ਭਾਜਪਾ ਨਾਲ ਸਾਂਝ ਬਾਰੇ ਬਾਦਲ ਤੇ ਅਕਾਲੀ ਆਗੂਆਂ ਦੀ ਸੁਰ ਵੱਖੋ-ਵੱਖਰੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਿਆਸੀ ਸਬੰਧਾਂ ਦੇ ਮਾਮਲੇ ‘ਤੇ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਬਾਦਲ ਪਰਿਵਾਰ ਵੱਲੋਂ ਵੱਖੋ-ਵੱਖਰੀ ਪਹੁੰਚ ਅਪਣਾਈ ਜਾ ਰਹੀ ਹੈ। ਪਾਰਟੀ ਵਿਚਲੇ ਸੂਤਰਾਂ ਦਾ ਦੱਸਣਾ ਹੈ ਕਿ ਚੰਡੀਗੜ੍ਹ ਵਿਚ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਗ਼ੈਰ ਮੌਜੂਦਗੀ ਵਿਚ ਪਾਰਟੀ ਦੀ ਦੂਜੀ ਕਤਾਰ ਦੀ ਲੀਡਰਸ਼ਿਪ ਵੱਲੋਂ ਇਕੋ ਸੁਰ ਵਿਚ ਚਰਚਾ ਕੀਤੀ ਗਈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਿਆਸੀ ਭਾਈਵਾਲ ਹੋਣ ਦੇ ਬਾਵਜੂਦ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਅਕਾਲੀ ਦਲ ਦੇ ਆਗੂਆਂ ਦਾ ਮੰਨਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਗਰੁੱਪ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਹੀ ਅੰਦਰਖਾਤੇ ਹਮਾਇਤ ਦਿੱਤੀ ਜਾ ਰਹੀ ਹੈ। ਇਸ ਦੇ ਉਲਟ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵਿਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਹੀ ਸੋਹਲੇ ਗਾਏ। ਉਨ੍ਹਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿਵਾਦ ਨੂੰ ਹੱਲ ਕਰਨ ਦਾ ਦਾਅਵਾ ਕਰਦਿਆਂ ਮੀਟਿੰਗ ਦੌਰਾਨ ਆਪਣੀ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਰੁਖ ਬਦਲ ਲਿਆ ਹੈ ਤੇ ਹੁਣ ਸਭ ਠੀਕ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸੰਸਦੀ ਚੋਣਾਂ ਦੀ ਤਿਆਰੀ ਲਈ ਸਰਗਰਮੀਆਂ ਸ਼ੁਰੂ ਕੀਤੀਆਂ ਜਾਣ। ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਮੀਟਿੰਗ ਵਿਚ ਸਿਆਸੀ ਗੱਠਜੋੜ ਸਬੰਧੀ ਹੋਈ ਚਰਚਾ ਦੀ ਪੁਸ਼ਟੀ ਕੀਤੀ ਹੈ।
