ਲੋਕ-ਗੀਤ, ਜੋ ਸੀਤਾ ਦੀ ਅਗਨੀ-ਪ੍ਰੀਖਿਆ ਯਾਦ ਕਰਾ ਗਿਆ

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-98152-53245
ਲੋਕ-ਗੀਤਾਂ ਵਿਚ ਜ਼ਿੰਦਗੀ ਦਾ ਹਰ ਰੰਗ ਭਰਿਆ ਨਜ਼ਰ ਆਉਂਦਾ ਹੈ। ਖੁਸ਼ੀਆਂ ਦੇ ਮੰਜ਼ਰ ਵੀ ਨਜ਼ਰ ਆਉਂਦੇ ਹਨ ਤੇ ਗਮੀਆਂ ਦੇ ਵੀ। ਕਿਤੇ ਕਿਤੇ ਇਨ੍ਹਾਂ ਵਿਚ ਕਿੱਕਲੀਆਂ ਤੇ ਕਿਲਕਾਰੀਆਂ ਦੇ ਦਰਸ਼ਨ ਹੁੰਦੇ ਹਨ, ਪਰ ਕਿਤੇ ਅਜਿਹੇ ਲੋਕ-ਗੀਤ ਵੀ ਮਿਲਦੇ ਹਨ, ਜੋ ਦਿਲ ਝੰਜੋੜ ਕੇ ਰੱਖ ਦਿੰਦੇ ਹਨ। ਮਨ ਵਲੂੰਧਰਿਆ ਜਾਂਦਾ ਹੈ। ਰੂਹ ਕੁਰਲਾ ਉਠਦੀ ਹੈ। ਅਜਿਹਾ ਹੀ ਇੱਕ ਲੋਕ-ਗੀਤ ‘ਥਾਲ’ ਦੀ ਵੰਨਗੀ ਵਿਚ ਮਿਲਦਾ ਹੈ, ਜੋ ਵਜੂਦ ਵਿਚ ਤਾਂ ਛੋਟਾ ਹੈ ਪਰ ਸੀਤਾ-ਸਵਿਤਰੀਆਂ ਦੀ ਵੱਡੀ ਹੋਣੀ ਯਾਦ ਕਰਾ ਦਿੰਦਾ ਹੈ।

‘ਥਾਲ’ ਦੀ ਖੇਡ ਛੋਟੀ ਉਮਰ ਦੀਆਂ ਕੁੜੀਆਂ ਖੇਡਦੀਆਂ ਹਨ। ਇਸ ਵਿਚ ਇੱਕ ਤੋਂ ਵੱਧ ਬਾਲੜੀਆਂ ਇੱਕ ਗੇਂਦ ਨਾਲ ਖੇਡਦੀਆਂ-ਖੇਡਦੀਆਂ ਗੀਤ ਗਾਉਂਦੀਆਂ ਹਨ। ਇੱਕ ਚੱਕਰ ਵਿਚ ਬੈਠ ਜਾਂਦੀਆਂ ਹਨ। ਨਿਯਮਾਂ ਸਹਿਤ ਖੇਡਣਾ ਹੁੰਦਾ ਹੈ। ਗੇਂਦ ਨੂੰ ਹੱਥ ਨਾਲ ਟਪਾਉਣਾ ਹੁੰਦਾ ਹੈ ਅਤੇ ਚੱਕਰ ਦੇ ਵਿਚ ਵਿਚ ਰੱਖਣਾ ਹੁੰਦਾ ਹੈ। ਗੇਂਦ ਉਭਾਰਦਿਆਂ ਦਸ-ਬਾਰਾਂ ਲਾਈਨਾਂ ਦਾ ਗੀਤ ਪੂਰਾ ਕਰਨਾ ਹੁੰਦਾ ਹੈ। ਜੇ ਗੇਂਦ ਹੱਥੋਂ ਖਿਸਕ ਜਾਵੇ ਜਾਂ ਉਭਰੇ ਨਾ, ਜਾਂ ਚੱਕਰ ਵਿਚੋਂ ਬਾਹਰ ਬੁੜਕ ਜਾਵੇ ਤਾਂ ਵਾਰੀ (ਪਾਰੀ) ਅਗਲੀ ਕੁੜੀ ਕੋਲ ਚਲੀ ਜਾਂਦੀ ਹੈ।
ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਥਾਲ’ ਲਫਜ਼ ‘ਤਾਲ’ ਤੋਂ ਬਣਿਆ ਲਗਦਾ ਹੈ ਕਿਉਂਕਿ ਗੇਂਦ ਟਪਾਉਣ ਦੇ ਸੁਰਤਾਲ ਅਨੁਸਾਰ ਗੀਤ ਦਾ ਸੁਰਤਾਲ ਕਾਇਮ ਰੱਖਣਾ ਹੁੰਦਾ ਹੈ। ਲੋਹੜੀ ਦੇ ਲੋਕ-ਗੀਤਾਂ ਵਾਂਗ ਹੀ ਇਹ ਨਿੱਕੇ-ਨਿੱਕੇ ਗੀਤ ਕੁੜੀਆਂ ਆਪ ਘੜਦੀਆਂ ਹਨ। ਇਨ੍ਹਾਂ ਗੀਤਾਂ ਦਾ ਕੋਈ ਗੰਭੀਰ ਵਿਸ਼ਾ ਨਹੀਂ ਹੁੰਦਾ, ਬਹੁਤੀ ਵਾਰ ਵਿਅਰਥ ਤੇ ਅਟਕਲ-ਪੱਚੂ ਗੱਲਾਂ ਹੀ ਹੁੰਦੀਆਂ ਹਨ। ਬਹੁਤੀ ਵਾਰ ਇਨ੍ਹਾਂ ਦਾ ਵਿਸ਼ਾ ਘਰੇਲੂ ਜ਼ਿੰਦਗੀ, ਨੂੰਹ-ਸੱਸ ਦੇ ਝਗੜੇ, ਨਨਾਣ-ਭਰਜਾਈ ਦੇ ਬਖੇੜੇ ਅਤੇ ਭੈਣ-ਭਰਾ ਦਾ ਪਿਆਰ ਹੁੰਦਾ ਹੈ। ਪਰ ਹੇਠ ਲਿਖਿਆ ‘ਥਾਲ’ ਪੜ੍ਹਦਿਆਂ ਸਾਨੂੰ ਔਰਤ ਦੀ ਹੋਣੀ ਦੀ ਅਜਿਹੀ ਤਸਵੀਰ ਨਜ਼ਰ ਆਉਂਦੀ ਹੈ ਕਿ ਮਨ ਦੁਖੀ ਹੋ ਉਠਦਾ ਹੈ ਅਤੇ ਗਹਿਰੇ ਚਿੰਤਨ ਵਿਚ ਲੈ ਜਾਂਦਾ ਹੈ:
ਆਓ ਕੁੜੀਓ ਆਓ
ਮੇਰੇ ਲਈ ਅੱਗ ਮਚਾਓ
ਕੋਠੇ ‘ਤੇ ਕਾਂ
ਮੈਂ ਮਰ ਜਾਂ
ਸੱਜੇ ਬੈਠੜਿਓ ਸਲਾਮ
ਖੱਬੇ ਬੈਠੜਿਓ ਸਲਾਮ
ਮਾਂ ਰਾਣੀ ਨੂੰ ਸਲਾਮ
ਬਾਬਲ ਰਾਜੇ ਨੂੰ ਸਲਾਮ
ਖੂਹ ਦੀਆਂ ਟਿੰਡਾਂ ਨੂੰ ਸਲਾਮ
ਵੀਰ ਦਿਆਂ ਪਿੰਡਾਂ ਨੂੰ ਸਲਾਮ
ਤੁਰਦੀ ਕੀੜੀ ਨੂੰ ਸਲਾਮ
ਭਾਬੋ ਦੀ ਪੀੜ੍ਹੀ ਨੂੰ ਸਲਾਮ
ਵੀਰ ਦੀ ਪੱਗ ਨੂੰ ਸਲਾਮ
ਬਲਦੀ ਅੱਗ ਨੂੰ ਸਲਾਮ
ਕੁੜੀਏ ਥਾਲ ਈ…।
