ਸੁਰਾਂ ਦੀ ਰਾਣੀ ਸੁਰਿੰਦਰ ਕੌਰ

ਮਨਦੀਪ ਸਿੰਘ ਸਿੱਧੂ
ਫੋਨ: +91-97805-09545
20ਵੀਂ ਸਦੀ ਦੀ ਮਕਬੂਲ ਲੋਕ ਫਨਕਾਰਾ ਵਜੋਂ ਲੱਖਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਸੁਰਿੰਦਰ ਕੌਰ ਦੀ ਪੰਜਾਬੀ ਲੋਕ ਸੰਗੀਤ ਅਤੇ ਫਿਲਮ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ। ਸੁਰਿੰਦਰ ਕੌਰ ਦੀ ਪੈਦਾਇਸ਼ 25 ਨਵੰਬਰ 1929 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਸਿੱਖ ਪਰਿਵਾਰ ਵਿਚ ਹੋਈ। ਉਨ੍ਹਾਂ ਦੇ ਪਿਤਾ ਬਿਸ਼ਨ ਦਾਸ ਚੌਹਾਨ ਸਰਕਾਰੀ ਕਾਲਜ ਲਾਹੌਰ ਵਿਖੇ ਕੈਮਿਸਟਰੀ ਦੇ ਪ੍ਰੋਫੈਸਰ ਸਨ ਅਤੇ ਮਾਤਾ ਮਾਇਆ ਦੇਵੀ ਘਰੇਲੂ ਔਰਤ ਸੀ।

ਸੁਰਿੰਦਰ ਕੌਰ ਤੋਂ ਪਹਿਲਾਂ ਤਿੰਨ ਧੀਆਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਦੀ ਆਮਦ ਹੋ ਚੁੱਕੀ ਸੀ ਅਤੇ ਉਸ ਤੋਂ ਬਾਅਦ ਮਨਜੀਤ ਕੌਰ ਨੇ ਜਨਮ ਲਿਆ। ਸੁਰਿੰਦਰ ਕੌਰ ਦੇ ਪੰਜ ਭਰਾ ਸਨ। 10 ਭੈਣ-ਭਰਾਵਾਂ ਦੀ ਲਾਡਲੀ ਸੀ ‘ਛਿੰਦੋ’ ਉਰਫ ਸੁਰਿੰਦਰ ਕੌਰ ਨੂੰ ਸੰਗੀਤ ਦੀ ਗੁੜ੍ਹਤੀ ਬਚਪਨ ਵਿਚ ਘਰੋਂ ਮਿਲੀ ਸੀ। ਉਸ ਤੋਂ 10 ਵਰ੍ਹੇ ਵੱਡੀ ਪ੍ਰਕਾਸ਼ ਕੌਰ (1919) ਪਹਿਲਾਂ ਹੀ ਗਾਇਕੀ ਦੇ ਪਿੜ ਵਿਚ ਨਿੱਤਰ ਚੁੱਕੀ ਸੀ।
ਸੁਰਿੰਦਰ ਕੌਰ ਨੇ ਚੌਬੁਰਜੀ ਹਾਈ ਸਕੂਲ ਲਾਹੌਰ ਤੋਂ ਦਸਵੀਂ ਕੀਤੀ। ਸੰਗੀਤ ਦੀ ਤਾਲੀਮ ਬੜੇ ਗ਼ੁਲਾਮ ਅਲੀ ਖਾਨ ਸਾਹਿਬ ਅਤੇ ਫਿਰ ਇਨ੍ਹਾਂ ਦੇ ਭਾਣਜੇ ਮਾਸਟਰ ਇਨਾਇਤ ਹੁਸੈਨ ਤੋਂ ਕਲਾਸਕੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਇਨ੍ਹਾਂ ਸੰਗੀਤ ਮਾਹਰੀਨਾਂ ਤੋਂ ਇਲਾਵਾ ਉਸ ਨੇ ਉਸਤਾਦ ਨਿਆਜ਼ ਹੁਸੈਨ, ਅਬਦੁੱਲ ਰਹਿਮਾਨ ਖਾਨ, ਰਾਮ ਸ਼ਰਨ ਦਾਸ, ਸਤੀਸ਼ ਭਾਟੀਆ, ਕੁੰਦਨ ਲਾਲ ਘੋਸ਼, ਸੁਰਿੰਦਰ ਸੋਨੀ ਅਤੇ ਮਨੀ ਪ੍ਰਸ਼ਾਦ ਪਾਸੋਂ ਵੀ ਇਲਮ ਹਾਸਲ ਕੀਤਾ। ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਵਿਚ ਅਨੋਖੀ ਕਸ਼ਿਸ਼ ਸੀ ਜੋ ਸਰੋਤਿਆਂ ਨੂੰ ਰੂਹ ਦੀ ਗਹਿਰਾਈ ਤਕ ਅਸਰ ਕਰਦੀ ਸੀ। ਇਹ ਦੋਵੇਂ ਭੈਣਾਂ ਮਾਪਿਆਂ ਤੋਂ ਚੋਰੀ ਲੋਕ ਗੀਤ ਗਾਉਂਦੀਆਂ ਰਹਿੰਦੀਆਂ ਸਨ। ਇੰਜ ਇਨ੍ਹਾਂ ਦੀ ਆਵਾਜ਼ ਦਾ ਜਾਦੂ ਰੇਡੀਓ ਸਟੇਸ਼ਨ ਤਕ ਵੀ ਜਾ ਪਹੁੰਚਿਆ।
ਸੁਰਿੰਦਰ ਕੌਰ ਨੇ ਰੇਡੀਓ ਆਡੀਸ਼ਨ ਟੈਸਟ ਬੜੀ ਆਸਾਨੀ ਨਾਲ ਪਾਸ ਕਰ ਲਿਆ। 13 ਸਾਲਾਂ ਦੀ ਉਮਰ ‘ਚ ਉਸ ਦੀ ਆਵਾਜ਼ 30 ਅਗਸਤ 1943 ਨੂੰ ਪਹਿਲੀ ਵਾਰ ਆਲ ਇੰਡੀਆ ਰੇਡੀਓ ਲਾਹੌਰ ਦੀਆਂ ਫਿਜ਼ਾਵਾਂ ਵਿਚ ਗੂੰਜੀ। ਮਾਸਟਰ ਇਨਾਇਤ ਹੁਸੈਨ ਦੀਆਂ ਦਿਲਕਸ਼ ਧੁਨਾਂ ‘ਤੇ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਗਾਏ ਗੀਤ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗੱਲੜੀਆਂ’ ਨੇ ਹਰ ਪਾਸੇ ਧੁੰਮਾਂ ਪਾ ਦਿੱਤੀਆਂ। ਇਸ ਤੋਂ ਬਾਅਦ ਸੁਰਿੰਦਰ ਕੌਰ ਨੇ ਤਕਰੀਬਨ 2000 ਲੋਕ ਗੀਤ, ਗ਼ਜ਼ਲਾਂ, ਧਾਰਮਿਕ ਗੀਤ ਤੇ ਸ਼ਬਦ ਗਾਏ। ਉਸ ਦੇ ਗਾਏ ਮਕਬੂਲ ਲੋਕ ਗੀਤਾਂ ਦੇ ਬੋਲ ਹਨ: ‘ਛੱਤੇ ‘ਤੇ ਦੋ ਮੱਖੀਆਂ ਨੀ ਮਾਂ’, ‘ਆ ਮਿਲ ਮੇਰਿਆ ਮਾਹੀਆ ਵੇ’, ‘ਉਏ ਕਾਵਾਂ ਰੁੜ੍ਹ-ਪੁੜ ਜਾਣਿਆਂ’, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’, ‘ਮੇਰੇ ਲੌਂਗ ਨੂੰ ਲਵਾਦੇ ਹੀਰਾ’, ‘ਚੰਨ ਕਿੱਥਾਂ ਗ਼ੁਜ਼ਾਰੀ ਆਈ ਰਾਤ ਵੇ’, ‘ਇਕ ਮੇਰੀ ਅੱਖ ਕਾਸ਼ਨੀ’, ‘ਮਧਾਣੀਆਂ ਹਾਏ ਓਏ ਮੇਰੇ ਡਾਢਿਆ ਰੱਬਾ’, ‘ਮੈਨੂੰ ਹੀਰੇ-ਹੀਰੇ ਆਖੇ’, ‘ਖਤ ਆਇਆ ਸੋਹਣੇ ਸੱਜਣਾ ਦਾ’ (ਗ਼ਜ਼ਲ), ‘ਦਿਓਰ ਦੀ ਜਵਾਨੀ ਨੇ’ (ਗ਼ਜ਼ਲ) ਆਦਿ ਤੋਂ ਇਲਾਵਾ ਪ੍ਰਕਾਸ਼ ਕੌਰ ਨਾਲ ‘ਹਾਏ ਨਾ ਵੱਸ ਓਏ ਨਾ ਵੱਸ ਬੱਦਲਾ’, ‘ਸੂਹੇ ਵੇ ਚੀਰੇ ਵਾਲਿਆ’, ‘ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ’, ‘ਬਾਜਰੇ ਦਾ ਸਿੱਟਾ’, ‘ਮਾਛੀਵਾੜੇ ਵਿਚ ਬੈਠਾ ਸ਼ਹਿਨਸ਼ਾਹ ਜਹਾਨ ਦਾ’, ‘ਸੂਲਾਂ ‘ਤੇ ਸੌਂ ਗਿਆ ਆਣ ਕੇ’ ਆਦਿ।
1947 ਵਿਚ ਮੁਲਕ ਤਕਸੀਮ ਹੋ ਗਿਆ ਅਤੇ ਇਨ੍ਹਾਂ ਦਾ ਪਰਿਵਾਰ ਲਾਹੌਰ ਤੋਂ ਦਿੱਲੀ ਆਣ ਵੱਸਿਆ। ਸੁਰਿੰਦਰ ਕੌਰ ਦਾ ਵਿਆਹ 19 ਸਾਲ ਦੀ ਉਮਰ ਵਿਚ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ 29 ਜਨਵਰੀ 1948 ਨੂੰ ਸਾਹਿਬਾਬਾਦ, ਦਿੱਲੀ ਵਿਖੇ ਹੋਇਆ।
ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨੂੰ ਮਿਲਣ ਜਦੋਂ ਸੁਰਿੰਦਰ ਕੌਰ ਬੰਬਈ ਗਈ ਤਾਂ ਉਥੇ ਉਸ ਦੀ ਮੁਲਾਕਾਤ ਭਾਈ ਗ਼ੁਲਾਮ ਹੈਦਰ, ਅੰਮ੍ਰਿਤਸਰੀ ਨਾਲ ਹੋਈ ਜੋ ਲਾਹੌਰ ਦੇ ਦਿਨਾਂ ਤੋਂ ਉਨ੍ਹਾਂ ਦੇ ਚੰਗੇ ਵਾਕਿਫ ਸਨ। ਉਨ੍ਹਾਂ ਸੁਰਿੰਦਰ ਕੌਰ ਨੂੰ ਆਪਣੀ ਫਿਲਮ ‘ਸ਼ਹੀਦ’ (1948) ‘ਚ ਗਾਉਣ ਦਾ ਸੱਦਾ ਦਿੱਤਾ; ਹਾਲਾਂਕਿ ਇਸ ਤੋਂ ਪਹਿਲਾਂ ਵੀ ਲਾਹੌਰ ‘ਚ ਰਹਿੰਦਿਆਂ ਸੁਰਿੰਦਰ ਕੌਰ ਭਾਈ ਗ਼ੁਲਾਮ ਹੈਦਰ ਦੇ ਸੰਗੀਤ ਵਿਚ ਫਜ਼ਲੀ ਫਿਲਮਜ਼, ਬੰਬੇ ਦੀ ਫਿਲਮ ‘ਮਹਿੰਦੀ’ (1947) ਵਿਚ ਮੁਨੱਵਰ ਸੁਲਤਾਨਾ ਨਾਲ ਦੋਗਾਣਾ ‘ਚਾਂਦ ਰਾਤ ਆਈ’ ਵੀ ਗਾ ਚੁੱਕੀ ਸੀ। ਫਿਲਮ ‘ਸ਼ਹੀਦ’ ਵਿਚ ਮਾਸਟਰ ਗ਼ੁਲਾਮ ਹੈਦਰ ਦੀਆਂ ਤਰਜ਼ਾਂ ‘ਤੇ ਸੁਰਿੰਦਰ ਕੌਰ ਨੇ ਤਿੰਨ ਗੀਤ ਗਾਏ- ‘ਤਕਦੀਰ ਕੀ ਆਂਧੀ’, ‘ਆਨਾ ਹੈ ਤੋ ਆ ਜਾਓ’ ਤੇ ‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਅਫਸਾਨਾ’।
ਇਹ ਫਿਲਮ ਦੇ ਨੁਮਾਇਸ਼ ਹੁੰਦਿਆਂ ਹੀ ਉਸ ਦੇ ਗਾਏ ਗੀਤ ਗਲੀ-ਗਲੀ ਗੂੰਜੇ ਸਨ। ਬਹੁਤ ਸਾਰੇ ਸੰਗੀਤ ਪ੍ਰੇਮੀ ਇਸ ਗੱਲ ਤੋਂ ਨਾਵਾਕਿਫ ਹਨ ਕਿ ਸੁਰਿੰਦਰ ਕੌਰ ਨੇ ਪਿੱਠਵਰਤੀ ਗਾਇਕਾ ਵਜੋਂ ਪਹਿਲੀ ਵਾਰ ਫਿਲਮ ‘ਸ਼ਹੀਦ’ ‘ਚ ਨਹੀਂ ਬਲਕਿ ਸੰਗੀਤੀਕਾਰ ਜੋੜੀ ਹੁਸਨਲਾਲ-ਭਗਤਰਾਮ ਦੀ ਸੰਗੀਤ ਨਿਰਦੇਸ਼ਨਾ ਵਿਚ ਫਿਲਮ ‘ਪਿਆਰ ਕੀ ਜੀਤ’ (1948) ਲਈ ਗੀਤ ਗਾਏ ਸਨ। ਇਸ ਫਿਲਮ ਵਿਚ ਸੁਰਿੰਦਰ ਕੌਰ ਨੇ ਚਾਰ ਗੀਤ ਗਾਏ, ਉਸ ਦਾ ਗਾਇਆ ਏਕਲ ਗੀਤ ‘ਇਤਨੇ ਦੂਰ ਹੈਂ ਹਜ਼ੂਰ ਕੈਸੇ ਮੁਲਕਾਤ ਹੋ’ ਅਤੇ ਦੋਗਾਣਾ ‘ਮੈਂ ਅਪਨੇ ਦਿਲ ਕੇ ਹਾਥੋਂ ਬਦਨਾਮ ਹੋ ਰਹਾ ਹੂੰ’ (ਰਾਮ ਕਮਲਾਨੀ ਨਾਲ) ਨੇ ਚੋਖੀ ਮਕਬੂਲੀਅਤ ਹਾਸਲ ਕੀਤੀ। ਇਸ ਫਿਲਮ ਤੋਂ ਬਾਅਦ ਸੁਰਿੰਦਰ ਕੌਰ ਨੇ ਫਿਲਮ ‘ਸ਼ਹੀਦ’ ਲਈ ਗੀਤ ਰਿਕਾਰਡ ਕਰਵਾਏ ਸਨ ਪਰ ‘ਸ਼ਹੀਦ’ ਪਹਿਲਾਂ ਰਿਲੀਜ਼ ਹੋ ਗਈ।