ਪਾਰਟੀ ਸੂਤਰਾਂ ਮੁਤਾਬਕ ਇਸ ਗੱਲ ‘ਤੇ ਵੀ ਚਰਚਾ ਹੋਈ ਕਿ ਭਾਜਪਾ ਨਾਲ ਸਬੰਧ ਤੋੜ ਕੇ ਵੀ ਅਕਾਲੀ ਦਲ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਅਕਾਲੀ ਆਗੂਆਂ ਨੇ ਕਿਹਾ ਕਿ ਆਰ.ਐੱਸ਼ਐੱਸ਼ ਵੱਲੋਂ ਅੰਦਰਖਾਤੇ ਕਈ ਅਜਿਹੀਆਂ ਗਤੀਵਿਧੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਜਿਸ ਦਾ ਅਕਾਲੀ ਦਲ ਅਤੇ ਸਿੱਖ ਭਾਈਚਾਰੇ ਨੂੰ ਨੁਕਸਾਨ ਹੋ ਸਕਦਾ ਹੈ। ਅਕਾਲੀ ਦਲ ਦੇ ਦੂਜੀ ਕਤਾਰ ਦੇ ਆਗੂਆਂ ਨੇ ਇਸ ਗੱਲ ‘ਤੇ ਵੀ ਮੰਥਨ ਕੀਤਾ ਕਿ ਜੇਕਰ ਟਕਸਾਲੀਆਂ ਦਾ ਦਲ ਪ੍ਰਭਾਵੀ ਹੋ ਗਿਆ ਤਾਂ ਭਾਜਪਾ, ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਨਵੇਂ ਦਲ ਨਾਲ ਵੀ ਸਿਆਸੀ ਸਾਂਝ ਪਾ ਸਕਦੀ ਹੈ। ਇਸ ਲਈ ਅਕਾਲੀ ਦਲ ਨੂੰ ਵੀ ਬਦਲਵੇਂ ਸਿਆਸੀ ਗਠਜੋੜ ਬਾਰੇ ਚਰਚਾ ਜਾਰੀ ਰੱਖਣੀ ਚਾਹੀਦੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਲੀਡਰਸ਼ਿਪ ਵੱਲੋਂ ਪ੍ਰਗਟਾਏ ਤੌਖਲਿਆਂ ਦੇ ਉਲਟ ਹੀ ਪ੍ਰਭਾਵ ਦਿੱਤਾ ਤੇ ਬਾਅਦ ਵਿਚ ਗਠਜੋੜ ਬਾਰੇ ਕੋਈ ਚਰਚਾ ਨਹੀਂ ਹੋਈ।
ਸੁਖਬੀਰ ਸਿੰਘ ਬਾਦਲ ਨੇ ਸਿਆਸੀ ਭਾਈਵਾਲਾਂ ਨਾਲ ਸਬੰਧ ਸੁਖਾਵੇਂ ਹੋਣ ‘ਤੇ ਹੀ ਜ਼ੋਰ ਦਿੱਤਾ। ਬਾਦਲ ਪਰਿਵਾਰ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਕੌਮੀ ਪੱਧਰ ‘ਤੇ ਸਥਾਪਤ ਅਤੇ ਵੱਡੀ ਪਾਰਟੀ ਨਾਲ ਸਿਆਸੀ ਸਾਂਝ ਕਾਇਮ ਰੱਖਣੀ ਜ਼ਰੂਰੀ ਹੈ ਤੇ ਇਸ ਨਾਲ ਫਿਰਕੂ ਸਾਂਝ ਦਾ ਸੁਨੇਹਾ ਵੀ ਜਾਂਦਾ ਹੈ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਆਧਾਰ ਮਜ਼ਬੂਤ ਕਾਇਮ ਕਰਨ ਲਈ ਰਣਨੀਤੀ ‘ਤੇ ਵਿਚਾਰ ਕੀਤਾ ਗਿਆ। ਪਾਰਟੀ ਆਗੂਆਂ ਨੇ ਵੱਡੀਆਂ ਰੈਲੀਆਂ ਕਰਨ ਦਾ ਸੁਝਾਅ ਵੀ ਦਿੱਤਾ ਤੇ ਕਈ ਆਗੂਆਂ ਨੇ ਹਲਕਾਵਾਰ ਮੀਟਿੰਗਾਂ ਦੇ ਹੱਕ ਵਿਚ ਹਾਮੀ ਭਰੀ।
_______________________
ਅਕਾਲੀ ਦਲ ਨੂੰ ਅਣਗੌਲੇ ਆਗੂਆਂ ਦੀ ਆਈ ਯਾਦ
ਜਲੰਧਰ: ਪਿਛਲੇ ਕਈ ਸਾਲ ਤੋਂ ਅਣਗੌਲੇ, ਹਾਸ਼ੀਏ ‘ਤੇ ਫਿਰ ਰਹੇ ਜਾਂ ਨਾਰਾਜ਼ ਚਲੇ ਆ ਰਹੇ ਅਕਾਲੀ ਨੇਤਾਵਾਂ ਦੇ ਅਕਾਲੀ ਦਲ ਟਕਸਾਲੀ ਵੱਲ ਚਲੇ ਜਾਣ ਦੇ ਖਦਸ਼ੇ ਨੂੰ ਦੂਰ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਅਹੁਦਿਆਂ ਦੇ ਗੱਫੇ ਵਰਤਾਉਣੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਦੀ ਕਿਸੇ ਸਮੇਂ ਸਭ ਤੋਂ ਉੱਚ ਤਾਕਤੀ ਸਮਝੀ ਜਾਂਦੀ ਰਹੀ ‘ਰਾਜਸੀ ਮਾਮਲਿਆਂ ਬਾਰੇ ਕਮੇਟੀ’ ਵਿਚ ਪਿਛਲੇ ਦਿਨੀਂ 40 ਮੈਂਬਰ ਸ਼ਾਮਲ ਕੀਤੇ ਗਏ ਹਨ ਤੇ ਫਿਰ ਉਸ ਤੋਂ ਅਗਲੇ ਦਿਨ ਪੰਜਾਬ ਤੋਂ 58 ਆਗੂਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਥਾਪ ਦਿੱਤਾ ਹੈ।
