ਸੀ.ਆਰ.ਪੀ.ਐਫ਼ ਦੇ ਕਾਫਲੇ ‘ਤੇ ਹਮਲਾ, 40 ਜਵਾਨ ਹਲਾਕ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਆਤਮਘਾਤੀ ਦਹਿਸ਼ਤੀ ਹਮਲੇ ਵਿਚ ਸੀ.ਆਰ.ਪੀ.ਐਫ਼ ਦੇ 40 ਜਵਾਨ ਹਲਾਕ ਹੋ ਗਏ। ਪਿਛਲੇ ਕਈ ਸਾਲਾਂ ਦੌਰਾਨ ਇਹ ਜੰਮੂ ਕਸ਼ਮੀਰ ਵਿਚ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਜੈਸ਼-ਏ-ਮੁਹੰਮਦ ਦੇ ਅਤਿਵਾਦੀ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਦੀ ਸੁਰੱਖਿਆ ਜਵਾਨਾਂ ਨਾਲ ਭਰੀ ਬੱਸ ਨਾਲ ਟੱਕਰ ਮਾਰ ਦਿੱਤੀ।
ਕੇਂਦਰੀ ਸੁਰੱਖਿਆ ਬਲਾਂ ਦੇ 2500 ਤੋਂ ਵੱਧ ਜਵਾਨਾਂ ਦੀਆਂ 78 ਗੱਡੀਆਂ ਦਾ ਕਾਫਲਾ ਸ੍ਰੀਨਗਰ-ਜੰਮੂ ਕੌਮੀ ਮਾਰਗ ‘ਤੇ ਆ ਰਿਹਾ ਸੀ। ਅਵੰਤੀਪੁਰਾ ਦੇ ਲਾਟੂਮੋੜ ‘ਤੇ ਅਤਿਵਾਦੀ ਨੇ ਘਾਤ ਲਗਾ ਕੇ ਹਮਲਾ ਕੀਤਾ।

ਪੁਲਿਸ ਨੇ ਦੱਸਿਆ ਕਿ ਗੱਡੀ ਚਲਾਉਣ ਵਾਲੇ ਆਤਮਘਾਤੀ ਅਤਿਵਾਦੀ ਦੀ ਪਛਾਣ ਆਦਿਲ ਅਹਿਮਦ ਵਾਸੀ ਕਾਕਾਪੁਰਾ ਵਜੋਂ ਹੋਈ ਹੈ ਜੋ ਪਿਛਲੇ ਸਾਲ ਹੀ ਜੈਸ਼-ਏ-ਮੁਹੰਮਦ ਵਿਚ ਭਰਤੀ ਹੋਇਆ ਸੀ। ਹਮਲੇ ਦਾ ਨਿਸ਼ਾਨਾ ਬਣੀ ਬੱਸ 76ਵੀਂ ਬਟਾਲੀਅਨ ਦੀ ਸੀ ਅਤੇ ਇਸ ਵਿਚ 39 ਸੁਰੱਖਿਆ ਕਰਮੀ ਸਵਾਰ ਸਨ। ਕਸ਼ਮੀਰ ਵਾਦੀ ਵਿਚ ਸੀ.ਆਰ.ਪੀ.ਐਫ਼ ਦੇ ਇੰਸਪੈਕਟਰ ਜਨਰਲ (ਅਪਰੇਸ਼ਨਜ਼) ਜ਼ੁਲਫਿਕਾਰ ਹਸਨ ਨੇ ਆਖਿਆ ਕਿ ਸੂਬਾਈ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਹਮਲਾ ਸ੍ਰੀਨਗਰ ਤੋਂ ਕਰੀਬ 30 ਕਿਲੋਮੀਟਰ ਦੂਰ ਹੋਇਆ। ਧਮਾਕੇ ਕਾਰਨ ਬੱਸ ਮਲਬੇ ਦਾ ਢੇਰ ਬਣ ਕੇ ਰਹਿ ਗਈ। ਹਮਲੇ ਵਿਚ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਹਮਲੇ ਵਿਚ ਕਈ ਹੋਰ ਬੱਸਾਂ ਦਾ ਵੀ ਨੁਕਸਾਨ ਹੋਇਆ ਹੈ। ਹਮਲੇ ਵਾਲੀ ਜਗ੍ਹਾ ਥਾਂ-ਥਾਂ ਮ੍ਰਿਤਕਾਂ ਦੇ ਅੰਗ ਖਿੱਲਰੇ ਪਏ ਸਨ।
ਸੀ.ਆਰ.ਪੀ.ਐਫ਼ ਦੇ ਡਾਇਰੈਕਟਰ ਜਨਰਲ ਆਰ.ਆਰ. ਭਟਨਾਗਰ ਨੇ ਦੱਸਿਆ ਕਿ ਇਹ ਬਹੁਤ ਵੱਡਾ ਕਾਫਲਾ ਸੀ ਅਤੇ ਵੱਖ-ਵੱਖ ਵਾਹਨਾਂ ਵਿਚ 2500 ਦੇ ਕਰੀਬ ਸੁਰੱਖਿਆ ਕਰਮੀ ਸਫਰ ਕਰ ਰਹੇ ਸਨ। ਕਾਫਲੇ ‘ਤੇ ਕੁਝ ਗੋਲੀਆਂ ਵੀ ਚਲਾਈਆਂ ਗਈਆਂ।” ਅਫਸਰਾਂ ਨੇ ਦੱਸਿਆ ਕਿ ਕਾਫਲਾ ਸਵੇਰੇ 3.30 ਵਜੇ ਜੰਮੂ ਤੋਂ ਰਵਾਨਾ ਹੋਇਆ ਸੀ ਅਤੇ ਸੂਰਜ ਛਿਪਣ ਤੋਂ ਪਹਿਲਾਂ ਇਸ ਨੇ ਸ੍ਰੀਨਗਰ ਪਹੁੰਚਣਾ ਸੀ। ਉਨ੍ਹਾਂ ਦੱਸਿਆ ਕਿ ਦੋ-ਤਿੰਨ ਦਿਨ ਮੀਂਹ ਤੇ ਬਰਫਬਾਰੀ ਕਾਰਨ ਕੌਮੀ ਮਾਰਗ ‘ਤੇ ਆਵਾਜਾਈ ਬੰਦ ਹੋਣ ਕਾਰਨ ਕਸ਼ਮੀਰ ਵਾਦੀ ਮੁੜਨ ਵਾਲੇ ਸੁਰੱਖਿਆ ਕਰਮੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਆਮ ਤੌਰ ‘ਤੇ ਕਿਸੇ ਕਾਫਲੇ ਵਿਚ ਸੁਰੱਖਿਆ ਕਰਮੀਆਂ ਦੀ ਗਿਣਤੀ ਹਜ਼ਾਰ ਦੇ ਕਰੀਬ ਹੁੰਦੀ ਹੈ ਪਰ ਇਸ ਕਾਫਲੇ ਵਿਚ ਕੁੱਲ 2547 ਜਵਾਨ ਸ਼ਾਮਲ ਸਨ। ਉਂਜ, ਕਾਫਲੇ ਦੇ ਨਾਲ ਰੋਡ ਓਪਨਿੰਗ ਪਾਰਟੀ ਅਤੇ ਬਖ਼ਤਰਬੰਦ ਦਹਿਸ਼ਤਗਰਦ ਵਿਰੋਧੀ ਵਾਹਨ ਵੀ ਲਾਏ ਗਏ ਸਨ।
ਸੀ.ਆਰ.ਪੀ.ਐਫ਼ ਦੇ ਕਾਫਲੇ ਨਾਲ ਕਾਰ ਨਾਲ ਟੱਕਰ ਮਾਰਨ ਵਾਲਾ ਸਥਾਨਕ ਦਹਿਸ਼ਤਗਰਦ ਆਦਿਲ ਡਾਰ (21) ਪਿਛਲੇ ਸਾਲ ਅਪਰੈਲ ‘ਚ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਸਾਲ 2000 ‘ਚ ਜੈਸ਼ ਦਹਿਸ਼ਤਗਰਦ ਆਫਾਕ ਸ਼ਾਹ ਨੇ ਸੈਨਾ ਦੇ 15 ਕੋਰ ਸਦਰਮੁਕਾਮ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਉਡਾ ਦਿੱਤਾ ਸੀ। ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਤੋਂ ਪਹਿਲਾਂ ਉਸ ਨੇ ਵੀਡੀਓ ਬਿਆਨ ਰਿਕਾਰਡ ਕੀਤਾ ਸੀ ਜਿਸ ਨੂੰ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਗਿਆ। ਵੀਡੀਓ ਵਿੱਚ ਆਦਿਲ ਆਧੁਨਿਕ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਆਦਿਲ 10ਵੀਂ ਪਾਸ ਡਾਰ ‘ਸੀ ਕੈਟਾਗਰੀ’ ਦਾ ਦਹਿਸ਼ਤਗਰਦ ਸੀ। ਪਰਿਵਾਰ ਮੁਤਾਬਕ ਉਹ ਪਿਛਲੇ ਸਾਲ ਘਰੋਂ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਰਿਹਾ ਸੀ।
___________________________
ਦਹਿਸ਼ਤੀਆਂ ਨੂੰ ਪਨਾਹ ਦੇਣਾ ਬੰਦ ਕਰੇ ਪਾਕਿ: ਅਮਰੀਕਾ
ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਪਾਕਿਸਤਾਨ ਨੂੰ ਸਖਤੀ ਨਾਲ ਤਾੜਨਾ ਕਰਦਿਆਂ ਕਿਹਾ ਕਿ ਉਹ ਤੁਰਤ ਸਾਰੀਆਂ ਦਹਿਸ਼ਤੀ ਜਥੇਬੰਦੀਆਂ ਨੂੰ ਹਮਾਇਤ ਦੇਣਾ ਤੇ ਉਨ੍ਹਾਂ ਨੂੰ ਪਨਾਹ ਦੇਣਾ ਬੰਦ ਕਰੇ। ਇਸੇ ਦੌਰਾਨ ਅਮਰੀਕਾ ਨੇ ਪੁਲਵਾਮਾ ਦਹਿਸ਼ਤੀ ਹਮਲੇ ਜਿਸ ‘ਚ ਸੀ.ਆਰ.ਪੀ.