ਬਠਿੰਡਾ ਲੋਕ ਸਭਾ ਹਲਕਾ ਬਾਦਲ ਪਰਿਵਾਰ ਲਈ ਸਭ ਤੋਂ ਵੱਡੀ ਚੁਣੌਤੀ

ਬਠਿੰਡਾ: ਬਠਿੰਡਾ ਲੋਕ ਸਭਾ ਹਲਕਾ ਬਾਦਲਾਂ ਪਰਿਵਾਰ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗਾ। ਬਾਦਲਾਂ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੀਜੀ ਵਾਰ ਇਸ ਹਲਕੇ ਤੋਂ ਚੋਣ ਲੜੇਗੀ। ਬਠਿੰਡਾ-ਮਾਨਸਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕੇ ਅਤੇ ਮੁਕਤਸਰ ਜ਼ਿਲ੍ਹੇ ਦਾ ਹਲਕਾ ਲੰਬੀ ਇਸ ਵੇਲੇ ਬਠਿੰਡਾ ਲੋਕ ਸਭਾ ਹਲਕੇ ਦਾ ਹਿੱਸਾ ਹੈ।

ਬਾਦਲਾਂ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਖਜ਼ਾਨੇ ਦਾ ਪੈਸਾ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿਚ ਪਾਣੀ ਵਾਂਗ ਵਹਾਇਆ। ਏਨਾ ਪੈਸਾ ਲੱਗਣ ਦੇ ਬਾਵਜੂਦ ਇਨ੍ਹਾਂ ਹਲਕਿਆਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋਏ। ਨਹਿਰੀ ਪਾਣੀ ਆਧਾਰਿਤ ਜਲ ਘਰਾਂ ‘ਚ ਸੁਧਾਰ ਦੀ ਥਾਂ ਪਿੰਡਾਂ-ਸ਼ਹਿਰਾਂ ਵਿਚ ਆਰ.ਓ ਪਲਾਂਟ ਲਾ ਕੇ ਬੁੱਤਾ ਸਾਰਿਆ ਗਿਆ, ਜੋ ਹੁਣ ਬੰਦ ਪਏ ਹਨ। ਨਰਮਾ ਪੱਟੀ ਵਾਲੇ ਇਸ ਖਿੱਤੇ ਵਿਚ ਸਭ ਤੋਂ ਵੱਡਾ ਸੰਕਟ ਕਿਸਾਨਾਂ ਤੇ ਮਜ਼ਦੂਰਾਂ ਦਾ ਹੈ। ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਨਰਮੇ ਦੀ ਪੈਦਾਵਾਰ ਇਨ੍ਹਾਂ ਵਰ੍ਹਿਆਂ ਦੌਰਾਨ ਲਗਾਤਾਰ ਘਟੀ ਹੈ ਤੇ ਹਰਸਿਮਰਤ ਬਾਦਲ ਕਿਸਾਨੀ ਦੇ ਦੁੱਖਾਂ ਦੀ ਦਾਰੂ ਨਹੀਂ ਬਣ ਸਕੇ। ਇਸ ਲੋਕ ਸਭਾ ਹਲਕੇ ਵਿਚ 70 ਫ਼ੀਸਦੀ ਵੋਟ ਬੈਂਕ ਜੱਟ ਸਿੱਖਾਂ ਦਾ ਹੈ, ਜਿਸ ਤੋਂ ਕਿਸਾਨਾਂ ਦੀ ਵਧੇਰੇ ਗਿਣਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹਰਸਿਮਰਤ ਨੇ ਗੱਠਜੋੜ ਸਰਕਾਰ ਸਮੇਂ ਪਿੰਡਾਂ-ਸ਼ਹਿਰਾਂ ਵਿਚ ਸੰਗਤ ਦਰਸ਼ਨ ਕਰ ਕੇ ਰਿਉੜੀਆਂ ਵਾਂਗ ਪੈਸੇ ਵੰਡੇ ਸਨ ਤੇ ਬਹੁਤਾ ਪੈਸਾ ਗਲੀਆਂ-ਨਾਲੀਆਂ ਵਿਚ ਹੀ ਰੁੜ੍ਹ ਗਿਆ ਸੀ। ਉਦੋਂ ਅਕਾਲੀ ਸਰਪੰਚਾਂ ਦੀ ਲਾਟਰੀ ਲੱਗੀ ਰਹੀ।
ਬਠਿੰਡਾ ਵਿਕਾਸ ਅਥਾਰਿਟੀ ਵੱਲੋਂ ਹਲਕੇ ਦੇ ਸ਼ਹਿਰਾਂ ਵਿਚ ਜੋ ਪ੍ਰੋਜੈਕਟ ਉੁਲੀਕੇ ਗਏ, ਉਨ੍ਹਾਂ ਵਿਚ ਹੋਏ ਘਪਲੇ ਵਿਜੀਲੈਂਸ ਦੇ ਕਾਗਜ਼ਾਂ ਨੂੰ ਸਾਹ ਨਹੀਂ ਲੈਣ ਦੇ ਰਹੇ ਹਨ। ਵੱਡੇ ਸ਼ਹਿਰਾਂ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦਾ ਮਸਲਾ ਜਿਉਂ ਦਾ ਤਿਉਂ ਹੈ। ਬਠਿੰਡਾ ਵਿਚ ਕੇਂਦਰੀ ਮਦਦ ਨਾਲ ਸ਼ੁਰੂ ਹੋਈ ਸਿਟੀ ਬੱਸ ਸਰਵਿਸ ਵੀ ਆਖਰੀ ਸਾਹਾਂ ‘ਤੇ ਹੈ। ਬਠਿੰਡਾ-ਮਾਨਸਾ ਖਿੱਤੇ ਵਿਚ ਸਭ ਤੋਂ ਵੱਡੀ ਸੱਟ ਕੈਂਸਰ ਮਾਰ ਰਿਹਾ ਹੈ। ਕੈਂਸਰ ਦੇ ਕਾਰਨ ਜਾਣਨ ਲਈ ਕੋਈ ਅਧਿਐਨ ਨਹੀਂ ਕਰਾਇਆ ਜਾ ਰਿਹਾ। ਕਾਲੇ ਪੀਲੀਏ ਤੋਂ ਵੀ ਵੱਡੀ ਗਿਣਤੀ ਲੋਕ ਪੀੜਤ ਹਨ। ਪੇਂਡੂ ਅਤੇ ਸ਼ਹਿਰੀ ਸਿਹਤ ਸਹੂਲਤਾਂ ਵਿਚ ਸੁਧਾਰ ਲਈ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ। ਬਠਿੰਡਾ ਦਾ ਕੂੜਾ ਡੰਪ ਸ਼ਹਿਰੀ ਲੋਕਾਂ ਦੀ ਜ਼ਿੰਦਗੀ ਵਿਚ ਵੱਟੇ ਪਾ ਰਿਹਾ ਹੈ। ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਬਾਦਲਾਂ ਨੇ ਵੱਡੇ ਪ੍ਰਾਜੈਕਟ ਜ਼ਰੂਰ ਲਿਆਂਦੇ, ਬਠਿੰਡਾ ਰਿਫਾਈਨਰੀ ਇਨ੍ਹਾਂ ‘ਚੋਂ ਇਕ ਹੈ, ਜਿਸ ਦੇ ਵਿਸਥਾਰ ਤਹਿਤ ਹੁਣ ਪੈਟਰੋ ਕੈਮੀਕਲ ਯੂਨਿਟ ਲੱਗ ਰਿਹਾ ਹੈ। ਐਗਰੋ ਆਧਾਰਿਤ ਸਨਅਤੀਕਰਨ ਦਾ ਰਾਹ ਅਜੇ ਤੱਕ ਨਹੀਂ ਖੁੱਲ੍ਹ ਸਕਿਆ ਹੈ। ਬਠਿੰਡਾ ਨੂੰ ਟੈਕਸਟਾਈਲ ਸਿਟੀ ਬਣਾਉਣ ਲਈ ਕੋਈ ਤਰੱਦਦ ਨਹੀਂ ਹੋਇਆ।