ਪਤਾ ਲੱਗਾ ਹੈ ਕਿ ਅਜੇ ਹੋਰ ਵੀ ਅਹੁਦੇਦਾਰਾਂ ਦੀਆਂ ਸੂਚੀਆਂ ਜਾਰੀ ਹੋਈਆਂ ਹਨ। ਪਾਰਟੀ ਅੰਦਰਲੇ ਅਣਗੌਲੇ ਕੀਤੇ ਜਾਂ ਨਾਰਾਜ਼ ਚਲੇ ਆ ਰਹੇ ਆਗੂਆਂ ਦੇ ਅਕਾਲੀ ਦਲ ਟਕਸਾਲੀ ਵੱਲ ਚਲੇ ਜਾਣ ਦੀਆਂ ਗੱਲਾਂ ਉਡਦੀਆਂ ਰਹੀਆਂ ਹਨ ਤੇ ਬਾਦਲ ਦਲ ਦੇ ਆਗੂਆਂ ਨੂੰ ਅੰਦਰੋ-ਅੰਦਰ ਇਹ ਪਾਲਾ ਵੀ ਮਾਰਦਾ ਆ ਰਿਹਾ ਸੀ ਕਿ ਅਜਿਹੇ ਆਗੂ ਕਿਤੇ ਲੋਕ ਸਭਾ ਚੋਣ ਸਮੇਂ ਟਕਸਾਲੀਆਂ ਵੱਲ ਨਾ ਸਰਕ ਜਾਣ। ਪਾਰਟੀ ਅੰਦਰਲੇ ਆਗੂਆਂ ਅਨੁਸਾਰ ਉਨ੍ਹਾਂ ਨੂੰ ਪਾਰਟੀ ਅੰਦਰ ਟਕਸਾਲੀਆਂ ਤੇ ਨਵੀਂ ਉੱਭਰੀ ਲੀਡਰਸ਼ਿਪ ਵਿਚਕਾਰ ਪਾੜੇ ਦੀਆਂ ਗੱਲਾਂ ਵੀ ਚੁਭਦੀਆਂ ਸਨ। ਆਮ ਲੋਕਾਂ ਖਾਸ ਕਰ ਸਿੱਖਾਂ ਅੰਦਰ ਅਜਿਹਾ ਪ੍ਰਭਾਵ ਬਣ ਰਿਹਾ ਸੀ ਜਿਵੇਂ ਬਾਦਲ ਅਕਾਲੀ ਦਲ ਟਕਸਾਲੀ ਹੀ ਨਾ ਰਿਹਾ ਹੋਵੇ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਨਵਾਂ ਹੁਲਾਰਾ ਦੇਣ ਤੇ ਸਾਰੇ ਆਗੂਆਂ ਨੂੰ ਪਤਿਆਉਣ ਲਈ ਵੱਧ ਤੋਂ ਵੱਧ ਅਹੁਦੇ ਦੇਣ ਦੀ ਲੋੜ ਸਮਝੀ ਗਈ ਹੈ।
ਪੀ.ਏ.ਸੀ. ਤੇ ਮੀਤ ਪ੍ਰਧਾਨਾਂ ਦੀ ਸੂਚੀ ‘ਚ ਬਹੁਤ ਸਾਰੇ ਪੁਰਾਣੇ ਤੇ ਟਕਸਾਲੀ ਦਿਖ ਵਾਲੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ, ਪਟਿਆਲਾ, ਬਠਿੰਡਾ ਤੇ ਜਲੰਧਰ ਜ਼ਿਲ੍ਹਿਆਂ ‘ਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਕੇ ਵੀ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਉਹ ਸਭਨਾਂ ਨੂੰ ਬਰਾਬਰ ਸਤਿਕਾਰ ਤੇ ਪਾਰਟੀ ‘ਚ ਜ਼ਿੰਮੇਵਾਰੀ ਦੇ ਰਹੇ ਹਨ। ਪਤਾ ਲੱਗਾ ਹੈ ਕਿ ਪਾਰਟੀ ‘ਚ ਨਵੀਆਂ ਅਹੁਦੇਦਾਰੀਆਂ ਵਿਚ ਰਵਾਇਤੀ ਦਿੱਖ ਵਾਲੇ ਆਗੂਆਂ ਨੂੰ ਅਹਿਮੀਅਤ ਦੇਣ ਦਾ ਫੈਸਲਾ ਕੀਤਾ ਹੈ ਤੇ ਨਾਲ ਸਿੱਖ ਲਹਿਜ਼ੇ ਤੇ ਸਿੱਖ ਮੰਗਾਂ ਨੂੰ ਉਭਾਰਨ ਵਾਲੇ ਪਾਸੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ।