ਪੰਜਾਬ ਵਿਚ ਸਭਿਆਚਾਰਕ ਤਬਦੀਲੀਆਂ ਤੇ ਨਿਘਰ ਰਿਹਾ ਸਮਾਜ

ਡਾ. ਸੁਖਦੇਵ ਸਿੰਘ
ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੇ ਵਖ-ਵਖ ਥਾਂਵਾਂ ‘ਤੇ ਵਿਆਹ ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ‘ਤੇ ਚੌੜ ਵਿਚ ਆ ਚਲਾਈ ਗੋਲੀ ਕਾਰਨ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਡੀ. ਜੇ. ਡਾਂਸਰਾਂ ਤੇ ਕੈਮਰਾਮੈਨ ਦੀਆਂ ਹੋਈਆਂ ਮੌਤਾਂ, ਇਥੋਂ ਤਕ ਕਿ ਲਾੜੇ-ਲਾੜੀਆਂ ਦਾ ਜ਼ਖਮੀ ਜਾਂ ਉਨ੍ਹਾਂ ਦੀ ਮੌਤ ਹੋਣਾ, ਭੜਕੀਲੇ ਗਾਣੇ ਗਾਉਣ ਵਾਲਿਆਂ ਦਾ ਖੁਦ ਵੀ ਗੋਲੀਆਂ ਦਾ ਸ਼ਿਕਾਰ ਹੋ ਜਾਣਾ ਅਤੇ ਕਈਆਂ ਨੂੰ ਫਿਰੌਤੀ ਦੇ ਕੇ ਖਲਾਸੀ ਕਰਵਾਉਣ ਆਦਿ ਦੀਆਂ ਖਬਰਾਂ ਪੜ੍ਹ ਕੇ ਹਰ ਸੰਵੇਦਨਸ਼ੀਲ ਮਨ ਨੂੰ ਠੇਸ ਪਹੁੰਚਦੀ ਹੈ। ਇਸ ਦੇ ਨਾਲ ਹੀ ਇਹ ਸਭ ਅਜੋਕੇ ਸਮੇਂ ਦੌਰਾਨ ਉਪਜ ਰਹੇ ਸਭਿਆਚਾਰ ਦੇ ਪ੍ਰਭਾਵਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖਰ ਅਜਿਹਾ ਕਿਉਂ ਵਾਪਰ ਰਿਹਾ ਹੈ?

ਸਭਿਆਚਾਰ ਕਿਸੇ ਕਬੀਲੇ, ਸਮੂਹ ਜਾਂ ਸਮਾਜ ਦੀ ਸਾਂਝੀ ਸਮਾਜਕ ਵਿਰਾਸਤ ਹੁੰਦੀ ਹੈ, ਜੋ ਖਾਸ ਭੂਗੋਲਿਕ ਖਿੱਤੇ ਦੇ ਆਰਥਕ, ਸਮਾਜਕ ਅਤੇ ਰਾਜਨੀਤਕ ਬਣਤਰਾਂ ਦੇ ਸਬੰਧ ਤੇ ਬਾਸ਼ਿੰਦਿਆਂ ਦੇ ਅੰਤਰ ਕਾਰਜ ਵਿਚੋਂ ਉਪਜਦੀ ਹੈ। ਮਾਨਵ ਵਿਗਿਆਨੀ ਈ. ਬੀ. ਟਾਇਲਰ ਨੇ ਸਭਿਆਚਾਰ ਨੂੰ 1871 ਵਿਚ ਪਰਿਭਾਸ਼ਤ ਕੀਤਾ। ਉਸ ਮੁਤਾਬਕ ਸਭਿਆਚਾਰ ਉਹ ਗੁੰਝਲਦਾਰ ਸ਼ੈਅ ਹੈ, ਜਿਸ ਵਿਚ ਗਿਆਨ, ਵਿਸ਼ਵਾਸ, ਹੁਨਰ, ਨੈਤਿਕ ਨਿਯਮ, ਕਾਨੂੰਨ, ਰੀਤਾਂ ਅਤੇ ਅਜਿਹੀਆਂ ਹੋਰ ਯੋਗਤਾਵਾਂ ਤੇ ਆਦਤਾਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਮਨੁੱਖ ਨੇ ਸਮਾਜ ਦੇ ਮੈਂਬਰ ਵਜੋਂ ਗ੍ਰਹਿਣ ਕੀਤਾ ਹੁੰਦਾ ਹੈ। ਸਮਾਜਕ ਤੇ ਸਭਿਆਚਾਰਕ ਵਿਰਾਸਤ ਕਿਸੇ ਵੀ ਸਮੂਹ ਦੇ ਜੀਵਨ ਨੂੰ ਨੀਰਸਤਾ ਤੋਂ ਬਚਾਉਣ ਅਤੇ ਸੰਗਠਤ ਜੀਵਨ ਨੂੰ ਸੁਯੋਗ ਤੇ ਹੁਲਾਸ ਭਰਪੂਰ ਬਣਾਉਣ ਲਈ ਧੁਰੇ ਦਾ ਕੰਮ ਕਰਦੀ ਹੈ, ਜਿਸ ਵਿਚ ਸਮੇਂ ਸਮੇਂ ‘ਤੇ ਸਾਕਾਰਾਤਮਕ ਬਦਲਾਓ ਦੇ ਆਸਾਰ ਰਹਿੰਦੇ ਹਨ। ਇਸੇ ਤਾਣੇ-ਬਾਣੇ ਦੀਆਂ ਊਸਾਰੂ ਜਾਂ ਉਪਜਾਊ ਕਦਰਾਂ-ਕੀਮਤਾਂ ਕਿਸੇ ਸਮਾਜ ਨੂੰ ਅੱਗੇ ਲਿਜਾ ਸਕਦੀਆਂ ਹਨ, ਜਦੋਂਕਿ ਮਾੜੀਆਂ ਪਿੱਛੇ ਧੱਕ ਸਕਦੀਆਂ ਹਨ। ਜਰਮਨ ਸਮਾਜ ਵਿਗਿਆਨੀ ਮੈਕਸ ਵੈਬਰ ਨੇ ਭਾਰਤ ਦੀਆਂ ਸਮਾਜਕ, ਸਭਿਆਚਾਰਕ ਤੇ ਧਾਰਮਕ ਕਦਰਾਂ-ਕੀਮਤਾਂ ਤੇ ਪ੍ਰਥਾਵਾਂ ਨੂੰ ਇਥੋਂ ਦੀ ਗਰੀਬੀ ਦੇ ਮੁੱਖ ਕਾਰਨਾਂ ਵਿਚੋਂ ਇਕ ਮੰਨਿਆ ਹੈ।
ਪੰਜਾਬ ਦੀਆਂ ਵਧੇਰੇ ਸਭਿਆਚਾਰਕ ਕਦਰਾਂ-ਕੀਮਤਾਂ ਉਸਾਰੂ ਅਤੇ ਜੀਵਨ ਨੂੰ ਖੇੜੇ ਵਿਚ ਰੱਖਣ ਵਾਲੀਆਂ ਸਨ। ਗੁਰੂਆਂ, ਪੀਰਾਂ, ਫਕੀਰਾਂ, ਭਗਤਾਂ, ਸੂਫੀਆਂ, ਨਾਥਾਂ, ਜੋਗੀਆਂ, ਕਵੀਸ਼ਰਾਂ, ਕਵੀਆਂ, ਗਾਇਕਾਂ, ਉਸਤਾਦਾਂ, ਲੇਖਕਾਂ ਵਲੋਂ ਉਪਜਾਈ ਸਾਂਝੀ ਵਿਰਾਸਤ ਨੇ ਮਨੁੱਖੀ ਜੀਵਨ ਨੂੰ ਰੂਹਾਨੀਅਤ ਅਤੇ ਹੁਲਾਸ ਬਖਸ਼ਿਆ ਅਤੇ ਹੱਥੀਂ ਕਿਰਤ ਤੇ ਹੱਕ ਦੀ ਕਮਾਈ ਲਈ ਨਵੇਂ ਪੂਰਨੇ ਪਾਏ। ਕਰਤਾਰਪੁਰ ਵਿਖੇ ਗੁਰੂ ਨਾਨਕ ਦਾ ਹੱਥੀਂ ਕਿਰਤ ਕਰਨ ਅਤੇ ਰੂਹਾਨੀਅਤ ਦਾ ਮਾਡਲ ਸਰਬ-ਪ੍ਰਵਾਣਿਤ ਹੈ। ਬੁੱਲ੍ਹੇ ਦੀ ਬੇਬਾਕੀ ਨੇ ਸੱਚੇ ਅਮਲਾਂ ਲਈ ਹੋਕਾ ਦਿੱਤਾ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ‘ਤੇ ਡਾਢੀ ਚੋਟ ਕੀਤੀ। ਵਾਰਿਸ ਗੁਣਗੁਣਾਉਂਦੇ ਵਾਹੀਵਾਨ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਕਦੋਂ ਸੀਂਅ ਲੱਗੀ ਤੇ ਕਦੋਂ ਸੁਹਾਗਾ ਵੱਜਿਆ। ਜੀਵਨ ਦੇ ਕਰੜੇ ਸੱਚਾਂ ਵਾਲੇ ਬਾਬਾ ਫਰੀਦ ਤੇ ਭਗਤ ਕਬੀਰ ਦੇ ਸਲੋਕ ਆਮ ਪੰਜਾਬੀਆਂ ਦੇ ਬੁੱਲ੍ਹਾਂ ‘ਤੇ ਹੁੰਦੇ।
ਵੀਹਵੀਂ ਸਦੀ ਦੇ ਛੇਵੇਂ-ਸੱਤਵੇਂ ਦਹਾਕੇ, ਭਾਵ ਹਰੇ ਇਨਕਲਾਬ ਤੋਂ ਪਹਿਲਾਂ, ਪੰਜਾਬ ਵਿਚ ਸਭਿਆਚਾਰਕ ਕਦਰਾਂ-ਕੀਮਤਾਂ ਕੁਦਰਤ ਤੇ ਮਾਨਵ ਪੱਖੀ ਸਨ, ਪਰ ਇਸ ਉਪਰੰਤ ਸਮਾਜ ਦੇ ਹੋਰ ਪੱਖਾਂ ਵਿਚ ਤਬਦੀਲੀ ਆਈ ਅਤੇ ਸਭਿਆਚਾਰ ਨੂੰ ਵੀ ਹਲੂਣਾ ਵੱਜਿਆ ਤੇ ਥੋੜ੍ਹੇ ਸੁਧਾਰਾਂ ਤੇ ਵਧੇਰੇ ਵਿਗਾੜਾਂ ਦਾ ਦੌਰ ਸ਼ੁਰੂ ਹੋਇਆ। ਸਮਾਜ ਵਿਚ ਸੰਸਥਾਗਤ ਅਤੇ ਰਚਨਾਤਮਕ ਬਦਲਾਓ ਆਉਣ ਲੱਗੇ। ਹਰੇ ਇਨਕਲਾਬ ਸਦਕਾ ਫਸਲ ਉਤਪਾਦਨ ਵਧਿਆ ਅਤੇ ਪੂੰਜੀਵਾਦੀ ਤੇ ਵਪਾਰੀਕਰਨ ਦੀ ਭਾਵਨਾ ਦੀ ਜਕੜ ਵਧੀ। ਸਾਦ-ਮੁਰਾਦੀ ਖੇਤੀ, ਇਸ ਦੇ ਢੰਗਾਂ ਅਤੇ ਹੋਰ ਸਾਜ਼ੋ-ਸਾਮਾਨ ਵਿਚ ਤੀਬਰ ਤਬਦੀਲੀ ਆਈ। ਖੇਤੀ ਮਸ਼ੀਨਰੀ ਵਿਚ ਵਾਧੇ ਅਤੇ ਟਿਊਬਵੈਲ ਲੱਗਣੇ, ਫਸਲਾਂ ਦੇ ਮੰਡੀਕਰਨ ਦੀ ਸਹੂਲਤ, ਨਵੇਂ ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੀ ਵਰਤੋਂ ਸਦਕਾ ਖੇਤੀ ਸੁਖਾਲੀ ਹੋ ਗਈ। ਵਿਹਲਪੁਣੇ ਵਿਚ ਵਾਧਾ ਹੋਇਆ ਅਤੇ ਨਤੀਜੇ ਵਜੋਂ ਮਨੋਰੰਜਨ ਵੱਲ ਲੋਕਾਂ (ਖਾਸ ਕਰ ਨੌਜਵਾਨਾਂ) ਦਾ ਝੁਕਾਅ ਵਧਿਆ।
ਪਹਿਲਾਂ ਫਿਲਮਾਂ ਤੇ ਫਿਰ ਟੀ. ਵੀ. ਦਾ ਦੌਰ ਸ਼ੁਰੂ ਹੋਇਆ। ਨਵੀਂ ਪਨੀਰੀ ਵਿਚ ਨੱਚਣ-ਗਾਉਣ ਦਾ ਰੁਝਾਨ ਹੋਰ ਵਧਣ ਲੱਗਾ। ਮਨੋਰੰਜਨ ਵਿਚ ਵਧੇਰੇ ਸਮਾਂ ਗੁਜ਼ਾਰਨਾ ਖੇਤੀ ਕੰਮਾਂ ਤੇ ਜੀਵਨ ਸੰਘਰਸ਼ ਦੇ ਹੋਰ ਪਹਿਲੂਆਂ ਨੂੰ ਛੱਡ ਸੌਖਾ ਰਾਹ ਲੱਭਿਆ। 1980 ਤੋਂ ਪਹਿਲਾਂ ਲਾਲ ਚੰਦ ਯਮਲਾ, ਸੁਰਿਦੰਰ ਕੌਰ, ਹਰਚਰਨ ਗਰੇਵਾਲ-ਸੀਮਾ, ਨਰਿੰਦਰ ਬੀਬਾ, ਮੁਹੰਮਦ ਸਦੀਕ, ਕੇ. ਦੀਪ-ਜਗਮੋਹਨ ਕੌਰ, ਕੁਲਦੀਪ ਮਾਣਕ ਆਦਿ ਵਰਗੇ ਕੁਝ ਕਲਾਕਾਰ ਸਨ, ਪਰ ਅੱਜ ਵਖ-ਵਖ ਤਰ੍ਹਾਂ ਤੇ ਪੱਧਰਾਂ ਦੇ ਕਰੀਬ 10,000 ਕਲਾਕਾਰ ਦੱਸੇ ਜਾਂਦੇ ਹਨ। ਤਬਦੀਲੀ ਕੁਦਰਤ ਦਾ ਨਿਯਮ ਹੈ, ਪਰ ਇਸ ਦੀ ਧਾਰਾ ਮਾਰੂ ਹੋਣ ਦਾ ਨੁਕਸਾਨ ਹੀ ਨੁਕਸਾਨ ਹੈ। ਪਹਿਲਾਂ ਗੀਤ-ਸੰਗੀਤ ਜੀਵਨ ਨੂੰ ਹੁਲਾਸ ਦੇਣ ਵਾਲਾ ਤੇ ਕੁਦਰਤ ਪੱਖੀ ਸੀ, ਪਰ ਹੌਲੀ-ਹੌਲੀ ਸ਼ੋਰ ਸ਼ਰਾਬੇ ਤੇ ਜਿਸਮ ਦੀ ਨੁਮਾਇਸ਼ ਵਿਚ ਤਬਦੀਲ ਹੋ ਗਿਆ। ਸਰੀਰਕ ਤੇ ਆਰਾਮ ਪੱਖੀ ਵਰਤਾਰਾ ਵਧ ਗਿਆ ਹੈ।
1991-92 ਵਿਚ ਨਵੀਆਂ ਆਰਥਕ ਨੀਤੀਆਂ ਸਦਕਾ ਵਿਅਕਤੀਆਂ, ਸਮੂਹਾਂ, ਸਮਾਜਾਂ ਦਾ ਆਪਸ ਵਿਚ ਸੰਪਰਕ ਹੋਰ ਵਧਿਆ। ਕੰਪਿਊਟਰ ਤੇ ਇੰਟਰਨੈਟ ਦਾ ਦੌਰ ਸ਼ੁਰੂ ਹੋਇਆ ਤੇ ਸਿੱਟੇ ਵਜੋਂ ਨੌਜਵਾਨਾਂ ਦੀ ਦਿਮਾਗੀ ਸ਼ਕਤੀ ਦਾ ਵਧੇਰੇ ਉਪਯੋਗ ਇਸ ਪਾਸੇ ਵੱਲ ਵਧੇਰੇ ਹੋ ਗਿਆ। ਰਹਿੰਦੀ ਕਸਰ ਸਮਾਰਟ ਫੋਨਾਂ ਦੀ ਆਮਦ ਨੇ ਕੱਢ ਦਿੱਤੀ। ਸਰਵੇਖਣ ਇਸ਼ਾਰਾ ਕਰਦੇ ਹਨ ਕਿ ਨੌਜਵਾਨ ਔਸਤਨ ਸੱਤ-ਅੱਠ ਘੰਟੇ ਰੋਜ਼ ਸਮਾਰਟ ਫੋਨਾਂ ਦਾ ਇਸਤੇਮਾਲ ਕਰਦੇ ਹਨ ਅਤੇ ਕਈ ਕੇਸਾਂ ਵਿਚ ਤਾਂ 16 ਤੋਂ 18 ਘੰਟੇ ਦੀਆਂ ਰਿਪੋਰਟਾਂ ਵੀ ਮਿਲਦੀਆਂ ਹਨ। ਮੌਜੂਦਾ ਯੁਗ ਵਿਚ ਮਨੁੱਖੀ ਜੀਵਨ ਵਿਚ ਤਕਨੀਕਾਂ ਦੀ ਆਮਦ ਤੇ ਇਸ ਦੇ ਬੇਲੋੜੇ ਉਪਯੋਗ ਨੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਪੁਰਾਣੇ ਸਮਿਆਂ ਵਿਚ ਹੱਥੀਂ ਕਿਰਤ ਵਿਚ ਵਧੇਰੇ ਸਮਾਂ ਲੱਗਦਾ ਸੀ, ਉਹ ਘਟਣ ਕਰਕੇ ਵਿਹਲ ਵਿਚ ਵਾਧਾ ਹੋਇਆ ਹੈ ਤੇ ਨਤੀਜੇ ਵਜੋਂ ਮਨੋਰੰਜਨ, ਘੁੰਮਣ ਫਿਰਨ ਤੇ ਹੋਰ ਅਜਿਹੇ ਢਕਵੰਜਾਂ ਵਿਚ ਅਥਾਹ ਵਾਧਾ ਹੋਇਆ ਹੈ। ਕਿਸੇ ਪਿਕਨਿਕ, ਮਨੋਰੰਜਕ ਤੇ ਪਹਾੜੀ ਥਾਂਵਾਂ ਉਤੇ ਪੈਰ ਧਰਨ ਨੂੰ ਜਗ੍ਹਾ ਨਾ ਮਿਲਣਾ, ਇਸ ਦੀਆਂ ਮਿਸਾਲਾਂ ਹਨ। ਖਪਤਵਾਦੀ ਸਭਿਆਚਾਰ ਦੇ ਪ੍ਰਫੁਲਿਤ ਹੋਣ ਕਰਕੇ ਕੁਦਰਤ ਦਾ ਨੁਕਸਾਨ ਤੇ ਵਾਤਾਵਰਣ ਦਾ ਪਲੀਤ ਹੋਣਾ ਵੀ ਅੱਖੀਂ ਦੇਖਿਆ ਜਾ ਸਕਦਾ ਹੈ।
