ਸਾਰੀਆਂ ਸਿਆਸੀ ਧਿਰਾਂ ਵੱਲੋਂ ਮਿਲ ਕੇ ਅਤਿਵਾਦ ਨਾਲ ਨਜਿੱਠਣ ਦਾ ਅਹਿਦ

ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਰਬ ਪਾਰਟੀ ਮੀਟਿੰਗ ‘ਚ ਪੁਲਵਾਮਾ ਅਤਿਵਾਦੀ ਹਮਲੇ ਅਤੇ ਸਰਹੱਦ ਪਾਰੋਂ ਅਤਿਵਾਦ ਨੂੰ ਮਿਲ ਰਹੇ ਸਮਰਥਨ ਦੀ ਨਿਖੇਧੀ ਕਰਦਿਆਂ ਮਤਾ ਪਾਸ ਕੀਤਾ ਗਿਆ। ਮਤੇ ‘ਚ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਇਸ ਜੰਗ ‘ਚ ਇਕੱਠੇ ਖੜ੍ਹੇ ਹੋਣ ਦਾ ਅਹਿਦ ਦੁਹਰਾਉਂਦੇ ਹੋਏ ਕਿਹਾ ਕਿ ਭਾਰਤ ਇਨ੍ਹਾਂ ਚੁਣੌਤੀਆਂ ਦਾ ਮਿਲ ਕੇ ਮੁਕਾਬਲਾ ਕਰ ਰਿਹਾ ਹੈ।

ਸੰਸਦ ਭਵਨ ਦੀ ਲਾਇਬ੍ਰੇਰੀ ‘ਚ ਹੋਈ ਸਰਬ ਪਾਰਟੀ ਮੀਟਿੰਗ ‘ਚ ਕਾਂਗਰਸ ਦੇ ਗੁਲਾਮ ਨਬੀ ਅਤੇ ਆਨੰਦ ਸ਼ਰਮਾ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਐਨ.ਸੀ.ਪੀ. ਦੇ ਸ਼ਰਦ ਪਵਾਰ, ਖੱਬੇ ਪੱਖੀ ਨੇਤਾ ਡੀ. ਰਾਜਾ ਅਤੇ ਸ਼ਿਵ ਸੈਨਾ ਦੇ ਸੰਜੈ ਰਾਊਤ ਮੌਜੂਦ ਸਨ। ਬੈਠਕ ‘ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਵਿਰੋਧੀ ਧਿਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ (ਫ੍ਰੀ ਹਾਡ) ਹੈ। ਉਹ ਪਾਕਿਸਤਾਨ ਨੂੰ ਜਵਾਬ ਦੇਣ ਲਈ ਸੁਤੰਤਰ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਕੁਝ ਅਜਿਹੇ ਲੋਕ ਹਨ, ਜੋ ਸਰਹੱਦ ਪਾਰ ਦੇ ਇਸ਼ਾਰੇ ਉਤੇ ਚੱਲਦੇ ਹਨ। ਹਲਕਿਆਂ ਮੁਤਾਬਕ ਇਹ ਮੀਟਿੰਗ ਇਸ ਲਈ ਆਯੋਜਿਤ ਕੀਤੀ ਗਈ ਕਿ ਵਿਰੋਧੀ ਧਿਰ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਗੰਭੀਰ ਮਸਲੇ ‘ਤੇ ਸਰਕਾਰ ਉਨ੍ਹਾਂ ਨੂੰ ਭਰੋਸੇ ਵਿਚ ਲੈ ਕੇ ਕਦਮ ਉਠਾ ਰਹੀ ਹੈ।
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ‘ਤੇ ਵੀ ਇਕ ਬੈਠਕ ਹੋਈ, ਜਿਸ ਵਿਚ ਗ੍ਰਹਿ ਸਕੱਤਰ ਸਮੇਤ ਖੁਫੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਸੀ। ਮੀਟਿੰਗ ਤੋਂ ਬਾਅਦ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪੂਰੀ ਵਿਰੋਧੀ ਧਿਰ ਇਸ ਮਾਮਲੇ ਨਾਲ ਆਪਣੀ ਫੌਜ ਅਤੇ ਸਰਕਾਰ ਦੇ ਨਾਲ ਖੜ੍ਹੀ ਹੈ। ਦੂਜੇ ਪਾਸੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨਰਿੰਦਰ ਤੋਮਰ ਨੇ ਵੀ ਕਿਹਾ ਕਿ ਕਸ਼ਮੀਰ ਦੀ ਆਮ ਜਨਤਾ ਰਾਜ ‘ਚ ਅਮਨ ਚਾਹੁੰਦੀ ਹੈ। ਰਾਜ ‘ਚ ਕੁਝ ਅਜਿਹੇ ਅਨਸਰ ਹਨ ਜੋ ਸਰਹੱਦ ਪਾਰ ਤੋਂ ਉਤਸ਼ਾਹਿਤ ਕੀਤੇ ਜਾ ਰਹੇ ਅਤਿਵਾਦੀਆਂ ਦੀ ਮਦਦ ਕਰਦੇ ਹਨ। ਤੋਮਰ ਨੇ ਜਵਾਨਾਂ ਦੀ ਸ਼ਹਾਦਤ ਜਾਇਆ ਨਾ ਜਾਣ ਦਾ ਸੁਨੇਹਾ ਦੁਹਰਾਉਂਦੇ ਹੋਏ ਕਿਹਾ ਕਿ ਦੇਸ਼ ਅਤਿਵਾਦ ਖਿਲਾਫ ਫੈਸਲਾਕੁੰਨ ਜੰਗ ਲੜ ਰਿਹਾ ਹੈ।
_______________________________
ਪਾਕਿਸਤਾਨ ਨੂੰ ਦੋਸ਼ ਦੇਣ ਬਾਰੇ ਸਿੱਧੂ ਦੀ ਰਾਏ ਵੱਖਰੀ
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਕੁਝ ਲੋਕਾਂ ਕਾਰਨ ਸਮੁੱਚੇ ਦੇਸ਼ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਏ ਸਨ, ਨੇ ਪੁਲਵਾਮਾ ਵਿਚ ਅਤਿਵਾਦੀ ਹਮਲੇ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੁਝ ਮੁੱਠੀ ਭਰ ਲੋਕਾਂ ਕਾਰਨ ਕੀ ਕਿਸੇ ਇਕ ਵਿਅਕਤੀ ਜਾਂ ਸਮੁੱਚੇ ਦੇਸ਼ ਸਿਰ ਦੋਸ਼ ਮੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਦੀ ਕੋਈ ਜਾਤ ਜਾਂ ਕੋਈ ਧਰਮ ਨਹੀਂ ਹੁੰਦਾ ਅਤੇ ਪਿਛਲੇ 71 ਸਾਲ ਤੋਂ ਇਹ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ਉਨ੍ਹਾਂ ਲਈ ਹਮੇਸ਼ਾ ਨਿੰਦਣਯੋਗ ਹੈ। ਉਹ ਹਮੇਸ਼ਾ ਹੀ ਅਹਿੰਸਾ ਵਿਚ ਯਕੀਨ ਰੱਖਦੇ ਹਨ ਅਤੇ ਅੱਗੇ ਵਧਣ ਲਈ ਅਹਿੰਸਾ ਵਧੇਰੇ ਤਾਕਤਵਰ ਹਥਿਆਰ ਹੈ।
_______________________________
ਜੈਸ਼-ਏ-ਮੁਹੰਮਦ ਨੇ ਪਹਿਲਾਂ ਵੀ ਦਿੱਤਾ ਭਾਰਤ ਵਿਚ ਵੱਡੇ ਹਮਲਿਆਂ ਨੂੰ ਅੰਜਾਮ
ਚੰਡੀਗੜ੍ਹ: ਜੈਸ਼-ਏ-ਮੁਹੰਮਦ ਵੱਲੋਂ ਅਜਿਹਾ ਹਮਲਾ ਪਹਿਲੀ ਵਾਰ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਜਥੇਬੰਦੀ ਭਾਰਤ ਵਿਚ ਵੱਡੇ ਹਮਲਿਆਂ ਨੂੰ ਅੰਜਾਮ ਦੇ ਚੁੱਕੀ ਹੈ। ਇਨ੍ਹਾਂ ਹਮਲਿਆਂ ਵਿਚੋਂ ਸੰਸਦ ਭਵਨ, ਜੰਮੂ-ਕਸ਼ਮੀਰ ਦੇ ਵਿਧਾਨ ਸਭਾ ਦੇ ਗੇਟ ‘ਤੇ ਧਮਾਕਾ, ਪਠਾਨਕੋਟ ਹਮਲਾ ਤੇ ਉੜੀ ਦਾ ਹਮਲਾ ਸ਼ਾਮਲ ਹਨ।
