ਮੁਸ਼ਕਿਲ, ਨਹੀਂ ਹੈ ਮੁਸ਼ਕਿਲ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਆਪਣੀ ਕਾਵਿ ਸੰਵੇਦਨਾ ਅਤੇ ਕਾਵਿ ਰੀਝਾਂ ਦਾ ਪਾਠਕਾਂ ਦੇ ਸਨਮੁੱਖ ਖੁਲਾਸਾ ਕਰਦਿਆਂ ਤਮੰਨਾ ਜਾਹਰ ਕੀਤੀ ਸੀ, ਇਕ ਕਵਿਤਾ ਉਜੜੇ ਖੂਹਾਂ, ਮੌਤ ਨਾਲ ਮਣਸੀਆਂ ਮੌਣਾਂ, ਔਂਤਰੇ ਔਲੂਆਂ, ਗੁਆਚੀਆਂ ਗਾਟੀਆਂ ਅਤੇ ਚੇਤਿਆਂ ਵਿਚ ਵੱਸੇ ਬੋਹੜਾਂ ਤੇ ਪਿੱਪਲਾਂ ਬਾਰੇ ਲਿਖਣਾ ਚਾਹੁੰਨਾਂ, ਜਿਨ੍ਹਾਂ ਦੀ ਮਿੱਠੜੀ ਯਾਦ ਹੁਣ ਵੀ ਚੇਤਿਆਂ ਨੂੰ ਤਰੋਤਾਜ਼ਾ ਕਰ ਜਾਂਦੀ।

ਹਥਲੇ ਲੇਖ ਵਿਚ ਉਨ੍ਹਾਂ ਮੁਸ਼ਕਿਲਾਂ ਦੀ ਗੱਲ ਕੀਤੀ ਹੈ ਕਿ ਜ਼ਿੰਦਗੀ ਵਿਚ ਮੁਸ਼ਕਿਲਾਂ ਤਾਂ ਹੁੰਦੀਆਂ ਹੀ ਹਨ, ਇਨ੍ਹਾਂ ਨਾਲ ਸਿੱਝਣ ਵਾਲੇ ਹੀ ਜ਼ਿੰਦਗੀ ਵਿਚ ਅੱਗੇ ਤੁਰਦੇ ਹਨ। ਉਹ ਕਹਿੰਦੇ ਹਨ, “ਜਦ ਕਿਸੇ ਦੇ ਮਨ ਵਿਚ ਆ ਜਾਵੇ, ‘ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ’ ਤਾਂ ਤਵਾਰੀਖ ਦੇ ਮੁਹਾਂਦਰੇ ਨੂੰ ਨਵੀਂਆਂ ਤਸ਼ਬੀਹਾਂ ਦੇਣ ਤੋਂ ਕੌਣ ਰੋਕ ਸਕਦਾ?…ਮੁਸ਼ਕਿਲਾਂ ਨੂੰ ਜ਼ਿੰਦਗੀ ਵਿਚੋਂ ਕਦੀ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਮੁਸ਼ਕਿਲਾਂ ਤੋਂ ਬਿਨਾ ਅਰਥਹੀਣ ਹੁੰਦੀ ਏ ਜ਼ਿੰਦਗੀ। ਮੁਸ਼ਕਿਲਾਂ ਹੀ ਜ਼ਿੰਦਗੀ ਨੂੰ ਨਿਖਾਰਦੀਆਂ ਅਤੇ ਸੰਵਾਰਦੀਆਂ, ਜਿਸ ਨਾਲ ਅੰਤਰੀਵ ਵਿਚ ਛੁਪੀਆਂ ਸ਼ਕਤੀਆਂ ਨੂੰ ਸਮਰੱਥਾ ਦਿਖਾਉਣ ਦਾ ਸੁਹੰਢਣਾ ਮੌਕਾ ਮਿਲਦਾ।” ਡਾ. ਭੰਡਾਲ ਦੀ ਨਸੀਹਤ ਹੈ, “ਮੁਸ਼ਕਿਲਾਂ ਤੋਂ ਮੁੱਖ ਨਾ ਮੋੜੋ। ਸਗੋਂ ਜ਼ਿੰਦਾਦਿਲੀ ਨਾਲ ਸਾਹਮਣਾ ਕਰੋ। ਇਸ ਦੇ ਨੈਣਾਂ ਵਿਚ ਝਾਕੋ ਅਤੇ ਕਾਮਯਾਬੀ ਦੇ ਮਾਰਗ ਦੀ ਲੋਚਾ ਬਣਾਓ। ਜ਼ਿੰਦਗੀ ਤੁਹਾਡੀ ਹਿੰਮਤ ਅਤੇ ਹੌਸਲੇ ਦਾ ਨਗਮਾ ਗੁਣਗਣਾਏਗੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮੁਸ਼ਕਿਲ, ਸੋਚ-ਅਸਮਰੱਥਾ, ਮਾਨਸਿਕ ਅਪੰਗਤਾ, ਸਮਰੱਥਾ ਦਾ ਅਧੂਰਾਪਣ, ਆਤਮ ਵਿਸ਼ਵਾਸ ਦੀ ਘਾਟ ਅਤੇ ਇੱਛਾ-ਪੂਰਤੀ ਦਾ ਊਣਾਪਣ। ਅਜਿਹੀ ਮਾਨਸਿਕ ਅਵਸਥਾ, ਜੋ ਸੰਭਵ ਨੂੰ ਅਸੰਭਵ ਬਣਾ, ਮਨੁੱਖ ਲਈ ਪ੍ਰਸ਼ਨ ਚਿੰਨ ਬਣਦੀ।
ਮੁਸ਼ਕਿਲ, ਮਨ ਦੀਆਂ ਕਮਜ਼ੋਰੀਆਂ ਦਾ ਜੱਗ-ਜਾਹਰ ਹੋਣਾ, ਹੀਣਤਾ ਨੂੰ ਪੂਰਨਤਾ ਵੰਨੀਂ ਤੋਰਨ ਤੋਂ ਮੁਨਕਰੀ, ਖੁਦ ਵੰਨੀਂ ਝਾਕਣ ਦੀ ਥਾਂ ਦੂਜਿਆਂ ਦੇ ਨੁਕਸ ਚਿਤਾਰਨਾ ਜਾਂ ਕਾਰਜ ਵਿਚ ਪੈਦਾ ਹੋਣ ਵਾਲੀਆਂ ਅੜਚਣਾਂ ਦਾ ਬੇਲੋੜਾ ਤੌਖਲਾ।
ਬੋਲਬਾਣੀ ਵਿਚਲਾ ਮੁਸ਼ਕਿਲ ਹਰਫ, ਕਮਜ਼ੋਰੀ ਦਾ ਜ਼ਖੀਰਾ ਅਤੇ ਕਰਮਹੀਣਾਂ ਲਈ ਬਹਾਨਾ। ਉਹ ਇਸ ਬਹਾਨੇ ਦੀ ਓਟ ਵਿਚ ਆਪਣੇ ਆਪ ਤੋਂ ਵੀ ਹੀਣੇ ਤੇ ਬੌਣੇ ਹੋ ਜਾਂਦੇ।
ਮੁਸ਼ਕਿਲ ਕਦੇ ਵੀ ਮੁਸ਼ਕਿਲ ਨਹੀਂ ਹੁੰਦੀ। ਮੁਸ਼ਕਿਲ ਤਾਂ ਇਹ ਹੁੰਦੀ ਕਿ ਅਸੀਂ ਮੁਸ਼ਕਿਲ ਨੂੰ ਬੇਲੋੜਾ ਹੀ ਹੋਰ ਮੁਸ਼ਕਿਲ ਬਣਾ ਦਿੰਦੇ। ਮੁਸ਼ਕਿਲ-ਮੌਕਿਆਂ ‘ਤੇ ਜਦ ਮੁਸ਼ਕਿਲ ਦੀਆਂ ਪਰਤਾਂ ਖੁੱਲ੍ਹਦੀਆਂ ਤਾਂ ਹਰੇਕ ਮੁਸ਼ਕਿਲ ਹੀ ਅਸਾਨ ਹੋ ਜਾਂਦੀ।
ਮੁਸ਼ਕਿਲ ਵਿਚੋਂ ਗੁਜ਼ਰਦਿਆਂ ਹੀ ਰਾਹ ਬਣਦੇ, ਜੋ ਪੈੜਾਂ ਜਨਮਦੇ। ਇਹ ਪੈੜਾਂ ਜਦ ਸੁਪਨਿਆਂ ਦੀ ਪਗਡੰਡੀ ‘ਤੇ ਆਪਣੀ ਹੋਂਦ ਉਕਰਦੀਆਂ ਤਾਂ ਮੰਜ਼ਿਲਾਂ ਦੀ ਪੂਰਨ-ਪ੍ਰਾਪਤੀ ਸਿਰੜੀ ਇਨਸਾਨਾਂ ਦਾ ਸ਼ਰਫ ਬਣਦਾ।
ਕਦੇ ਮੁਸ਼ਕਿਲ ਸੀ ਅੰਬਰ ਵਿਚ ਉਡਣਾ, ਸਮੁੰਦਰਾਂ ਵਿਚ ਰਾਹ-ਰਵਾਨਗੀ ਬਣਨਾ, ਮਾਰੂਥਲਾਂ ਨੂੰ ਗਾਹੁਣਾ ਅਤੇ ਜੰਗਲਾਂ ਵਿਚ ਜਾਂਗਲੀ ਮਾਨਸਿਕਤਾ ਨਾਲ ਰਾਬਤਾ ਬਣਾਉਣਾ, ਪਰ ਇਹ ਮਨੁੱਖ ਦੀ ਹਿੰਮਤ, ਦਲੇਰੀ ਅਤੇ ਪ੍ਰਤੀਬੱਧਤਾ ਹੀ ਸੀ ਕਿ ਮਨੁੱਖ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ।
ਮੁਸ਼ਕਿਲ ਨੂੰ ਹੱਲ ਕਰਨ ਲਈ ਕਿਸੇ ਨੂੰ ਤਾਂ ਪਹਿਲ ਕਰਨੀ ਪੈਂਦੀ। ਪਹਿਲ ਕਰਨ ਵਾਲੇ ਹੀ ਸਮਿਆਂ ਦੇ ਸ਼ਾਹ-ਅਸਵਾਰ। ਪਹਿਲਾ ਕਦਮ ਹੀ ਕਠਿਨ ਹੁੰਦਾ। ਫਿਰ ਤਾਂ ਕਦਮ ਨਾਲ ਮਿਲਦੇ ਕਦਮ ਕਾਫਲਿਆਂ ਦਾ ਰੂਪ ਧਾਰਦੇ। ਕਾਫਲੇ ਹੀ ਹੁੰਦੇ ਕੀਰਤੀਆਂ ਦੀ ਕਰਮ-ਭੂਮੀ।
ਮੁਸ਼ਕਿਲਾਂ ਨਾਲ ਆਢਾ ਲਾਉਣ ਵਾਲੇ ਜਰਵਾਣੇ ਤੇ ਜੰਗਜੂ। ਉਨ੍ਹਾਂ ਦੀ ਦਲੇਰੀ ਸਾਹਵੇਂ ਜਮਰੌਦ ਦਾ ਕਿਲਾ ਫਤਿਹ ਹੋਣ ਲਈ ਉਤਾਵਲਾ। ਮੁਸ਼ਕਿਲ ਮੁਹਿੰਮਾਂ ਨੂੰ ਸਰ ਕਰਨ ਵਾਲੇ ਹੀ ਇਤਿਹਾਸ ਨੂੰ ਆਪਣੇ ਨਾਮ ਲਿਖਵਾਂਦੇ। ਦਰਅਸਲ ਇਤਿਹਾਸ ਹੁੰਦਾ ਹੀ ਅਜਿਹੇ ਵਿਅਕਤੀਆਂ ਦਾ, ਜੋ ਕੁਝ ਵਿਲੱਖਣ ਤੇ ਵਿਕੋਲਿਤਰਾ ਕਰ, ਸਮਾਜ ਨੂੰ ਨਵੀਂਆਂ ਬੁਲੰਦੀਆਂ ਦਾ ਅਹਿਸਾਸ ਕਰਵਾਉਂਦੇ।
ਜੀਵਨ ਵਿਚ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ ਅਤੇ ਨਾ ਹੀ ਅਸੰਭਵ ਹੁੰਦਾ, ਪਰ ਜਦ ਅਸੰਭਵ ਸ਼ਬਦ ਸਾਡੀ ਮਾਨਸਿਕਤਾ ਵਿਚ ਘਰ ਕਰਦਾ ਤਾਂ ਉਹ ਸਾਡੀਆਂ ਸੀਮਾਵਾਂ ਨੂੰ ਵਲਗਣਾਂ ‘ਚ ਸੀਮਤ ਕਰਦਾ, ਜੋ ਅਸੀਮਤ ਹੁੰਦੀਆਂ। ਮਨ ਨੂੰ ਕਿਸੇ ਵੀ ਕਾਰਜ ਲਈ ਤਿਆਰ ਕਰਨ ‘ਤੇ, ਹਰ ਕੰਮ ਤੁਹਾਡੀ ਸੇਧ, ਸੁਭਾਅ ਅਤੇ ਸਰੂਪ ਅਨੁਸਾਰ ਪੂਰਨ ਹੋ, ਰੂਹ-ਤ੍ਰਿਪਤੀ ਦਾ ਸਬੱਬ ਬਣਦਾ। ਇਹੀ ਤੁਹਾਡੀ ਸਮਰੱਥਾ ਅਤੇ ਸੋਝੀ ਨੂੰ ਸਿੰਜਦਾ।
ਜਦ ਕਿਸੇ ਦੇ ਮਨ ਵਿਚ ਆ ਜਾਵੇ, “ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ” ਤਾਂ ਤਵਾਰੀਖ ਦੇ ਮੁਹਾਂਦਰੇ ਨੂੰ ਨਵੀਂਆਂ ਤਸ਼ਬੀਹਾਂ ਦੇਣ ਤੋਂ ਕੌਣ ਰੋਕ ਸਕਦਾ?
ਅਤਿ ਮੁਸ਼ਕਿਲ ਵਿਚ ਜਦ ਕੋਈ ਢੋਈ ਨਾ ਮਿਲੇ ਤਾਂ ਕੁਝ ਕੁ ਰੂਹ ਦੇ ਹਾਣੀ ਤੁਹਾਡੀ ਹੌਸਲਾ-ਅਫਜ਼ਾਈ ਕਰਦੇ, ਬਾਹਾਂ ਦੀ ਤਾਕਤ ਬਣ, ਤੁਹਾਡੀਆਂ ਮੁਸ਼ਕਿਲਾਂ ਨੂੰ ਸੁਖਾਲਾ ਕਰਦੇ ਤਾਂ ਤੁਹਾਡੀ ਝੋਲੀ ਵਿਚ ਸਫਲਤਾ ਦਾ ਨਿਉਂਦਾ ਪੈਂਦਾ।
ਮੁਸ਼ਕਿਲ ਦੇ ਬਹੁਤ ਰੂਪ। ਇਹ ਮਨ ਦੀ, ਤਨ ਦੀ ਜਾਂ ਧਨ ਦੀ ਵੀ ਹੁੰਦੀ। ਹਰੇਕ ਰੂਪ ਵਿਚ ਜਦ ਮਨੁੱਖ ਨੂੰ ਟਕਰਦੀ ਤਾਂ ਮਨੁੱਖੀ ਪਰਖ ਨੂੰ ਸਾਣ ‘ਤੇ ਚਾੜ੍ਹਦੀ। ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ? ਇਸ ਦੀ ਕਠਿਨ ਪ੍ਰੀਖਿਆ ਵਿਚੋਂ ਕਿਹੜੀਆਂ ਜੁਗਤਾਂ ਤੇ ਤਰਕੀਬਾਂ ਨਾਲ ਸਫਲ ਹੁੰਦੇ ਹੋ, ਇਹ ਸੋਚ ਦੀ ਬਾਰੀਕੀ, ਬਿਹਤਰੀ ਅਤੇ ਬਾਖੂਬੀ ‘ਤੇ ਨਿਰਭਰ ਕਰਦਾ।
ਮੁਸ਼ਕਿਲਾਂ ਨੂੰ ਜ਼ਰਨ ਅਤੇ ਇਨ੍ਹਾਂ ਨੂੰ ਹਰਾਉਣ ਵਾਲੇ, ਅੰਗਹੀਣ ਹੋ ਕੇ ਪੂਰਨ-ਅੰਗੇ। ਉਨ੍ਹਾਂ ਦੇ ਕਾਰਨਾਮਿਆਂ ਸਾਹਵੇਂ ਸਿਰ ਝੁਕਦਾ ਕਿਉਂਕਿ ਉਨ੍ਹਾਂ ਦੀਆਂ ਕਮੀਆਂ, ਹਿੰਮਤ ਬਣ ਨਵੀਂਆਂ ਸੰਭਾਵਨਾਵਾਂ ਅਤੇ ਸੁਪਨਿਆਂ ਦਾ ਪੈਗਾਮ ਬਣਦੀਆਂ। ਅਜਿਹੇ ਵਿਅਕਤੀ ਅਰਥਹੀਣ ਸਮਾਜ ਲਈ ਰੋਲ ਮਾਡਲ। ਉਨ੍ਹਾਂ ਲਈ ਦੁਸ਼ਵਾਰੀਆਂ ਦਾ ਕੋਈ ਡਰ, ਖੌਫ ਜਾਂ ਭੈਅ ਨਹੀਂ ਹੁੰਦਾ। ਅਜਿਹੇ ਲੋਕਾਂ ਲਈ ਖਤਰਿਆਂ ਨਾਲ ਖੇਡਦਿਆਂ, ਸੋਚ-ਬੀਹੀ ਨੂੰ ਸਥਿਰ, ਸਾਵੇਂ ਅਤੇ ਸਾਬਤ ਕਦਮੀਂ ਮਾਪਣਾ, ਜੀਵਨੀ-ਕਸਬ ਹੁੰਦਾ।
ਹਰ ਕੰਮ ਉਨ੍ਹਾਂ ਲਈ ਮੁਸ਼ਕਿਲ ਹੁੰਦਾ, ਜੋ ਪਰ ਹੁੰਦਿਆਂ ਵੀ ਬੇ-ਪਰੇ ਹੁੰਦੇ। ਦਿਲ-ਗੁਰਦਾ ਰੱਖਦਿਆਂ ਵੀ ਕਮ-ਦਿਲੇ ਹੁੰਦੇ। ਦਿਮਾਗ ਹੁੰਦਿਆਂ ਵੀ ਮੰਦ-ਬੁੱਧੀ ਦਾ ਪ੍ਰਗਟਾਵਾ ਕਰਦੇ। ਰਾਹਾਂ ਦੀ ਸਪੱਸ਼ਟਤਾ ਦੌਰਾਨ ਵੀ ਦੀਦਿਆਂ ਵਿਚ ਬੇਆਸ ਦਾ ਧੁੰਦਲਕਾ ਹੁੰਦਾ। ਪੜ੍ਹੇ-ਲਿਖੇ ਹੋ ਕੇ ਵੀ ਗਿਆਨ-ਜੋਤ ਤੋਂ ਵਿਰਵੇ ਹੁੰਦੇ। ਸਮਾਜ ਵਿਚ ਵਿਚਰਦਿਆਂ ਅਸਮਾਜਕ ਵਰਤਾਰਿਆਂ ਤੋਂ ਅਣਜਾਣ ਰਹਿੰਦੇ।
ਮੁਸ਼ਕਿਲ ਤਾਂ ਉਨ੍ਹਾਂ ਲਈ ਸਭ ਤੋਂ ਵੱਧ ਹੁੰਦੀ, ਜੋ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਦੇਖਣ ਤੇ ਸਮਝਣ ਤੋਂ ਕੋਰੇ। ਜਦ ਉਹ ਅਜਿਹੇ ਵਰਤਾਰਿਆਂ ਦੇ ਰੂਬਰੂ ਹੁੰਦੇ ਤਾਂ ਉਨ੍ਹਾਂ ਲਈ ਇਹ ਅੜਾਉਣੀ ਬਣ ਜਾਂਦੀ। ਇਨ੍ਹਾਂ ਵਰਤਾਰਿਆਂ ਤੋਂ ਭਾਂਜ, ਬੌਣੀ ਮਾਨਸਿਕਤਾ ਦਾ ਬਿੰਬ। ਅਗਰ ਬੱਚੇ ਮਾਪਿਆਂ ਦੀ ਨਿਗਰਾਨੀ ਹੇਠ ਕੁਝ ਫੈਸਲੇ ਲੈਣ, ਇਨ੍ਹਾਂ ਨੂੰ ਖੁਦ ‘ਤੇ ਲਾਗੂ ਕਰਨ ਅਤੇ ਇਸ ਦੇ ਸਿੱਟਿਆਂ ‘ਚੋਂ ਖੁਦ ਦੀ ਸਮਰੱਥਾ ਨੂੰ ਪਰਖਣਗੇ ਤਾਂ ਉਨ੍ਹਾਂ ਦੇ ਵਿਅਕਤੀਤਵ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।
ਮੁਸ਼ਕਿਲ ਕੋਈ ਵੀ ਵੱਡੀ ਜਾਂ ਛੋਟੀ ਨਹੀਂ ਹੁੰਦੀ। ਮਨੁੱਖੀ ਸੋਚ ਤੇ ਨਜ਼ਰੀਆ ਹੀ ਇਸ ਨੂੰ ਵੱਡੀ ਜਾਂ ਛੋਟੀ ਬਣਾਉਂਦਾ। ਜਦ ਕੋਈ ਮੁਸ਼ਕਿਲ ਹਊਆ ਬਣਦੀ ਤਾਂ ਮੁਸ਼ਕਿਲ ਮੁਸੀਬਤ ਬਣਦੀ, ਪਰ ਜਦ ਮੁਸ਼ਕਿਲ ਮਾਣਨ ਦੀ ਅਦਾ ਹੁੰਦੀ ਤਾਂ ਮਾਣ ਬਣਦੀ।
ਮੁਸ਼ਕਿਲ ਨੂੰ ਤਿੰਨ ਤਰੀਕਿਆਂ ਨਾਲ ਹੱਲ ਕੀਤਾ ਜਾ ਸਕਦਾ। ਇਸ ਨੂੰ ਸਵੀਕਾਰ ਕਰੋ ਅਤੇ ਇਸ ਦਾ ਸਾਹਮਣਾ ਕਰਕੇ ਇਸ ਨੂੰ ਹਰਾਓ। ਮੁਸ਼ਕਿਲ ਦਾ ਮੁਹਾਂਦਰਾ ਬਦਲੋ, ਜੋ ਤੁਹਾਡੀ ਸੋਚ ਸਾਹਵੇਂ ਨਿਸਲ ਹੋ ਜਾਵੇ। ਜਾਂ ਤੁਸੀਂ ਇਸ ਮੁਸ਼ਕਿਲ ਤੋਂ ਪਾਸਾ ਵੱਟ ਲਓ ਅਤੇ ਆਪਣਾ ਸਮਾਂ ਅਜਾਈਂ ਨਾ ਗਵਾਓ। ਇਸ ਸਮੇਂ ਨੂੰ ਕਿਸੇ ਹੋਰ ਸਾਰਥਕ ਕਾਰਜ ਵਿਚ ਲਾਓ।
ਮੁਸ਼ਕਿਲਾਂ ਨੂੰ ਜ਼ਿੰਦਗੀ ਵਿਚੋਂ ਕਦੀ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਮੁਸ਼ਕਿਲਾਂ ਤੋਂ ਬਿਨਾ ਅਰਥਹੀਣ ਹੁੰਦੀ ਏ ਜ਼ਿੰਦਗੀ। ਮੁਸ਼ਕਿਲਾਂ ਹੀ ਜ਼ਿੰਦਗੀ ਨੂੰ ਨਿਖਾਰਦੀਆਂ ਅਤੇ ਸੰਵਾਰਦੀਆਂ, ਜਿਸ ਨਾਲ ਅੰਤਰੀਵ ਵਿਚ ਛੁਪੀਆਂ ਸ਼ਕਤੀਆਂ ਨੂੰ ਸਮਰੱਥਾ ਦਿਖਾਉਣ ਦਾ ਸੁਹੰਢਣਾ ਮੌਕਾ ਮਿਲਦਾ।
ਜਿੰ.ਦਗੀ ਦੇ ਹਰ ਮੁਕਾਮ ‘ਤੇ, ਮੁਸ਼ਕਿਲਾਂ ਦੀ ਭਰਪੂਰਤਾ ਦੇ ਦੋ ਕਾਰਨ। ਕੁਝ ਲੋਕ ਬਿਨਾ ਸੋਚਣ ਤੋਂ ਹੀ ਕਿਸੇ ਕਾਰਜ ਨੂੰ ਹੱਥ ਪਾ ਬਹਿੰਦੇ। ਪਰ ਕੁਝ ਲੋਕ ਸਿਰਫ ਸੋਚਦੇ ਹੀ ਰਹਿੰਦੇ। ਉਨ੍ਹਾਂ ਦੇ ਮਨ ਵਿਚ ਕਦਮ ਉਠਾਉਣ ਦਾ ਹੀਆ ਹੀ ਨਹੀਂ ਪੈਂਦਾ।
ਮੁਸ਼ਕਿਲ ਦਾ ਧੀਰਜ, ਸਿਰੜ, ਠਰੰਮੇ ਅਤੇ ਸਹਿਜ ਨਾਲ ਸਾਹਮਣਾ ਕਰਦਿਆਂ ਮੁਸ਼ਕਿਲ ਦੇ ਮੱਥੇ ‘ਤੇ ਮਾਣਮੱਤਾ ਸਿਰਨਾਵਾਂ ਖੁਣਨ ਦੀ ਤਮੰਨਾ ਬਣ ਜਾਂਦੀ।
ਜ਼ਿੰਦਗੀ ਕਦੇ ਵੀ ਸੰਪੂਰਨ ਨਹੀਂ ਹੁੰਦੀ। ਕਦੇ ਵੀ ਸੁੱਖਾਂ ਦੀ ਸੇਜ ਨਹੀਂ ਹੁੰਦੀ। ਮੁਸ਼ਕਿਲਾਂ ਦੇ ਮੁਹਾਂਦਰੇ ਵਿਚੋਂ ਹੀ ਮੰਜ਼ਿਲਾਂ ਨੂੰ ਤਸ਼ਬੀਹ ਮਿਲਦੀ। ਦਿਸਹੱਦੇ ਬਲਾਵਾਂ ਲੈਂਦੇ ਅਤੇ ਮਸਤਕ ਰੇਖਾਵਾਂ ਨੂੰ ਉਕਰੇ ਜਾਣ ਦੀ ਕਾਹਲ ਹੁੰਦੀ।
ਮੁਸ਼ਕਿਲ ਇਹ ਨਹੀਂ ਹੁੰਦੀ ਕਿ ਵਿਅਕਤੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਦਰਅਸਲ ਮੁਸ਼ਕਿਲ ਇਹ ਹੁੰਦੀ ਕਿ ਮਨੁੱਖ ਇਹੀ ਸੋਚਦਾ ਕਿ ਮੇਰੇ ਰਸਤੇ ਵਿਚ ਹੀ ਮੁਸ਼ਕਿਲਾਂ ਨੇ ਡੇਰੇ ਕਿਉਂ ਲਾਏ?
ਮੁਸ਼ਕਿਲਾਂ ਨੂੰ ਮਨ-ਮੀਤਾਂ ਨਾਲ ਸਾਂਝੀਆਂ ਕਰੋ, ਪਰ ਇਸ ਦਾ ਹੋਕਾ ਨਾ ਦਿਓ ਕਿਉਂਕਿ ਵੀਹ ਪ੍ਰਤੀਸ਼ਤ ਲੋਕ ਤਾਂ ਇਸ ਵੰਨੀਂ ਧਿਆਨ ਹੀ ਨਹੀਂ ਦੇਣਗੇ ਅਤੇ ਅੱਸੀ ਪ੍ਰਤੀਸ਼ਤ ਲੋਕ ਇਸ ਗੱਲ ਤੋਂ ਖੁਸ਼ ਹੋਣਗੇ ਕਿ ਤੁਸੀਂ ਮੁਸ਼ਕਿਲਾਂ ਵਿਚ ਘਿਰ ਗਏ ਹੋ।
ਜਦ ਤੁਸੀਂ ਹਰ ਵੇਲੇ ਮੁਸ਼ਕਿਲਾਂ ‘ਤੇ ਹੀ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਮੁਸ਼ਕਿਲਾਂ ਗੁੰਝਲਦਾਰ ਹੋ ਜਾਂਦੀਆਂ। ਸਗੋਂ ਮੁਸ਼ਕਿਲ ਵੱਲ ਧਿਆਨ ਦੇਣ ਦੀ ਥਾਂ ਇਸ ਦੇ ਹੱਲ ਵੱਲ ਧਿਆਨ ਧਰਨ ‘ਤੇ, ਇਸ ਦੀਆਂ ਪਰਤਾਂ ਵਿਚੋਂ ਹੱਲ ਵੀ ਦਿਖਾਈ ਦੇਣ ਲੱਗਦਾ।
ਬਹੁਤ ਸਾਰੇ ਸਬਕ ਲੈ ਕੇ ਮੁਸ਼ਕਿਲਾਂ ਸੋਚ-ਬਰੂਹਾਂ ‘ਤੇ ਦਸਤਕ ਦਿੰਦੀਆਂ। ਇਹ ਸਬਕ ਹੀ ਜੀਵਨ-ਜੁਗਤ ਦਾ ਆਧਾਰ ਬਣਦੇ, ਜਿਸ ‘ਤੇ ਜੀਵਨ ਦੇ ਸੁਚੱਜ ਦਾ ਅਜੂਬਾ ਸਿਰਜਿਆ ਜਾਂਦਾ।
ਮੁਸ਼ਕਿਲਾਂ ਪ੍ਰਤੀ ਮਿਕਨਾਤੀਸੀ ਸੋਚ ਰੱਖ, ਇਨ੍ਹਾਂ ਨੂੰ ਹੱਲ ਕਰਨ ਦੀ ਤਰਕੀਬ ਤੇ ਤਦਬੀਰ ਜਦ ਵਿਅਕਤੀ ਦੀ ਮੁਹਾਰਤ ਬਣਦੀ ਤਾਂ ਮੁਸ਼ਕਿਲਾਂ ਨੂੰ ਆਪਣੀ ਬੌਣੀ ਹੋਂਦ ਦਾ ਅਹਿਸਾਸ ਹੁੰਦਾ। ਫਿਰ ਇਸ ਦੇ ਹੱਲ ਵਿਚੋਂ ਹੀ ਅਸੀਮ ਤੇ ਅਨੰਤ ਖੁਸ਼ੀ ਦਾ ਅਹਿਸਾਸ ਮਨ ‘ਤੇ ਤਾਰੀ ਹੁੰਦਾ।
ਕੁਝ ਲੋਕ ਜ਼ਿੰਦਗੀ ਨੂੰ ਹੀ ਮੁਸ਼ਕਿਲ ਸਮਝਦੇ। ਉਨ੍ਹਾਂ ਲਈ ਜ਼ਿੰਦਗੀ ਦਾ ਹਰ ਕਦਮ ਪੀੜ ਪਰੁੱਚਾ ਹੁੰਦਾ। ਯਾਦ ਰਹੇ! ਮੁਸ਼ਕਿਲਾਂ ਜੀਵਨ ਦਾ ਸਦੀਵੀ ਸੱਚ। ਇਸ ਨੂੰ ਹੰਢਾਉਣਾ, ਆਪੇ ਨੂੰ ਅਜਮਾਉਣਾ, ਜੀਵਨ-ਝੋਲੀ ਵਿਚ ਅਨੰਦ ਦਾ ਸ਼ਗਨ ਅਤੇ ਖੁਦ ਨੂੰ ਪਾਉਣਾ ਹੀ ਸਾਹ-ਸਾਰਥਕਤਾ ਦਾ ਨੇਮ।
ਮੁਸ਼ਕਿਲਾਂ ਤੋਂ ਮੁੱਖ ਨਾ ਮੋੜੋ। ਸਗੋਂ ਜ਼ਿੰਦਾਦਿਲੀ ਨਾਲ ਸਾਹਮਣਾ ਕਰੋ। ਇਸ ਦੇ ਨੈਣਾਂ ਵਿਚ ਝਾਕੋ ਅਤੇ ਕਾਮਯਾਬੀ ਦੇ ਮਾਰਗ ਦੀ ਲੋਚਾ ਬਣਾਓ। ਜ਼ਿੰਦਗੀ ਤੁਹਾਡੀ ਹਿੰਮਤ ਅਤੇ ਹੌਸਲੇ ਦਾ ਨਗਮਾ ਗੁਣਗਣਾਏਗੀ।
ਜ਼ਿੰਦਗੀ ਦੀ ਤੋਰ ਕਦੇ ਵੀ ਸੁਖਾਂਵੀਂ ਨਹੀਂ ਹੁੰਦੀ। ਊਬੜ-ਖਾਬੜ ਰਾਹਾਂ ਵਿਚੋਂ ਹੀ ਮੰਜ਼ਿਲ ਤਲਾਸ਼ਣੀ ਪੈਂਦੀ। ਮੁਸ਼ਕਿਲਾਂ ਨਾਲ ਦਸਤਪੰਜਾ ਲੈਂਦਿਆਂ, ਮਨ ਨੂੰ ਚੜ੍ਹਦੀ ਕਲਾ ਵਿਚ ਰੱਖੋ, ਤੁਸੀਂ ਦੁੱਗਣੀ ਤਾਕਤ ਨਾਲ ਮੁਸ਼ਕਿਲਾਂ ‘ਤੇ ਕਾਬੂ ਪਾਉਣ ਦੇ ਯੋਗ ਹੋਵੋਗੇ।
