ਪਿਆਰ ਨਾਲ ਦਿੱਤੀ ਜ਼ਹਿਰ ਖਾਣ ਵਾਲੀ ਅੰਮ੍ਰਿਤਾ

ਪੰਜਾਬੀ ਸਾਹਿਤ ਜਗਤ ਵਿਚ ਅੰਮ੍ਰਿਤਾ ਪ੍ਰੀਤਮ ਦਾ ਆਪਣਾ ਮੁਕਾਮ ਹੈ। ਸ਼ਖਸੀਅਤ ਦੇ ਪੱਖ ਤੋਂ ਵੀ ਉਹਦੇ ਹਿੱਸੇ ਬੁਲੰਦੀ ਆਈ। ਇਸ ਸ਼ਖਸੀਅਤ ਬਾਰੇ ਵੱਖ-ਵੱਖ ਵਿਚਾਰ ਸਾਹਿਤ ਵਿਚ ਗਾਹੇ-ਬਗਾਹੇ ਸਾਹਮਣੇ ਆਉਂਦੇ ਰਹੇ ਹਨ-ਹੱਕ ਵਿਚ ਵੀ ਅਤੇ ਵਿਰੋਧ ਵਿਚ ਵੀ; ਬਹੁਤ ਤਿੱਖੇ ਤੇ ਤੁਰਸ਼ ਵੀ, ਬਹੁਤ ਮੁਲਾਇਮ ਤੇ ਨਰਮ ਵੀ। ਉਂਜ, ਇਹ ਸੱਚ ਹੈ ਕਿ ਅੰਮ੍ਰਿਤਾ ਨੇ ਲੇਖਕਾਂ ਦਾ ਭਰਵਾਂ ਪੂਰ ਸਾਹਿਤ ਦੇ ਵਿਹੜੇ ਵਿਚ ਲਿਆਂਦਾ। ਅਜਿਹੇ ਲੇਖਕਾਂ ਵਿਚੋਂ ਇਕ ਕਿਰਪਾਲ ਕਜ਼ਾਕ ਨੇ ਅੰਮ੍ਰਿਤਾ ਨਾਲ ਕੁਝ ਗੱਲਾਂ-ਬਾਤਾਂ ਆਪਣੇ ਇਸ ਲੇਖ ਵਿਚ ਸਾਂਝੀਆਂ ਕੀਤੀਆਂ ਹਨ।

-ਸੰਪਾਦਕ

ਕਿਰਪਾਲ ਕਜ਼ਾਕ
ਫੋਨ: +91-98726-44428

ਅੰਮ੍ਰਿਤਾ ਅਤੇ ‘ਨਾਗਮਣੀ’ ਤੋਂ ਮਿਲੇ ਪਿਆਰ ਸਤਿਕਾਰ ਬਾਰੇ ਅਨੇਕ ਸਿਮਰਤੀਆਂ ਚੇਤੇ ਹਨ। ਇਨ੍ਹਾਂ ਸਤਰਾਂ ਦੀ ਸੀਮਾ ਗੋੜ੍ਹੇ ‘ਚੋਂ ਪੂਣੀ ਕੱਤਣ ਤੁੱਲ ਹੈ।
ਕਿਸੇ ਦਾਨਿਸ਼ਵਰ ਦੀ ਪਰਿਭਾਸ਼ਾ ਬਾਰੇ ਸੰਸਾਰ ਵਿਚ ਬਹੁਤ ਕੁਝ ਕਿਹਾ ਗਿਆ ਹੈ। ਖਲੀਲ ਜ਼ਿਬਰਾਨ ਨੇ ਕਿਹਾ, “ਕੋਈ ਅਜਿਹੀ ਸ਼ਖਸੀਅਤ ਜਿਸ ਦੀ ਸੰਗਤ ਵਿਚ ਕਿਸੇ ਅਦਨੇ ਨੂੰ ਛੋਟੇਪਣ ਦਾ ਅਹਿਸਾਸ ਨਾ ਹੋਵੇ।” ਸੁਕਰਾਤ ਨੇ ਕਿਹਾ, “ਜੋ ਮਿਕਨਾਤੀਸੀ ਖਿੱਚ ਦਾ ਮੁਜੱਸਮਾ ਹੋਵੇ।” ਮੌਲਾਨਾ ਰੂਮੀ ਨੇ ਕਿਹਾ, “ਜੋ ਲੋਹੇ ਨੂੰ ਛੋਹਣ ‘ਤੇ ਸੋਨਾ ਬਣਾਉਣ ਦੇ ਗੁਣਾਂ ਵਾਲਾ ਪਾਰਸ ਹੋਵੇ।”
ਜੀਵਨ ਵਿਚ ਭਾਗ ਵੱਸ, ਮੈਨੂੰ ਇਕ ਤੋਂ ਵਧੇਰੇ ਅਜਿਹੇ ਦਾਨਿਸ਼ਵਰਾਂ ਦੀ ਸੁਹਬਤ ਦਾ ਸ਼ਰਫ ਹਾਸਿਲ ਹੋਇਆ, ਜਿਨ੍ਹਾਂ ਵਿਚ ਉਪਰੋਕਤ ਤਿੰਨਾਂ ਗੁਣਾਂ ਦੇ ਨਾਲ ਚੌਥਾ ਗੁਣ ਵੀ ਸੀ। ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਹੈ ਪਰ ਇਹ ਦਾਨਿਸ਼ਵਰ ਲੋਹੇ ਨੂੰ ਪਾਰਸ ਹੀ ਬਣਾ ਦੇਣ ਦੇ ਸੁਆਮੀ ਸਨ। ਅੰਮ੍ਰਿਤਾ ਉਨ੍ਹਾਂ ਵਿਚੋਂ ਇਕ ਸੀ।
ਮੈਂ ਅਦਨਾ ਜਦੋਂ ‘ਨਾਗਮਣੀ’ ਅਤੇ ਅੰਮ੍ਰਿਤਾ ਦੇ ਸੰਪਰਕ ਵਿਚ ਆਇਆ ਤਾਂ ਜ਼ਿੰਦਗੀ ਬਹੁਤ ਬਦਤਰ ਸੀ। ਅੰਮ੍ਰਿਤਾ ਨੇ ਕਦੇ ਹੀਣਤਾ ਭਾਵ ਦਾ ਅਹਿਸਾਸ ਨਹੀਂ ਹੋਣ ਦਿੱਤਾ ਸਗੋਂ ਇਹ ਵਿਸ਼ਵਾਸ ਜਗਾਇਆ, ‘ਗਰੀਬੀ ਗਦਾ ਹਮਾਰੀ’। ਦਿੱਲੀ ਵਿਚ ਮੇਰੇ ਕਈ ਸਕੇ-ਸਬੰਧੀ ਹਨ। ਇਕ ਵਾਰ ਕਿਸੇ ਪਰਿਵਾਰਕ ਕਾਜ ਲਈ ਅੰਮ੍ਰਿਤਾ ਨੂੰ ਮਿਲਣ ਚਲਾ ਗਿਆ। ਅੱਗੇ ਯੂਗੋਸਲਾਵੀਆ ਤੋਂ ਆਏ ਕੁਝ ਲੋਕ ਬੈਠੇ ਸਨ। ਗੋਰੇ ਚਿੱਟੇ ਲੋਕ। ਚਮਕਦਾ ਲਿਬਾਸ। ਮੈਂ ਮੁੜਨ ਲੱਗਾ ਤਾਂ ਉਹਨੇ ਕਾਰਨ ਪੁੱਛਿਆ। ਮੈਂ ਆਪਣੇ ਸਾਧਾਰਨ ਪਹਿਰਾਵੇ ਤੋਂ ਨੀਵੀਂ ਪਾਈ। ਉਹ ਮੁਸਕਰਾਈ ਤੇ ਮੈਨੂੰ ਫਖਰ ਨਾਲ ਉਨ੍ਹਾਂ ਲੋਕਾਂ ਵਿਚ ਕੇਵਲ ਲੈ ਕੇ ਹੀ ਨਾ ਗਈ ਸਗੋਂ ਮੇਰੇ ਜੀਵਨ ਅਤੇ ਕਹਾਣੀਆਂ ਬਾਰੇ ਇਸ ਕਦਰ ਹੁੱਬ ਕੇ ਜ਼ਿਕਰ ਕੀਤਾ; (ਜੇ ਮੈਂ ਭੁੱਲਦਾ ਨਹੀਂ ਤਾਂ) ਉਥੇ ਹਿੰਦ ਪਾਕਟ ਬੁੱਕਸ ਤੋਂ ਕੋਈ ਮੈਡਮ ਸੰਧੂ ਵੀ ਬੈਠੇ ਸਨ। ਉਨ੍ਹਾਂ ਮੇਰੇ ਸਿਧਾਂਤਕ ਨਜ਼ਰੀਏ ਬਾਰੇ ਪੁੱਛਿਆ। ਇਹ ਪਤਾ ਲੱਗਣ ‘ਤੇ ਕਿ ਮੈਂ ਕਮਿਊਨਿਸਟ ਪਿਉ ਦਾ ਪੁੱਤਰ ਅਤੇ ਪਾਰਟੀ ਵਰਕਰ ਹੋਣ ਦੇ ਬਾਵਜੂਦ ‘ਨਾਗਮਣੀ’ ਵਿਚ ਛਪਦਾ ਸਾਂ, ਗੱਲਬਾਤ ਜਦੋਂ ਸਾਡੇ ‘ਤੇ ਰੂਸੀ ਸਾਹਿਤ ਦੇ ਪ੍ਰਭਾਵ ਬਾਰੇ ਹੋ ਰਹੀ ਸੀ ਤਾਂ ਉਥੇ ਬੈਠੀ (ਰੂਸੀ) ‘ਪਰਾਵਦਾ’ ਵਿਚ ਕੰਮ ਕਰਦੀ ਪੱਤਰਕਾਰ ਉਜ਼ਬੇਕ ਕੁੜੀ ਜ਼ਕਾਰੀਆ ਨੂੰ ਅੰਮ੍ਰਿਤਾ ਨੇ ਕਿਹਾ, ਉਹ ਗੱਲਬਾਤ ਰਿਕਾਰਡ ਕਰੇ ਅਤੇ ਛਾਪੇ। ਜੋ ਮੁਲਾਕਾਤ ਤੱਕ ਹੀ ਨਾ ਰੁਕੀ; ਕਹਾਣੀਆਂ ਛਾਪਣ ਤੱਕ ਵੀ ਗਈ। ਅਜਿਹੀ ਫਰਾਖਦਿਲੀ ਕੇਵਲ ਅੰਮ੍ਰਿਤਾ ਦੇ ਹਿੱਸੇ ਹੀ ਆਈ।
ਪੰਜਾਬੀ ਸਾਹਿਤ ਜਗਤ ਵਿਚ ਅੰਮ੍ਰਿਤਾ ਦਾ ਵਿਰੋਧ ਕਈ ਤਰ੍ਹਾਂ ਦਾ ਸੀ। ਕੁਝ ਲੋਕ ਉਹਦੀ ਨਿੱਜੀ ਜ਼ਿੰਦਗੀ ‘ਤੇ ਕਿੰਤੂ-ਪ੍ਰੰਤੂ ਕਰਦੇ ਸਨ। ਆਲੋਚਕ ਇਸ ਲਈ ਦੁਖੀ ਸਨ ਕਿ ਉਹ ਉਨ੍ਹਾਂ ਦੀ ਨਹੀਂ ਸੀ ਮੰਨਦੀ। ਬਹੁਤੇ ਇਸ ਲਈ ਭੰਡਦੇ ਸਨ ਕਿ ਉਨ੍ਹਾਂ ਨੂੰ ‘ਨਾਗਮਣੀ’ ਵਿਚ ਨਹੀਂ ਸੀ ਛਾਪਦੀ। ਇਸ ਤਰ੍ਹਾਂ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਜੋ ਛਪਦੇ ਸਨ, ਮਿਲਦੇ ਸਨ, ਚਹੇਤੇ ਸਨ, ਥੋੜ੍ਹੀ ਜਿਹੀ ਗਾਜ ਉਨ੍ਹਾਂ ‘ਤੇ ਵੀ ਡਿਗਦੀ ਸੀ। ਲੇਖਕਾਂ ਕੋਲ ਇਸ ਦੇ ਹਜ਼ਾਰਾਂ ਕਿੱਸੇ ਹਨ। ਇਨ੍ਹਾਂ ਕਿੱਸਿਆਂ ਦੀ ਇਕ ਵਿਡੰਬਨਾ ਇਹ ਵੀ ਸੀ ਕਿ ਅਨੇਕਾਂ ਵਿਰੋਧੀ ਮਿਲੇ, ਜੋ ਜਿਤਨੀ ਜ਼ਹਿਰ ਅੰਮ੍ਰਿਤਾ ਨੂੰ ਬੁਰਾ-ਭਲਾ ਕਹਿਣ ਲਈ ਉਗਲਦੇ ਸਨ, ਉਤਨੀ ਸ਼ਿੱਦਤ ਨਾਲ ਹਰ ਮਹੀਨੇ ‘ਨਾਗਮਣੀ’ ਉਡੀਕਦੇ ਸਨ। ਯੂਨੀਵਰਸਿਟੀਆਂ ਦੇ ਸਿਲੇਬਸਾਂ ਨੇ ਜਿਤਨਾ ਅੰਮ੍ਰਿਤਾ ਨੂੰ ਪਰ੍ਹਾਂ ਧੱਕ ਕੇ ਰੱਖਿਆ, ਉਤਨਾ ਉਹ ਪਾਠਕਾਂ ਦੇ ਦਿਲਾਂ ਵਿਚ ਬੈਠਦੀ ਗਈ ਅਤੇ ਦੁਨੀਆਂ ਦੀਆਂ ਕਈ ਜ਼ੁਬਾਨਾਂ ਤੱਕ ਫੈਲ ਗਈ ਪਰ ‘ਨਾਗਮਣੀ’ ਦੇ ਛੋਟੇ ਕੱਦ ਵਾਲੇ ਲੇਖਕਾਂ ਨੂੰ ਕਈ ਲੋਕ ਇਤਨੀ ਹਕਾਰਤ ਨਾਲ ਦੇਖਦੇ, ਉਨ੍ਹਾਂ ਦੀਆਂ ਲਿਖਤਾਂ ਲੰਪਨ ਕਿਸਮ ਦੀਆਂ ਜਾਪਦੀਆਂ। ਫਰਕ ਸਿਰਫ ਇਤਨਾ ਸੀ, ਮੂੰਹ-ਫੱਟ ਜਾਂ ਉਚੇ ਕੱਦ ਵਾਲਿਆਂ ਤੋਂ ਥੋੜ੍ਹਾ ਝਿਜਕ ਜਾਂਦੇ।
ਨਕਸਲਵਾਦ ਦਾ ਦੌਰ ਸੀ। ਪੁਲਿਸ ਪਿੰਡਾਂ ‘ਚੋਂ ਫੜ-ਫੜ ਮੁੰਡੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਭੁੰਨ ਰਹੀ ਸੀ। ਮਾਨਸਾ ਕੋਈ ਸਮਾਗਮ ਸੀ। ਪਾਸ਼ ਅਤੇ ਸੰਤ ਰਾਮ ਉਦਾਸੀ ਨੇ ਜੇਲ੍ਹ ‘ਚੋਂ ਛੁੱਟ ਕੇ ਆਉਣਾ ਸੀ। ਸਮਾਗਮ ਤੋਂ ਪਹਿਲਾਂ ਮੈਂ ਦਰਸ਼ਨ ਮਿਤਵੇ ਵੱਲ ਚਲਾ ਗਿਆ। ਅੱਗੋਂ ਹੇਮਜੋਤੀ ਵਾਲਾ ਸੁਰਿੰਦਰ ਬਹੁਤ ਹੁੱਬ ਕੇ ਮਿਲਿਆ। ਕੁਝ ਦਿਨ ਪਹਿਲਾਂ ਹੀ ਉਹ ਪਟਿਆਲੇ ਸਟੱਡੀ ਸਰਕਲ ਦੌਰਾਨ ਮਿਲਿਆ ਸੀ। ਜਦੋਂ ਅਸੀਂ ਧਰਮਸ਼ਾਲਾ ਵਿਚ ਹੋ ਰਹੇ ਸਮਾਗਮ ਦੌਰਾਨ ਮੂਹਰਲੀਆਂ ਸੀਟਾਂ ‘ਤੇ ਬੈਠੇ ਤਾਂ ਮੈਨੂੰ ਅਤੇ ਮਿਤਵੇ ਨੂੰ ਕਿਸੇ ਨੇ ਕੰਨ ‘ਚ ਕਿਹਾ, ‘ਜਾਨ ਚਾਹੀਦੀ ਐ ਤਾਂ ਖਿਸਕ ਜਾਓ।’ ਅਸੀਂ ਕਿਹਾ, ‘ਕਿਉਂ?’ ਤਾਂ ਕਿਹਾ, ‘ਜਦੋਂ ਇਨਕਲਾਬ ਆਇਆ, ਪਹਿਲੀ ਗੋਲੀ ‘ਨਾਗਮਣੀ’ ਵਾਲਿਆਂ ਦੇ ਠੋਕਾਂਗੇ।’ ਅਸੀਂ ਪਿੱਛੇ ਜਾ ਕੇ ਬੈਠ ਗਏ। ਉਸੇ ਸ਼ਾਮ ਮਾਨਸਾ ਬੱਸ ਅੱਡੇ ਵਿਚ ਕਵੀ ਦਰਬਾਰ ਅਤੇ ਵੱਡਾ ਇਕੱਠ ਸੀ। ਨਾਹਰੇ, ਧੂੰਆਂ-ਧਾਰ ਤਕਰੀਰਾਂ ਤੇ ਮੱਚਦੀਆਂ ਕਵਿਤਾਵਾਂ। ਮੈਂ ਪੰਡਾਲ ਦੇ ਪਿੱਛੇ ਲੰਗਰ ਵਾਲੀ ਥਾਂ ਭੋਜਨ ਲਈ ਜਾ ਬੈਠਾ। ਵਰਤਾਵਿਆਂ ਵਿਚ ਕੁਝ ਘੁਸਰ-ਮੁਸਰ ਹੋਈ। ਕਿਸੇ ਨੇ ਮੇਰਾ ਨਾਂ ਪੁੱਛਿਆ। ਦੁਬਾਰਾ ਪੁੱਛਿਆ, ‘ਨਾਗਮਣੀ ਵਾਲਾ।’ ਮੇਰੇ ‘ਹਾਂ’ ਕਹਿਣ ‘ਤੇ ਇਕ ਲੜਕਾ ਆਇਆ ਅਤੇ ਮੇਰੇ ਮੂਹਰੇ ਪਈ ਥਾਲੀ ਚੁੱਕ ਕੇ ਲੈ ਗਿਆ। ਇਹ ਵੱਖਰੀ ਗੱਲ ਹੈ, ਉਸੇ ਸਮੇਂ ਗੁਰਚਰਨ ਚਾਹਲ ਭੀਖੀ ਮਿਲ ਗਿਆ ਅਤੇ ਅੱਗੇ ਕੁਝ ਹੋਣ ਤੋਂ ਟਲ ਗਿਆ।
ਇਹ ਮਾਮੂਲੀ ਘਟਨਾ ਅਧੂਰੀ ਹੈ। ਪੂਰੀ ਹੋਣ ਨੂੰ ਚਾਰ ਸਾਲ ਲੱਗ ਗਏ। ਮਾਲਵਾ ਮੇਰੀਆਂ ਦੋਸਤੀਆਂ ਦਾ ਗੜ੍ਹ ਸੀ ਅਤੇ ਮਾਨਸਾ ਆਉਣ-ਜਾਣ ਸੀ। ਇਸੇ ਦੌਰਾਨ ਅਜਮੇਰ ਔਲਖ ਨੇ ਪਰਚਾ ਕੱਢਿਆ ‘ਨਾਗ ਨਿਵਾਸ’ ਜਿਸ ਦੇ ਕੁਝ ਅੰਕਾਂ ਵਿਚ ਅੰਮ੍ਰਿਤਾ ਬਾਰੇ ਬੜਾ ਅਸ਼ਲੀਲ ਲਿਖਿਆ ਗਿਆ; ਜਿਵੇਂ ਨਿੰਦਾ ਦੀ ਉਮਰ ਬਹੁਤ ਲੰਮੀ ਨਹੀਂ ਹੁੰਦੀ; ਪਰਚਾ ਬੰਦ ਹੋ ਗਿਆ। ਇਸ ਦੌਰਾਨ ਔਲਖ ਨੇ ਕੁਝ ਕਹਾਣੀਆਂ ਲਿਖੀਆਂ ਜੋ ‘ਨਾਗ ਨਿਵਾਸ’ ਵਿਚ ਵੀ ਛਪੀਆਂ। ਪਰਚਾ ਬੰਦ ਹੋਇਆ। ‘ਨਾਗਮਣੀ’ ਵਿਚ ਛਪਣ ਵਾਲੇ ਨੂੰ ਲੋਕ ਲੇਖਕ ਮੰਨ ਲੈਂਦੇ ਹਨ। ਮੈਨੂੰ ਮਾਨਸਾ ਗਏ ਨੂੰ ਉਨ੍ਹਾਂ ਇਕ ਕਹਾਣੀ ਪੜ੍ਹਾਈ ਅਤੇ ‘ਨਾਗਮਣੀ’ ਵਿਚ ਛਪਵਾਉਣ ਨੂੰ ਕਿਹਾ। ਮੈਂ ‘ਨਾਗ ਨਿਵਾਸ’ ਵਿਚਲੀ ਅੰਮ੍ਰਿਤਾ ਦੀ ਨਿੰਦਾ ਦਾ ਜ਼ਿਕਰ ਕੀਤਾ, ਔਲਖ ਸਾਹਿਬ ਨੇ ਕੁਝ ਸਮਾਂ ਪਾ ਕੇ ਔਲਖ ਫਰਮਾਹੀ ਵਾਲੇ ਦੇ ਨਾਂ ਹੇਠ ‘ਨਾਗਮਣੀ’ ਨੂੰ ਉਹੋ ਕਹਾਣੀ ਭੇਜ ਦਿੱਤੀ, ਜੋ ਛਪ ਗਈ।
ਮੈਂ ਅੰਮ੍ਰਿਤਾ ਨੂੰ ‘ਨਾਗ ਨਿਵਾਸ’ ਵਾਲੀ ਨਿੰਦਾ ਦੀ ਤਫਸੀਲ ਅਤੇ ਨਾਂ ਬਦਲ ਕੇ ਕਹਾਣੀ ਛਪਵਾਉਣ ਬਾਰੇ ਖਤ ਲਿਖਿਆ। ਮੁੜਦੀ ਡਾਕ ਅੰਮ੍ਰਿਤਾ ਦਾ ਖਤ ਆਇਆ, “ਪਿਆਰੇ ਕਜ਼ਾਕ! ਜੋ ਤੂੰ ਲਿਖਿਆ, ਮੇਰੀ ਜਾਣਕਾਰੀ ਨਹੀਂ ਸੀ। ਹੁੰਦਾ, ਤਦ ਵੀ ਫਰਕ ਨਹੀਂ ਸੀ ਪੈਣਾ; ਕਿਉਂਕਿ ਮੈਂ ‘ਨਾਗ ਨਿਵਾਸ’ ਵਾਲੇ ਔਲਖ ਨੂੰ ਜਾਣਦੀ ਹੀ ਨਹੀਂ। ਮੈਂ ਔਲਖ ਫਰਮਾਹੀ ਵਾਲੇ ਨੂੰ ਜਾਣਦੀ ਹਾਂ, ਜੋ ਮੇਰਾ ਤੇ ‘ਨਾਗਮਣੀ’ ਦਾ ਚਹੇਤਾ ਲੇਖਕ ਹੈ।”
ਮੈਂ ਅੰਮ੍ਰਿਤਾ ਵਾਲੀ ਚਿੱਠੀ ਲੈ ਕੇ ਔਲਖ ਸਾਹਿਬ ਨੂੰ ਮਿਲਿਆ। ਆਪਣੇ ਵੱਲੋਂ ਲਿਖੀ ਚਿੱਠੀ ਬਾਰੇ ਵੀ ਦੱਸਿਆ। ਔਲਖ ਅੱਖਾਂ ਭਰ ਆਏ। ਕਿਹਾ, “ਐਨੀ ਚੰਗਿਆਈ ਦੱਸ ਕੇ ਤਾਂ ਤੈਂ ਯਾਰ ਜਾਨ ਜੀ ਕੱਢ ਲਈ। ਲੈ ਹੁਣ ਸਾਰੀ ਉਮਰ ਮੈਥੋਂ ਅੰਮ੍ਰਿਤਾ ਦੇ ਮੱਥੇ ਨੀ ਲੱਗਿਆ ਜਾਣਾ।”
ਅੰਮ੍ਰਿਤਾ ਨੂੰ ਇਕ ਪਾਸੇ ਲੋਕ ਬੁਰਾ-ਭਲਾ ਕਹਿਣ ਵਾਲੇ ਸਨ; ਦੂਜੇ ਪਾਸੇ ਲੋਕ ਸਿਰ ‘ਤੇ ਬਿਠਾਉਣ ਵਾਲੇ ਵੀ ਸਨ। ਇਕ ਸਮੇਂ ਮੈਂ ਡੀ. ਡੀ. ਏ. ਦਿੱਲੀ ਦੀ ਕੰਸਟਰਕਸ਼ਨ ਕੰਪਨੀ ‘ਦੁੱਗਲ ਐਂਡ ਕੰਪਨੀ’ ਵਿਚ ਕਲੇਮਰ ਵਜੋਂ ਕੰਮ ਕਰਦਾ ਸਾਂ। ਮਲਟੀਸਟੋਰੀ ਬਿਲਡਿੰਗ ਨਿਰਮਾਣ ਵਿਚ ਅਜਿਹੇ ਕੰਮਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ, ਜੋ ਨਕਸ਼ੇ (ਡਿਜ਼ਾਈਨ) ਤੋਂ ਬਾਹਰੀ ਕੀਤੇ ਗਏ ਹੁੰਦੇ। ਸਰਕਾਰੀ ਅਮਲਾ ਕਾਫੀ ਕੁਝ ਕੱਟ ਦਿੰਦਾ, ਇਸ ਲਈ ਕਲੇਮ ਵਧਾ-ਚੜ੍ਹਾ ਕੇ ਲੱਖਾਂ ਵਿਚ ਕੀਤੇ ਜਾਂਦੇ। ਇਕ ਵਾਰ ਕੋਈ ਐਸ਼ ਡੀ. ਓ. ਮੈਡਮ, ਸਾਈਟ ‘ਤੇ ਕਲੇਮ ਅਤੇ ਕੀਤੇ ਕੰਮਾਂ ਦੀ ਤਫਸੀਲ ਚੈਕ ਕਰਨ ਆਈ। ਮੇਰੇ ਟੇਬਲ ‘ਤੇ ਅੰਮ੍ਰਿਤਾ ਵਲੋਂ ਭੇਟਾ ਕੀਤਾ ਹਿੰਦੀ ਨਾਵਲ ‘ਡਾ. ਦੇਵ’ ਦੇਖ ਕੇ ਹੈਰਾਨ ਹੋਈ। ਪਹਿਲਾਂ ਤਾਂ ਉਸ ਨੂੰ ਇਤਬਾਰ ਹੀ ਨਾ ਆਇਆ, ਮੇਰੇ ਜਿਹੇ ਸਾਧਾਰਨ ਬੰਦੇ ਨੂੰ ਅੰਮ੍ਰਿਤਾ ਨੇ ਨਾਵਲ ਭੇਟ ਕੀਤਾ ਹੋਵੇਗਾ; ਯਕੀਨ ਹੋ ਗਿਆ ਤਾਂ ਉਹ ਮੇਰੇ ਵਲੋਂ ਕੀਤੇ ਕਲੇਮ ਇੰਨ-ਬਿੰਨ ਪਾਸ ਕਰ ਗਈ। ਮੇਰੇ ਹੋਸ਼ ਉਡ ਗਏ। ਅਗਲੇ ਦਿਨ ਮੈਂ ਉਸ ਮਹਿਲਾ ਅਫਸਰ ਨੂੰ ਇਕ ਵਾਰੀ ਕਲੇਮ ਅਤੇ ਮੌਕੇ ‘ਤੇ ਕੀਤੇ ਕੰਮ ਚੈਕ ਕਰਨ ਦੀ ਬਿਨੈ ਕੀਤੀ। ਕਹਿਣ ਲੱਗੀ, “ਦੇਖੀਏ ਮੈਨੇ ਅੰਮ੍ਰਿਤਾ ਜੀ ਕੋ ਪੜ੍ਹਾ ਹੈ। ਵੋਹ ਬਹੁਤ ਬੜੀ ਹੈਂ। ਜਿਸੇ ਵੋਹ ਐਸੇ ਸ਼ਬਦ ਲਿਖ ਕਰ ਦੇ ਸਕਤੀ ਹੈ, ਵੋਹ ਆਦਮੀ ਗਲਤ ਲਿਖ ਹੀ ਨਹੀਂ ਸਕਤਾ। ਮੈਨੇ ਉਨਕਾ ਲਿਖਾ ਦੇਖ ਕਰ ਪਾਸ ਕਰ ਦੀਏ।” ਜਦ ਕਿ ਸਥਿਤੀ ਇਸ ਤੋਂ ਉਲਟ ਸੀ।
ਇਹ ਇਕ ਇਕ-ਤਰਫਾ ਸੱਚ ਸੀ। ਇਸ ਤੋਂ ਵਿਪਰੀਤ ਸੱਚ ਵੀ ਸੀ।
ਇਕ ਵਾਰ ਮੈਂ ਤੇ ਦਲਬੀਰ ਚੇਤਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਏ। ਕੁਝ ਲੇਖਕ ਦੋਸਤਾਂ ਨੂੰ ਮਿਲਣ ‘ਤੇ ਪਤਾ ਲੱਗਾ, ‘ਨਾਗਮਣੀ’ ਵਲੋਂ ਯੂਨੀਵਰਸਿਟੀ ਦੇ ਇਕ ਵਿਦਵਾਨ ਦੀ ਰਚਨਾ ਵਾਪਿਸ ਆ ਜਾਣ ‘ਤੇ ਯੂਨੀਵਰਸਿਟੀ ਦੇ ਕਈ ਬੁੱਧੀਜੀਵੀਆਂ ਨੇ ਅੰਮ੍ਰਿਤਾ ਅਤੇ ‘ਨਾਗਮਣੀ’ ਦਾ ਬਾਈਕਾਟ ਕੀਤਾ ਹੋਇਆ ਸੀ।
ਬਾਈਕਾਟ ਵਿਚ ਸ਼ਰਤ ਰੱਖੀ ਗਈ ਸੀ, ਜੋ ਲੇਖਕ ਜਾਂ ਅਧਿਆਪਕ ਯੂਨੀਵਰਸਿਟੀ ਦੀ ਚਾਰ ਦੀਵਾਰੀ ਅੰਦਰ ਹੋਣ ਵਾਲੀ ਕਿਸੇ ਸਾਹਿਤਕ ਮਹਿਫਿਲ ਵਿਚ ਅੰਮ੍ਰਿਤਾ ਜਾਂ ‘ਨਾਗਮਣੀ’ ਦਾ ਨਾਂ ਲਵੇਗਾ, ਉਹ ਮੁਜ਼ਰਿਮ ਸਮਝਿਆ ਜਾਵੇਗਾ ਅਤੇ ਜੁਰਮਾਨੇ ਵਜੋਂ ਹਾਜ਼ਰ ਬੰਦਿਆਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਚਾਹ ਪਾਣੀ ਪਿਆਏਗਾ।
ਇਹ ਵੀ ਪਤਾ ਲੱਗਾ ਕਿ ਪਿਛਲੇ ਦਿਨਾਂ ਵਿਚ ਡਾ. ਜੁਗਿੰਦਰ ਕੈਰੋਂ, ਪ੍ਰਮਿੰਦਰਜੀਤ ਅਤੇ ਇਕ-ਦੋ ਹੋਰ ਸੱਜਣ ਸਜ਼ਾ ਭੁਗਤ ਚੁਕੇ ਸਨ। ਸਭ ਸਮਝ-ਸੋਚ ਕੇ ਬੋਲ ਰਹੇ ਸਨ। ਇਸ ਤੋਂ ਪਹਿਲਾਂ ਕਿ ਕੁਝ ਹੋਰ ਵਾਪਰਦਾ, ਦਲਬੀਰ ਚੇਤਨ ਨੱਚਣ ਲੱਗ ਪਿਆ। ਕਹਿਣ ਲੱਗਾ, “ਜੇ ਇਹ ਗੱਲ ਹੈ ਤਾਂ ਮੈਂ ਤੇ ਕਜ਼ਾਕ ਇਸ਼ਤਿਹਾਰੀ ਮੁਜ਼ਰਿਮ ਹਾਂ।” ਸਭ ਨੇ ਪੁੱਛਿਆ, ‘ਕਿਵੇਂ?’ ਕਹਿਣ ਲੱਗਾ, “ਇਕ ਤਾਂ ਮੈਂ ਹੁਣ ਦਸ ਵਾਰ ਅੰਮ੍ਰਿਤਾ ਦਾ ਨਾਂ ਲੈਣ ਵਾਲਾ ਹਾਂ। ਦੂਜਾ, ਮੈਂ ਤੇ ਕਜ਼ਾਕ ਤਾਂ ਕੱਲ੍ਹ ਹੀ ਆਪਣੀਆਂ ਕਿਤਾਬਾਂ ਦੇ ਪਿਛਲੇ ਸਰਵਰਕ ‘ਤੇ ਅੰਮ੍ਰਿਤਾ ਦੀ ਰਾਇ ਹੱਥ-ਲਿਖਤ ਰੂਪ ਵਿਚ ਛਾਪਣ ਲਈ ਕਿਤਾਬਾਂ ਦੇ ਖਰੜੇ ਦੇ ਕੇ ਆਏ ਹਾਂ। ਤੁਸੀਂ ਚਾਹ ਪਾਣੀ ਦਾ ਆਰਡਰ ਦਿਉ…।”
ਨਾਗਮਣੀ ਦੀ ਪ੍ਰਕਾਸ਼ਨਾ ਅਤੇ ਸੰਪਾਦਨਾ ਨੂੰ ਲੈ ਕੇ ਅੰਮ੍ਰਿਤਾ ਨੇ ਕਈ ਹੈਰਾਨੀਜਨਕ ਪਿਰਤਾਂ ਪਾਈਆਂ। ਇਸ਼ਤਿਹਾਰ ਅਤੇ ਰਿਵਿਊ ਨਹੀਂ ਛਪਣਗੇ। ਪਰਚੇ ਦਾ ਮੈਟਰ ਹੀ ਪਾਠਕਾਂ ਦੀ ਤਲਬ ਬਣੇਗਾ। ‘ਸੰਪਾਦਕ’ ਦੀ ਥਾਂ ਅੰਮ੍ਰਿਤਾ ਇਮਰੋਜ਼- ‘ਕਾਮੇ’ ਛਪਦਾ ਰਿਹਾ। ਮੁੱਖ ਪੰਨਾ ਅਤੇ ਅਖੀਰਲਾ ਸਰਵਰਕ ਵੀ ਰਚਨਾ ਨੂੰ ਲੈ ਕੇ ਛਪਦਾ। ਲੇਖਕਾਂ ਦੇ ਸਕੈਚ ‘ਨਾਗਮਣੀ’ ਖੁਦ ਬਣਾਉਂਦੀ। ਇਕ ਪਾਠਕ ਨੇ ਖਤ ਲਿਖਿਆ, “ਦੀਦੀ! ਤੁਸੀਂ ਰਿਵਿਊ ਕਿਉਂ ਨਹੀਂ ਛਾਪਦੇ।” ਅੰਮ੍ਰਿਤਾ ਨੇ ਲਿਖਿਆ, “ਰਿਵਿਊ ਕੀ? ਕਿਤਾਬ ਚੰਗੀ ਹੋਵੇ, ਪੂਰੀ ਕਿਤਾਬ ਹੀ ਛਾਪ ਦਿੰਦੇ ਹਾਂ।” ਮੁਹੰਮਦ ਮਨਸ਼ਾ ਯਾਦ ਦੀ ਪੂਰੀ ਕਿਤਾਬ ਦੀਆਂ ਕਹਾਣੀਆਂ ਛਾਪ ਦਿੱਤੀਆਂ ਸਨ।
ਕੁਸ਼ਲ ਸੰਪਾਦਕ ਵਜੋਂ ਚੰਗੀ ਰਚਨਾ ਦੀ ਤਲਬ ਵਿਚ ਜਿਸ ਸ਼ਿੱਦਤ, ਪਿਆਰ ਅਤੇ ਸਤਿਕਾਰ ਨਾਲ ਅੰਮ੍ਰਿਤਾ ਨੇ ਲੇਖਕਾਂ ਨੂੰ ਖਤ ਲਿਖੇ, ਅਜਿਹੀ ਮਿਸਾਲ ਪੰਜਾਬੀ ਸਾਹਿਤ ਜਗਤ ਵਿਚ ਨਹੀਂ ਮਿਲਦੀ। ਖਤ ਦੋ ਸਤਰੇ ਹੁੰਦੇ ਪਰ ਅਪਣੱਤ, ਸਤਿਕਾਰ ਅਤੇ ਮੋਹ ਨਾਲ ਭਰੇ ਹੁੰਦੇ। ਮੈਨੂੰ ਵੀ ਆਉਂਦੇ। ਇਸ ਵਾਰ ਬੜਾ ਤੜਫਦਾ ਖਤ ਮਿਲਿਆ, “ਪਿਆਰੇ ਕਜ਼ਾਕ, ਇਤਨਾ ਲੰਮਾ ਸਮਾਂ ਗੈਰ-ਹਾਜ਼ਰ ਰਹਿਣ ਦਾ ਕਾਰਨ? ਤੈਨੂੰ ਤੇ ਤੇਰੀ ਕਹਾਣੀ ਨੂੰ ‘ਨਾਗਮਣੀ’ ਤੇ ਅਸੀਂ ਸ਼ਿੱਦਤ ਨਾਲ ਉਡੀਕ ਰਹੇ ਹਾਂ।” ਖਤ ਮੇਰੇ ਅੰਦਰ ਉਤਰ ਗਿਆ। ਕਹਾਣੀ ਲਿਖੀ ਹੋਈ ਸੀ, ਸੋਚਿਆ ਮੋੜਵੇਂ ਮੋਹ ਨੂੰ ਡਾਕ ਵਿਚ ਕਿਉਂ ਪਾਇਆ ਜਾਵੇ। ਪ੍ਰੇਮ ਗੋਰਖੀ ਨੂੰ ਖਤ ਲਿਖਿਆ, “ਚੱਲਣਾ ਹੈ, ਜਾਂ ਕੋਈ ਸੁਨੇਹਾ ਹੈ ਤਾਂ ਦੱਸੋ।” ਦੂਜੇ-ਚੌਥੇ ਪ੍ਰੇਮ ਗੋਰਖੀ ਵਲੋਂ ਫਕੀਰ ਚੰਦ ਤੁਲੀ ਹੱਥ ਰੁੱਕਾ ਅਤੇ ਕਹਾਣੀ ਆ ਗਈ, “ਨਾਗਮਣੀ ਲਈ ਕਹਾਣੀ ਭੇਜ ਰਿਹਾ ਹਾਂ। ਲੈ ਜਾਣੀ।”
ਦਿੱਲੀ ਗਿਆ। ਮਿਲਿਆ। ਕਿਹਾ, “ਦੀਦੀ! ਕਹਾਣੀ ਮੈਂ ਮਿਹਨਤ ਨਾਲ ਲਿਖੀ ਹੈ। ਆਸ ਹੈ ਪਸੰਦ ਆਵੇਗੀ। ਨਾਲ ਗੋਰਖੀ ਦੀ ਵੀ ਹੈ। ਦੇਖ ਲੈਣਾ, ਜੇ ਛਪਣ ਲਾਇਕ ਹੋਈ ਤਾਂ ਛਾਪ ਲੈਣਾ।” ਕਾਫੀ ਚਿਰ ਬਾਅਦ ਗਿਆ ਸਾਂ। ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਅਗਲੀ ਸਵੇਰ ਪਰਤਣ ਲੱਗੇ ਤਾਂ ਮੈਂ ਫਿਰ ਕਿਹਾ, ਗੋਰਖੀ ਨੂੰ ਛਪਣ ਨਾ ਛਪਣ ਬਾਰੇ ਖਤ ਲਿਖ ਦੇਣਾ।
ਅੰਮ੍ਰਿਤਾ ਹੱਸਣ ਲੱਗੀ ਤੇ ਇਮਰੋਜ਼ ਨੂੰ ਕਿਹਾ, “ਇਮੂ ਦੱਸ ਇਹਨੂੰ।” ਇਮਰੋਜ ਨੇ ਕਿਹਾ, “ਕਜ਼ਾਕ ਪਿਆਰੇ, ਤੇਰੇ ਸੌਂ ਜਾਣ ਤੋਂ ਬਾਅਦ ਅੰਮ੍ਰਿਤਾ ਨੇ ਦੋਵੇਂ ਕਹਾਣੀਆਂ ਪੜ੍ਹੀਆਂ। ਗੋਰਖੀ ਦੀ ਕਹਾਣੀ ਇਤਨੀ ਚੰਗੀ ਲੱਗੀ, ਉਸੇ ਵੇਲੇ ਮੈਥੋਂ ਕਾਰ ਕਢਵਾਈ, ਜਮਨਾ ਪਾਰ ਲੋਕ ਪ੍ਰਿੰਟਰ ਵਾਲੇ ਨੂੰ ‘ਨਾਗਮਣੀ’ ਦੇ ਫਾਈਨਲ ਅੰਕ ਵਿਚੋਂ ਆਪਣੀ ਲੰਮੀ ਨਜ਼ਮ ‘ਤਿੜਕੇ ਘੜੇ ਦਾ ਪਾਣੀ’ ਦੀਆਂ ਗੇਲੀਆਂ ਕਢਾ ਕੇ ਗੋਰਖੀ ਦੀ ਕਹਾਣੀ ਛਪਣ ਲਈ ਦੇ ਕੇ ਆਈ। ਮੁੜ ਕੇ ਮੈਂ ਕਿਹਾ, ਮਾਜਾ, ਕਹਾਣੀ ਅਗਲੇ ਮਹੀਨੇ ਛਪ ਜਾਂਦੀ, ਤਾਂ ਅੰਮ੍ਰਿਤਾ ਨੇ ਕਿਹਾ, ਨਹੀਂ, ਮੈਂ ਇਤਨੀ ਚੰਗੀ ਕਹਾਣੀ ਤੋਂ ‘ਨਾਗਮਣੀ’ ਦੇ ਪਾਠਕਾਂ ਨੂੰ ਇਕ ਮਹੀਨਾ ਵਿਰਵਾ ਨਹੀਂ ਸੀ ਰੱਖ ਸਕਦੀ।”
ਸਾਡੇ ਜਿਹੇ ਮਾਮੂਲੀ ਲੇਖਕਾਂ ਨੂੰ ਕਿਤਨਾ ਪਿਆਰ ਸਤਿਕਾਰ ਮਿਲਦਾ ਸੀ, ਇਸ ਦਾ ਪ੍ਰਮਾਣ ਇਸ ਘਟਨਾ ‘ਚੋਂ ਤਲਾਸ਼ ਕੀਤਾ ਜਾ ਸਕਦਾ ਹੈ। ਮੈਂ ਤੇ ਪ੍ਰੇਮ ਗੋਰਖੀ ਇਕ ਵਾਰ ਮਿਲਣ ਗਏ। ਸੋਚਿਆ ਇਤਨੀ ਪ੍ਰਸਿਧ ਲੇਖਿਕਾ ਨੂੰ ਮਿਲਣ ਗਏ ਲੋਕ ਪਤਾ ਨਹੀਂ ਕਿਸ ਤਰ੍ਹਾਂ ਦੇ ਤੋਹਫੇ ਲੈ ਕੇ ਜਾਂਦੇ ਹੋਣਗੇ। ਮੈਂ ਵਾਹੀ ਕਰਦਾ ਸਾਂ। ਗੋਰਖੀ ਪਿੰਡ ਆਇਆ ਹੋਇਆ ਸੀ। ਅਸਾਂ ਮਲ੍ਹਿਆਂ ਦੇ ਬੇਰ ਅਤੇ ਘਲਾੜੀ ਤੋਂ ਤਾਜ਼ਾ ਗੁੜ ਲੈ ਲਿਆ। ਆਪਣੀ ਗਰੀਬੀ ਅਤੇ ਸੀਮਾ ਬਾਰੇ ਦੱਸਦਿਆਂ ਬਿਨੈ ਕੀਤੀ, “ਸਾਡੀ ਨਿਗੂਣੀ ਚੀਜ਼ ਦਾ ਬੁਰਾ ਨਾ ਮਨਾਉਣਾ।” ਅੰਮ੍ਰਿਤਾ ਕਣ ਵਾਲਾ ਗੁੜ ਖਾ ਕੇ ਖੁਸ਼ ਹੋ ਗਈ। ਅਸਾਂ ਮਲ੍ਹਿਆਂ ਦੇ ਬੇਰ ਖਾਣ ਲਈ ਕਿਹਾ। ਬੇਰ ਖਟ-ਮਿੱਠੇ ਅਤੇ ਸਵਾਦੀ ਸਨ। ਸਾਨੂੰ ਇਲਮ ਨਹੀਂ ਸੀ, ਬੇਰ ਗਲ-ਘੋਟੂ ਸਨ। ਥੋੜ੍ਹੇ ਚਿਰ ਬਾਅਦ ਹੀ ਅੰਮ੍ਰਿਤਾ ਦਾ ਗਲਾ ਫੁੱਲ ਕੇ ਰੁੰਦ ਗਿਆ ਅਤੇ ਪਿਆਸ ਲੱਗਣ ਲੱਗੀ। ਥੋੜ੍ਹੇ ਚਿਰ ਬਾਅਦ ਖੰਘ ਅਤੇ ਗਲੇ ਦੀ ਸੋਜ਼ਿਸ਼ ਕਾਰਨ ਸਾਹ ਲੈਣਾ ਮੁਸ਼ਕਿਲ ਹੋ ਗਿਆ। ਆਖਰ ਡਾਕਟਰ ਬੁਲਾਉਣ ਤੱਕ ਦੀ ਨੌਬਤ ਆ ਗਈ।
ਇਮਰੋਜ਼ ਨੇ ਪੁੱਛਿਆ, “ਪਤਾ ਨਹੀਂ ਲੱਗਿਆ ਬੇਰ ਗਲਾ ਫੜ ਰਹੇ ਹਨ?” ਅੰਮ੍ਰਿਤਾ ਨੇ ਕਿਹਾ, “ਪਤਾ ਤਾਂ ਪਹਿਲੇ ਦੂਜੇ ਬੇਰ ਵੇਲੇ ਹੀ ਲੱਗ ਗਿਆ ਸੀ।”
“ਕਮਾਲ ਐ! ਫਿਰ ਵੀ ਦੇਰ ਤੱਕ ਖਾਂਦੀ ਰਹੀ।”
ਉਤਰ ਵਿਚ ਅੰਮ੍ਰਿਤਾ ਨੇ ਇਮਰੋਜ਼ ਦਾ ਹੱਥ ਫੜ ਕੇ ਜੋ ਕਿਹਾ, ਉਹਨੇ ਸਾਡੀਆਂ ਭੁੱਬਾਂ ਹੀ ਕਢਾ ਦਿੱਤੀਆਂ।
“ਈਮੂ ਮੈਂ ਨਹੀਂ ਚਾਹੁੰਦੀ, ਮੇਰੀ ਨਿੱਕੀ ਜਿਹੀ ਤਕਲੀਫ ਬਦਲੇ, ਇਨ੍ਹਾਂ ਦੋਸਤਾਂ ਦਾ ਪਿਆਰ ਨਾਲ ਲਿਆਂਦਾ ਤੋਹਫਾ ਛੋਟਾ ਹੋ ਜਾਵੇ।”
ਅੰਮ੍ਰਿਤਾ ਨੂੰ ‘ਨਾਗਮਣੀ’ ਦੇ ਲੇਖਕਾਂ ਬਹੁਤ ਨੇੜਿਉਂ ਦੇਖਿਆ। ਉਸ ਦਾ ਜਿੰਨਾ ਵਿਰੋਧ ਸੀ, ਉਸ ਤੋਂ ਹਜ਼ਾਰ ਗੁਣਾ ਵੱਧ ਉਸ ਦੇ ਪ੍ਰਸ਼ੰਸਕ ਸਨ ਕਿਉਂਕਿ ਉਹ ਆਪਣੀਆਂ ਸ਼ਰਤਾਂ ‘ਤੇ ਜੀਵੀ। ਮੈਨੂੰ ਅੰਮ੍ਰਿਤਾ ਰਾਹੀਂ ਬਿਰਲਾ ਫਾਊਂਡੇਸ਼ਨ ਅਤੇ ਆਦਿਵਾਸੀ ਸੰਸਥਾਨ ਕੇਂਦਰ ਦੇ ਵੱਡੇ ਪ੍ਰਾਜੈਕਟ ‘ਤੇ ਕੰਮ ਕਰਨ ਦਾ ਮੌਕਾ ਮਿਲਿਆ। ਇਕ ਵਾਰ ਉਨ੍ਹਾਂ ਪੰਜਾਬੀ ਅਕਾਦਮੀ ਦਿੱਲੀ ਤੋਂ ਮੇਰੇ ਲਈ ਪ੍ਰਾਜੈਕਟ ਪਾਸ ਕਰਵਾਇਆ। ਮੇਰੀ ਆਰਥਕ ਤੰਗੀ ਬਾਰੇ ਅੰਮ੍ਰਿਤਾ ਨੂੰ ਪਤਾ ਸੀ। ਪ੍ਰਾਜੈਕਟ ਸੌਂਪਣ ਦਾ ਵਕਤ ਆਇਆ ਤਾਂ ਟੈਕਨੀਕਲ ਅੜਿੱਕਾ ਪੈ ਗਿਆ। ਫਾਈਲ ਵਿਚ ਮੇਰੇ ਵਲੋਂ ਲਿਖਿਆ ਬੇਨਤੀ ਪੱਤਰ ਨਹੀਂ ਸੀ। ਮੈਂ ਕਿਹਾ, ‘ਦੋ ਅੱਖਰ ਲਿਖ ਦਿੰਨਾਂ।’ ਜਵਾਬ ਮਿਲਿਆ, “ਇਸ ਤਰ੍ਹਾਂ ਤਾਂ ਖੈਰਾਇਤ ਮੰਗਣ ਵਾਲੀ ਗੱਲ ਹੋ ਜਾਏਗੀ।” ਦੂਜੀ ਵਾਰ ਜਦੋਂ ਡਾ. ਅਮਰੀਕ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ, ਉਦੋਂ ਉਨ੍ਹਾਂ ਤਿੰਨ ਸਾਲ ਲਈ ਫੈਲੋਸ਼ਿਪ ਪਾਸ ਕਰਵਾਈ। ਉਦੋਂ ਵੀ ਗੱਲ ਇਥੇ ਅੜ ਗਈ, ਲੇਖਕ ਲਿਖ ਕੇ ਦੇਵੇ। ਅੰਮ੍ਰਿਤਾ ਨੇ ਕਿਹਾ, “ਮੈਥੋਂ ਜੋ ਮਰਜ਼ੀ ਲਿਖਵਾ ਲਵੋ; ਲੇਖਕ ਦਾ ਸਿਰ ਉਚਾ ਰਹਿਣ ਦਿਉ।”
ਇਕ ਸਮੇਂ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਚ ਸਾਂ ਤਾਂ ਸਥਾਈ ਕਮੇਟੀ ਨੇ ਅੰਮ੍ਰਿਤਾ ਨਾਲ ਸਬੰਧਤ ਦੋ ਪ੍ਰਾਜੈਕਟ ਪਾਸ ਕੀਤੇ। ਪ੍ਰਤੀਨਿਧ ਕਹਾਣੀਆਂ ਅਤੇ ਸਾਹਿਤਕ ਸਵੈ-ਜੀਵਨੀ। ਡਾ. ਅਜਮੇਰ ਸਿੰਘ ਮੁਖੀ ਸਨ। ਉਨ੍ਹਾਂ ਮੇਰੀ ਡਿਊਟੀ ਲਗਵਾਈ, ਮੈਂ ਦੋਵੇਂ ਪ੍ਰਾਜੈਕਟਾਂ ਦੀ ਪ੍ਰਵਾਨਗੀ ਲੈ ਕੇ ਆਵਾਂ। ਉਤਰ ਵਿਚ ਅੰਮ੍ਰਿਤਾ ਨੇ ਚਿੱਠੀ ਲਿਖੀ, “ਕੀ ਇਹ ਠੀਕ ਹੋਵੇਗਾ, ਮੈਂ ਆਪਣੀਆਂ ਕਹਾਣੀਆਂ ਨੂੰ ਖੁਦ ਹੀ ਪ੍ਰਤੀਨਿਧ ਕਹਾਂ?” ਸਾਹਿਤਕ ਸਵੈ-ਜੀਵਨੀ ਦਾ ਨਾਂ ਕੁਝ ਹੋਰ ਰੱਖ ਕੇ ਲਿਖਣ ਬਾਰੇ ਇੱਛਾ ਜਾਹਰ ਕੀਤੀ, ਜੋ ਪ੍ਰਵਾਨ ਨਾ ਹੋਈ ਪਰ ਅੰਮ੍ਰਿਤਾ ਨੇ ਕੋਈ ਗਿਲਾ ਨਾ ਕੀਤਾ।
ਕਸ਼ਮੀਰ ਪੰਨੂ ਤੇ ਮੈਂ ਇਸ ਕਿੱਸੇ ਦੇ ਚਸ਼ਮਦੀਦ ਹਾਂ।
