ਛੂਛਾ ਘਟੁ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਫੁਰਮਾਨ ਹੈ, ਕਹੁ ਕਬੀਰ ਛੂਛਾ ਘਟੁ ਬੋਲੈ॥ ‘ਘਟੁ’ ਦਾ ਤਾਂ ਪਤਾ ਹੈ ਕਿ ਘੜੇ ਨੂੰ ਕਹਿੰਦੇ ਹਨ। ਭਲਾ ਇਹ ‘ਛੂਛਾ’ ਕੀ ਹੋਇਆ? ਇਹ ਕੀ ਬਲਾ ਹੋਈ?
ਮੇਰਾ ਖਿਆਲ ਹੈ, ‘ਛੂਛਾ’ ਉਹ ਹੁੰਦਾ ਹੈ, ਜੋ ‘ਜੈਂਟਲ’ ਨਹੀਂ ਹੁੰਦਾ। ਫਿਰ ਭਲਾ ‘ਜੈਂਟਲ’ ਕੀ ਹੋਇਆ? ਮੇਰੀ ਸਮਝ ਅਨੁਸਾਰ ਜੈਂਟਲ ਉਸ ਨੂੰ ਕਿਹਾ ਜਾ ਸਕਦਾ ਹੈ, ਜੋ ‘ਮੈਂਟਲ’ ਨਹੀਂ ਹੁੰਦਾ।
ਸਵਾਲ ਫਿਰ ਉਥੇ ਦਾ ਉਥੇ ਖੜ੍ਹਾ ਹੈ ਕਿ ਇਹ ‘ਮੈਂਟਲ’ ਕੀ ਸ਼ੈਅ ਹੁੰਦੀ ਹੈ? ਕਿਹਾ ਜਾ ਸਕਦਾ ਹੈ ਕਿ ‘ਮੈਂਟਲ’ ਉਹ ਹੁੰਦਾ ਹੈ, ਜੋ ਕਿਸੇ ‘ਜੈਂਟਲ’ ਨੂੰ ‘ਐਕਸੀਡੈਂਟਲ’ ਕਹੇ।

ਸਵਾਲ ਕੁਝ ਉਲਝ ਗਿਆ ਨਹੀਂ ਜਾਪਦਾ? ਹਾਂ! ਦਰਅਸਲ ਸਵਾਲ-ਜਵਾਬ ਦਾ ਇਹ ਸਿਲਸਿਲਾ ਬੜਾ ਗੁੰਝਲਦਾਰ ਹੈ। ਸਵਾਲ ਕਰਨ ਲਈ ਹੋਰ ਤਰ੍ਹਾਂ ਦੇ ਦਿਮਾਗ ਦੀ ਲੋੜ ਹੁੰਦੀ ਹੈ ਤੇ ਜਵਾਬ ਦੇਣ ਲਈ ਹੋਰ ਤਰ੍ਹਾਂ ਦੇ ਦਿਮਾਗ ਦੀ ਲੋੜ ਹੁੰਦੀ ਹੈ। ਕਿਸੇ ਤੋਂ ਜਵਾਬ ਮੰਗਣੇ ਬੜੇ ਸੌਖੇ ਹੁੰਦੇ ਹਨ, ਲੇਕਿਨ ਜਵਾਬ ਦੇਣੇ ਬਹੁਤ ਮੁਸ਼ਕਿਲ ਹੁੰਦੇ ਹਨ।
ਮੇਰਾ ਖਿਆਲ ਹੈ, ਸਵਾਲ ਕਰਨ ਲਈ ਸਿਰਫ ਦਿਮਾਗ ਦੀ ਲੋੜ ਹੁੰਦੀ ਹੈ ਅਤੇ ਜਵਾਬ ਦੇਣ ਲਈ ਦਿਲ ਤੇ ਦਿਮਾਗ ਦੇ ਨਾਲ ਇਖਲਾਕ ਦੀ ਵੀ ਲੋੜ ਹੁੰਦੀ ਹੈ। ਨਹੀਂ ਤਾਂ ਇਤਿਹਾਸ ਬੜਾ ਬਲਵਾਨ ਹੈ। ਜਵਾਬ ਮੰਗਣ ਵਾਲੇ ਨੂੰ ਜਦ ਜਵਾਬ ਦੇਣੇ ਪੈਂਦੇ ਹਨ, ਉਦੋਂ ਪਤਾ ਲੱਗਦਾ ਹੈ ਕਿ ‘ਐਕਸੀਡੈਂਟਲ’ ਕੀ ਹੁੰਦਾ ਹੈ, ‘ਜੈਂਟਲ’ ਕੌਣ ਤੇ ‘ਮੈਂਟਲ’ ਕੌਣ ਹੁੰਦਾ ਹੈ?
ਦਸਮ ਪਾਤਸ਼ਾਹ ਨੂੰ ਸਿੰਘਾਂ ਨੇ ਸਵਾਲ ਕੀਤਾ ਕਿ ਹਜ਼ੂਰ ਜਦ ਕਿਤੇ ਦੁਸ਼ਮਣ ਦਾ ਵੱਸ ਚੱਲਦਾ ਹੈ ਤਾਂ ਉਹ ਬੁਰੀ ਕਰਦੇ ਹਨ, ਪਰ ਸਾਨੂੰ ਮੌਕਾ ਮਿਲੇ ਤਾਂ ਕਿਉਂ ਰੋਕ ਦਿੱਤਾ ਜਾਂਦਾ ਹੈ?
ਦਸਮੇਸ਼ ਪਿਤਾ ਕਹਿਣ ਲੱਗੇ, “ਹਮ ਲੇ ਜਾਨੋ ਪੰਥ ਉਚੇਰੇ ਅਧੋਗਤੀ ਕੋ ਨਹਿ ਪਹੁੰਚਾਵੈਂ।”
ਗੁਰੂ ਦਾ ਫੁਰਮਾਨ ਸੀ ਕਿ ਭਜੇ ਜਾਂਦੇ ‘ਤੇ ਵਾਰ ਨਹੀਂ ਕਰਨਾ; ਡਿੱਗੇ ‘ਤੇ ਵਾਰ ਨਹੀਂ ਕਰਨਾ; ਨਿਹੱਥੇ ‘ਤੇ ਵਾਰ ਨਹੀਂ ਕਰਨਾ; ਬਿਰਧ ‘ਤੇ ਵਾਰ ਨਹੀਂ ਕਰਨਾ, ਔਰਤ ‘ਤੇ ਵਾਰ ਨਹੀਂ ਕਰਨਾ ਤੇ ਬੱਚੇ ‘ਤੇ ਵਾਰ ਨਹੀਂ ਕਰਨਾ।
ਦਿੱਲੀ ਦੇ ਬਾਦਸ਼ਾਹ ਬਹਾਦਰਸ਼ਾਹ ਨੇ 10 ਦਸੰਬਰ 1710 ਨੂੰ ਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਕਿ ਜਿੱਥੇ ਕਿਤੇ ਸਿੱਖ ਟੱਕਰੇ ਜਾਂ ਨਜ਼ਰ ਆਵੇ, ਬਿਨਾ ਸੋਚੇ ਤੇ ਬੇਝਿਜਕ ਥਾਂਏਂ ਮਾਰ ਦਿੱਤਾ ਜਾਵੇ।
ਬੰਦਾ ਸਿੰਘ ਬਹਾਦਰ ਨੇ ਇਸ ਖਤਰਨਾਕ ਐਲਾਨ ਦਾ ਜਵਾਬ ਇਹ ਦਿੱਤਾ ਕਿ ‘ਸਾਡਾ ਨਾ ਇਸਲਾਮ ਨਾਲ ਤੇ ਨਾ ਮੁਸਲਮਾਨ ਨਾਲ ਝਗੜਾ ਹੈ; ਅਸੀਂ ਸਿਰਫ ਤੇ ਸਿਰਫ ਹਕੂਮਤ ਦੀ ਤੱਦੀ ਦੇ ਖਿਲਾਫ ਹਾਂ।
ਹਿਟਲਰ ਨੇ ‘ਜਿਊਜ਼ ਕੁਐਸ਼ਚਨ’ ਦੇ ਜਵਾਬ ਵਿਚ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿਚ ਭੁੰਨ ਦਿੱਤਾ ਸੀ। ਹਿਟਲਰ ਨੂੰ ਆਪਣੇ ਖੁਦ ਦੇ ‘ਕੁਐਸ਼ਚਨ’ ਦਾ ਜਵਾਬ ਖੁਦਕੁਸ਼ੀ ਕਰਕੇ ਦੇਣਾ ਪਿਆ ਸੀ।
ਸਾਡੇ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ‘ਪੰਜਾਬ ਕੁਐਸ਼ਚਨ’ ਦੇ ਹੱਲ ਲਈ ਫੌਜ ਦੀਆਂ ਸੇਵਾਵਾਂ ਲਈਆਂ ਸਨ ਤੇ ਉਸ ਦੇ ਬਾਡੀਗਾਰਡਾਂ ਨੇ ਆਪਣੀਆਂ ਸੇਵਾਵਾਂ ਉਸੇ ਨੂੰ ਪ੍ਰਦਾਨ ਕਰ ਦਿੱਤੀਆਂ। ਪਿਛੋਂ ਸਿੱਖਾਂ ‘ਤੇ ਜੋ ਜ਼ੁਲਮ-ਓ-ਸਿਤਮ ਦੀ ਹਨੇਰੀ ਵਗੀ, ਬਿਆਨ ਨਹੀਂ ਕੀਤੀ ਜਾ ਸਕਦੀ।
ਉਪਰੰਤ ਇੰਦਰਾ ਗਾਂਧੀ ਦੇ ਬੇਟੇ ਨੇ ਆਖਿਆ ਸੀ, ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ। ਫਿਰ ਕਈ ਜਗ੍ਹਾ ਧਰਤੀ ਹਿੱਲੀ ਤੇ ਕੁਹਰਾਮ ਮਚ ਗਿਆ। ਅਖੀਰ ਤਾਮਿਲਨਾਡੂ ਵਿਚ ਹਿੱਲੀ ਹੋਈ ਧਰਤੀ ਨੇ ਉਸ ਬੜੇ ‘ਪੇੜ’ ਦੇ ਗਲ ਵਿਚ ਵੀ ‘ਫੁੱਲਾਂ’ ਦਾ ਹਾਰ ਪਾ ਦਿੱਤਾ; ਟਾਇਰਾਂ ਤੇ ਫੁੱਲਾਂ ਦਾ ਫਰਕ ਮਿਟ ਗਿਆ। ਅਖਬਾਰ ਵਿਚ ਉਸ ਦੀ ਨੰਗਮੁਨੰਗ ਮ੍ਰਿਤਕ ਫੋਟੋ ਦੇਖੀ ਤਾਂ ਦਿਲ ਦਹਿਲ ਗਿਆ ਸੀ ਕਿ ਕੁਦਰਤ ਦਾ ਇੰਤਕਾਮ ਇਤਨਾ ਭਿਆਨਕ ਵੀ ਹੋ ਸਕਦਾ ਹੈ!
ਗੁਰਬਾਣੀ ਦਾ ਫੁਰਮਾਨ ਹੈ, “ਅਹਿ ਕਰੁ ਕਰੇ ਸੁ ਅਹਿ ਕਰੁ ਪਾਇ॥ ਇਕ ਘੜੀ ਮੁਹਤੁ ਨ ਲਗੇ॥” ਭਾਵ ਬੰਦਾ ਜਿਸ ਹੱਥ ਨਾਲ ਜ਼ੁਲਮ ਕਰਦਾ ਹੈ, ਉਸੇ ਹੱਥ ਨੂੰ ਭੁਗਤਣਾ ਪੈਂਦਾ ਹੈ। ਅਰ ਇਸ ਵਿਚ ਦੇਰੀ ਵੀ ਨਹੀਂ ਹੁੰਦੀ।
ਬਾਣੀ ਵਿਚ ਤਾਂ ਇੱਥੋਂ ਤੱਕ ਆਖਿਆ ਗਿਆ ਹੈ, “ਅਹਿ ਕਰੁ ਕਰੇ ਸੁ ਅਹਿ ਕਰੁ ਪਾਇ॥ ਕੋਈ ਨ ਪਕੜੀਐ ਕਿਸੈ ਥਾਇ॥” ਅਰਥਾਤ ਜੋ ਹੱਥ ਕਿਸੇ ਨਾਲ ਧੱਕਾ ਕਰਦਾ ਹੈ, ਉਹੀ ਹੱਥ ਸਜ਼ਾ ਭੁਗਤਦਾ ਹੈ; ਇਸ ਵਿਚ ਕੋਈ ਦੂਜਾ ਨਹੀਂ ਪਕੜਿਆ ਜਾਂਦਾ।
ਕਹਿੰਦੇ ਹਨ, ਕਸ਼ਮੀਰ ਵਿਚ ਫਿਰ ਕਿਸੇ ਨੇ ਅੱਗ ਦੀ ਖੇਡ ਖੇਡੀ ਹੈ, ਜਿਸ ਦੇ ਜਵਾਬ ਵਿਚ ਦਿੱਲੀ ਦਰਬਾਰ ਨੇ ਆਖਿਆ ਹੈ ਕਿ ‘ਹਮਨੇ ਫੌਜ ਕੋ ਸੁਤੰਤਰਤਾ ਦੇ ਦੀ ਹੈ।’ ਸਾਡੇ ਦੇਸ਼ ਦੇ ਗਲੇ ਦੀ ਹੱਡੀ ਬਣਿਆ ‘ਕਸ਼ਮੀਰ ਕੁਐਸ਼ਚਨ’ ਫਿਰ ਭਾਂਬੜ ਬਣ ਉਠਿਆ ਹੈ ਤੇ ਬਲਦੀ ਨੂੰ ਪਾਣੀ ਦੀ ਥਾਂ ਤੇਲ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਪਣੇ ਦੇਸ਼ ਅੰਦਰ ਹੀ ਫੌਜ ਨੂੰ ਸੁਤੰਤਰਤਾ ਦੇਣ ਦਾ ਕੀ ਅਰਥ ਹੈ? ਕਿਤੇ ਇਹ ਉਹੀ ‘ਬੜਾ ਪੇੜ’ ਗਿਰਨ ਵਾਲੀ ਗੱਲ ਤਾਂ ਨਹੀਂ? ਇਹ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ। ਕਿਤੇ ‘ਬਾਬਰ ਬਾਣੀ’ ਨਾ ਫਿਰ ਜਾਵੇ।
ਗੁਰੂ ਨਾਨਕ ਨੇ ਸੈਦਪੁਰ ਵਿਖੇ ਭਾਈ ਲਾਲੋ ਨੂੰ ਦੱਸਿਆ ਸੀ ਕਿ ਜੇ ਹਿੰਦੂ-ਮੁਸਲਿਮ ਸੱਭਿਆਚਾਰਕ ਭੇੜ ਦੇ ‘ਸਵਾਲ’ ਨੂੰ ਸੁਹਿਰਦਤਾ ਨਾਲ ਨਾ ਨਜਿੱਠਿਆ ਗਿਆ ਤਾਂ ਹਿੰਦੁਸਤਾਨ ਚੇਤੇ ਰੱਖੇ, ਇਸ ਦਾ ‘ਕਾਇਆ ਕਪੜੁ ਟੁਕੁ ਟੁਕੁ’ ਹੋਣ ਤੋਂ ਕੋਈ ਮਾਈ ਕਾ ਲਾਲ ਰੋਕ ਨਹੀਂ ਸਕੇਗਾ।
ਖੈਰ, ਅਜਿਹੇ ਸਵਾਲਾਂ ਦੇ ਜਵਾਬ ਬੰਦਿਆਂ ਕੋਲ ਨਹੀਂ ਹੁੰਦੇ, ਕੁਦਰਤ ਕੋਲ ਹੁੰਦੇ ਹਨ ਜਾਂ ਇਤਿਹਾਸ ਕੋਲ ਹੁੰਦੇ ਹਨ; ਕੁਦਰਤ ਦੇ ਇੰਤਕਾਮ ਸਹਿਣਯੋਗ ਨਹੀਂ ਹੁੰਦੇ। ਬੇਸ਼ੱਕ ਦਹਿਸ਼ਤ ਦਾ ਕੋਈ ਵਿਧਾਨ ਨਹੀਂ ਹੁੰਦਾ, ਪਰ ਸਰਕਾਰ ਦਾ ਵਿਧਾਨ ਵੀ ਹੁੰਦਾ ਹੈ ਤੇ ਸੰਵਿਧਾਨ ਵੀ। ਸਰਕਾਰ ਦਾ ਸੰਵਿਧਾਨ ਤੋਂ ਸੁਤੰਤਰ ਹੋਣ ਦਾ ਮਤਲਬ ਹੈ, ਜ਼ੁਲਮ ਦਾ ਸਿਰਾ; ਤੇ ਸਿਰਾ ਕੋਈ ਵੀ ਚੰਗਾ ਨਹੀਂ ਹੁੰਦਾ।
ਇਤਿਹਾਸ ਨੇ ਲੱਖਾਂ ਸ਼ਹਿਨਸ਼ਾਹ ਪਲਾਂ ਛਿਣਾਂ ਵਿਚ ਖਾਕ ਹੁੰਦੇ ਦੇਖੇ ਹਨ; ਸੱਭਿਅਤਾਵਾਂ ਤਬਾਹ ਹੁੰਦੀਆਂ ਦੇਖੀਆਂ ਹਨ; ਰਾਜ ਮਾਲ ਸਿਕਦਾਰੀਆਂ ਗਰਕ ਹੁੰਦੀਆਂ ਦੇਖੀਆਂ ਹਨ। ਜੇ ਨਹੀਂ ਦੇਖੀ ਤਾਂ ਸਿਰਫ ਕਿਸੇ ਗਰੀਬ ਮਜ਼ਲੂਮ ਦੀ ਹਾਅ ਅਜਾਈਂ ਗਈ ਨਹੀਂ ਦੇਖੀ। ਚੋਰਾਂ, ਠੱਗਾਂ ਤੇ ਧਾੜਵੀਆਂ ਦੇ ਘਰੀਂ ਇੱਕ ਇੱਕ ਕਰਕੇ ਬੁਝਦੇ ਚਿਰਾਗ ਹਰ ਕਿਤੇ ਦੇਖੇ ਜਾ ਸਕਦੇ ਹਨ। ਮਹਿਲਾਂ ਦੀ ਚਹਿਲ-ਪਹਿਲ ਝਟ-ਪਟ ਸੁੰਨਮਸਾਨ ‘ਚ ਬਦਲ ਜਾਂਦੀ ਹੈ ਤੇ ਸੁੰਨਮਸਾਨ ਨੂੰ ਸ਼ਮਸ਼ਾਨ ਬਣਦੇ ਦੇਰ ਨਹੀਂ ਲੱਗਦੀ। ਮਰਦਿਆਂ ਨੂੰ ਸਰਕਾਰੀ ਖਜਾਨੇ ਵੀ ਨਹੀਂ ਬਚਾ ਸਕਦੇ ਤੇ ਜਿਉਂਦਿਆਂ ਨੂੰ ਕਿਤੇ ਲੁਕਣ ਲਈ ਥਾਂ ਨਹੀਂ ਲੱਭਦੀ ਤੇ ਭੱਜਣ ਲਈ ਰਾਹ ਵੀ ਨਹੀਂ ਲੱਭਦੇ। ‘ਇਹੁ ਜਗੁ ਧੂਏ ਕਾ ਪਹਾਰ’ ਹੋ ਨਿਬੜਦਾ ਹੈ; ਫਿਰ ਸਮਝ ਲੱਗਦੀ ਹੈ ਕਿ ‘ਜਗ ਰਚਨਾ ਸਭ ਝੂਠ ਹੈ।’
ਇਤਿਹਾਸ ਜਾਣਦਾ ਹੈ ਕਿ ਇੰਚੀ ਟੇਪਾਂ ਨਾਲ ਨਾਪੇ ਜਾਣ ਵਾਲੇ ਵੱਡੇ ਵੱਡੇ ਸੀਨੇ ਦਿਲਾਂ ਤੋਂ ਸੱਖਣੇ ਹੁੰਦੇ ਹਨ ਤੇ ਨਿੱਕੇ ਨਿੱਕੇ ਮਜ਼ਲੂਮ ਸੀਨਿਆਂ ਅੰਦਰ ਹੀ ਵੱਡੇ ਵੱਡੇ ਦਿਲ ਧੜਕਦੇ ਹਨ, ਜੋ ਕਿਸੇ ਨੂੰ ਜਰ ਸਕਦੇ ਹਨ ਤੇ ਕਿਸੇ ਲਈ ਮਰ ਸਕਦੇ ਹਨ।
ਸਾਨੂੰ ਸਮੇਂ ਦੇ ਸੱਚ ਹਮੇਸ਼ਾ ਚੇਤੇ ਰੱਖਣੇ ਚਾਹੀਦੇ ਹਨ। ਦੁਨੀਆਂ ਦੀ ਕੋਈ ਵੀ ਸ਼ੈਅ ਸੱਚ ਤੋਂ ਉਰੇ ਰਹਿ ਜਾਂਦੀ ਹੈ, ਕੇਵਲ ਸੱਚਾ ਆਚਰਣ ਹੀ ਸੱਚ ਤੋਂ ਪਾਰ ਲੈ ਜਾਣ ਵਾਲੀ ਸ਼ੈਅ ਹੈ। ਇਸ ਲਈ,
“ਸ਼ਾਹ ਮੁਹੰਮਦਾ! ਓਸ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਾਵਦਾ ਈ।” ਬਾਣੀ ਵਿਚ ਵੀ ਆਇਆ ਹੈ, “ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਏਦਾ॥ ਦਰਿ ਮੰਗਨ ਭਿਖਿ ਨ ਪਾਏਦਾ॥
ਖੈਰ, ਸਿਆਣੇ ਠੀਕ ਹੀ ਕਹਿੰਦੇ ਹੋਣਗੇ, “ਅੱਧ ਜਲ ਗਗਰੀ ਛਲਕਤ ਜਾਇ!”