ਜ਼ਿੰਦਗੀ ਸਾਨੂੰ ਮੁਸ਼ਕਿਲ ਤੇ ਮਾਣ, ਮੋਹ-ਭੰਗਤਾ ਤੇ ਮਿੱਤਰਤਾ, ਮੰਦਬੋਲ ਤੇ ਮਿੱਠ-ਬੋਲੜੀ ਗੁਫਤਗੂ, ਮਰਿਆਦਾ ਤੇ ਮਾਨਵਤਾ ਅਤੇ ਮਾਸੂਮੀਅਤ ਤੇ ਮਹਿਰਮੀਅਤ ਨਾਲ ਨਿਵਾਜ਼ਦੀ। ਜਿੰ.ਦਗੀ ਦੇ ਕਿਸ ਰੰਗ ਨਾਲ ਖੁਦ ਨੂੰ ਰੰਗਣਾ, ਇਹ ਖੁਦ ‘ਤੇ ਨਿਰਭਰ।
ਕਿਸੇ ਵੀ ਮੁਸ਼ਕਿਲ ਦੇ ਰੂਬਰੂ ਹੂੰਦਿਆਂ, ਮਨ ਦੇ ਸ਼ੀਸ਼ੇ ਵਿਚ ਖੁਦ ਨੂੰ ਨਿਹਾਰਨਾ। ਤਾਕਤ, ਤੰਦਰੁਸਤੀ, ਤਰਜ਼ੀਹ ਅਤੇ ਤਮੰਨਾਵਾਂ ਨੂੰ ਮੁਸ਼ਕਿਲ ਦੀ ਤੱਕੜੀ ਵਿਚ ਤੋਲਣਾ। ਸਾਵੇਂ ਤੁਲਣ ਵਾਲੇ ਮੁਸ਼ਕਿਲਾਂ ਨੂੰ ਹਰਾ ਦਿੰਦੇ ਜਦ ਕਿ ਪਾਸਕੂੰ ਵਾਲੇ ਮੁਸ਼ਕਿਲਾਂ ਸਾਹਵੇਂ ਹਾਰ ਜਾਂਦੇ। ਮੁਸ਼ਕਿਲਾਂ ਦੀ ਰੰਗਰੇਜ਼ਤਾ ਮਾਣਨ ਵਾਲੇ, ਜੀਵਨੀ ਦੁਸ਼ਵਾਰੀਆਂ ਨੂੰ ਕੀਰਤੀਮਾਨ ਬਣਾ ਲੈਂਦੇ।
ਹਰ ਵਿਅਕਤੀ ਜ਼ਿੰਦਗੀ ਦੇ ਹਰ ਪੜਾਅ ‘ਤੇ ਨਿੱਤ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ। ਬੱਚੇ ਲਈ ਬੈਠਣ, ਉਠਣ, ਤੁਰਨ, ਸਾਈਕਲ ਚਲਾਉਣ, ਪੂਰਨਿਆਂ ‘ਤੇ ਉਕਰਨ, ਇਮਤਿਹਾਨਾਂ ਵਿਚੋਂ ਸਫਲ ਹੋਣ, ਨੌਕਰੀ ਲੈਣ ਪਿਛੋਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰਨ ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਆਦਿ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਮਨੁੱਖ ਹਰੇਕ ਮੁਸ਼ਕਿਲ ਦੀ ਦੀਵਾਰ ਉਲੰਘਦਾ, ਉਚੇਰੀਆਂ ਤੇ ਲੰਮੇਰੀਆਂ ਛਲਾਘਾਂ ਰਾਹੀਂ ਜੀਵਨ-ਰਾਹਾਂ ਦੀ ਨਿਸ਼ਾਨਦੇਹੀ ਕਰਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੀਨਤਮ ਰਾਹਾਂ ਦੀ ਪਹਿਲ ਵੀ ਬਣਦਾ।
ਮੁਸ਼ਕਿਲਾਂ ਬੇਮਾਅਨੀਆਂ ਹੁੰਦੀਆਂ ਜਦ ਤੁਹਾਡੀ ਸੋਚ, ਮੁਸ਼ਕਿਲਾਂ ਤੋਂ ਵਡੇਰੀ ਹੁੰਦੀ। ਤੁਹਾਡੀ ਸੋਚ-ਉਡਾਣ ਦੇ ਪਰਾਂ ਦੀ ਬੇਬਹਾ ਤਾਕਤ, ਮਨ ਦੀਆਂ ਅੰਬਰ-ਉਡਾਰੀਆਂ ਦੀ ਚੇਸ਼ਟਾ ਨੂੰ ਉਸਾਰੂ ਬਿਰਤੀ ਬਣਾ ਦਿੰਦੀ।
ਕੁਝ ਮੁਸ਼ਕਿਲਾਂ ਜਨਮ, ਜਾਤ ਜਾਂ ਜ਼ਹਾਲਤ ਕਾਰਨ ਵਿਰਾਸਤ ਵਿਚ ਮਿਲਦੀਆਂ। ਕੁਝ ਆਲਾ-ਦੁਆਲਾ ਆਪਣੀ ਕਮੀਨਗੀ, ਕਰਤੂਤਾਂ, ਕੋਹਝ ਅਤੇ ਕਮ-ਅਕਲੀ ਕਾਰਨ ਮਨੁੱਖ ਨੂੰ ਦਿੰਦਾ। ਪਰ ਕੁਝ ਮੁਸ਼ਕਿਲਾਂ ਮਨੁੱਖ ਖੁਦ ਆਪਣੀ ਮਨਮਾਨੀ, ਮੂਰਖਤਾ ਅਤੇ ਮੰਦ-ਸੋਚ ਕਾਰਨ ਸਹੇੜਦਾ। ਹੱਥੀਂ ਸਹੇੜੀਆਂ ਮੁਸ਼ਕਿਲਾਂ ਨੂੰ ਨਜਿੱਠਣਾ ਅਸਾਨ ਨਹੀਂ ਹੁੰਦਾ, ਜਦਕਿ ਬਾਕੀ ਮੁਸ਼ਕਿਲਾਂ ਨੂੰ ਮਨੁੱਖ ਆਪਣੀ ਦ੍ਰਿੜਤਾ, ਦੂਰ-ਦ੍ਰਿਸ਼ਟੀ ਅਤੇ ਦਬੰਗਪੁਣੇ ਨਾਲ ਸਹਿਜੇ ਹੀ ਸਰ ਕਰ ਲੈਂਦਾ।
