ਅਸ਼ੋਕ ਬਾਂਸਲ ਮਾਨਸਾ
ਫੋਨ: 91-98151-30226
‘ਲਾਲ ਚੰਦ ਯਮਲਾ’ ਦਾ ਇਹ ਗੀਤ ਐਚ. ਐਮ. ਵੀ. (ਹਿਜ਼ ਮਾਸਟਰ’ਜ਼ ਵਾਇਸ) ਕੰਪਨੀ ਦੇ 1981 ਵਿਚ ਬਣੇ ਐਲ਼ ਪੀ. ਰਿਕਾਰਡ ਵਿਚੋਂ ਹੈ, ਜਿਸ ਦਾ ਟਾਈਟਲ ਸੀ, ‘ਖੇਡਣ ਦੇ ਦਿਨ ਚਾਰ।’ ਇਸ ਰਿਕਾਰਡ ਦੇ ਸੰਗੀਤਕਾਰ ਹਨ, ਚਰਨਜੀਤ ਆਹੂਜਾ। ਮੈਂ ਇਸ ਗੀਤ ਦੀਆਂ ਰਮਜ਼ਾਂ ਬੁੱਝਣ ਦਾ ਯਤਨ ਕੀਤਾ ਹੈ।
ਆਰ ਢਾਂਗਾ ਪਾਰ ਢਾਂਗਾ
ਵਿਚ ਟੱਲਮ ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ
ਨਦੀ ਨਹਾਉਣ ਚੱਲੀਆਂ।
ਖੇਤਾਂ ਦਾ ਰਾਜਾ ਤੜਫਦਾ
ਡਿੱਠਾ ਹਮੇਸ਼ਾ ਆਬ ਨੂੰ।
ਝੋਈਆਂ ‘ਚੋਂ ਝੱਟੇ ਝੱਟ ਕੇ,
ਬੀਜਾਂਗੇ ਕੀਕੂੰ ਲਾਬ ਨੂੰ।
ਸੋਕੇ ਨੇ ਲੱਕ ਤਰੋੜਿਆ,
ਨਾ ਜਾਣ ਸਾਂਗਾਂ ਝੱਲੀਆਂ।
ਚੀਣਾਂ, ਸਵਾਂਕੀ ਸੁੱਕ ਗਏ,
ਮੱਢਲ ਤੇ ਉਹ ਵੱਟ ਕੰਙਣਾਂ।
ਅੰਨ ਬਾਝੋਂ ਜਾਪਦਾ,
ਹੁਣ ਸਾਲ ਔਖਾ ਲੰਘਣਾ।
ਔੜ ਮੱਕੀ ਮਾਰ ਗਈ,
ਚੱਬਾਂਗੇ ਕਿੱਥੋਂ ਛੱਲੀਆਂ।
ਮੈਣੇ ਦੀ ਭੁਰਜੀ ਖਾ ਕੇ,
ਕੱਢੇ ਦਿਹਾੜੇ ਜੱਟ ਨੇ।
ਅੱਠ ਟੋਪੇ ਮਸਰ ਛੋਲੇ,
ਜੌਂ ਪੜੋਪੀ ਘੱਟ ਨੇ।
ਪੰਜ ਧਾਈਆਂ ਕਣਕ ਹੋ ਗਈ,
ਵਿਰਲੀਆਂ ਸੀ ਬੱਲੀਆਂ।
ਚਰਸ ਬੋਕੇ ਪਾ ਕੇ,
ਖੂਹਾਂ ‘ਚੋਂ ਪਾਣੀ ਕੱਢਿਆ।
ਛੋਟੇ ਕਿਆਰੇ ਪਾ ਕੇ,
ਮੈਂ ਫਸਲ ਥੋੜਾ ਗੱਡਿਆ।
ਸਿਰ ਕਰਜ਼ ਸਾਰੇ ਪਿੰਡ ਦਾ,
ਲੰਘਾਂਗਾ ਕਿਹੜੀ ਗਲੀਆਂ।
ਪੇਂਜੂ ਤੇ ਪੀਲਾਂ ਖਾਧੀਆਂ,
ਮਲ੍ਹਿਆਂ ਤੋਂ ਖਾਧੇ ਬੇਰ ਨੇ।
ਕਰੀਆਂ ਤੋਂ ਡੇਲੇ ਲਾਹ ਕੇ,
ਭਾਬੀ ਨੂੰ ਦਿੱਤੇ ਦੇਰ ਨੇ।
ਦਾਣੇ ਭੁੰਨਾ ਕੇ ਚੱਬਣੇ,
ਜਦੋਂ ਦੁਪਹਿਰਾਂ ਢਲੀਆਂ।
ਗਾਧੀ ‘ਤੇ ਬੈਠਾ ਬਾਦਸ਼ਾਹ,
ਸੋਚਦੈ ਤਦਬੀਰ ਨੂੰ।
ਕੂੰਜਾਂ ਦੇ ਵਾਗੂੰ ਘੱਲਿਆ,
ਖਾਲੀ ਟਿੰਡਾਂ ਬਿਨ ਨੀਰ ਨੂੰ।
ਖਿਜ਼ਰ ਖਵਾਜ਼ੇ ਪੀਰ ਨੇ,
ਦੇ ਕੇ ਮੁਰਾਦਾਂ ਘੱਲੀਆਂ।
ਚੜ੍ਹਦੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਗਾਇਕ ਲਾਲ ਚੰਦ ਯਮਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਪੰਜਾਬੀ ਬੋਲਣ ਤੇ ਸਮਝਣ ਵਾਲੇ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਹੈ। ਇਹ ਗੀਤ ਗੁਰਬਤ ਹੰਢਾਉਂਦੇ ਛੋਟੇ-ਨਿਮਨ ਕਿਸਾਨ ਦੀ ਦੁਖਾਂਤਕ ਕਹਾਣੀ ਹੈ। ਦ੍ਰਿਸ਼ ਉਸ ਸਮੇਂ ਦਾ ਹੈ, ਜਦੋਂ ਪਿੰਡਾਂ ਨੇ ਹਾਲੇ ਬਹੁਤੀ ਤਰੱਕੀ ਨਹੀਂ ਸੀ ਕੀਤੀ। ਛੋਟਾ ਕਿਸਾਨ ਤਰੱਕੀ ਤੋਂ ਬਿਲਕੁਲ ਵਾਂਝਾ ਸੀ। ਪਿੰਡਾਂ ਵਿਚ ਸਮੇਂ ਦਾ ਅੰਦਾਜ਼ਾ ਵੀ ਪ੍ਰਛਾਂਵੇਂ ਦੇਖ ਕੇ ਲਾਇਆ ਜਾਂਦਾ ਸੀ। ਮਿਰਚਾਂ ਕੁੱਟ ਕੇ ਰੋਟੀ ਲੱਸੀ ‘ਚ ਡਬੋ ਕੇ ਗੁਜ਼ਾਰਾ ਕੀਤਾ ਜਾਂਦਾ ਸੀ। ਤਕਨੀਕ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ। ਪੰਜਾਬ ਵਿਚ ਨਹਿਰਾਂ ਦਾ ਜਾਲ ਨਹੀਂ ਸੀ ਵਿਛਿਆ। ਬਿਜਲੀ ਨੇ ਹਾਲੇ ਦਸਤਕ ਨਹੀਂ ਸੀ ਦਿੱਤੀ। ਅੱਜ ਵਾਂਗ ਟਰੈਕਟਰ ਵੀ ਨਹੀਂ ਸਨ।