ਹਰਸਿਮਰਤ ਬਾਦਲ ਨੂੰ ਬਠਿੰਡਾ ਵਿਚ ਏਮਜ਼, ਕੇਂਦਰੀ ਯੂਨੀਵਰਸਿਟੀ ਤੇ ਹਵਾਈ ਅੱਡਾ ਬਣਾਏ ਜਾਣ ਦਾ ਸਿਹਰਾ ਜ਼ਰੂਰ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵੀ ਇਕ ਪ੍ਰਾਪਤੀ ਹੈ। ਬਠਿੰਡਾ ਲੋਕ ਸਭਾ ਹਲਕੇ ਦੀ ਮੌਜੂਦਾ ਸਥਿਤੀ ਦੇਖੀਏ ਤਾਂ ਪੰਜ ਵਿਧਾਨ ਸਭਾ ਹਲਕੇ ‘ਆਪ’ ਵਿਧਾਇਕਾਂ ਕੋਲ ਹਨ ਤੇ ਸ਼੍ਰੋਮਣੀ ਅਕਾਲੀ ਦਲ ਕੋਲ ਸਿਰਫ਼ ਸਰਦੂਲਗੜ੍ਹ ਅਤੇ ਲੰਬੀ ਹਲਕੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਹ ਇਸ ਚੋਣ ਵਿਚ ਹਰਸਿਮਰਤ ਨੂੰ ਝੱਲਣਾ ਪੈ ਸਕਦਾ ਹੈ। ਕਾਂਗਰਸੀ ਖੁਦ ਡਰ ਰਹੇ ਹਨ ਕਿ ਵੱਡੇ ਘਰਾਣੇ ਐਤਕੀਂ ਫਿਰ ਇਸ ਸੀਟ ਤੋਂ ਦੋਸਤਾਨਾ ਮੈਚ ਨਾ ਖੇਡ ਜਾਣ। ਬਾਦਲ ਪਰਿਵਾਰ ਲਈ ਪੰਜਾਬ ਤੋਂ ਵੱਧ ਬਠਿੰਡਾ ਸੀਟ ਵੱਕਾਰੀ ਹੋਵੇਗੀ।
ਜਦੋਂ ਹਰਸਿਮਰਤ ਨੇ ਪਹਿਲੀ ਵਾਰ ਚੋਣ ਲੜੀ ਤਾਂ ਉਨ੍ਹਾਂ ਵਿਰੋਧੀ ਉਮੀਦਵਾਰ ਰਣਇੰਦਰ ਸਿੰਘ ਨੂੰ 1.20 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਦੂਜੀ ਵਾਰ ਮਨਪ੍ਰੀਤ ਬਾਦਲ ਨੂੰ 19,395 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵੋਟਾਂ ਅਤੇ ਸਿਆਸੀ ਮਾਹੌਲ ‘ਚ ਫਰਕ ਦਾ ਡਰ ਹੁਣ ਬਾਦਲ ਪਰਿਵਾਰ ਨੂੰ ਸਤਾ ਰਿਹਾ ਹੈ। ਕਾਂਗਰਸ ਵੱਲੋਂ ਮਨਪ੍ਰੀਤ ਬਾਦਲ ਤੇ ਪੰਜਾਬੀ ਏਕਤਾ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਇੱਥੋਂ ਉਮੀਦਵਾਰ ਹੋ ਸਕਦੇ ਹਨ। ਸਿਹਤ ਮੰਤਰੀ ਦੇ ਲੜਕੇ ਮੋਹਿਤ ਨੇ ਵੀ ਇਸ ਹਲਕੇ ਤੋਂ ਟਿਕਟ ਮੰਗੀ ਹੈ। ਬਰਗਾੜੀ ਇਨਸਾਫ਼ ਮੋਰਚੇ ਨੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ।