ਆਸਕਰ ਅਵਾਰਡ ਪ੍ਰੋਗਰਾਮ ਲਾਸ ਏਂਜਲਸ ਵਿਚ 24 ਫਰਵਰੀ ਨੂੰ

ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437
91ਵਾਂ ਆਸਕਰ ਅਵਾਰਡ ਪ੍ਰੋਗਰਾਮ ਡੋਲਬੀ ਥਿਏਟਰ ਲਾਸ ਏਂਜਲਸ ਵਿਚ 24 ਫਰਵਰੀ 2019, ਐਤਵਾਰ ਨੂੰ ਹੋ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਆਸਕਰ ਅਵਾਰਡ ਤੇ ਨੌਮੀਨੇਸ਼ਨ-2019’ ਵਿਸ਼ੇ ‘ਤੇ ਸੈਮੀਨਾਰ ਪਿਛਲੇ ਦਿਨੀਂ ਨਿਉ ਲਿੰਕਨ ਪੈਰੀ ਹਾਲ, ਸ਼ਿਕਾਗੋ ਵਿਚ ਹੋਇਆ, ਜਿਸ ਵਿਚ ਫਿਲਮ ਸਨਅਤ, ਫਿਲਮੀ ਚੈਨਲ ਦੇ ਐਡੀਟਰ, ਫਿਲਮੀ ਰਿਪੋਟਰ, ਸਿਨੇ ਪ੍ਰੇਮੀ ਸ਼ਾਮਿਲ ਹੋਏ। ਇਸ ਮੌਕੇ ਆਮ ਚਰਚਾ ਸੀ ਕਿ ਇਸ ਵਾਰੀ ਆਸਕਰ ਅਵਾਰਡ ਦੀਆਂ ਸਾਰੀਆਂ ਹੀ 24 ਸ਼੍ਰੇਣੀਆਂ ਵਿਚ ਮੁਕਾਬਲਾ ਕਾਫੀ ਸਖਤ ਹੈ।

ਵੈਸੇ ਵੀ ਹਰ ਤੀਜੇ-ਚੌਥੇ ਸਾਲ ਕਈ ਬਿਹਤਰੀਨ ਫਿਲਮਾਂ ਇਕੋ ਹੀ ਸਮੇਂ ਰਿਲੀਜ਼ ਹੁੰਦੀਆਂ ਹਨ, ਜਿਸ ਕਰਕੇ ਉਸ ਸਾਲ ਇਹ ਮੁਕਾਬਲਾ ਬੜਾ ਦਿਲਸਚਪ ਹੋ ਜਾਂਦਾ ਹੈ। ਇਸ ਵਾਰ ਵੀ ਆਸਕਰ ਦੀ ਬਿਹਤਰੀਨ ਫਿਲਮਾਂ ਦੀ ਕੈਟੇਗਰੀ ਵਿਚ ਸ਼ਾਮਿਲ ਫਿਲਮਾਂ ‘ਰੋਮਾ’, ‘ਬਲੈਕ ਪੈਂਥਰ’, ‘ਦੀ ਵਾਈਫ’, ‘ਵਾਈਸ’, ‘ਕੋਲਡ ਵਾਰ’, ‘ਬਲੈਕ ਕਲੈਨਸਮੈਨ’, ‘ਬੌਹੀਮਿਅਨ ਰੈਪਸੌਡੀ’, ‘ਦੀ ਫੇਵਰਿਟ’, ‘ਗਰੀਨ ਬੁਕ’, ਤੇ ‘ਏ ਸਟਾਰ ਇਜ਼ ਬੌਰਨ’ ਹਨ।
ਇਨ੍ਹਾਂ ਫਿਲਮਾਂ ਨੂੰ ਦੁਨੀਆਂ ਭਰ ਵਿਚ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ ‘ਤੇ ਭਰਵੀਂ ਧੂਮ ਮਚਾਈ ਤੇ ਵਾਹਵਾ ਕਮਾਈ ਵੀ ਕੀਤੀ। ਇਕੱਲੇ ਨਾਰਥ ਅਮਰੀਕਾ ਵਿਚ ‘ਬਲੈਕ ਪੈਂਥਰ’ ਨੇ 700.1 ਮਿਲੀਅਨ, ‘ਬੌਹੀਮਿਅਨ ਰੈਪਸੌਡੀ’ ਨੇ 210.7 ਮਿਲੀਅਨ, ‘ਏ ਸਟਾਰ ਇਜ਼ ਬੌਰਨ’ ਨੇ 208.7 ਮਿਲੀਅਨ, ‘ਗਰੀਨ ਬੁਕ’ ਨੇ 61.5 ਮਿਲੀਅਨ ਅਤੇ ‘ਵਾਈਸ’ ਨੇ 45.2 ਮਿਲੀਅਨ ਬਾਕਸ ਆਫਿਸ ‘ਤੇ ਇਕੱਠੇ ਕੀਤੇ। ਹਾਲਾਂਕਿ ‘ਰੋਮਾ’ ਫਿਲਮ ਦੇ ਅੰਕੜੇ ਨਹੀਂ ਮਿਲੇ, ਪਰ ਇਸ ਫਿਲਮ ਨੇ ਵੀ ਖੂਬ ਕਮਾਈ ਕੀਤੀ ਹੈ।
ਆਸਕਰ ਅਵਾਰਡ ਨਾਮੀਨੇਸ਼ਨ ਦੀ ਗੱਲ ਕਰੀਏ ਤਾਂ ‘ਰੋਮਾ’ ਤੇ ‘ਦੀ ਫੇਵਰਿਟ’ ਫਿਲਮ ਨੂੰ ਅਲੱਗ ਅਲੱਗ ਸੇ.੍ਰਣੀਆਂ ਵਿਚ 10-10 ਨਾਮਜ਼ਦਗੀਆਂ ਮਿਲੀਆਂ। ‘ਏ ਸਟਾਰ ਇਜ਼ ਬੌਰਨ’ ਤੇ ‘ਵਾਈਸ’ ਨੂੰ 8 ਨਾਮਜ਼ਦਗੀਆਂ ਮਿਲੀਆਂ। ‘ਬਲੈਕ ਪੈਂਥਰ’ ਨੂੰ 7, ‘ਬਲੈਕ ਕਲੈਨਸਮੈਨ’ ਨੂੰ 6, ‘ਬੌਹੀਮਿਅਨ ਰੈਪਸੌਡੀ’ ਤੇ ‘ਗਰੀਨ ਬੁਕ’ ਨੂੰ 5-5; ‘ਫਸਟ ਮੈਨ’ ਤੇ ‘ਮੈਰੀ ਪੁਪਇਨ ਰਿਟਰਨਜ਼’ ਨੂੰ 4-4; ‘ਦੀ ਬੈਲਅਡ ਆਫ ਬੱਸਟਰ ਸਕਰਾਊਜ਼’, ‘ਕੈਨ ਯੂ ਐਵਰ ਫੋਰਗਿਵ ਮੀ’, ‘ਕੋਲਡ ਵਾਰ’, ‘ਇਫ ਬਿਏਲ ਸਟਰੀਟ ਕੁਡ ਟਾਕ’ ਨੂੰ 3-3 ਅਤੇ ‘ਆਈਲ ਆਫ ਡਾਗ’, ‘ਮੈਰੀ ਕੁਇਨ ਆਫ ਸਕਾਟ’, ‘ਨੇਵਰ ਲੁਕ ਅਵੇ’ ਤੇ ‘ਆਰ. ਬੀ. ਜੀ.’ ਨੂੰ 2-2 ਨਾਮਜ਼ਦਗੀਆਂ ਮਿਲੀਆਂ। ਇਸ ਲਈ ਹਰ ਕੈਟੇਗਰੀ ਵਿਚ ਫਿਲਮਾਂ ਦੀ ਆਪਸ ਵਿਚ ਇਨਾਮ ਜਿੱਤਣ ਲਈ ਕਾਂਟੇ ਦੀ ਟੱਕਰ ਹੈ।
ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਭਾਰਤ ਦੀ ਕੋਈ ਫਿਲਮ ‘ਆਸਕਰ ਅਵਾਰਡ’ ਲਈ ਨਾਮਜ਼ਦਗੀ ਹਾਸਿਲ ਨਹੀਂ ਕਰ ਸਕੀ। ਭਾਰਤ ਵਲੋਂ ਸਰਕਾਰੀ ਤੌਰ ‘ਤੇ ਬਿਹਤਰੀਨ ਵਿਦੇਸ਼ੀ ਫਿਲਮ ਵਰਗ ਵਿਚ ਭੇਜੀ ਗਈ ਨਿਰਦੇਸ਼ਕ ਰੀਮਾ ਦਾਸ ਦੀ ‘ਵਿਲੀਅਮਜ਼ ਰਾਕ ਸਟਾਰ’ ਫਾਈਨਲ 15 ਦੀ ਲਿਸਟ ਲਈ ਨਹੀਂ ਚੁਣੀ ਗਈ, ਪਰ ਭਾਰਤ ਦੀ ਪਿਠਭੂਮੀ ‘ਤੇ ਬਣੀ ਫਿਲਮ ‘ਪੀਰੀਅਡ-ਐਂਡ ਆਫ ਸੈਂਟੈਨਸ’ ਸ਼ਾਰਟ ਡਾਕੂਮਂੈਟਰੀ ਸ਼੍ਰੇਣੀ ਆਸਕਰ ਅਵਾਰਡ ਵਿਚ ਅੰਤਿਮ 5 ਫਿਲਮਾਂ ਵਿਚ ਥਾਂ ਬਣਾਉਣ ਵਿਚ ਕਾਮਯਾਬ ਹੋਈ ਹੈ। ਇਸ ਫਿਲਮ ਦੀ ਕਹਾਣੀ ਇਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਔਰਤਾਂ ਦੀ ਮਾਹਵਾਰੀ ਦੀ ਸਮੱਸਿਆ ਨਾਲ ਸਬੰਧਤ ਮਾਨਸਿਕ ਹਾਲਤ ‘ਤੇ ਆਧਾਰਤ ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਦਿੱਲੀ (ਭਾਰਤ) ਵਿਚ ਔਰਤਾਂ ਦੇ ਇਕ ਗਰੁਪ ਵਲੋਂ ਮਾਹਵਾਰੀ ਦੀ ਸਮੱਸਿਆ ਦੇ ਹੱਲ ਲਈ ਆਪਣੇ ਤੌਰ ‘ਤੇ ਇਕ ‘ਫਲਾਈ’ ਬਰਾਂਡ ਦਾ ਹਾਈਜੈਨਕ ਪੈਡ ਤਿਆਰ ਕਰਨ ਲਈ ਇਕ ਨਾਨ-ਪਰਾਫਿਟ ਵਪਾਰ ਸੰਗਠਨ ‘ਦੀ ਪੈਡ ਪ੍ਰਾਜੈਕਟ’ ਦਾ ਗਠਨ ਕੀਤਾ ਜਾਂਦਾ ਹੈ। ‘ਵੁਮਨ ਇੰਪਾਵਰਮੈਂਟ’ ‘ਤੇ ਬਣੀ ਇਸ ਫਿਲਮ ਦੀ ਨਿਰਦੇਸ਼ਕਾ ‘ਰਾਇਕਾ’ ਇਰਾਨੀ-ਅਮਰੀਕੀ ਹੈ ਤੇ ਲਾਸ ਏਂਜਲਸ, ਕੈਲੀਫੋਰਨੀਆ ਵਿਚ ਰਹਿੰਦੀ ਹੈ। ਇਸ ਫਿਲਮ ਦਾ ਫਾਈਨਲ ਵਿਚ ਆਉਣਾ ਇਹ ਵੀ ਸਾਬਿਤ ਕਰਦਾ ਹੈ ਕਿ ਭਾਰਤ ਵਿਚ ਵਾਪਰੀ ਇਸ ਘਟਨਾ ਨੇ ਹੋਰ ਮੁਲਕਾਂ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਕੈਟੇਗਰੀ ਵਿਚ ਇਸ ਫਿਲਮ ਤੋਂ ਇਲਾਵਾ ‘ਬਲੈਕ ਸ਼ੀਪ’, ‘ਐਂਡ ਗੇਮ’, ‘ਲਾਈਫ ਬੋਟ’, ‘ਏ ਨਾਈਟ ਐਟ ਏ ਗਾਰਡਨ’ ਹਨ।
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ ਵਿਚ ‘ਫ੍ਰੀ ਸੋਲੋ’, ‘ਹੇਲ ਕਾਊਂਟੀ ਦਿਸ ਮੌਰਨਿੰਗ, ਦਿਸ ਇਵਨਿੰਗ’, ‘ਮਾਈਡਿੰਗ ਦੀ ਗੈਪ’, ‘ਆਫ ਫਾਦਰ ਐਂਡ ਸੰਨਜ਼’ ਤੇ ‘ਆਰ. ਬੀ. ਜੀ.’ ਹਨ।