ਐਫ਼ ਦੇ 40 ਜਵਾਨ ਸ਼ਹੀਦ ਹੋਏ ਹਨ, ਦੀ ਨਿੰਦਾ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਜ਼ ਨੇ ਕਿਹਾ, ‘ਅਮਰੀਕਾ ਪਾਕਿਸਤਾਨ ਨੂੰ ਸੱਦਾ ਦਿੰਦਾ ਹੈ ਕਿ ਉਹ ਅਜਿਹੀਆਂ ਦਹਿਸ਼ਤੀ ਜਥੇਬੰਦੀਆਂ ਦੀ ਹਮਾਇਤ ਕਰਨੀ ਤੇ ਆਪਣੀ ਧਰਤੀ ‘ਤੇ ਉਨ੍ਹਾਂ ਨੂੰ ਪਨਾਹ ਦੇਣੀ ਤੁਰੰਤ ਬੰਦ ਕਰੇ, ਜਿਨ੍ਹਾਂ ਦਾ ਮਕਸਦ ਇਸ ਖੇਤਰ ‘ਚ ਹਿੰਸਾ, ਅਤਿਵਾਦ ਤੇ ਗੜਬੜੀ ਫੈਲਾਉਣਾ ਹੈ।’
___________________________
ਮੋਦੀ ਵੱਲੋਂ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਹਮਲੇ ਕਰਵਾ ਕੇ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੇ ਜ਼ਿੰਮੇਵਾਰਾਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਪੁਲਵਾਮਾ ਜ਼ਿਲ੍ਹੇ ‘ਚ ਸੀ.ਆਰ.ਪੀ.ਐਫ਼ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਨਾਲ ਸਿੱਝਣ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਵੇਗੀ। ਆਪਣੇ ਸਖਤ ਭਾਸ਼ਨ ‘ਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਖੂਨ ਖੌਲ ਰਿਹਾ ਹੈ ਅਤੇ ਗੁਆਂਢੀ ਮੁਲਕ ਸੋਚਦਾ ਹੈ ਕਿ ਅਜਿਹੇ ਦਹਿਸ਼ਤੀ ਹਮਲਿਆਂ ਨਾਲ ਉਹ ਭਾਰਤ ਨੂੰ ਅਸਥਿਰ ਕਰ ਦੇਵੇਗਾ ਪਰ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਣਗੇ।
___________________________
ਕੈਪਟਨ ਵੱਲੋਂ ਪਾਕਿਸਤਾਨ ਨੂੰ ਠੋਕਵਾਂ ਜਵਾਬ ਦੇਣ ਦੀ ਸਲਾਹ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਦੁਸ਼ਮਣਾਂ ਨੂੰ ਢੁਕਵਾਂ ਜਵਾਬ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਦਾ ਵੇਲਾ ਲੰਘ ਚੁੱਕਾ ਹੈ ਤੇ ਪੁਲਵਾਮਾ ਹਮਲੇ ਨੇ ਗੁਆਂਢੀ ਮੁਲਕ ਦੇ ਦੋਹਰੇ ਕਿਰਦਾਰ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਪਾਕਿਸਤਾਨੀ ਫੌਜ ਅਤੇ ਆਈ.ਐਸ਼ਆਈ. ਨੂੰ ਪੰਜਾਬ ਵਿਚ ਅਜਿਹੀ ਕਿਸੇ ਵੀ ਗਤੀਵਿਧੀ ਵਿਰੁੱਧ ਚਿਤਾਵਨੀ ਦਿੱਤੀ ਹੈ। ਵਿਧਾਨ ਸਭਾ ਵਿਚ ਸਦਨ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਇਸ ਹਮਲੇ ਦੀ ਨਿਖੇਧੀ ਕੀਤੀ।