ਵਧ ਰਹੀ ਆਬਾਦੀ ਤੇ ਰੁਜ਼ਗਾਰ ਦੇ ਘਟ ਰਹੇ ਮੌਕਿਆਂ ਤੇ ਮਨੋਰੰਜਨ ਖੇਤਰ ਵਿਚ ਸੌਖਿਆਂ ਹੀ ਦਾਖਲੇ ਕਾਰਨ ਅੱਜ ਅਖੌਤੀ ਗਾਇਕਾਂ ਦੀ ਫੌਜ ਖੜ੍ਹੀ ਹੋ ਗਈ ਹੈ। ਸਿੱਟੇ ਵਜੋਂ ਸਮਾਜਕ ਕਦਰਾਂ-ਕੀਮਤਾਂ ਦੀ ਪਰਵਾਹ ਨਾ ਕਰਦਿਆਂ ਅਜਿਹੇ ਗਾਇਕ ਹਿੰਸਕ ਅਤੇ ਦੂਹਰੇ ਅਰਥਾਂ ਵਾਲੇ ਗੀਤਾਂ ‘ਤੇ ਉਤਰ ਆਏ ਹਨ ਤੇ ਸ਼ਬਦਾਵਲੀ ਦਾ ਪੱਧਰ ਨਿਹਾਇਤ ਨੀਵਾਂ ਚਲਾ ਗਿਆ ਹੈ। ਇਸ ਪ੍ਰਕ੍ਰਿਆ ਵਿਚ ਵਧੇਰੇ ਕਰਕੇ ਔਰਤ ਨੂੰ ਹੀ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਕਿਸੇ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਪੜ੍ਹਦੀਆਂ ਲੜਕੀਆਂ ‘ਤੇ ਤਰ੍ਹਾਂ ਤਰ੍ਹਾਂ ਦੇ ਗੀਤ ਬਣਾਏ ਗਏ ਹਨ। ਪੰਜਾਬੀ ਗਾਇਕੀ ਵਿਚ ਆਮ ਤੌਰ ‘ਤੇ ਲੜਕਿਆਂ ਨੂੰ ਵੈਲੀ, ਸ਼ਰਾਬੀ, ਖਾਣ-ਪੀਣ ਵਾਲਾ, ਅਮੀਰ, ਦੋਸਤਾਂ ਦੀ ਸੇਵਾ ਕਰਨ ਵਾਲਾ, ਹਥਿਆਰਾਂ ਤੇ ਬਾਜ਼ਾਰਾਂ ਦਾ ਮਾਲਕ, ਪੇਂਡੂ, ਟਰੈਕਟਰ-ਕਾਰਾਂ ਚਲਾਉਣ ਵਾਲਾ ਅਤੇ ਕੁੜੀਆਂ ਨੂੰ ਸ਼ਹਿਰੀ, ਅੰਗਰੇਜ਼ੀ ਪੜ੍ਹਨ ਵਾਲੀ, ਗੁਮਾਨੀ, ਮਨੋਰੰਜਨ ਦੀ ਚੀਜ਼ ਆਦਿ ਦਰਸਾਇਆ ਜਾਂਦਾ ਹੈ। ਲੜਕੀਆਂ ਨੂੰ ਪਾਉਣ ਖਾਤਰ ਉਨ੍ਹਾਂ ਦੇ ਮਾਤਾ, ਪਿਤਾ ਅਤੇ ਭਰਾਵਾਂ ਬਾਰੇ ਗੀਤਾਂ ਵਿਚ ਵਰਤੀ ਜਾਂਦੀ ਸ਼ਬਦਾਵਲੀ ਅਜਿਹੀ ਹੁੰਦੀ ਹੈ ਕਿ ਲੋਕ ਕੁੜੀਆਂ ਜੰਮਣੀਆਂ ਹੀ ਛੱਡ ਦੇਣ।
ਤਲਿਸਮ ਦੀ ਇਸ ਦੁਨੀਆਂ ਕਾਰਨ ਕਈ ਨੌਜਵਾਨ ਖਰਚੇ ਦੀ ਪੂਰਤੀ ਲਈ ਮਾਪਿਆਂ ਦੇ ਨੱਕ ਵਿਚ ਦਮ ਕਰੀ ਰੱਖਦੇ ਹਨ ਅਤੇ ਕਈ ਪਰਿਵਾਰ ਉਜੜ ਗਏ ਹਨ। ਹੋਟਲਾਂ ਆਦਿ ਵਿਚ ਲੜਕੀਆਂ ਵਲੋਂ ਸ਼ਰਾਬ ਵਰਤਾਉਣਾ ਵੀ ਕਾਫੀ ਵਧ ਗਿਆ ਹੈ। ਖੁਸ਼ੀ ਦੇ ਸਮਾਗਮਾਂ ਮੌਕੇ ਨਸ਼ੇ ‘ਚ ਧੁੱਤ ਛੋਟਿਆਂ ਤੋਂ ਲੈ ਕੇ ਬਜੁਰਗਾਂ ਤੱਕ ਦਾ ਬੇਹਾਲ ਹੋ ਜਾਣਾ ਵੀ ਸਭਿਆਚਾਰ ਦੇ ਰਸਾਤਲ ਵੱਲ ਜਾਣ ਦਾ ਇਕ ਹੋਰ ਸੂਚਕ ਹੈ। ਜ਼ਿਆਦਾਤਰ ਪੰਜਾਬੀ ਗਾਇਕ ਤੇ ਗਾਇਕਾਵਾਂ ਬਹੁਤ ਘੱਟ ਤਾਲੀਮਯਾਫਤਾ ਹਨ। ਜਹਾਜ ਦਾ ਪਾਇਲਟ ਮਾੜਾ ਹੋਵੇ ਤਾਂ ਸਭ ਦੀ ਜਾਨ ਖਤਰੇ ਵਿਚ ਪਾ ਸਕਦਾ ਹੈ, ਇਹੀ ਹਸ਼ਰ ਅਜੋਕੇ ਪੰਜਾਬੀ ਸਭਿਆਚਾਰ ਦਾ ਹੋ ਰਿਹਾ ਹੈ।
ਅਜੋਕੇ ਯੁੱਗ ਵਿਚ ਖਪਤਵਾਦੀ ਸਭਿਆਚਾਰ ਭਾਰੂ ਹੈ। ਦਰਅਸਲ, ਬਾਜ਼ਾਰ ਕਿਸੇ ਸਮੂਹ, ਸਮਾਜ ਜਾਂ ਦੇਸ਼ ਵਿਚ ਆਪਣੇ ਉਤਪਾਦਨਾਂ ਦੀ ਵਿਕਰੀ ਲਈ ਵਖ ਵਖ ਤਰੀਕੇ ਅਪਨਾਉਂਦਾ ਹੈ। ਬਾਜ਼ਾਰ ਦਾ ਮੁੱਖ ਮਕਸਦ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਖਪਤ ਸਭਿਆਚਾਰ ਦੇ ਚੱਕਰ ਵਿਚ ਉਲਝਾਉਣਾ ਹੈ, ਜਿਸ ਵਿਚ ਇਹ ਕਾਮਯਾਬ ਹੋ ਗਿਆ ਹੈ। ਬਾਜ਼ਾਰ ਵਧੇਰੇ ਉਤਪਾਦਨਾਂ ਨੂੰ ਮਨੁੱਖੀ ਲੋੜ ਵਜੋਂ ਪ੍ਰਦਰਸ਼ਿਤ ਕਰਦਾ ਹੈ। ਖਪਤਵਾਦ ਦੇ ਇਸ ਯੁੱਗ ਵਿਚ ਮਨੋਰੰਜਨ ਸੌਖਾ ਰਾਹ ਹੈ, ਜਿਸ ਰਾਹੀਂ ਵਖ-ਵਖ ਤਰ੍ਹਾਂ ਦੀਆਂ ਵਸਤਾਂ ਨੂੰ ਦਿਖਾਇਆ ਤੇ ਵੇਚਿਆ ਜਾ ਰਿਹਾ ਹੈ। ਇਸ ਸਾਰੀ ਪ੍ਰਕ੍ਰਿਆ ਨੂੰ ਸਮਝ ਕੇ ਸਰਕਾਰਾਂ, ਸਭਿਆਚਾਰਕ ਸੰਸਥਾਵਾਂ ਤੇ ਦੇਸ਼ ਸਮਾਜ ਨਾਲ ਸਰੋਕਾਰ ਰੱਖਣ ਵਾਲੇ ਲੋਕਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਜੋ ਸਮਾਜ ਦੇ ਸਭਿਆਚਾਰਕ ਪੱਖ ਨੂੰ ਨਿਵਾਣਾਂ ਵੱਲ ਜਾਣ ਤੋਂ ਰੋਕਿਆ ਜਾ ਸਕੇ।