ਵਿੱਤੀ ਕੰਗਾਲੀ ਅੱਗੇ ਬੇਵੱਸ ਹੋਇਆ ਕੈਪਟਨ ਸਰਕਾਰ ਦਾ ਬਜਟ

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦਾ ਸਾਲ 2019-20 ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ ਜਿਸ ਵਿਚ ਇਕ-ਦੋ ਵਰਗਾਂ ਨੂੰ ਛੱਡ ਕੇ ਬਾਕੀ ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਸੂਬੇ ਦੇ ਲੋਕਾਂ ਨੂੰ ਵੈਟ ‘ਚ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਪੈਟਰੋਲ ਪੰਜ ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਇਕ ਰੁਪਏ ਪ੍ਰਤੀ ਲਿਟਰ ਸਸਤਾ ਕਰਨ ਦਾ ਐਲਾਨ ਕੀਤਾ।

ਸਾਲ 2019-20 ਦਾ ਬਜਟ 158493 ਕਰੋੜ ਰੁਪਏ ਦਾ ਹੈ ਅਤੇ ਇਸ ਵਿਚੋਂ ਚਾਲੂ ਸਾਲ ਦੇ 32,000 ਕਰੋੜ ਰੁਪਏ ਕੱਢ ਲਏ ਗਏ ਹਨ ਜਿਸ ਨਾਲ ਅਗਲੇ ਸਾਲ ਦਾ ਬਜਟ 126493 ਕਰੋੜ ਰੁਪਏ ਦਾ ਰਹਿ ਗਿਆ ਹੈ। ਵਿੱਤ ਮੰਤਰੀ ਨੇ 11,687 ਕਰੋੜ ਰੁਪਏ ਦੇ ਘਾਟੇ ਦਾ ਬਜਟ ਪੇਸ਼ ਕੀਤਾ ਹੈ ਪਰ 2323 ਕਰੋੜ ਰੁਪਏ ਦੇ ਘਾਟੇ ਨੂੰ ਪੂਰਾ ਕਰਨ ਦਾ ਕੋਈ ਢੰਗ ਤਰੀਕਾ ਨਹੀਂ ਸੁਝਾਇਆ ਗਿਆ ਹੈ। ਉਨ੍ਹਾਂ ਬਜਟ ਘਾਟਾ ਘਟਾਉਣ ਅਤੇ ਕਰਜ਼ੇ ਨੂੰ ਕਾਬੂ ਹੇਠ ਰੱਖਣ ਲਈ ਕਾਫੀ ਯਤਨ ਕੀਤੇ ਹਨ ਪਰ ਫਿਰ ਵੀ ਕਰਜ਼ਾ ਵੱਧ ਕੇ 229612 ਕਰੋੜ ਰੁਪਏ ਹੋ ਜਾਵੇਗਾ ਜੋ 2018-19 ਵਿਚ 212276 ਕਰੋੜ ਰੁਪਏ ਸੀ। ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਸੀ ਅਤੇ ਉਨ੍ਹਾਂ ਸੜਕਾਂ ਤੇ ਹੋਰ 7,000 ਕਰੋੜ ਦੇ ਕਰਵਾਏ ਗਏ ਕੰਮਕਾਜ ਦੇ ਬਿੱਲ ਵੀ ਕੈਪਟਨ ਸਰਕਾਰ ਨੂੰ ਦੇਣੇ ਪਏ ਹਨ। ਰਹਿੰਦੀ ਕਸਰ ਅਨਾਜ ਦੇ ਕਰਜ਼ੇ ਨੇ ਕੱਢ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਕਰਜ਼ੇ ਦਾ ਮਸਲਾ ਹੱਲ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ।
ਉਨ੍ਹਾਂ ਮੰਨਿਆ ਕਿ ਜੀ.ਐਸ਼ਟੀ. ਤੋਂ ਜਿਨ੍ਹਾਂ ਪੈਸਾ ਮਿਲਣਾ ਸੀ, ਉਹ ਅਨੁਮਾਨਾਂ ਤੋਂ ਕਾਫੀ ਘੱਟ ਮਿਲਿਆ ਹੈ ਜਿਸ ਕਰਕੇ ਸੂਬੇ ਦੀ ਆਰਥਿਕਤਾ ਨੂੰ ਸਹੀ ਰਸਤੇ ‘ਤੇ ਪਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਵਾਰ ਵਾਰ ‘ਰੱਬ’ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਉਪਰ ਵਾਲੇ’ ਦੀ ਮਿਹਰ ਨਾਲ ਸਾਰਾ ਕੁਝ ਠੀਕ ਹੋ ਜਾਵੇਗਾ।