ਮੁੱਕਦੀ ਗੱਲ, ਇਹ ਗੀਤ ਟਿਊਬਵੈਲ ਤੋਂ ਵੀ ਪਹਿਲਾਂ ਛੋਟੇ ਕਿਸਾਨ ਦੀ ਤਸਵੀਰ ਹੈ। ਇਸ ਗੀਤ ਵਿਚ ਗੀਤਕਾਰ ਨੇ ਕਿਸਾਨੀ ਜੀਵਨ ਵਿਚ ਪਾਣੀ ਦੇ ਮਹੱਤਵ ਨੂੰ ਪੇਸ਼ ਕੀਤਾ ਹੈ। ਖੇਤੀ ਪਾਣੀ ਤੋਂ ਬਿਨਾ ਸੰਭਵ ਨਹੀਂ। ਪਾਣੀ ਦਾ ਕੁਦਰਤੀ ਸੋਮਾ ਮੀਂਹ ਜਾਂ ਨਦੀਆਂ ਨਾਲੇ ਹੀ ਸਨ। ਧਰਤੀ ਹੇਠਲਾ ਪਾਣੀ ਕੱਢਣ ਵਾਸਤੇ ਖੂਹ ਮਨੁੱਖ ਦੀ ਪਹਿਲੀ ਲੋੜ ਸੀ ਤੇ ਹਲਟ ਮੁਢਲੀ ਤਕਨੀਕ। ਇੱਥੇ ਹਲਟ ਦਾ ਸੰਖੇਪ ਵੇਰਵਾ ਦੇਣਾ ਜ਼ਰੂਰੀ ਹੈ, ਕਿਉਂਕਿ ਗੀਤ ਵਿਚ ਹਲਟ ਦਾ ਦ੍ਰਿਸ਼ ਰੂਪਮਾਨ ਹੋਇਆ ਹੈ। ਹਲਟ ਖੂਹ ਵਿਚੋਂ ਪਾਣੀ ਕੱਢਣ ਦਾ ਯੰਤਰ ਸੀ, ਜਿਸ ਨੂੰ ਬਲਦ ਘੁੰਮਾਉਂਦੇ ਸਨ। ਹਲਟ ਦੇ ਹੇਠ ਲਿਖੇ ਮੁੱਖ ਭਾਗ ਸਨ,
ਚੰਨੇ: ਖੂਹ ਦੇ ਦੋਹੀਂ ਪਾਸੀਂ ਕੀਤੀ ਕੰਧ ਨੂੰ ਕਿਹਾ ਜਾਂਦਾ ਸੀ।
ਚਵ੍ਹਕਲੀ: ਵੱਡੀ ਗਰਾਰੀ।
ਬੈੜ: ਖੂਹ ‘ਤੇ ਲੱਗੀ ਚਰਖੜੀ।
ਟਿੰਡਾਂ: ਉਹ ਭਾਂਡੇ, ਜੋ ਖੂਹ ‘ਚੋਂ ਪਾਣੀ ਭਰ ਕੇ ਲਿਆਉਂਦੇ ਹਨ।
ਪਾੜਛਾ: ਬੈੜ ਦੇ ਵਿਚਕਾਰ ਰੱਖਿਆ ਹੁੰਦਾ ਸੀ, ਜੋ ਪਾਣੀ ਬਾਹਰ ਸਿੱਟਦਾ ਸੀ।
ਗਾਧੀ: ਇੱਕ ਲੰਬੀ ਲੱਕੜ ਹੁੰਦੀ ਹੈ, ਜਿਸ ਨਾਲ ਬਲਦਾਂ ਨੂੰ ਜੋਤ ਕੇ ਹਲਟ ਘੁਮਾਇਆ ਜਾਂਦਾ ਸੀ।
ਗੀਤਕਾਰ ਗੀਤ ਵਿਚ ਉਸ ਵੇਲੇ ਦਾ ਦ੍ਰਿਸ਼ ਪੇਸ਼ ਕਰਦਾ ਹੈ, ਜਦੋਂ ਪਰਿਵਾਰ ਸਾਂਝੇ ਹੁੰਦੇ ਸਨ। ਮਨ ਪ੍ਰਚਾਵੇ ਦੇ ਸਾਧਨ ਬਹੁਤ ਸੀਮਤ ਸਨ। ਜਦੋਂ ਰੇਡੀਓ, ਟੈਲੀਵਿਜ਼ਨ, ਮੋਬਾਇਲ, ਇੰਟਰਨੈਟ ਨੇ ਸਾਡੀਆਂ ਆਥਣਾਂ ਨੂੰ ਆਪਣੇ ਕਲਾਵੇ ਵਿਚ ਨਹੀਂ ਸੀ ਜਕੜਿਆ। ਬੱਚਿਆਂ ਲਈ ਖੇਡਣ-ਕੁੱਦਣ ਤੋਂ ਇਲਾਵਾ ਮਨੋਰੰਜਨ ਦਾ ਸਾਧਨ ਦਾਦੀਆਂ, ਨਾਨੀਆਂ ਤੋਂ ਕਹਾਣੀਆਂ ਤੇ ਬਾਤਾਂ ਸੁਣਨਾ ਸੀ। ਬੱਚੇ ਬਾਤਾਂ ਬੁੱਝਦੇ-ਬੁੱਝਦੇ ਸੌਂ ਜਾਂਦੇ। ਬਾਤਾਂ ਦਿਮਾਗੀ ਕਸਰਤ ਦਾ ਸਰੋਤ ਵੀ ਸਨ ਅਤੇ ਸਾਡੇ ਸੱਭਿਆਚਾਰ ਦਾ ਅੰਗ ਵੀ। ਬਾਤ ਕਿਸੇ ਚੀਜ਼ ਦਾ ਰੂਪਕ ਹੁੰਦਾ ਹੈ। ਬਜੁਰਗ ਬਾਤਾਂ ਸੁਣਾਉਂਦੇ ਅਤੇ ਅੱਗਿਓਂ ਬੱਚਿਆਂ ਨੇ ਆਪਣੀ ਬੁੱਧੀ ਨਾਲ ਉਸ ਨੂੰ ਬੁੱਝਣਾ ਹੁੰਦਾ। ਮਿਸਾਲ ਵਜੋਂ,
ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ
ਉਤਰ: ਸੂਈ-ਧਾਗਾ।
ਗੀਤਕਾਰ ਗੀਤ ਦਾ ਮੁੱਢ ਸਥਾਈ (ਗੀਤ ਦੇ ਪਹਿਲੇ ਅੰਤਰੇ ਨੂੰ ਆਖਦੇ ਹਨ) ਦੇ ਰੂਪ ਵਿਚ ਬਾਤ ਰਾਹੀਂ ਬੰਨ੍ਹਦਾ ਹੈ,
ਆਰ ਢਾਂਗਾ ਪਾਰ ਢਾਂਗਾ,
ਵਿਚ ਟੱਲਮ ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ,
ਨਦੀ ਨਹਾਉਣ ਚੱਲੀਆਂ।
‘ਆਰ ਢਾਂਗਾ ਪਾਰ ਢਾਂਗਾ’ ਦੀ ਤਸਵੀਰ ਦੇਖੋ ਕਿ ਹਲਟ ਦਾ ਧੁਰਾ ਦੋਵੇਂ ਪਾਸਿਆਂ ਤੋਂ ਬਾਹਰ ਕੱਢ ਕੇ ਚੰਨਿਆਂ ਦੇ ਉਪਰ ਰੱਖਿਆ ਹੋਇਆ ਹੈ। ‘ਵਿਚ ਟੱਲਮ ਟੱਲੀਆਂ’ ਬੈੜ ਟਿੰਡਾਂ ਨੂੰ ਲੈ ਕੇ ਘੁੰਮ ਰਹੀ ਹੈ। ‘ਆਉਣ ਕੂੰਜਾਂ ਦੇਣ ਬੱਚੇ’ ਟਿੰਡਾਂ ਖੂਹ ਵਿਚੋਂ ਪਾਣੀ ਲੈ ਕੇ ਆ ਰਹੀਆਂ ਹਨ। ‘ਨਦੀ ਨਹਾਉਣ ਚੱਲੀਆਂ’ ਖਾਲੀ ਹੋ ਕੇ ਮੁੜ ਖੂਹ ਵਿਚ ਪਾਣੀ ਲੈਣ ਜਾ ਰਹੀਆਂ ਹਨ। ਗੀਤਕਾਰ ਪਹਿਲੇ ਅੰਤਰੇ ਵਿਚ ਲਿਖਦਾ ਹੈ,
ਖੇਤਾਂ ਦਾ ਰਾਜਾ ਤੜਫਦਾ
ਡਿੱਠਾ ਹਮੇਸ਼ਾ ਆਬ ਨੂੰ।
ਝੋਈਆਂ ‘ਚੋਂ ਝੱਟੇ ਝੱਟ ਕੇ,
ਬੀਜਾਂਗੇ ਕੀਕੂੰ ਲਾਬ ਨੂੰ।
ਸੋਕੇ ਨੇ ਲੱਕ ਤਰੋੜਿਆ,
ਨਾ ਜਾਣ ਸਾਂਗਾਂ ਝੱਲੀਆਂ।
‘ਆਬ’ ਲਫਜ਼ ਫਾਰਸੀ ਦਾ ਹੈ, ਜਿਸ ਦਾ ਅਰਥ ਹੈ-ਜਲ, ਪਾਣੀ ਜਾਂ ਨੀਰ। ਖੇਤਾਂ ਦਾ ਰਾਜਾ ਭਾਵ ਕਿਸਾਨ। ‘ਝੱਟਾ’ ਉਹ ਯੰਤਰ ਸੀ, ਜਿਸ ਨਾਲ ਪਾਣੀ ਨੂੰ ਨੀਵੀਂ ਥਾਂ ਤੋਂ ਉਛਾਲ ਕੇ ਫਸਲ ਤੱਕ ਪੁਚਾਇਆ ਜਾਂਦਾ ਸੀ। ਲੱਕ ਤਰੋੜਿਆ ਤੋਂ ਭਾਵ ਹੈ, ਹਿੰਮਤ ਹਾਰ ਗਿਆ, ਸਹਾਰਾ ਖਤਮ ਹੋ ਗਿਆ। ਸੋਕਾ, ਮੀਂਹ ਨਾ ਪੈਣ ਦੀ ਹਾਲਤ। ‘ਸਾਂਗ’ ਇੱਕ ਹਥਿਆਰ ਦੇ ਬਿੰਬ ਵਜੋਂ ਵਰਤਿਆ ਗਿਆ ਹੈ, ਜੋ ਲੋਹੇ ਦਾ ਬਣਿਆ ਹੁੰਦਾ ਸੀ ਤੇ ਅੱਗੇ ਤੋਂ ਤਿੱਖਾ ਹੁੰਦਾ ਸੀ, ਜਿਸ ਦਾ ਜ਼ਿਕਰ ਦੁੱਲੇ ਦੀ ਵਾਰ ‘ਚ ਵੀ ਆਉਂਦਾ ਹੈ,
ਸਾਂਗ ਦਾਦੇ ਦੇ ਹੱਥ ਦੀ,
ਆਉਂਦਾ ਕਰਦਾ ਮਾਰੋ ਮਾਰ।
ਗੀਤ ਦਾ ਦੂਸਰਾ ਅੰਤਰਾ ਹੋਰ ਧਿਆਨ ਮੰਗਦਾ ਹੈ,
ਚੀਣਾਂ, ਸਵਾਂਕੀ ਸੁੱਕ ਗਏ,
ਮੱਢਲ ਤੇ ਉਹ ਵੱਟ ਕੰਗਣਾਂ।
ਅੰਨ ਬਾਝੋਂ ਜਾਪਦਾ,
ਹੁਣ ਸਾਲ ਔਖਾ ਲੰਘਣਾ।
ਔੜ ਮੱਕੀ ਮਾਰ ਗਈ,
ਚੱਬਾਂਗੇ ਕਿੱਥੋਂ ਛੱਲੀਆਂ।
ਖੇਤਾਂ ਵਿਚ ਉਗਣ ਵਾਲੇ ਪੌਦੇ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਉਹ, ਜਿਨ੍ਹਾਂ ਦੀ ਬਿਜਾਈ ਕਰਕੇ ਉਗਾਇਆ ਜਾਂਦਾ ਹੈ, ਦੂਜੀ ਕਿਸਮ ਦੇ ਉਹ, ਜੋ ਆਪ ਮੁਹਾਰੇ ਉਗਦੇ ਹਨ। ਖੇਤੀਬਾੜੀ ਦੀ ਭਾਸ਼ਾ ਵਿਚ ਦੂਜੇ ਪੌਦਿਆਂ ਨੂੰ ਨਦੀਨ ਕਿਹਾ ਜਾਂਦਾ ਹੈ। ਚੀਣਾਂ, ਸਵਾਂਕੀ, ਮੱਢਲ ਅਤੇ ਵੱਟ ਕੰਗਣਾਂ ਨਦੀਨ ਦੀ ਹੀ ਕਿਸਮ ਹੈ। ‘ਸਵਾਂਕੀ’ ਜੰਗਲੀ ਚੌਲਾਂ ਦੀ ਕਿਸਮ ਹੈ ਅਤੇ ‘ਮੱਢਲ’ ਪਸੂਆਂ ਦਾ ਸਸਤੀ ਕਿਸਮ ਦਾ ਚਾਰਾ। ‘ਮੱਢਲ’ ਦਾ ਜ਼ਿਕਰ ਸ਼ਿਵ ਕੁਮਾਰ ਬਟਾਲਵੀ ਨੇ ਵੀ ਆਪਣੀ ਕਵਿਤਾ ‘ਸ਼ੀਸ਼ੋ’ ਵਿਚ ਕੀਤਾ ਹੈ,
ਸ਼ਾਲਾ ਓਸ ਗਿਰਾਂ ਦੇ,
ਹੋ ਜਾਣ ਬਰਦ ਮੁਰੱਬੇ।
ਜਿਸ ਗਿਰਾਂ ‘ਚੋਂ ਜ਼ਿੰਦਗੀ ਨਾਲੋਂ
ਮੱਢਲ ਮਹਿੰਗੀ ਲੱਭੇ।
ਤੀਸਰੇ ਅੰਤਰੇ ਵਿਚ,
ਮੈਣੇ ਦੀ ਭੁਰਜੀ ਖਾ ਕੇ,
ਕੱਢੇ ਦਿਹਾੜੇ ਜੱਟ ਨੇ।
ਅੱਠ ਟੋਪੇ ਮਸਰ ਛੋਲੇ,
ਜੌਂ ਪੜੋਪੀ ਘੱਟ ਨੇ।
ਪੰਜ ਧਾਈਆਂ ਕਣਕ ਹੋ ਗਈ,
ਵਿਰਲੀਆਂ ਸੀ ਬੱਲੀਆਂ।
‘ਮੈਣਾਂ’ ਵੀ ਇੱਕ ਨਦੀਨ ਦਾ ਨਾਮ ਹੈ। ਸਮਾਂ ਅਜਿਹਾ ਸੀ ਕਿ ਕਿਸਾਨ ਨੂੰ ਮਜ਼ਬੂਰੀ ਵਿਚ ਨਦੀਨ ਦੀ ਭੁਰਜੀ ਖਾ ਕੇ ਗੁਜ਼ਾਰਾ ਕਰਨਾ ਪਿਆ। ‘ਪੜੋਪੀ’ ਉਹ ਭਾਂਡਾ ਹੁੰਦਾ ਸੀ, ਜਿਸ ਨਾਲ ਕਣਕ, ਜੌਂ, ਛੋਲਿਆਂ ਦੀ ਮਿਣਤੀ ਕੀਤੀ ਜਾਂਦੀ ਸੀ, ਜਿਨ੍ਹਾਂ ਨੂੰ ਆਕਾਰ ਅਨੁਸਾਰ ਟੋਪੇ (ਟੋਪੀਆ) ਪੜੋਪੇ ਕਿਹਾ ਜਾਂਦਾ ਸੀ। ਜਦੋਂ ਕਣਕ ਦਾ ਬੂਟਾ ਫੁੱਟਦਾ ਹੈ ਤਾਂ ਇੱਕ ਬੂਟੇ ‘ਤੇ ਔਸਤਨ ਵੀਹ ਤੋਂ ਪੱਚੀ ਸ਼ਾਖਾਵਾਂ ਪਾਟਦੀਆਂ ਹਨ। ਇਨ੍ਹਾਂ ਸ਼ਾਖਾਵਾਂ ਨੂੰ ਹੀ ‘ਧਾਈਆਂ’ ਕਿਹਾ ਜਾਂਦਾ ਸੀ। ਸੋਕੇ ਕਾਰਨ ਉਨ੍ਹਾਂ ‘ਧਾਈਆਂ’ ਦੀ ਗਿਣਤੀ ਪੰਜ ਹੀ ਰਹਿ ਗਈ ਤੇ ਵਿਰਲੀਆਂ ਵਿਰਲੀਆਂ ਬੱਲੀਆਂ ਹੋਈਆਂ।
ਚੌਥਾ ਅੰਤਰਾ ਹੈ,
ਚਰਸ ਬੋਕੇ ਪਾ ਕੇ,
ਖੂਹਾਂ ‘ਚੋਂ ਪਾਣੀ ਕੱਢਿਆ।
ਛੋਟੇ ਕਿਆਰੇ ਪਾ ਕੇ,
ਮੈਂ ਫਸਲ ਥੋੜਾ ਗੱਡਿਆ।
ਸਿਰ ਕਰਜ਼ ਸਾਰੇ ਪਿੰਡ ਦਾ,
ਲੰਘਾਂਗਾ ਕਿਹੜੀ ਗਲੀਆਂ।
‘ਚਰਸ ਬੋਕੇ’ ਵੀ ਖੂਹ ਵਿਚੋਂ ਪਾਣੀ ਕੱਢਣ ਦਾ ਸਾਧਨ ਸੀ। ਪਾਣੀ ਦੀ ਕਿੱਲਤ ਕਾਰਨ ਛੋਟੀਆਂ ਛੋਟੀਆਂ ਕਿਆਰੀਆਂ ਬਣਾ ਕੇ ਥੋੜ੍ਹੀ ਜਿਹੀ ਫਸਲ ਬੀਜੀ। ਸੋਕੇ ਕਾਰਨ ਵੱਡੇ ਲੋਕਾਂ ਦਾ ਕਰਜ਼ਾਈ ਹੋ ਚੁਕਾ ਛੋਟਾ ਕਿਸਾਨ ਆਪਣੀ ਵਿਥਿਆ ਦੱਸ ਰਿਹਾ ਹੈ।
ਪੰਜਵੇਂ ਅੰਤਰੇ ਵਿਚ,
ਪੇਂਜੂ ਤੇ ਪੀਲਾਂ ਖਾਧੀਆਂ,
ਮਲ੍ਹਿਆਂ ਤੋਂ ਖਾਧੇ ਬੇਰ ਨੇ।
ਕਰੀਆਂ ਤੋਂ ਡੇਲੇ ਲਾਹ ਕੇ,
ਭਾਬੀ ਨੂੰ ਦਿੱਤੇ ਦੇਰ ਨੇ।
ਦਾਣੇ ਭੁੰਨਾ ਕੇ ਚੱਬਣੇ,
ਜਦੋਂ ਦੁਪਹਿਰਾਂ ਢਲੀਆਂ।
