ਨਿਊਯਾਰਕ: ਡਰੋਨ ਹਮਲਿਆਂ ਲਈ ਆਪਣੀ ਸਰਜ਼ਮੀਨ ਦੇਣ ਲਈ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨੇ ਅਮਰੀਕਾ ਦੀ ਸੀਆਈਏ ਨਾਲ 2004 ਵਿਚ ਗੁਪਤ ਸਮਝੌਤਾ ਕੀਤਾ ਸੀ।ਇਸ ਸਮਝੌਤੇ ਤਹਿਤ ਪਾਕਿਸਤਾਨ ਨੇ ਇਹ ਸ਼ਰਤ ਰੱਖੀ ਸੀ ਕਿ ਇਹ ਮਾਨਵ ਰਹਿਤ ਜਹਾਜ਼ ਉਸ ਦੇ ਪਰਮਾਣੂ ਕੇਂਦਰਾਂ ਤੇ ਉਨ੍ਹਾਂ ਪਹਾੜੀ ਕੈਂਪਾਂ ਤੋਂ ਪਰੇ ਰਹਿਣਗੇ ਜਿਥੇ ਕਸ਼ਮੀਰੀ ਅਤਿਵਾਦੀਆਂ ਨੂੰ ਭਾਰਤ ‘ਤੇ ਹਮਲਿਆਂ ਲਈ ਸਿਖਲਾਈ ਦਿੱਤੀ ਜਾਂਦੀ ਹੈ।
‘ਨਿਊਯਾਰਕ ਟਾਈਮਜ਼’ ਵਿਚ ਛਪੀ ਰਿਪੋਰਟ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਕਬਾਇਲੀ ਇਲਾਕਿਆਂ ਦੇ ਤੰਗ ਖੇਤਰਾਂ ਵਿਚ ਵੀ ਡਰੋਨ ਉਡ ਸਕਣਗੇ ਤੇ ਉਹ ਇਸਲਾਮਾਬਾਦ, ਪਾਕਿਸਤਾਨ ਦੇ ਪਰਮਾਣੂ ਕੇਂਦਰਾਂ ਤੇ ਕਸ਼ਮੀਰੀ ਅਤਿਵਾਦੀਆਂ ਦੀ ਸਿਖਲਾਈ ਵਾਲੇ ਪਹਾੜੀ ਕੈਂਪਾਂ ਦੇ ਆਸ-ਪਾਸ ਨਹੀਂ ਜਾਣਗੇ। ਪਾਕਿਸਤਾਨੀ ਅਧਿਕਾਰੀਆਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਸੀ ਕਿ ਹਰੇਕ ਡਰੋਨ ਹਮਲੇ ਦੀ ਉਨ੍ਹਾਂ ਤੋਂ ਪ੍ਰਵਾਨਗੀ ਲਈ ਜਾਵੇ ਤੇ ਨਿਸ਼ਾਨਿਆਂ ਦੀ ਸੂਚੀ ‘ਤੇ ਉਨ੍ਹਾਂ ਨੂੰ ਕੰਟਰੋਲ ਦਿੱਤਾ ਜਾਵੇ।
ਡਰੋਨ ਹਮਲਿਆਂ ਬਾਰੇ ਗੁਪਤ ਸਮਝੌਤਾ ਉਦੋਂ ਨੇਪਰੇ ਚੜ੍ਹਿਆ ਸੀ ਜਦੋਂ ਸੀਆਈਏ ਕਬਾਇਲੀ ਸਰਦਾਰ ਨੇਕ ਮੁਹੰਮਦ ਨੂੰ ਮਾਰਨ ਲਈ ਰਜ਼ਾਮੰਦ ਹੋ ਗਈ ਸੀ। ਨੇਕ ਮੁਹੰਮਦ ਅਫਗਾਨ ਤਾਲਿਬਾਨ ਦਾ ਪਾਕਿਸਤਾਨੀ ਸਹਿਯੋਗੀ ਸੀ ਤੇ ਇਸਲਾਮਾਬਾਦ ਨੇ ਉਸ ਨੂੰ ‘ਰਾਜ ਦਾ ਦੁਸ਼ਮਣ’ ਐਲਾਨਿਆ ਹੋਇਆ ਸੀ। ਅਖ਼ਬਾਰ ਨੇ ਇਹ ਰਿਪੋਰਟ ਕਿਤਾਬ ਇਕ ਕਿਤਾਬ ‘ਦਿ ਵੇਅ ਆਫ ਦਿ ਨਾਈਫ਼ ਕਿਸੀਆਈਏ, ਏ ਸੀਕਰੇਟ ਆਰਮੀ ਐਂਡ ਏ ਵਾਰ ਐਟ ਐਂਡਜ਼ ਆਫ ਦਿ ਅਰਥ’ ਵਿਚੋਂ ਕੁਝ ਅੰਸ਼ ਲੈ ਕੇ ਛਾਪੀ ਗਈ ਹੈ।
ਸੀਆਈਏ ਦੇ ਇਕ ਅਧਿਕਾਰੀ ਨੇ ਆਈਐਸਆਈ ਦੇ ਮੁਖੀ ਅਹਿਸਾਨ ਉਲ ਹੱਕ ਕੋਲ ਪੇਸ਼ਕਸ਼ ਕੀਤੀ ਸੀ ਕਿ ਜੇ ਅਮਰੀਕੀ ਖੁਫੀਆ ਏਜੰਸੀ ਨੇਕ ਮੁਹੰਮਦ ਨੂੰ ਮਾਰ ਦੇਵੇ ਤਾਂ ਕਬਾਇਲੀ ਖੇਤਰਾਂ ‘ਤੇ ਨਿਯਮਤ ਡਰੋਨ ਉਡਾਣਾਂ ਦਾ ਹੱਕ ਦੇ ਦਿੱਤਾ ਜਾਵੇਗਾ। ਆਈæਐਸ਼ਆਈ ਅਤੇ ਸੀਆਈਏ ਇਸ ਗੱਲ ਲਈ ਵੀ ਰਜ਼ਾਮੰਦ ਹੋ ਗਏ ਸਨ ਕਿ ਪਾਕਿਸਤਾਨ ਵਿਚ ਸਾਰੀਆਂ ਡਰੋਨ ਉਡਾਣਾਂ ਅਮਰੀਕੀ ਖੁਫੀਆ ਏਜੰਸੀ ਦੀ ‘ਲੁਕਵੀਂ ਐਕਸ਼ਨ ਅਥਾਰਿਟੀ’ ਤਹਿਤ ਰਹਿਣਗੀਆਂ ਜਿਸ ਮੁਤਾਬਕ ਅਮਰੀਕਾ ਕਦੇ ਵੀ ਮਿਜ਼ਾਈਲੀ ਹਮਲੇ ਦੀ ਗੱਲ ਨਹੀਂ ਮੰਨੇਗਾ ਤੇ ਪਾਕਿਸਤਾਨ ਵਿਅਕਤੀਗਤ ਕਤਲਾਂ ਦਾ ਆਪ ਸਿਹਰਾ ਲਵੇਗਾ ਜਾਂ ਚੁੱਪ ਰਹੇਗਾ।
ਪਾਕਿਸਤਾਨੀ ਅਧਿਕਾਰੀ ਡਰੋਨ ਉਡਾਣਾਂ ਨੂੰ ਪਰਮ ਸੱਤਾ ਦੀ ਖ਼ਿਲਾਫ਼ਵਰਜ਼ੀ ਕਰਾਰ ਦਿੰਦੇ ਸਨ ਪਰ ਨੇਕ ਮੁਹੰਮਦ ਦੀ ਚੜ੍ਹਤ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਹੁੰਚ ਬਾਰੇ ਮੁੜ ਸੋਚਣਾ ਪਿਆ ਤੇ ਅੰਤ ਨੂੰ ਡਰੋਨ ਹਮਲਿਆਂ ਲਈ ਆਗਿਆ ਦੇਣੀ ਪਈ। ਆਈਐਸਆਈ ਤੇ ਸੀਆਈਏ ਦੀ ਇਹ ਅੰਦਰਖਾਤੇ ਸੌਦੇਬਾਜ਼ੀ ਲੁਕਵੇਂ ਡਰੋਨ ਯੁੱਧ ਦੀ ਸ਼ੁਰੂਆਤ ‘ਤੇ ਝਾਤ ਪਵਾਉਂਦੀ ਹੈ ਜੋ ਬੁਸ਼ ਪ੍ਰਸ਼ਾਸਨ ਦੇ ਸ਼ਾਸਨਕਾਲ ਵਿਚ ਸ਼ੁਰੂ ਹੋਈ ਸੀ ਤੇ ਰਾਸ਼ਟਰੀ ਓਬਾਮਾ ਦੇ ਸ਼ਾਸਨਕਾਲ ਦੌਰਾਨ ਵਸੀਹ ਹੋ ਗਈ। ਅਖ਼ਬਾਰ ਨੇ ਲਿਖਿਆ ਕਿ ਡਰੋਨ ਹਮਲੇ ਵਿਚ ਨੇਕ ਮਹੁੰਮਦ ਦੇ ਮਾਰੇ ਜਾਣ ‘ਤੇ ਪਾਕਿਸਤਾਨੀ ਫੌਜ ਦੇ ਤਰਜ਼ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅਲ-ਕਾਇਦਾ ਦਾ ਮਾਰਗ ਦਰਸ਼ਨ ਨੇਕ ਮੁਹੰਮਦ ਤੇ ਚਾਰ ਹੋਰ ਅਤਿਵਾਦੀ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਇਕ ਰਾਕੇਟ ਹਮਲੇ ਵਿਚ ਮਾਰੇ ਗਏ ਹਨ।
ਜਦੋਂ ਦੋਵੇਂ ਖੁਫੀਆ ਏਜੰਸੀਆਂ ਵਿਚਕਾਰ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਦੇ ਸੀæਆਈæਏ ਦੇ ਇੰਸਪੈਕਟਰ ਜਨਰਲ ਜੌਹਨ ਹੈਲਜਰਸਨ ਨੇ ਏਜੰਸੀ ਦੀਆਂ ਗੁਪਤ ਜੇਲ੍ਹਾਂ ਵਿਚ ਕੈਦੀਆਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਬਾਰੇ ਇਕ ਆਲੋਚਨਾਤਮਕ ਰਿਪੋਰਟ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਸੀæਆਈæਏ ਨੇ ਅਤਿਵਾਦੀਆਂ ਨੂੰ ਫੜਨ ਦੀ ਬਜਾਏ ਉਨ੍ਹਾਂ ਨੂੰ ਡਰੋਨ ਹਮਲਿਆਂ ਰਾਹੀਂ ਖਤਮ ਕਰਨ ਦਾ ਰਾਹ ਆਪਣਾ ਲਿਆ।
Leave a Reply