ਸਾਹਿਤ ਵਿਚ ਕਈ ਸ਼ਾਇਰਾਂ ਨੇ ਜ਼ਿੰਦਗੀ ਤੋਂ ਆਤੁਰ ਹੋ ਕੇ ਮੌਤ ਨੂੰ ਆਵਾਜ਼ਾਂ ਮਾਰੀਆਂ ਹਨ। ਜੋਬਨ-ਰੁੱਤੇ ਮਰਨ ਦੀ ਚਾਹਨਾ ਸ਼ਿਵ ਬਟਾਲਵੀ ਵਿਚ ਵੀ ਸਿਖਰਾਂ ‘ਤੇ ਨਜ਼ਰ ਆਉਂਦੀ ਹੈ ਅਤੇ ਅੰਗਰੇਜ਼ੀ ਦੇ ਕਵੀ ਜੌਹਨ ਕੀਟਸ ਵਿਚ ਵੀ। ਇਨ੍ਹਾਂ ਜਾਂ ਹੋਰ ਸ਼ਾਇਰਾਂ ਦੀ ਜ਼ਿੰਦਗੀ ਵਿਚੋਂ ਉਦਾਸੀਨਤਾ ਦੇ ਕਾਰਨ ਲੱਭ ਜਾਂਦੇ ਹਨ, ਪਰ ਇੱਕ ਬਾਲੜੀ ਚਿਖਾ ਵਿਚ ਜਾਣਾ ਲੋਚੇ, ਬੜਾ ਦਰਦਮਈ, ਅਲੋਕਾਰੀ ਅਤੇ ਅਜੀਬ ਲੱਗਦਾ ਹੈ। ਆਤਮ-ਦਾਹ ਦੀ ਚਾਹਨਾ ਦਾ ਅਰਥ ਹੈ, ਜ਼ਿੰਦਗੀ ਦਾ ਮੌਤ ਤੋਂ ਵੱਧ ਦੁਖਦਾਈ ਹੋ ਜਾਣਾ। ਜਦੋਂ ਜ਼ਿੰਦਗੀ ਅਤਿ ਕੌੜੀ ਹੋ ਜਾਵੇ, ਮੌਤ ਮਿੱਠੀ ਲੱਗਣ ਲੱਗਦੀ ਹੈ। ਆਤਮਘਾਤ ਦੀ ਮਾਨਸਿਕਤਾ ਅਤੇ ਅਪਨਾਏ ਜਾਂਦੇ ਤੌਰ-ਤਰੀਕਿਆਂ ਦੇ ਸਰਵੇਖਣ ਇਹ ਵੀ ਦੱਸਦੇ ਹਨ ਕਿ ਔਰਤਾਂ ਵਿਚ ਆਤਮ-ਹੱਤਿਆ ਕਰਨ ਲਈ ਸੜ-ਮਰਨ ਦਾ ਤਰੀਕਾ ਸਭ ਤੋਂ ਵੱਧ ਅਖਤਿਆਰ ਕੀਤਾ ਜਾਂਦਾ ਹੈ, ਹਾਲਾਂਕਿ ਇਹ ਤਰੀਕਾ ਬਹੁਤ ਦੁਖਦਾਈ ਹੈ, ਪਰ ਔਰਤ ਦਾ ਅਗਨੀ ਨਾਲ ਬਹੁਤ ਗਹਿਰਾ ਸਬੰਧ ਹੈ। ਇਹ ਤਰੀਕਾ ਅਪਨਾਉਣ ਲਈ ਕਿਤੇ ਜਾਣਾ ਵੀ ਨਹੀਂ ਪੈਂਦਾ ਅਤੇ ਲੋੜੀਂਦਾ ਸਮਾਨ ਵੀ ਸਹਿਜੇ ਹੀ ਉਸ ਦੀ ਪਹੁੰਚ ਵਿਚ ਹੁੰਦਾ ਹੈ।
ਵਿਚਾਰ ਅਧੀਨ ਲੋਕ-ਗੀਤ ਵਿਚ ਬਾਲੜੀ ਦਾ ਜ਼ਿੰਦਗੀ ਤੋਂ ਏਨਾ ਉਚਾਟ ਹੋਣਾ ਗਹਿਰੀ ਚਿੰਤਾ ਦਾ ਕਾਰਨ ਹੈ। ਇਹ ਗੀਤ ਉਸ ਨੇ ਖੁਦ ਨਹੀਂ ਘੜਿਆ ਲਗਦਾ, ਉਸ ਦੀ ਹੋਣੀ ਨੇ ਉਸਾਰਿਆ ਹੈ। ਇਹ ਉਸ ਦੀ ਚਾਹਨਾ ਨਹੀਂ, ਉਸ ਦੀ ਮਜਬੂਰੀ ਹੈ। ਇਹ ਖਾਹਿਸ਼ ਨਹੀਂ, ਸੁਣਾਈ ਗਈ ਸਜ਼ਾ ਹੈ। ਇਹ ਸਮਝ ਲੈਣਾ ਵੀ ਜ਼ਰੂਰੀ ਹੈ ਕਿ ਸਤੀ ਹੋਣ ਦੀ ਖਾਹਿਸ਼ ਹਮੇਸ਼ਾ ਮਨ ਮਸਤਕ ਦੀ ਖਾਹਿਸ਼ ਹੀ ਨਹੀਂ ਹੁੰਦੀ, ਸਮਾਜ ਦੀ ਸੋਚੀ ਸਮਝੀ ਸਜ਼ਾ ਵੀ ਹੁੰਦੀ ਹੈ। ਇਸ ਥਾਲ ਵਿਚ ਬਾਲੜੀ ਦਾ ਜਾਹਰ ਹੋ ਰਿਹਾ ਮਨੋ-ਭਾਵ ਸਮਾਜ ਲਈ ਬੜਾ ਲਾਹਨਤ-ਮਈ ਹੈ। ਕਿਸੇ ਕਲੀ ਦਾ ਖਿੜਨ ਤੋਂ ਪਹਿਲਾਂ ਹੀ ਮਰਨਾ-ਮੁਰਝਾਉਣਾ ਚਾਹੁਣਾ, ਬੜਾ ਪੀੜ-ਭਰਿਆ ਹੈ। ਉਹ ਮੌਤ ਦਾ ਮੰਜ਼ਰ ਇੰਜ ਸਿਰਜਦੀ ਹੈ, ਜਿਵੇਂ ਸਤੀ ਹੋਣ ਜਾ ਰਹੀ ਹੋਵੇ। ਜਿਵੇਂ ਕੋਈ ਸੀਤਾ ਅਡੋਲ-ਚਿੱਤ ਅਗਨੀ-ਪ੍ਰੀਖਿਆ ਲਈ ਉਡੀਕਵਾਨ ਹੋਵੇ। ਜਿਵੇਂ ਕੋਈ ਅਹਿਲਿਆ ਅੱਗ ਦੀਆਂ ਲਪਟਾਂ ਤੋਂ ਬੇ-ਪਰਵਾਹ ਹੋਵੇ। ਜਿਵੇਂ ਕੋਈ ਸੁਕਰਾਤ ਜ਼ਹਿਰ-ਪਿਆਲੇ ਨੂੰ ਆਰਾਮ ਨਾਲ ਬੁੱਲੀਂ ਲਾ ਡੀਕ ਲਵੇ। ਜਿਵੇਂ ਕੋਈ ਮਹਾਨ ਆਤਮਾ ਕੁਰਬਾਨ ਹੋ ਜਾਣ ਵੇਲੇ ਕੋਈ ਗਿਲਾ ਗੁਜ਼ਾਰੀ ਨਾ ਕਰੇ, ਕੋਈ ਗਿਲਾ ਸ਼ਿਕਵਾ ਨਾ ਕਰੇ, ਉਜ਼ਰ ਨਾ ਕਰੇ। ਉਹ ਤਾਂ ਸਗੋਂ ਸਭ ਨੂੰ ਪ੍ਰੇਸ਼ਾਨ-ਪਸ਼ੇਮਾਨ ਕਰਦਿਆਂ ਕਿਸੇ ਪਹੁੰਚੇ ਹੋਏ ਵਿਅਕਤੀ ਵਾਂਗ ਅੱਗ ਦੇ ਸਮੁੰਦਰ ਵਿਚ ਸਹਿਜ-ਕਦਮੀਂ ਅਲਿਪਤ ਹੋਣ ਦੀ ਤਿਆਰੀ ਵਿਚ ਹੈ।
ਇਸ ਲੋਕ-ਗੀਤ ਦੀ ਨਾਇਕਾ ਕਿਸੇ ਸੀਤਾ ਮਹਾਨ ਨਾਲੋਂ ਘੱਟ ਨਹੀਂ। ਉਸ ਨੂੰ ਆਪਣੇ ਸੜਨ-ਮਰਨ ਦੀ ਪ੍ਰਤੀਕ੍ਰਿਆ ਦਾ ਕੋਈ ਦੁੱਖ ਨਹੀਂ। ਬਲਦੀ ਚਿਖਾ ਵਿਚ ਕਦਮ ਰੱਖਣ ਤੋਂ ਪਹਿਲਾਂ ਉਹ ਆਪਣੇ ਨੇੜਲਿਆਂ ਅਤੇ ਸਕੇ-ਸਬੰਧੀਆਂ ਨੂੰ ਬੜੇ ਸ਼ਾਂਤ-ਚਿੱਤ ਤੇ ਸਹਿਜ-ਭਾ ਸਲਾਮ ਕਹਿੰਦੀ ਹੈ, ਵਿਛੋੜੇ ਦੇ ਕੀਰਨੇ ਨਹੀਂ ਪਾਉਂਦੀ। ਉਹ ਮੋਹ ਦੀਆਂ ਤੰਦਾਂ ਤੋੜ ਚੁਕੀ ਹੈ। ਉਹਦੇ ਆਪਣਿਆਂ ਵਿਚ ਮਾਂ-ਬਾਪ, ਭਰਾ-ਭਰਜਾਈ, ਖੂਹ ਦੀਆਂ ਟਿੰਡਾਂ, ਵੀਰੇ ਦੇ ਪਿੰਡ, ਤੁਰਦੀ ਜਾਂਦੀ ਕੀੜੀ, ਭਾਬੋ ਦੀ ਪੀੜ੍ਹੀ, ਵੀਰੇ ਦੀ ਪੱਗ ਅਤੇ ਬਲਦੀ ਅੱਗ ਸ਼ਾਮਲ ਹਨ।
‘ਥਾਲ’ ਦੀ ਭਾਸ਼ਾ ਵਿਚ ਵਰਤੇ ਗਏ ਲਫਜ਼ ਮਾਂ-ਰਾਣੀ, ਬਾਬਲ-ਰਾਜਾ, ਭਾਬੋ ਦੀ ਪੀੜ੍ਹੀ, ਵੀਰ ਦੀ ਪੱਗ-ਸੁਹਾਗ ਅਤੇ ਘੋੜੀਆਂ ਵਾਲੇ ਹਨ। ਜਿਵੇਂ ਕੋਈ ਲਾੜੀ ਮੌਤ ਨੂੰ ਵਰ-ਪ੍ਰਾਪਤਾ ਹੋ ਰਹੀ ਹੋਵੇ। ਇੰਜ ਵੀ ਮਹਿਸੂਸ ਹੁੰਦਾ ਹੈ ਜਿਵੇਂ ਗੀਤ ਦੀ ਨਾਇਕਾ ਮੁਸਲਮਾਨ ਪਰਿਵਾਰ ਵਿਚੋਂ ਹੋਵੇ। ਸ਼ਬਦ ‘ਸਲਾਮ’ ਤੋਂ ਬਿਨਾ ‘ਸੱਜੇ ਬੈਠੜਿਓ ਸਲਾਮ, ਖੱਬੇ ਬੈਠੜਿਓ ਸਲਾਮ’ ਵੀ ਅਜਿਹੇ ਇਸ਼ਾਰੇ ਹਨ। ਨਮਾਜ ਪੜ੍ਹਨ ਉਪਰੰਤ ਧਾਰਮਕ ਅਦਾ ਵਿਚ ਸੱਜੇ-ਖੱਬੇ ਵੇਖਿਆ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਖੁਦਾਵੰਦ ਸੱਜੇ-ਖੱਬੇ ਬੈਠਿਆਂ ਲਈ ਮਿਹਰਵਾਨ ਹੋਵੇ। ਥਾਲ ਦਾ ਵਿਸ਼ਲੇਸ਼ਣ ਕਰਦਿਆਂ ਇਹ ਜਾਣ ਸਕਣਾ ਤਾਂ ਔਖਾ ਹੈ ਕਿ ਇਸ ਦਾ ਰਚਨਾ-ਕਾਲ ਕੀ ਹੋਵੇਗਾ, ਪਰ ਇਹ ‘ਥਾਲ’ ਸਭ ਸਮਿਆਂ ਦੀ ਅਬਲਾ-ਦਾਸਤਾਨ ਹੈ।