‘ਪੇਂਜੂ’ ਕਰੀਰ ਦਾ ਪੂਰੀ ਤਰ੍ਹਾਂ ਪੱਕਿਆ ਫਲ ਹੈ। ਪੀਲਾਂ ਮਾਲਵੇ ਵਿਚ ਉਗੇ ਵਣ ਦੇ ਦਰੱਖਤ ਨੂੰ ਲੱਗਣ ਵਾਲਾ ਫਲ ਹੈ। ਮਲ੍ਹੇ ਬੇਰੀ ਦਾ ਛੋਟਾ ਆਕਾਰ। ਇਹ ਤਿੰਨੋਂ ਹੀ ਸੋਕੇ ਦੀ ਮਾਰ ਵਿਚ ਵੱਧ ਫਲਦੇ ਹਨ। ਕਰੀਆਂ ਤੋਂ ਭਾਵ ਕਰੀਰ ਹੈ। ਡੇਲੇ ਕਰੀਰ ਦਾ ਹਰਾ ਫਲ, ਜੋ ਆਚਾਰ ਪਾਉਣ ਦੇ ਕੰਮ ਆਉਂਦਾ ਹੈ। ਕੁਝ ਇਲਾਕਿਆਂ ਵਿਚ ਦੇਵਰ ਨੂੰ ‘ਦੇਰ’ ਵੀ ਕਿਹਾ ਜਾਂਦਾ ਹੈ।
ਹੁਣ ਆਖਰੀ ਅੰਤਰੇ ਵਿਚ ਗੀਤਕਾਰ ਉਸ ਸਮੇਂ ਦਾ ਜ਼ਿਕਰ ਕਰਦਾ ਹੈ, ਜਦੋਂ ਖੂਹਾਂ ‘ਤੇ ਹਲਟ ਆ ਗਏ,
ਗਾਧੀ ‘ਤੇ ਬੈਠਾ ਬਾਦਸ਼ਾਹ,
ਸੋਚਦੈ ਤਦਬੀਰ ਨੂੰ।
ਕੂੰਜਾਂ ਦੇ ਵਾਗੂੰ ਘੱਲਿਆ,
ਖਾਲੀ ਟਿੰਡਾਂ ਬਿਨ ਨੀਰ ਨੂੰ।
ਖਿਜ਼ਰ ਖਵਾਜ਼ੇ ਪੀਰ ਨੇ,
ਦੇ ਕੇ ਮੁਰਾਦਾਂ ਘੱਲੀਆਂ।
‘ਗਾਧੀ’ ਉਹ ਲੰਮੀ ਲੱਕੜ ਸੀ, ਜਿਸ ਨਾਲ ਬਲਦ ਹਲਟ ਘੁੰਮਾਉਂਦੇ ਹਨ। ਕੁਝ ਇਲਾਕਿਆਂ ‘ਚ ਇਸ ਨੂੰ ਗਾਧੜ ਵੀ ਕਿਹਾ ਜਾਂਦਾ ਹੈ। ਖਿਜ਼ਰ ਖਵਾਜ਼ਾ ਪਾਣੀ ਦਾ ਪੀਰ ਮੰਨਿਆ ਗਿਆ ਹੈ। ਮਲਾਹ ਖਿਜ਼ਰ ਖਵਾਜ਼ੇ ਦੇ ਨਾਂ ਦੇ ਦੀਵੇ ਬਾਲਦੇ ਸਨ ਤੇ ਪਹਿਲਾਂ ਖੂਹਾਂ ‘ਤੇ ਵੀ ਖਿਜ਼ਰ ਖਵਾਜ਼ੇ ਦੇ ਨਾਂ ਦੇ ਚਿਰਾਗ ਜਗਾਏ ਜਾਂਦੇ ਸਨ। ਹੁਣ ਵੀ ਜਦੋਂ ਕੋਈ ਘਰ ਵਿਚ ਨਲਕਾ ਲਾਉਂਦਾ ਹੈ ਤਾਂ ਉਸ ਦੁਆਲੇ ਦੀਵਾ ਜਗਾ ਦਿੱਤਾ ਜਾਂਦਾ ਹੈ ਅਤੇ ਕੜਾਹੀ ਕਰੀ ਜਾਂਦੀ ਹੈ। ਗੀਤਕਾਰ ਕਹਿ ਰਿਹਾ ਹੈ ਕਿ ਟਿੰਡਾਂ ਨੂੰ ਖਾਲੀ ਕਰਕੇ ਫੇਰ ਭੇਜ ਦਿੱਤਾ ਤੇ ਖਿਜ਼ਰ ਖਵਾਜ਼ੇ ਪੀਰ ਨੇ ਮੁਰਾਦਾਂ ਭਾਵ ਪਾਣੀ ਦੇ ਕੇ ਘੱਲੀਆਂ।