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ ਵਰਗ ਵਿਚ ‘ਫ੍ਰੀ ਸੋਲੋ’ ਤੇ ‘ਆਰ. ਬੀ. ਜੀ.’ ਦੀ ਟੱਕਰ ਹੈ, ਪਰ ਇਨਾਮ ਲਈ ਚੁਣੇ ਜਾਣ ਦੀ ਸੰਭਾਵਨਾ ‘ਫ੍ਰੀ ਸੋਲੋ’ ਦੀ ਹੈ, ਕਿਉਂਕਿ ਇਹ ਬ੍ਰਿਟਿਸ਼ ਫਿਲਮ ਐਂਡ ਟੈਲੀਵੀਜ਼ਨ ਅਵਾਰਡ (ਬਾਫਟਾ ਸੰਸਥਾ) ਵਲੋਂ ਵੀ ਇਨਾਮ ਜਿੱਤ ਚੁਕੀ ਹੈ।
ਅਡਾਪਟਿਡ ਸਕਰੀਨਪਲੇਅ ਲਈ ਨਾਮਜ਼ਦ ਹੋਏ ਹਨ, ਫਿਲਮ ‘ਦੀ ਬੈਲਅਡ ਆਫ ਬੱਸਟਰ ਸਕਰਾਊਜ਼’ ਦੇ ਲੇਖਕ ਜੋਇਲ ਕੋਇਨ ਤੇ ਏਥਿਨ ਕੋਇਨ; ‘ਬਲੈਕ ਕਲੈਨਸਮੈਨ’ ਦੇ ਲੇਖਕ ਚਾਰਲੀ ਵੈਸ਼ਟੈਲ, ਡੇਵਿਡ ਰੋਬਿਨੋਵਿਟਜ਼, ਕੈਵਿਨ ਵਿਲਮੌਟ ਤੇ ਸਪਾਈਕ ਲੀ; ‘ਕੈਨ ਯੂ ਐਵਰ ਫਾਰਗਿਵ ਮੀ’ ਦੇ ਲੇਖਕ ਨਿਕੋਲ ਤੇ ਜੈਫ ਵੀਟੀ; ‘ਇਫ ਬਿਏਲ ਸਟਰੀਟ ਕੁਡ ਟਾਕ’ ਦੇ ਲੇਖਕ ਬੈਰੀ ਜੈਨਕਿਨਜ਼ ਅਤੇ ‘ਏ ਸਟਾਰ ਇਜ਼ ਬੌਰਨ’ ਦੇ ਲੇਖਕ ਬਰੈਡਲੀ ਕੂਪਰ, ਵਿਲ ਫੇਟਰਜ਼ ਅਤੇ ਐਰਿਕ ਰੋਥ।
‘ਬਲੈਕ ਕਲੈਨਸਮੈਨ’ ਦੇ ਲੇਖਕ ਦੀ ਟੀਮ ਬਾਫਟਾ ਵਿਚ ਇਨਾਮ ਜਿੱਤ ਚੁਕੀ ਹੈ।
ਬਿਹਤਰੀਨ ਮੌਲਿਕ ਸਕੋਰ ਵਿਚ ‘ਬਲੈਕ ਪੈਂਥਰ’, ‘ਬਲੈਕ ਕਲਾਨਸਮੈਨ’, ‘ਇਫ ਬਿਏਲ ਸਟਰੀਟ ਕੁਡ ਟਾਕ’, ‘ਆਈਸਲ ਆਫ ਡਾਗ’ ਤੇ ‘ਮੈਰੀ ਪੋਪਿੰਨਜ਼ ਰਿਟਰਨਜ਼’ ਹਨ।
‘ਬਲੈਕ ਪੈਂਥਰ’ ਤੇ ‘ਇਫ ਬਿਏਲ ਸਟਰੀਟ ਕੁਡ ਟਾਕ’ ਦੇ ਇਨਾਮ ਜਿੱਤਣ ਦੀ ਸੰਭਾਵਨਾ ਵੱਧ ਹੈ।
ਬਿਹਤਰੀਨ ਮੌਲਿਕ ਗੀਤ ਸ਼੍ਰੇਣੀ ਵਿਚ ਗੀਤ ‘ਆਲ ਦੀ ਸਟਾਰ’ (ਬਲੈਕ ਪੈਂਥਰ), ‘ਆਈ ਵਿਲ ਫਾਈਟ’ (ਆਰ.ਬੀ.ਜੀ.), ‘ਦੀ ਪਲੇਸ ਵੇਅਰ ਲੋਸਟ ਥਿੰਗ ਗੋ’ (ਮੈਰੀ ਪੋਪਿੰਨਜ਼ ਰਿਟਰਨਜ਼) ਅਤੇ ‘ਸ਼ੈਲੋ’ (ਦੀ ਸਟਾਰ ਇਜ਼ ਬੌਰਨ), ‘ਵੈਨ ਏ ਕਾਓਬੁਆਏ ਟਰੇਡਜ਼ ਹਿਜ਼ ਸਪਰਸ ਫਾਰ ਵਿੰਗਜ਼’ (ਦੀ ਬੈਲਅਡ ਆਫ ਬੱਸਟਰ ਸਕਰਾਊਜ਼) ਹਨ।
‘ਸ਼ੈਲੋ’ ਗੀਤ ਦੀ ਗਾਇਕਾ ਲੇਡੀ ਗਾਗਾ ‘ਗੋਲਡਨ ਗਲੋਬ ਅਵਾਰਡ-2019’ ਵਿਚ ਇਨਾਮ ਜਿੱਤ ਚੁਕੀ ਹੈ।
ਬਿਹਤਰੀਨ ਫਿਲਮ ਅਵਾਰਡ ਦੀ ਦੌੜ ਵਿਚ ‘ਰੋਮਾ’, ‘ਦੀ ਫੇਵਰਿਟ’, ‘ਬਲੈਕ ਪੈਂਥਰ’, ‘ਬਲੈਕ ਕਲੈਨਸਮੈਨ’, ‘ਬੌਹੀਮਿਅਨ ਰੈਪਸੌਡੀ’, ‘ਗਰੀਨ ਬੁਕ’, ‘ਏ ਸਟਾਰ ਇਜ਼ ਬੌਰਨ’ ਅਤੇ ‘ਵਾਈਸ’ ਕੁਲ 8 ਫਿਲਮਾਂ ਸ਼ਾਮਲ ਹਨ।
‘ਰੋਮਾ’ ਸਭ ਤੋਂ ਅੱਗੇ ਹੈ। ਇਸ ਨੇ ਹਾਲ ਹੀ ਵਿਚ ਬ੍ਰਿਟਿਸ਼ ਫਿਲਮ ਐਂਡ ਟੈਲੀਵਿਜ਼ਨ ਅਵਾਰਡ (ਬਾਫਟਾ) ਸਮਾਰੋਹ ਵਿਚ ਬਿਹਤਰੀਨ ਫਿਲਮ ਦਾ ਇਨਾਮ ਹਾਸਿਲ ਕੀਤਾ ਹੈ। ‘ਗਰੀਨ ਬੁਕ’ ਅਤੇ ‘ਬਲੈਕ ਪੈਂਥਰ’ ਵੀ ਫਿਲਮ ਸਮੀਖਿਅਕਾਂ ਦੀ ਪਸੰਦ ਬਣੀ ਹੋਈ ਹੈ।
ਸਰਵੋਤਮ ਅਭਿਨੇਤਾ ਦੀ ਦੌੜ ਵਿਚ ਕ੍ਰਿਸੀਚੀਅਨ ਬੈਲੇ (ਵਾਈਸ), ਬਰੈਡਲੀ ਕੂਪਰ (ਏ ਸਟਾਰ ਇਜ਼ ਬੌਰਨ), ਵਿਲੀਅਮ ਡਿਫੋਏ (ਐਟ ਇਟਰਨਿਟੀ’ਜ਼ ਗੇਟ), ਰਾਮੀ ਮੈਲਿਕ (ਬੌਹੀਮਿਅਨ ਰੈਪਸੌਡੀ) ਤੇ ਵੀਗੋ ਮੋਰਟੈਨਸਨ (ਗਰੀਨ ਬੁਕ) ਸ਼ਾਮਲ ਹਨ।
ਪਰ ਕ੍ਰਿਸੀਚੀਅਨ ਬੈਲੇ ਨੂੰ ਅਵਾਰਡ ਮਿਲਣ ਦੀ ਸੰਭਾਵਨਾ ਵੱਧ ਸਮਝੀ ਜਾਂਦੀ ਹੈ। ਉਸ ਨੇ ਅਮਰੀਕੀ ਨੇਤਾ ਡਿਕ ਚੈਨੇ ਦਾ ਰੋਲ ਕੀਤਾ ਹੈ, ਜਿਸ ਨੇ ਉਸ ਵਿਚ ਜਾਨ ਪਾ ਦਿੱਤੀ ਹੈ। ਉਹ ਇਸੇ ਸਾਲ ਗੋਲਡਨ ਗਲੋਬ ਵਿਚ ਵੀ ਬਿਹਤਰੀਨ ਅਦਾਕਾਰ ਦਾ ਇਨਾਮ ਜਿੱਤ ਚੁਕਾ ਹੈ। ਉਸ ਦਾ ਨਾਂ ਸਭ ਤੋਂ ਉਪਰ ਹੈ। ਬਰੈਡਲੀ ਕੂਪਰ ਨੇ ‘ਏ ਸਟਾਰ ਇਜ਼ ਬੌਰਨ’ ਵਿਚ ਇਕ ਸ਼ਰਾਬੀ ਸੰਗੀਤਕਾਰ ਦਾ ਕਿਰਦਾਰ ਨਿਭਾ ਕੇ ਚੰਗੀ ਵਾਹ ਵਾਹ ਖੱਟੀ ਹੈ। ਇਸ ਸ਼੍ਰੇਣੀ ਵਿਚ ਐਕਟਰ ਰਾਮੀ ਮੈਲਿਕ (ਬੌਹੀਮਿਅਨ ਰੈਪਸੌਡੀ) ਦੇ ਨਾਂ ਦੀ ਵੀ ਕਾਫੀ ਚਰਚਾ ਹੈ। ਉਹ ਬਾਫਟਾ ਵਿਚ ਵੀ ਬਿਹਤਰੀਨ ਅਦਾਕਾਰ ਦਾ ਖਿਤਾਬ ਹਾਸਿਲ ਕਰ ਚੁਕੇ ਹਨ।
ਸਰਵੋਤਮ ਨਿਰਦੇਸ਼ਕ ਵਰਗ ਵਿਚ ਅਲਫਾਂਸੋ ਕੋਅਰੋਨ (ਰੋਮਾ), ਐਡਮ ਮੀਕੇਅ (ਵਾਈਸ), ਯੋਰਗੋਸ (ਦੀ ਫੇਵਰਿਟ), ਪਾਵੇਲ ਪਾਵਲਿਕੋਸਕੀ (ਕੋਲਡ ਵਾਰ), ਸਪਾਈਕ ਲੀ (ਬਲੈਕ ਕਲੈਨਸਮੈਨ) ਦੇ ਨਾਂ ਸ਼ਾਮਲ ਹਨ।
ਇਸ ਵਾਰ ਅਲਫਾਂਸੋ ਕੋਅਰੋਨ ਨੂੰ ਦਾਅਵੇਦਾਰ ਸਮਝਿਆ ਜਾ ਰਿਹਾ ਹੈ। ਉਹ ਬਾਫਟਾ ਵਿਚ ਵੀ ਬਿਹਤਰੀਨ ਨਿਰਦੇਸ਼ਕ ਦਾ ਇਨਾਮ ਜਿੱਤ ਚੁਕਾ ਹੈ। 2019 ਦੇ ਗੋਲਡਨ ਗਲੋਬ ਵਿਚ ਵੀ ਬਿਹਤਰੀਨ ਨਿਰਦੇਸ਼ਕ ਦਾ ਇਨਾਮ ਜਿੱਤ ਚੁਕਾ ਹੈ। ਉਸ ਦੇ ਨਿਰਦੇਸ਼ਨ ਦੀ ਬਹੁਤ ਚਰਚਾ ਹੈ ਕਿ ਉਸ ਨੇ 1970 ਦੇ ਸਮੇਂ ਦੇ ਮੈਕਸੀਕੋ ਦੇ ਸਭਿਆਚਾਰ ਨੂੰ ਸਰਵੋਤਮ ਤਰੀਕੇ ਨਾਲ ਫਿਲਮਬੰਦ ਕੀਤਾ ਹੈ। ਅਲਫਾਂਸੋ ਵੀ ਮੈਕਸੀਕੋ ਦਾ ਹੀ ਵਾਸੀ ਹੈ ਤੇ ਉਸ ਨੇ ਫਿਲਮ ਦੀ ਸ਼ੂਟਿੰਗ ਵੀ ਉਸੇ ਲੋਕੇਸ਼ਨ ‘ਤੇ ਕੀਤੀ ਹੈ, ਜਿਥੇ ਉਹ ਪਹਿਲਾ ਰਹਿੰਦਾ ਸੀ। ਉਹ ਪਹਿਲਾਂ ਵੀ ਮਸ਼ਹੂਰ ਫਿਲਮ ‘ਗਰੈਵਟੀ’ ਬਣਾ ਕੇ ਢੇਰ ਸਾਰੇ ਇਨਾਮ ਜਿੱਤ ਚੁਕਾ ਹੈ। ਉਸ ਨੇ ਇਹ ਫਿਲਮ ਸਪੇਸ ਬਾਰੇ ਬਣਾਈ ਸੀ, ਜਿਸ ਵਿਚ ਉਸ ਨੇ (ਓਸ਼ਨ) ਸਮੁੰਦਰ-ਸਾਗਰ ਦੀਆਂ ਲਹਿਰਾਂ ਦੇ ਸੀਨ ਬੜੇ ਖੂਬਸੂਰਤ ਤਰੀਕੇ ਨਾਲ ਫਿਲਮਾਏ ਹਨ। ਇਸ ਤੋਂ ਇਲਾਵਾ ਤਜਰਬੇਕਾਰ ਸਪਾਈਕ ਲੀ ਵੀ ਦੌੜ ਵਿਚ ਹੈ। ਪੌਲੈਂਡ ਦਾ ਨਿਰਦੇਸ਼ਕ ਪਾਵੇਲ ਵੀ ਯੂਰਪ ਵਿਚ ਬਹੁਤ ਮਸ਼ਹੂਰ ਹੈ ਤੇ ਪਿਛਲੇ ਇਕ ਦਹਾਕੇ ਤੋਂ ਕਈ ਲਾਜਵਾਬ ਫਿਲਮਾਂ ਬਣਾ ਕੇ ਨਾਮਣਾ ਖੱਟ ਚੁਕਾ ਹੈ।