24 ਸਤੰਬਰ 2001: ਇਸ ਹਮਲੇ ਵਿਚ ਜੈਸ਼ ਨੇ ਅਤਿਵਾਦੀ ਵਿਸਫੋਟਕਾਂ ਨਾਲ ਭਰੀ ਕਾਰ ਸ੍ਰੀਨਗਰ ਵਿਚ ਵਿਧਾਨ ਸਭਾ ਨਾਲ ਟਕਰਾ ਦਿੱਤੀ ਸੀ। ਇਸ ਦੌਰਾਨ ਕਈ ਹੋਰ ਅਤਿਵਾਦੀ ਵੀ ਵਿਧਾਨ ਸਭਾ ਦੀ ਪੁਰਾਣੀ ਇਮਾਰਤ ਵਿਚ ਵੜ ਗਏ ਤੇ ਉਥੇ ਅੱਗ ਲਾ ਦਿੱਤੀ। ਇਸ ਘਟਨਾ ਵਿਚ 38 ਜਣੇ ਮਾਰੇ ਗਏ ਸਨ।
13 ਦਸੰਬਰ 2001: ਇਸ ਦਿਨ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨੇ ਭਾਰਤੀ ਸੰਸਦ ਭਵਨ ‘ਤੇ ਹਮਲਾ ਬੋਲਿਆ ਸੀ। ਸਫੈਦ ਰੰਗ ਦੀ ਅੰਬੈਸਡਰ ਕਾਰ ਸੰਸਦ ਭਵਨ ਵੱਲ ਜਾ ਰਹੀ ਸੀ ਪਰ ਸੁਰੱਖਿਆ ਬਲਾਂ ਦੀ ਮੁਸਤੈਦੀ ਕਰਕੇ ਕਾਰ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ।
2 ਜਨਵਰੀ 2016: ਪੰਜਾਬ ਦੇ ਪਠਾਨਕੋਟ ਵਿਚ ਹਵਾਈ ਫੌਜ ਦੇ ਟਿਕਾਣੇ ‘ਤੇ ਵੀ ਜੈਸ਼-ਏ-ਮੁਹੰਮਦ ਨੇ ਹਮਲਾ ਕੀਤਾ ਸੀ। ਚਾਰ ਅਤਿਵਾਦੀਆਂ ਨੇ ਮਿਲ ਕੇ ਏਅਰਫੋਰਸ ਬੇਸ ‘ਤੇ ਹਮਲਾ ਕੀਤਾ। ਅਤਿਵਾਦੀ ਫੌਜ ਦੀ ਵਰਦੀ ਪਾ ਕੇ ਬੇਸ ਅੰਦਰ ਵੜੇ ਸਨ। ਸਾਰੇ ਅਤਿਵਾਦੀ ਜੈਸ਼-ਏ-ਮੁਹੰਮਦ ਦੇ ਦੱਸੇ ਗਏ ਸੀ। ਭਾਰਤੀ ਫੌਜ ਨੇ ਚਾਰੇ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ। ਇਸ ਦੌਰਾਨ ਹੋਏ ਮੁਕਾਬਲੇ ਵਿਚ 3 ਭਾਰਤੀ ਜਵਾਨ ਵੀ ਸ਼ਹੀਦ ਹੋਏ ਸਨ।
18 ਸਤੰਬਰ 2016: ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿਚ ਕੰਟਰੋਲ ਸਰਹੱਦ ਕੋਲ ਅਤਿਵਾਦੀਆਂ ਨੇ ਆਰਮੀ ਹੈਡ ਕੁਆਰਟਰ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਫੌਜ ਦੇ 18 ਜਵਾਨ ਸ਼ਹੀਦ ਹੋਏ ਸੀ ਪਰ ਬਹਾਦਰੀ ਵਿਖਾਉਂਦਿਆਂ ਭਾਰਤੀ ਜਵਾਨਾਂ ਨੇ ਸਾਰੇ 4 ਅਤਿਵਾਦੀ ਮਾਰ ਮੁਕਾਏ ਸਨ।
______________________________
ਭਾਰਤ ਨੇ ਪਾਕਿਸਤਾਨ ਨੂੰ ਚੁਫੇਰਿਉਂ ਘੇਰਿਆ
ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਖਤਮ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੇ ਹਰ ਤਰ੍ਹਾਂ ਦੇ ਸਾਮਾਨ ‘ਤੇ ਕਸਟਮ ਡਿਊਟੀ ਨੂੰ ਵਧਾ ਕੇ 200 ਫੀਸਦੀ ਕਰ ਦਿੱਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਜਾਣਕਾਰੀ ਦਿੱਤੀ। ਵਿੱਤ ਮੰਤਰੀ ਨੇ ਟਵੀਟ ਕੀਤਾ ਕਿ ਪੁਲਵਾਮਾ ਘਟਨਾ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਤਰਜੀਹੀ ਦੇਸ਼ ਦਾ ਦਰਜਾ ਵਾਪਸ ਲੈ ਲਿਆ ਹੈ।
ਇਸ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਸਾਰੇ ਤਰ੍ਹਾਂ ਦੇ ਸਾਮਾਨਾਂ ‘ਤੇ ਬੇਸਿਕ ਕਸਟਮ ਡਿਊਟੀ ਨੂੰ ਵਧਾ ਕੇ ਤੁਰਤ ਪ੍ਰਭਾਵ ਨਾਲ 200 ਫੀਸਦੀ ਕਰ ਦਿੱਤਾ ਗਿਆ ਹੈ। ਇਹ ਕਸਟਮ ਡਿਊਟੀ ਵਧਾਏ ਜਾਣ ਨਾਲ ਪਾਕਿਸਤਾਨ ਤੋਂ ਭਾਰਤ ਨੂੰ ਹੋਣ ਵਾਲੇ ਬਰਾਮਦ ‘ਤੇ ਵੱਡਾ ਅਸਰ ਪਏਗਾ, ਜੋ 2017-18 ਵਿਚ ਕਰੀਬ 3482 ਕਰੋੜ ਰੁਪਏ ਦਾ ਸੀ। ਪਾਕਿਸਤਾਨ ਮੁੱਖ ਤੌਰ ‘ਤੇ ਭਾਰਤ ਨੂੰ ਤਾਜ਼ੇ ਫਲ, ਸੀਮੈਂਟ, ਪੈਟਰੋਲੀਅਮ ਪਦਾਰਥ, ਖਣਿਜ ਤੇ ਤਿਆਰ ਚਮੜਾ ਆਦਿ ਬਰਾਮਦ ਕਰਦਾ ਹੈ।
__________________________
ਵਾਦੀ ਵਿਚ ਮਾਹੌਲ ਵਿਗੜਿਆ
ਜੰਮੂ: ਪੁਲਵਾਮਾ ਹਮਲੇ ਪਿੱਛੋਂ ਜੰਮੂ ਸ਼ਹਿਰ ਵਿਚ ਮਾਹੌਲ ਕਾਫੀ ਵਿਗੜ ਗਿਆ ਹੈ। ਇਸ ਦੌਰਾਨ ਸ਼ਹਿਰ ਵਿਚ ਫੌਜ ਦੀ ਨਫਰੀ ਵਧਾ ਦਿੱਤੀ ਗਈ ਹੈ। ਕਸ਼ਮੀਰ ਦੇ ਪੁਲਵਾਮਾ ਵਿਚ ਸੀ.ਆਰ.ਪੀ.ਐਫ਼ ਦੇ ਜਵਾਨਾਂ ਦੀ ਅਤਿਵਾਦੀ ਹਮਲੇ ਵਿਚ ਹੋਈ ਮੌਤ ਖਿਲਾਫ ਜੰਮੂ ਸ਼ਹਿਰ ਵਿਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਸੀ। ਸ਼ਹਿਰ ਵਿਚ ਨੌਂ ਹੋਰ ਫੌਜੀ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਇਹ ਗਿਣਤੀ ਹੁਣ 18 ਹੋ ਗਈ ਹੈ। ਸੁਰੱਖਿਆ ਬਲਾਂ ਨੇ ਸੰਵੇਦਨਸ਼ੀਲ ਥਾਵਾਂ ‘ਤੇ ਫਲੈਗ ਮਾਰਚ ਵੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਯੂਨੀਵਰਸਿਟੀ ਵਿਚ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਤੇ ਖਿੱਤੇ ਵਿਚ ਮੋਬਾਈਲ ਸੇਵਾਵਾਂ ਵੀ ਬੰਦ ਰੱਖੀਆਂ ਗਈਆਂ।