ਛੋਟੀ ਕਿਸਾਨੀ ਦੇ ਕਰਜ਼ੇ ਦੀ ਪੰਡ ਅੱਗੇ ਬੌਣੀ ਪਈ ਕਰਜ਼ਾ ਮੁਆਫੀ

ਬਠਿੰਡਾ: ਕੈਪਟਨ ਸਰਕਾਰ ਦੀ ‘ਕਰਜ਼ਾ ਮੁਆਫੀ’ ਛੋਟੀ ਕਿਸਾਨੀ ਦੇ ਬੋਝ ਅੱਗੇ ਬੌਣੀ ਹੈ। ਕਰਜ਼ੇ ਦੀ ਪੰਡ ਭਾਰੀ ਹੈ ਜਦੋਂ ਕਿ ਕਰਜ਼ਾ ਮੁਆਫੀ ਛੋਟੀ ਹੈ। ਪੰਜਾਬ ਦੇ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਛੋਟੇ ਕਿਸਾਨਾਂ ਸਿਰ ਬੈਂਕਾਂ ਦਾ 29,347 ਕਰੋੜ ਦਾ ਕਰਜ਼ਾ ਹੈ ਜੋ ਕਿ ਪ੍ਰਤੀ ਕਿਸਾਨ ਔਸਤਨ 2.93 ਲੱਖ ਰੁਪਏ ਬਣਦਾ ਹੈ।

ਪੰਜਾਬ ਦੇ ਕੁੱਲ 15.47 ਲੱਖ ਕਿਸਾਨਾਂ ਸਿਰ 72,020 ਕਰੋੜ ਦਾ ਬੈਂਕਾਂ ਦਾ ਖੇਤੀ ਕਰਜ਼ਾ ਹੈ ਜਿਨ੍ਹਾਂ ‘ਚੋਂ 9,98,326 ਛੋਟੇ ਕਿਸਾਨ ਹਨ ਜੋ ਪੰਜ ਏਕੜ ਜ਼ਮੀਨ ਦੀ ਮਾਲਕੀ ਵਾਲੇ ਹਨ। ਔਸਤਨ ਦੇਖੀਏ ਤਾਂ ਪੰਜ ਏਕੜ ਤੋਂ ਉਪਰ ਵਾਲੇ 5.48 ਲੱਖ ਕਿਸਾਨਾਂ ‘ਤੇ 42,673 ਕਰੋੜ ਦਾ ਕਰਜ਼ਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਵੇਰਵਿਆਂ ਅਨੁਸਾਰ 31 ਮਾਰਚ 2018 ਅਨੁਸਾਰ ਪੰਜਾਬ ਦੇ ਕੁੱਲ 15.47 ਲੱਖ ਕਿਸਾਨਾਂ ਸਿਰ ਔਸਤਨ ਪ੍ਰਤੀ ਕਿਸਾਨ 4.65 ਲੱਖ ਰੁਪਏ ਦਾ ਕਰਜ਼ਾ ਬਣਦਾ ਹੈ। ਕੈਪਟਨ ਸਰਕਾਰ ਵੱਲੋਂ ਪੜਾਅ ਵਾਰ ਛੋਟੀ ਕਿਸਾਨੀ ਦੀ ਕਰਜ਼ਾ ਮੁਆਫੀ ਕੀਤੀ ਜਾ ਰਹੀ ਹੈ। ਕਿਸਾਨਾਂ ਸਿਰ ਵੱਡਾ ਬੋਝ ਸ਼ਾਹੂਕਾਰਾਂ ਦੇ ਕਰਜ਼ੇ ਦਾ ਹੈ। ਪੰਜਾਬ ਦੀ ਛੋਟੀ ਕਿਸਾਨੀ ਸਿਰ ਤਿੰਨ ਵਰ੍ਹਿਆਂ ਦੌਰਾਨ 3362 ਕਰੋੜ ਦਾ ਕਰਜ਼ ਇਕੱਲੇ ਬੈਂਕਾਂ ਦਾ ਵਧਿਆ ਹੈ। ਮਾਰਚ 2016 ਵਿਚ ਪੰਜਾਬ ਦੇ ਕੁੱਲ 13.14 ਲੱਖ ਕਿਸਾਨਾਂ ਸਿਰ ਬੈਂਕਾਂ ਦਾ 70,140 ਕਰੋੜ ਦਾ ਖੇਤੀ ਕਰਜ਼ਾ ਸੀ।