ਸਰਵੋਤਮ ਅਦਾਕਾਰਾਂ ਵਿਚ ‘ਯਾਲੀਜ਼ਾ ਅਪਾਰਸੀਓ’ (ਰੋਮਾ), ‘ਗਲੈਨ ਕਲੋਜ਼’ (ਦੀ ਵਾਈਫ), ‘ਓਲੀਵਾ ਕੋਲਮੈਨ’ (ਦੀ ਫੇਵਰਿਟ), ‘ਮਲੀਸਾ ਮੈਕਰਥੀ’ (ਕੈਨ ਯੂ ਐਵਰ ਫਾਰਗਿਵ ਮੀ) ਅਤੇ ਪੌਪ ਸਿੰਗਰ ‘ਲੇਡੀ ਗਾਗਾ’ (ਏ ਸਟਾਰ ਇਜ਼ ਬੌਰਨ) ਦੇ ਨਾਂ ਸ਼ਾਮਲ ਹਨ।
ਯਾਲੀਜ਼ਾ ਅਪਾਰਸੀਓ ਨੂੰ ਉਸ ਦੀ ਅਦਾਕਾਰੀ ਲਈ ਇਸ ਅਵਾਰਡ ਦਾ ਹੱਕਦਾਰ ਮੰਨਿਆ ਜਾ ਰਿਹਾ ਹੈ। ਉਸ ਨੇ ਪਹਿਲੀ ਵਾਰ ਕਿਸੇ ਫਿਲਮ ਵਿਚ ਕੰਮ ਕੀਤਾ ਹੈ। ਨਿਰਦੇਸ਼ਕ ਅਲਫਾਂਸੋ ਨੇ ਕਈ ਮਹੀਨੇ ਕਈ ਕਲਾਕਾਰ ਦੇ ਆਡੀਸ਼ਨ ਲਏ ਪਰ ਉਸ ਨੂੰ ਕੋਈ ਵੀ ਨਾ ਜਚਿਆ। ਅਖੀਰ ਮੈਕਸੀਕੋ ਦੇ ਇਕ ਸਕੂਲ ਦੀ ਟੀਚਰ ਨੂੰ ਉਸ ਨੇ ਪੜ੍ਹਾਉਂਦਿਆਂ ਦੇਖਿਆ ਤਾਂ ਉਸ ਨੂੰ ਉਸ ਦਾ ਸੁਭਾਵਿਕ ਤਰੀਕਾ ਪਸੰਦ ਆਇਆ। ਯਾਲੀਜ਼ਾ ਅਪਾਰਸੀਓ ਨੂੰ ਫਿਲਮ ਵਿਚ ਕੰਮ ਕਰਨ ਲਈ ਮਨਾਉਣ ਲਈ ਵੀ ਬੜੀ ਮਿਹਨਤ ਕਰਨੀ ਪਈ। ਉਸ ਨੇ ਇਸ ਵਿਚ ਇਕ ਨੌਕਰਾਣੀ ਦਾ ਰੋਲ ਕੀਤਾ ਹੈ। ਉਹਨੇ ਇੰਨੇ ਸੁਭਾਵਿਕ ਤਰੀਕੇ ਨਾਲ ਇਹ ਰੋਲ ਨਿਭਾਇਆ ਹੈ ਕਿ ਪਹਿਲੀ ਹੀ ਫਿਲਮ ਵਿਚ ਆਸਕਰ ਵਰਗੇ ਵੱਕਾਰੀ ਅਵਾਰਡ ਲਈ ਸਰਵੋਤਮ ਅਦਾਕਾਰਾਂ ਦੀ ਨਾਮਜ਼ਦਗੀ ਵਿਚ ਚੁਣੀ ਗਈ। ਲੇਡੀ ਗਾਗਾ ਨੇ ਵੀ ਫਿਲਮ ‘ਏ ਸਟਾਰ ਇਜ਼ ਬੌਰਨ’ ਵਿਚ ਬਹੁਤ ਉਮਦਾ ਅਦਾਕਾਰੀ ਕੀਤੀ ਹੈ। ਉਸ ਨੇ ਇਸ ਫਿਲਮ ਵਿਚ ਇਕ ਨਵੀਂ ਗਾਇਕਾ ਦਾ ਰੋਲ ਕੀਤਾ ਹੈ ਅਤੇ ਇਕ ਸਟਾਰ ਗਾਇਕਾ ਹੁੰਦਿਆਂ ਇਸ ਗੱਲ ਦਾ ਖਿਆਲ ਰਖਿਆ ਕਿ ਉਸ ਦੇ ਹਾਵ-ਭਾਵ ਇਕ ਸਟਾਰ ਵਾਂਗ ਮਹਿਸੂਸ ਨਾ ਹੋਣ ਤੇ ਫਿਲਮ ਦਾ ਕਿਰਦਾਰ ਸੁਭਾਵਿਕ ਨਜ਼ਰ ਆਵੇ। ਇਸ ਦੌੜ ਵਿਚ 7 ਵਾਰ ਆਸਕਰ ਨਾਮਜ਼ਦਗੀਆਂ ਵਿਚ ਆਉਣ ਵਾਲੀ ‘ਗਲੈਨ ਕਲੋਜ਼’ (ਦੀ ਵਾਈਫ) ਦੀ ਵੀ ਖੂਬ ਚਰਚਾ ਹੈ। ਉਹ ਇਸ ਸਾਲ ਗੋਲਡਨ ਗਲੋਬ ਵਿਚ ਸਰਵੋਤਮ ਅਦਾਕਾਰਾ ਦਾ ਇਨਾਮ ਜਿੱਤ ਚੁਕੀ ਹੈ। ‘ਓਲੀਵਾ ਕੋਲਮੈਨ’ (ਦੀ ਫੇਵਰਿਟ) ਬਾਫਟਾ-2019 ਵਿਚ ਬਿਹਤਰੀਨ ਅਦਾਕਾਰਾ ਦਾ ਖਿਤਾਬ ਹਾਸਿਲ ਕਰ ਚੁਕੀ ਹੈ।
ਬਿਹਤਰੀਨ ਸਹਾਇਕ ਅਭਿਨੇਤਾ ਦੀ ਦੌੜ ਵਿਚ ਮਾਹੇਰਸ਼ਾਲਾ ਅਲੀ (ਗਰੀਨ ਬੁਕ), ਐਡਮ ਡਰਾਈਵਰ (ਬਲੈਕ ਕਲਨੈਸਮੈਨ), ਸੈਮ ਇਲੀਅਟ (ਏ ਸਟਾਰ ਇਜ਼ ਬੌਰਨ), ਰਿਚਰਡ ਈ. ਗਰਾਂਟ (ਕੈਨ ਯੂ ਐਵਰ ਫਾਰਗਿਵ ਮੀ) ਅਤੇ ਸੈਮ ਰੌਕਵੈਲ (ਵਾਈਸ) ਸ਼ਾਮਲ ਹਨ। ਮਾਹੇਰਸ਼ਾਲਾ ਅਲੀ ਨੂੰ ਅਵਾਰਡ ਮਿਲਣ ਦੀ ਸੰਭਾਵਨਾ ਵੱਧ ਸਮਝੀ ਜਾ ਰਹੀ ਹੈ। ਉਹ ਇਸ ਸਾਲ ਗੋਲਡਨ ਗਲੋਬ ਵਿਚ ਸਰਵੋਤਮ ਸਹਾਇਕ ਅਦਾਕਾਰ ਦਾ ਇਨਾਮ ਜਿੱਤ ਚੁਕਾ ਹੈ। ਬਾਫਟਾ ਵਿਚ ਵੀ ਬਿਹਤਰੀਨ ਸਹਾਇਕ ਐਕਟਰ ਦਾ ਖਿਤਾਬ ਹਾਸਿਲ ਕਰ ਚੁਕਾ ਹੈ, ਪਰ ਆਸਕਰ ਅਵਾਰਡ ਵਿਚ ਰਿਚਰਡ ਈ. ਗਰਾਂਟ ਅਤੇ ਸੈਮ ਰੌਕਵੈਲ ਵੀ ਦੌੜ ਵਿਚ ਕਾਫੀ ਨਜ਼ਦੀਕ ਸਮਝੇ ਜਾ ਰਹੇ ਹਨ।
ਸਰਵੋਤਮ ਸਹਾਇਕ ਅਭਿਨੇਤਰੀ ਵਰਗ ਵਿਚ ਐਮੀ ਐਡਮ (ਵਾਈਸ), ਮੈਰੀਨਾ ਡੀ ਟਾਵੀਰਾ, (ਰੋਮਾ), ਰਾਜੀਨਾ ਕਿੰਗ (ਇਫ ਬਿਏਲ ਸਟਰੀਟ ਕੁਡ ਟਾਕ), ਇਮਾ ਸਟੋਨ (ਦੀ ਫੇਵਰਿਟ) ਅਤੇ ਰੇਚਲ ਵਾਈਜ਼ (ਦੀ ਫੇਵਰਿਟ) ਦੇ ਨਾਂ ਸ਼ਾਮਲ ਹਨ। ਰਾਜੀਨਾ ਕਿੰਗ ਦੇ ਇਨਾਮ ਜਿੱਤਣ ਬਾਰੇ ਚਰਚਾ ਹੈ। ਰੇਚਲ ਵਾਈਜ਼ ਵੀ ਪੁਰਸਕਾਰ ਲਈ ਹੱਕਦਾਰ ਸਮਝੀ ਜਾ ਰਹੀ ਹੈ। ਉਸ ਨੇ ਬਾਫਟਾ ਵਿਚ ਵੀ ਬਿਹਤਰੀਨ ਸਹਾਇਕ ਅਭਿਨੇਤਰੀ ਦਾ ਖਿਤਾਬ ਹਾਸਿਲ ਕੀਤਾ ਹੈ। ਮੈਰੀਨਾ ਡੀ ਟਾਵੀਰਾ ਦੇ ਨਾਂ ਦੀ ਵੀ ਚਰਚਾ ਹੈ।
ਬਿਹਤਰੀਨ ਮੌਲਿਕ ਪਟਕਥਾ ਵਰਗ ਵਿਚ ਫਿਲਮ ‘ਦੀ ਫੇਵਰਿਟ’ ਦੇ ਲੇਖਕ ਡੈਬੋਰਾਹ ਡੇਵਿਸ ਤੇ ਟੋਨੀ ਮੈਕਨੇਮਾਰਾ; ‘ਫਸਟ ਰਿਫਾਰਮਡ’ ਦੇ ਪਾਲ ਸ਼ਰੈਡਰ; ‘ਗ੍ਰੀਨ ਬੁਕ’ ਦੇ ਨਿੱਕ ਵੈਲੇਲੌਂਗਾ, ਬਰਾਇਨ ਹੇਅਜ਼ ਤੇ ਪੀਟਰ ਫਾਰੈਲੀ; ‘ਰੋਮਾ’ ਦੇ ਅਲਫਾਂਸੋ ਕੋਅਰੋਨ ਅਤੇ ਫਿਲਮ ‘ਵਾਈਸ’ ਦੇ ਐਡਮ ਮੀਕੇਅ।
ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ, ‘ਦੀ ਫੇਵਰਿਟ’ ਦੇ ਲੇਖਕ ਡੈਬੋਰਾਹ ਡੇਵਿਸ ਦਾ ਸਕਰੀਨ ਪਲੇਅ, ਪਰ ਇਸ ਨੂੰ ਟੱਕਰ ਦੇ ਰਹੇ ਹਨ ਫਿਲਮ ‘ਗ੍ਰੀਨ ਬੁਕ’ ਦੇ ਨਿੱਕ ਵੈਲੇਲੌਂਗਾ, ਬਰਾਇਨ ਹੇਅਜ਼ ਤੇ ਪੀਟਰ ਫਾਰੈਲੀ ਅਤੇ ‘ਰੋਮਾ’ ਦੇ ਅਲਫਾਂਸੋ ਕੋਅਰੋਨ।
ਬਿਹਤਰੀਨ ਐਨੀਮੇਸ਼ਨ ਫੀਚਰ ਫਿਲਮ ਵਰਗ ਵਿਚ ‘ਇਨਕ੍ਰਿਡੀਬਲ-2’, ‘ਆਈਸਲ ਆਫ ਡਾਗ’, ‘ਮੀਰਾਏ’, ‘ਰੱਲਫ ਬਰੈਕ ਦੀ ਇੰਟਰਨੈਟ’, ‘ਸਪਾਈਡਰ ਮੈਨ: ਇਨ ਟੂ ਸਪਾਈਡਰ ਵਰਸ’ ਸ਼ਾਮਲ ਹਨ, ਪਰ ‘ਸਪਾਈਡਰ ਮੈਨ: ਇਨ ਟੂ ਸਪਾਈਡਰ ਵਰਸ’ ਕਾਫੀ ਅੱਗੇ ਹੈ।
ਬੈਸਟ ਐਨੀਮੇਟਡ ਸ਼ਾਰਟ ਫਿਲਮਾਂ ਵਿਚ ‘ਐਨੀਮਲ ਬੇਹਵੀਅਰ’, ‘ਬਾeੋ’, ‘ਲੇਟ ਆਫਟਰਨੂਨ’, ‘ਵਨ ਸਮਾਲ ਸਟੈਪ’ ਤੇ ‘ਵੀਕਐਂਡ’ ਨਾਮਜ਼ਦ ਹਨ। ਬੈਸਟ ਲਾਈਵ ਐਕਸ਼ਨ ਸ਼ਾਰਟ ਮੂਵੀ ਵਿਚ ‘ਡੀਟੇਨਮੈਂਟ’, ‘ਫਾਓਵ’ ਾਂਅੁਵe, ‘ਮਰਗੁਰਾਈਟ’, ‘ਵਨ ਸਮਾਲ ਸਟੈਪ’ ਅਤੇ ‘ਸਕਿਨ’ ਨਾਮਜ਼ਦ ਹਨ।
ਬੈਸਟ ਵਿਜ਼ੁਅਲ ਅਫੈਕਟਸ ਮੂਵੀ ਵਿਚ ‘ਅਵੈਂਜਰਜ਼: ਇਨਫਿਨਿਟੀ ਵਾਰ’, ‘ਕ੍ਰਿਸਟੋਫਰ ਰੌਬਿਨ’, ‘ਫਸਟ ਮੈਨ ਰੈਡੀ’, ‘ਪਲੇਅਰ ਵਨ’, ‘ਸੋਲੋ: ਏ ਸਟਾਰ ਵਾਰਸ ਸਟੋਰੀ’ ਸ਼ਾਮਲ ਹਨ।
ਬਿਹਤਰੀਨ ਵਿਦੇਸ਼ੀ ਭਾਸ਼ਾ ਫਿਲਮ ਵਰਗ ਵਿਚ ‘ਕੈਪਰਨੌਮ’ (ਲੈਬਨਾਨ), ਕੋਲਡ ਵਾਰ (ਪੋਲੈਂਡ), ਨੈਵਰ ਲੁਕ ਅਵੇ (ਜਰਮਨ), ਸ਼ਾਪ ਲਿਫਟਰ (ਜਪਾਨ) ਅਤੇ ਰੋਮਾ (ਮੈਕਸਿਕੋ) ਫਿਲਮਾਂ ਦੌੜ ਵਿਚ ਹਨ, ਪਰ ‘ਰੋਮਾ’ ਜ਼ੋਰਦਾਰ ਦਾਅਵੇਦਾਰ ਲੱਗ ਰਹੀ ਹੈ। ਜਪਾਨ ਦੀ ‘ਸ਼ਾਪ ਲਿਫਟਰ’ ਇਕ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਵਲੋਂ ਸ਼ਾਪ ਲਿਫਟਰ ਬਣਨ ਦੀ ਕਹਾਣੀ ‘ਤੇ ਆਧਾਰਤ ਹੈ। ਇਸ ਫਿਲਮ ਦੀ ਕਹਾਣੀ ਕਾਫੀ ਪਸੰਦ ਕੀਤੀ ਜਾ ਰਹੀ ਹੈ।
ਬਿਹਤਰਨੀਨ ਸਿਨੇਮਾਟੋਗ੍ਰਾਫੀ ਵਿਚ ‘ਕੋਲਡ ਵਾਰ’, ‘ਦੀ ਫੇਵਰਿਟ’, ’ਨੈਵਰ ਲੁਕ ਅਵੇ’, ‘ਏ ਸਟਾਰ ਇਜ਼ ਬੌਰਨ’ ਅਤੇ ‘ਰੋਮਾ’ ਨਾਮਜ਼ਦ ਹੋਈਆਂ ਹਨ। ਇਨ੍ਹਾਂ ਫਿਲਮਾਂ ਵਿਚੋਂ ‘ਰੋਮਾ’ ਦੇ ਮੋਰਚਾ ਮਾਰ ਲੈਣ ਦੀ ਸੰਭਾਵਨਾ ਵੱਧ ਹੈ, ਕਿਉਂਕਿ ਇਸ ਦੇ ਨਿਰਦੇਸ਼ਕ ਅਲਫਾਂਸੋ ਨੇ ਖੁਦ ਕੈਮਰਾ ਵੀ ਆਪ ਸੰਭਾਲਿਆ ਹੈ ਤੇ ਫਿਲਮ ਸ਼ੂਟ ਕਰਨ ਲਈ ਕਈ ਨਵੇਂ ਐਂਗਲ ਪ੍ਰਯੋਗ ਕਰ ਕੇ ਚੰਗੀ ਵਾਹਵਾ ਖੱਟੀ ਹੈ। ‘ਦੀ ਫੇਵਰਿਟ’ ਅਤੇ ‘ਕੋਲਡ ਵਾਰ’ ਦੀ ਸਿਨੇਮਾਟੋਗ੍ਰਾਫੀ ਵੀ ਕਾਫੀ ਲਾਜਵਾਬ ਹੈ।
ਬਿਹਤਰੀਨ ਫਿਲਮ ਐਡਿਟਿੰਗ ਵਿਚ ‘ਬਲੈਕ ਕਲੈਨਸਮੈਨ’ (ਬੈਰੀ ਅਲੈਗਜ਼ੈਂਡਰ ਬਰਾਊਨ), ‘ਬੌਹੀਮਿਅਨ ਰੈਪਸੌਡੀ’ (ਜੌਹਨ ਓਟਮੈਨ), ‘ਦੀ ਫੇਵਰਿਟ’ (ਯੋਰਗੋਸ ਮੈਵਰੋਪਸਾਰੀਡੀਜ਼), ‘ਗਰੀਨ ਬੁਕ’ (ਪੈਟਰਿਕ ਜੇ. ਡੌਨ ਵਿਟੋ) ਅਤੇ ‘ਵਾਈਸ’ (ਹੈਂਕ ਕੌਰਵਿਨ) ਨਾਮਜ਼ਦ ਹੋਈਆਂ ਹਨ। ਇਸ ਵਰਗ ਵਿਚ ਹਰ ਮੂਵੀ ਇਕ-ਦੂਜੇ ‘ਤੇ ਭਾਰੂ ਹੈ। ਸਾਰੇ ਹੀ ਐਡੀਟਰ ਬਹੁਤ ਹੀ ਤਜਰਬੇਕਾਰ ਤੇ ਹਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਵਿਚ ਆਪਣਾ ਯੋਗਦਾਨ ਪਾ ਚੁਕੇ ਹਨ। ਫਿਲਮ ‘ਵਾਈਸ’ ਦੇ ‘ਹੈਂਕ ਕੋਰਵਿਨ’ ਬਾਫਟਾ 2019 ਵਿਚ ਇਨਾਮ ਹਾਸਿਲ ਕਰ ਚੁਕੇ ਹਨ। ਆਸਕਰ ਵਿਚ ਫਿਲਮ ‘ਗਰੀਨ ਬੁਕ’ ਦੇ ਜੇ ਡਾਨ ਵੀਟੋ ਦੇ ਇਨਾਮ ਲੈਣ ਦੀ ਭਰਵੀਂ ਚਰਚਾ ਹੈ।
ਪ੍ਰੋਡਕਸ਼ਨ ਡਿਜ਼ਾਈਨ ਵਿਚ ਫਿਲਮ ‘ਬਲੈਕ ਪੈਥਂਰ’ (ਹਨਾਹ ਬੀਚਲਰ ਤੇ ਜੇ ਹਾਰਟ), ‘ਦੀ ਫੇਵਰਿਟ’ (ਫਿਓਨਾ ਕਰੌਂਬੀ ਅਤੇ ਐਲਿਸ ਫੈਲਟਨ), ‘ਫਸਟ ਮੈਨ’ (ਨਾਥਨ ਕਰਾਉਲੀ ਅਤੇ ਕੈਥੀ ਲੁਕਸ), ‘ਮੈਰੀ ਪੌਪਿੰਨਜ਼ ਰਿਟਰਨਸ’ (ਜੌਹਨ ਮਾਇਰ ਅਤੇ ਗੌਰਡਨ ਸਿਮ) ਅਤੇ ‘ਰੋਮਾ’ (ਯੂਜੀਨਿਓ ਅਤੇ ਬਾਬਰਾ ਐਨਰਿਕੁਏਜ਼) ਨਾਮਜ਼ਦ ਹੋਈਆਂ ਹਨ।
‘ਬਲੈਕ ਪੈਥਂਰ’ ਲਈ ਬਹੁਤ ਆਲੀਸ਼ਾਨ ਸੈਟ ਲਾਏ ਗਏ ਸਨ ਅਤੇ ‘ਦੀ ਫੇਵਰਿਟ’ ਦੇ ਦ੍ਰਿਸ਼ਾਂ ਲਈ ਵੀ ਵਿਸ਼ੇਸ਼ ਸੈਟ ਤਿਆਰ ਕੀਤੇ ਗਏ ਸਨ। ‘ਰੋਮਾ’ ਵਿਚ ਸੰਨ 1970 ਦਾ ਸਮਾਂ ਦਿਖਾਉਣ ਲਈ ਅਤੇ ਸਮੁੰਦਰ ਦੇ ਦ੍ਰਿਸ਼ਾਂ ਲਈ ਟੈਕਨੀਕਲ ਟੀਮ ਨੇ ਵੱਖਰੀ ਕਿਸਮ ਦੀ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ।
ਕਾਸਟਿਊਮ ਡਿਜ਼ਾਈਨ ਵਿਚ ‘ਦੀ ਬੈਲਾਡ ਆਫ ਬਸਟਰ ਸਕਰਗਜ਼’ (ਮੈਰੀ ਜ਼ੋਫਰਜ਼), ‘ਬਲੈਕ ਪੈਥਂਰ’ (ਰੂਥ ਈ. ਕਾਰਟਰ), ‘ਦੀ ਫੇਵਰਿਟ’ (ਸੈਂਡੀ ਪਾਵੇਲ), ‘ਮੈਰੀ ਪੌਪਿੰਨਜ਼ ਰਿਟਰਨਜ਼’ (ਸੈਂਡੀ ਪਾਵੇਲ) ਅਤੇ ‘ਮੈਰੀ ਕੁਈਨ ਆਫ ਸਕਾਟਸ’ (ਅਲੈਗਜ਼ੈਂਡਰਾ ਬਾਇਰਨ) ਹਨ। ‘ਬਲੈਕ ਪਂੈਥਂਰ’ ਵਿਚ ਵਿਸ਼ੇਸ਼ ਡਿਜ਼ਾਈਨਰ ਕੋਲੋਂ ਉਸੇ ਸਟਾਈਲ ਦੇ ਕੱਪੜਿਆਂ ਵਿਚ ਬੜੀ ਮਿਹਨਤ ਕੀਤੀ ਗਈ ਹੈ ਅਤੇ ‘ਦੀ ਫੇਵਰਿਟ’ ਵਿਚ ਵੀ ਮਹਿੰਗੀਆਂ ਡਰੈਸਾਂ ਦਾ ਇਸਤੇਮਾਲ ਕੀਤਾ ਹੈ।
ਬੈਸਟ ਮੈਕਅਪ ਤੇ ਹੇਅਰ ਸਟਾਈਲ ਦੇ ਮੁਕਾਬਲੇ ਵਿਚ ਫਿਲਮ ‘ਬਾਰਡਰ’, ‘ਮੈਰੀ ਕੁਈਨ ਆਫ ਸਕਾਟਸ’ ਅਤੇ ‘ਵਾਈਸ’ ਸ਼ਾਮਲ ਹਨ। ਫਿਲਮ ‘ਵਾਈਸ’ ਵਿਚ ਅਮਰੀਕਾ ਦੇ ਨੇਤਾ ਡਿਕ ਚੇਨੇ ਦੀ ਲੁਕ ਦੇਣ ਲਈ ਕਲਾਕਾਰ ਕ੍ਰਿਸ਼ੀਟੀਅਨ ਬੈਲੇ ਦੇ ਮੈਕਅਪ ‘ਤੇ ਬਹੁਤ ਮਿਹਨਤ ਕੀਤੀ ਗਈ ਹੈ।
ਸਾਊਂਡ ਮਿਕਸਿੰਗ ਵਿਚ ‘ਬਲੈਕ ਪੈਂਥਰ’, ‘ਫਸਟ ਮੈਨ’, ‘ਏ ਸਟਾਰ ਇਜ਼ ਬੌਰਨ’, ‘ਬੌਹੀਮਿਅਨ ਰੈਪਸੌਡੀ’ ਅਤੇ ‘ਰੋਮਾ’ ਦਾ ਮੁਕਾਬਲਾ ਹੈ। ‘ਬੌਹੀਮਿਅਨ ਰੈਪਸੌਡੀ’ ਤੇ ‘ਫਸਟ ਮੈਨ’ ਅੱਗੇ ਹਨ। ‘ਏ ਸਟਾਰ ਇਜ਼ ਬੌਰਨ’ ਅਤੇ ‘ਰੋਮਾ’ ਵੀ ਇਨਾਮ ਜਿੱਤ ਸਕਦੀਆਂ ਹਨ।
ਸਾਊਂਡ ਐਡਿਟਿੰਗ ਵਿਚ ‘ਬਲੈਕ ਪੈਂਥਰ’, ‘ਫਸਟ ਮੈਨ’, ‘ਏ ਕੁਆਇਟ ਪਲੇਸ’, ‘ਬੌਹੀਮਿਅਨ ਰੈਪਸੌਡੀ’ ਅਤੇ ‘ਰੋਮਾ’ ਹਨ। ‘ਫਸਟ ਮੈਨ’, ‘ਏ ਕੁਆਇਟ ਪਲੇਸ’ ਅਤੇ ‘ਰੋਮਾ’ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਇਨਾਮ ਦੀਆਂ ਹੱਕਦਾਰ ਸਮਝੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਆਸਕਰ ਅਵਾਰਡ ਦਾ 200 ਦੇਸ਼ਾਂ ਵਿਚ ਸਿੱਧਾ ਪ੍ਰਸਾਰਨ ਹੁੰਦਾ ਹੈ ਤੇ ਕਰੋੜਾਂ ਲੋਕ ਇਸ ਪ੍ਰੋਗਰਾਮ ਨੂੰ ਦੇਖਣ ਲਈ ਟੀ. ਵੀ. ਨਾਲ ਜੁੜੇ ਹੁੰਦੇ ਹਨ। ਦੁਨੀਆਂ ਦੇ ਨਾਮੀ ਫਿਲਮੀ ਕਲਾਕਾਰ ਤੇ ਸਟਾਰ, ਜਿਨ੍ਹਾਂ ਦੀ ਇਕ ਝਲਕ ਦੇਖਣ ਲਈ ਪ੍ਰਸ਼ੰਸਕ ਤਰਸਦੇ ਹਨ, ਉਹ ਵੀ ਇਹ ਅਵਾਰਡ ਪ੍ਰਾਪਤ ਕਰਨ ਲਈ ਬੇਤਾਬ ਰਹਿੰਦੇ ਹਨ। 91ਵੇਂ ਆਸਕਰ ਅਵਾਰਡ ਦਾ ਸਿੱਧਾ ਪ੍ਰਸਾਰਨ ਐਤਵਾਰ, 24 ਫਰਵਰੀ ਨੂੰ ਸ਼ਾਮ 5 (ਪੈਸੇਪਿਕ ਟਾਈਮ) ਅਤੇ ਸ਼ਾਮ 7 ਵਜੇ (ਸੈਂਟਰਲ ਟਾਈਮ) ਏ. ਬੀ. ਸੀ. ਚੈਨਲ ‘ਤੇ ਦਿਖਾਇਆ ਜਾਏਗਾ।