ਸੁਰਿੰਦਰ ਕੌਰ ਦੀ ਆਵਾਜ਼ ਦੀ ਖੂਬਸੂਰਤ ਵਰਤੋਂ ਪੰਜਾਬੀ ਫਿਲਮਾਂ ਵਿਚ ਸਭ ਤੋਂ ਪਹਿਲਾਂ ਸੰਗਤੀਕਾਰ ਅੱਲਾ ਰੱਖਾ ਕੁਰੈਸ਼ੀ ਨੇ ਕੀਤੀ। ਉਨ੍ਹਾਂ ਰਾਜਰੰਗ ਪਿਕਚਰਜ਼, ਬੰਬੇ ਦੀ ਫਿਲਮ ‘ਮਦਾਰੀ’ (1950) ‘ਚ ਸੁਰਿੰਦਰ ਕੌਰ ਕੋਲੋਂ ਗੀਤ ਗਵਾਇਆ: ‘ਕਦੇ ਉਠ-ਉਠ ਬਾਂਹ ਕਦੇ ਬਹਿ-ਬਹਿ ਰਾਂਹ, ਭੈੜੀ ਰਾਤ ਗ਼ਮਾਂ ਵਾਲੀ ਮੁੱਕਦੀ ਨਹੀਂ’ (ਆਸ਼ਾ ਭੋਸਲੇ, ਜੀ.ਐਮ. ਦੁਰਾਨੀ ਨਾਲ)। ਇਸ ਤੋਂ ਬਾਅਦ ਸੰਗੀਤਕਾਰ ਵਿਨੋਦ ਨੇ ‘ਮੁਟਿਆਰ’ (1951) ਵਿਚ ਸੁਰਿੰਦਰ ਕੌਰ ਕੋਲੋਂ 7 ਗੀਤ ਗਵਾਏ। ‘ਅੱਖੀਆਂ ਵਿਚ ਅੱਖੀਆਂ ਪਾ ਕੇ ਤਸਵੀਰ ਬਣਾ ਗਿਆ ਕੋਈ’, ‘ਮੇਰੇ ਹਉਕਿਆਂ ਤੋਂ ਪੁੱਛ ਮੇਰੇ ਹੰਝੂਆਂ ਤੋਂ ਪੁੱਛ’, ‘ਪੰਛੀ ਦੇ ਪਿੰਜਰੇ ਵਿਚ’, ਤਿੰਨ ਗੀਤ ਆਸ਼ਾ ਭੌਸਲੇ ਨਾਲ ‘ਮੇਰੇ ਦਿਲ ਦੀਆਂ ਰਮਜ਼ਾਂ ਜਾਣਦਾ’, ‘ਫੜ-ਫੜ ਮੂੰਹੋਂ ਬੋਲਦੀ’ ਤੇ ‘ਹਾਸਿਆਂ ਦੀ ਲੁੱਟ ਵੇਖ ਕੇ’ ਪਸੰਦ ਕੀਤੇ ਗਏ ਪਰ ਇਸ ਫਿਲਮ ‘ਚ ਸੁਰਿੰਦਰ ਕੌਰ ਦਾ ਤਲਤ ਮਹਿਮੂਦ ਨਾਲ ਗਾਇਆ ਗੀਤ ‘ਆ ਚੰਨ ਵੇ ਬੱਦਲਾਂ ਦੇ ਪਿਛੋਂ ਚੋਰੀ ਝਾਤੀਆਂ ਨਾ ਪਾ’ ਫਿਲਮ ਸੰਗੀਤ ਦਾ ਫਖਰ ਸੀ। ਸੰਗੀਤਕਾਰ ਐਨ. ਦੱਤਾ ਨੇ ‘ਬਾਲੋ’ (1951) ਵਿਚ ਸ਼ਾਇਰ ਸਾਹਿਰ ਲੁਧਿਆਣਵੀ ਦੇ ਲਿਖੇ 4 ਗੀਤ ਸੁਰਿੰਦਰ ਕੌਰ ਤੋਂ ਗਵਾਏ। ਦੋ ਦੋਗਾਣੇ ਕ੍ਰਿਸ਼ਨ ਗੋਇਲ ਨਾਲ ‘ਕੋਈ ਜਾਦੂ ਕਰ ਗਿਆ ਨੀ’, ‘ਬੇੜੀ ਦਾ ਮੱਲਾਹ ਕੋਈ ਨਾ’ ਅਤੇ ਦੋ ਏਕਲ ਗੀਤ ‘ਖੜ੍ਹੀ ਰਹਿੰਨੀ ਆਂ ਬਨੇਰੇ ‘ਤੇ ਵੇ ਮੁੰਡਿਆ’ ਤੇ ਦੂਜਾ ‘ਦੱਸ ਵੇ ਸੱਜਣ ਹੁਣ ਕੀ ਕਰੀਏ’ ਗਾਏ। ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫਿਲਮ ‘ਸਤਲੁਜ ਦੇ ਕੰਢੇ’ (1964) ਵਿਚ ਸੁਰਿੰਦਰ ਕੌਰ ਨੇ ਤਿੰਨ ਗੀਤ ਗਾਏ। ਪੰਨਾ ਲਾਲ ਕੱਥਕ ਦੇ ਸੰਗੀਤ ‘ਚ ਦੋ ਗੀਤ ‘ਜਾ ਜਾ ਗੋਲਿਆ ਢੋਲਨਾ’ (ਕੇ.ਐਲ਼ ਅਗਨੀਹੋਤਰੀ ਨਾਲ) ਦੂਸਰਾ ‘ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ’ (ਪ੍ਰਕਾਸ਼ ਕੌਰ ਨਾਲ) ਅਤੇ ਇਕ ਮਜ਼ਾਹੀਆ ਗੀਤ ਆਸਾ ਸਿੰਘ ਮਸਤਾਨਾ ਦੇ ਸੰਗੀਤ ‘ਚ ਆਸਾ ਸਿੰਘ ਮਸਤਾਨਾ ਨਾਲ ਗਾਇਆ। ਇਹ ਗੀਤ ਸੀ: ‘ਬੋਲ ਵੇ ਰੁਲਦੂ ਵਿਆਹ ਕਰੇਂਗਾ’ ਜੋ ਬਹੁਤ ਮਕਬੂਲ ਹੋਇਆ।
1948 ਵਿਚ ਸੁਰਿੰਦਰ ਕੌਰ ਨੇ ਚਾਰ ਹਿੰਦੀ ਫਿਲਮਾਂ ‘ਚ ਗੀਤ ਗਾਏ। ਸੰਗੀਤਕਾਰ ਗਿਆਨ ਦੱਤ ਦੀਆਂ ਧੁਨਾਂ ‘ਚ ਫਿਲਮ ‘ਲਾਲ ਦੁਪੱਟਾ’ ਵਿਚ 5 ਅਤੇ ਫਿਲਮ ‘ਨਾਓ’ ਵਿਚ 6 ਗੀਤ ਗਾਏੇ। ਸੰਗਤੀਕਾਰ ਸੀ. ਰਾਮ ਚੰਦਰ ਨੇ ਫਿਲਮ ‘ਨਦੀਆ ਕੇ ਪਾਰ’ ਵਿਚ ਸੁਰਿੰਦਰ ਕੌਰ ਕੋਲੋਂ ਇਕ ਗੀਤ ਗਵਾਇਆ। ਫਿਲਮ ‘ਰੂਪ ਰੇਖਾ’ ‘ਚ ਰਵੀ ਰਾਏ ਚੌਧਰੀ ਦੇ ਸੰਗੀਤ ‘ਚ ਇਕ ਗੀਤ ‘ਨੈਨ ਮਿਲਨ ਕੀ ਬਾਤ ਕਿਸੀ ਸੇ ਕਹੀਓ ਨਾ’ (ਮੁਨੱਵਰ ਸੁਲਤਾਨਾ, ਵਿਦਿਆਨਾਥ ਸੇਠ ਨਾਲ) ਗਾਇਆ। 1949 ਵਿਚ ਉਹਨੇ 6 ਫਿਲਮਾਂ ‘ਚ ਪਿੱਠਵਰਤੀ ਗਾਇਨ ਕੀਤਾ। ਫਿਲਮ ‘ਦਾਦਾ’ ਵਿਚ ਸੰਗੀਤਕਾਰ ਸ਼ੌਕਤ ਦੇਹਲਵੀ ਉਰਫ ਨੌਸ਼ਾਦ ਦੇ ਸੰਗੀਤ ‘ਚ 5 ਗੀਤ ਦੋ ਏਕਲ ਅਤੇ ਤਿੰਨ ਦੋਗਾਣੇ ਗਾਏ। ਫਿਲਮ ‘ਕਨੀਜ਼’ ‘ਚ ਮਾਸਟਰ ਗ਼ੁਲਾਮ ਹੈਦਰ ਨੇ ਸੁਰਿੰਦਰ ਕੌਰ ਕੋਲੋਂ ਇਕ ਗੀਤ ‘ਉਮੀਦੋਂ ਪਰ ਉਦਾਸੀ ਛਾ ਗਈ, ਕਯਾ ਤੁਮ ਨਾ ਆਓਗੇ’ ਗਵਾਇਆ ਜੋ ਬਹੁਤ ਹਿੱਟ ਹੋਇਆ। ਫਿਲਮ ‘ਸਾਂਵਰੀਆ’ ‘ਚ ਸੀ. ਰਾਮ ਚੰਦਰ ਨੇ ਇਕ ਗੀਤ ਗਵਾਇਆ। ਫਿਲਮ ‘ਰੂਪਲੇਖਾ’ ਵਿਚ ਖਾਨ ਮਸਤਾਨਾ ਤੇ ਨਿਸਾਰ ਬਜਮੀ ਦੇ ਸੰਗੀਤ ‘ਚ 2 ਗੀਤ ਗਾਏ। ਖਵਾਜ਼ਾ ਖੁਰਸ਼ੀਦ ਅਨਵਰ ਦੀ ਸੰਗੀਤਕਾਰੀ ‘ਚ ਫਿਲਮ ‘ਸਿੰਗਾਰ’ ਵਿਚ 4 ਗੀਤ ਗਾਏ ਪਰ ਇਸ ਫਿਲਮ ਦਾ ਮਧੂਬਾਲਾ ‘ਤੇ ਫਿਲਮਾਇਆ ਗੀਤ ‘ਕੌਨ ਸਮਝੇਗਾ… ਦਿਲ ਆਨੇ ਕੇ ਢੰਗ ਨਿਰਾਲੇ ਹੈਂ’ ਬੜਾ ਹਿੱਟ ਹੋਇਆ। ਫਿਲਮ ‘ਸੁਨਹਿਰੇ ਦਿਨ’ ਵਿਚ ਇਕ ਵਾਰ ਫਿਰ ਸੰਗੀਤਕਾਰ ਗਿਆਨ ਦੱਤ ਨੇ ਸੁਰਿੰਦਰ ਕੌਰ ਕੋਲੋਂ 3 ਗੀਤ ਗਵਾਏ। 1950 ਉਸ ਨੇ 4 ਹਿੰਦੀ ਫਿਲਮਾਂ ਲਈ ਗੀਤ ਗਾਏ। ਪ੍ਰਸਿਧ ਤਬਲਾ-ਨਵਾਜ਼ ਅਤੇ ਸੰਗੀਤਕਾਰ ਅੱਲਾ ਰੱਖਾ ਕੁਰੈਸ਼ੀ ਦੀ ਸੰਗੀਤਬੱਧ ਫਿਲਮ ‘ਸਬਕ’ ਵਿਚ 7 ਗੀਤ ਗਾਏ। ਸੰਗੀਤਕਾਰ ਹੰਸਰਾਜ ਬਹਿਲ ਨੇ ‘ਖਾਮੋਸ਼ ਸਿਪਾਹੀ’ ਵਿਚ 5 ਗੀਤ ਅਤੇ ‘ਰਾਜਰਾਨੀ’ ਵਿਚ 2 ਗੀਤ ਗਵਾਏ। ਫਿਲਮ ‘ਸ਼ਾਦੀ ਕੀ ਰਾਤ’ ‘ਚ ਪੰਡਤ ਗੋਬਿੰਦਰਾਮ ਦੀ ਦਿਲਕਸ਼ ਮੌਸੀਕੀ ‘ਚ ਤਲਤ ਮਹਿਮੂਦ ਨਾਲ ਇਕ ਮਜ਼ਾਹੀਆ ਗੀਤ ਗਾਇਆ, ਬੋਲ ਸਨ” ‘ਪੂਛ ਰਹੇ ਥੇ ਯਾਰ ਕਿ ਬੀਵੀ ਕੈਸੀ ਹੋ’। 1951 ‘ਚ ਉਸ ਨੇ 3 ਫਿਲਮਾਂ ਲਈ ਗੀਤ ਗਾਏ। ਮੌਸੀਕਾਰ ਅਲੀ ਅਕਬਰ ਖਾਨ ਦੀ ਸੰਗੀਤ-ਨਿਰਦੇਸ਼ਨਾ ਹੇਠ ਬਣੀ ਫਿਲਮ ‘ਆਂਧੀਆਂ’ (1952) ‘ਚ ਏਕਲ ਗੀਤ ‘ਮੈਂ ਮੁਬਾਰਕਬਾਦ ਦੇਨੇ ਆਈ ਹੂੰ’ ਗਾਇਆ।
ਸੁਰਿੰਦਰ ਕੌਰ ਨੇ 1950 ਤੋਂ ਲੈ ਕੇ 1967 ਤਕ ਬਣੀਆਂ 4 ਪੰਜਾਬੀ ਫਿਲਮਾਂ ਵਿਚ ਕੁਲ 15 ਗੀਤ ਗਾਏ। 1947 ਤੋਂ ਲੈ ਕੇ 1952 ਤਕ ਬਣੀਆਂ 22 ਹਿੰਦੀ/ਉਰਦੂ ਫਿਲਮਾਂ ਵਿਚ ਕੁਲ 87 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।