ਸਾਡੇ ਪਿੰਡਾਂ ਦਾ ਨਵਾਂ ਮੁਹਾਂਦਰਾ

ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੀ ਉਮਰ ਦੇ ਵੀਹਵੇਂ ਵਰ੍ਹੇ ਤੋਂ ਪਿੰਡਾਂ ਦਾ ਵਾਸੀ ਨਹੀਂ। ਜਿਥੋਂ ਤੱਕ ਮੇਰੇ ਜੱਦੀ ਪਿੰਡ ਦਾ ਸਬੰਧ ਹੈ, ਉਥੇ ਕੇਵਲ ਆਪਣੀ ਸਕੂਲ ਤੇ ਕਾਲਜ ਦੀ ਪੜ੍ਹਾਈ ਦੇ ਛੇ ਸਾਲ ਰਿਹਾ ਹਾਂ-ਮਾਹਿਲਪੁਰ ਦੇ ਖਾਲਸਾ ਸਕੂਲ ਤੇ ਕਾਲਜ ਦਾ ਵਿਦਿਆਰਥੀ ਹੁੰਦਿਆਂ। ਉਸ ਤੋਂ ਪਹਿਲਾਂ ਮੈਂ ਖੰਨਾ ਮੰਡੀ ਨੇੜੇ ਆਪਣੇ ਨਾਨਕੀਂ ਰਿਹਾ ਅਤੇ ਉਸ ਤੋਂ ਪਿਛੋਂ ਦਿੱਲੀ ਤੇ ਫੇਰ ਚੰਡੀਗੜ੍ਹ।

ਇਸ ਵਾਰੀ ਪੂਰਾ ਹਫਤਾ ਰਹਿਣ ਕਾਰਨ ਮੈਨੂੰ ਆਪਣੇ ਪਿੰਡਾਂ ਵਿਚ ਆਈ ਤਬਦੀਲੀ ਜਾਣਨ ਦਾ ਮੌਕਾ ਮਿਲਿਆ। ਅੱਜ ਸਾਡੇ ਲੋਕ ਮੁਰਗੇ ਦੀ ਬਾਂਗ ਨਾਲ ਨਹੀਂ ਉਠਦੇ, ਉਨ੍ਹਾਂ ਨੂੰ ਗੁਰਦੁਆਰਿਆਂ ਦੇ ਲਾਊਡ ਸਪੀਕਰ ਜਗਾਉਂਦੇ ਹਨ। ਫੇਰ ਢਾਈ ਘੰਟੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਜਾਂ ਕਾਲਜ ਭੇਜਣ ਲਈ ਤਿਆਰ ਕਰਦੇ ਹਨ। ਮੇਰੇ ਬਚਪਨ ਵਿਚ ਮੇਰੇ ਪਿੰਡ ਸੂਨੀ ਦੇ ਨੇੜੇ ਕੇਵਲ ਪੋਸੀ ਤੇ ਮਜਾਰਾ ਡੀਂਗਰੀਆਂ ਵਿਚ ਪ੍ਰਾਇਮਰੀ ਸਕੂਲ ਸੀ। ਅੱਜ ਇਨ੍ਹਾਂ ਦੋਹਾਂ ਪਿੰਡਾਂ ਵਿਚ ਹਾਇਰ ਸੈਕੰਡਰੀ ਸਕੂਲ ਹਨ। ਕਾਲਜ ਪੱਧਰ ਦੀ ਪੜ੍ਹਾਈ ਲਈ 10-12 ਕਿਲੋਮੀਟਰ ਮਾਹਿਲਪੁਰ ਜਾਣਾ ਪੈਂਦਾ ਸੀ। ਅੱਜ ਬੰਗਾ ਅਤੇ ਗੜ੍ਹਸ਼ੰਕਰ ਵੀ ਕਾਲਜ ਖੁਲ੍ਹ ਚੁਕੇ ਹਨ। ਇਨ੍ਹਾਂ ਤੋਂ ਬਿਨਾ ਦਰਜਨਾਂ ਪ੍ਰਾਈਵੇਟ ਸਕੂਲ ਹਨ। ਜਿਥੇ ਸਾਡੇ ਪੋਤੇ-ਪੋਤਰੀਆਂ ਨੂੰ ਸਵੇਰੇ ਅੱਠ ਵਜੇ ਕੇ. ਡੀ. ਇੰਟਰਨੈਸ਼ਨਲ ਸਕੂਲ ਦੀ ਬੱਸ ਲੈਣ ਆ ਜਾਂਦੀ ਹੈ ਤੇ ਉਹੀਓ ਦੁਪਹਿਰ ਪਿਛੋਂ ਉਨ੍ਹਾਂ ਨੂੰ ਘਰ ਛੱਡਣ ਆਉਂਦੀ ਹੈ। ਮੈਂ ਆਪਣੇ ਸਮੇਂ ਹਰ ਰੋਜ਼ 10-12 ਕਿਲੋਮੀਟਰ ਸਾਈਕਲ ਚਲਾ ਕੇ ਜਾਂਦਾ ਤੇ ਏਨਾ ਹੀ ਪੈਂਡਾ ਤੈਅ ਕਰਕੇ ਪਰਤਦਾ ਰਿਹਾ ਹਾਂ। ਅਸੀਂ ਕੁੜਤੇ ਪਜਾਮੇ ਵਾਲੇ ਵਿਦਿਆਰਥੀ ਸਾਂ। ਸਾਡੇ ਪੋਤੇ-ਪੋਤਰੀਆਂ ਸਕੂਲ ਵਲੋਂ ਨਿਯਤ ਕੀਤੀ ਵਰਦੀ ਪਾ ਕੇ ਜਾਂਦੇ ਹਨ।
ਸਾਡੇ ਸਮਿਆਂ ਵਿਚ ਅਸੀਂ ਆਪਣੇ ਖੇਤਾਂ ਦੀਆਂ ਸਬਜ਼ੀਆਂ ਅਤੇ ਅੰਬ ਖਾਂਦੇ ਤੇ ਵਰਤਦੇ ਰਹੇ ਹਾਂ। ਉਨ੍ਹੀਂ ਦਿਨੀਂ ਜੇ ਕਿਸੇ ਦੇ ਘਰ ਸੇਬ-ਸੰਗਤਰਾ ਜਾਂਦਾ ਸੀ ਤਾਂ ਸਾਰੇ ਸਮਝਦੇ ਸਨ ਕਿ ਉਸ ਘਰ ਵਿਚ ਕੋਈ ਬੀਮਾਰ ਪੈ ਗਿਆ ਹੋਣੈ। ਅੱਜ ਸਾਡੇ ਖੇਤਾਂ ਵਿਚ ਕਿੰਨੂੰ ਸੰਗਤਰੇ ਤੇ ਸਟਰਾਬਰੀ ਉਗਦੀ ਹੈ। ਉਂਜ ਵੀ ਦੂਜੇ ਫਲ ਵੇਚਣ ਵਾਲਿਆਂ ਦੇ ਮੋਟਰ ਸਾਈਕਲ ਤੇ ਪਿਕ ਅਪ ਗੱਡੀਆਂ ਆਮ ਹੀ ਹੋਕਾ ਦਿੰਦੀਆਂ ਹਨ। ਘਰ ਘਰ ਸੰਗਤਰੇ ਮਾਲਟੇ, ਕੇਲੇ ਤੇ ਸੇਬ ਪਹੁੰਚ ਰਹੇ ਹਨ। ਭਾਵੇਂ ਲੋਕਾਂ ਨੇ ਆਪਣੇ ਘਰ ਮੁਰਗੇ ਮੁਰਗੀਆਂ ਪਾਲੇ ਹੋਏ ਹਨ, ਪਰ ਆਂਡੇ ਤੇ ਮੁਰਗੇ ਪੋਲਟਰੀ ਫਾਰਮਾਂ ਤੋਂ ਵੀ ਆਉਂਦੇ ਹਨ।
ਸਾਡੇ ਸਮਿਆਂ ਵਿਚ ਕਦੀ ਕਦਾਈਂ ਡਿੱਗੀ ਲਾ ਕੇ ਕੱਪੜਾ ਵੇਚਣ ਵਾਲੇ ਆਉਂਦੇ ਸਨ। ਅੱਜ ਲੋਹੇ, ਕਾਂਸੀ, ਭਰਤ, ਸਿਲਵਰ ਦੇ ਪੁਰਾਣੇ ਬਰਤਨ ਹੀ ਨਹੀਂ, ਮਕਾਨਾਂ ਦੇ ਗਾਰਡਰ ਅਤੇ ਟਰੈਕਟਰਾਂ ਦੇ ਮਡਗਾਰਡ ਤੇ ਤਵੀਆਂ ਖਰੀਦਣ ਵਾਲੇ ਵੀ ਹੋਕਾ ਦਿੰਦੇ ਸੁਣੇ ਜਾ ਸਕਦੇ ਹਨ। ਰਬੜ ਦੇ ਟਾਇਰ ਤੇ ਟਿਊਬਾਂ ਵੀ ਵਿਕਦੇ ਹਨ। ਬਿਲਕੁਲ ਨਵੀਂ ਗੱਲ ਇਹ ਹੈ ਕਿ ਸਿਰ ਦੇ ਵਾਲਾਂ ਬਦਲੇ ਪਲਾਸਟਿਕ ਦਾ ਸਮਾਨ ਮਿਲ ਜਾਂਦਾ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਕਈ ਕੁੜੀਆਂ ਨੇ ਆਪਣੀਆਂ ਗੁੱਤਾਂ ਇਸ ਲਈ ਕਟਵਾ ਦਿੱਤੀਆਂ ਕਿ ਉਨ੍ਹਾਂ ਬਦਲੇ ਪਲਾਸਟਿਕ ਦਾ ਸਮਾਨ ਮਿਲ ਜਾਂਦਾ ਹੈ।
ਮੇਰੇ ਸਮੇਂ ਇਕ ਬੰਦੇ ਨੇ ਨਵਾਂ ਮੋਟਰਸਾਈਕਲ ਲਿਆਂਦਾ ਤਾਂ ਉਸ ਨੇ ਜਿੱਥੇ ਵੀ ਜਾਣਾ ਹੁੰਦਾ, ਆਪਣੇ ਪਿੱਛੇ ਪਿੰਡ ਦੇ ਇਕ ਪਹਿਲਵਾਨ ਨੂੰ ਬਿਠਾ ਕੇ ਲੈ ਜਾਂਦਾ ਤਾਂ ਕਿ ਰਸਤੇ ਵਿਚ ਧੱਕਾ ਲਗਵਾ ਸਕੇ। ਅੱਜ ਸਾਡੇ ਨਿੱਕੇ ਜਿਹੇ ਪਿੰਡ ਵਿਚ ਤਿੰਨ ਦਰਜਨ ਕਾਰਾਂ ਤੇ ਅਣਗਿਣਤ ਮੋਟਰਸਾਈਕਲ ਹਨ। ਸਾਡਾ ਪਿੰਡ ਉਚੀ ਥਾਂ ਉਤੇ ਹੈ। ਪਤਾ ਲੱਗਾ ਹੈ ਕਿ ਦੋ ਘਰਾਂ ਨੇ ਆਪਣੀ ਰਿਹਾਇਸ਼ ਥੱਲੇ ਲੈ ਆਂਦੀ ਹੈ ਤੇ ਪੁਰਾਣੇ ਘਰਾਂ ਦੇ ਖੋਲਿਆਂ ਵਿਚ ਕਾਰ ਪਾਰਕ ਕਰਨ ਲਈ ਥਾਂ ਬਣਾ ਲਈ ਹੈ। ਇਕੱਲੇ ਪਿੰਡ ਸੂਨੀ ਵਿਚ ਤੀਹ ਟਰੈਕਟਰ ਹਨ ਤੇ ਚੱਕ ਸੂਨੀ ਵਿਚ, ਜਿੱਥੇ ਕੇਵਲ ਅੱਠ ਘਰ ਵਸਦੇ ਹਨ, ਛੇ ਘਰਾਂ ਵਿਚ ਟਰੈਕਟਰ ਹਨ।
ਸਾਡੇ ਪਿੰਡ ਦੀ ਵੱਸੋਂ ਘੱਟ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਸੰਤਾਲੀ ਦੀ ਦੇਸ਼ ਵੰਡ ਸਮੇਂ ਸਾਡੇ ਪਿੰਡ ਦੀ ਇੱਕ ਤਿਹਾਈ ਮੁਸਲਿਮ ਵੱਸੋਂ ਪਾਕਿਸਤਾਨ ਚਲੀ ਗਈ ਸੀ। ਉਨ੍ਹਾਂ ਦੀ ਮਸੀਤ ਅਤੇ ਤਕੀਆ ਕਾਇਮ ਹਨ। ਤਕੀਏ ਉਤੇ ਵਰ੍ਹੇ ਦਿਨਾਂ ਦੇ ਦਿਨ ਪਿੰਡ ਦੀ ਬਾਲਮੀਕ ਵਸੋਂ ਇਕੱਠ ਕਰ ਲੈਂਦੀ ਹੈ ਤੇ ਮਸੀਤ ਨੂੰ ਪਹਾੜੋਂ ਆਏ ਗੁੱਜਰਾਂ ਨੇ ਅਪਨਾ ਲਿਆ ਹੈ। ਮਸੀਤ ਦੀ ਦੇਖ-ਭਾਲ ਜਮਾਤ ਅਲੀ ਗੁੱਜਰ ਕਰ ਰਿਹਾ ਹੈ। ਇਥੇ ਪੱਦੀ, ਪੋਧੀ ਤੇ ਬੁਗਰਾ ਪਿੰਡ ਦੇ ਗੁੱਜਰ ਇਬਾਦਤ ਕਰਦੇ ਹਨ।
ਪੁੱਛਣ ‘ਤੇ ਪਤਾ ਲੱਗਾ ਕਿ ਪਿੰਡਾਂ ਦਾ ਇਹ ਮੁਹਾਂਦਰਾ ਸਾਡੇ ਪਿੰਡ ਤੱਕ ਹੀ ਸੀਮਤ ਨਹੀਂ, ਨੇੜੇ-ਤੇੜੇ ਦੇ ਸਾਰੇ ਪਿੰਡਾ ਦਾ ਹੋ ਚੁਕਾ ਹੈ। ਮੈਨੂੰ ਵੀ ਪੂਰੀ ਜਾਣਕਾਰੀ ਇਸ ਲਈ ਮਿਲ ਗਈ ਕਿ ਇਸ ਵਾਰੀ ਮੈਂ 6-7 ਦਿਨ ਆਪਣੇ ਪਿੰਡ ਰਿਹਾ ਤੇ ਆਪਣੀ ਭਤੀਜ-ਨੂੰਹ ਅਮਰਜੀਤ ਤੋਂ ਪੂਰੇ ਵੇਰਵੇ ਮਿਲੇ। ਉਹ ਪਿੰਡ ਸੂਨੀ ਦੀ ਸਰਪੰਚ ਚੁਣੀ ਗਈ ਹੈ।
ਖਾਲਸਾ ਕਾਲਜ, ਮਾਹਿਲਪੁਰ ਦੀ ਬੱਲੇ ਬੱਲੇ: 8-9 ਫਰਵਰੀ ਨੂੰ ਸਿੱਖ ਵਿਦਿਅਕ ਕੌਂਸਲ, ਮਾਹਿਲਪੁਰ ਨੇ ਦੋ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾ ਕੇ ਮੇਰੇ ਕਾਲਜ ਦੀ ਸਥਾਪਨਾ ਦੇ 72 ਸਾਲਾਂ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਇਸ ਵਿਚ ਕੈਨੇਡਾ ਨਿਵਾਸੀ ਬਰਜਿੰਦਰ ਢਾਹਾਂ, ਮੁਕੰਦਪੁਰ ਤੋਂ ਪ੍ਰਿੰਸੀਪਲ ਸਰਵਣ ਸਿੰਘ ਤੇ ਗੁਰਚਰਨ ਸਿੰਘ ਸ਼ੇਰਗਿੱਲ ਨੇ ਹੀ ਸ਼ਿਰਕਤ ਨਹੀਂ ਕੀਤੀ, ਮੁੰਬਈ ਦੀ ਫਿਲਮੀ ਦੁਨੀਆਂ ਦਾ ਅਮਰੀਕ ਗਿੱਲ ਤੇ ਦਿੱਲੀ ਸਾਹਿਤ ਸਭਾ ਵਾਲਾ ਬਲਬੀਰ ਮਾਧੋਪੁਰੀ ਵੀ ਪਹੁੰਚੇ। ਪੰਜਾਬੀ ਯੂਨੀਵਰਸਟੀ, ਪਟਿਆਲਾ ਤੋਂ ਡਾ. ਧਨਵੰਤ ਕੌਰ, ਮੋਗੇ ਤੋਂ ਬਲਦੇਵ ਸਿੰਘ ਸੜਕਨਾਮਾ, ਜਲੰਧਰ ਤੋਂ ਰਜਨੀਸ਼ ਬਹਾਦਰ ਸਿੰਘ ਤੇਂ ਨਵਾਂ ਜ਼ਮਾਨਾ ਦੇ ਜਤਿੰਦਰ ਪੰਨੂੰ ਨੇ ਵੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਅੰਮ੍ਰਿਤਸਰ ਤੋਂ ਕੇਵਲ ਧਾਲੀਵਾਲ ਆਪਣਾ ਨਾਟਕ ਤੇ ਪੰਜਾਬੀ ਅਕਾਡਮੀ ਦਿੱਲੀ ਵਾਲਾ ਗੁਰਤੇਜ ਗੋਰਾਇਆ ਕਾਲਜ ਦੇ ਇਕ ਪੁਰਾਣੇ ਵਿਦਿਆਰਥੀ ਬਾਰੇ ਕਬੀਰ ਕਮੀਊਨੀਕੇਸ਼ਨਜ਼ ਦਿੱਲੀ ਵਲੋਂ ਤਿਆਰ ਕੀਤੀ ਡਾਕੂਮੈਂਟਰੀ ਫਿਲਮ ਲੈ ਕੇ ਆਏ। ਇਸ ਦੋ ਰੋਜ਼ਾ ਸਮਾਗਮ ਨੂੰ ਸਹਿਯੋਗ ਦੇਣ ਵਿਚ ਪੰਜਾਬ ਆਰਟਸ ਕੌਂਸਲ ਨੇ ਵੱਡਾ ਹਿੱਸਾ ਪਾਇਆ।
ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਵਿਦਿਆ ਸ਼ਾਸਤਰੀ ਡਾ. ਐਸ਼ ਐਸ਼ ਜੌਹਲ ਸਨ ਤੇ ਵਿਦਾਇਗੀ ਸਮਾਗਮ ਦੀ ਪ੍ਰਧਾਨਗੀ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਨੇ ਕੀਤੀ। ਵਿਚਾਰ-ਚਰਚਾ ਦਾ ਤੋੜਾ ਇਸ ਗੱਲ ਉਤੇ ਟੁੱਟਿਆ ਕਿ ਇਸ ਅਹਿਮ ਸੰਸਥਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਯੂਨੀਵਰਸਟੀ ਦੀ ਪਦਵੀ ਮਿਲਣੀ ਚਾਹੀਦੀ ਹੈ। ਇਸ ਪ੍ਰਸੰਗ ਵਿਚ ਦੋ-ਤਿੰਨ ਦਾਨੀ ਸੱਜਣਾਂ ਨੇ ਮਾਇਕ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ। ਵੇਖੋ ਕੀ ਬਣਦਾ ਹੈ!
ਅੰਤਿਕਾ: ਹਰਿਭਜਨ ਸਿੰਘ
ਮੈਂ ਚੁੰਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।