ਮੁਸ਼ਕਿਲਾਂ ਦੇ ਸੰਘਣੇ ਹਨੇਰੇ ਵਿਚ ਇਕ ਹੀ ਆਸ-ਜੁਗਨੂੰ ਹਨੇਰੇ ਦੀ ਵੱਖੀ ਵਿਚ ਛੇਕ ਪਾ ਦਿੰਦਾ। ਮੁਸ਼ਕਿਲਾਂ ਦੀ ਔੜ ਹਮੇਸ਼ਾ ਨਹੀਂ ਰਹਿੰਦੀ। ਆਖਰ ਨੂੰ ਹਿੰਮਤ ਅਤੇ ਸਾਧਨਾ ਨਾਲ ਹਾਲਾਤ ਬਦਲਦੇ, ਰੁੱਤਾਂ ਰੂਪ ਵਟਾਉਂਦੀਆਂ। ਪੁਰਾ ਵੱਗਦਾ ਅਤੇ ਸਾਵਣ ਦੀ ਘਟਾ ਮਨ-ਬਸਤੀ ਨੂੰ ਮੁਅੱਤਰ ਕਰ ਜਾਂਦੀ।
ਮੁਸ਼ਕਿਲ ਦੀ ਬੀਹੀ ਵਿਚ ਹੌਸਲੇ ਦਾ ਹੌਕਾ ਦਿਓ। ਇਸ ਦੀ ਤਲੀ ‘ਤੇ ਤੀਖਣਤਾ, ਤੀਬਰਤਾ ਅਤੇ ਤਤਪਰਤਾ ਦੀ ਮਹਿੰਦੀ ਲਾਓ। ਇਸ ਦੇ ਪਿੰਡੇ ‘ਤੇ ਪ੍ਰਣ ਤੇ ਪ੍ਰਤੀਬੱਧਤਾ ਦਾ ਪੈਗਾਮ ਖੁਣੋ, ਮੁਸ਼ਕਿਲ ਦੀ ਮਮਟੀ ‘ਤੇ ਜਸ਼ਨ ਦੀਆਂ ਝੂਮਰਾਂ ਪੈਣਗੀਆਂ।
ਆਸਹੀਣ ਲੋਕਾਂ ਲਈ ਮੁਸ਼ਕਿਲ ਇਕ ਹਊਆ, ਡਰਾਉਣਾ ਖਾਬ। ਇਸ ਤੋਂ ਡਰਦੇ ਉਹ ਅੱਖਾਂ ਖੋਲ੍ਹਣ ਤੋਂ ਤ੍ਰਹਿੰਦੇ, ਪਰ ਹਿੰਮਤੀ ਲੋਕ ਮੁਸ਼ਕਿਲ ਦੇ ਪਲਾਂ ਵਿਚ ਮਾਨਸਿਕ ਦਬਾਅ ਤੋਂ ਬੇਖੌਫ ਇਸ ਨੂੰ ਹੱਲ ਕਰਨ ਦੀ ਯੋਜਨਾ ‘ਤੇ ਖੁਦ ਨੂੰ ਕੇਂਦ੍ਰਿਤ ਕਰਦੇ। ਉਨ੍ਹਾਂ ਲਈ ਮੁਸ਼ਕਿਲਾਂ, ਸੁਹਾਵਣੇ ਸਫਰ ਦਾ ਆਗਾਜ਼, ਗਾਉਂਦਾ ਜ਼ਿੰਦ-ਸਾਜ਼, ਰੂਹ-ਤ੍ਰਿਪਤੀ ਦੀ ਆਵਾਜ਼ ਅਤੇ ਜੀਵਨ ਨਾਂਵੇਂ ਅਦਬੀ ਤੇ ਅਜ਼ਲੀ ਅੰਦਾਜ਼।
ਮੁਸ਼ਕਿਲ ਦੀ ਘੜੀ ਵਿਚ ਸਾਥੀ ਵੀ ਸਾਥ ਛੱਡ ਜਾਂਦੇ। ਸਿਰਫ ਇਕ ਪ੍ਰਛਾਵਾਂ ਹੀ ਤੁਹਾਡਾ ਸਾਥੀ ਬਣਦਾ। ਛੋਟੇ ਹੋ ਰਹੇ ਜਾਂ ਲੰਮੇਰੇ ਹੁੰਦੇ ਪ੍ਰਛਾਵਿਆਂ ਦੇ ਵਕਤ ਵੀ ਨਾਲ ਤੁਰਦਾ। ਰਾਤ ਦੇ ਹਨੇਰੇ ਵਿਚ ਤਾਂ ਪ੍ਰਛਾਵਾਂ ਅਤੇ ਵਿਅਕਤੀ ਆਪਸ ਵਿਚ ਅਭੇਦ ਹੋ ਜਾਂਦੇ।
ਮੁਸ਼ਕਿਲਾਂ ਨੂੰ ਮੁਸਕਰਾਹਟ ਵਿਚ ਛੁਪਾਉਣ, ਜਖਮਾਂ ਦੀ ਰੁੱਤ ਵਿਚ ਹਾਸਿਆਂ ਨਾਲ ਜੀਅ ਪਰਚਾਉਣ, ਹਨੇਰੀਆਂ ਰਾਤਾਂ ਵਿਚ ਅੰਤਰੀਵ-ਚਿਰਾਗ ਜਗਾਉਣ, ਬਰੇਤਾ ਰੂਪੀ ਮਨ ਦੀ ਜੂਹ ਵਿਚ ਆਸ ਦੀ ਨੈਂਅ ਵਹਾਉਣ ਅਤੇ ਕੋਰੇ ਵਰਕਿਆਂ ‘ਤੇ ਅੱਖਰਾਂ ਨੂੰ ਉਗਾਉਣ ਦਾ ਵੱਲ ਆ ਜਾਵੇ ਤਾਂ ਜ਼ਿੰਦਗੀ ਦੀ ਇਬਾਰਤ ਵਿਚੋਂ ਹੀ ਇਬਾਦਤ ਦੀਆਂ ਤਰੰਗਾਂ ਮਨ ਦਾ ਸਕੂਨ ਬਣਦੀਆਂ। ਮਨੁੱਖ, ਇਨਸਾਨੀਅਤ ਵੰਨੀ ਸਫਰ ਦਾ ਆਗਾਜ਼ ਕਰਦਾ।
ਆਓ! ਅਜਿਹਾ ਆਗਾਜ਼ ਬਣੀਏ।