ਮਾਰਚ 2016 ਵਿਚ ਪੰਜ ਏਕੜ ਦੀ ਮਾਲਕੀ ਵਾਲੇ 9.09 ਲੱਖ ਕਿਸਾਨਾਂ ‘ਤੇ 25,985 ਕਰੋੜ ਦਾ ਖੇਤੀ ਕਰਜ਼ ਬੈਂਕਾਂ ਦਾ ਸੀ, ਜੋ ਹੁਣ ਵੱਧ ਕੇ 29,347 ਕਰੋੜ ਹੋ ਗਿਆ ਹੈ। ਪੰਜ ਏਕੜ ਤੋਂ ਉਪਰ ਦੀ ਮਾਲਕੀ ਵਾਲੇ ਕਿਸਾਨਾਂ ਵੱਲ ਨਜ਼ਰ ਮਾਰੀਏ ਤਾਂ ਇਨ੍ਹਾਂ ਤਿੰਨ ਵਰ੍ਹਿਆਂ ਵਿਚ ਉਨ੍ਹਾਂ ਸਿਰ ਖੇਤੀ ਕਰਜ਼ਾ 1482 ਕਰੋੜ ਰੁਪਏ ਵਧਿਆ ਹੈ। ਕਰਜ਼ਾ ਮੁਆਫੀ ਦੇ ਬਾਵਜੂਦ ਪੰਜਾਬ ਵਿਚ ਖੁਦਕੁਸ਼ੀ ਦਾ ਦੌਰ ਰੁਕਿਆ ਨਹੀਂ ਹੈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਕੈਪਟਨ ਹਕੂਮਤ ਦੌਰਾਨ ਕਰੀਬ 900 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਕਰਜ਼ਾ ਮੁਆਫੀ ਦੇ ਬਾਵਜੂਦ ਪੰਜਾਬ ਵਿਚ ਕੋਈ ਦਿਨ ਵੀ ਖੁਦਕੁਸ਼ੀ ਬਿਨਾਂ ਸੁੱਕਾ ਨਹੀਂ ਲੰਘ ਰਿਹਾ ਹੈ। ਇਹੋ ਹੁਣ ਪੰਜਾਬ ਦੇ ਕਿਸਾਨ ਦੀ ਹੋਣੀ ਬਣ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਆਖ ਮੰਨ ਚੁੱਕੇ ਹਨ ਕਿ ਕਰਜ਼ਾ ਮੁਆਫੀ ਇੱਕ ਰਾਹਤ ਹੈ ਅਤੇ ਇਹ ਪੱਕਾ ਹੱਲ ਨਹੀਂ ਹੈ। ਉਹ ਪੱਕੇ ਹੱਲ ਲਈ ਕੇਂਦਰ ਨੂੰ ਆਖ ਰਹੇ ਹਨ। ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਕੀਤੇ ਵਾਅਦੇ ਅਨੁਸਾਰ ਪੰਜਾਬ ਦੇ ਕਿਸਾਨਾਂ ਦੇ ਪੂਰੇ ਕਰਜ਼ੇ ਤੇ ਲੀਕ ਫੇਰੇ। ਉਨ੍ਹਾਂ ਆਖਿਆ ਕਿ ਕਰਜ਼ਾ ਮੁਆਫੀ ਦਾ ਵਿਖਾਵਾ ਵੱਡਾ ਹੈ ਜਦੋਂ ਕਿ ਰਾਹਤ ਛੋਟੀ ਹੈ। ਦੂਸਰੀ ਤਰਫ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮ.ਪੀ ਸੁਨੀਲ ਜਾਖੜ ਆਖ ਚੁੱਕੇ ਹਨ ਕਿ ਕਾਂਗਰਸ ਸਰਕਾਰ ਨੇ ਆਪਣਾ ਵਾਅਦਾ ਨਿਭਾਇਆ ਹੈ ਅਤੇ ਮਾਲੀ ਤੰਗੀ ਦੇ ਬਾਵਜੂਦ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ। ਜਿਉਂ ਜਿਉਂ ਫੰਡਾਂ ਦਾ ਪ੍ਰਬੰਧ ਹੋਵੇਗਾ, ਕਰਜ਼ਾ ਮੁਆਫੀ ਅੱਗੇ ਵਧਦੀ ਜਾਵੇਗੀ। ਸਰਕਾਰ ਲਈ ਸਭ ਤੋਂ ਵੱਧ ਤਰਜੀਹੀ ਕਿਸਾਨੀ ਹੈ।
ਛੋਟੇ ਸਨਅਤਕਾਰ ਵੀ ਕਰਜ਼ਾਈ ਪੰਜਾਬ ਦਾ ਛੋਟਾ ਸਨਅਤਕਾਰ ਵੀ ਕਰਜ਼ਾਈ ਹੈ। ਛੋਟੇ ਉਦਯੋਗਾਂ ਵਾਲੇ ਕਰੀਬ 6.63 ਲੱਖ ਸਨਅਤਕਾਰ ਬੈਂਕਾਂ ਦੇ ਕਰਜ਼ਾਈ ਹਨ ਜਿਨ੍ਹਾਂ ਸਿਰ 46,439 ਕਰੋੜ ਦਾ ਕਰਜ਼ਾ ਹੈ। ਮਤਲਬ ਪ੍ਰਤੀ ਸਨਅਤਕਾਰ 7 ਲੱਖ ਦਾ ਕਰਜ਼ਾ ਬੈਂਕਾਂ ਦਾ ਖੜ੍ਹਾ ਹੈ। ਤਿੰਨ ਵਰ੍ਹੇ ਪਹਿਲਾਂ ਇਨ੍ਹਾਂ ਛੋਟੇ ਸਨਅਤਕਾਰਾਂ ਸਿਰ 45,814 ਕਰੋੜ ਦਾ ਕਰਜ਼ਾ ਸੀ ਜਿਸ ਵਿਚ ਇਨ੍ਹਾਂ ਵਰ੍ਹਿਆਂ ਦੌਰਾਨ 598 ਕਰੋੜ ਦਾ ਵਾਧਾ ਹੋਇਆ ਹੈ। ਸਨਅਤਕਾਰਾਂ ਨੇ ਇਹ ਕਰਜ਼ਾ ਇਕੱਲੇ ਵਪਾਰਿਕ ਬੈਂਕਾਂ ਤੋਂ ਚੁੱਕਿਆ ਹੋਇਆ ਹੈ।
________________________________
ਫਸਲ ਬੀਮਾ ਕੰਪਨੀਆਂ ਨੇ ਲਾਇਆ ਕਿਸਾਨਾਂ ਨੂੰ ਮੋਟਾ ਰਗੜਾ
ਚੰਡੀਗੜ੍ਹ: ਇਕ ਪਾਸੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਚੁਣੀਆਂ ਗਈਆਂ ਕੰਪਨੀਆਂ ਨੇ ਪਿਛਲੇ ਦੋ ਸਾਲਾਂ ਦੌਰਾਨ 15000 ਕਰੋੜ ਰੁਪਏ ਦੇ ਮੁਨਾਫੇ ਕਮਾਏ ਹਨ, ਦੂਜੇ ਪਾਸੇ ਇਹ ਕੰਪਨੀਆਂ ਇਸ ਦੌਰਾਨ ਕਿਸਾਨਾਂ ਦੇ 2846 ਕਰੋੜ ਰੁਪਏ ਦੇ ਕਲੇਮ ਅਦਾ ਕਰਨ ਵਿਚ ਨਾਕਾਮ ਰਹੀਆਂ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਵਿੱਤੀ ਸਾਲ 2016-17 ਦੌਰਾਨ 3.01 ਕਰੋੜ ਕਿਸਾਨਾਂ ਦਾ ਕਰੀਬ 16448 ਕਰੋੜ ਰੁਪਏ ਦਾ ਫਸਲੀ ਖਰਾਬਾ ਹੋਇਆ ਸੀ। ਉਂਜ, ਕੰਪਨੀਆਂ ਨੇ 16242 ਕਰੋੜ ਰੁਪਏ ਹੀ ਮਨਜ਼ੂਰ ਕੀਤੇ ਅਤੇ ਜਦੋਂ ਅੰਤਮ ਅਦਾਇਗੀ ਦਾ ਸਵਾਲ ਆਇਆ ਤਾਂ ਇਨ੍ਹਾਂ ਸਿਰਫ 15902 ਕਰੋੜ ਰੁਪਏ ਹੀ ਅਦਾ ਕੀਤੇ। ਇਸ ਤਰ੍ਹਾਂ ਫਸਲੀ ਖਰਾਬੇ ਤੋਂ ਕਰੀਬ 546 ਕਰੋੜ ਰੁਪਏ ਦੀ ਘੱਟ ਅਦਾਇਗੀ ਕੀਤੀ ਗਈ। ਸਾਲ 2017-18 ਦੌਰਾਨ 1.25 ਕਰੋੜ ਕਿਸਾਨਾਂ ਦਾ 17992 ਕਰੋੜ ਰੁਪਏ ਦਾ ਫਸਲੀ ਖਰਾਬਾ ਹੋਇਆ ਸੀ ਜਿਸ ਵਿਚੋਂ ਕੰਪਨੀਆਂ ਨੇ 16611 ਕਰੋੜ ਰੁਪਏ ਮਨਜ਼ੂਰ ਕੀਤੇ ਪਰ ਪਿਛਲੇ ਸਾਲ ਨਵੰਬਰ ਤੱਕ ਸਿਰਫ 15710 ਕਰੋੜ ਰੁਪਏ ਦੀ ਹੀ ਅਦਾਇਗੀ ਕੀਤੀ ਜਾ ਸਕੀ ਸੀ। ਕੰਪਨੀਆਂ ਨੇ ਕਿਸਾਨਾਂ ਨੂੰ ਅਨੁਮਾਨਿਤ ਖਰਾਬੇ ਤੋਂ ਕਰੀਬ 2300 ਕਰੋੜ ਰੁਪਏ ਘੱਟ ਅਦਾ ਕੀਤੇ ਸਨ। ਇਸ ਤਰ੍ਹਾਂ ਦੋ ਸਾਲਾਂ ਦੌਰਾਨ ਬੀਮਾ ਕੰਪਨੀਆਂ ਕਿਸਾਨਾਂ ਦੇ ਫਸਲੀ ਖਰਾਬੇ ਦੇ 2846 ਕਰੋੜ ਰੁਪਏ ਦੱਬ ਲਏ।
ਰੋਪੜ ਦੇ ਆਰਟੀਆਈ ਕਾਰਕੁਨ ਦਿਨੇਸ਼ ਚੱਢਾ ਜਿਨ੍ਹਾਂ ਇਹ ਜਾਣਕਾਰੀ ਪ੍ਰਾਪਤ ਕੀਤੀ ਹੈ, ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਅਸਲ ਵਿਚ ਬੀਮਾ ਕੰਪਨੀਆਂ ਨੂੰ ਹੀ ਮਾਲਾਮਾਲ ਕੀਤਾ ਹੈ। ਕੇਂਦਰ ਸਰਕਾਰ ਨੇ ਫਸਲੀ ਖਰਾਬੇ ਦੀ ਸੂਰਤ ਵਿਚ ਕਿਸਾਨਾਂ ਦੀ ਵਿੱਤੀ ਮਦਦ ਦੇ ਇਰਾਦੇ ਨਾਲ ਇਹ ਸਕੀਮ ਸ਼ੁਰੂ ਕੀਤੀ ਸੀ। ਇਸ ਤਹਿਤ 18 ਕੰਪਨੀਆਂ ਨੂੰ ਬੀਮਾ ਕਰਨ ਦਾ ਠੇਕਾ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ ਪੰਜ ਸਰਕਾਰੀ ਤੇ 13 ਪ੍ਰਾਈਵੇਟ ਕੰਪਨੀਆਂ ਹਨ। ਦੋ ਸਾਲਾਂ ਦੌਰਾਨ ਇਨ੍ਹਾਂ ਕੰਪਨੀਆਂ ਨੇ 15795 ਕਰੋੜ ਰੁਪਏ ਦੇ ਮੁਨਾਫੇ ਕਮਾਏ ਹਨ ਜਿਸ ਵਿਚੋਂ ਪ੍ਰਾਈਵੇਟ ਕੰਪਨੀਆਂ ਦਾ ਹਿੱਸਾ 8147 ਕਰੋੜ ਰੁਪਏ ਦਾ ਹੈ।