ਮਰਹੂਮ ਨਾਟਕਕਾਰ ਹਰਸ਼ਰਨ ਸਿੰਘ ਦੀ ਰਚਨਾ ਪਹਿਲੀ ਵਾਰ ‘ਨਾਗਮਣੀ’ ਵਿਚ ਛਪੀ। ਉਹ ਡੀ. ਪੀ. ਆਈ. ਮਹਿਕਮੇ ਵਿਚ ਵੱਡੇ ਅਹੁਦੇ ‘ਤੇ ਸਨ। ਉਨ੍ਹਾਂ ਨੂੰ ਪਹਿਲੀ ਵਾਰ ਪਤਾ ਲੱਗਾ, ‘ਨਾਗਮਣੀ’ ਜਿਹਾ ਪਰਚਾ ਸਕੂਲਾਂ, ਕਾਲਜਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨ ਨਹੀਂ ਸੀ ਕੀਤਾ ਹੋਇਆ।
ਦੇਵ ਭਾਰਦਵਾਜ, ਕਸ਼ਮੀਰ ਪੰਨੂ ਤੇ ਮੈਂ ਉਨ੍ਹਾਂ ਦੇ ਸਾਹਮਣੇ ਬੈਠੇ ਸਾਂ। ਉਨ੍ਹਾਂ ਸ਼ਰਮ ਮਹਿਸੂਸ ਕੀਤੀ ਅਤੇ ਕਿਹਾ, ਹਰ ਹਾਲਤ ਵਿਚ ‘ਨਾਗਮਣੀ’ ਸਕੂਲਾਂ-ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿਚ ਲੱਗਣੀ ਚਾਹੀਦੀ ਹੈ। ਇੰਜ ਘੱਟੋ-ਘੱਟ ਦੋ ਢਾਈ ਹਜ਼ਾਰ ਪਰਚਾ ਵੱਧ ਛਪਿਆ ਕਰੇਗਾ।
ਮੈਂ ‘ਨਾਗਮਣੀ’ ਦੀ ਕਾਰਜ ਸ਼ੈਲੀ ਨੂੰ ਇਉਂ ਜਾਣਦਾ ਰਿਹਾ। ਇਹ ਵੀ ਜਾਣਦਾ ਸਾਂ, ਪ੍ਰੈਸ ਕਾਪੀ ਤੋਂ ਲੈ ਕੇ ਪਰੂਫ ਰੀਡਿੰਗ ਅਤੇ ਪਰਚਾ ਪੋਸਟ ਕਰਨ ਦਾ ਕੰਮ ਅੰਮ੍ਰਿਤਾ ਅਤੇ ਇਮਰੋਜ਼ ਖੁਦ ਕਰਦੇ ਸਨ, ਕਿਉਂਕਿ ‘ਨਾਗਮਣੀ’ ਦੀ ਆਮਦਨ ਕਿਸੇ ਤੀਜੇ ਕਾਮੇ ਦਾ ਵਿੱਤੀ ਬੋਝ ਸਹਾਰਨ ਤੋਂ ਅਸਮਰੱਥ ਸੀ।
ਫੈਸਲਾ ਹੋਇਆ, ਮੈਂ ਡੀ. ਪੀ. ਆਈ. ਤੋਂ ਫਾਰਮ ਲੈ ਕੇ ਦਿੱਲੀ ਜਾਵਾਂ ਅਤੇ ਇਹ ਲਿਖਵਾ ਕੇ ਲਿਆਵਾਂ ਕਿ ‘ਨਾਗਮਣੀ’ ਦੋ ਢਾਈ ਹਜ਼ਾਰ ਤੋਂ ਵੱਧ ਗਿਣਤੀ ਵਿਚ ਛਪਦਾ ਹੈ। ਨਾਲ ਹੀ ਡੀ. ਪੀ. ਆਈ. ਨੂੰ ਬਿਨੈ ਪੱਤਰ ਲਿਖਿਆ ਜਾਵੇ। ਮੈਂ ਹੁੱਬ ਕੇ ਫਾਰਮ ਅੱਗੇ ਕੀਤਾ। ਅੰਮ੍ਰਿਤਾ ਨੇ ਧਿਆਨ ਨਾਲ ਪੜ੍ਹਿਆ, ਜਿਸ ਵਿਚ ਕਾਲਮਾਂ ਥੱਲੇ ਲਿਖਿਆ ਸੀ, ਉਪਰੋਕਤ ਅੰਕੜੇ ਪੂਰਨ ਰੂਪ ਵਿਚ ਸੱਚ ਹਨ।
ਅੰਮ੍ਰਿਤਾ ਨੇ ਇਮਰੋਜ਼ ਨੂੰ ਹਾਕ ਮਾਰੀ ਅਤੇ ਲਿਖਵਾਇਆ, ਪਿਛਲੇ ਮਹੀਨੇ ‘ਨਾਗਮਣੀ’ ਦੀਆਂ ਸੱਤ ਸੌ ਪੰਝੀ ਪ੍ਰਤੀਆਂ ਛਾਪੀਆਂ ਗਈਆਂ ਹਨ। ਇਸ ਪਰਚੇ ਵਿਚ ਕੋਈ ਸਰਕਾਰੀ ਇਸ਼ਤਿਹਾਰ ਨਹੀਂ ਛਪਦਾ।
ਮੈਂ ਕਿਹਾ, ਇਸ ਤਰ੍ਹਾਂ ਤਾਂ ਪਰਚਾ ਪਾਸ ਨਹੀਂ ਹੋਵੇਗਾ। ਬਿਨੈ ਪੱਤਰ ਵੀ ਜ਼ਰੂਰੀ ਹੈ। ਅੰਕੜਿਆਂ ਵਿਚ ਇਕ ਹਜ਼ਾਰ ਤਾਂ ਲਿਖੋ। ਉਨ੍ਹਾਂ ਕਿਹਾ, ਬਿਨੈ ਪੱਤਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਡੀ. ਪੀ. ਆਈ. ਨੂੰ ਲੋੜ ਹੈ ਤਾਂ ਉਹ ਖੁਦ ਬਿਨੈ ਪੱਤਰ ਲਿਖੇ। ਜਦੋਂ ‘ਨਾਗਮਣੀ’ ਸ਼ੁਰੂ ਕੀਤੀ ਸੀ, ਕਈ ਫੈਸਲੇ ਬੜੀ ਸਖਤੀ ਨਾਲ ਲਏ ਸਨ, ਜਿਵੇਂ ਰਿਵਿਊ ਨਹੀਂ ਛਪਣਗੇ। ਕਿਤਾਬ ਚੰਗੀ ਹੋਈ ਤਾਂ ਉਸ ਵਿਚੋਂ ਕੁਝ ਹਿੱਸਾ ਛਾਪ ਲਿਆ ਜਾਏਗਾ। ਲੇਖਕ ਦੀ ਥਾਂ ਲਿਖਤ ਨੂੰ ਪਹਿਲ ਦਿੱਤੀ ਜਾਵੇਗੀ। ਇਸ਼ਤਿਹਾਰਾਂ ਲਈ ਝੋਲੀ ਨਹੀਂ ਫੈਲਾਈ ਜਾਵੇਗੀ, ਕਿਉਂਕਿ ਇਹ ਵਿਕੇ ਹੋਏ ਬੋਲਾਂ ਦਾ ਪਰਚਾ ਨਹੀਂ। ਨਿੰਦਾ ਪਾਠ ਲਈ ਪਰਚੇ ਵਿਚ ਕੋਈ ਥਾਂ ਨਹੀਂ ਹੋਏਗੀ। ਵਿਕਰੇਤਾ ਵਲੋਂ ਇਕ ਮਹੀਨਾ ਅਗਾਊਂ ਡਰਾਫਟ ਆਉਣ ‘ਤੇ ਹੀ ਪਰਚਾ ਭੇਜਿਆ ਜਾਵੇਗਾ। ਸਭ ਤੋਂ ਵੱਡੀ ਗੱਲ, ਇਹ ਕਤੱਈ ਨਹੀਂ ਲਿਖਿਆ ਜਾਵੇਗਾ, ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਨਾ ਹੀ ਰਚਨਾਕਾਰ ਤੋਂ ਬਿਨਾ ਕਿਸੇ ਨੂੰ ਪਰਚਾ ਮੁਫਤ ਭੇਜਿਆ ਜਾਵੇਗਾ।
ਮੈਂ ਬਿਨੈ ਪੱਤਰ ਲਿਖਣ ਦਾ ਤਰਲਾ ਲਿਆ ਅਤੇ ਆਰਥਕ ਫਾਇਦੇ ਦੀ ਦੁਹਾਈ ਦਿੱਤੀ। ਤਦ ਇਮਰੋਜ਼ ਨੇ ਕਿਹਾ, ਕਜ਼ਾਕ ਪਿਆਰੇ, ਫਾਰਮ ਦੇ ਥੱਲੇ ਇਕ ਲਾਈਨ ਵਿਚ ਸੱਚ ਬੋਲਣ ਬਾਰੇ ਲਿਖਿਆ ਗਿਆ ਹੈ। ਇਸ ਲਈ ਕਿ ਲੋਕ ਪਰਚਿਆਂ ਦੀ ਛਪਣ ਗਿਣਤੀ ਦੱਸਣ ਵੇਲੇ ਝੂਠ ਬੋਲਦੇ ਹਨ। ਸਤਰ ਨਾ ਵੀ ਲਿਖੀ ਹੁੰਦੀ, ਤਦ ਵੀ ਅਸੀਂ ਇਕ ਪਰਚਾ ਵੀ ਫਾਲਤੂ ਨਹੀਂ ਸੀ ਲਿਖਣਾ।
ਸਾਰਾ ਪੰਜਾਬੀ ਜਗਤ ਜਾਣਦਾ ਹੈ, ‘ਨਾਗਮਣੀ’ ਸਕੂਲਾਂ, ਕਾਲਜਾਂ ਦੀਆਂ ਲਾਇਬ੍ਰੇਰੀਆਂ ਲਈ ਲਾਜ਼ਮੀ ਖਰੀਦੇ ਜਾਣਾ ਪ੍ਰਵਾਨ ਨਾ ਹੋ ਸਕਿਆ।
ਇਕ ਵਾਰ ਮੈਂ ਆਪਣੇ ਨਾਵਲ ਦਾ ਖਰੜਾ ਅੰਮ੍ਰਿਤਾ ਨੂੰ ਪੜ੍ਹ ਕੇ ਰਾਇ ਦੇਣ ਲਈ ਦਿੱਤਾ। ਉਸ ਪੜ੍ਹ ਕੇ ਖਤ ਲਿਖਿਆ, ਤੂੰ ਕਿਸ ਕੱਚੇ ਲੇਖਕ ਦਾ ਲਿਖਿਆ ਨਾਵਲ ਦੇ ਦਿੱਤਾ। ਜੇ ਇਹ ਸਚਮੁੱਚ ਤੂੰ ਲਿਖਿਆ ਹੈ ਤਾਂ ਮੈਂ ਇਸ ਕਜ਼ਾਕ ਨੂੰ ਨਹੀਂ ਜਾਣਦੀ।
ਕੇਰਾਂ ਮੈਂ, ਸੁਰਿੰਦਰ ਸ਼ਰਮਾ, ਅਜੀਤ ਕੌਰ, ਅੰਮ੍ਰਿਤਾ ਤੇ ਇਮਰੋਜ਼ ਕਾਰ ਵਿਚ ਜਾ ਰਹੇ ਸਾਂ, ਗੱਲਾਂ-ਗੱਲਾਂ ਵਿਚ ਅਜੀਤ ਕੌਰ ਨੇ ਕਿਸੇ ਕਵਿੱਤਰੀ ਦਾ ਨਾਂ ਲੈ ਕੇ ਕਿਹਾ, ਇਸ ਵਾਰ ਉਹ ਫਲਾਂ ਲੇਖਕ ਨੂੰ ਸਾਹਿਤ ਅਕਾਦਮੀ ਦੇ ਇਨਾਮ ਲਈ ਚੈਲੰਜ ਕਰ ਰਹੀ ਹੈ।
“ਅੱਛਾ ਤਾਂ ਉਸੇ ਨੂੰ ਦਿਵਾ ਦਿੰਨੇ ਹਾਂ ਜਿਸ ਨੂੰ ਉਹ ਨਹੀਂ ਚਾਹੁੰਦੀ,” ਅੰਮ੍ਰਿਤਾ ਨੇ ਕਿਹਾ।
‘ਕਮਾਲ ਐ ਦੀਦੀ!’ ਸੁਰਿੰਦਰ ਸ਼ਰਮਾ ਤਿੜਕਿਆ। ਮੈਂ ਤਾਂ ਸਮਝਦਾ ਸੀ, ਤੁਸੀਂ ਉਸ ਕਵਿੱਤਰੀ ਨਾਲੋਂ ਬਹੁਤ ਵੱਡੇ ਹੋ। ਉਹ ਤਾਂ ਦੋਵੇਂ ਗੱਲਾਂ ਇਕੋ ਜਿਤਨੀਆਂ ਮਾੜੀਆਂ ਹਨ।
ਤਦ ਮੂਹਰਲੀ ਸੀਟ ‘ਤੇ ਬੈਠੀ ਅੰਮ੍ਰਿਤਾ ਇਕ ਦਮ ਮੁੜੀ ਅਤੇ ਕਿਹਾ, “ਅਜੀਤ ਜਿਸ ਅਦੀਬ ਦੇ ਦੋਸਤ ਇਤਨੇ ਬੇਬਾਕ ਹੋਣ; ਉਹ ਕਿਤਨਾ ਅਮੀਰ ਹੋਵੇਗਾ।”
ਬੇਸ਼ਕ! ਜੇ ਅਦੀਬ ਬੇਬਾਕੀ ਨੂੰ ਸਹਿ ਸਕਣ ਵਾਲਾ ਹੋਵੇ।
ਜਿਨ੍ਹਾਂ ਦਿਨਾਂ ਵਿਚ ਉਹ ਮੌਤ ਨਾਲ ਲੜ ਰਹੀ ਸੀ, ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਰਾਹੀਂ ਪੰਜ ਲੱਖ ਰੁਪਏ ਲੈ ਕੇ ਗਏ ਅਧਿਕਾਰੀਆਂ ਨਾਲ ਮੈਂ ਵੀ ਗਿਆ। ਉਸ ਵਾਰ-ਵਾਰ ਇਕੋ ਗਿਲਾ ਕੀਤਾ, ਪੰਜਾਬ ਨੇ ਕ੍ਰਿਸ਼ਨਾ ਸੋਬਤੀ ਵਾਲੇ ਮਸਲੇ ਵਿਚ ਕੁਝ ਇਤਿਹਾਸਕ ਦਸਤਾਵੇਜ਼ ਮੁਹੱਈਆ ਕਰਵਾਉਣ ਵਿਚ ਉਸ ਦੀ ਮਦਦ ਨਹੀਂ ਕੀਤੀ।
ਅੰਮ੍ਰਿਤਾ ਦੀਆਂ ਵਿਸ਼ੇਸ਼ ਲਿਖਤਾਂ ਅਤੇ ਇਮਰੋਜ਼ ਦੀਆਂ ਬਣਾਈਆਂ ਪੇਂਟਿੰਗਜ਼ ਦੀ ਐਲਬਮ ਛਾਪਣ ਬਾਰੇ ਵੀ ਫੈਸਲਾ ਹੋਇਆ, ਜੋ ਅੱਜ ਤਕ ਹਵਾ ਵਿਚ ਹੈ।
ਅੰਮ੍ਰਿਤਾ ਅਤੇ ‘ਨਾਗਮਣੀ’ ਨਾਲ ਲੰਮਾ ਸਮਾਂ ਸਾਥ ਰਿਹਾ। ਹਜ਼ਾਰਾਂ ਸਿਮਰਤੀਆਂ ਹਨ ਜੋ ਮੁੱਕਣੀਆਂ ਨਹੀਂ। ਮੰਦਾ ਬੋਲਣ ਵਾਲੇ ਮੋਈ ਹੋਈ ਨੂੰ ਨਹੀਂ ਬਖਸ਼ ਰਹੇ। ਇਕ ਵਾਰ ਮੈਂ, ਦਵਿੰਦਰ, ਵੇਦ ਰਾਹੀ ਅਤੇ ਅੰਮ੍ਰਿਤਾ ਮਰਹੂਮ ਇੰਦਰਾ ਗਾਂਧੀ ਨੂੰ ਮਿਲਣ ਗਏ। ਇੰਦਰਾ ਗਾਂਧੀ ‘ਤੇ ਬਣਨ ਵਾਲੀ ਡਾਕੂਮੈਂਟਰੀ ‘ਜੋਗ ਜਾਰੀ ਹੈ’ ‘ਤੇ ਕੰਮ ਕਰ ਰਹੇ ਸਾਂ ਅਤੇ ਵਾਪਸ ਆਉਂਦੇ ਦਵਿੰਦਰ ਨੇ ਕਿਸੇ ਵਲੋਂ ਕੀਤੀ ਨਿੰਦਕ ਟਿੱਪਣੀ ਬਾਰੇ ਕੁਝ ਕਿਹਾ। ਤਦ ਅੰਮ੍ਰਿਤਾ ਮੁਸਕਰਾਈ ਤੇ ਕਿਹਾ, “ਦਵਿੰਦਰ, ਲੋਕ ਇਸ ਅੰਮ੍ਰਿਤਾ ਨੂੰ ਨਾਲ ਲੈਣਗੇ। ਉਸ ਅੰਮ੍ਰਿਤਾ ਨੂੰ ਕਿਵੇਂ ਕਹਿਣਗੇ, ਜੋ ਭਲਾ ਲੋਕਾਂ ਦੇ ਦਿਲਾਂ ਵਿਚ ਹੈ।”