ਸਿੱਖ ਧਰਮ ਅਤੇ ਸਿਆਸਤ

‘ਪੰਜਾਬ ਟਾਈਮਜ਼’ ਦੇ 16 ਫਰਵਰੀ ਦੇ ਅੰਕ ਵਿਚ ਛਪੇ ਆਪਣੇ ਲੇਖ ‘ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ’ ਵਿਚ ਡਾ. ਸਰਦਾਰਾ ਸਿੰਘ ਜੌਹਲ ਨੇ ਸਿੱਖ ਧਰਮ ਦੇ ਅਜੋਕੇ ਹਾਲਾਤ ਉਤੇ ਕੁਝ ਟਿੱਪਣੀਆਂ ਕੀਤੀਆਂ ਸਨ ਕਿ ਕਿਵੇਂ ਅੱਜ ਧਰਮ ਉਤੇ ਸਿਆਸਤ ਭਾਰੂ ਹੋ ਗਈ ਹੈ। ਇਸੇ ਗੱਲ ਨੂੰ ਅੱਗੇ ਤੋਰਦਿਆਂ ਲੇਖ ਦੇ ਪ੍ਰਤੀਕਰਮ ਵਿਚ ਸ਼ ਹਾਕਮ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਏ ਹਨ, ਜੋ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਸ ਸਬੰਧੀ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।

-ਸੰਪਾਦਕ

ਹਾਕਮ ਸਿੰਘ
‘ਪੰਜਾਬ ਟਾਈਮਜ਼’ ਵਿਚ ਛਪੇ ਆਪਣੇ ਲੇਖ ‘ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ’ ਵਿਚ ਡਾ. ਸਰਦਾਰਾ ਸਿੰਘ ਜੌਹਲ ਨੇ ਸਿੱਖ ਸਮਾਜ ਦੇ ਉਚਿੱਤ ਪ੍ਰਬੰਧ ਲਈ ਇੱਕ ਰੂਪ ਰੇਖਾ ਉਲੀਕੀ ਹੈ ਅਤੇ ਅਕਾਲ ਤਖਤ ਨੂੰ ਸਰਬ-ਉਚ ਦੱਸਿਆ ਹੈ। ਉਨ੍ਹਾਂ ਦਾ ਲੇਖ ਪੜ੍ਹ ਕੇ ਮਨ ਵਿਚ ਕੁਝ ਸ਼ੰਕੇ ਪੈਦਾ ਹੋਏ ਹਨ, ਜੋ ਮੈਂ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਮੇਰੀ ਸਮਝ ਅਨੁਸਾਰ ਅਜੋਕਾ ਸਿੱਖ ਸਮਾਜ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਹੈ। ਇਹ ਤਿੰਨ ਸ਼੍ਰੇਣੀਆਂ ਹਨ: ਗੁਰਬਾਣੀ ਉਪਦੇਸ਼ ਅਨੁਸਾਰੀ ਜੀਵਨ ਬਤੀਤ ਕਰਨ ਵਾਲੇ ਗੁਰਸਿੱਖ; ਸੰਸਥਾਗਤ ਸਿੱਖ ਧਰਮ ਅਤੇ ਉਸ ਦੀ ਰਹਿਤ ਮਰਿਆਦਾ ਦੇ ਧਾਰਨੀ; ਅਤੇ ਆਪਣੇ ਆਪ ਨੂੰ ਸਿੱਖ ਸਮਝਣ ਜਾਂ ਅਖਵਾਉਣ ਵਾਲੇ ਵਿਅਕਤੀ।
ਗੁਰਸਿੱਖਾਂ ਦਾ ਜੀਵਨ ਗੁਰਬਾਣੀ ਗਿਆਨ ਨੂੰ ਸਮਰਪਿਤ ਹੈ। ਗੁਰਬਾਣੀ ਗਿਆਨ ਪ੍ਰਭੂ ਅਤੇ ਉਸ ਦੀ ਸਾਜੀ ਸ੍ਰਿਸ਼ਟੀ ਦਾ ਅਧਿਆਤਮਕ ਗਿਆਨ ਹੈ। ਇਹ ਨਜ਼ਰ ਆ ਰਹੇ ਅਤੇ ਨਿਰੰਤਰ ਬਦਲਦੇ ਸੰਸਾਰ ਦਾ ਗਿਆਨ ਨਹੀਂ ਹੈ। ਇਹ ਅਦ੍ਰਿਸ਼ਟ ਪ੍ਰਭੂ, ਉਸ ਦੀ ਰਚੀ ਸੰਸਾਰਕ ਮਾਇਆ ਅਤੇ ਉਸ ਦੇ ਅੰਸ਼, ਮਨੁੱਖੀ ਮਨ ਦਾ ਗਿਆਨ ਹੈ। ਇਸ ਵਿਚ ਮਨੁੱਖੀ ਸਰੀਰ ਦੀ ਯੋਗਤਾ ਦੀ ਸੀਮਾ ਦਾ ਵਰਣਨ ਹੈ ਅਤੇ ਮਨੁੱਖੀ ਜੀਵਨ ਦਾ ਮਨੋਰਥ ਧਰਮ ਦੇ ਮਾਰਗ ‘ਤੇ ਚੱਲਦਿਆਂ ਪ੍ਰਭੂ ਮਿਲਾਪ ਦੱਸਿਆ ਗਿਆ ਹੈ। ਧਰਮ ਦਇਆ, ਸੰਤੋਖ, ਜਤ (ਆਪਣੇ ਆਪ ਨੂੰ ਵਸ ਵਿਚ ਰੱਖਣ) ਅਤੇ ਸਤ ਦਾ ਮਾਰਗ ਹੈ। ਇਸ ਮਾਰਗ ‘ਤੇ ਚਲਦਿਆਂ ਪ੍ਰਭੂ ਦੀ ਕਿਰਪਾ ਹੋਣ ‘ਤੇ ਹਉਮੈ, ਸੰਸਾਰਕ ਇੱਛਾਵਾਂ ਤੇ ਮਾਇਆ ਦੇ ਪ੍ਰਭਾਵ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਪ੍ਰਭੂ ਦਾ ਗਿਆਨ ਹੋਣ ‘ਤੇ ਪ੍ਰਭੂ ਨਾਲ ਮਿਲਾਪ ਸੰਭਵ ਹੋ ਜਾਂਦਾ ਹੈ। ਪ੍ਰਭੂ ਮਿਲਾਪ ਅਧਿਆਤਮਕ ਗਿਆਨ ਦਾ ਪਰਿਣਾਮ ਹੈ, ਕਿਉਂਕਿ ਅਦ੍ਰਿਸ਼ਟ ਪ੍ਰਭੂ ਦੀ ਕਲਪਨਾ ਕਰਨੀ ਸੰਭਵ ਨਹੀਂ। ਉਸ ਨੂੰ ਗਿਆਨ ਰਾਹੀਂ ਹੀ ਪਾਇਆ ਜਾ ਸਕਦਾ ਹੈ। ਗੁਰਬਾਣੀ ਗਿਆਨ ਸਾਰੀ ਮਨੁਖਤਾ ਵਿਚ ਅਨੰਤ ਪ੍ਰਭੂ ਦਾ ਪ੍ਰਕਾਸ਼ ਕਰਦਾ ਹੈ ਅਤੇ ਮਨੁੱਖੀ ਬਰਬਾਰੀ ਤੇ ਨਿੱਜੀ ਸੁਤੰਤਰਤਾ ਦੇ ਮਾਨਵੀ ਹੱਕਾਂ ਦਾ ਸਮਰਥਕ ਹੈ। ਗੁਰਬਾਣੀ ਕਿਸੇ ਸਮਾਜ ਜਾਂ ਸੰਸਥਾ ਦੀ ਮਲਕੀਅਤ ਨਹੀਂ ਹੈ ਅਤੇ ਨਾ ਹੀ ਇਸ ‘ਤੇ ਕਿਸੇ ਦਾ ਕੋਈ ਕਾਪੀਰਾਈਟ ਹੈ। ਜੋ ਵਿਅਕਤੀ ਇਸ ਗਿਆਨ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਉਸ ਨੂੰ ਹੀ ਅਸਲੀ ਸਿੱਖ ਆਖਿਆ ਜਾ ਸਕਦਾ ਹੈ। ਗੁਰਬਾਣੀ ਇਸ ਮਾਰਗ ਨੂੰ ਬਹੁਤ ਕਠਿਨ ਦੱਸਦੀ ਹੈ, “ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰਾ॥” (ਪੰਨਾ 1411), ਪਰ ਇਸ ਮਾਰਗ ਦੇ ਪਾਂਧੀਆਂ ਦਾ ਪ੍ਰਭਾਵ ਸਮਾਜ ਅਤੇ ਉਸ ਦੀ ਸੋਚ ਵਿਚ ਬਦਲਾਓ ਲਿਆ ਦਿੰਦਾ ਹੈ।
ਸੰਸਥਾਗਤ ਸਿੱਖ ਧਰਮ ਅਧਿਆਤਮਕ ਧਰਮ ਨਾਲੋਂ ਵੱਖਰਾ ਹੈ। ਗੁਰੂ ਸਾਹਿਬਾਨ ਨੇ ਸੰਸਥਾਗਤ ਧਰਮ ਸਥਾਪਤ ਨਹੀਂ ਕੀਤਾ। ਗੁਰਬਾਣੀ ਅਨੁਸਾਰ ਸੰਸਾਰ ਵਿਚ ਮਾਇਆ ਦੇ ਭਰਮ ਦਾ ਵਰਤਾਰਾ ਹੈ, “ਮਾਇਆ ਮੋਹਿ ਸਭੋ ਜਗੁ ਬਾਧਾ॥” (ਪੰਨਾ 394); “ਤਿਸਨਾ ਅਗਨਿ ਜਲੈ ਸੰਸਾਰਾ॥” (ਪੰਨਾ 120) ਅਤੇ “ਤ੍ਰਹੁ ਗੁਣ ਮਹਿ ਵਰਤੈ ਸੰਸਾਰਾ॥” (ਪੰਨਾ 389)। ਸੰਸਾਰ ਵਿਚ ਮਾਇਆ ਦਾ ਪ੍ਰਭਾਵ ਹੋਣ ਕਾਰਨ ਅਧਿਆਤਮਕ ਧਰਮ ਦੇ ਦਇਆ, ਸੰਤੋਖ, ਜਤ ਅਤੇ ਸਤ ਦੇ ਗੁਣਾਂ ਵਾਲੇ ਮਾਰਗ ‘ਤੇ ਚਲਣਾ ਸੰਭਵ ਨਹੀਂ ਹੁੰਦਾ। ਉਥੇ ਕੇਵਲ ਸੰਸਾਰਕ ਮਾਇਆ ਨੂੰ ਪ੍ਰਵਾਨਤ ਵਿਹਾਰ ਵਾਲਾ ਸੰਸਥਾਗਤ ਧਰਮ ਹੀ ਸਫਲ ਹੋ ਪਾਉਂਦਾ ਹੈ, ਜਿਵੇਂ ਸਿੱਖ ਅਤੇ ਦੂਜੇ ਸੰਸਥਾਗਤ ਧਰਮ ਹਨ।
ਸਿੱਖ ਧਰਮ ਜਾਂ ਪੰਥ ਇੱਕ ਸਮਾਜਕ ਇਕਾਈ ਹੈ ਅਤੇ ਇਸ ਦੀਆਂ ਕਈ ਪ੍ਰਵਾਨਤ ਸੰਸਥਾਵਾਂ, ਉਪਾਧੀਆਂ, ਸੰਪਰਦਾਵਾਂ, ਡੇਰੇ ਅਤੇ ਮੱਠ ਹਨ। ਇਸ ਦੀ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੋ ਸਰਕਾਰੀ ਕਾਨੂੰਨ ਅਧੀਨ ਕੰਮ ਕਰਦੀ ਹੈ। ਅਕਾਲ ਤਖਤ ਦਾ ਪ੍ਰਬੰਧ ਇਸ ਕਮੇਟੀ ਦੇ ਅਧੀਨ ਹੈ ਅਤੇ ਉਹੋ ਉਸ ਦਾ ਜਥੇਦਾਰ ਨਿਯੁਕਤ ਕਰਦੀ ਹੈ। ਸਾਰੀਆਂ ਸੰਸਥਾਵਾਂ ਦੀਆਂ ਆਪੋ ਆਪਣੀਆਂ ਰਹਿਤ ਮਰਿਆਦਾਵਾਂ ਜਾਂ ਸਮਾਜਕ ਅਨੁਸ਼ਾਸਨ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਸਮਝੀ ਜਾਂਦੀ ਹੈ।
ਸੰਸਥਾਗਤ ਧਰਮ ਵਿਚ ਰਹਿਤ ਰੱਖਣ, ਨਿਤ ਨੇਮ ਕਰਨ, ਗੁਰੂ ਗ੍ਰੰਥ ਸਾਹਿਬ ਤੇ ਸ਼ਸਤਰਾਂ ਨੂੰ ਮੱਥਾ ਟੇਕਣ, ਗੁਰਬਾਣੀ ਕੀਰਤਨ ਅਤੇ ਪਾਠ ਸੁਣਨ, ਗੁਰਦੁਆਰੇ ਵਿਚ ਸੇਵਾ ਕਰਨ, ਅਖੰਡ ਪਾਠ ਕਰਵਾਉਣ, ਲੰਗਰ ਲਾਉਣ, ਗੁਰਦੁਆਰਿਆਂ ਦੇ ਦਰਸ਼ਨ ਕਰਨ, ਜਲਸੇ ਜਲੂਸਾਂ ਅਤੇ ਸਭਾਵਾਂ ਵਿਚ ਭਾਗ ਲੈਣ, ਦਸਤਾਰਾਂ ਸਜਾਉਣ ਦੇ ਮੁਕਾਬਲੇ ਕਰਨ, ਗਤਕੇ ਖੇਡਣ, ਆਦਿ ਧਾਰਮਕ ਕਾਰਜ ਮੰਨੇ ਜਾਂਦੇ ਹਨ। ਇਹ ਕਾਰਜ ਕਰਨ ਨਾਲ ਜੀਵਨ ਵਿਚ ਨੈਤਿਕਤਾ ਅਤੇ ਅਨੁਸ਼ਾਸਨ ਆਉਣ ਦੀ ਸੰਭਾਵਨਾ ਸਮਝੀ ਜਾਂਦੀ ਹੈ। ਸੰਸਥਾਗਤ ਧਰਮ ਆਪਣੇ ਸ਼ਰਧਾਲੂਆਂ ਨੂੰ ਦੂਜੇ ਧਰਮਾਂ ਦੇ ਉਪਾਸ਼ਕਾਂ ਨਾਲੋਂ ਵੱਖਰੇ ਕਰਦਾ ਹੈ। ਸਿੱਖ ਧਰਮ ਦੇ ਬਹੁਤੇ ਸ਼ਰਧਾਲੂ ਆਪਣੇ ਧਾਰਮਕ ਜੀਵਨ ਤੋਂ ਸੰਤੁਸ਼ਟ ਹਨ ਅਤੇ ਰਹਿਤ ਮਰਿਆਦਾ ਦੀ ਪਾਲਣਾ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਹੋਰ ਕਿਸੇ ਸੰਸਥਾ ਦੀ ਅਗਵਾਈ ਦੀ ਲੋੜ ਨਹੀਂ ਜਾਪਦੀ।
ਕਈ ਵਿਅਕਤੀਆਂ ਦੀ ਧਰਮ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ। ਉਨ੍ਹਾਂ ਵਿਚੋਂ ਕਈ ਗੁਰਦੁਆਰੇ ਆਪਣੇ ਦੋਸਤ-ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਹੀ ਜਾਂਦੇ ਹਨ। ਕਈ ਭਾਈਆਂ ਦੀ ਅਰਦਾਸ ਦੁਆਰਾ ਲਾਹਾ ਖੱਟਣ ਦੇ ਅਭਿਲਾਸ਼ੀ ਵੀ ਹੁੰਦੇ ਹਨ। ਬਹੁਤੇ ਲੋਕਾਂ ਨੂੰ ਆਪਣੇ ਕਾਰੋਬਾਰ, ਕੰਮ ਜਾਂ ਪੇਸ਼ੇ ਵਿਚ ਸਫਲਤਾ ਲਈ ਅਗਵਾਈ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਸਹੀ ਅਗਵਾਈ ਕੇਵਲ ਸਫਲ ਵਿਅਕਤੀ ਅਤੇ ਸੂਝਵਾਨ ਚਿੰਤਕ ਹੀ ਕਰ ਸਕਦੇ ਹਨ। ਉਹੋ ਸਿੱਖ ਜਵਾਨੀ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਬਾਰੇ ਸੇਧ ਦੇਣ ਯੋਗ ਹੁੰਦੇ ਹਨ। ਇਸ ਖੇਤਰ ਵਿਚ ਪਰੰਪਰਾਗਤ ਸਿੱਖ ਧਰਮ ਦੇ ਪੁਜਾਰੀ ਅਤੇ ਆਗੂ ਅਗਵਾਈ ਕਰਨ ਦੇ ਸਮਰਥ ਨਹੀਂ ਹੁੰਦੇ।
ਡਾ. ਜੌਹਲ ਨੇ ‘ਕੁਲਿਜੀਅਮ’ ਦਾ ਬਹੁਤ ਕਾਰਆਮਦ ਸੁਝਾਅ ਦਿੱਤਾ ਹੈ, ਪਰ ਧਾਰਮਕ ਸੰਸਥਾਵਾਂ ਵਲੋਂ ਉਸ ਦੀ ਅਗਵਾਈ ਲਾਭਦਾਇਕ ਨਹੀਂ ਆਖੀ ਜਾ ਸਕਦੀ। ਜੇ ਉਸ ਦੀ ਅਗਵਾਈ ਪੁਜਾਰੀਆਂ ਦੀ ਥਾਂ ਵਿਸ਼ਵ ਦੇ ਸਫਲ, ਪ੍ਰਸਿੱਧ ਅਤੇ ਲੋਕਪ੍ਰਿਅ ਸਿੱਖਾਂ ਅਤੇ ਸੁਤੰਤਰ ਸੋਚ ਵਾਲੇ ਸਿੱਖ ਬੁਧੀਜੀਵੀਆਂ ਕੋਲ ਹੋਵੇ ਤਾਂ ਉਹ ਸਿੱਖ ਨੌਜਵਾਨਾਂ ਵਿਚ ਇੱਕੀਵੀਂ ਸਦੀ ਦੇ ਜੀਵਨ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦਾ ਭਰੋਸਾ ਅਤੇ ਉਤਸ਼ਾਹ ਪੈਦਾ ਕਰ ਸਕਦੇ ਹਨ। ਭਾਰਤ ਵਿਚ ਜ਼ਰਤੁਸ਼ਤ ਦੇ ਪਾਰਸੀ ਉਪਾਸ਼ਕਾਂ ਨੇ ਆਪਣੇ ਪਾਰਸੀ ਲੋਕਾਂ ਦੀ ਬਿਹਤਰੀ ਅਤੇ ਸਫਲਤਾ ਲਈ ਸੰਸਥਾਗਤ ਵਿਵਸਥਾ ਕੀਤੀ ਹੋਈ ਹੈ। ਸਿੱਖਾਂ ਨੂੰ ਵੀ ਪਾਰਸੀਆਂ ਤੋਂ ਸੇਧ ਲੈਣੀ ਚਾਹੀਦੀ ਹੈ।
ਡਾ. ਜੌਹਲ ਨੇ ਆਪਣੇ ਲੇਖ ਵਿਚ ਅਕਾਲ ਤਖਤ ਦਾ ਜ਼ਿਕਰ ਕੀਤਾ ਹੈ, ਪਰ ਭਾਈ ਕਾਨ੍ਹ ਸਿੰਘ ਨਾਭਾ ਦੀ ਵਡਮੁੱਲੀ ਰਚਨਾ “ਗੁਰ ਸ਼ਬਦ ਰਤਨਾਕਰ: ਮਹਾਨ ਕੋਸ਼” ਵਿਚ ਅਕਾਲ ਤਖਤ ਦਾ ਕੋਈ ਇੰਦਰਾਜ ਨਹੀਂ ਮਿਲਦਾ। ਭਾਈ ਸਾਹਿਬ ਨੇ ਅਕਾਲ ਤਖਤ ਨੂੰ ਅਕਾਲ ਬੁੰਗਾ ਆਖਿਆ ਹੈ। ਭਾਈ ਕਾਨ੍ਹ ਸਿੰਘ ਸਿੱਖ ਜਗਤ ਦੇ ਮਹਾਨ ਵਿਦਵਾਨ ਹੋਏ ਹਨ। ਉਨ੍ਹਾਂ ਦੀ ਰਚਨਾ ਸਿੱਧ ਕਰਦੀ ਹੈ ਕਿ ਅਕਾਲ ਤਖਤ ਦਾ ਪ੍ਰਚਲਿਤ ਸੰਕਲਪ 20ਵੀਂ ਸਦੀ ਦੇ ਚੌਥੇ ਦਹਾਕੇ ਪਿਛੋਂ ਘੜਿਆ ਮਿਥਿਹਾਸ ਹੈ।
ਅਕਾਲ ਤਖਤ ਦੇ ਸਬੰਧ ਵਿਚ ਇਹ ਤੱਥ ਵੀ ਅਹਿਮ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ 1609 ਈਸਵੀ ਵਿਚ ਇਹ ਤਖਤ ਬਣਵਾਇਆ ਸੀ ਅਤੇ 1635 ਈਸਵੀ ਵਿਚ ਗੁਰੂ ਜੀ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਜਾ ਬਿਰਾਜੇ ਸਨ, ਤੇ 1644 ਈਸਵੀ ਵਿਚ ਜੋਤੀ ਜੋਤਿ ਸਮਾਉਣ ਤਕ ਕੀਰਤਪੁਰ ਸਾਹਿਬ ਹੀ ਰਹੇ ਸਨ। ਉਨ੍ਹਾਂ ਦੇ ਸਪੁਤਰ ਗੁਰੂ ਤੇਗ ਬਹਾਦਰ ਜੀ ਨੂੰ ਦਰਬਾਰ ਸਾਹਿਬ ਅਤੇ ਅਕਾਲ ਬੁੰਗੇ ਦੇ ਦਰਸ਼ਨ ਕਰਨ ਦਾ ਮੌਕਾ ਵੀ ਪ੍ਰਾਪਤ ਨਹੀਂ ਸੀ ਹੋ ਸਕਿਆ।
ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸਿਰਜੇ ਮੀਰੀ-ਪੀਰੀ ਦੇ ਸਿਧਾਂਤ ਬਾਰੇ ਸਿੱਖ ਜਗਤ ਵਿਚ ਗਲਤ ਧਾਰਨਾ ਬਣੀ ਹੋਈ ਹੈ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਦਾ ਅਰਥ ਹੈ ਕਿ ਧਰਮ ਅਤੇ ਰਾਜਨੀਤੀ ਇੱਕ ਦੂਜੇ ਤੋਂ ਵਖਰੇ ਹਨ ਤੇ ਇਨ੍ਹਾਂ ਨੂੰ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ। ਗੁਰਬਾਣੀ ਦਾ ਕਥਨ ਹੈ, “ਭਗਤਾ ਤੈ ਸੰਸਾਰੀਆ ਜੋੜੁ ਕਦੇ ਨ ਆਇਆ॥” (ਪੰਨਾ 145)। ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਤੇ ਮੀਰੀ ਦੀਆਂ ਦੋ ਤਲਵਾਰਾਂ ਪਾ ਕੇ ਭਗਤਾਂ ਤੇ ਸੰਸਾਰੀਆਂ ਦੇ ਅਜੋੜ ਹੋਣ ਦੇ ਗੁਰਬਾਣੀ ਸਿਧਾਂਤ ਦੀ ਹੀ ਪੁਸ਼ਟੀ ਕੀਤੀ ਹੈ। ਇਸੇ ਸਿਧਾਂਤ ਨੂੰ ਮੁੱਖ ਰਖਦਿਆਂ ਉਨ੍ਹਾਂ ਆਪਣੇ ਚਾਰੇ ਯੁੱਧਾਂ ਵਿਚ ਕਿਸੇ ਧਰਮ ਨੂੰ ਰਲਗੱਡ ਨਹੀਂ ਹੋਣ ਦਿੱਤਾ। ਉਨ੍ਹਾਂ ਯੁੱਧ ਅਨਿਆਂ ਅਤੇ ਵਧੀਕੀਆਂ ਦੇ ਵਿਰੋਧ ਵਿਚ ਕੀਤੇ, ਕਿਸੇ ਧਰਮ ਦੀ ਰੱਖਿਆ ਜਾਂ ਪਸਾਰ ਲਈ ਨਹੀਂ। ਇਹ ਆਖਣਾ ਕਿ ਗੁਰੂ ਜੀ ਨੇ ਗੁਰਬਾਣੀ ਉਪਦੇਸ਼ ਦੇ ਉਲਟ ਧਰਮ ਅਤੇ ਰਾਜਨੀਤੀ ਦੇ ਸੁਮੇਲ ਦਾ ਸਿਧਾਂਤ ਘੜਿਆ ਹੈ, ਗੁਰੂ ਸਾਹਿਬ ਨੂੰ ਗੁਰਮਤਿ ਵਿਚਾਰਧਾਰਾ ਦਾ ਵਿਰੋਧੀ ਗਰਦਾਨ ਕੇ ਉਨ੍ਹਾਂ ਦਾ ਨਿਰਾਦਰ ਕਰਨਾ ਹੈ।
ਵੈਸੇ ਦੋ ਤਲਵਾਰਾਂ ਦਾ ਸਿਧਾਂਤ ਕੋਈ ਅਨੋਖਾ ਸਿਧਾਂਤ ਵੀ ਨਹੀਂ ਹੈ। ਇਹ ਸਿਧਾਂਤ ਪੋਪ ਗਿਲੇਸ਼ੀਅਸ ਪਹਿਲੇ (ਘeਲਅਸਿਸ ੀ) ਨੇ 494 ਈਸਵੀ ਵਿਚ ਬਾਦਸ਼ਾਹ ਅਨਸਤੀਸੀਅਸ (Aਨਅਸਟਅਸਿਸ) ਨੂੰ ਲਿਖੇ ਆਪਣੇ ਪੱਤਰ ਵਿਚ ਪੇਸ਼ ਕੀਤਾ ਸੀ। ਗਿਲੇਸ਼ੀਅਸ ਲਿਖਦਾ ਹੈ, “ਦੋ ਸ਼ਕਤੀਆਂ ਹਨ, ਜੋ ਵਿਸ਼ਵ ‘ਤੇ ਰਾਜ ਕਰਦੀਆਂ ਹਨ: ਪੁਜਾਰੀਆਂ ਦੀ ਪਵਿਤਰ ਪ੍ਰਭੁਸਤਾ ਅਤੇ ਰਾਜਕੁਮਾਰਾਂ ਦੀ ਪ੍ਰਬੰਧਕੀ ਸ਼ਕਤੀ। ਇਹ ਦੋਨੋਂ ਹੀ ਪ੍ਰਭੂ ਵਲੋਂ ਬਖਸ਼ੀਆਂ ਹੋਈਆਂ ਹਨ।” ਇਸ ਨੂੰ ਗਿਲੇਸ਼ੀਅਸ ਜਾਂ ਦੋ ਤਲਵਾਰਾਂ ਦਾ ਸਿਧਾਂਤ ਆਖਿਆ ਗਿਆ ਹੈ। ਇਸ ਸਿਧਾਂਤ ਕਾਰਨ ਹੀ ਯੂਰਪ ਵਿਚ ਧਰਮ ਅਤੇ ਰਾਜ ਸ਼ਕਤੀ ਇੱਕ ਦੂਜੇ ਤੋਂ ਵੱਖਰੇ ਮੰਨੇ ਜਾਣ ਲੱਗ ਪਏ ਸਨ।