗ ਪੈਂਦੀਆਂ। ਕਾਲਰਾਂ ਨੂੰ ਚੁੱਕ ਕੇ ਰਖਦਾ ਤੇ ਰਿਕਸ਼ਾ ਚਲਾਂਦਿਆਂ ਸਾਹਮਣੇ ਘੱਟ ਤੇ ਰਿਕਸ਼ੇ ਦੇ ਸ਼ੀਸ਼ੇ ਰਾਹੀਂ ਪਿਛਲੀਆਂ ਸਵਾਰੀਆਂ ਨੂੰ ਬਹੁਤਾ ਵੇਖਦਾ। ਰਿਕਸ਼ੇ ਵਿਚ ਡੈਕ ਲੁਆ ਰਖਿਆ ਸੂ, ਜੀਹਦੇ ਉਤੇ ਇਕੋ ਜਿਹੇ ਗੀਤ ਵੱਜਦੇ ਰਹਿੰਦੇ। ਰਿਕਸ਼ੇ ਤੋਂ ਉਤਰ ਕੇ ਸਕੂਲੇ ਵੜਦੀ ਤੇ ਉਸਤਾਨੀਆਂ ਦੇ ਡੰਡਿਆਂ ਤੋਂ ਵਾਰੋ-ਵਾਰ ਬਚਦੀ ਘੜੀਆਂ ਲੰਘਾਉਂਦੀ। ਸਕੂਲ ਦੀ ਕੰਟੀਨ ਦਾ ਲਾਲਾ ਬੜਾ ਚੰਗਾ ਸੀ। ਸਾਰੀਆਂ ਕੁੜੀਆਂ ਉਹਨੂੰ ਲਾਲਾ ਕਹਿੰਦੀਆਂ। ਲਾਲਾ ਪਕੌੜੇ ਦਈਂ, ਲਾਲਾ ਨਾਨ ਟਿੱਕੀ ਦਈਂ, ਲਾਲਾ ਖੱਟੀ ਇਮਲੀ, ਲਾਲਾ ਪਾਪੜ… ਦਾ ਰੌਲਾ ਪਾਂਦੀਆਂ ਰਹਿੰਦੀਆਂ। ਉਹ ਹਰ ਕੁੜੀ ਨੂੰ ਸ਼ਫਾਕਤ ਨਾਲ ‘ਅੱਛਾ ਧੀਏ ਦੇਨਾ ਵਾਂ’ ਆਖਦਾ। ਅੱਜ ਫੇਰ ਉਹਨੇ ਸਹੇਲੀ ਕੋਲੋਂ ਨਾਨ ਟਿੱਕੀ ਮੰਗ ਕੇ ਖਾਧੀ। ਸਵੇਰ ਵਾਲੀ ਗੱਲ ਉਹ ਕਦੇ ਦੀ ਭੁੱਲ-ਭੁਲਾ ਗਈ ਸੀ। ਉਹ ਆਪਣੀ ਮਾਂ ਵਰਗੀ ਨਹੀਂ ਸੀ ਬਣਨਾ ਚਾਹੁੰਦੀ, ਫੇਰ ਵੀ ਮਾਂ ਦਾ ਟਾਵਾਂ-ਟਾਵਾਂ ਅਸਰ ਜਾਪਦਾ ਸੀ।
ਉਹਦੀ ਮਾਂ ਵੀ ਜਦੋਂ ਏਸ ਘਰ ਵਿਚ ਆਈ ਸੀ ਤੇ ਆਪਣੀ ਮਾਂ ਵਰਗੀ ਨਹੀਂ ਸੀ ਬਣਨਾ ਚਾਹੁੰਦੀ। ਮਾਪਿਆਂ ਫੁੱਫੀ ਵੱਲ ਵਿਆਹ ਛੱਡੀ। ਸਾਬਰ ਹੋ ਕੇ ਏਸ ਘਰ ਆ ਵੜੀ। ਸੱਸ ਨਣਾਨਾਂ ਦਾ ਪਤਾ ਲੱਗਾ। ਬਹੁਕਰ, ਪੋਚਾ ਤੇ ਅੰਨ ਪਾਣੀ ਦਾ ਕੰਮ ਉਹਦੀ ਮਾਂ ਨੇ ਸਿਖਾਇਆ ਸੀ ਪਰ ਉਹਦੀ ਮਾਂ ਨੇ ਧੀ ਦੀ ਕਦੇ ਚੁਗਲੀ ਨਾ ਖਾਧੀ। ਸਵੇਰੇ ਮੂੰਹ ਚੁੰਮ ਕੇ ਉਠਾਂਦੀ। ਝਿੜਕਦੀ ਵੀ ਤੇ ਲਾਡ ਵੀ ਬੜਾ ਕਰਦੀ। ਸਾਲਣ ਦੀ ਲੂਣ ਮਿਰਚ ਦਾ ਘਾਟਾ ਵਾਧਾ ਤੇ ਰੋਟੀ ਨੂੰ ਢੋਲ ਬਣਾ ਕੇ ਖੁਸ਼ ਹੋਣਾ ਉਹਨੇ ਆਪਣੀ ਮਾਂ ਕੋਲੋਂ ਸਿਖਿਆ ਸੀ। ਆਪਣੀ ਦਾਦੀ ਤੇ ਪਿਉ ਦੇ ਵਰਤਾਓ ਨੂੰ ਵੀ ਵੇਖ ਕੇ ਏਸ ਘਰ ਆਈ ਸੀ। ਏਥੇ ਪਹਿਲੇ-ਪਹਿਲੇ ਦਿਨ ਕੁਝ ਸਕੂਨ ਦੇ ਸਨ। ਉਹਨੂੰ ਚਲਾਕੀਆਂ ਦਾ ਪਤਾ ਈ ਨਹੀਂ ਸੀ ਕਿ ਘਰ ਵਿਚ ਖਾਣ ਪੀਣ ਤੋਂ ਲੈ ਕੇ ਵਰਤਣ ਤਕ ਹਰ ਸ਼ੈਅ ਵਿਚੋਂ ਸੱਸ ਤੇ ਨਣਾਨਾਂ ਕੀ ਡੰਡੀ ਮਾਰਦੀਆਂ ਨੇ। ਉਹਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਕ ਘਰ ਵਿਚ ਰਹਿਣ ਵਾਲੇ ਇਕ-ਦੂਜੇ ਕੋਲੋਂ ਲੁਕ ਕੇ ਖਾ ਸਕਦੇ ਨੇ। ਸੱਸ ਨੂੰ ਕੱਚੇ ਆਂਡੇ ਪੀਂਦਿਆਂ ਤੇ ਨਣਾਨਾਂ ਨੂੰ ਛੱਤੀ ਤੋਂ ਪੈਸੇ ਲਾਂਹਦਿਆਂ ਉਹਨੇ ਵੇਖਿਆ ਪਰ ਚੁੱਪ ਕੀਤੀ ਰਹੀ।
‘ਚਲੋ ਜੋ ਰੱਬ ਨੂੰ ਮਨਜ਼ੂਰ।’
ਠੰਢਾ ਹਉਕਾ ਲੈ ਕੇ ਆਲੂ ਚੀਰਦੀ ਰਹਿੰਦੀ। ਛੁਰੀ ਦੇ ਪੱਛ ਤੇ ਲੂਣ ਲੱਡਣ ਦਾ ਸਵਾਦ ਲੈਂਦੀ ਤੇ ਆਪਣੇ ਬਾਲਾਂ ਦਾ ਗੂੰਹ-ਮੂਤਰ ਧੋਂਦੀ ਰਹਿੰਦੀ। ਹੁਣ ਉਹਦੀ ਆਪਣੀ ਧੀ ਜਵਾਨ ਹੋ ਗਈ ਸੀ ਪਰ ਹੁਣ ਤੇ ਖੌਰੇ ਜ਼ਮਾਨਾ ਬਦਲ ਗਿਆ ਸੀ। ਧੀ ਕੋਲ ਤੇ ਏਨਾ ਟੈਮ ਈ ਨਹੀਂ ਸੀ ਕਿ ਮਾਂ ਕੋਲੇ ਬ੍ਹਵੇ ਤੇ ਰੋਟੀ ਦਾ ਢੋਲ ਬਣਾਉਣਾ ਸਿੱਖੇ, ਵਲਾਂ ਵਾਲਾ ਪਰੌਂਠਾ ਤੇ ਕੀਮੇ ਵਾਲੇ ਕਰੇਲੇ ਪਕਾਣਾ ਸਿੱਖੇ। ਹੁਣ ਤੇ ਬੱਸ ਪੜ੍ਹਾਈਆਂ ਸਨ ਤੇ ਨਵੇਂ ਬਖੇੜੇ ਸਨ। ਮਾਂ ਨੂੰ ਪਤਾ ਸੀ ਕਿ ਹੁਣ ਵਿਆਹ ਵਾਸਤੇ ਵੀ ਡਿਗਰੀ ਚਾਹੀਦੀ ਏ। ਮੁੰਡਿਆਂ ਨਾਲੋਂ ਵੀ ਬਹੁਤੀ ਕੁੜੀਆਂ ਨੂੰ। ਉਹਦੇ ਜ਼ਮਾਨੇ ਤੇ ਚੰਗੇ ਸਨ ਪਰ ਹੁਣ ਧੀ ਨੂੰ ਟੋਰਨ ਲਈ ਸੋਨੇ ਦੇ ਜ਼ੇਵਰ ਦੇ ਨਾਲ ਤਾਲੀਮ ਦਾ ਜ਼ੇਵਰ ਵੀ ਦੇਣਾ ਪੈਂਦਾ।
ਧੀ ਸਕੂਲੋਂ ਮੁੜ ਆਈ। ਸਲਾਮ ਕੀਤਾ ਤੇ ਮਾਂ ਨੇ ਕੱਚੀ ਲੱਸੀ ਦਾ ਛੰਨਾ ਹੱਥ ‘ਚ ਫੜਾਇਆ। ਲੱਸੀ ਪੀ ਕੇ ਉਸ ਵਰਦੀ ਬਦਲੀ ਤੇ ਮਾਂ ਨਾਲ ਝਲਾਨੀ ਵਿਚ ਬੈਠ ਕੇ ਪੂਦਨੇ ਤੇ ਅਨਾਰਦਾਣੇ ਵਾਲੀ ਚਟਣੀ ਨਾਲ ਚੋਪੜੀਆਂ ਰੋਟੀਆਂ ਖਾਂਦੀ, ਸਕੂਲ ਦੀਆਂ ਗੱਲਾਂ ਸੁਣਾਂਦੀ ਰਹੀ ਪਰ ਉਸ ਕਦੇ ਨਾ ਦੱਸਿਆ ਕਿ ਚਾਚਾ ਲੰਙਾ, ਸਕੂਲੀ ਮੁੰਡੇ ਤੇ ਰਿਕਸ਼ੇ ਆਲਾ ਉਹਨੂੰ ਕਿੰਜ ਵੇਖਦਾ ਏ ਪਰ ਮਾਂ ਉਹਨੂੰ ਹਮੇਸ਼ਾ ਇਕ ਗੱਲ ਸਮਝਾਂਦੀ, “ਧੀਏ! ਘਰ ਦੀ ਇੱਜਤ ਤੇਰੇ ਹੱਥ ਏ। ਨਜ਼ਰਾਂ ਨੀਵੀਆਂ ਰੱਖਿਆ ਕਰ, ਤਾਂ ਕਿ ਤੇਰੇ ਪਿਉ ਦੀ ਪੱਗ ਉਚੀ ਰ੍ਹਵੇ। ਕੋਈ ਬੁਰੀ ਨਜ਼ਰ ਨਾਲ ਨਾ ਵੇਖੇ, ਤੇ ਦਰੂਦ ਸ਼ਰੀਫ ਦਾ ਵਿਰਦ ਕਰਿਆ ਕਰ। ਆਪਣੀ ਇੱਜਤ ਆਪਣੇ ਹੱਥੀਂ ਹੋਂਦੀ ਏ।”
ਉਹ ਬਗੈਰ ਕੁਝ ਆਖੇ ਸੁਣਦੀ ਤੇ ਆਪਣੇ ਕੰਮਾਂ ਵਿਚ ਰੁੱਝੀ ਰਹਿੰਦੀ।
“ਅਹਿ ਲੈ ਫੜ, ਵੀਰ ਆਇਆ ਈ। ਉਹਨੂੰ ਪਹਿਲੇ ਰੋਟੀ ਫੜਾ ਆ। ਬਾਕੀ ਆ ਕੇ ਖਾ ਲਈਂ।” ਮਾਂ ਪੁੱਤਰ ਨੂੰ ਮੋਟਰਸਾਇਕਲ ਅੰਦਰ ਵਾੜਦਿਆਂ ਵੇਖਦੀ ਤੇ ਆਖਦੀ।
“ਅੰਮੀ ਮੇਰੀ ਰੋਟੀ ਠੰਢੀ ਹੋ ਜਾਂਦੀ ਏ। ਮੈਨੂੰ ਸਕੂਨ ਨਾਲ ਰੋਟੀ ਤੇ ਖਾਵਣ ਦਿਆ ਕਰੋ।”
“ਧੀਏ! ਸਿਆਣੇ ਕਹਿੰਦੇ ਨੇ ਕਿ ਧੀ ਨੂੰ ਰੋਟੀ ਖਾਂਦਿਆਂ ਸੱਤ ਵਾਰੀ ਉਠਾਈਦਾ ਏ। ਉਸ ਅਗਲੇ ਘਰ ਜਾ ਕੇ ਏਹੋ ਕੁਝ ਕਰਨਾ ਹੋਂਦਾ ਏ।”
“ਇਕ ਤੇ ਮੈਂ ਇਨ੍ਹਾਂ ਸਿਆਣਿਆਂ ਤੋਂ ਬਹੁਤ ਤੰਗ ਆਂ। ਕੌਣ ਨੇ ਇਹ ਸਿਆਣੇ? ਮੇਰੇ ਸਾਹਮਣੇ ਕਰੋ। ਉਨ੍ਹਾਂ ਨੂੰ ਰੋਟੀ ਖਾਂਦਿਆਂ ਉਠਾਇਆ ਜਾਏ ਤੇ ਉਨ੍ਹਾਂ ਨੂੰ ਪਤਾ ਲੱਗੇ, ਪੀੜ ਕੀ ਹੋਂਦੀ ਏ, ਵੱਡੇ ਸਿਆਣੇ! ਇਨ੍ਹਾਂ ਸਿਆਣਿਆਂ ਕੋਲੋਂ ਨਾ ਤੇ ਕਦੇ ਰਿਆਜ਼ੀ ਦੇ ਸਵਾਲ ਹੱਲ ਹੋ ਸਕਣੇ ਸਨ ਤੇ ਨਾ ਅੰਗਰੇਜ਼ੀ ਦਾ ਮਜ਼ਮੂਨ ਯਾਦ ਹੋ ਸਕਣਾ ਸੀ…।”
ਮਾਂ ਦਾ ਪਾਰਾ ਚੜ੍ਹਨ ਲੱਗ ਪੈਂਦਾ, “ਬੱਸ ਕਰ ਨੀ, ਤੈਨੂੰ ਤੇ ਇੱਜਤ ਰਾਸ ਈ ਨਹੀਂ। ਸੱਤ ਵਾਰੀ ਤੈਨੂੰ ਪਿਆਰ ਨਾਲ ਆਖਿਆ ਏ, ਤੂੰ ਖੌਰੇ ਕਿਹੜੀ ਜ਼ੁਬਾਨ ਸਮਝਣੀ ਏਂ। ਰੋਟੀ ਫੜਾ ਕੇ ਆ, ਉਠ।”
ਮਾਂ ਉਹਦੇ ਅੱਗੋਂ ਚੰਗੇਰ ਚੁੱਕ ਲੈਂਦੀ, ਤੇ ਉਹ ਭੈੜਾ ਜਿਹਾ ਮੂੰਹ ਬਣਾ ਕੇ ਉਠ ਪੈਂਦੀ। ਅਗਲੇ ਦਿਹਾੜੇ ਵੀ ਏਹੋ ਕੁਝ ਹੋਂਦਾ, ਕਦੀ ਘੱਟ ਤੇ ਕਦੀ ਵੱਧ।
“ਨਜ਼ਰਾਂ ਨੀਵੀਆਂ ਰਖਿਆ ਕਰ, ਘਰ ਦੀ ਇੱਜਤ ਧੀ ਦੇ ਹੱਥ ਹੋਂਦੀ ਏ…। ਸ਼ਰਮਾਂ ਵਾਲੀਆਂ ਧੀਆਂ ਪਿਉ ਦੇ ਸਿਰ ਦਾ ਤਾਜ ਹੋਂਦੀਆਂ ਨੇ, ਚਾਦਰ ਵੱਡੀ ਲਿਆ ਕਰ, ਲੀੜਾ ਸਿੱਧਾ ਰਖਿਆ ਕਰ, ਕਪੜੇ ਬਹੁਤੇ ਤੰਗ ਨਾ ਸੰਵਾਇਆ ਕਰ, ਨੀ ਖੁਸ਼ਬੂ ਨਾ ਲਾ ਕੇ ਜਾਇਆ ਕਰ, ਵਾਲ ਕੁੰਜ ਕੇ ਰਖਿਆ ਕਰ…।”
ਇਹ ਸੱਭੇ ਉਹ ਗੱਲਾਂ ਸਨ ਜੋ ਉਹਦੀ ਮਾਂ ਉਹਦੇ ਹਰ ਪੈਰ ਪੁੱਟਣ ਤੋਂ ਪਹਿਲਾਂ ਦੋਹਰਾਂਦੀ।
“ਇਸਲਾਮੀ ਜਮਹੂਰੀਆ ਪਾਕਿਸਤਾਨ ਰਮਜ਼ਾਨ ਕੀ ਮੁਬਾਰਕ ਰਾਤ ਕੋ ਦੁਨੀਆ ਕੇ ਨਕਸ਼ੇ ਪਰ ਉਭਰਾ। ਹਮ ਨੇ ਯੇਹ ਮੁਲਕ ਇਸਲਾਮ ਕੇ ਨਾਮ ਪਰ ਹਾਸਲ ਕੀਆ। ਹਿੰਦੋਸਤਾਨ ਕੇ ਮੁਸਲਮਾਨੋਂ ਨੇ ਬਹੁਤ ਕੁਰਬਾਨੀਆਂ ਦੀਂ ਔਰ ਪਾਕਿਸਤਾਨ ਕਾ ਮੁਤਾਲਬਾ ਕੀਆ? ਲਾ ਇਲਾ ਲਾ ਅੱਲਾ ਕਾ ਨਾਅਰਾ ਲਗਾਇਆ।” ਮੁਆਸ਼ਰਤੀ ਅਲੂਮ ਵਾਲੀ ਉਸਤਾਨੀ ਉਹਨੂੰ ਇਹ ਗੱਲਾਂ ਪੜ੍ਹਾਂਦੀ।
“ਇਸਲਾਮ ਕੇ ਪਾਂਚ ਅਰਾਕੀਨ-ਕਲਮਾ, ਨਮਾਜ਼, ਰੋਜ਼ਾ, ਜ਼ਕੂਹ ਔਰ ਹੱਜ ਹੈਂ।” ਇਸਲਾਮੀਅਤ ਵਾਲੀ ਉੁਸਤਾਨੀ ਦੀਆਂ ਗੱਲਾਂ ਸਨ।
ਅੰਗਰੇਜ਼ੀ ਦੀ ਉਹਨੂੰ ਸਮਝ ਨਹੀਂ ਸੀ ਆਉਂਦੀ ਤੇ ਰਿਆਜ਼ੀ ਦਾ ਨਾਂ ਸੁਣ ਕੇ ਉਹਦਾ ਜੀ ਘਬਰਾਂਵਦਾ ਸੀ ਪਰ ਸਾਰੀਆਂ ਕਿਤਾਬਾਂ ਪੜ੍ਹ ਕੇ ਵੀ ਉਹਨੂੰ ਇਹ ਨਾ ਪਤਾ ਲੱਗਾ ਕਿ ਬੀਬੀਆਂ ਨੂੰ ਕਿਉਂ ਨਜ਼ਰਾਂ ਨੀਵੀਆਂ ਰੱਖਣੀਆਂ ਚਾਹੀਦੀਆਂ ਨੇ, ਤੇ ਕਿਉਂ ਤੰਗ ਲੀੜੇ ਨਹੀਂ ਪਾਉਣੇ ਚਾਹੀਦੇ?
ਸਕੂਲੋਂ ਛੁੱਟੀ ਦਾ ਦਿਹਾੜਾ ਸੀ ਤੇ ਉਹਨੇ ਮਾਂ ਨਾਲ ਰਲ ਕੇ ਸਫਾਈ ਕਰਾਈ। ਵੀਰ ਦੇ ਅੰਦਰ ਜਦ ਉਹਨੇ ਚਾਦਰ ਝਾੜਨ ਲਈ ਸਰ੍ਹਾਣਾ ਚੁੱਕਿਆ ਤੇ ਉਹਦੇ ਮੱਥੇ ‘ਤੇ ਤਰੇਲੀ ਆ ਗਈ। ਸ਼ਰਮ ਨਾਲ ਰੰਗ ਲਾਲ ਹੋ ਗਿਆ। ਪੰਜ-ਛੇ ਅੰਗਰੇਜ਼ੀ ਫੋਟੋਆਂ ਬਿਸਤਰੇ ‘ਤੇ ਪਈਆਂ ਸਨ। ਉਹਨੇ ਸਰ੍ਹਾਣਾ ਛੱਡਿਆ ਤੇ ਬਾਹਰ ਨੱਸ ਗਈ।
“ਓ ਮਾਂ! ਵੀਰੇ ਦੇ ਅੰਦਰ ਦੀ ਸਫਾਈ ਤੁਸੀਂ ਆਪ ਕਰ ਲਵੋ। ਉਹਨੇ ਪਤਾ ਨਹੀਂ ਕੀ-ਕੀ ਰਖਿਆ ਏ ਓਥੇ।”
ਮਾਂ ਨੇ ਧੀ ਦੀ ਤਰੇਲੀ ਵੇਖੀ ਤੇ ਭੱਜ ਕੇ ਅੰਦਰ ਗਈ। ਤਸਵੀਰਾਂ ਚੁੱਕ ਕੇ ਉਹਨੇ ਬਹੁਕਰ ਹੇਠ ਕਰ ਲਈਆਂ ਤੇ ਬਲਦੀ ਅੱਗ ਵਿਚ ਪਾ ਛੱਡੀਆਂ। ਮਾਂਵਾਂ-ਧੀਆਂ ਦੋਵੇਂ ਚੁੱਪ ਚੁਪੀਤੀਆਂ ਰਹੀਆਂ।
ਉਹ ਵਾਹਵਾ ਦਿਨ ਉਡੀਕਦੀ ਰਹੀ ਕਿ ਮਾਂ ਵੀਰ ਨਾਲ ਗੱਲ ਕਰੇਗੀ ਪਰ ਕੁਝ ਨਾ ਹੋਇਆ। ਫੇਰ ਉਹਨੇ ਸੋਚਿਆ ਕਿ ਮਾਂ ਨੇ ਉਹਲੇ ਕਰ ਕੇ ਕਦੋਂ ਗੱਲ ਕਰ ਲਈ ਹੋਵੇ, ਤੇ ਉਹਨੂੰ ਪਤਾ ਨਾ ਲੱਗਿਆ ਹੋਵੇ।
ਪਰ ਜਦ ਵੀ ਏਸ ਗੱਲ ਬਾਰੇ ਸੋਚਦੀ, ਉਹ ਤਸਵੀਰਾਂ ਉਹਦੀਆਂ ਅੱਖਾਂ ਅੱਗੇ ਘੁੰਮਣ ਲੱਗ ਪੈਂਦੀਆਂ ਤੇ ਤਰੇਲੀ ਹਰ ਵਾਰ ਆ ਜਾਂਦੀ। ਰਾਤੀਂ ਵਿਹੜੇ ਵਿਚ ਲੰਮੀ ਪਈ ਉਹ ਤਾਰਿਆਂ ਵੱਲ ਤੱਕਦੀ ਪਰ ਉਹ ਸਾਰੇ ਤਾਰੇ ਤਸਵੀਰਾਂ ਬਣਦੇ ਜਾਂਦੇ। ਉਹ ਸ਼ਰਮ ਨਾਲ ਅੱਖਾਂ ਨੂਟ ਲੈਂਦੀ, ਫੇਰ ਵੀ ਤਸਵੀਰਾਂ ਉਹਦੀਆਂ ਅੱਖਾਂ ਦੇ ਸਾਹਮਣੇ ਈ ਰਹਿੰਦੀਆਂ। ਉਹਨੇ ਬੜੇ ਕਲਮੇ ਪੜ੍ਹੇ, ਬੜੇ ਵਿਰਦ ਕੀਤੇ ਪਰ ਉਹ ਤਸਵੀਰਾਂ ਸਨ ਕਿ ਜਾਨ ਹੀ ਨਹੀਂ ਸਨ ਛੱਡ ਰਹੀਆਂ।
ਵਾਹਵਾ ਡੰਗ ਟੱਪ ਗਏ ਤੇ ਇਕ ਦਿਹਾੜੇ ਉਹਨੂੰ ਮੋਬਾਈਲ ਫੋਨ ਦੇ ਵੱਜਣ ਦੀ ਆਵਾਜ਼ ਆਈ। ਉਹਨੇ ਵੀਰ ਨੂੰ ‘ਵਾਜ ਮਾਰੀ ਪਰ ਖੌਰੇ ਵੀਰ ਮੋਬਾਈਲ ਘਰ ਭੁੱਲ ਕੇ ਟੁਰ ਗਿਆ ਸੀ। ਮੋਬਾਈਲ ਵਾਹਵਾ ਚੀਕਣ ਤੋਂ ਬਾਅਦ ਬੁਝ ਗਿਆ। ਘੜੀ ਕੁ ਬਾਅਦ ਉਸ ਫੇਰ ਰੌਲਾ ਪਾਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਰੌਲਾ ਅੱਧੇ ਘੰਟੇ ਤਕ ਇੰਜ ਈ ਰਿਹਾ ਤੇ ਮਾਂ ਨੇ ਆਪ ਈ ਆਖ ਛੱਡਿਆ, “ਨੀ ਵੇਖ ਨੀ ਕਿਹੜਾ ਏ? ਅੱਗ ਲੱਗੇ ਇਨ੍ਹਾਂ ਮੋਬਾਈਲਾਂ ਨੂੰ ਵੀ। ਵੇਰਵਾ ਪੁਛੇ ਤੇ ਆਖੀਂ ਬਾਹਰ ਗਿਆ ਏ।”
ਉਹ ਕਿਤਾਬ ਬੰਦ ਕਰ ਕੇ ਉਠੀ ਤੇ ਉਹਨੇ ਮੋਬਾਈਲ ਚੁੱਕਿਆ।
“ਹੈਲੋ!”
“ਹੈਲੋ!”
“ਜੀ ਕੌਣ?”
“ਗੁਲਫਾਮ ਘਰ ਏ?”
“ਨਹੀਂ ਜੀ, ਉਹ ਬਾਹਰ ਗਏ ਨੇ। ਤੁਸੀਂ ਕੌਣ?”
“ਮੈਂ ਉਹਦਾ ਯਾਰ ਰਾਸ਼ਦ। ਤੁਸੀਂ ਕੌਣ?”
“ਮੈਂ ਜੀ… ਉਹ…ਉਹਦੀ ਭੈਣ, ਉਹ ਜੀ, ਉਹਦੀ ਸਿਸਟਰ।”
“ਚੰਗਾ। ਤੁਹਾਡਾ ਕੀ ਨਾਂ ਏ?”
“ਉਹ ਜੀ… ਮੇਰ… ਜੀ…।”
“ਕਿਉਂ ਘਬਰਾ ਗਏ ਓ, ਮੈਂ ਕਿਹੜਾ ਖਾ ਚਲਿਆ ਵਾਂ।”
“ਨਹੀਂ ਜੀ, ਉਹ…ਵੀਰ ਬਾਹਰ ਗਿਆ ਏ, ਆਏਗਾ ਤੇ ਦੱਸ ਦੇਵਾਂਗੀ।”
ਇਹ ਕਹਿ ਕੇ ਉਹਨੇ ਫੋਨ ਬੰਦ ਕਰ ਦਿੱਤਾ।
“ਉਹ…ਅੰਮਾ…ਉਹ…ਵੀਰ ਦਾ ਕੋਈ ਯਾਰ ਸੀ, ਵੀਰ ਦਾ।” ਉਹਨੇ ਟੁੱਟੇ-ਭੱਜੇ ਬੋਲਾਂ ਨਾਲ ਆਖਿਆ।
“ਹਲਾ! ਆਖਣਾ ਸੀ ਵੀਰ ਬਾਹਰ ਗਿਆ ਏ।” ਕੰਮਾਂ ਵਿਚ ਰੁੱਝੀ ਮਾਂ ਨੇ ਕੋਈ ਧਿਆਨ ਨਾ ਦਿੱਤਾ।
“ਹਾਂ ਜੀ ਆਖ ਦਿੱਤਾ ਸੀ।”
ਜਦ ਵੀਰ ਘਰ ਆਇਆ ਤੇ ਉਹਨੇ ਆਂਦਿਆਂ ਹੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ, “ਮੇਰਾ ਮੋਬਾਈਲ ਕੀਹਨੇ ਛੇੜਿਆ ਸੀ?”
ਉਹਨੇ ਮਾਂ ਦੇ ਸਿਰ ‘ਤੇ ਚੜ੍ਹ ਕੇ ਵਾਂਗਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
“ਵੇ ਕੀ ਹੋਇਆ ਏ ਵੇ? ਆਰਾਮ ਨਾਲ਼..ਕਿਸੇ ਨਹੀਂ ਛੇੜਿਆ ਤੇਰਾ ਫੋਨ। ਤੇਰਾ ਫੋਨ ਵੱਜਣੋਂ ਨਹੀਂ ਸੀ ਮੁੜਦਾ ਤੇ ਤੇਰੀ ਭੈਣ ਨੇ ਚੁੱਕ ਕੇ ਆਖ ਛੱਡਿਆ ਕਿ ਵੀਰ ਘਰ ਕੋਈ ਨਹੀਂ।” ਮਾਂ ਨੇ ਜਿਵੇਂ ਸਫਾਈ ਪੇਸ਼ ਕੀਤੀ।
“ਕੰਨ ਖੋਲ੍ਹ ਕੇ ਸੁਣ ਲੈ। ਅੱਗੋਂ ਤੋਂ ਮੇਰੇ ਫੋਨ ਨੂੰ ਹੱਥ ਲਾਇਆ ਤੇ ਤੇਰੇ ਹੱਥ ਟੁੱਕ ਛੱਡੂੰਗਾ।” ਵੀਰ ਨਾਸਾਂ ਫੁਲਾਂਦਿਆਂ ਬਾਹਰ ਟੁਰ ਗਿਆ।
ਮਾਂ ਦੇ ਚਿਮਟੇ, ਰੋਟੀਆਂ ਛੰਡਣ ਦੀ ਆਵਾਜ਼, ਮਧਾਣੀ ਦੀ ਰਿੜਕ, ਗੋਹੇ ਪਾਥੀਆਂ ਬਾਲਣ ਟੀਂਗਰ ਤੇ ਸਕੂਲ। ਹਰ ਸ਼ੈਅ ਉਥੇ ਈ ਸੀ, ਪਰ ਉਹ ਤਸਵੀਰਾਂ ਨਵੀਆਂ ਸਨ। ਨਵੀਆਂ ਤੇ ਨਕੋਰ। ਤੇ ਉਹ ਆਵਾਜ਼ ਉਸ ਤੋਂ ਵੀ ਸੱਜਰੀ। ਹੁਣ ਤੇ ਆਵਾਜ਼ ਕੰਨਾਂ ਵਿਚ ਤੇ ਤਸਵੀਰਾਂ ਅੱਖਾਂ ਅੱਗੇ ਰਹਿੰਦੀਆਂ। ਉਹਨੇ ਮਾਂ ਤੇ ਵੀਰ ਤੋਂ ਅੱਖ ਬਚਾ ਕੇ ਕਾਪੀ ਦਾ ਵਰਕਾ ਪਾੜਿਆ ਤੇ ਕੱਚੀ ਪਿਨਸਲ ਨਾਲ ਕਾਹਲੀ-ਕਾਹਲੀ ਇਕ ਨੰਬਰ ਲਿਖ ਕੇ ਬਸਤੇ ਵਿਚ ਪਾ ਲਿਆ।
ਅੱਜ ਤੇ ਰੋਟੀ ਦੀ ਵੀ ਉਕਾ ਭੁੱਖ ਨਹੀਂ ਸੀ। ਉਹਨੂੰ ਮਾਂ ਮਤਰੇਈ ਲੱਗੀ। ਪਿਉ ਤੇ ਜਿਵੇਂ ਹੈ ਈ ਨਹੀਂ ਸੀ। ਵੀਰ ਵੀ ਜ਼ਹਿਰ ਲੱਗਾ। ਘਰ ਦੇ ਡੰਗਰ ਜਿਵੇਂ ਕੰਨ ਹਿਲਾ-ਹਿਲਾ ਕੇ ਆਵਾਜ਼ ਮਾਰਦੇ ਹੋਵਣ। ਮੋਟੀ ਮੱਝ ਦੀਆਂ ਮੋਟੀਆਂ ਅੱਖਾਂ ਵਿਚ ਅੱਜ ਵਾਹਵਾ ਉਦਾਸੀ ਸੀ। ਉਹਨੂੰ ਲੱਗਾ, ਜਿਵੇਂ ਸਾਰੇ ਡੰਗਰ ਈ ਉਗਾਲੀ ਕਰਨਾ ਛੱਡ ਗਏ ਨੇ। ਤੇ ਬੱਸ ਉਹਦੇ ਵੱਲ ਤੱਕੀ ਜਾਂਦੇ ਨੇ। ਮਾਂ ਖੌਰੇ ਕੀ ਬੋਲੀ ਜਾ ਰਹੀ ਸੀ, ਪਰ ਉਹਦੇ ਕੰਨੀਂ ਇਕ ਈ ਆਵਾਜ਼ ਸੀ। ਉਹਨੇ ਘਰੋਂ ਬਾਹਰ ਪੈਰ ਪਾਇਆ ਤੇ ਗਲੀ ਵਿਚ ਗਵਾਚ ਗਈ।
(ਤ੍ਰੈਮਾਸਕ ‘ਸਿਰਜਣਾ’ ਤੋਂ ਧੰਨਵਾਦ ਸਹਿਤ)