ਰਾਜ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 8969 ਕਰੋੜ ਰੁਪਏ ਦੀ ਸਬਸਿਡੀ ਅਤੇ ਕਿਸਾਨਾਂ ਦੀ ਕਰਜ਼ਾ ਰਾਹਤ ਸਕੀਮ ਲਈ 3,000 ਕਰੋੜ ਰੁਪਏ ਰੱਖੇ ਹਨ ਜਿਸ ਤਹਿਤ ਕਿਸਾਨਾਂ ਦੇ ਦੋ ਲੱਖ ਰੁਪਏ ਤਕ ਦੇ ਕਰਜ਼ੇ ਮੁਆਫ਼ ਕੀਤੇ ਜਾਣੇ ਹਨ। ਗੰਨਾ ਉਤਪਾਦਕਾਂ ਨੂੰ ਬਕਾਇਆ ਦੇਣ ਲਈ 355 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਦੀ ਮਦਦ ਵਾਸਤੇ 375 ਕਰੋੜ ਰੁਪਏ ਰੱਖੇ ਗਏ ਹਨ। ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਅਤੇ ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ 500 ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ। ਵਿੱਤ ਮੰਤਰੀ ਨੇ ਸਨਅਤਕਾਰਾਂ ਨੂੰ ਸਸਤੀ ਬਿਜਲੀ ਦੇਣ ਲਈ 1513 ਕਰੋੜ ਰੁਪਏ ਦੀ ਸਬਸਿਡੀ ਦੇਣ ਦੀ ਵਿਵਸਥਾ ਕੀਤੀ ਹੈ ਤੇ ਗਰੀਬ ਬਿਜਲੀ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਲਈ 1916 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਸਰਕਾਰ ਨੇ ਕਿਸਾਨਾਂ ਅਤੇ ਸਨਅਤ ਦੀ ਮਦਦ ਵਾਸਤੇ ਦੋਆਬੇ ਵਿਚ ਲੱਕੜ ਮੰਡੀ ਵਿਕਸਤ ਕਰਨ ਵਾਸਤੇ 1513 ਕਰੋੜ ਰੁਪਏ ਰੱਖੇ ਹਨ। ਸੇਮ ਅਤੇ ਹੜ੍ਹਾਂ ਨਾਲ ਨਿਪਟਣ ਵਾਸਤੇ 100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਸੂਬਾ ਸਰਕਾਰ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੁਰਬ ਲਈ ਕੇਂਦਰ ਸਰਕਾਰ ਕੋਲੋਂ ਵੱਖ ਵੱਖ ਪ੍ਰੋਜੈਕਟਾਂ ਲਈ ਪੈਸਾ ਮਿਲਣ ਦੀ ਆਸ ਸੀ ਪਰ ਇਹ ਪੈਸਾ ਅਜੇ ਨਹੀਂ ਮਿਲਿਆ ਹੈ। ਰਾਜ ਸਰਕਾਰ ਨੇ ਗੁਰਪੁਰਬ ਮਨਾਉਣ, ਪਿੰਡ ਬਾਬੇ ਨਾਨਕ ਦਾ ਵਿਰਾਸਤੀ ਅਜਾਇਬ ਘਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਕੌਮੀ ਇੰਸਟੀਚਿਊਟ ਦੀ ਸਥਾਪਨਾ ਲਈ ਬਜਟ ਵਿਚ 300 ਕਰੋੜ ਦਾ ਪ੍ਰਬੰਧ ਕੀਤਾ ਹੈ। ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦੀ ਸਥਾਪਨਾ ਵਾਸਤੇ 25 ਕਰੋੜ ਰੁਪਏ ਰੱਖੇ ਗਏ ਹਨ। ਜਲ੍ਹਿਆਂਵਾਲਾ ਬਾਗ਼ ਸਾਕੇ ਦੀ 13 ਅਪਰੈਲ ਨੂੰ ਆ ਰਹੀ ਸ਼ਤਾਬਦੀ ਮਨਾਉਣ ਲਈ ਪੰਜ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਬਜਟ ‘ਚ ‘ਮੇਰਾ ਕਾਮ, ਮੇਰਾ ਨਾਮ’ ਯੋਜਨਾ ਤਹਿਤ 18 ਤੋਂ 35 ਸਾਲ ਉਮਰ ਦੇ ਨੌਜਵਾਨਾਂ ਵਾਸਤੇ 90 ਕਰੋੜ ਰੁਪਏ ਰੱਖੇ ਗਏ ਹਨ। ਇਸ ਪੈਸੇ ਨਾਲ ਪਾਈਲਟ ਪ੍ਰੋਜੈਕਟ ਚਲਾਇਆ ਜਾਵੇਗਾ। ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਦੀ ਭਲਾਈ ਸਕੀਮਾਂ ਵਾਸਤੇ 1228 ਕਰੋੜ ਰੁਪਏ ਤੇ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ 938.71 ਕਰੋੜ ਰੁਪਏ ਰੱਖੇ ਹਨ। ਵਿਧਵਾਵਾਂ, ਤਲਾਕਸ਼ੁਦਾ ਔਰਤਾਂ ਦੀਆਂ ਲੜਕੀਆਂ ਦੇ ਵਿਆਹ ਵਾਸਤੇ 100 ਕਰੋੜ ਰੁਪਏ ਦੀ ਗਰਾਂਟ ਦਾ ਪ੍ਰਬੰਧ ਕੀਤਾ ਹੈ। ਸਮਾਜਿਕ ਸੁਰੱਖਿਆ, ਇਸਤਰੀਆਂ ਅਤੇ ਬਾਲ ਵਿਕਾਸ ਵਾਸਤੇ 2835.82 ਕਰੋੜ ਰੁਪਏ ਰੱਖੇ ਹਨ। ਬਿਰਧ ਆਸ਼ਰਮ ਬਣਾਉਣ ਲਈ 31.14 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਮਨਰੇਗਾ ਸਕੀਮ ਤਹਿਤ ਰੁਜ਼ਗਾਰ ਦੇਣ ਲਈ ਰਾਸ਼ੀ ਦੁਗਣੀ ਕਰਕੇ 500 ਕਰੋੜ ਰੁਪਏ ਕਰ ਦਿੱਤੀ ਗਈ ਹੈ। ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ ਬਜਟ ਵਿੱਚ 4109.17 ਕਰੋੜ ਦੀ ਵਿਵਸਥਾ ਕੀਤੀ ਗਈ ਹੈ ਜਿਹੜੀ 36.08 ਫ਼ੀਸਦੀ ਵੱਧ ਬਣਦੀ ਹੈ। ਪਿੰਡ ਸਮਾਰਟ ਸਕੀਮ ਤਹਿਤ 2600 ਕਰੋੜ ਰੁਪਏ ਰੱਖੇ ਗਏ ਹਨ।
ਸਿੱਖਿਆ ਵਾਸਤੇ ਸਮੱਗਰ ਸ਼ਿਕਸ਼ਾ ਅਭਿਆਨ ਐਲੀਮੈਂਟਰੀ ਅਤੇ ਸੈਕੰਡਰੀ ਲਈ 750 ਕਰੋੜ ਅਤੇ 323 ਕਰੋੜ ਰੁਪਏ ਰੱਖੇ ਗਏ ਹਨ। ਪਹਿਲੀ ਤੋਂ ਦਸਵੀਂ ਤਕ ਪੜ੍ਹਾਈ ਵਾਸਤੇ ਈ-ਕਨਟੈਂਟ ਤਿਆਰ ਕਰ ਲਿਆ ਗਿਆ ਹੈ। ਉਚੇਰੀ ਸਿੱਖਿਆ ਤਹਿਤ ਨਵੇਂ ਕਾਲਜ ਬਣਾਉਣ ਲਈ 50 ਕਰੋੜ ਰੁਪਏ, ਸੂਬੇ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗਰਾਂਟ ਵਿਚ ਛੇ ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਪੰਜਾਬੀ ਯੂਨੀਵਿਰਸਿਟੀ ਨੂੰ 50 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਨਾਲ ਹੀ 15 ਆਈਟੀਆਈ ਖੋਲ੍ਹਣ ਵਾਸਤੇ 15 ਕਰੋੜ ਰੁਪਏ ਰੱਖੇ ਗਏ ਹਨ। ਮੁਹਾਲੀ ਵਿੱਚ ਮੈਡੀਕਲ ਕਾਲਜ ਲਈ 60 ਕਰੋੜ ਅਤੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਦੇ ਅਪਗ੍ਰੇਡੇਸ਼ਨ ਲਈ 189.15 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਤਿੰਨ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਖਾਤਰ 296 ਕਰੋੜ ਰੁਪਏ ਰੱਖੇ ਗਏ ਹਨ। ਸ਼ਹਿਰੀ ਵਾਤਾਵਰਨ ਦੇ ਸੁਧਾਰ ਲਈ 300 ਕਰੋੜ ਰੁਪਏ ਦਿੱਤੇ ਜਾਣਗੇ। ਗ਼ਰੀਬਾਂ ਨੂੰ ਘਰ ਦੇਣ ਲਈ 234 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
____________________________
ਬੱਝਵੇਂ ਖਰਚਿਆਂ ਨੇ ਉਲਝਾਈ ਤਾਣੀ
ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਲ 2019-20 ਲਈ ਪੇਸ਼ ਕੀਤੇ ਗਏ ਬਜਟ ਦਾ ਸਾਰ ਤੱਤ ਇਹੀ ਨਜ਼ਰ ਆ ਰਿਹਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਬੱਝਵੇਂ/ਪ੍ਰਤੀਬੱਧ ਖਰਚਿਆਂ ਵਿਚ ਉਲਝੀ ਹੋਈ ਹੈ। ਵਿਕਾਸ ਦੇ ਵਾਸਤੇ ਨਿਵੇਸ਼ ਕਰਨ ਲਈ ਕੋਈ ਰਾਹ ਦਿਖਾਈ ਨਹੀਂ ਦਿੰਦਾ ਅਤੇ ਨਤੀਜੇ ਵਜੋਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਮੱਧਮ ਜਾਪਦੀਆਂ ਹਨ। ਵਿੱਤ ਮੰਤਰੀ ਦੇ ਆਪਣੇ ਭਾਸ਼ਣ ਅਨੁਸਾਰ ਤਨਖ਼ਾਹਾਂ ਦਾ ਖਰਚ 25,378 ਕਰੋੜ ਰੁਪਏ ਤੋਂ 2019-20 ਵਿਚ ਵਧ ਕੇ 25,979 ਕਰੋੜ ਰੁਪਏ ਅਤੇ ਪੈਨਸ਼ਨ ਦਾ ਖਰਚ 10,254 ਕਰੋੜ ਤੋਂ ਵਧ ਕੇ 10,875 ਕਰੋੜ ਰੁਪਏ ਹੋ ਜਾਣ ਦਾ ਅਨੁਮਾਨ ਹੈ। ਇਹ ਲਗਭਗ 6.24 ਫੀਸਦੀ ਬਣਦਾ ਹੈ। ਇਸੇ ਸਮੇਂ ਦੌਰਾਨ ਮਾਲੀਆ 82,318 ਕਰੋੜ ਤੋਂ 9.57 ਫੀਸਦੀ ਵਧ ਕੇ 90,197 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਹ ਪ੍ਰਤੀਬੱਧ ਖਰਚ ਹੀ 50 ਫੀਸਦੀ ਦੇ ਲਗਭਗ ਹੋ ਜਾਂਦਾ ਹੈ। ਇਸ ਤੋਂ ਇਲਾਵਾ 30 ਹਜ਼ਾਰ ਕਰੋੜ ਲੰਬੇ ਸਮੇਂ ਅਤੇ ਥੋੜੇ ਸਮੇਂ ਦੇ ਕਰਜ਼ੇ ਦੀ ਅਦਾਇਗੀ ਅਤੇ 32 ਹਜ਼ਾਰ ਕਰੋੜ ਰੁਪਏ ਵੇਜ਼ ਅਤੇ ਮੀਨਜ਼ ਰਾਹੀਂ ਬੈਂਕਾਂ ਤੋਂ ਲਏ ਕਰਜ਼ੇ ਦੇ ਹਨ। ਬਿਜਲੀ ਦੀ ਸਬਸਿਡੀ ਕਿਸਾਨਾਂ ਲਈ 8,969 ਕਰੋੜ ਰੁਪਏ, ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਵਸੂਲੀ ਦੇ ਹਿਸਾਬ ਨਾਲ ਸਬਸਿਡੀ ਲਗਭਗ 1500 ਕਰੋੜ, ਅਨੁਸੂਚਿਤ ਜਾਤੀ ਅਤੇ ਹੋਰ ਗਰੀਬਾਂ ਲਈ ਬਿਜਲੀ ਸਬਸਿਡੀ ਕਰੀਬ 1900 ਕਰੋੜ ਰੁਪਏ ਹੈ। ਇਹ ਕੁੱਲ 12 ਹਜ਼ਾਰ ਕਰੋੜ ਰੁਪਏ ਬਣ ਜਾਂਦੀ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ 1,58,493 ਕਰੋੜ ਦੇ ਬਜਟ ਵਿੱਚੋਂ ਪ੍ਰਤੀਬੱਧ ਖਰਚਾ ਹੀ ਵਿੱਤੀ ਸਾਧਨਾਂ 1,12 000 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ। ਵਿਕਾਸ ਲਈ ਪੈਸਾ ਬਚਣ ਦੀ ਉਮੀਦ ਕਿੱਥੋਂ ਆਵੇਗੀ? ਲੋਕ ਸਭਾ ਚੋਣਾਂ ਦੇ ਚਲਦਿਆਂ ਹੋਰ ਸਾਧਨ ਜੁਟਾਉਣ ਦੀ ਕੋਸ਼ਿਸ਼ ਵੀ ਦਿਖਾਈ ਨਹੀਂ ਦਿੱਤੀ।
____________________________
ਬਜਟ ਨੇ ਸਨਅਤਕਾਰਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰਿਆ
ਲੁਧਿਆਣਾ: ਸਨਅਤ ਇਸ ਵਾਰ ਫਿਰ ਕਾਂਗਰਸ ਸਰਕਾਰ ਵੱਲੋਂ ਪੇਸ਼ ਬਜਟ ਤੋਂ ਨਿਰਾਸ਼ ਰਹੀ। ਕਾਂਗਰਸ ਨੂੰ ਹਮੇਸ਼ਾ ਹੀ ਸਨਅਤਕਾਰ ਸਨਅਤ ਪੱਖੀ ਮੰਨਦੇ ਆਏ ਹਨ, ਪਰ ਸਰਕਾਰ ਬਣਨ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਇਸ ਬਜਟ ਤੋਂ ਸੂਬੇ ਦੇ ਸਨਅਤਕਾਰ ਖ਼ੁਸ਼ ਨਜ਼ਰ ਨਹੀਂ ਆ ਰਹੇ। ਸਨਅਤਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਹਨ, ਉਨ੍ਹਾਂ ਨੂੰ ਆਸ ਸੀ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਛੋਟੇ ਸਨਅਤਕਾਰਾਂ ਨੂੰ ਵਿਸ਼ੇਸ਼ ਪੈਕੇਜ਼ ਜਾ ਫਿਰ ਟੈਕਸਾਂ ਵਿਚ ਰਾਹਤ ਦੇਵੇਗੀ, ਪਰ ਸਰਕਾਰ ਨੇ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਡੀਜ਼ਲ ‘ਤੇ ਇਕ ਰੁਪਏ ਕਰਨ ਦੇ ਨਾਲ ਸਨਅਤਕਾਰਾਂ ਨੂੰ ਰਾਹਤ ਤਾਂ ਮਿਲੇਗੀ, ਪਰ ਉਮੀਦ ਤੋਂ ਬਹੁਤ ਘੱਟ।
____________________________
ਅਕਾਲੀ ਦਲ ਵੱਲੋਂ ਬਜਟ ਲੋਕਾਂ ਨਾਲ ਧੋਖਾ ਕਰਾਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਕਿਹਾ ਕਿ ਭਾਰੀ ਕਰਜ਼ਿਆਂ ਉਪਰ ਟੇਕ ਰੱਖ ਕੇ ਤਿਆਰ ਕੀਤਾ ਗਿਆ ਬਜਟ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਾਂਗ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ ਹੈ। ਇਸ ਵਿਚ ਆਮ ਆਦਮੀ ਲਈ ਕੁਝ ਵੀ ਨਹੀਂ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਤੱਥਾਂ ਦੀ ਗ਼ਲਤਬਿਆਨੀ ਕਰਕੇ ਅਤੇ ਕਿਸਾਨਾਂ, ਨੌਜਵਾਨਾਂ ਜਾਂ ਸਰਕਾਰੀ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੋਈ ਫੰਡ ਰਾਖਵੇਂ ਨਾ ਰੱਖ ਕੇ ਪੰਜਾਬ ਦੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ।